ਸ਼ੁਕਰ ਐ

ਦਰਸ਼ਨ ਜੋਗਾ
ਫੋਨ: 98720-01856
ਕਮਲ ਨੇ ਜਦੋਂ ਦਾ ਜਾਣ ਬਾਰੇ ਕਿਹੈ, ਮੇਰੇ ਅੰਦਰ ਉਦੋਂ ਦੇ ਡੋਬੂ ਪੈ ਰਹੇ ਨੇ। ਮੰਜੇ `ਤੇ ਬੈਠੀ ਦਾ ਸਿਰ ਗੇੜੇ ਖਾਈ ਜਾਂਦੈ। ਐਂ ਲੱਗਦੈ ਜਿਵੇਂ ਸਿਰ ਦਾ ਪਟਾਕਾ ਪਊ। ਰੋਟੀ ਦੀ ਬੁਰਕੀ ਮੂੰਹ `ਚ ਪਾਉਣ ਨੂੰ ਉੱਕਾ ਚਿੱਤ ਨਹੀ ਕਰ ਰਿਹਾ। ਭੁੱਖ ਮਰ ਗਈ ਐ। ਮੂੰਹ ਸੁੱਕੀ ਜਾਂਦੈ। ਮੰਜੇ ਕੋਲ ਸਟੂਲ `ਤੇ ਪਈ ਗੜਵੀ `ਚੋਂ ਵਾਰੀ-ਵਾਰੀ ਪਾਣੀ ਦੀਆਂ ਘੁੱਟਾਂ ਨਾਲ ਜੀਭ ਗਿੱਲੀ ਕਰ ਰਹੀ ਆਂ। ਸੰਘ ਫੇਰ ਵੀ ਸੁੱਕੀ ਜਾਂਦੈ।

ਅੰਦਰਲਾ ਟਿਕਾਉਣ ਦੇ ਬਥੇਰੇ ਹੀਲੇ ਕਰਦੀ ਆਂ। ਮਨ ਟਿਕਦਾ ਨੀ। ਬੈਠੀ ਜ਼ਰੂਰ ਆਂ। ਸਾਹ-ਸਤ ਸੂਤੇ ਪਏ ਨੇ। ਦਿਲ ਫੜਕ-ਫੜਕ ਵੱਜ ਰਿਹੈ। ਅੱਖਾਂ ਮੂਹਰੇ ਹਨੇਰਾ ਛਾਅ ਗਿਐ। ਲੱਗਦੈ ਕਾਲੀ ਘਟਾ ਚੜ੍ਹ ਆਈ ਐ। ਮੂਸਲਾਧਾਰ ਮੀਹ ਇਕਦਮ ਲਹਿ ਪਿਐ। ਮੀਹ ਦੀ ਨ੍ਹੇਰੀ `ਚ ਮੈਨੂੰ ਸਾਫ਼ ਦਿਸ ਨਹੀ ਰਿਹਾ। ਪਾਣੀ `ਚ ਮੁਟਿਆਰ ਰੁੜ੍ਹੀ ਜਾਂਦੀ ਐ। ਉਸਦੀ ਦੇਹ ਨੂੰ ਕਈ ਜਣੇਂ ਖਿੱਚੀ ਧੂੰਈ ਜਾਂਦੇ ਨੇ। ਚੀਕਾਂ ਨਾਲ ਮੇਰਾ ਕਾਲਜਾ ਛਲਣੀ ਹੋਈ ਜਾਂਦੈ। ਬਚਾਅ ਕੋਈ ਨੀ ਰਿਹਾ। ਧੂਹ ਕੇ ਲਿਜਾਣ ਵਾਲੇ ਉਸਨੂੰ ਨੋਚ ਰਹੇ ਨੇ। ਛੁਡਾਉਣ ਨੂੰ ਕੋਈ ਨੀ ਬਹੁੜਦਾ। ਮੇਰੀਆਂ ਚੀਕਾਂ ਘੁੱਪ ਹਨੇਰੇ ਨਾਲ ਟਕਰਾਅ ਕੇ ਅੰਨੇ ਸਮੁੰਦਰ ਵਿਚ ਗੁੰਮ ਹੋ ਗਈਆਂ। ਮੈਂ ਬੇਸੁੱਧ ਹੋਈ ਪਈ ਆਂ। ਕੜਕ ਦੇਣੇ ਗੁਸਲਖ਼ਾਨੇ ਦੀ ਕੁੰਡੀ ਖੁੱਲ੍ਹਣ ਤੇ ਦਰਵਾਜਾ ਚੀਕਣ ਨਾਲ ਭੜੱਕ ਦੇਣੇ ਬੇ-ਸੁਰਤੀ `ਚੋਂ ਬਾਹਰ ਆਉਨੀ ਆਂ। ਵੇਖਦੀ ਆਂ, ਕਮਲ ਨਹਾ ਕੇ ਵਿਹੜੇ `ਚ ਖੜ੍ਹੀ ਹੈ। ਉਸਦੇ ਲੰਮੇ-ਲੰਮੇ ਵਾਲ ਪਿਛਾਂਹ ਪਿੱਠ `ਤੇ ਵਿਛੇ ਪਏ ਨੇ। ਵਾਲਾਂ ਹੇਠਲਾ ਮੋਢਿਆਂ `ਤੇ ਵਿਛਾਇਆ ਗੁਲਾਬੀ ਤੌਲੀਆ ਅੱਧੀ ਢੂਹੀ ਨੂੰ ਢਕਦਾ, ਉਸਦੇ ਗੋਰੇ ਰੰਗ ਦੇ ਨਾਲ ਹੀ ਮਿਲਿਆ ਪਿਐ। ਨਵੇਂ ਡਜੈਨ ਦੇ ਫੈਸ਼ਨ ਮੂਜਬ ਉਸਦੀ ਖੱਬੀ ਬਾਂਹ ਉੱਤੇ ਖੁਦਵਾਈ ਮੋਟੇ ਪੱਤਿਆਂ ਵਾਲੀ ਕਾਲੀ ਵੇਲ ਸਣੇ ਵੱਡੇ ਸਾਰੇ ਫੁੱਲ `ਤੇੀਗ੍ਹਾ ਜਾਂਦੀ ਐ। ਮੇਰਾ ਕਾਲਜਾ ਧੜੱਕ-ਧੜੱਕ ਵੱਜਣ ਲੱਗਦੈ।
ਬਦਾਮੀ ਸੂਟ ਤੇ ਓਹੋਜੀ ਨਹੰੁ ਪਾਲਿਸ਼ ਲਾ ਕੇ ਪੈਰੀ ਪਾਈ ਕਰੀਮ ਜੁੱਤੀ ਨਾਲ ਖੜਕਦੀਆਂ ਚੂੜੀਆਂ ਵੇਖ ਕੇ, ਦਰਜੀਆਂ ਦੀ ਚੰਦੋ ਉਸੇ ਵੇਲੇ ਆਖੂ, “ਨੀ ਭਾਨੋਂ ਤੇਰੀ ਨੂੰਹ ਤਾਂ ਪੂਰੀ ਸਰਦਾਰਨੀ ਐ। ਕੋਈ ਸੂਟ ਪਾ ਲੇ, ਗੋਰੇ ਰੰਗ `ਤੇ ਬਣ-ਬਣ ਉੱਠਦੈ।` ਉਸ ਦੀਆਂ ਗੱਲਾਂ ਮਨ `ਚ ਆਉਂਦੀਐਂ, ਮਨ ਗੇੜੇ ਖਾਣ ਲੱਗ ਪਿਐ। ਇਹ ਸਰਦਾਰਨੀ ਆਲੀ ਦਿੱਖ ਬਣੀ ਰਹੇ। ਇਹੀ ਅਰਦਾਸਾਂ ਵਾਹਿਗੁਰੂ ਮੂਹਰੇ ਕਰੀ ਜਾਨੀ ਆਂ। ਇਹਦੇ ਉੱਚੇ ਲੰਮੇ ਕੱਦ ਤੇ ਭਰਵੇਂ ਸਰੀਰ ਵੰਨੀ ਮੁੜ-ਮੁੜੀਗ੍ਹਾ ਜਾਂਦੀ ਐ। ਇਹਦਾ ਨਾਂ ਕਮਲ ਨੀ, ਇਹ ਤਾਂ ਹੈਈ ਕਮਲ ਦਾ ਫੁੱਲ।ੀੱਕੀ ਜਿਹੀ ਬੁਨੈਣ ਵਰਗੀ ਅੱਧੀਆਂ ਬਾਹਾਂ ਦੀ ਝੱਗੀ ਤੇ ਖੁੱਲ੍ਹੇ ਜਿਹੇ ਪਜਾਮੇ `ਚ ਖੜ੍ਹੀ, ਐਂ ਲੱਗਦੀ ਐ, ਜਿਵੇਂ ਫ਼ਿਲਮਾਂ ਆਲੀ ਹੋਵੇ। ਮਨ ਵੱਸੋਂ ਬਾਹਰ ਹੋਇਆ ਪਿਐ। ਦੇਹ ਕੰਬਦੀ ਐ। ਜਵਾਨ ਜਹਾਨ ਨੂੰਹ ਐਂ। ਕਿਮੇਂ ਔਖਾਂ `ਚ ਲਾਡਾਂ ਪਿਆਰਾਂ ਨਾਲ ਲਿਆਂਦੀ ਐ ਘਰੇ।
ਅੱਜ ਦਿਨ ਚੜ੍ਹਦੇ ਨਾਲ ਆਏ ਹਨੇਰ ਦੇ ਫ਼ਿਕਰ ਨੇ ਪਿਛਲੇ ਜਖ਼ਮ ਹਰੇ ਕਰ ਦਿੱਤੇ ਨੇ। ਦਰਦਾਂ ਦੀ ਰੀਲ ਤੇਜ਼ੀ ਨਾਲ ਘੁੰਮਣ ਲੱਗਦੀ ਐ। ਉਦੋਂ ਵੀ ਹਸਦਾ-ਵਸਦਾ ਪਰਿਵਾਰ ਸੀ। ਖਿੜੀ ਦੁਪਹਿਰ ਇਕਦਮ ਘੁੱਪ ਹਨੇਰੇ `ਚ ਬਦਲ ਗਈ। ਸਤਿਗੁਰ ਤੇ ਹਾਕਮ ਹੋਰਾਂ ਦਾ ਪਿਓ ਪਲਾਂ `ਚ ਤੁਰ ਗਿਆ। ਚੰਗੇ ਭਲੇ ਪਏ-ਪਏ ਦੇ ਦਰਦ ਜਾ ਉੱਠਿਆ। ਉਦੋਂ ਈ ਜੀਪ `ਚ ਪਾ ਕੇ ਪਿੰਡ ਆਲੀ ਸਰਕਾਰੀ ਡਿਸਪੈਂਸਰੀ `ਚ ਲੈਗੇ। ਜਾਂਦਿਆਂ ਨੂੰ ਸਾਹਮਣੇ ਬਰਾਂਡੇ `ਚ ਖੋਖਰ ਆਲੀ ਨਰਸ ਖੜ੍ਹੀ ਸੀ। ਹੈਗੀ ਤਾਂ ਦਾਈ ਸੀ, ਸਰਕਾਰੀ ਕਰਕੇ ਸਾਰੇ ਨਰਸ ਕਹਿੰਦੇ। ਭੱਜ ਕੇ ਸਾਡੇ ਕੰਨੀ ਨੂੰ ਆਗੀ। ਮੇਰੀ ਪੂਰੀ ਸਿਆਣੂ ਸੀ। ਜਦ ਕਦੇ ਜਾਪੇ ਵੇਲੇ ਕਿਸੇ ਤੀਮੀ ਦੀ ਮਰਜ਼-ਤਕਲੀਫ਼ ਦੀ ਮੈਨੂੰ ਨਾ ਸਮਝ ਲੱਗਦੀ, ਅਸੀ ਦੋਵੇਂ ਰਾਇ ਵਾੜੀ ਕਰ ਲੈਂਦੀਆਂ। ਵੱਡਾ ਪਿੰਡ ਐ। ਕਿਸੇ ਨਾ ਕਿਸੇ ਅਗਵਾੜ `ਚ ਕਦੇ ਉਹ ਕਦੇ ਮੈਂ ਜਾਪਾ ਕਰਵਾਉਂਦੀਆਂ, ਆਉਂਦੀਆਂ-ਜਾਂਦੀਆਂ ਮਿਲਦੀਆਂ ਰਹਿੰਦੀਆਂ। ਗੱਲ ਸੁਣ ਕੇ ਉਹ ਸਿਰ ਮੁੱਧ ਡਾਕਟਰ ਵੰਨੀ ਭੱਜੀ। ਆ ਕੇ ਵੇਖ ਕੇ ਡਾਕਟਰ ਨੇ ਪੁੱਠਾ ਹੱਥ ਫੇਰਤਾ ਜੀਪ `ਚੋਂ ਲਾਹਿਆ ਵੀ ਨੀ, ਕਹਿੰਦਾ, “ਲੈਜੋ, ਇਹਦੇ `ਚ ਕੁਛ ਨੀ। ਦਿਲ ਫੇਲ੍ਹ ਹੋ ਗਿਆ।” ਰੋਂਦੇ ਕੁਰਲਾਉਂਦੇ ਘਰੇ ਚੱਕ ਲਿਆਏ। ਚਾਰੇ ਪਾਸੇ ਹਨੇਰ ਛਾਅ ਗਿਆ। ਕੁਛ ਸਮਝ ਨੀ ਆਉਂਦਾ ਸੀ। ਬਥੇਰਾ ਵਿਲਕੀ, ਆਵਦਾ ਸਰੀਰ ਤੋੜਿਆ ਪਰ ਕਿਹੜਾ ਉਹਨੇ ਮੁੜ ਆਉਣਾ ਸੀ। ਅਖੀਰ ਮਨ ਨੂੰ ਸਮਝਾਇਆ। ਤਕੜਾ ਕੀਤਾ। ਜਵਾਕਾਂ ਦੇ ਮੂੰਹ `ਚ ਪਾਉਣ ਨੂੰ ਚੋਗ ਤਾਂ `ਕੱਠੀ ਕਰਨੀ ਸੀ। ਬਾਹਰ ੀਕਲਦੀ, ਪਰਾਏ ਲੋਕਾਂ ਦੇ ਤਿੱਖੇ ਜ਼ਹਿਰੀਲੇ ਤੀਰ ਤਾਂ ਝੱਲਦੀ ਸੀ। ਆਪਣੀਆਂ ਸਕੀਆਂ ਸ਼ਰੀਕਣੀਆਂ ਵੀ ਕੋਈ ਕਸਰ ਨਾ ਛੱਡਦੀਆਂ, “ ਗਿਆਨ ਕਾਹਦਾ ਤੁਰ ਗਿਆ। ਇਹਨੂੰ ਤਾਂ ਖੁੱਲ੍ਹ ਹੋਗੀ। ਨਿੱਤ ਨਵੇਂ ਸੂਟ ਬਦਲ-ਬਦਲ ਨਿਕਲਦੀ ਐ। ਪੁੱਛਣ ਆਲਾ ਹੋਵੇ, ਕੰਮ ਕਰਨ ਜਾਨੀ ਐਂ ਕਿ ਮੇਲੇ ਜਾਨੀ ਐਂ।” ਦੂਜੀ ਰਹਿੰਦੇ ਅੰ ਗਿਆਰੇ ਹੋਰ ਧਰਦੀ ਤੜਫ਼ਦੀ `ਤੇ, “ਬੰਦੇ ਤੋਂ ਬਿਨਾਂ ਕਾਹਦਾ ਡਰ ਐ। ਮਨ ਆਈਆਂ ਕਰਦੀ ਐ।”
ਸਿਰੋਂ ਪਰ੍ਹੇ ਭੈੜੀਆਂ ਹਵਾਵਾਂ ਵਗੀਆਂ। ਝੱਲੀਆਂ ਸਭ ਦੀਆਂ ਮਨ ਪਿੰਡੇ `ਤੇ। ਦੁਨੀਆਂ ਦੀਆਂ ਗੱਲਾਂ ਤੋਂ ਬੇਪ੍ਰਵਾਹ ਹੋ ਕੇ, ਆਵਦੀ ਦੇਹ ਵੇਲੀ। ਐਨੇ `ਚ ਦੋਵੇਂ ਜੁਆਕ ਉਡਾਰ ਹੋਗੇ।
ਵੱਡਾ ਸਤਿਗੁਰ ਪੜ੍ਹ ਗਿਆ। ਨੌਕਰੀ ਲੱਗ ਗਿਆ ਬੈਂਕ `ਚ। ਬਰੋਬਰ ਦੀ ਘਰ ਆਲੀ ਮਿਲਗੀ ਨੌਕਰੀ `ਤੇ ਲੱਗੀ। ਇਹ ਛੋਟਾ ਹਾਕਮ, ਛੋਟਾ ਹੁੰਦਾ ਈ ਮੇਰੇ ਹੌਕੇ ਹਾਵਿਆਂ ਨੂੰ ਸੁਣਦਾ, ਨਰਮ ਦਾ ਨਰਮ ਰਹਿ ਗਿਆ। ਸੀਤਗੁਰ ਤਾਂ ਵਿਆਹ ਹੋਣ ਸਾਰ ਤੀਮੀ ਨੂੰ ਲੈ ਕੇ ਅੱਡ ਹੋ ਕੇ ਪਰ੍ਹੇ ਬੀਹ ਗਿਆ। ਮਾਂ ਦਾ ਫ਼ਿਕਰ ਤਾਂ ਕੀ ਕਰਨਾ ਸੀ। ਜੇ ਕਦੇ ਗੱਲ ਵੀ ਕਰਦੀ, ਉਲਟਾ ਬਘਿਆੜ ਵਾਂਗੂੰ ਭੱਜ ਕੇ ਪੈਂਦਾ।
ਅਕੇ ਦੱਸ, “ਤੂੰ ਮੈਨੂੰ ਅੰਗਰੇਜ਼ੀ ਸਕੂਲਾਂ `ਚ ਪੜ੍ਹਾਉਂਦੀ ਰਹੀ ਐਂ। ਰੁਲ ਖੁਲ ਕੇ ਮੈਂ ਆਵਦੀ ਮਿਹਨਤ ਨਾਲ ਪੜ੍ਹ ਕੇ ਰੋਟੀ ਜੋਗਰਾ ਹੋ ਗਿਆ। ਤੈਨੂੰ ਕੀ ਦੇ ਦਿਆਂ?“
“ਮਖਿਆਂ ਆਹ ਬਥੇਰਾ ਕੁਛ ਦੇਤਾ ਤੂੰ, ਇਹੀ ਬਹੁਤ ਐ। ਮਾਂ ਨੂੰ ਸ਼ੁੱਧ ਬੋਲ ਲਿਆ ਕਰ।“
ਅੰਦਰਲਾ ਮੱਚਦੈ, ਪਰ ਕੀ ਜ਼ੋਰ ਐ। ਆਵਦੇ ਢਿੱਡੋਂ ਕੱਢੇ `ਤੇ। ਆਹੀ ਵਚਾਰੇ ਹਾਕਮ ਨੇ ਮਸਾਂ ਡਿੱਗਦੇ ਪੈਂਦੇ ਨੇ ਬਾਰ੍ਹਾਂ ਕੀਤੀਆਂ। ਇਸੇ ਕਰਕੇ ਦਰ-ਦਰ ਦੀਆਂ ਠੋਕਰਾਂ ਖਾਂਦਾ ਫਿਰਦਾ ਰਿਹਾ। ਕੋਈ ਕੰਮ, ਨੌਕਰੀ ਚੱਜਦੀ, ਤਾਂ ਹੀ ਮਿਲੇ ਜੇ ਚੰਗਾ ਪੜ੍ਹਦਾ ਪਿਓ ਵਿਚਾਰਾ ਸਾਰੀ ਉਮਰ ਜੱਟਾਂ ਦੇ ਖੇਤਾਂ `ਚ ਦੇਹ ਵੇਲਦਾ ਰੁਲਦਾ ਫਿਰਦਾ ਰਿਹਾ। ਵਿਆਹ ਸ਼ਾਦੀਆਂ, ਮਰਨੇ-ਪਰਨੇ `ਤੇ ਅਗਵਾੜ ਦੇ ਲੋਕ ਚੱਲੀ ਆਉਂਦੀ ਰੀਤ ਮੂਜਬ ਮਹਿਰੇ ਨੂੰ ਪਾਣੀ-ਧਾਣੀ ਵਾਸਤੇ ਜ਼ਰੂਰ ਬੁਲਾਅ ਲੈਂਦੇ। ਓਵੇਂ ਕਦੇ-ਕਦੇ ਹਾਕਮ ਵੀ ਜਾਂਦਾ ਰਿਹੈ ਉਸਦੇ ਮਗਰੋਂ।
ਜਿਉਂਦਾ ਰਹੇ ਆਪਣੇ ਪਿੰਡ ਆਲਾ ਕਰਮ ਸੂੰ ਵਕੀਲ, ਬਲਾਈਂ ਚੰਗੈ।
ਇਕ ਦਿਨ ਲੰਘਿਆ ਜਾਂਦਾ ਕਹਿੰਦਾ, “ਐਂ ਵਿਹਲਾ ਕਿਉਂ ਤੁਰਿਆ ਫਿਰਦੈਂ। ਤੂੰ ਮੇਰੇ ਕੋਲ ਕਚਹਿਰੀ ਆਜਾ, ਟਾਈਪ ਕਰਨੀ ਸਿੱਖ ਲੈ, ਓਥੇ ਕਹਿ ਮੈਂ ਦਿਊਂ। ਵਧੀਆ ਕੰਮ ਚੱਲੂ ਤੇਰਾ।“
ਉਹ ਲੈ ਗਿਆ। ਜਦੋਂ ਪਹਿਲਾਂ ਕਰਮ ਸੂੰ ਪਿੰਡ ਰਹਿੰਦਾ ਸੀ ਉਦੋਂ ਇਹ ਛੋਟਾ ਹੁੰਦਾ ਉਨ੍ਹਾਂ ਦੇ ਘਰੇ ਪਾਣੀ-ਪੂਣੀ ਭਰ ਆਉਂਦਾ ਸੀ, ਟੂਟੀ ਆਈਂ ਤੋਂ। ਮੋਹ ਰੱਖਦਾ ਸੀ ਕਰਮ ਸਿਉਂ।
ਘਰੋਂ ਪੁਰਾਣਾ ਕੰਪਿਊਟਰ ਚਕਾਤਾ, ਉਹਦੇ ਮੁੰਡੇ ਬਿਕਰਮ ਦਾ ਸੀ। ਉਹ ਕਈ ਸਾਲ ਹੋਗੇ ਬਾਹਰਲੇ ਦੇਸ਼ ਵਗ ਗਿਐ। ਵਕੀਲ ਨੇ ਕਹਿ ਕੇ ਟਾਈਪ ਸਿਖਾਤੀ। ਪੁਰਾਣੀ ਮੋਪਡ ਖੜ੍ਹੀ ਸੀ ਅੰਦਰ। ਕਹਿੰਦਾ, “ਇਹਨੂੰ ਸਮਰਾਅ ਲੈ।“ ਉਹਦੀ ਕੁੜੀ ਰੂਪੀ ਜਾਂਦੀ ਹੁੰੰਦੀ ਸੀ ਸਕੂਲ ਇਹਤੇ। ਹੁਣ ਤਾਂ ਵਿਆਹੀ ਹੋਈ ਐ ਅਬੋਹਰ। ਤਕੜਾ ਘਰ ਐ। ਜਮਾਈ ਕੋਈ ਵੱਡਾ ਅਫ਼ਸਰ ਦੱਸਦੇ ਨੇ। ਕਰਮ ਸੂੰਅ, ਹਾਕਮ ਨੂੰ ਕਈ ਵਾਰ ਤਿੱਥ-ਤਿਹਾਰ ਨੂੰ ਤੋਰ ਦਿੰਦਾ ਕੁੜੀ ਕੋਲੇ, ਚੀਜ਼ ਵਸਤ ਫੜਾਉਣ। ਮੰਡੀਓਂ ਸਿੱਧੀ ਰੇਲ ਜਾਂਦੀ ਐ ਗੰਗਾਨਗਰ ਆਲੀ। ਹਾਕਮ ਦੱਸਦਾ ਹੁੰਦੈ, “ਵੱਡੇ-ਵੱਡੇ ਕਿੰਨੂਆਂ ਦੇ ਬਾਗ ਨੇ।“ ਮੁੜਨ ਵੇਲੇ ਗੱਟਾ ਭਰ ਦਿੰਦੇ। ਹਾਕਮ ਨੂੰ ਅੱਡ ਝੋਲੇ `ਚ ਦਿੰਦੇ ਜਵਾਕਾਂ ਵਾਸਤੇ। ਕਰਮ ਸੂੰਅ ਦੀ ਘਰਵਾਲੀ ਵੀ ਚੰਗੀ ਐ। ਕੱਲੇ ਨੇ ਦੋਵੇਂ ਐਡੀ ਕੋਠੀ `ਚ। ਹਾਕਮ ਦਾ ਉਨ੍ਹਾਂ ਨੂੰ ਪੂਰਾ ਸੁਖ ਐ।
ਪੁਰਾਣੇ ਕੰਪਿਊਟਰ ਦੇ ਤਾਂ ਮਗਰੋਂ ਥੋੜ੍ਹੇ-ਥੋੜ੍ਹੇ ਕਰ ਕੇ ਇਹਨੇ ਪੈਸੇ ਦੇਤੇ ਸੀ। ਮੋਪਡ ਦਾ ਨੀਂ ਕੁਛ ਵਕੀਲ ਨੇ ਲਿਆ। ਹਾਕਮ ਦਸਦਾ ਹੁੰਦੈ, ‘ਹੁਣ ਜਾਣ ਸਾਰ ਮੈਂ ਪਹਿਲਾਂ ਆਵਦਾ ਕੰਮ ਕਰਦਾ ਹੁੰਨਾ। ਦੁਪਹਿਰ ਵੇਲੇ ਜਿਹੜੇ ਵਕੀਲ ਦੇ ਕਾਗਜ਼ ਹੁੰਦੇ ਨੇ, ਉਹ ਕਰ ਦਿੰਨਾ।` ਪਹਿਲਾਂ ਤਾਂ ਕੁਝ ਚਿਰ ਵਕੀਲ ਦੇ ਦਫ਼ਤਰ ਮੂਹਰਲੇ ਬਰਾਂਡੇ `ਚ ਬਹਿੰਦਾ ਰਿਹਾ। ਫੇਰ ਆਵਦਾ ਖੋਖਾ ਧਰ ਲਿਆ। ਮੁਕਦੀ ਗੱਲ, ਆਵਦੀ ਖੋਰੀ ਖੋਟਣ ਜੋਗਰਾ ਹੋ ਗਿਆ। ਇਸੇ ਰੋਜ਼ਗਾਰ ਕਰਕੇ ਵਿਆਹਿਆ ਵੀ ਗਿਆ। ਘਰ ਘੁਰ ਤੋਂ ਮੈਂ ਕੀ ਲੈਣਾ ਸੀ। ਕੁੜੀ ਮਿਲਗੀ ਕੁੂੰਜ ਵਰਗੀ। ਇਹ ਤੇਰ੍ਹਾਂ ਜਮਾਤਾਂ ਪਾਸ ਐ। ਤਿੰਨ ਭੈਣਾਂ ਨੇ।
