ਵਿਅੰਗ: ਕਾਲੇ ਦਿਨਾਂ ਦੀ ਗੱਲ

ਸਿ਼ਵਚਰਨ ਜੱਗੀ ਕੁੱਸਾ
ਦੌਲਤ ਫੱਤੂ ਕਾ ਸਾਰਾ ਪਰਿਵਾਰ ਹੀ ਬੜਾ ਅਵੱਲਾ ਸੀ। ਮਾੜੀ ਮੋਟੀ ਗੱਲ ਤੋਂ ਬਿਨਾਂ ਵਜਾਹ ਹੀ ਲੜ ਪੈਂਦਾ ਸੀ! ਇੱਕ ਵਾਰ ਦੀ ਗੱਲ ਹੈ ਕਿ ਦੌਲਤੀ ਦਾ ਮੁੰਡਾ ਬਿਸ਼ਨਾ ਦੌਲਤੀ ਨੂੰ ਕਹਿਣ ਲੱਗਿਆ, “ਬਾਪੂ ਬੱਟਰੀ ਲੈਣੀ ਐਂ।” ਜ਼ੁਬਾਨ ਮੋਟੀ ਹੋਣ ਕਰਕੇ ਬਿਸ਼ਨਾ ‘ਬੱਕਰੀ’ ਨੂੰ ‘ਬੱਟਰੀ’ ਆਖ ਰਿਹਾ ਸੀ।

-“ਤੂੰ ਬੱਕਰੀ ਕੀ ਕਰਨੀਂ ਐਂ ਉਏ ਗਿੱਡਲ਼ਾ?” ਦੌਲਤੀ ਬਿਸ਼ਨੇ ਨੂੰ ਚਾਰੇ ਚੁੱਕ ਕੇ ਆਇਆ।
-“ਡੁੱਡ ਪੀਆ ਕੜੂੰ।” ਉਸ ਨੇ ਉੱਤਰ ਦਿੱਤਾ।
-“ਪੀਆ ਕਰੂਗਾ ਦੁੱਧ ਇਹੇ। ਥਾਂ ਤਾਂ ਹੈਨ੍ਹੀ, ਬੰਨ੍ਹੇਗਾ ਮਾਂ ਨੂੰ ਕਿੱਥੇ?”
-“ਡਸੋਈ ‘ਚ ਬੰਨੂੰਗਾ…।”
-“ਕੀ ਕਿਹੈ? ਰਸੋਈ ‘ਚ ਬੰਨੇ੍ਹਂਗਾ…?” ਦੌਲਤੀ ਹੋਰ ਭੜਕ ਪਿਆ।
-“ਹਾਂ, ਡਸੋਈ ‘ਚ ਬੰਨੂੰ।” ਸੁਣ ਕੇ ਦੌਲਤੀ ਦਾ ਪਾਰਾ ਚੜ੍ਹ ਗਿਆ। ਉਸ ਨੇ ਆ ਦੇਖਿਆ ਨਾ ਤਾਅ, ਘੋਟਣਾ ਚੁੱਕ ਕੇ ਜੁਆਕ ਦੇ ਪੱਟ ‘ਤੇ ਮਾਰਿਆ ਅਤੇ ਲੱਤ ਭੰਨ ਦਿੱਤੀ। ਨਾ ਬੱਕਰੀ ਲਿਆਂਦੀ ਅਤੇ ਨਾ ਰਸੋਈ ‘ਚ ਬੰਨ੍ਹੀ, ਪਰ ਲੱਤ ਵਾਧੂ ਦੀ ਤੁੜਵਾ ਲਈ। ਮਹੀਨਾ ਭਰ ਮੁੰਡੇ ਦੀ ਲੱਤ ਬੰਨ੍ਹਵਾਉਂਦੇ ਰਹੇ। ਲੱਤ ਤਾਂ ਅਖੀਰ ਜੁੜ ਗਈ, ਪਰ ਬਿਸ਼ਨਾ ਲੰਗ ਮਾਰ ਕੇ ਤੁਰਨ ਲੱਗ ਪਿਆ। ਸਾਰੀ ਉਮਰ ਦਾ ਬੱਜ ਪੈ ਗਿਆ ਅਤੇ ਲੋਕਾਂ ਨੇ ਉਸ ਦਾ ਨਾਂ ਲੰਗੜਦੀਨ ਪਾ ਲਿਆ। ਪਿੱਛੋਂ ਦੌਲਤੀ ਨੇ ਬਹੁਤ ਪਛਤਾਵਾ ਕੀਤਾ। ਪਰ ਬਣ ਕੀ ਸਕਦਾ ਸੀ? ਚਿੜੀਆਂ ਖੇਤ ਚੁਗ ਗਈਆਂ ਸਨ, ਹੁਣ ਗਾਲ਼ਾਂ ਦੇਣ ਦਾ ਫ਼ਾਇਦਾ ਨਹੀਂ ਸੀ।
