ਸੁਤੰਤਰ ਭਾਰਤ ਦੇ 75 ਸਾਲਾਂ ’ਤੇ ਇਕ ਝਾਤ

ਸੁਤੰਤਰ ਭਾਰਤ ਦੀਆਂ 75 ਵਰ੍ਹੇ ਦੀਆਂ ਪ੍ਰਾਪਤੀਆਂ ਬਾਰੇ ਵੱਖ-ਵੱਖ ਬਿਆਨ ਆ ਰਹੇ ਹਨ। ਇਕ ਪਾਸੇ ਦੇਸ਼ ਦੀ ਆਜ਼ਾਦੀ ਦੀ 75ਵੀਂ ਵਰੇ੍ਹਗੰਢ ਦੇ ਜਸ਼ਨ ਮਨਾਏ ਜਾ ਰਹੇ ਹਨ ਤੇ ਦੂਜੇ ਪਾਸੇ ਪੰਡਤ ਜਵਾਹਰ ਲਾਲ ਨਹਿਰੂ ਦੀ ਭਾਰਤ ਨੂੰ ਦੇਣ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਛਾਤੀ ਠੋਕ ਕੇ ਲਲਕਾਰਿਆ ਜਾ ਰਿਹਾ ਹੈ ਕਿ ਜੋ ਕੁਝ ਸੁਤੰਤਰ ਭਾਰਤ 70 ਸਾਲਾਂ ਵਿਚ ਨਹੀਂ ਕਰ ਸਕਿਆ ਸੱਤਾਂ ਸਾਲਾਂ ਵਿਚ ਕਰ ਦਿੱਤਾ ਗਿਆ ਹੈ। ਸੱਤਰ ਦਹਾਕੇ ਦੀਆਂ ਪ੍ਰਾਪਤੀਆਂ ਨੂੰ ਨਕਾਰਨ ਵਾਲੀ ਦੇਸ਼ ਦੀ ਵਰਤਮਾਨ ਸਰਕਾਰ ਹੈ। ਏਥੇ ਫਿਰਕੂ ਵੋਟਾਂ ਦਾ ਜਾਦੂ ਫੜਾਂ ਮਾਰਨ ਵਾਲਿਆਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ।

ਏਸ ਤਰ੍ਹਾਂ ਦਾ ਜਾਦੂ ਸੁਤੰਤਰਤਾ ਪ੍ਰਾਪਤੀ ਤੋਂ ਥੋੜਾ ਪਹਿਲਾਂ ਮੁਹੰਮਦ ਅਲੀ ਜਿਨਾਹ ਦੇ ਮਨ ਮਸਤਕ ਵਿਚ ਘਰ ਕਰ ਚੁੱਕਾ ਸੀ ਜਿਸਦੇ ਸਿੱਟੇ ਵਜੋਂ ਅਖੰਡ ਤੇ ਮਹਾਨ ਹਿੰਦੁਸਤਾਨ ਦੋ ਹਿੱਸਿਆਂ ਵਿਚ ਵੰਡਿਆ ਗਿਆ ਸੀ। ਅੱਜ ਪਾਕਿਸਤਾਨ ਦੀ ਰਾਜਨੀਤੀ ਤੇ ਆਰਥਿਕ ਵਿਕਾਸ ਦੇ ਮਾਹਿਰ ਜਾਣਦੇ ਹਨ ਕਿ ਉਥੋਂ ਦੀ ਆਮ ਜਨਤਾ ਅੱਜ ਵੀ 60-70 ਸਾਲ ਪਹਿਲਾਂ ਵਾਲੇ ਪੜਾਅ ਉੱਤੇ ਖੜ੍ਹੀ ਹੈ। ਰੁੱਖਾਂ ਤੋਂ ਬਿਨਾਂ ਸੜਕਾਂ ਉਦੋਂ ਵਾਂਗ ਹੀ ਭੋਡੀਆਂ ਹਨ। ਪਿੰਡਾਂ ਦੇ ਘਰ ਕੱਚੇ ਹਨ। ਜੇ ਕਿਸੇ ਨੇ ਪੱਕੀਆਂ ਇੱਟਾਂ ਵਰਤੀਆਂ ਹਨ ਤਾਂ ਉਨ੍ਹਾਂ ਉੱਤੇ ਸੀਮਿੰਟ ਦੀ ਟੀਪ ਨਹੀਂ ਕਰਵਾ ਸਕਿਆ। ਕਸਬਿਆਂ ਤੇ ਸ਼ਹਿਰਾਂ ਵਿਚ ਫਲ ਫਰੂਟ ਤੇ ਸੌਦਾ ਵੇਚਣ ਵਾਲੇ ਆਪਣੇ ਆਪ ਨੂੰ ਮੀਂਹ ਕਣੀ ਤੇ ਸਰਦੀ ਗਰਮੀ ਤੋਂ ਬਚਾਉਣ ਲਈ ਸਦੀਆਂ ਪੁਰਾਣੇ ਬਾਸਾਂ ਉੱਤੇ ਕੱਪੜੇ ਦੇ ਤੰਬੂ ਲਾਈ ਬੈਠੇ ਹਨ।
ਭਾਰਤ ਦੇ ਅਜੋਕੇ ਸਿਆਸਤਦਾਨਾਂ ਨੂੰ ਉੱਘੇ ਚਿੰਤਕ ਕਾਰਲ ਮਾਰਕਸ ਦੇ ਕਥਨ ਚੇਤੇ ਕਰਵਾਉਣ ਦੀ ਲੋੜ ਹੈ। ਉਸ ਨੇ ਕਿਹਾ ਸੀ ਕਿ ਇਤਿਹਾਸ ਆਪਣੀ ਚਾਲ ਚੱਲਦਾ ਰਹਿੰਦਾ ਹੈ। ਰੁਕਦਾ ਨਹੀਂ। ਪਰ ਆਪਣੇ ਆਪ ਨੂੰ ਦੁਹਰਾਉਂਦਾ ਜ਼ਰੂਰ ਹੈ। ਪਹਿਲੇ ਪੜਾਅ ਉੱਤੇ ਸੋਗਮਈ ਦੁਖਾਂਤ ਦੇ ਰੂਪ ਵਿਚ ਤੇ ਉਸ ਤੋਂ ਪਿੱਛੋਂ ਹਾਸੋਹੀਣੇ ਢਕੌਂਸਲੇ ਦੇ ਰੂਪ ਵਿਚ। ਸਿਆਣੇ ਤੇ ਸੁਲਝੇ ਹੋਏ ਸਿਆਸਤਦਾਨਾਂ ਨੂੰ ਚਾਹੀਦਾ ਹੈ ਕਿ ਦੁਖਾਂਤ ਵਾਲੀ ਸਥਿਤੀ ਨੂੰ ਢਕੌਂਸਲੇ ਵੱਲ ਤਿਲਕਣ ਤੇ ਖਿਸਕਣ ਤੋਂ ਬਚਾਉਣ। ਕੇਵਲ ਫੜਾਂ ਮਾਰ ਕੇ ਨਹੀਂ। ਪੰਡਤ ਨਹਿਰੂ ਵਾਂਗ ਦੂਰ ਦਿ੍ਰਸ਼ਟੀ ਤੋਂ ਕੰਮ ਲੈ ਕੇ। ਲੋੜ ਹੈ ਤਾਂ ਵਰਤਮਾਨ ਭਾਰਤ ਨੂੰ ਟੁਕੜੇ ਟੁਕੜੇ ਹੋਣ ਤੋਂ ਰੋਕਣ ਦੀ। ਅਜਿਹਾ ਨਾ ਹੋਵੇ ਕਿ ਭੂਤਕਾਲ ਦੇ ਸਿਆਸਤਦਾਨਾਂ ਵਲੋਂ ਉੱਤਰ, ਦੱਖਣ, ਪੂਰਬ, ਪੱਛਮ ਨੂੰ ਸਮੋਈ ਬੈਠਾ ਭਾਰਤ ਹਿੰਦੂਤਵ ਤੇ ਹਿੰਦੀ ਬੋਲਣ ਵਾਲੇ ਕੇਂਦਰੀ ਰਾਜਾਂ ਤਕ ਸੀਮਤ ਹੋ ਕੇ ਰਹਿ ਜਾਵੇ।