ਹਾਕਮ ਤੜਕੇ ਈ ਮੋਪਡ `ਤੇ ਰੋਟੀ ਆਲਾ ਡੱਬਾ ਟੰਗ ਕੇ ਤੁਰ ਜਾਂਦੈ। ਆਥਣੇ ਘਰੇ ਆ ਖਾਂਦੈ। ਮੰਡੀ ਕਿਹੜਾ ਦੂਰ ਐ, ਦਸ ਕੋਹ ਵਾਟ ਐ। ਕਿੰਨੇ ਸਾਲ ਹੋਗੇ, ਕੰਮ ਬਾਹਲਾ ਚੰਗਾ ਨੀਂ ਤਾਂ ਮਾੜਾ ਵੀ ਨੀਂ, ਘਰ ਦਾ ਰੋੜੂਆ ਰੋੜੀ ਜਾਂਦੈ।
ਉਹ ਤਾਂ ਉੱਠਣ ਸਾਰ ਵਿਚਾਰਾ ਮੰਡੀ ਨੂੰ ਤੁਰ ਗਿਐ ਮੋਪੜ ਲੈ ਕੇ। ਮੈਂ ਕਿੱਧਰ ਨੂੰ ਜਾਵਾਂ। ਇਹਨੇ ਮਗਰੋਂ ਆਹ ਵੰਝ ਗੱਡਤਾ, “ਅਕੇ ਮੈਂ ਜਾਣੈ।“ ਦਿਲ ਘਟੀ ਜਾਂਦੈ। ਕੋਈ ਗੱਲ ਸਮਝ ਨਹੀਂ ਆਉਂਦੀ। ਕਮਲ ਦਬਾ-ਦਬ ਜਸ਼ਨ ਤੇ ਪਲਕ ਨੂੰ ਤਿਆਰ ਕਰ ਕੇ, ਦੁਪਹਿਰ ਦੀ ਰੋਟੀ ਵਾਲੇ ਡੱਬੇ ਉਨ੍ਹਾਂ ਦੇ ਬੈਗਾਂ ਵਿਚ ਪਾਈ ਜਾਂਦੀ ਐ। ਪਾਣੀ ਆਲੀਆਂ ਬੋਤਲਾਂ ਉਹ ਹੱਥਾਂ `ਚ ਲਈ ਵਰਦੀਆਂ ਕਸੀਂ ਖੜ੍ਹੇ ਆਪਸ `ਚ ਗੱਲਾਂ ਕਰੀ ਜਾਂਦੇ ਐ। ਜੁਆਕਾਂ ਵੰਨੀ ਵੇਖ ਕੇ ਮਨ ਸਗੋਂ ਹੋਰ ਭਰ-ਭਰ ਆ ਰਿਹੈ। ਇਨ੍ਹਾਂ ਬਲੂਰਾਂ ਨੂੰ ਕੀ ਪਤੈ, ਆਵਦੀ ਦਾਦੀ ਦੀ ਅੰਦਰਲੀ ਦਸ਼ਾ ਦਾ। ਸਕੂਲ ਆਲੀ ਬੱਸ ਦਾ ਹਾਰਨ ਵੱਜਦਾ ਸੁਣ, ਦੋਵੇਂ ਹੱਸਦੇ ਗੱਲਾਂ ਕਰਦੇ ਪਿੱਠਾਂ `ਤੇ ਬਸਤੇ ਲਮਕਾਈ, ਘਰੋਂ ਬਾਹਰ ਨੂੰ ਤੁਰ ਜਾਂਦੇ ਨੇ। ਅੱਜ ਤਾਂ ਪੂਰੇ ਛੋਹਲੇ ਹੱਥਾਂ ਨਾਲ ਹੋਰ ਕੰਮ ਵੀ ਦਬਾ-ਦਬ ਨਬੇੜ ਰਹੀ ਐ। ਉਸਦੀ ਤੇਜ਼ੀ `ਚੋਂ ਉਸਦੀ ਫੁਰਤੀ ਦਾ ਪਤਾ ਲੱਗ ਰਿਹੈ। ਰਸੋਈ ਆਲੀ ਟੂਟੀ ਦੇ ਪਾਣੀ ਦੇ ਖੜਕੇ ਤੋਂ ਪਤਾ ਲੱਗਦੈ, ਉਹ ਭਾਂਡੇ ਧੋਈ ਜਾਂਦੀ ਐ। ਹੁਣ ਰਸੋਈ `ਚੋਂ ਹਵਾ ਬਾਹਰ ਕੱਢਣ ਵਾਲੇ ਪੱਖੇ ਦਾ ਖੜਕਾ ਬੰਦ ਹੋ ਗਿਐ। ਇਹ ਪੱਖਾ ਕਾਹਦਾ ਬੰਦ ਹੋਇਆ, ਲੱਗਦੈ ਅੱਜ ਮੇਰੇ ਅੰਦਰਲਾ ਪੱਖਾ ਵੀ ਬੰਦ ਹੋਊਗਾ। ਮੈਂ ਬਥੇਰਾ ਇਹਨੂੰ ਸਮਝਾਇਐ। ਪਰ ਨਹੀਂ ਸਮਝਦੀ।
ਮੈਨੂੰ ਆਖੂ, “ਬੀਬੀ ਤੁਸੀਂ ਆਵਦੇ ਵੇਲੇ ਆਪਣੀ ਸਮਝ ਵਰਤੀ ਐ। ਹੁਣ ਉਹ ਜ਼ਮਾਨਾ ਨੀਂ, ਜਿਵੇਂ ਤੁਸੀਂ ਕਰਦੇ ਸੀ।“
ਮਖਿਆਂ, “ਨੀਂ ਸਿਆਣੀਏ ਇਹੀ ਗੱਲ ਤਾਂ ਤੈਨੂੰ ਮੈਂ ਕਹਿਨੀ ਆਂ। ਸਾਡੇ ਵੇਲੇ ਬਥੇਰਾ ਨਰਕ ਉੱਭਰਿਆ ਰਹਿੰਦਾ ਸੀ। ਹੁਣ ਉਸ ਤੋਂ ਵੀ `ਗਹਾਂ ਲੰਘੇ ਖੜ੍ਹੇ ਨੇ ਲੋਕ। ਇਹ ਦੁਨੀਆਂ ਤਾਂ ਮੁੱਕਣ `ਤੇ ਆਈ ਖੜ੍ਹੀ ਐ। ਤੂੰ ਸਮਝ ਵਰਤ। ਵਕਤ ਮਾੜੈ। ਮੇਰੀ ਇਕ ਨੀਂ ਸੁਣੀ।`
ਹਾਕਮ ਵਿਚਾਰਾ ਆਪ ਚੁੱਪ ਕਰ ਜਾਂਦੈ।
ਆਖੂ, “ਕਰਨੀ ਤਾਂ ਬੀਬੀ ਇਹਨੇ ਆਵਦੀ ਮਰਜ਼ੀ ਐ।“
ਇਕ ਦਿਨ ਮੇਮ ਨੇ ਹੋਰ ਗੱਲ ਕੱਢ ਮਾਰੀ, ਅਕੇ, “ਬੀਬੀ ਤੂੰ ਨਾਉਂ ਤਾਂ ਇਹਦਾ ਹਾਕਮ ਧਰ ਲਿਆ, ਮੈਂ ਤਾਂ ਇਹਦੀ ਹਕਮੂਤ ਕਿਤੇ ਚਲਦੀ ਵੇਖੀ ਨੀਂ। ਬੱਸ ਉਹ ਵਕੀਲ ਦੇ ਦਫ਼ਤਰ ਮੂਹਰੇ ਖੋਖੇ `ਚ ਸਾਰੀ ਉਮਰ ਲੰਘਾਤੀ। ਘਰ `ਚ ਕਦੇ ਦੋ ਪਲ `ਰਾਮ ਨਹੀਂ ਕੀਤਾ, ਨਾ ਕਰਾਇਐ ਕਿਸੇ ਨੂੰ। ਮੈਂ ਵੀ ਦੱਸ ਕੀ ਕਰਾਂ। ਜਵਾਕ ਵੀ ਵੱਡੀਆਂ ਜਮਾਤਾਂ `ਚ ਨੇ ਇਨ੍ਹਾਂ ਦੀਆਂ ਵਰਦੀਆਂ ਤੇ ਫੀਸਾਂ ਵੇਲੇ ਹਰ ਵਾਰੀ ਝੱਜੂ ਪੈਂਦੈ। ਸਭ ਮੇਰੇ ਗਲ ਮੜ੍ਹਦੂ। ਆਖੂ ਮੈਂ ਤੈਨੂੰ ਫੜਾ ਦਿੰਨਾ ਜਿੰਨੇ ਹੁੰਦੇ ਨੇ। ਘਰੇ ਕੋਈ ਸਹੂਲਤ ਨੀਂ। ਰੋਜ਼ ਸ਼ਹਿਰ `ਚ ਰਹਿੰਦੈ, ਕਿਵੇਂ ਘਰ ਲੋਕਾਂ ਨੇ ਸੁਰਗ ਬਣਾਏ ਪਏ ਐ। ਜੇ ਬਾਹਰ ਨਿਕਲਾਂਗੇ ਤਾਂ ਹੀ ਕੁਛ ਬਣੂ। ਘਰੇ ਬੈਠਿਆਂ ਨੂੰ ਕੋਈ ਥੋੜੋ ਦੇ ਕੇ ਜਾਊ।“
“ਮਖਿਆਂ ਤੇਰੀ ਗੱਲ ਤਾਂ ਠੀਕ ਐ, ਹਕੂਮਤ ਤਾਂ ਪੁੱਤ ਆਵਦੇ ਘਰੇ ਈ ਹੁੰਦੀ ਐ। ਬਾਹਰ ਤਾਂ ਜਿਹੜਾ ਕੰਮ ਐ ਓਹੀ ਕਰੂ।“ ਮੇਰੀ ਗੱਲ ਅਣਸੁਣੀ ਕਰ ਕੇ ਅੰਦਰ ਨੂੰ ਤੁਰਗੀ।
ਮੈਂ ਇਹਦਾ ਵਿਹਾਰ ਵੇਖ ਕੇ ਅੰਦਰੇ-ਅੰਦਰ ਭੁੱਜਗੀ। ਜੇ ਮੇਰਾ ਪੁੱਤ ਐਨਾ ਕੁੰਨੈਂ ਤਾਂ ਹੀ ਤਾਂ ਫ਼ਿਕਰ ਲੱਗਿਆ ਖੜੈ੍ਹ। ਇਹਨੂੰ ਭਗਤ ਨੂੰ ਅੱਜ ਦੇ ਜ਼ਮਾਨੇ ਦੀ ਕਿੱਥੇ ਹਵਾ ਲੱਗੀ ਐ। ਜੇ ਇਹ ਵੀ ਵੱਡੇ ਵਰਗਾ ਚੁਸਤ ਬਣ ਜਾਂਦਾ। ਸਿੱਟਦਾ ਰੁਪਈਆਂ ਦੇ ਥੱਬਿਆਂ ਦੇ ਥੱਬੇ। ਇਹਦੀ ਕੀ ਮਜ਼ਾਲ ਸੀ ਚਵਰਿੱਕੀਆਂ ਕਰਨ ਦੀ। ਨਾਲੇ ਆਹ ਫ਼ਿਕਰ ਥੋੜੋ ਵੱਢ-ਵੱਢ ਖਾਂਦੇ। ਮਨ `ਚ ਤਾਂ ਵਥੇਰੀਆਂ ਆਉਂਦੀਐਂ, ਅਖੀਰ ਸਭ ਸੁਣ ਕੇ ਚੁੱਪ ਕਰਗੀ। ਸੋਚਾਂ ਸੋਚ-ਸੋਚ ਕੇ ਮਨ ਘਾਟੀਏਂ ਪਿਆ ਖੜ੍ਹੈ।
