ਸੁਖਬੀਰ ਦੀ ਕੁਰਸੀ ਸਲਾਮਤ, ਸੀਨੀਅਰ ਆਗੂਆਂ ਨੇ ਅਗਵਾਈ ਕਬੂਲੀ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਵਿਚ ਚੱਲ ਰਹੀ ਸਿਆਸੀ ਰੱਸਾਕਸ਼ੀ ਦੌਰਾਨ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਕੰਮ ਕਰਨ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਦੀ ਦੋ ਦਿਨਾਂ ਮੀਟਿੰਗਾਂ ਦੌਰਾਨ ਸ੍ਰੀ ਬਾਦਲ ਦੀ ਲੀਡਰਸ਼ਿਪ ਕਾਇਮ ਰੱਖਣ ਲਈ ਭਾਰੀ ਕਸ਼ਮਕਸ਼ ਦੇਖਣ ਨੂੰ ਮਿਲੀ। ਪਾਰਟੀ ਦੇ ਭੰਗ ਕੀਤੇ ਜਾ ਚੁੱਕੇ ਜਥੇਬੰਦਕ ਢਾਂਚੇ ਦੇ ਜ਼ਿਲ੍ਹਾ ਪ੍ਰਧਾਨਾਂ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਭਵਿੱਖ ਦਾ ਆਗੂ ਮੰਨਣ ਦੇ ਐਲਾਨ ਤੋਂ ਬਾਅਦ ਵਰਕਿੰਗ ਕਮੇਟੀ ਤੇ ਸਾਬਕਾ ਵਿਧਾਇਕਾਂ ਨੇ ਵੀ ਉਨ੍ਹਾਂ ਦੇ ਐਲਾਨ ‘ਤੇ ਹੀ ਫੁੱਲ ਚੜ੍ਹਾ ਦਿੱਤੇ।

ਇਨ੍ਹਾਂ ਮੀਟਿੰਗਾਂ ਦਾ ਮਹੱਤਵਪੂਰਨ ਪਹਿਲੂ ਇਹ ਦੇਖਣ ਨੂੰ ਮਿਲਿਆ ਕਿ ਪਾਰਟੀ ਪ੍ਰਧਾਨ ਦੀ ਕਾਰਜਸ਼ੈਲੀ ਅਤੇ ਕਾਰਗੁਜ਼ਾਰੀ ‘ਤੇ ਸਿੱਧੇ ਜਾਂ ਅਸਿੱਧੇ ਢੰਗ ਨਾਲ ਉਂਗਲ ਉਠਾਉਣ ਵਾਲੇ ਆਗੂਆਂ ਤੋਂ ਹੀ ਸੁਖਬੀਰ ਬਾਦਲ ਦੀ ਅਗਵਾਈ ਕਬੂਲਣ ਦਾ ਐਲਾਨ ਕਰਵਾਇਆ ਗਿਆ। ਸੀਨੀਅਰ ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਲੀਡਰਸ਼ਿਪ ਤਬਦੀਲੀ ਦੇ ਏਜੰਡੇ ਨੂੰ ਰੱਦ ਕਰਦਿਆਂ ਕਿਹਾ ਕਿ ਪਾਰਟੀ ਪਲੇਟਫਾਰਮ ਜਾਂ ਹੋਰ ਕਿਧਰੇ ਵੀ ਪਾਰਟੀ ਦੀ ਬਿਹਤਰੀ ਅਤੇ ਚੜ੍ਹਦੀ ਕਲਾ ਲਈ ਸਲਾਹ-ਮਸ਼ਵਰਾ ਦੇਣ ਨੂੰ ਬਗਾਵਤ ਨਹੀਂ ਕਿਹਾ ਜਾ ਸਕਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਅਤੇ ਮਾਝੇ ਦੇ ਆਗੂ ਰਵੀਕਰਨ ਸਿੰਘ ਕਾਹਲੋਂ ਨੂੰ ਵੀ ਐਲਾਨ ਸਮੇਂ ਉਚੇਚੇ ਤੌਰ ‘ਤੇ ਮੂਹਰੇ ਰੱਖਿਆ ਗਿਆ। ਪਾਰਟੀ ਦੇ ਇਕ ਹੋਰ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਨੇ ਇਕਬਾਲ ਸਿੰਘ ਝੂੰਦਾਂ ਦੀ ਅਗਵਾਈ ਵਾਲੀ ਕਮੇਟੀ ਦੀ ਰਿਪੋਰਟ ਵਿਚ ਲੀਡਰਸ਼ਿਪ ਤਬਦੀਲੀ ਦੀ ਮੱਦ ਹੋਣ ਨੂੰ ਰੱਦ ਕਰਦਿਆਂ ਕਿਹਾ ਕਿ ਇਸ ਦੇ 42 ਨੁਕਤਿਆਂ ਵਿਚ ਕਿਧਰੇ ਵੀ ਪ੍ਰਧਾਨ ਨੂੰ ਬਦਲਣ ਦੀ ਗੱਲ ਨਹੀਂ ਕਹੀ ਗਈ ਹੈ ਅਤੇ ਇਹ ਰਿਪੋਰਟ ਜਨਤਕ ਕੀਤੀ ਜਾਵੇਗੀ।
