ਤਲਵੰਡੀ ਸਾਬੋ: ਦੇਸ਼ ਦੇ 75ਵੇਂ ਆਜ਼ਾਦੀ ਦਿਹਾੜੇ ਮੌਕੇ ਜਿਥੇ ਦੇਸ਼ ਭਰ ਵਿਚ ਸਿਆਸੀ ਪਾਰਟੀਆਂ ਵੱਲੋਂ ਤਿਰੰਗਾ ਲਹਿਰਾਇਆ ਜਾ ਰਿਹਾ ਹੈ, ਉਥੇ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂਆਂ ਨੇ ਸਿੱਖ ਨੌਜਵਾਨਾਂ ਦੇ ਸਹਿਯੋਗ ਨਾਲ ਸਥਾਨਕ ਸ਼ਹਿਰ ਵਿਚ ਖਾਲਸਈ ਝੰਡੇ ਲੈ ਕੇ ਮਾਰਚ ਕੱਢਦਿਆਂ ਸੰਗਤ ਨੂੰ ਆਪਣੇ ਘਰਾਂ ‘ਤੇ ਕੇਸਰੀ ਨਿਸ਼ਾਨ ਝੁਲਾਉਣ ਦੀ ਅਪੀਲ ਕੀਤੀ।
ਜ਼ਿਕਰਯੋਗ ਹੈ ਕਿ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੱਲੋਂ ਸਿੱਖਾਂ ਨੂੰ ਤਿਰੰਗੇ ਦੀ ਬਜਾਇ ਆਪਣੇ ਘਰਾਂ ‘ਤੇ ਕੇਸਰੀ ਝੰਡੇ ਝੁਲਾਉਣ ਦੀ ਅਪੀਲ ਕੀਤੀ ਗਈ ਸੀ। ਅਕਾਲੀ ਦਲ (ਅ) ਦੇ ਸਰਕਲ ਪ੍ਰਧਾਨ ਯਾਦਵਿੰਦਰ ਸਿੰਘ ਭਾਗੀਵਾਂਦਰ ਦੀ ਅਗਵਾਈ ਹੇਠ ਮਾਰਚ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਅਰਦਾਸ ਉਪਰੰਤ ਰਵਾਨਾ ਹੋਇਆ। ਇਹ ਮਾਰਚ ਬਾਜ਼ਾਰਾਂ ਵਿਚੋਂ ਦੀ ਹੁੰਦਾ ਹੋਇਆ ਖੰਡਾ ਚੌਕ ਆ ਕੇ ਸਮਾਪਤ ਹੋਇਆ। ਇਸ ਦੌਰਾਨ ਯਾਦਵਿੰਦਰ ਸਿੰਘ ਭਾਗੀਵਾਂਦਰ ਅਤੇ ਹੋਰ ਆਗੂਆਂ ਨੇ ਕਿਹਾ ਕਿ ਭਾਰਤ ਦੀ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਸਿੱਖਾਂ ਨੇ ਦਿੱਤੀਆਂ ਪਰ ਦੇਸ਼ ਆਜ਼ਾਦ ਹੋਣ ਉਪਰੰਤ ਗ੍ਰਹਿ ਮੰਤਰਾਲੇ ਨੇ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕੌਮ ਕਰਾਰ ਦੇ ਦਿੱਤਾ ਸੀ।
ਪੰਜਾਬ ਵਿਚੋਂ ਹਿਮਾਚਲ ਅਤੇ ਹਰਿਆਣਾ ਅਲੱਗ ਕੱਢ ਦਿੱਤੇ ਗਏ। ਸੂਬੇ ਨੂੰ ਅਜੇ ਤੱਕ ਰਾਜਧਾਨੀ ਨਹੀਂ ਦਿੱਤੀ ਗਈ। ਪਾਣੀਆਂ ਤੋਂ ਸੂਬੇ ਦਾ ਹੱਕ ਖਤਮ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਆਜ਼ਾਦੀ ਦਿਹਾੜੇ ਮੌਕੇ ਵੀ ਸਭ ਤੋਂ ਵੱਡੀ ਕੀਮਤ ਪੰਜਾਬੀਆਂ ਨੂੰ ਅਦਾ ਕਰਨੀ ਪਈ। ਕਰੀਬ 10 ਲੱਖ ਲੋਕ ਮੁਲਕ ਦੀ ਵੰਡ ਦੀ ਭੇਟ ਚੜ੍ਹ ਗਏ, ਇਸ ਲਈ ਅਸੀਂ ਆਜ਼ਾਦੀ ਦਿਹਾੜਾ ਕਿਸ ਤਰ੍ਹਾਂ ਮਨਾ ਸਕਦੇ ਹਾਂ। ਉਨ੍ਹਾਂ ਅਪੀਲ ਕੀਤੀ ਕਿ ਸਿੱਖ ਘਰਾਂ ‘ਤੇ ਤਿਰੰਗੇ ਦੀ ਥਾਂ ਖਾਲਸਈ ਝੰਡੇ ਝੁਲਾਉਣ।