ਉਸਦੇ ਕਮਰੇ `ਚੋਂ ਟੈਲੀਵੀਜ਼ਨ ਦੀ ਆਵਾਜ਼ ਆਉਣੋਂ ਹਟਗੀ। ਕੱਪੜੇ ਬਦਲਣ ਵੇਲੇ ਇਹ ਬਾਰ ਭੇੜ ਲੈਂਦੀ ਐ। ਫੇਰ ਜਦੋਂ ਦੁਬਾਰੇ ਟੈਲੀਵੀਜ਼ਨ ਸੁਣਨ ਲੱਗਦਾ, ਬਾਹਰ ਆਉਂਦੀ ਦੇ ਨਾਲ ਈ ਅਤਰ-ਫਲੇਲ ਦੀਆਂ ਖੁਸ਼ਬੋਆਂ ਆਉਣ ਲਗਦੀਆਂ ਨੇ। ਰੱਬ ਦਾ ਸ਼ੁਕਰ ਕਰਦੀ ਆਂ ਚਲੋ ਦੋਵੇਂ ਆਵਦੇ ਘਰੇ ਭੈਣਾਂ-ਭਾਈਆਂ ਦੇ ਬਰੋਬਰ ਚੰਗਾ ਪਹਿਨਣ ਪਚਰਨ ਜੋਗਰੇ ਹੋਗੇ। ਪਰ ਅੱਜ ਇਹਦੀਆਂ ਗੱਲਾਂ ਨੇ ਮੇਰਾ ਅੰਦਰ ਹਿਲਾਇਆ ਪਿਐ। ਪਿੰਡੇ `ਤੇ ਲਾਉਣ ਛਿੜਕਣ ਆਲੀਆਂ ਸ਼ੀਸ਼ੀਆਂ ਦੇ ਮੁਸ਼ਕ ਨਾਲ ਮੈਂ ਤਾਂ ਬੇਸੁਰਤ ਹੋਣ ਵਾਲੀ ਹੋਈ ਪਈ ਆਂ। ਜੇ ਮੇਰੀ ਇਹ ਮੰਨ ਲੈਂਦੀ, ਚੰਗਾ ਹੋਣਾ ਸੀ। ਪਰ ਨਹੀਂ ਮੰਨੀ, ਇਹਦਾ ਦੁੱਖ ਮੈਥੋਂ ਵੇਖਿਆ ਨਹੀਂ ਜਾਣਾ।“
“ਬੀਬੀ ਆਹ ਸਟੂਲ `ਤੇ ਪਰੌਂਠਾ ਤੇ ਦਹੀਂ ਉਵੇਂ ਪਏ ਨੇ, ਖਾ ਲੈ। ਤੇਰੀ ਦੁਪਹਿਰ ਦੀ ਰੋਟੀ ਮੈਂ ਰਸੋਈ `ਚ ਰੱਖਤੀ, ਕੰਮ ਆਲੀਆਂ ਕੁੜੀਆਂ ਆਉਣਗੀਆਂ ਉਨ੍ਹਾਂ ਨੂੰ ਕਹਿ ਦਈਂ ਗਰਮ ਕਰ ਕੇ ਦੇ ਦੇਣਗੀਆਂ। ਦੁੱਧ ਉਬਾਲ ਕੇ ਫਰਿੱਜ `ਚ ਰੱਖਤਾ। ਜਸ਼ਨ ਤੇ ਪਲਕ ਸਕੂਲੋਂ ਆਉਣਗੇ, ਉਨ੍ਹਾਂ ਨੂੰ ਚਾਹ ਬਣਾ ਕੇ ਪਿਲਾਅ ਦੇਣਗੀਆਂ। ਜੈਕੀ ਦੀ ਰੋਟੀ ਤੇ ਦੁੱਧ ਮੈਂ ਉਸਦੇ ਭਾਂਡੇ `ਚ ਪਾਤਾ। ਬਰਾਂਡੇ `ਚ ਬੰਨ੍ਹਿਆ ਹੋਇਐ।“
ਆਪਣੇ ਕਮਰੇ `ਚੋਂ ਬੈਗ ਲੈ, ਚੱਕਵੇਂ ਪੈਰੀਂ ਉਹ ਦਰਵਾਜ਼ੇ `ਚੋਂ ਬਾਹਰ ਹੋਗੀ। ਕਿਸੇ ਮੋਟਰ ਗੱਡੀ ਦੇ ਸਟਾਰਟ ਹੋਣ ਦੀ ਅਵਾਜ਼ ਆਈ ਐ। ਮੇਰੀਆਂ ਤਾਂ ਸਾਰੀਆਂ ਇੰਦਰੀਆਂ ਸੁੰਨ ਹੋ ਗਈਆਂ ਨੇ। ਰੱਬ ਮੂਹਰੇ ਹੱਥ ਬੰਨ੍ਹ ਅਰਦਾਸਾਂ ਕਰਨ ਲੱਗਦੀ ਆਂ। ਉਸਦੀਆਂ ਆਪ ਹੁਦਰੀਆਂ ਗੱਲਾਂ ਨਾਲ ਚੁੱਪ ਤਾਂ ਕੀ, ਗੁੰਮ-ਸੁੰਮ ਹੋ ਗਈ ਆਂ। ਮੰਜੇ `ਤੇ ਬੈਠੀ ਆਂ ਬੁੱਤ ਬਣੀ।
ਰਾਤ ਨੂੰ ਉੱਤੇ ਲੈਣ ਵਾਲੀ ਚਾਦਰ ਵੀ ਤਹਿ ਕਰ ਕੇ ਸਿਰਹਾਣੇ ਨਹੀਂ ਰੱਖੀ ਗਈ। ਉਵੇਂ ਸੱਪ ਵਾਂਗੂੰ ਮੇਰੇ ਹੇਠ ਈ `ਕੱਠੀ ਹੋਈ ਪਈ ਐ। ਬੱਸ ਇਸਦੀ ਇੱਕੋ ਗੱਲ ਨੇ ਸਾਹ ਸੂਤ ਰੱਖੇ ਨੇ। ਜਿੱ਼ਦ ਕਰਦੀ ਐ ਬਹੁਤ। ਕਈ ਵਾਰੀ ਜਿ਼ੱਦ ਪੁੱਗ ਜਾਂਦੀ ਐ। ਪਰ ਅੱਜ ਵਰਗੀ ਗੱਲ `ਤੇ ਕੀਤੀ ਜਿੱ਼ਦ ਬੰਦੇ ਨੂੰ ਖ਼ਤਮ ਕਰ ਦਿੰਦੀ ਐ।
ਇਹਦੀਆਂ ਮਨ ਆਈਆਂ ਦੀ ਰੀਲ੍ਹ ਹੋਰ ਤੇਜ਼ ਲਾਟੂ ਵਾਂਗ ਅੰਦਰੇ ਅੰਦਰ ਘੁੰਮਣ ਲੱਗੀ ਐ। ਪਤਾ ਨੀਂ ਕਿੱਥੋਂ ਇਹਦੇ ਮਨ `ਚ ਆਈ, ਆਹ ਬਿਊਟੀ ਪਾਰਲਰ ਵਾਲੀ ਗੱਲ।
ਮੈਨੂੰ ਪੁੱਛਣ ਲੱਗੀ ਮਖਿਆ, “ਵੇਖ ਲੋ ਭਾਈ, ਪਿੰਡ ਦਾ ਕੰਮ ਐ, ਇੱਥੇ ਇਹੋ ਜਾ ਕੰਮ ਘੱਟ ਈ ਲੋਟ ਆਉਂਦੈ। ਮੈਂ ਘਰ-ਘਰ ਆਉਂਦੀ ਜਾਂਦੀ ਰਹੀ ਆਂ। ਪਿੰਡਾਂ ਦੇ ਲੋਕਾਂ ਦੀ ਸਮਝ ਹੋਰ ਹੁੰਦੀ ਐ, ਸ਼ਹਿਰੀ ਹੋਰ `ਸਾਬ ਦੇ ਹੁੰਦੇ ਨੇ।“
“ਤੈਨੂੰ ਪਤਾ ਈ ਐ ਬੀਬੀ, ਇਨ੍ਹਾਂ ਦਾ ਕੰਮ ਕਿੰਨਾ ਕੁ ਐ। ਮੈਂ ਘਰੇ ਵਿਹਲੀ ਬੈਠੀ ਆਂ। ਕੁਛ ਕਰਾਂਗੇ ਤਾਂ ਤੋਰੂਆ ਤੁਰੂ ਘਰ ਦਾ।“ ਮੈਂ ਸੁਣ ਕੇ ਚੁੱਪ ਕਰਗੀ।
ਦੂਜੇ ਦਿਨ ਹਾਕਮ ਨਾਲ ਈ ਉੱਠ ਕੇ ਤਿਆਰ ਹੋਣ ਲੱਗਪੀ। ਮੈਂ ਪੁੱਛਿਆ ਤਾਂ ਕਹਿੰਦੀ, “ਮੈਂ ਕੰਮ ਸਿੱਖਣ ਜਾਇਆ ਕਰੂੰ ਹਫ਼ਤੇ ਕੁ ਦੀ ਗੱਲ।“
ਤੜਕੇ ਹਾਕਮ ਨਾਲ ਜਾਂਦੀ। ਦੁਪਹਿਰੇ ਕੱਲ੍ਹੀ ਮੁੜ ਆਉਂਦੀ। ਇਕ ਦਿਨ ਇਹ ਤੇ ਹਾਕਮ ਕਿੰਨੀਆਂ ਈ ਭਾਂਤ-ਭਾਂਤ ਦੀਆਂ ਸ਼ੀਸ਼ੀਆਂ ਤੇ ਹੋਰ ਲਟਰ-ਪਟਰ ਦੇ ਡੱਬੇ ਤਿੰਨ ਪਹੀਆਂ ਆਲੇ ਭੂੰਡ ਜੇ `ਚ ਲੱਦ ਲਿਆਏ। ਮੇਰੇ ਅੰਦਰ ਪੂਰਾ ਡਰ। ਪਿੰਡ ਦਾ ਕੰਮ ਐ, ਕਿਤੇ ਹੋਰ ਨਵਾਂ ਚੰਦ ਨਾ ਚੜ੍ਹਾਅ ਦੇਣ। ਰਾਤ ਨੂੰ ਪੈਣ ਵੇਲੇ ਹਾਕਮ ਨੂੰ ਪੁੱਛਿਆ, “ਵੇ ਪੈਸਿਆਂ ਦਾ ਕਿਵੇਂ ਕੀਤੈ।“
ਕਹਿੰਦਾ, “ਬੈਂਕ ਕਰਜ਼ਾ ਦਿੰਦੀ ਐ। ਇਸੇ ਕਰਕੇ ਤਾਂ ਕੰਮ ਸਿੱਖਣ ਜਾਂਦੀ ਰਹੀ ਐ। ਉਹ ਸਰਟੀਫਿਕੇਟ ਦਿੰਦੇ ਨੇ। ਮੈਂ ਕਰਮ ਸੂੰ ਤੋਂ ਵੀ ਕਹਾਤਾ ਸੀ ਬੈਂਕ ਮੈਨੇਜਰ ਨੂੰ। ਬੈਂਕ ਨੇ ਲੋਨ ਮਨਜ਼ੂਰ ਕਰਤਾ।“
ਮੈਨੂੰ ਸੁਣ ਕੇ ਇਕਦਮ ਧੱਕਾ ਲੱਗਿਆ, ਕਹਿੰਦਾ, “ਨਹੀਂ ਤੂੰ ਫ਼ਿਕਰ ਨਾ ਕਰ, ਆਪੇ ਕਿਸ਼ਤ ਭਰਦੀ ਰਹੂ। ਤੈਨੂੰ ਪਤੈ ਇਹਦੇ ਕੰਮਾਂ ਦਾ, ਤੇਜ਼ ਐ।“
“ਵੇ ਬਹੁਤੀ ਤੇਜ਼ੀ ਵੀ ਬੰਦੇ ਦੇ ਪੈਰ ਉਖੇੜ ਦਿੰਦੀ ਐ।“
“ਕੁਛ ਨੀ ਹੁੰਦਾ’, ਕਹਿ ਕੇ ਚੁੱਪ ਕਰ ਗਿਆ।
ਅਗਲੇ ਦਿਨ ਬਾਹਰਲੀ ਬੈਠਕ ਮੂਹਰੇ ਫੱਟਾ ਜਾਹ ਲਮਕਾਤਾ।
ਜਸ਼ਨ ਦੱਸੇ, “ਖੁਸ਼ੀ ਬਿਊਟੀ ਪਾਰਲਰ ਖੋਲ੍ਹਿਐ, ਬੀਬੀ, ਮੇਰੀ ਮੰਮੀ ਨੇ।“
ਪਿੰਡ ਦੀਆਂ ਕੁੜੀਆਂ, ਬਹੂਆਂ ਦਾ ਤਾਂ ਦਿਨਾਂ `ਚ ਇਹਦੇ ਕੋਲ ਮੇਲਾ ਲੱਗਣ ਲੱਗ ਪਿਆ। ਪੜ੍ਹੀਆਂ-ਲਿਖੀਆਂ ਵੱਧ ਆਉਂਦੀਆਂ। ਮੇਰਾ ਮਨ ਅੰਦਰੋਂ ਦਹਿਲਿਆ ਕਰੇ। ਮੁਟਿਆਰਾਂ ਧੀਆਂ ਨੇ ਲੋਕਾਂ ਦੀਆਂ। ਕੋਈ ਕਸੂਤਾ ਪੰਗਾ ਬਿਜ ਗਿਆ, ਚੁਗਣਾ ਔਖਾ ਹੋਜੂ। ਰੋਜ਼ ਨਵੀਂਆਂ-ਨਵੀਆਂ ਚੀਜ਼ਾਂ ਲਿਆ ਕੇ ਵਿਖਾਉਂਦੀ, “ਬੀਬੀ ਵੇਖ ਕਿਮੇਂ ਲੱਗਦੀ ਐ।“
ਕਦੇ ਜਵਾਕ ਚੱਕ ਲਿਆਉਂਦੇ ਸ਼ੀਸ਼ੀਆਂ-ਡੱਬੀਆਂ ਜੀਆਂ, “ਬੀਬੀ ਆਹ ਵੇਖ, ਔਹ ਵੇਖ।“
ਮਖਿਆਂ, ‘ਵੇ ਮੈਨੂੰ ਇਨ੍ਹਾਂ ਦਾ ਕੀ ਭੇਤ ਐ?`
ਦੁਕਾਨ ਕਰੀ ਤੋਂ ਕੁਛ ਚਿਰ ਮਗਰੋਂ ਦਰਜੀਆਂ ਦੀ ਚੰਦੋ ਘਰੇ ਆਗੀ। ਬੈਠੀ ਰਹੀ ਗੱਲਾਂ ਕਰਦੀ। ਜਾਣ ਲੱਗੀ ਕਹਿੰਦੀ, “ਨੀਂ ਤੇਰੀ ਨੂੰਹ ਦਾ ਪਾਰਲਰ ਤਾਂ ਵਿਖਾ ਦੇ ਅੰਦਰੋਂ। ਬਾਹਰੋਂ ਤਾਂ ਕੁਛ ਦੀਂਹਦਾ ਨੀਂ।“
ਬਾਹਰਲੇ ਬਾਰ ਵੰਨੀ ਜਾਂਦੀਆਂ ਅਸੀਂ ਦੋਵੇਂ ਅੰਦਰ ਵੜਗੀਆਂ। ਚਾਰੇ ਪਾਸੇ ਸ਼ੀਸ਼ੇ। ਮੈਂ ਤਾਂ ਆਵਦਾ ਮੂੰਹ ਵੇਖ ਕੇ ਈ ਭਵੰਤਰਗੀ। ਕੀ ਦਾ ਕੀ ਬਣਿਆ ਪਿਐ। ਖੜ੍ਹੀ ਮੈ ਤਾਂ ਆਵਦੇ ਬੰਨ੍ਹੀ ਝਾਕੀ ਜਾਵਾਂ। ਆਵਦੀਓ ਸਿਆਣ ਨਾ ਆਵੇ। ਮੂੰਹ ਤੇ ਗਰਦਨ ਦਾ ਮਾਸ ਕਿਵੇਂ ਢਿਲਕਿਆ ਪਿਐ। ਕੀ ਦਾ ਕੀ ਬਣ ਗਿਆ ਦੇਹ ਦਾ। ਲੱਤਾਂ ਪੁਰਾਣੇ ਵਣ ਦੇ ਡ੍ਹਾਣਿਆਂ ਵਾਂਗੂੰ ਵਿੰਗੀਆਂ ਕਮਾਣ ਬਣੀਆਂ ਦਿਸਣ। ਐਡੇ ਵੱਡੇ ਸ਼ੀਸ਼ੇ ਮੂਹਰੇ ਮੈਂ ਤਾਂ ਕਦੇ ਖੜ੍ਹੀਓ ਨੀਂ ਸੀ। ਜਿਹਦੇ `ਚ ਸਿਰ ਤੋਂ ਲੈ ਕੇ ਪੈਰਾਂ ਤੱਕ ਸਰੀਰ ਦੀਂਹਦਾ ਹੋਵੇ। ਪਿੱਠ ਭਵਾਂ ਕੇ ਦੂਜੀ ਕੰਧ ਵੰਨੀਂ ਝਾਕਦੀ ਆਂ, ਸ਼ੀਸ਼ਿਆਂ ਆਲੀਆਂ ਅਲਮਾਰੀਆਂ `ਚ ਨਵੇਂ-ਨਵੇਂ ਡਜ਼ੈਨ ਦੇ ਕੁੜੀਆਂ ਆਲੇ ਕੱਪੜੇ ਟੰਗੇ ਪਏ, ਭਾਂਤ-ਭਾਂਤ ਦੇ ਰੰਗਾਂ ਦੀਆਂ ਅੰਗੀਆਂ, ਲੈਸ ਵਾਲੀਆਂ ਸਮੀਜ਼ਾਂ ਤੇ ਹੋਰ ਬਥੇਰਾ ਕੁਛ। ਇਕ ਪਾਸੇ ਗੱਦੇ ਆਲੀਆਂ ਉੱਚੀਆਂ-ਉੱਚੀਆਂ ਦੋ ਕੁਰਸੀਆਂ। ਕੋਲ ਨਿੱਕੀ ਜਿਹੀ ਟੂਟੀ, ਮੂਹਰੇ ਮੂੰਹ ਧੋਣ ਆਲਾ ਚਿੱਟਾ ਚੀਨੀ ਦਾ ਬੱਠਲ ਜਾਹ। ਵੇਖ ਕੇ ਚੰਦੋ ਕਹਿੰਦੀ, “ਆਹ ਕਾਹਦੇ ਵਾਸਤੇ ਐ।“
ਮਖਿਆਂ, “ਮੈਂ ਤਾਂ ਆਪ ਤੇਰੇ ਵਰਗੀ ਆਂ, ਭੈਣੇ। ਮੈਂ ਨੀਂ ਅੰਦਰ ਵੜਦੀ, ਇਹ ਆਵਦਾ ਆਪ ਵੇਖਣ ਸਮਝਣ।“ ਮੁੜਦੀ ਦੇ ਦਿਮਾਗ਼ `ਚ ਸਗੋਂ ਹੋਰ ਨਵਾਂ ਗੁਬਾਰ ਚੜ੍ਹ ਗਿਆ। ਮੈਨੂੰ ਤਾਂ ਇਨ੍ਹਾਂ ਗੱਲਾਂ ਤੋਂ ਡਰ ਬਹੁਤ ਲੱਗਦੈ। ਰਾਤ ਨੂੰ ਕਈ ਵਾਰੀ ਕਿੰਨੇ ਹੋਰੂੰ ਹੋਰੂੰ ਜੇ ਖਿਆਲ ਮਨ `ਚ ਭਾਰੂ ਹੋ ਜਾਂਦੇ ਨੇ। ਨੀਂਦ ਨਈਂ ਆਉਂਦੀ। ਨੀਂਦ ਆਉਣੀ ਤਾਂ ਕੀ, ਮੈਂ ਤਾਂ ਦਹਿਲ ਜਾਨੀ ਆਂ। ਡਰਦੀ ਇਨ੍ਹਾਂ ਤੋਂ ਵੀ ਕੁਛ ਨੀਂ ਪੁੱਛਦੀ। ਭੱਜ ਕੇ ਪੈਣਗੇ।
ਕਈ ਵਾਰੀ ਦਿਨ ਚੜ੍ਹਦੇ ਨਾਲ ਹੋਰ ਈ ਭਾਂਤ-ਭਾਂਤ ਦੀਆਂ ਚੜ੍ਹੀਆਂ ਜਿਹੀਆਂ ਅੱਖਾਂ ਵਾਲੀਆਂ ਆ ਖੜ੍ਹਦੀਆਂ ਨੇ, ਉਨ੍ਹਾਂ ਦੀਆਂ ਨਿੱਕੀਆਂ-ਨਿੱਕੀਆਂ ਝੱਗੀਆਂ ਤੇ ਘੁਟਵੀਆਂ ਜੀਆਂ ਲਿਓੜਾਂ ਵਰਗੀਆਂ ਮੋਟੀਆਂ ਪੈਂਟਾਂ, ਜਿਹਨੂੰ ਇਹ ਜੀਨਾਂ-ਜੀਨਾਂ ਕਰਦੀਆਂ ਰਹਿੰਦੀਆਂ ਨੇ, ਵੇਖ ਮੈਂ ਹੈਰਾਨ ਹੋਈ ਜਾਨੀ ਆਂ। ਇਹ ਬਹਿੰਦੀਆਂ ਉੱਠਦੀਆਂ ਕਿਵੇਂ ਨੇ। ਜੇ ਕਿਤੇ ਕਮਲ ਘਰ ਦੇ ਕੰਮ `ਚ ਏਧਰ-ਓਧਰ ਹੁੰਦੀ ਤਾਂ ਮੈਨੂੰ ਬਿਠਾਉਣੀਆਂ ਪੈਂਦੀਆਂ ਨੇ।
ਇਕ ਆਈ ਬਹੁਤ ਚਰਪਰੀ ਪਟੱਕ-ਪਟੱਕ ਗੱਲਾਂ ਕਰੇ। ਜੈ ਖਣੇ ਦੀ ਮੇਰੀਆਂ ਉਗਲੀਆਂ ਫੜ ਕੇ ਆਖੇ, “ਆਂਟੀ ਜੀ, ਵੇਖੋ ਮੇਰੇ ਪਰਡਕਟ ਦਾ ਕਮਾਲ।“
ਮਖਿਆਂ, “ਫੋਟ ਤੇਰੇ, ਲੱਗਦੀ ਆਂਟੀ ਦੀ।“
ਨਿੱਕੀ ਜਿਹੀ ਸ਼ੀਸ਼ੀ ਖੋਲ੍ਹ ਕੇ ਮੇਰੀਆਂ ਉਗਲੀਆਂ ਦੇ ਨਹੁੰਆਂ `ਤੇ ਲਾਉਣ ਲੱਗਪੀ। ਮੈਂ ਹੱਥ ਛੁਡਾਅ ਲਿਆ। ਫੇਰ ਵੀ ਆਹੀ ਜੀ ਹਰਾਬੜ ਵੇਖੀ, ਹੱਸਦੀ-ਹੱਸਦੀ ਮੇਰੇ ਗੂਠੇ `ਤੇ ਘਸਾਗੀ ਬਾਰਨਸ਼ ਦੇ ਮੁਸ਼ਕ ਆਲਾ ਪਿਆਜੀ ਜਾ ਰੰਗ। ਮੈਂ ਓਸੇ ਵੇਲੇ ਚੁੰਨੀ ਨਾਲ ਲਾਹਤਾ। ਐਨੇ ਨੂੰ ਕਮਲ ਆਗੀ। ਉਹ ਲੈਗੀ। ਤੁਰਦੀ ਦੇ ਉੱਚੇ-ਉੱਚੇ ਸੈਂਡਲ ਤੇ ਤੋਰ ਵੇਖ ਕੇ ਭੈਅ ਆਵੇ। ਕਮਲ ਨੇ ਮਗਰੋਂ ਆ ਕੇ ਦੱਸਿਆ, ‘ਇਹ ਕੰਪਨੀਆਂ ਆਲੀਆਂ ਨੇ। ਇਹ ਨੀਂ ਜਕਦੀਆਂ-ਜੁਕਦੀਆਂ। ਇਨ੍ਹਾਂ ਦਾ ਕੰਮ ਐ। ਬਥੇਰੇ ਪੈਸੇ ਕਮਾਉਂਦੀਆਂ ਨੇ ਇਹ।“
“ਮਖਿਆ, “ਆਹੋ ਸਾਰਾ ਮੁਲਖ਼ ਤਾਂ ਹੁਣ ਇਨ੍ਹਾਂ ਕੰਮਾਂ `ਤੇ ਹੋਇਆ ਪਿਐ। ਵਿਆਹੀ ਕੁਆਰੀ ਦਾ ਫ਼ਰਕ ਈ ਪਤਾ ਨੀਂ ਲੱਗਦਾ। ਸਭ ਦੇ ਮੂੰਹ ਸਿਰ ਰੰਗੇ ਹੋਏ ਨੇ। ਇਨ੍ਹਾਂ `ਚ ਰਹਿੰਦੀ, ਉੱਠਦੀ ਬਹਿੰਦੀ, ਕਮਲ ਵੀ ਓਨ੍ਹਾਂ ਵਰਗੇ ਉੱਚੇ ਨੀਵੇਂ ਜੇ ਕੱਪੜੇ ਪਾਉਣ ਲੱਗਪੀ। ਆਥਣੇ ਵਿਹਲੀ ਹੋ ਕੇ ਕਮੀਜ਼ ਸਲਵਾਰ ਦੀ ਥਾਂ ਨਿੱਕੀ ਜਿਹੀ ਬਨੈਣ ਵਰਗੀ ਝੱਗੀ ਤੇ ਲਿਲਕ-ਲਿਲਕ ਕਰਦਾ ਪੈਂਟ ਪਜਾਮਾ ਜਿਹਾ ਪਾ ਕੇ, ਆ ਬਹਿੰਦੀ।“
ਰੋਟੀ ਫੜਾਉਣ ਆਈ ਬੋਲਦੀ, “ਐਨੀ ਗਰਮੀ `ਚ ਭਾਰੀ ਕੱਪੜੇ ਪਾ ਕੇ ਰਸੋਈ `ਚ ਕਿੱਥੇ ਕੰਮ ਹੁੰਦੈ।“
ਮਖਿਆਂ, “ਭਾਈ ਜਿਵੇਂ ਸੂਤ ਆਉਂਦੈਂ ਕਰੀ ਚੱਲੋ।“
