ਸਿੱਖਾਂ ਦੇ ਦਰਦ ਨੂੰ ਬਿਆਨਦੀ ਪੁਸਤਕ – ਦੇਸ ਨਿਕਾਲਾ

ਪ੍ਰਭਜੋਤ ਕੌਰ
ਸਿੱਖ ਵਿਦਵਾਨ, ਕਵੀ ਤੇ ਫ਼ਿਲਾਸਫ਼ਰ ਪ੍ਰਭਸ਼ਰਨਦੀਪ ਸਿੰਘ ਦੀ ਪਲੇਠੀ ਕਿਤਾਬ ‘ਦੇਸ ਨਿਕਾਲਾ’ ਪੜ੍ਹੀ। ਇਸ ਪੁਸਤਕ ਦਾ ਸਿਰਲੇਖ ‘ਦੇਸ ਨਿਕਾਲਾ’ ਸਿੱਖਾਂ ਦੀ ਅਜੋਕੀ ਹਾਲਤ ਨੂੰ ਬਾਖੂਬੀ ਬਿਆਨ ਕਰਦਾ ਹੈ। ਗੁਲਾਮੀ ਦੀ ਸਥਿਤੀ ਹੋਣ ਕਰਕੇ ਕਈ ਵਾਰ ਇਸ ਤਰ੍ਹਾਂ ਲੱਗਦਾ ਹੈ ਕਿ ਸਾਡੀ ਸਿੱਖਾਂ ਦੀ ਪੀੜ (ਮਾਨਸਿਕ ਤੇ ਸਰੀਰਕ) ਬਹੁਤ ਹੀ ਅਕਹਿ ਤੇ ਅਸਹਿ ਹੈ।

ਸਾਡੀ ਇਸ ਪੀੜ ਦੇ ਧੁਰ ਅੰਦਰ ਨਾਲ ਸਾਂਝ ਪਾਉਂਦਾ ਹੈ ਕਿਤਾਬ ਦਾ ਸਿਰਲੇਖ। ਸਿੱਖਾਂ ਨਾਲ ਹੋ ਰਹੇ ਸਮਾਜਿਕ, ਆਰਥਿਕ, ਰਾਜਨੀਤਕ ਅਤੇ ਧਾਰਮਿਕ ਅਨਿਆਂ ਦੀ ਵਿਆਖਿਆ ਕਿਸੇ ਵੀ ਖੱਬੇ-ਪੱਖੀ, ਰਾਸ਼ਟਰਵਾਦੀ, ਲਿਬਰਲ ਵਿਚਾਰਧਾਰਾ ਵਾਲੀ ਨੁਕਤਾ-ਨਿਗਾਹ ਤੋਂ ਹੋ ਹੀ ਨਹੀਂ ਸਕਦੀ। ਪੰਜਾਬ ਦੀ ਅਸਲੀ ਨਬਜ਼ ਓਹੀ ਫੜ ਸਕਦਾ ਹੈ, ਜਿਸਨੇ ਦੇਸ ਨਿਕਾਲਾ ਵਰਗੇ ਅਹਿਸਾਸ ਨੂੰ ਡੂੰਘੀ ਸ਼ਿੱਦਤ ਨਾਲ ਮਹਿਸੂਸ ਕੀਤਾ ਹੋਵੇ। ਕਵੀ, ਜਿਸ ਨੇ ਇਹ ਪੀੜ ਹੱਡੀ ਹੰਢਾਈ ਹੈ, ਵਲੋਂ ਬਹੁਤ ਡੂੰਘੇ ਅਹਿਸਾਸ `ਚੋਂ ਹੀ ਇਹ ਨਾਮ ਚੁਣਿਆ ਗਿਆ ਲੱਗਦਾ ਹੈ। ਇਹ ਦੋ ਅੱਖਰ ਸਿੱਖ ਕੌਮ ਦੀ 1849 ਤੋਂ ਹੁਣ ਤਕ ਦੀ ਦਸ਼ਾ ਬਿਆਨ ਕਰਦੇ ਹਨ।