ਪੰਡਤ ਨਹਿਰੂ ਨੇ ਆਪਣੇ ਰਾਜਕਾਲ ਵਿਚ ਇਸੇ ਧਾਰਨਾ ਉੱਤੇ ਪਹਿਰਾ ਦਿੱਤਾ। ਉਸਨੇ ਅਨੇਕਤਾ ਵਿਚ ਏਕਤਾ ਨੂੰ ਆਪਣਾ ਸਿਧਾਂਤ ਬਣਾਇਆ ਤੇ ਇਸਨੂੰ ਲਾਗੂ ਕੀਤਾ। ਦੇਸ਼ਵਾਸੀਆਂ ਦੀ ਧਰਮ-ਨਿਰਪੱਖ ਵਿਚਾਰਧਾਰਾ ਤੇ ਹਰ ਕਿਸੇ ਦੇ, ਮੋਢੇ ਨਾਲ ਮੋਢਾ ਡਾਹ ਕੇ। ਇਸਦਾ ਜ਼ਿਕਰ ਉਸ ਸਮੇਂ ਦੀਆਂ ਫਿਲਮਾਂ ਵਿਚ ਵੀ ਆਇਆ। ਪਹਿਲਾਂ ‘ਨਯਾ ਦੌਰ’ (1957) ਵਿਚ ਫੇਰ ‘ਧੂਲ ਕਾ ਫੂਲ’ (1959) ਵਿਚ:
ਸਾਥੀ ਹਾਥ ਬੜਾ ਨਾ
ਏਕ ਅਕੇਲਾ ਥਕ ਜਾਏਗਾ
ਮਿਲ ਕਰ ਬੋਝ ਉਠਾਨਾ
ਤੂੰ ਹਿੰਦੂ ਬਨੇਗਾ
ਨਾ ਮੁਸਲਮਾਨ ਬਨੇਗਾ
ਇਨਸਾਨ ਦੀ ਔਲਾਦ ਹੈ
ਇਨਸਾਨ ਬਨੇਗਾ।
ਪੰਡਤ ਨਹਿਰੂ ਕੋਮਲ ਕਲਾਵਾਂ ਦਾ ਵੀ ਰਸੀਆ ਸੀ। ਉਸ ਨੇ ਕੇਵਲ ਸਾਹਿਤ ਅਕਾਡਮੀ, ਸੰਗੀਤ ਨਾਟਕ ਅਕਾਡਮੀ ਤੇ ਲਲਿਤ ਕਲਾ ਅਕਾਡਮੀ ਹੀ ਸਥਾਪਤ ਨਹੀਂ ਕੀਤੀਆਂ ਫਿਲਮ ਐਂਡ ਟੈਲੀਵੀਜ਼ਨ ਇੰਸਟੀਚਿਊਟ ਤੇ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ ਵੀ ਸਥਾਪਤ ਕੀਤੀ। ਵੱਡੀ ਗੱਲ ਇਹ ਕਿ ਇਨ੍ਹਾਂ ਦੀ ਸਥਾਪਨਾ ਵਿਚ ਯੋਗ ਅਗਵਾਈ ਲੈਣ ਲਈ ਉਸਨੇ ਦੁਨੀਆ ਭਰ ਦੇ ਮਾਹਿਰਾਂ ਨੂੰ ਭਾਰਤ ਸੱਦਿਆ ਤੇ ਉਨ੍ਹਾਂ ਦਾ ਸਨਮਾਨ ਕੀਤਾ। ਐਵੇਂ ਤਾਂ ਨਹੀਂ ਉਨ੍ਹਾਂ ਸਮਿਆਂ ਦੇ ਖਵਾਜਾ ਅਹਿਮਦ ਅੱਬਾਸ, ਚੇਤਨ ਆਨੰਦ, ਰਾਜ ਕਪੂਰ ਤੇ ਮਹਿਬੂਬ ਖਾਨ ਉਸਦਾ ਆਦਰ ਕਰਦੇ ਰਹੇ। ਦਲੀਪ ਕੁਮਾਰ ਤਾਂ ਉਸ ਨੂੰ ਆਪਣਾ ਨਾਇਕ ਮੰਨਦਾ ਸੀ।
ਜਵਾਹਰ ਲਾਲ ਨਹਿਰੂ ਨੇ ਆਪਣੀ ਰਚਨਾ ‘ਡਿਸਕਵਰੀ ਆਫ ਇੰਡੀਆ’ (ਭਾਰਤ ਦੀ ਪਹਿਚਾਣ) ਕੇਵਲ ਲਿਖੀ ਹੀ ਨਹੀਂ ਜੀਵੀ ਵੀ। ਇਹ ਕੋਈ ਛੋਟੀ ਗੱਲ ਨਹੀਂ ਕਿ ਦੱਖਣੀ ਅਫਰੀਕਾ ਦੇ ਨੇਤਾ ਨੈਲਸਨ ਮੰਡੇਲਾ ਨੇ 27 ਸਾਲ ਜੇਲ੍ਹ ਵਿਚ ਰਹਿਣ ਪਿੱਛੋਂ ਆਪਣੇ ਦੇਸ਼ ਦੀ ਵਾਗਡੋਰ ਸੰਭਾਲਣ ਸਮੇਂ ਨਹਿਰੂ ਦੀਆਂ ਨੀਤੀਆਂ ਨੂੰ ਮੁੱਖ ਰੱਖ ਕੇ ਆਪਣੇ ਦੇਸ਼ ਦਾ ਵਿਕਾਸ ਕੀਤਾ।
ਦੇਸ਼ਾਂ ਦੇ ਦੇਸ਼ ਫੜਾਂ ਮਾਰਿਆਂ ਉਨਤੀ ਨਹੀਂ ਕਰਦੇ, ਦੂਰ ਦਿ੍ਰਸ਼ਟੀ ਵਾਲੀਆਂ ਯੋਜਨਾਵਾਂ ਨਿਸ਼ਚਿਤ ਕੀਤਿਆਂ ਕਰਦੇ ਹਨ। ਨਾ ਹੀ ਅਗਨੀਪਥ ਰਾਹੀਂ ਥੋੜ ਚਿਰੀ ਸਿਖਲਾਈ ਦੇ ਕੇ ਕਾਰਪੋਰੇਟ ਅਦਾਰਿਆਂ ਲਈ ਸਸਤੇ ਬਾਡੀਗਾਰਡ ਤੇ ਗੇਟਕੀਪਰ ਤਿਆਰ ਕਰ ਕੇ ਤੇ ਨਾ ਹੀ ਦੇਸ਼ ਦੀ ਨਿਸ਼ਾਨੀ ਨੂੰ ਅਜਿਹੇ ਅਦਾਰਿਆਂ ਦੀ ਚੰੁਗਲ ਵਿਚ ਸੁੱਟ ਕੇ।
ਮੈਨੂੰ 27 ਮਈ, 1964 ਵਾਲੇ ਦਿਨ ਦੀ ਘਟਨਾ ਕੱਲ੍ਹ ਵਾਂਗ ਚੇਤੇ ਹੈ ਜਦੋਂ ਪੰਡਤ ਨਹਿਰੂ ਦਾ ਦੇਹਾਂਤ ਹੋਇਆ ਸੀ। ਮੈਂ ਪਟਿਆਲਾ ਤੋਂ ਦਿੱਲੀ ਵਾਲੀ ਬੱਸ ਵਿਚ ਸਫਰ ਕਰ ਰਿਹਾ ਸਾਂ। ਪਾਣੀਪਤ ਤੋਂ ਲੰਘਦੇ ਸਮੇਂ ਅਫਸੋਸ ਕਰਨ ਲਈ ਨਿਕਲੇ ਲੋਕਾਂ ਦਾ ਜਲੂਸ ਏਨਾ ਵੱਡਾ ਸੀ ਕਿ ਸਾਡੀ ਬੱਸ ਦੇ ਸਿੱਖ ਡਰਾਈਵਰ ਤੋਂ ਅਚਾਨਕ ਹੀ ਹਾਰਨ ਵਜਾ ਹੋ ਗਿਆ। ਕੀ ਵੇਖਦਾ ਹਾਂ ਕਿ ਡਰਾਈਵਰ ਨੂੰ ਕੋਈ ਉਸਦੀ ਸੀਟ ਤੋਂ ਥੱਲੇ ਖਿੱਚ ਰਿਹਾ ਹੈ। ਪੰਜਾਬੀ ਸੂਬੇ ਦੀ ਮੰਗ ਕਾਰਨ ਪੰਜਾਬੀਆਂ ਤੇ ਹਰਿਆਣਵੀਆਂ ਵਿਚਕਾਰ ਤਣਾਤਣੀ ਦੇ ਦਿਨ ਸਨ। ਕਿਸੇ ਬੇਲੋੜੀ ਘਟਨਾ ਦੇ ਬਚਾਅ ਲਈ ਮੈਂ ਬੱਸ ਤੋਂ ਥੱਲੇ ਉਤਰ ਕੇ ਡਰਾਈਵਰ ਦੀ ਸੀਟ ਵੱਲ ਦੇਖਿਆ ਤਾਂ ਕੀ ਦੇਖਦਾ ਹਾਂ ਕਿ ਸਿੱਖ ਡਰਾਈਵਰ ਨੂੰ ਡਾਂਟ ਕੇ ਥੱਲੇ ਨੂੰ ਘੜੀਸਣ ਵਾਲਾ ਖੁਦ ਵੀ ਸਿੱਖ ਹੀ ਸੀ। ਮੈਨੂੰ ਇਹ ਦੇਖ ਕੇ ਬੜੀ ਤਸੱਲੀ ਹੋਈ ਕਿ ਪੰਡਤ ਨਹਿਰੂ ਦੇ ਭਾਰਤ ਵਿਚ ਹਿੰਦੂ ਸਿੱਖ ਇਕ ਦੂਜੇ ਨਾਲ ਬਹੁਤ ਵੱਡੇ ਤਣਾਵਾਂ ਦੇ ਹੰੁਦਿਆਂ ਵੀ ਭਰਾਵਾਂ ਵਾਂਗ ਵਿਚਰਦੇ ਸਨ। ਇਨਸਾਨ ਦੀ ਔਲਾਦ ਹੋਣ ਸਦਕਾ ਇਨਸਾਨ ਬਣ ਕੇ। ਉਨ੍ਹਾਂ ਸਮਿਆਂ ਦੇ ਨੇਤਾ ਸਮੁੱਚੇ ਭਾਰਤ ਦੀ ਉੱਨਤੀ ਸੋਚਦੇ ਸਨ। ਕਿਸੇ ਇਕ ਫਿਰਕੇ ਦੀ ਨਹੀਂ। ਕਿਸੇ ਇਕ ਨੇਤਾ ਦਾ ਆਪਣੀ ਹਿੱਕ ਥਾਪੜਨਾ ਕੋਈ ਅਰਥ ਨਹੀਂ ਸੀ ਰੱਖਦਾ ਜਿੱਥੋਂ ਤਕ ਨਵੇਂ ਦੌਰ ਦਾ ਸਬੰਧ ਹੈ, ਖੰਨਾ ਮੰਡੀ ਤੋਂ ਮੇਰੇ ਇਕ ਜਾਣੂ ਛੱਜੂ ਰਾਮ ਖੰਨਾ ਨੇ ਇਕ ਸਿਅਰ ਦਾ ਹਵਾਲਾ ਦੇ ਕੇ ਇਸਨੂੰ ਬਹੁਤ ਮਾੜਾ ਗਰਦਾਨਿਆ ਹੈ। ਸ਼ਿਅਰ ਅੰਤਿਕਾ ਵਿਚ ਪੇਸ਼ ਹੈ।
ਗੋਪੀ ਚੰਦ ਨਾਰੰਗ ਨੂੰ ਯਾਦ ਕਰਦਿਆਂ