ਸੂਤ ਆਉਣ ਆਲੀ ਗੱਲ ਤੋਂ ਚੇਤੇ ਆਉਂਦੈ, ਓਸ ਦਿਨ ਮੇਰਾ ਚਿੱਤ ਬਹੁਤ ਖਰਾਬ ਹੋਇਆ। ਜਿਹੜੀਆਂ ਗੱਲਾਂ ਤੋਂ ਡਰਦੀ ਸੀ! ਦੋਵੇਂ ਜਵਾਕ ਸਕੂਲੋਂ ਆ ਕੇ ਮਾਂ ਕੋਲ ਅੰਦਰ ਵੜੇ ਬੈਠੇ ਵੇਖਦੇ ਰਹਿੰਦੇ। ਜਸ਼ਨ ਤੇ ਪਲਕ ਜਦੋਂ ਸਬਾਤ `ਚ ਆਏ ਮੇਰੇ ਤਾਂ ਸਿਆਣ `ਚ ਈ ਨਾ ਆਉਣ। ਜਸ਼ਨ ਦੇ ਸਿਰ `ਤੇ ਕੱਦੂ ਵਰਗਾ ਜੂੜਾ ਹੈਨੀ ਸੀ, ਗਿੱਚੀ ਐ ਕੱਢੀ ਪਈ ਮੁੱਚਰ ਵਰਗੀ। ਸਿਰ `ਤੇ ਨਿੱਕੀਆਂ-ਨਿੱਕੀਆਂ ਬੂਦਰੀਆਂ `ਤਹਾਂ ਨੂੰ ਐ ਖੜ੍ਹੀਆਂ ਜਿਵੇਂ ਮੀਂਹ ਮੰਗਣ ਵਾਲਾ ਬੋਦਾ ਖੜ੍ਹਾ ਹੁੰਦੈ। ਇਹੀ ਹਾਲ ਪਲਕ ਦਾ ਲਿਸ਼-ਲਿਸ਼ ਕਰਦੇ ਪੂਰੀ ਢੂਹੀ ਤੱਕ ਆਉਂਦੇ ਦੀ ਥਾਂ ਲੰਡੇ ਕੀਤੇ ਵਾਲਾਂ ਦੀ ਛੱਤਰੀ ਜੀ ਬਣਾਈ ਪਈ, “ਮਖਿਆ ਇਹ ਕੀ ਵੇ?“ ਓਸੇ ਵੇਲੇ ਸਾਹ ਨਿਕਲਣ ਆਲਿਆਂ ਵਾਂਗੂੰ ਚੀਕ ਮਾਰ ਕੇ ਕਮਲ ਨੂੰ ਬੋਲ ਮਾਰਿਆ, ਤਾਂ ਕਹਿੰਦੀ, “ਮੰਮੀ ਅੱਜ-ਕੱਲ੍ਹ ਤਾਂ ਜਵਾਕ ਵੇਖੋ-ਵੇਖ ਐਈਂ ਕਰਦੇ ਨੇ, ਕਿੰਨੇ ਦਿਨਾਂ ਦੇ ਤੰਗ ਕਰਦੇ ਸੀ। ਮੈਂ ਕਾਜਲ ਨੂੰ ਕਿਹਾ ਮੁਕਾਅ ਕੰਮ। ਇਨ੍ਹਾਂ ਨੇ ਨੀ ਹਟਣਾ।“
ਮਖਿਆ, “ਨੀਂ ਆਪਣੇ ਤਾਂ ਵੱਡ-ਵਡੇਰਿਆਂ ਦੀ ਨਿਸ਼ਾਨੀ ਨੇ ਕੇਸ।” ਕੁਛ ਕਹੇ ਬਿਨਾਂ ਫੇਰ ਦੁਕਾਨ `ਚ ਜਾ ਵੜੀ।
ਮਨ ਔਖਾ ਰਿਹਾ ਕਈ ਦਿਨ।
ਪਰ ਕੀ ਪਤਾ ਸੀ ਜਵਾਕ ਦੀ ਅੜੀ ਤਾਂ ਸੁਣਦੇ ਆਏ ਆਂ। ਜਦੋਂ ਵੱਡੇ ਵੀ ਅੜ੍ਹੀਆਂ ਕਰਨ, ਫੇਰ ਕੀ ਕਰੀਏ। ਇਹਨੂੰ ਚੰਦਰੀ ਨੂੰ ਐਂ ਨੀਂ, ਵੀ ਮੇਰੀ ਮਾਂ, ਮੇਰੇ ਮੂਹਰੇ ਬਿਰੜੇ ਪਾਈ ਜਾਂਦੀ ਐ, ਮੈਂ ਕੁਛ ਤਾਂ ਸੋਚਾਂ।
ਨਹੀਂ, ਕਿਸੇ ਗੱਲ `ਤੇ ਆਈ। ਇਸੇ ਗੱਲ ਦਾ ਡਰ ਐ।
ਇਹਦੇ ਕੋਲ ਪਿੰਡ ਤੇ ਨਾਲ ਲੱਗਦੇ ਪਿੰਡਾਂ ਦੀਆਂ ਕੁੜੀਆਂ ਕੰਮ ਸਿੱਖਣ ਆ ਜਾਂਦੀਆਂ ਨੇ। ਆਹ ਬਾਹਰਲੇ ਬਾਰ ਮੂਹਰੇ ਕਾਲੇ ਸ਼ੀਸ਼ੇ ਲਵਾਏ ਨੇ, ਇਨ੍ਹਾਂ `ਚੋਂ ਅੰਦਰੋਂ ਤਾਂ ਪੂਰਾ ਦੀਂਹਦੈ ਬਾਹਰੋਂ ਕੁਛ ਪਤਾ ਨੀਂ ਲੱਗਦਾ। ਪਰ੍ਹੇ ਡੇਰੇ ਵੰਨੀਓਂ ਘਰਾਂਚੋਂ ਆਲੇ ਮਿਸਤਰੀਆਂ ਦੀ ਕੁੜੀ ਕੰਮ ਸਿੱਖਣ ਆਉਂਦੀ, ਪਿੰਡ ਦੇ ਕੁਛ ਲੰਡਰ ਜੇ ਉਹਦੇ ਮਗਰ-ਮਗਰ ਆਇਆ ਕਰਨ। ਗੰਦ ਬਕਿਆ ਕਰਨ। ਇਕ-ਦੋ ਵਾਰੀ ਵੱਡਾ ਗੇਟ ਖੁੱਲ੍ਹਾ ਹੁੰਦਾ, ਮੈਂ ਵੀ ਵੇਖੇ, ਕੁੜੀ ਨੇ ਕਮਲ ਨੂੰ ਦੱਸਿਆ। ਉਹਨੇ ਹਾਕਮ ਨਾਲ ਗੱਲ ਕੀਤੀ ਤਾਂ ਹਾਕਮ ਕਹਿੰਦਾ, “ਚੌਕੀ `ਚ ਰਪਟ ਲਿਖਾਉਂਨੇ ਆਂ।“
ਲੈ ਕਿਹੜੀ ਚੌਕੀ, ਇਹ ਕਿੱਥੇ ਮੰਨਣ ਆਲੀ ਸੀ। ਚੌਕ `ਚ ਜਾ ਖੜ੍ਹੀ। ਸਿੱਧੀਆਂ ਸੁਣਾਈਆਂ। ਮੁੜ ਕੇ ਨੀ ਛਿਪੇ ਇਧਰ ਕਦੇ। ਐਨੀ ਨਿਡਰ ਐ। ਮੇਰੇ ਤਾਂ ਓਦੇਂ ਦਾ ਹਰ ਵੇਲੇ ਡਰ ਬਣਿਆ ਰਹਿੰਦੈ। ਹੁਣ ਇਹ ਸਾਰੀਆਂ ਗੱਲਾਂ ਮੇਰੇ ਸਹਿਮ ਦਾ ਸਬੱਬ ਬਣੀ ਜਾਂਦੀਆਂ ਨੇ।
ਇਹਨੇ ਕੋਈ ਗੱਲ ਈ ਨੀਂ ਗੌਲੀ। ਸਰਸਰੀ ਮੇਰੇ ਸਿਰਹਾਣੇ ਖੜ੍ਹ ਕੇ ਕਹਿ ਗਈ, “ਮੈਂ ਜਾਊਂਗੀ।“ ਇਹ ਦੋ ਲਫ਼ਜ਼ ਚੇਤੇ ਆਉਂਦੇ ਐ, ਮੇਰਾ ਅੰਦਰਲਾ ਬਾਹਰ ਨੂੰ ਆ ਰਿਹੈ। ਇਹਨੇ ਕੋਈ ਨੀਂ ਸੁਣੀ, ਆਵਦਾ ਰਾਗ ਅਲਾਪਦੀ ਤੁਰਗੀ।
ਬਾਹਰਲਾ ਬਾਰ ਖੜਕਦੈ। ਨਿਗਾਹ `ਤੇ ਦਿਮਾਗ `ਤੇ ਪੂਰਾ ਜ਼ੋਰ ਦੇ ਕੇ ਬਾਹਰ ਵੰਨ੍ਹੀਂ ਝਾਕਦੀ ਆਂ। ਗੋਰੀ ਨਿਸ਼ੋਹ ਭਰਵੇਂ ਸਰੀਰ ਵਾਲੀ ਹੱਥ `ਚ ਵੱਡਾ ਸਾਰਾ `ਟੈਚੀ ਲਈ ਅੰਦਰ ਨੂੰ ਆਉਂਦੀ ਐ।
“ਮੈਮ ਅੱਜ ਪਾਰਲਰ `ਤੇ ਹੈਨੀ। ਸੋਚਿਆ ਅੰਦਰੋਂ ਪਤਾ ਕਰਲਾਂ।“
ਕਹਿ ਉਹ ਮੇਰੇ ਕੋਲ ਪਈ ਪਲਾਸਟਿਕ ਦੀ ਕੁੁੁਰਸੀ `ਤੇ ਬਹਿ ਜਾਂਦੀ ਐ।
ਉਸਦਾ ਖੁੱਲ੍ਹਾ ਜਾ ਪਜਾਮਾ `ਤੇ ਗੋਡਿਆਂ ਤੋਂ ਨੀਵਾਂ ਸਾਧਾਂ ਵਰਗਾ ਖੁੱਲ੍ਹਾ ਕੁੜਤਾ ਵੇਖ ਕੇ ਧਕ-ਧਕ ਵਜਦੈ ਕਾਲਜਾ। ਐਹਾ ਜਾਹ ਹੀ ਪਾ ਕੇ ਅੱਜ ਉਹ ਨਿਕਲੀ ਐ ਘਰੋਂ। ਮੇਰੇ ਮੂਹਰੇ ਬੈਠੀ ਇਹ ਦਿੱਲੀ ਕਰਨਾਲ ਆਲੀ ਸਾਧਣੀ ਵਰਗੀ ਲੱਗਦੀ ਐ। ਜਿਹੜੀ ਤੜਕੇ-ਤੜਕੇ ਈ ਟੈਲੀਵੀਜ਼ਨ `ਤੇ ਕਥਾ ਜੀ ਕਰਦੀ ਹੁੰਦੀ ਹੈ। ਉਹਦੀਆਂ ਅੱਖਾਂ ਦੇ ਭਰਵੱਟੇ ਦਸੂਤੀ ਦੇ ਧਾਗੇ ਜਿੰਨੀਆਂ ਬਰੀਕ ਬਰੀਕ ਲਖੀਰਾਂ ਵਾਂਗੂੰ ਹੁੰਦੇ ਨੇ।
ਇਹਨੇ ਵੀ ਬੈਠਦੀ ਨੇ ਆਵਦਾ ਰਾਗ ਅਲਾਪਣਾ ਸ਼ੁਰੂ ਕਰ ਦਿੱਤੈ।
“ਮਾਤਾ ਜੀ ਇਹ ਸੋਹਣਾ ਬਣਨਾ ਤਾਂ ਹੈ ਹੀ। ਸਰੀਰ ਦੀ ਸਾਂਭ-ਸੰਭਾਲ ਤੇ ਸਫ਼ਾਈ ਵੀ ਐ। ਜੇ ਆਪਾਂ ਹੱਥਾਂ ਪੈਰਾਂ ਦੇ ਨੌਹਾਂ ਦੀ ਸਫ਼ਾਈ ਨਾ ਕਰੀਏ, ਤਾਂ ਹੇਠਾਂ ਮੈਲ ਜੰਮ ਜਾਂਦੀ ਐ। ਓਦੂੰ ਮਗਰੋਂ ਇਹ ਉੱਲੀ ਬਣ ਜਾਂਦੀ ਐ।“
“ਨੀਂ ਇਹ ਤਾਂ ਹੁਣੇ ਈ ਆਈ ਐ। ਸਾਡੇ ਪਿੰਡ `ਚ ਤਾਂ, ਕਮਲ ਦੀ ਦੁਕਾਨ ਖੁੱਲ੍ਹਣ ਮਗਰੋਂ, ਜਦੋਂ ਦੀਆਂ ਤੁਸੀਂ ਆਉਣ ਲੱਗੀਓਂ। ਸਾਡੇ ਵੇਲੇ ਤਾਂ ਕੋਈ ਉੱਲੀ ਅੱਲੀ ਨੀਂ ਹੁੰਦੀ ਸੀ। ਇਹ ਸਾਰੇ-ਕਾਸੇ ਤੋਂ ਪਹਿਲਾਂ ਵੀ ਲੋਕ ਸੋਹਣੇ ਬਣਦੇ ਸੀ। ਹਾਰ ਸ਼ਿੰਗਾਰ ਕਰਦੇ ਸੀ। ਹੁਣ ਭਾਈ ਪੈਸੇ ਦੀ ਖੇਡ ਹੋਗੀ। ਸਾਡੇ ਨਾਲ ਈ, ਜੋਗਾ-ਰੱਲਾ ਪਿੰਡ ਨੇ, ਲੋਕ ਦੱਸਦੇ ਐ ਵੀ ਇੱਥੇ ਪਰੀਆਂ ਆਈਆਂ ਸੀ। ਪਰੀਆਂ ਦੀ ਔਲਾਦ ਐ, ਓਥੋਂ ਦੇ ਲੋਕ। ਸਾਰੇ ਮੁੰਡੇ ਕੁੜੀਆਂ ਇਕ ਤੋਂ ਇਕ ਛੈਲ ਜੁਆਨ ਨਿਖ਼ਰਦੇ ਨੇ।”
“ਤੂੰ ਕਿਧਰ ਦੀ ਐ?“
“ਮਾਤਾ ਜੀ, ਮੈਂ ਤਾਂ ਮੋਗੇ ਕੋਲ ਦੀ ਆਂ।“