ਉਨ੍ਹਾਂ ਪ੍ਰਧਾਨ ਬਦਲਣ ਦੀਆਂ ਗੱਲਾਂ ਮੀਡੀਆ ਦੇ ਦਿਮਾਗ ਦੀ ਕਾਢ ਦੱਸੀ। ਸ੍ਰੀ ਚੰਦੂਮਾਜਰਾ ਨੇ ਕਿਹਾ ਕਿ ਮੀਟਿੰਗ ਦੌਰਾਨ ਵੀ ਪਾਰਟੀ ਦੀ ਦਿਖ ਸੰਵਾਰਨ ਅਤੇ ਸੂਬੇ ਦੇ ਹਿੱਤਾਂ ਦੀ ਲੜਾਈ ਲੜਨ ਦੀ ਰਣਨੀਤੀ ਘੜਨ ‘ਤੇ ਵਿਚਾਰ ਕੀਤਾ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਪਾਰਟੀ ਇਕਜੁੱਟ ਹੈ ਅਤੇ ਇਕਜੁੱਟ ਹੀ ਰਹੇਗੀ। ‘ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਹਿੱਤਾਂ ਲਈ ਹਮੇਸ਼ਾ ਹੀ ਡਟ ਕੇ ਪਹਿਰਾ ਦਿੱਤਾ ਹੈ ਅਤੇ ਹੁਣ ਵੀ ਸੂਬੇ ਦੇ ਹਿੱਤਾਂ ਨਾਲ ਖਿਲਵਾੜ ਨਹੀਂ ਕਰਨ ਦਿੱਤਾ ਜਾਵੇਗਾ। ਪੰਜਾਬੀਆਂ ਨੇ ਫਤਵਾ ਤਾਂ ਭਗਵੰਤ ਮਾਨ ਨੂੰ ਦਿੱਤਾ ਸੀ ਪਰ ਹਕੂਮਤ ਗੈਰ ਪੰਜਾਬੀ ਚਲਾ ਰਹੇ ਹਨ।‘ ਉਨ੍ਹਾਂ ਕਿਹਾ ਕਿ ਚੰਡੀਗੜ੍ਹ ‘ਤੇ ਪੰਜਾਬ ਦਾ ਹੱਕ ਮਾਰਨ ਜਿਹੇ ਮਨਸੂਬੇ ਗੈਰ ਪੰਜਾਬੀਆਂ ਦੇ ਰਾਜ ਕਾਰਨ ਹੀ ਸਿਰੇ ਚੜ੍ਹਦੇ ਜਾ ਰਹੇ ਹਨ। ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੀ ਗੈਰਮੌਜੂਦਗੀ ‘ਤੇ ਸ੍ਰੀ ਭੂੰਦੜ ਨੇ ਕਿਹਾ ਕਿ ਪਰਿਵਾਰਕ ਕਾਰਨਾਂ ਕਰਕੇ ਉਹ ਮੀਟਿੰਗ ਵਿਚ ਸ਼ਾਮਲ ਨਹੀਂ ਹੋ ਸਕੇ। ਉਨ੍ਹਾਂ ਪਾਰਟੀ ਅੰਦਰ ਸਭ ਅੱਛਾ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ਅਕਾਲੀ ਦਲ ਇਕ ਜਮਹੂਰੀ ਕਦਰਾਂ-ਕੀਮਤਾਂ ‘ਤੇ ਪਹਿਰਾ ਦੇਣ ਵਾਲੀ ਪਾਰਟੀ ਹੈ ਜਿਸ ਕਾਰਨ ਲੋਕ ਅਕਾਲੀਆਂ ਤੋਂ ਅਕਸਰ ਜ਼ਿਆਦਾ ਉਮੀਦਾਂ ਰੱਖਦੇ ਹਨ। ਉਨ੍ਹਾਂ ਕਿਹਾ ਕਿ ਸਵਾਲ ਉਠਣੇ ਮਾੜੀ ਗੱਲ ਨਹੀਂ ਹੈ ਪਰ ਕਈ ਵਾਰ ਬਿਨਾਂ ਗੱਲ ਤੋਂ ਖੰਭਾਂ ਦੀਆਂ ਡਾਰਾਂ ਬਣ ਜਾਂਦੀਆਂ ਹਨ।