ਸਕੂਲ ਲਾਇਆ ਬਿਸ਼ਨਾ ਤਾਂ ਲੰਗੇ-ਡੰਗ ਹੀ ਜਾਂਦਾ ਸੀ। ਪੜ੍ਹਾਈ ਵੱਲ ਧਿਆਨ ਨਾ ਦਿੰਦਾ ਦੇਖ ਕੇ ਦੌਲਤੀ ਨੇ ਉਸ ਨੂੰ ਵਾਹੀ ਵਿਚ ਹੀ ਉੜੰਗ ਲਿਆ। ਵਾਹੀ ਵਿਚ ਉਸ ਨੇ ਕੀ ਲੱਲ੍ਹਰ ਲਾਉਣਾ ਸੀ? ਘਰਦਿਆਂ ਦਾ ‘ਕੱਲਾ-‘ਕੱਲਾ ਪੁੱਤ, ਸੀਰੀਆਂ ਦੀ ਬੁਰੀ ਸੰਗਤ ਵਿਚ ਪੈ ਕੇ, ਨਸਿ਼ਆਂ ਵਿਚ ਡੁੱਬ ਗਿਆ। ਪਹਿਲਾਂ ਚੋਰੀ ਛੁਪੇ ਬੀੜੀਆਂ, ਸਿਗਰਟਾਂ ਪੀਣ ਲੱਗ ਪਿਆ। ਹੌਲੀ ਹੌਲੀ ਉਮਰ ਦੇ ਹਿਸਾਬ ਨਾਲ ਤਰੱਕੀ ਵਧਦੀ-ਵਧਦੀ ਦਾਰੂ ‘ਤੇ ਪੁੱਜ ਗਈ। ਫਿਰ ਤੁਰਦੇ ਸਮੇਂ ਦੇ ਨਾਲ-ਨਾਲ ਬਿਸ਼ਨਾ ਅਫ਼ੀਮ, ਡੋਡੇ ਅਤੇ ਭੁੱਕੀ ਵੀ ਚਾੜ੍ਹਨ ਲੱਗ ਪਿਆ।
ਬਿਸ਼ਨੇ ਦੀ ਮਾਂ ਬਿਸ਼ਨੇ ਅੱਗੇ ਬਥੇਰੇ ਤਰਲੇ ਪਾਉਂਦੀ, “ਹਾੜ੍ਹੇ ਵੇ ਪੁੱਤਾ! ਨਸ਼ੇ ਛੱਡ ਦੇਹ, ਭਾਵੇਂ ਪੈਰੀਂ ਚੁੰਨੀ ਧਰਾ ਲੈ! ਹਾੜ੍ਹੇ ਮੇਰਾ ਸ਼ੇਰ! ਜੇ ਕਹੇਂ ਤੇਰੇ ਅੱਗੇ ਮੈਂ ਦੁੱਧ ਘਿਉ ਦੀਆਂ ਨਦੀਆਂ ਵਗਾ ਦਿਆਂ।” ਬੁੜ੍ਹੀ ਹੱਥ ਜੋੜਦੀ।
-“ਕੋਈ ਨਾ ਬੇਬੇ, ਛੱਡ ਦਿਊਂਗਾ। ਅਜੇ ਬਥੇਰੀ ਉਮਰ ਪਈ ਐ ਨਸ਼ੇ ਛੱਡਣ ਦੀ। ਕੋਈ ਨ੍ਹੀ ਨਸਿ਼ਆਂ ਨਾਲ ਗੋਲੀ ਵੱਜਦੀ!” ਬਿਸ਼ਨਾ ਅੱਗਿਓਂ ਸੁਣਾਈ ਕਰਦਾ।
ਬੁੜ੍ਹੀ ਹੱਥ ਜੋੜਦੀ ਹੰਭ ਜਾਂਦੀ। ਪਰ ਬਿਸ਼ਨੇ ਅੱਗੇ ਬੀਨ ਵਜਾਉਣ ਦਾ ਕੋਈ ਫ਼ਾਇਦਾ ਨਹੀਂ ਸੀ। ਬਿਸ਼ਨਾ ਥੰਧਾ ਘੜਾ ਬਣਿਆ ਰਿਹਾ, ਪਾਣੀ ਦੀ ਬੂੰਦ ਕੋਈ ਅਸਰ ਨਾ ਕਰ ਸਕੀ।
