ਸੰਨ ਸੰਤਾਲੀ ਦੇ ਸਾਕੇ ਲਈ ਅਰਦਾਸ

ਅੰਮ੍ਰਿਤਸਰ: 1947 ਵਿਚ ਦੇਸ਼ ਦੀ ਵੰਡ ਵੇਲੇ ਹਿੰਸਾ ਦਾ ਸ਼ਿਕਾਰ ਹੋਏ ਦਸ ਲੱਖ ਪੰਜਾਬੀਆਂ ਦੀ ਯਾਦ ਵਿਚ ਇਥੇ ਅਕਾਲ ਤਖਤ ਵਿਖੇ ਸਮੂਹਿਕ ਅਰਦਾਸ ਕੀਤੀ ਗਈ। ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅਰਦਾਸ ਵਿਚ ਸ਼ਾਮਲ ਹੁੰਦਿਆਂ ਭਾਰਤ ਅਤੇ ਪਾਕਿਸਤਾਨ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਆਖਿਆ ਕਿ ਉਹ ਵੰਡ ਵੇਲੇ ਮਾਰੇ ਲੋਕਾਂ ਦੀ ਯਾਦ ਵਿਚ ਆਪੋ-ਆਪਣੀ ਸੰਸਦ ਵਿਚ ਸੋਗ ਮਤੇ ਪਾਸ ਕਰਨ। ਉਸ ਵੇਲੇ ਉਜਾੜੇ ਦਾ ਸ਼ਿਕਾਰ ਹੋਏ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਆਪਣੀ ਜਨਮ ਭੋਇੰ ਵੇਖਣ ਵਾਸਤੇ ਵੀਜ਼ੇ ਦਿੱਤੇ ਜਾਣ।

ਉਨ੍ਹਾਂ ਕਿਹਾ ਕਿ ਦੇਸ਼ ਨੂੰ ਆਜ਼ਾਦ ਹੋਇਆ 75 ਵਰ੍ਹੇ ਬੀਤ ਗਏ ਹਨ ਅਤੇ ਆਜ਼ਾਦੀ ਦੇ ਜਸ਼ਨ ਮਨਾਉਂਦਿਆਂ ਇਹ ਆਜ਼ਾਦੀ ਦਿਵਸ ਧੂਮ ਧੜੱਕੇ ਅਤੇ ਜੋਸ਼ੋ-ਖਰੋਸ਼ ਨਾਲ ਮਨਾਇਆ ਗਿਆ ਹੈ ਪਰ ਅਫਸੋਸ ਕਿ ਉਸ ਵੇਲੇ ਵੰਡ ਵਿਚ ਮਾਰੇ ਗਏ ਲੋਕਾਂ ਨੂੰ ਯਾਦ ਨਹੀਂ ਕੀਤਾ ਗਿਆ। ਅਕਾਲ ਤਖ਼ਤ ਵੱਲੋਂ ਅੱਜ ਇਨ੍ਹਾਂ ਮਾਰੇ ਲੋਕਾਂ ਦੀ ਯਾਦ ਵਿਚ ਸਮੂਹਿਕ ਅਰਦਾਸ ਕੀਤੀ ਗਈ ਹੈ। ਇਹ ਅਰਦਾਸ ਸਿਰਫ ਅਕਾਲ ਤਖ਼ਤ ਵਿਖੇ ਹੀ ਨਹੀਂ ਸਗੋਂ ਤਖ਼ਤ ਦਮਦਮਾ ਸਾਹਿਬ, ਤਖ਼ਤ ਕੇਸਗੜ੍ਹ ਸਾਹਿਬ ਤੇ ਹੋਰ ਇਤਿਹਾਸਕ ਗੁਰਦੁਆਰਿਆਂ ਵਿਚ ਵੀ ਕੀਤੀ ਗਈ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਦੇਸ਼ ਦੀ ਆਜ਼ਾਦੀ ਵਿਚ ਜਿਨ੍ਹਾਂ ਦੋ ਸੂਬਿਆਂ ਪੰਜਾਬ ਅਤੇ ਬੰਗਾਲ ਨੇ ਅਹਿਮ ਭੂਮਿਕਾ ਨਿਭਾਈ ਸੀ, ਉਨ੍ਹਾਂ ਦੋਹਾਂ ਸੂਬਿਆਂ ਨੂੰ ਹੀ ਵੰਡ ਵੇਲੇ ਸਜ਼ਾ ਦਿੱਤੀ ਗਈ ਹੈ। ਇਹ ਦੋਹਾਂ ਸੂਬਿਆਂ ਵਿਚ ਵੰਡ ਹੋਈ ਅਤੇ ਲੋਕ ਵੰਡੇ ਗਏ ਤੇ ਮਾਰੇ ਗਏ। ਸਮੂਹਿਕ ਅਰਦਾਸ ਵਿਚ ਸਿੱਖ ਭਾਈਚਾਰੇ ਤੋਂ ਇਲਾਵਾ ਹਿੰਦੂ ਅਤੇ ਮੁਸਲਿਮ ਭਾਈਚਾਰੇ ਦੇ ਲੋਕ ਵੀ ਸ਼ਾਮਲ ਹੋਏ।