“ਲੈ ਦੌਧਰ ਆਲੀ ਧੰਨ ਕੁਰ ਜੀਹਦੀ ਬੋਲੀ ਪੈਂਦੀ ਐ ਸਾਰੇ ਥੋਡੇ ਮੋਗੇ ਕੋਲ ਦੀ ਓ ਸੀ। ਉਹਦੇ ਸੁਹੱਪਣ ਤੇ ਮੜ੍ਹਕ ਕਰਕੇ ਦੌਧਰ ਪਿੰਡ ਮਸ਼ਹੂਰ ਹੋਇਐ।“
ਉਹ ਮੋਟੀਆਂ ਮੋਟੀਆਂ ਬਲੌਰੀ ਅੱਖਾਂ ਮਟਕਾਉਂਦੀ ਬੋਲਦੀ ਐ,“ਬੀਬੀ ਜੀ ਮੈਂ ਇਨ੍ਹਾਂ ਗੱਲਾਂ ਬੰਨੀਂ ਕਦੇ ਧਿਆਨ ਨੀਂ ਦਿੱਤਾ।“
“ਇਸੇ ਸੁਹੱਪਣ ਦੇ ਪੁਆੜੇ ਕਰਕੇ ਸ਼ਹਿਰ ਸਾਰਾ ਪਿੰਡਾਂ ਬੰਨੀਂ ਤੁਰਿਆ ਆਉਂਦੈ ਲੁੱਟਣ ਨੂੰ। ਨਿੱਤ ਨਵੀਆਂ ਖੇਡਾਂ ਖੇਡਦੇ ਨੇ ਵਪਾਰੀ।“
“ਨਹੀਂ ਮਾਤਾ ਜੀ, ਅਸੀਂ ਤਾਂ ਮਿਹਨਤ ਕਰਦੀਆਂ।“
“ਨੀਂ ਥੋਡੀ ਗੱਲ ਨੀਂ, ਹੋਰ ਬਥੇਰੇ ਢੰਗ ਕਰਦੇ ਨੇ ਇੱਥੇ ਆ ਕੇ।“ ਇਹਦੇ ਨਾਲ ਇਹ ਗੱਲਾਂ ਮੈਂ ਅੰਦਰੋਂ ਉੱਖੜੇ ਮਨ ਨੂੰ ਉਡੋਕਣ ਦੇਣ ਲਈ ਮਾਰੀ ਜਾਨੀ ਆਂ। ਮਨ ਤਾਂ ਕਿਤੇ ਹੋਰ ਫਿਰਦੈ ਔਟਲਿਆ।
ਕੁੜੀ ਵੀ ਉੱਠਣ ਨੂੰ ਅਹੁਲਦੀ ਐ। ਤੁਰਨ ਲੱਗੀ ਨੂੰ ਐਨਾ ਈ ਆਖਦੀ ਆਂ, “ਬਾਰ ਭੇੜ ਜੀਂ, ਬੀਬਾ।” ਉਸਦੇ ਜਾਣ ਦੇ ਨਾਲ ਈ ਮਨ ਦੀਆਂ ਘੰਟੀਆਂ ਫੇਰ ਭੂਚਾਲ ਪਾਉਣ ਲੱਗਪੀਆਂ ਨੇ। ਆਹ ਜਿਹੜੀ ਉੱਠ ਕੇ ਗਈ ਐ, ਇਹਦਾ ਮੂੰਹ ਮੁਹਾਂਦਰਾ ਵੇਖ, ਤੇ ਗੱਲਾਂ ਸੁਣ ਕੇ ਮਨ ਟਿਕਣ ਦੀ ਬਜਾਏ ਸਗੋਂ ਹੋਰ ਉਖੜ ਗਿਐ। ਸਾਂਭ-ਸੰਭਾਲ ਤੇ ਸਰੀਰ ਦੀ ਸੇਵਾ ਦੀਆਂ ਗੱਲਾਂ ਸੁਣ ਕੇ ਬਿਰਤੀ ਬਹੁਤ ਪਿਛਾਂਹ ਤੁਰ ਜਾਂਦੀ ਐ। ਆਵਦੀ ਹੋਈ ਬੀਤੀ ਮੂਹਰੇ ਆ ਖੜ੍ਹਦੀ ਐ। ਲੋਕਾਂ ਦੀਆਂ ਨੂੰਹਾਂ, ਧੀਆਂ ਦੇ ਜਾਪੇ ਤਾਂ ਮੈਂ ਪਹਿਲਾਂ ਹੀ ਕਰਵਾਉਂਦੀ ਸੀ। ਹਾਕਮ ਹੋਰਾਂ ਦਾ ਪਿਓ ਤੁਰ ਗਿਆ। ਮੈਂ ਮਨ `ਚ ਧਾਰਲੀ ਹੁਣ ਇਹ ਜਿੰਦੜੀ ਲੋਕਾਂ ਦੇ ਲੇਖੇ ਈ ਲਾਉਣੀ ਐ। ਨਾ ਦਿਨ ਵੇਖਦੀ, ਨਾ ਰਾਤ, ਜਦੋਂ ਕੋਈ ਆ ਜਾਂਦਾ ਓਹਦੇ ਨਾਲ ਈ ਤੁਰ ਪੈਂਦੀ। ਸਾਰੇ ਪਿੰਡ `ਚ ਮੇਰੀ ਇਹ ਪੂਰੀ ਮਾਨਤਾ ਸੀ, ਲੋਕ ਗੱਲਾਂ ਕਰਦੇ ਜਿਹੜੇ ਕੇਸ ਨੂੰ ਹੱਥ ਪਾਉਂਦੀ ਐ, ਕੁਦਰਤ ਦੀ ਮਿਹਰ ਹੁੰਦੀ ਐ। ਜਿਹਦੇ ਵੀ ਘਰੇ ਗਈ ਐ, ਚੰਗੀ ਚੀਜ਼ ਦੇ ਬੂਟੇ ਲਾਏ ਨੇ। ਕੀ ਪਤਾ ਹੁੰਦੈ ਵਕਤ ਦਾ।
ਉਹ ਦਿਨ ਕਿੱਥੇ ਭੁਲਦੈ, ਆਲਮ ਕੇ ਕੋਠਿਆਂ `ਚੋਂ ਭੈਣੀ ਆਲਿਆਂ ਦਾ ਕੈਲਾ ਤੇ ਓਹਦੀ ਤੀਮੀਂ ਮੇਲੋ ਆਗੇ, ਟਰੈਕਟਰ ਲੈ ਕੇ, ਦਿਨ ਛਿਪੇ ਤੋਂ ਮਗਰੋਂ।
ਦਬਾ-ਦਬ ਟਰੈਕਟਰ ਤੋਂ ਉਤਰ ਕੇ ਮੇਲੋ ਕਹਿੰਦੀ, “ਭਾਨੋ ਭੈਣੇ ਸਾਰੇ ਪਿੰਡ ਨੂੰ ਪਤੈ ਤੇਰੇ ਹੱਥ ਜਸ ਐ। ਮੇਰੀ ਨਣਦ ਆਈ ਹੋਈ ਐ ਜਾਪੇ ਵਾਸਤੇ। ਸਾਨੂੰ ਭੁਲੇਖਾ ਰਹਿ ਗਿਆ ਉਸਦੇ ਤਾਂ ਇੱਕ ਦਮ ਦਰਦਾਂ ਉਠ ਖੜੀਆਂ। ਤੂੰ ਚੱਲ ਹੁਣੇ ਸਾਡੇ ਨਾਲ। ਕੁੜੀ ਦਾ ਦੂਜਾ ਜਾਪੈ, ਪਹਿਲਾਂ ਗੋਦੀ ਕੁੜੀ ਐ। ਤੇਰੇ ਹੱਥੋਂ ਭਲਾ ਹੁੰਦੈ। ਤੇਰਾ ਮਾਨਤਾਨ ਪੂਰਾ ਕਰਾਂਗੇ। ਚੱਲ ਜ਼ਰੂਰ।”
“ਹਾਂ ਭਾਈ ਭਾਨੋਂ, ਅਸੀਂ ਵੱਡੀ ਆਸ ਰੱਖ ਕੇ ਆਏ ਆਂ ਤੇਰੇ ਕੋਲ।“ ਮਗਰੇ ਕੈਲਾ ਬੋਲਦੈ।
ਬਿਨਾਂ ਹੀਲ ਹੁੱਜਤ ਤੋਂ ਮੈਂ ਉਸੇ ਵਕਤ ਤੁਰਪੀ। ਕੁੜੀ ਦਰਦਾਂ ਨਾਲ ਕਰਾਹੀ ਜਾਵੇ। ਸਾਰਾ ਟੱਬਰ ਫ਼ਿਕਰ `ਚ ਡੁੱਬਿਆ ਪਿਆ। ਜਮਾਈ ਆਇਆ ਬੈਠਾ, ਪਰ੍ਹੇ ਟਾਹਲੀ ਹੇਠ ਬਲਬ ਦੇ ਚਾਨਣੇ। ਮੈਂ ਸਿੱਧੀ ਸਬ੍ਹਾਤ `ਚ ਵੜਗੀ।
“ਲੈ ਸਰਦਾਰਾ ਲਿਆਂਦੀ ਵਿਹੁ ਮਾਤਾ। ਮੁੰਡਾ ਹੋਊ।“ ਕੈਲੇ ਦੇ ਬੋਲ ਮੇਰੇ ਕੰਨੀਂ ਪਏ।
ਅੱਧੀ ਰਾਤ ਤਾਈਂ ਘੋਲ ਕਰਦੀ ਨੇ ਬੱਚਾ ਜਮਾਅਤਾ, ਨਾੜੂਆ ਕੱਟ ਕੇ, ਪੁੱਠਾ ਲਮਕਾਤਾ। ਬੱਚੇ ਦੀ ਕਿਲਕਾਰੀ ਸੁਣ ਕੇ ਦੋਵੇਂ ਸਾਲਾ ਭਣੋਈਆ ਸਬਾਤ ਦੇ ਬਾਰ ਮੂਹਰੇ ਆ ਖੜ੍ਹੇ।
ਵਿਰਲਾਂ ਵਿਚ ਦੀ ਕੈਲਾ ਪੁੱਛਦੈ, “ਭਾਨੋ ਕੀ ਬੱਚੈ?“
“ਮਖਿਆਂ ਰੱਬ ਦੀ ਮਰਜ਼ੀ ਐ ਭਾਈ, ਉਸਦੀ ਰਜ਼ਾਅ ਤੋਂ ਬਾਹਰ ਆਪਾਂ ਨੀਂ ਹੋ ਸਕਦੇ। ਧੀ ਆਗੀ।“
ਮੇਰੀ ਗੱਲ ਸੁਣ ਕੇ ਤਖ਼ਤੇ ਐ ਖੜਕੇ ਜਿਵੇਂ ਟੱਕਰ ਮਾਰੀ ਹੋਵੇ ਕਿਸੇ ਨੇ।
ਕੁਛ ਚਿਰ ਮਗਰੋਂ ਮੈਂ ਬਾਹਰ ਆ ਕੇ ਕਿਹਾ, “ਲੈ ਮੈਨੂੰ ਛੱਡ ਆਓ।“
ਕੈਲੇ ਨੇ ਟਰੈਕਟਰ ਸਟਾਰਟ ਕਰ ਲਿਆ, ਭਣੋਈਆ ਵੀ ਨਾਲ ਬਹਿ ਗਿਆ। ਦੋਵੇਂ ਧੁੱਤ ਹੋਏ ਪਏ। ਮਨ `ਚ ਆਈ, ਖੈਰ ਰਹੇ। ਟਰੈਕਟਰ ਦਾ ਘਗਾਟ ਪਵਾਈਂ ਜਾਵੇ। ਧੂੰਏਂ ਆਲੇ ਸਲੈਂਸਰ `ਚੋਂ ਚਿੰਗਾੜੇ ਨਿਕਲਣ। ਟਰੈਕਟਰ ਪਿੰਡ ਵੰਨੀ ਲਿਜਾਣ ਦੀ ਥਾਂ ਪਰ੍ਹੇ ਮੋਟਰ ਵੰਨੀ ਮੋੜ ਲਿਆ। ਮੇਰਾ ਕਾਲਜਾ ਧੱਕ ਧੱਕ ਕਰੇ। ਇਨ੍ਹਾਂ ਦਾ ਬੇੜਾ ਬਹਿਜੇ ਦੋਵੇਂ ਮੈਨੂੰ ਕੋਠੇ ਅੰਦਰ ਘੜੀਸਕੇ ਲੈਗੇ।
“ਲੋਕਾਂ ਦੇ ਘਰ ਭਰਤੇ ਮੁੰਡਿਆਂ ਨਾਲ ਸਾਡੇ ਕੁੜੀਆਂ ਜੰਮਾਉਂਦੀ ਐ, ਸਾਲੀਏ।“
ਦੋਵੇਂ ਜਮਦੂਤ ਫ਼ੁੰਕਾਰੇ ਮਾਰਨ। ਮੇਰੀ ਇਕ ਨਾ ਸੁਣੀ। ਕਿੰਨੇ ਚਿਰ ਮਗਰੋਂ ਟੁੱਟਦੇ ਸਾਹ ਲੈ, ਡਿਗਦੀ ਪੈਂਦੀ ਮੈਂ ਬਾਹਰ ਆਗੀ। ਬੇਸੁਰਤ ਹੋਈ ਨੂੰ ਪਤਾ ਨੀਂ ਕੌਣ ਘਰੇ ਛੱਡ ਗਿਆ?