ਰੱਬ ਅੱਗੇ ਕਿਸ ਦੀ ਵਾਹ? ਬਿਸ਼ਨੇ ਦੀ ਮਾਂ ਵਿਚਾਰੀ ਨਾਨਕਾ ਮੇਲ ਗਈ, ਜਾਗੋ ਦੀ ਗਾਗਰ ਚੁੱਕੀ ਜਾਂਦੀ ਤਿਲ੍ਹਕ ਕੇ ਡਿੱਗ ਪਈ। ਅੱਧਾ ਸਰੀਰ ਝੁਲਸਿਆ ਗਿਆ। ਤਕਰੀਬਨ ਮਹੀਨਾ ਭਰ ਹਸਪਤਾਲ ‘ਚ ਰੱਖੀ ਅਤੇ ‘ਪੂਰੀ’ ਹੋ ਗਈ। ਘਰ ‘ਭਾਂ-ਭਾਂ’ ਕਰਨ ਲੱਗ ਪਿਆ। ਬਿਸ਼ਨੇ ਨੇ ਅਮਲ ਹੋਰ ਵਧਾ ਦਿੱਤਾ। ਜੇ ਬਿਸ਼ਨੇ ਦਾ ਬਾਪੂ ਉਸ ਨੂੰ ਨਸ਼ੇ ਬਾਰੇ ਟੋਕਦਾ ਤਾਂ ਅੱਗੋਂ ਬਿਸ਼ਨਾ ਬੜੇ ਮਜਾਜ ਨਾਲ ਜਵਾਬ ਮੋੜਦਾ, “ਇਹ ਨਸ਼ੇ ਮੈਂ ਚਾਅ ਨੂੰ ਨ੍ਹੀ ਖਾਂਦਾ ਬਾਪੂ! ਮੈਨੂੰ ਤਾਂ ਮੇਰੀ ਬੇਬੇ ਯਾਦ ਆਈ ਜਾਂਦੀ ਐ।”
ਪਰ ਦੌਲਤੀ ਸੜਦਾ ਕੁੜ੍ਹਦਾ ਚੁੱਪ ਹੋ ਜਾਂਦਾ।
ਸੰਤੀ ਦੇ ਮਰਨ ਪਿੱਛੋਂ ਘਰ ਵਿਚ ਰੋਟੀ-ਟੁੱਕ ਦਾ ਮੁਸ਼ਕਿਲ ਹੋ ਗਿਆ। ਦੌਲਤੀ ਨੇ ਰਿਸ਼ਤੇਦਾਰਾਂ ਵਿਚ ਬਿਸ਼ਨੇ ਦੇ ਵਿਆਹ ਦੀ ਗੱਲ ਚਲਾਈ। ਅਖੀਰ ਰੱਬ ਨੇ ਮਿਹਰ ਕੀਤੀ। ਮਾੜੇ ਮੋਟੇ ਘਰੋਂ ਅਮਲੀ ਨੂੰ ‘ਬਹੂ’ ਮਿਲ ਗਈ। ਖ਼ੁਸ਼ਕਿਸਮਤ ਅਮਲੀ ਸੰਧੂਰੀ ਪੱਗ ਦੀ ਤੁਰਲ੍ਹੀ ਛੱਡ ਕੇ ਮੁਕਲਾਵਾ ਲੈ ਆਇਆ। ਬਹੂ ਬਿਸ਼ਨੇ ਦੀ ਬੰਜਰ ਉਜਾੜ ਜਿ਼ੰਦਗੀ ਵਿਚ ਫੁੱਲ ਬਣ ਟਹਿਕ ਪਈ ਸੀ। ਪਹਿਲੀ ਵਾਰ ਬਿਸ਼ਨੇ ਨੂੰ ਜਿ਼ੰਦਗੀ ਵਿਚ ਸੁਖ-ਅਰਾਮ ਮਹਿਸੂਸ ਹੋਇਆ ਸੀ। ਨਹੀਂ ਤਾਂ ਵਿਚਾਰਾ ਬਾਹਰ ਦੇਹਲ਼ੀ ‘ਤੇ ਬੈਠਾ ਲੋਕਾਂ ਦੀਆਂ ਤੀਮੀਆਂ ਦੇਖ, ਰੱਬ ਨੂੰ ਹੀ ਗਾਲ੍ਹਾਂ ਕੱਢੀ ਜਾਂਦਾ ਰਹਿੰਦਾ, “ਲੋਕਾਂ ਦੇ ਟੂਟਲ਼ ਜੇ ਟਣਕ-ਟਣਕ ਵਿਆਹੇ ਜਾਂਦੇ ਐ, ਸਾਡੇ ਵਾਰੀ ਰੱਬ ਦੇ ਪਤਾ ਨ੍ਹੀ ਕਿਉਂ ਕੁੱਤੇ ਫ਼ੇਲ੍ਹ ਹੋ ਜਾਂਦੇ ਐ? ਤੂੰ ਵੀ ਰੱਬਾ ਬੱਸ ਕੁੱਕੜੂੰ ਘੜੂੰ ਈ ਐਂ…!”
ਮੁੰਡੇ-ਖੁੰਡੇ ਬਿਸ਼ਨੇ ਨੂੰ ਮੁਕਲਾਵੇ ਬਾਰੇ ਪੁੱਛਦੇ।
-“ਕਿਉਂ ਅਮਲੀਆ, ਕਿਵੇਂ ਰਿਹਾ ਮੈਚ ਰਾਤ…?” ਤਾਂ ਅਮਲੀ ਅੱਗੋਂ ਚਾਂਭਲ ਗਿਆ, “ਗਹਿ ਗੱਡਮਾ ਰਿਹਾ ਬਾਈ ਸਿਆਂ, ਗਹਿ ਗੱਡਮਾ! ਮੈਂ ਤਾਂ ਪਾ ਦਿੱਤਾ ਗਾਹ। ਕੜਬ ਦਾ ਬਣਾਤਾ ਟਾਂਗਰ। ਰਾਤ ਤਾਂ ਮੇਰੀ ਕੋਈ ਪੀ. ਟੀ. ਮਾਛਟਰ ਨ੍ਹੀ ਸੀ ਰੀਸ ਕਰ ਸਕਦਾ!”
-“ਵਾਹ ਉਏ ਬੁੜ੍ਹੀ ਦਿਆ ਪੁੱਤਾ! ਤਬੀਤਾਂ ਈ ਖੁਸ਼ ਕਰਤੀਆਂ।” ਮੁਡੀਹਰ ਥਾਪੀਆਂ ਦਿੰਦੀ।
ਮਾੜੇ ਦਿਨ ਕਿਸੇ ਤੋਂ ਪੁੱਛ ਕੇ ਨਹੀਂ ਆਉਂਦੇ। ਬਿਸ਼ਨੇ ਕੇ ਘਰ ‘ਤੇ ਇੱਕ ਹੋਰ ਕਹਿਰ ਟੁੱਟ ਪਿਆ। ਬਿਸ਼ਨੇ ਦਾ ਬਾਪੂ ਰੱਸਾ ਕੱਸਦਾ-ਕੱਸਦਾ ਲਾਂਗੇ ਦੇ ਭਰੇ ਗੱਡੇ ਤੋਂ ਡਿੱਗ ਕੇ ਮਰ ਗਿਆ। ਦੋ ਜੀਅ ਦੋ ਮਹੀਨਿਆਂ ਵਿਚ ਤੁਰ ਗਏ। ਘਰ ਉੱਜੜ ਗਿਆ ਅਤੇ ਅਮਲੀ ਨੇ ਨਸ਼ੇ ਨੂੰ ਦੁੱਗਣਾ ਕਰ ਦਿੱਤਾ। ਇਸ ਕਰਕੇ ਘਰੇ ਡਾਂਗ ਖੜਕਣ ਲੱਗ ਪਈ। ਬਿਸ਼ਨੇ ਦੇ ਘਰਵਾਲੀ ਧੰਨ ਕੌਰ ਨਸ਼ੇ ਤੋਂ ਬਥੇਰਾ ਵਰਜਦੀ। ਪਰ ਅਮਲੀ ਨੇ ਇੱਕ ਨਾ ਮੰਨੀ। ਸਗੋਂ ਉਹ ਅੱਗੋਂ ਟਕੇ ਵਰਗੀ ਗੱਲ ਸੁਣਾਉਂਦਾ, “ਮੈਂ ਤੇਰੇ ਪਿਉ ਤੋਂ ਮੰਗ ਕੇ ਖਾਨੈਂ, ਕੁੱਤੀਏ?”