ਪੰਜਾਬ ਅਤੇ ਪੰਜਾਬ ਦੇ ਬਾਹਰ ਦੇ ਕਾਲਜਾਂ, ਯੂਨੀਵਰਸਿਟੀਆਂ ਵਿਚ ਵਿਚਰਦਿਆਂ ਗ਼ੈਰ-ਸਿੱਖਾਂ ਨਾਲ ਜਦੋਂ ਵੀ ਸਿੱਖ ਸਰੋਕਾਰਾਂ ਬਾਰੇ ਗੱਲ ਛਿੜਦੀ, ਉਦੋਂ ਹੀ ਮਨ ਨੂੰ ਬੇਚੈਨ ਕਰਨ ਵਾਲੇ ਵਾਕਿਆਤ ਹੁੰਦੇ ਸਨ। ਇਸ ਕਿਤਾਬ ਨੂੰ ਪੜ੍ਹਨ ਵੇਲੇ ਅਜਿਹਾ ਲੱਗਦਾ ਹੈ ਕਿ ਜਿਵੇਂ ਉਸ ਸਾਲਾਂ ਦੇ ਬੋਝ ਨੂੰ ਜ਼ਬਾਨ ਮਿਲ ਗਈ ਹੋਵੇ। ਸਿਰਫ ਮੈਂ ਹੀ ਨਹੀਂ ਪੰਥ ਦਾ ਕੋਈ ਵੀ ਨੌਜਵਾਨ, ਬਜ਼ੁਰਗ, ਵਿਦਿਆਰਥੀ ਜੋ ਵੀ ਸਿੱਖਾਂ ਦੀ ਪੀੜ ਨੂੰ ਹਿਰਦੇ `ਚ ਸਮੋਅ ਕੇ ਵਿਚਰਦਿਆਂ, ਜੋ ਇਕੱਲਤਾ, ਬੇਬਸੀ, ਬੇਗਾਨਗੀ ਦੇ ਅਹਿਸਾਸ ਲੈ ਕੇ ਜੀਵਿਆ ਹੈ, ਉਸਨੂੰ ਇਹ ਕਿਤਾਬ ਪੜ੍ਹਦਿਆਂ ਕਿਤੇ ਨਾ ਕਿਤੇ ਇਹ ਜ਼ਰੂਰ ਲੱਗੇਗਾ ਕਿ ਉਸਦੀ ਜ਼ਿੰਦਗੀ ਦੇ ਅਨੁਭਵ ਅਤੇ ਕਵੀ ਦੇ ਅਨੁਭਵ ਸਾਂਝੇ ਹਨ।
ਜਦੋਂ ਵੀ ਆਪਣੇ ਨਾਲ ਹੋਏ ਧੱਕੇ ਦੀ ਗੱਲ ਕਰਦੇ ਸੀ ਤਾਂ ਹਮੇਸ਼ਾ ਹਿੰਦੂਵਾਦੀਆਂ, ਖੱਬੇ-ਪੱਖੀਆਂ, ਰਾਸ਼ਟਰਵਾਦੀ ਵਲੋਂ ਵਿਰੋਧਤਾ ਅਤੇ ਮਾਨਸਿਕ ਦਬਾਅ ਸਹਿਣਾ ਪੈਂਦਾ ਸੀ। ਹਮੇਸ਼ਾ ਇਹ ਅਹਿਸਾਸ ਕਰਾਇਆ ਜਾਂਦਾ ਸੀ ਕਿ ਆਪਣੇ ਉੱਤੇ ਹੋਏ ਜ਼ੁਲਮ, ਧੱਕੇ ਅਤੇ ਸੱਚ ਬਿਆਨ ਕਰ ਕੇ ਕੋਈ ਬਹੁਤ ਗਲਤ ਕਰ ਰਹੇ ਹਾਂ। ਕਵੀ ਵਲੋਂ ਲਿਖੀ ਭੂਮਿਕਾ ਪੜ੍ਹ ਕੇ ਸਮਝ ਆਉਂਦੀ ਹੈ ਕਿ ਉਨ੍ਹਾਂ ਸਭ ਵਰਤਾਰਿਆਂ ਦੀ ਜੜ੍ਹ ਕਿੱਥੇ ਲੱਗੀ ਹੈ ਤੇ ਇਸ ਦੇ ਪਿੱਛੇ ਕੀ ਕਾਰਨ ਹਨ। ਉਸ ਸਮੇਂ ਸਮਝ ਨਹੀਂ ਆਉਂਦੀ ਸੀ ਤੇ ਕਈ ਵਾਰ ਸ੍ਵੈ-ਦੁਚਿੱਤੀ `ਚ ਚਲੇ ਜਾਣਾ। ਕਵੀ ਅਨੁਸਾਰ ਸਾਡੇ ਨਾਲ ਹੋ ਰਹੀ ਬਿਰਤਾਂਤਕ ਹਿੰਸਾ ਸਾਨੂੰ ਕਸੂਰਵਾਰ ਤੇ ਸੌੜੀ ਸੋਚ ਵਾਲੇ ਦਰਸਾ ਰਹੀ ਸੀ। ਇਹ ਕਿਤਾਬ ਸਿੱਖਾਂ ਉੱਤੇ ਖੱਬੇ-ਪੱਖੀਆਂ, ਉਦਾਰਵਾਦੀ, ਹਿੰਦੂ ਰਾਸ਼ਟਰਵਾਦੀਆਂ ਦੀ ਬਿਰਤਾਂਤਕ ਹਿੰਸਾ ਦੇ ਵਰਤਾਰੇ ਨੂੰ ਬਿਆਨ ਕਰਦੀ ਹੈ ਅਤੇ ਸਿੱਖਾਂ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਦੀ ਹੈ। ਕਵੀ ਨੇ ਆਪਣੀ ਕੌਮ ਨਾਲ ਹੋਏ ਜ਼ੁਲਮ ਨੂੰ ਜ਼ਬਾਨ ਦਿੱਤੀ ਹੈ ਅਤੇ ਸਿੱਖਾਂ ਦਾ ਬਿਰਤਾਂਤ ਸਿਰਜਿਆ ਹੈ।
ਪੰਜਾਬ ਅਤੇ ਸਿੱਖਾਂ ਦੀ ਬਹੁਤ ਹੀ ਗੁੰਝਲਦਾਰ ਸਮੱਸਿਆ ਜਿਸਦਾ ਖੱਬੇ-ਪੱਖੀਆਂ, ਲਿਬਰਲ, ਰਾਸ਼ਟਰਵਾਦੀਆਂ ਨੇ ਬਹੁਤ ਹੀ ਸਰਲ, ਸਿੱਧਾ ਅਤੇ ਸੱਚ ਤੋਂ ਹੀਣਾ ਅਧਿਐਨ ਕੀਤਾ ਹੈ, ਇਹ ਕਿਤਾਬ ਉਸ ਤਰ੍ਹਾਂ ਦੇ ਕੱਚ-ਘਰੜ੍ਹ ਅਧਿਐਨ ਨੂੰ ਚੁਣੌਤੀ ਦਿੰਦੀ ਹੈ। ਕਵੀ ਦੀ ਇਹ ਲਿਖਤ ਸਿੱਖ ਸੰਘਰਸ਼ ਵੇਲੇ ਹੋਈ ਬਿਰਤਾਂਤਕ ਹਿੰਸਾ ਦੇ ਕਾਰਨ ਅਤੇ ਉਨ੍ਹਾਂ ਦੇ ਪ੍ਰਭਾਵਾਂ ਨੂੰ ਬਾਖ਼ੂਬੀ ਬਿਆਨ ਕਰਦੀ ਹੈ।
ਇਸ ਕਿਤਾਬ ਵਿਚ ਲਿਖੀਆਂ ਕਵਿਤਾਵਾਂ ਪੜ੍ਹਨ ਵੇਲੇ ਕਿੰਨੀ ਵਾਰੀ ਹਿਰਦੇ ਅੰਦਰ ਡੂੰਘੀ ਚੀਸ ਲਹਿੰਦੀ ਹੈ ਅਤੇ ਅੱਥਰੂ ਆਪ ਮੁਹਾਰੇ ਵਗ ਪੈਂਦੇ ਹਨ।
‘ਭਟਕਣ, ਜਬਰ, ਰਿਜ਼ਕ ਦੀਆਂ ਲੋੜਾਂ,
ਦੇਸ ਨਿਕਾਲੇ ਵੱਡੇ
ਮੁਲਕ ਬਿਗਾਨਾ ਹੋ ਗਿਆ
ਅਸਲੋਂ ਮਾਵਾਂ ਵੀ ਤੁਰ ਗਈਆਂ।
ਕਵੀ ਬੋਲੀ ਅਤੇ ਆਪਣੇ ਦੇਸ ਦੀ ਮਹੱਤਤਾ ਨੂੰ ਦਰਸਾਉਂਦਾ ਆਖਦਾ ਹੈ:
“ਭੁੱਲੇ ਬੋਲ ਤੇ ਰਹਿ ਗਏ ਪਿੰਜਰ,
ਦੁੱਖ ਸੁਣਾਈਏ ਕੇਹੇ।
ਬੋਲੀ ਬਾਝੋਂ ਰੁਣ-ਝੁਣ ਨਾਹੀਂ,
ਰੁੱਖੇ ਹੁਕਮ ਸੁਨੇਹੇ।”
“ਧਰਤ ਬਿਗਾਨੀ, ਬੋਲ ਬਿਗਾਨੇ,
ਦੇਹੀ ਰਹਿ ਗਈ ਮੇਰੀ
ਦੇਹੀ ਉੱਤੇ ਭਾਉਂਦੀਆਂ ਗਿਰਜਾਂ
ਨੋਚ ਲੈਣ ਦੀ ਦੇਰੀ।’
ਕਵੀ ਦੀਆਂ ਕਵਿਤਾਵਾਂ ਵਿਚ ਸਿੱਖੀ ਦਾ ਰੰਗ ਬਹੁਤ ਗੂੜ੍ਹਾ ਹੈ। “ਹੁਣ” ਕਵਿਤਾ ਸਤਿਗੁਰਾਂ ਦੀ ਸਭ ਤੋਂ ਪਵਿੱਤਰ ਦਾਤ ਸ਼ਹਾਦਤ ਲਈ ਪ੍ਰੇਰਦੀ ਹੈ।
ਹੁਣੇ ਮੌਤ ਨੇ ਦਸਤਕ ਦਿੱਤੀ,
ਹੁਣੇ ਮੈਂ ਘਰ ਨੂੰ ਜਾਣਾ।
ਹੁਣੇ ਵਣਾਂ ਵਿਚ ਜੀਵਨ ਪੁੰਗਰੇ,
ਹੁਣੇ ਬਸੰਤ ਅਲਾਣਾ।
ਖੇਤ ਸਿਦਕ ਦਾ, ਭੇਟ ਸੀਸ ਦੀ,
ਨਾ ਕੋਈ ਭਲਕ ਦੇ ਦਾਈਏ।
ਏਸੇ ਪਲ ਹੀ ਬੋਲ ਪੁਗਾਉਣੇ,
ਏਸੇ ਪਲ ਮਰ ਜਾਣਾ।