ਕੇਂਦਰੀ ਸਾਹਿਤ ਅਕਾਡਮੀ ਦੇ ਸਾਬਕਾ ਪ੍ਰਧਾਨ ਗੋਪੀ ਚੰਦ ਨਾਰੰਗ ਦੇ ਦੇਹਾਂਤ ਦੀ ਖਬਰ ਨੇ ਮੈਨੂੰ 1956 ਵਿਚ ਐਮ. ਐਸ. ਰੰਧਾਵਾ ਦੀ ਦੂਰਦਿ੍ਰਸ਼ਟੀ ਚੇਤੇ ਕਰਵਾ ਦਿੱਤੀ ਹੈ। ਉਹ ਭਾਰਤੀ ਖੇਤੀਬਾੜੀ ਖੋਜ ਕੌਂਸਲ ਦੇ ਵਾਈਸ ਪ੍ਰੈਜ਼ੀਡੈਂਟ ਸਨ। ਉਨ੍ਹਾਂ ਨੇ ਖੋਜ ਕੌਂਸਲ ਦੀਆਂ ਖੋਜਾਂ ਨੂੰ ਸਮੁੱਚੇ ਭਾਰਤ ਦੇ ਕਾਸ਼ਤਕਾਰਾਂ ਤਕ ਪਹੰੁਚਾਉਣ ਲਈ ਖੇਤਰੀ ਭਾਸ਼ਾਵਾਂ ਦੇ ਦਰਜਨ ਤੋਂ ਵੱਧ ਅਨੁਵਾਦਕ ਨਿਯੁਕਤ ਕੀਤੇ। ਸਬ ਐਡੀਟਰ ਦਾ ਦਰਜਾ ਦੇ ਕੇ। ਮੈਂ ਪੰਜਾਬੀ ਭਾਸ਼ਾ ਲਈ ਸਾਂ ਤੇ ਨਾਰੰਗ ਉਰਦੂ ਲਈ। ਤਾਮਿਲ ਦਾ ਮੁੱਥੂਸਵਾਮੀ ਤੇਲਗੂ ਦਾ ਰਾਮਚੰਦਰ ਰਾਓ, ਮਰਾਠੀ ਦਾ ਵੀਰੇਂਦਰ ਅਢੀਆ ਤੇ ਅਸੀਂ ਸਾਰੇ ਇਕੋ ਕਮਰੇ ਵਿਚ ਬਹਿੰਦੇ ਸਾਂ, ਹਿੰਦੀ ਵਾਲਾ ਬ੍ਰਾਜੇਸ਼ ਭਾਟੀਆ ਤੇ ਅੰਗਰੇਜ਼ੀ ਵਾਲੀ ਰਾਧਾ ਮੈਨਨ ਸਮੇਤ। ਸਭਨਾਂ ਨੂੰ ਪੂਰੇ ਭਾਰਤ ਦੀ ਰਹਿਣੀ-ਸਹਿਣੀ ਤੇ ਸਭਿਆਚਾਰ ਜਾਨਣ ਦਾ ਵੀ ਮੌਕਾ ਮਿਲਿਆ। ਉਰਦੂ ਭਾਸ਼ਾ ਦੀ ਅਣਗਹਿਲੀ ਹੋ ਚੁੱਕੀ ਸੀ ਪਰ ਰੰਧਾਵਾ ਨੇ ਕਿਸੇ ਦੀ ਪਰਵਾਹ ਨਹੀਂ ਕੀਤੀ। ਦਲੀਲ ਦਿੱਤੀ ਕਿ ਉਰਦੂ ਵਾਲੀ ਸਮੱਗਰੀ ਜੰਮੂ-ਕਸ਼ਮੀਰ ਲਈ ਹੈ। ਆਲੋਚਕ ਸ਼ਾਂਤ ਹੋ ਗਏ।
ਅੰਤਿਕਾ
ਸਰਦਾਰਾ ਸਿੰਘ ਪਾਗਲ ਦੀ ਡਾਇਰੀ ਵਿਚੋਂ
ਇਹ ਦੌਰ-ਏ-ਤਰੱਕੀ ਨਹੀਂ,
ਇਹ ਦੌਰ-ਏ-ਤਬਾਹੀ ਹੈ
ਸ਼ੀਸ਼ੋਂ ਕੀ ਅਦਾਲਤ ਮੇਂ,
ਪੱਥਰੋਂ ਕੀ ਗਵਾਹੀ ਹੈ।