ਸਾਰੀ ਰਾਤ ਵਿਲਕਦੀ ਰਹੀ। ਕੀਹਨੂੰ ਦੱਸਾਂ? ਕੀਹਦੇ ਕੋਲ ਰੋਵਾਂ! ਮਾਸੂਮ ਦੋਵੇਂ ਛੋਟੇ।
ਉੱਠਣਾ ਤਾਂ ਕੀ, ਕੋਲ ਪਈ ਗੜਵੀ `ਚੋਂ ਪਾਣੀ ਦੀ ਘੁੱਟ ਲੈਣਾ ਮੁਹਾਲ ਹੋਇਆ ਪਿਐ।
ਮਖਿਆਂ ਮੇਰੇ ਅਬਲਾ `ਤੇ ਜ਼ੁਲਮ ਕੀਤੈ, ਪਾਪੀਓ ਰੱਬ ਮਾਰੂ ਥੋਨੂੰ। ਇੱਥੇ ਈ ਭੁਗਤੋਂਗੇ। ਦੁਨੀਆਂ ਵੇਖੂਗ਼ੀ।
ਰੱਬ ਤਾਂ ਫਿਰ ਦਿਖਾਉਂਦੈ ਆਵਦੇ ਰੰਗ। ਉਹ ਮਾਖੇ ਆਲਾ ਝੋਟਾ ਜਾਹ, ਜਿਹੜਾ `ਜਾਦੇ ਹੰਕਾਰਿਆ ਸੀ ਲੋਈ ਦੀਆਂ ਬੁੱਕਲਾਂ ਆਲਿਆਂ ਦੇ ਚੜ੍ਹ ਗਿਆ `ਡਿੱਕੇ, ਦਾਰੂ ਦਾ ਡੱਕਿਆ ਉਨ੍ਹਾਂ ਮੂਹਰੇ ਓਰਲ-ਓਰਲ ਜਾ ਕਰੇ। ਉਨ੍ਹਾਂ ਨੇ ਚਾੜ੍ਹਤਾ ਗੱਡੀ। ਓਸ ਨ੍ਹੇਰੀ `ਚ ਕੌਣ ਪੁੱਛਦਾ ਸੀ। ਇੱਥੋਂ ਆਲਾ ਸਾਰਾ ਟੱਬਰ ਲੁਕਦਾ ਫਿਰੇ। ਪਿੰਡ `ਚੋਂ ਕੋਈ ਮਕਾਣ ਵੀ ਨੀਂ ਗਿਆ। ਉਹ ਕੈਲਾ ਕੀੜੇ ਪੈਣਾ ਜਾਂਦਾ ਸੀ ਆਵਦੀ ਭੈਣ ਦੀ ਜ਼ਮੀਨ ਜ਼ਮੂਨ ਵਾਹੁਣ ਟਰੈਕਟਰ ਲੈ ਕੇ। ਰਾਤ ਨੂੰ ਜਾਂਦਾ ਸਣੇ ਟਰੈਕਟਰ ਭਾਖੜਾ `ਚ ਜਾ ਡਿੱਗਿਆ। ਤੀਜੇ ਦਿਨ ਕੁਸਲੇ ਆਲੇ ਹੈੱਡਾਂ ਤੋਂ ਲਾਸ਼ ਥਿਆਈ ਸੀ। ਡੇਰੇ ਆਲੇ ਸਿਵਿਆਂ `ਚੋਂ ਲਟ-ਲਟ ਮਚਦੀਆਂ ਲਾਟਾਂ ਨੇ ਮੇਰੇ ਅੰਦਰ ਬਲਦੀ ਅੱਗ ਦੇ ਭਾਂਬੜ ਨੂੰ ਕੁਝ ਮੱਠਾ ਕੀਤਾ। ਅੰਗਿਆਰੇ ਤਾਂ ਹਾਲੇ ਵੀ ਉਵੇਂ ਬਲਦੇ ਐ। ਇਹ ਸਰੀਰ ਦੇ ਨਾਲ ਈ ਜਾਣਗੇ।
ਰੁੜ੍ਹ ਜਾਣੇ ਮਲੰਗ ਸੀ ਸਾਰੇ। ਖੇਤ ਕੱਚੇ-ਕੋਠਿਆਂ `ਚ ਬੈਠੇ ਸੀ। ਹੁਣ ਆਹ ਪਿਛਲਿਆਂ ਵੇਲੇ ਕੁਛ ਜ਼ਮੀਨ ਬਿਜਲੀ ਆਲੇ ਕਾਰਖਾਨੇ `ਚ ਆਗੀ। ਪੈਸੇ ਮਿਲਗੇ। ਔਲਾਦ ਨੇ ਉਹਦੀਆਂ ਕੋਠੀਆਂ ਪਾ ਲਈਆਂ। ਜ਼ਮੀਨ ਕਿਹੜੀ ਸੀ ਉਹ ਮਾਰਕੇ ਮੈਰ੍ਹੇ ਦੀ। ਮੂਸੀਆਂ ਕਿਰਲੀਆਂ ਦੀ ਖਾਧ, ਟਿੱਬੇ, ਕੱਕਾ ਰੇਤਾ। ਕਹਾਉਂਦੇ ਤਾਂ ਮਾਰਕੇ ਫੱਨੇ ਖਾਂ ਨੇ ਆਵਦੇ ਆਪਨੂੰ। ਬੈਂਕ ਦਾ ਕਰਜ਼ਾ ਸਿਰ ਐ।
ਏਨ੍ਹਾਂ ਅੰਨੀਆਂ ਬੋਲੀਆਂ ਹਨੇਰੀਆਂ ਦੀ ਭੰਨੀ ਪਈ ਆਂ ਪਰ ਇਹਨੂੰ ਕੋਈ ਖਿਆਲ ਈ ਨੀਂ। ਭੱਲੜੀ ਨੇ ਆਹ ਜਿਹੜੀ ਨਵੀਂ ਜਿ਼ੱਦ ਫੜੀ ਐ ਇਹਨੇ ਮੇਰੇ ਅੰਦਰਲਾ ਨਸੂਰ ਫੇਰ ਉਚੇੜ ਦਿੱਤੇ। ਰਿਸਦਾ ਰਹੂ ਸਾਰੀ ਉਮਰ। ਚੰਦਰੀ ਕੁਸ਼ ਤਾਂ ਅਸਰ ਕਰਦੀ। ਮੇਰੇ ਕਹੇ ਦਾ।
ਬਾਹਰਲਾ ਗੇਟ ਖੜਕਦੈ। ਬਰਾਂਡੇ `ਚ ਬੈਠਾ ਕੁੱਤਾ ਭੌਂਕਦੈ। ਨਿਢਾਲ ਹੋਇਆ ਪਿਐ ਸਾਰਾ ਸਰੀਰ। ਅੰਨੀਆਂ ਹੁੰਦੀਆਂ ਜਾ ਰਹੀਆਂ ਅੱਖਾਂ ਦੀ ਬਚਦੀ ਜੋਤ ਵਿਹੜੇ ਵੰਨੀ ਜਾਂਦੀ ਐ।
ਕਾਹਲੀ ਨਾਲ ਅੰਦਰ ਆਉਂਦੀ ਕਮਲ ਨੇ ਬੈਗ ਮੇਜ਼ `ਤੇ ਰੱਖ ਦਿੱਤੈ। ਮੈਂ ਸ਼ੱਕੀ ਨਿਗਾਹਾਂ ਨਾਲ ਉਸਦੇ ਸਰੀਰ ਨੂੰ ਪੈਰਾਂ ਤੋਂ ਸਿਰ ਤਾਈਂ ਟੋਹਣ ਲੱਗ ਪਈ ਆਂ। ਕਿਧਰੇ ਕੋਈ ਵਿੰਗ ਵਲੇਵਾਂ ਦਿਸਿਆ ਤਾਂ ਹੈਨੀਂ। ਉਸਨੇ ਫਰਿੱਜ `ਚੋਂ ਪਾਣੀ ਦੀ ਬੋਤਲ ਕੱਢ ਢੱਕਣ ਖੋਲ੍ਹ ਕੇ ਸਿੱਧੀ ਮੂੰਹ ਨੂੰ ਲਾ ਲਈ ਐ। ਬੋਤਲ ਮੇਜ਼ `ਤੇ ਰੱਖ ਬੋਲਦੀ ਐ। “ਬੀਬੀ ਘਰ ਚੰਗਾ ਤਕੜਾ ਸੀ, ਮਹਿਲ ਵਰਗੀ ਕੋਠੀ। ਵਧੀਆ ਮਾਣ-ਤਾਣ ਕੀਤਾ। ਜਿੰਨੇ ਕੀਤੇ ਸੀ ਉਸ ਤੋਂ ਸੱਤ ਸੌ ਵੱਧ ਦਿੱਤੈ। ਜਾਂਦਿਆਂ ਨੂੰ ਕਾਜਲ ਪਾਰਲਰ ਆਉਂਦੀ ਮਿਲਗੀ, ਮੈਂ ਬਾਹਰੋਂ ਈ ਨਾਲ ਲੈਗੀ ਕਾਰ `ਚ ਬਿਠਾ ਕੇ। ਉਹਨੂੰ ਪੰਜ ਸੌ ਅੱਡ ਦਿੱਤੇ ਐ। ਵਿਆਂਦੜ ਕੁੜੀ ਵਧੀਆ ਸਜਾਤੀ ਅਸੀਂ। ਸਾਰੇ ਖੁਸ਼ ਹੋਗੇ।“
“ਹੁਣ ਇਹਨੂੰ ਮੈਂ ਕੀ ਦੱਸਾਂ ਕਿ ਉਹ ਵੀ ਉਸੇ ਕੰਜਰ ਕੈਲੇ ਦੀ ਪੋਤੀ ਐ। ਆਹੀ ਬਹੁਤ ਐ, ਇਹ ਸਹੀ ਸਲਾਮਤ ਆਗੀ, ਹੋਰ ਮੈਨੂੰ ਕੀ ਚਾਹੀਦੈ।“ ਮੰਜੇ ਤੋਂ ਉੱਠ ਕੇ ਉਸਨੂੰ ਹਿੱਕ ਨਾਲ ਲਾ ਲਿਐ।