ਇਹ ਸਿੱਖੀ ਰੰਗ ਵਿਚ ਗੜੁੱਚ ਕਵਿਤਾਵਾਂ ਪੜ੍ਹ ਕੇ ਮਨ ਵਿਚ ਆਪਾ ਵਾਰਨ ਦਾ ਚਾਅ ਉਮੜ੍ਹਦਾ ਹੈ। ਕਵੀ ਦਾ ਸਿੱਖਾਂ ਨੂੰ ਸੁਨੇਹਾ ਹੈ ਕਿ ਪੰਥ ਬਿਖੜੇ ਰਾਹਾਂ `ਚੋਂ ਲੰਘ ਰਿਹਾ ਹੈ। ਜ਼ਾਲਮਾਂ ਦੀਆਂ ਭੀੜਾਂ ਤੋਂ ਖਲਾਸੀ ਸੰਘਰਸ਼ ਦੇ ਰਸਤੇ ਵਿਚ ਹੀ ਹੈ। ਸਿੱਖਾਂ ਨੂੰ ਸਤਿਗੁਰਾਂ ਦੇ ਬਖਸ਼ੇ ਸਿਦਕਾਂ ਦੇ ਆਸਰੇ ਸੀਸ ਵਾਰਨ ਲਈ ਤਿਆਰ ਹੋਣਾ ਪਵੇਗਾ।
“ਮੁੱਢ” ਕਵਿਤਾ ਵਿਚ ਕਵੀ ਸਿੱਖਾਂ ਨਾਲ ਹੋਈ ਹਿੰਸਾ, ਨਫਰਤ ਤੇ ਨਸਲਕੁਸ਼ੀ ਦੀ ਨਿਸ਼ਾਨਦੇਹੀ ਕਰਦਾ ਆਖਦਾ ਹੈ ਕਿ
“ਕਿਰਤ, ਕਰਮ, ਕੁਲ, ਧਰਮ, ਭਰਮ, ਦਾ ਨਾਸ਼ ਜਦੋਂ ਸੀ ਹੋਇਆ।
ਹਰਜਨ ਹਰਿਜਨ, ਵਿਗਸੀ ਸੰਗਤ, ਪਾਂਡਾ ਖੁਣ ਸਚ ਮੋਇਆ।”
ਅਗੰਮੀ ਬਾਣੀ ਵਿਚਲੇ ਇਲਾਹੀ ਸੱਚ ਤੋਂ ਭੈਅਭੀਤ ਪਾਂਡਾ ਸਿੱਖਾਂ ਦੇ ਬੀਜ ਨਾਸ ਦੀ ਕੋਸ਼ਿਸ਼ ਵਿਚ ਹੈ। ਨਸਲਕੁਸ਼ੀਆ, ਜ਼ੁਲਮ ਏਸੇ ਆਪਣੇ ਅੰਦਰ ਜ਼ਜਬ ਕਰਨ ਦੀਆਂ ਖ਼ਾਹਿਸ਼ਾਂ ਅਤੇ ਖੁੰਦਕਾਂ ਵਿਚੋਂ ਨਿਕਲਦੀਆਂ ਹਨ।
ਸਿੱਖਾਂ ਦੇ ਜ਼ੁਲਮ ਦੀ ਬਾਤ ਪਾਉਂਦਾ ਕਵੀ ਕਵਿਤਾ “ਮੁਰਦਾਰ’ ਵਿਚ ਆਖਦਾ ਹੈ,
“ਦੇਹ ਦੀਆਂ ਹੱਦਾਂ ਮਿਥ-ਮਿਥ ਜਾਬਰ,
ਮਨ ਦੀਆਂ ਜੂਹਾਂ ਟੋਂਹਦੇ।
ਪਿੰਜ-ਪਿੰਜ, ਕੋਹ-ਕੋਹ,
ਭੰਨ-ਭੰਨ ਦੇਹੀ, ਸਿਖਰ ਸਿਦਕ ਦੀ ਜੋਂਹਦੇ।
ਦੇਹ ਨਾ ਟੁੱਟੇ, ਪੱਤ ਰੋਲਦੇ,
ਕੁੜ੍ਹ-ਕੁੜ੍ਹ ਅੱਗ ਵਰ੍ਹਾਵਣ।
ਜ਼ਾਲਮ ਹੋ ਮੁਰਦਾਰ ਕੂਕਦੇ,
ਜਿੱਤੇ ਮਨਾਂ ਨਾ ਪੋਂਹਦੇ।
ਕਵੀ ਪੰਥ ਦੀ ਚੜ੍ਹਦੀ ਕਲਾ ਦੀ ਆਸ ਕਰਦਾ ਲਿਖਦਾ ਹੈ:
“ਦੁੱਖ ਨਾਂ ਦੱਬਦੇ, ਰੂਹ ਨਾਂ ਮਰਦੀ,
ਆਖ਼ਰ ਨੂੰ ਦਿਹੁੰ ਚੜ੍ਹਨਾ।”
“ਦਇਆ ਤੇਗ਼ ਦੀ ਨਿਰਮਲਧਾਰਾ,
ਬਿਪਰੀ ਕਿਲਵਿਖ ਧੋਵੇ,
ਜੁਗਾਂ ਜੁਗਾਂ ਤੱਕ ਰਾਜ ਭੋਗਣੇ,
ਦਿਲਾਂ `ਚ ਵਸੇ ਤੂਫ਼ਾਨਾਂ।”
ਕਵੀ ਕੋਲ (ਸਿੱਖ) ਸ਼ਬਦਾਂ ਦਾ ਅਥਾਹ ਭੰਡਾਰ ਹੈ। ਕਵੀ ਬੜੇ ਪ੍ਰਭਾਵਸ਼ਾਲੀ ਅਤੇ ਭਾਵਪੂਰਤ ਸ਼ਬਦਾਂ ਵਿਚ ਇਕ ਸਿੱਖ ਮਾਂ ਦੇ ਸਿਦਕ ਨੂੰ ਬਿਆਨਦਾ ਹੈ।
“ਪੁੱਤ ਨਿੱਤਰ ਪਏ, ਫੱਟ ਡੂੰਘੇਰੇ,
ਦੁੱਖ ਕਲਯੁਗ ਦੀ ਕਾਤੀ।
ਮਾਛੀਵਾੜੇ ਪੈੜ੍ਹਾਂ ਦਿਸੀਆਂ,
ਓਨ੍ਹੀਂ ਰਾਹੀਂ ਚੱਲਾ।
ਅੱਜ ਵੀ ਸਿੱਖ ਬੀਬੀਆਂ `ਚ ਇਹੋ ਜਿਹੇ ਸਿਦਕ ਤੋਂ ਬਿਨਾਂ ਸਿੱਖਾਂ ਕੋਲੋਂ ਸੰਘਰਸ਼ ਦੇ ਰਾਹ ਨਹੀਂ ਤੁਰਿਆ ਜਾਣਾ। ਸਿੱਖ ਬੀਬੀ ਹੀ ਸੰਘਰਸ਼ ਦੀ ਜਨਮ-ਦਾਤੀ ਹੈ।
ਇਹ ਕਿਤਾਬ ਹਰ ਸਿੱਖ ਵਿਦਿਆਰਥੀ, ਕਾਰਕੁਨ, ਸੰਘਰਸ਼ੀ ਨੂੰ ਪੜ੍ਹਨੀ ਚਾਹੀਦੀ ਹੈ। ਇਸ ਕਿਤਾਬ ਨੂੰ ਪੜ੍ਹਨ ਨਾਲ ਸਿੱਖਾਂ ਅੰਦਰ ਗੁਲਾਮੀ ਦੀ ਚੀਸ ਹੋਰ ਵਧੇਰੇ ਡੂੰਘੀ ਜੜ੍ਹ ਲਾਵੇਗੀ ਅਤੇ ਸੰਘਰਸ਼ ਕਰਨ ਲਈ ਪ੍ਰੇਰਨਾ ਵੀ ਬਣੇਗੀ।
ਇਹੀ ਅਰਦਾਸ ਹੈ ਕਿ ਵਾਹਿਗੁਰੂ ਇਸ ਕਲਮ ਨੂੰ ਹੋਰ ਭਾਗ ਲਾਵੇ ਅਤੇ ਇਸ ਤਰ੍ਹਾਂ ਦੀਆਂ ਰਾਹ ਦਸੇਰੇ ਵਾਲੀਆਂ ਲਿਖਤਾਂ ਪੰਥ ਦੀ ਝੋਲੀ ਪਾਉਂਦੇ ਰਹੋ।