ਆਖਰਕਾਰ ਅਗਲੀ ਦੁਖੀ ਹੋ ਕੇ ਕਿਸੇ ਅਫ਼ੀਮ ਵੇਚਣ ਵਾਲੇ ਨਾਲ ਤੁਰ ਗਈ। ਸਾਰੇ ਪਿੰਡ ਨੂੰ ਮੂੰਹੋਂ-ਮੂੰਹ ਪਤਾ ਚੱਲ ਗਿਆ ਸੀ ਕਿ ਬਿਸ਼ਨੇ ਦੀ ਤੀਵੀਂ ਬਿੱਲੂ ਬਲੈਕੀਏ ਨਾਲ ਨਿਕਲ ਗਈ ਸੀ। ਪਰ ਅਮਲੀ ਇਸ ਗੱਲ ਨੂੰ ਜ਼ਾਹਿਰ ਨਾ ਕਰਦਾ। ਜੇਕਰ ਮੁਡੀਹਰ ‘ਸ਼ੋਲ੍ਹੇ’ ਫਿ਼ਲਮ ਦਾ ਡਾਇਲਾਗ ਕੱਸ ਕੇ ਪੁੱਛਦੀ, “ਕਿਉਂ ਅਮਲੀਆ? ਭਾਗ ਗਈ ਤੇਰੀ ਧੰਨੋਂ??” ਤਾਂ ਅਮਲੀ ਅੱਗੋਂ ਕੜਾਕੇਦਾਰ ਗੱਲ ਕਰਦਾ, “ਨਹੀਂ ਬਾਈ! ਉਹ ਤਾਂ ਬਿਚਾਰੀ ਬੱਤੀ ਸੁਲੱਖਣੀ ਗੋਪਾਲ ਮੋਚਨ ਨ੍ਹਾਉਣ ਗਈ ਐ। ਗੱਲ ਮੁੰਡਿਓ ਸੋਚ ਕੇ ਕਰਿਆ ਕਰੋ! ਚੰਦ ‘ਤੇ ਥੁੱਕਿਆ ਆਬਦੇ ਮੂੰਹ ‘ਤੇ ਪੈਂਦੈ!”
ਪਰ ਮੁਡੀਹਰ ਹੱਸ ਛੱਡਦੀ।
ਹੌਲੀ-ਹੌਲੀ ਖਰਚੇ ਵਧਦੇ ਗਏ ਤਾਂ ਉਸ ਨੇ ਜ਼ਮੀਨ ਨੂੰ ਵਾਢਾ ਪਾ ਲਿਆ।
ਹੁਣ ਅਮਲੀ ਮੁਡੀਹਰ ਦਾ ਪ੍ਰਧਾਨ ਹੁੰਦਾ ਸੀ। ਉਹ ਉਨ੍ਹਾਂ ਨੂੰ ਭਾਂਤ-ਭਾਂਤ ਦੀਆਂ ਘਤਿੱਤਾਂ ਸਿਖਾਉਂਦਾ ਰਹਿੰਦਾ।
ਬਿਸ਼ਨੇ ਕੇ ਪਿੰਡ ਇਕ ਸਾਧ ਆ ਗਿਆ। ਉਹ ਸਾਧ ਸਰਦੀਆਂ ਵਿਚ ਜਲਧਾਰਾ ਕਰਦਾ ਸੀ ਅਤੇ ਗਰਮੀਆਂ ਵਿਚ ਧੂੰਣਾਂ ਤਾਪਦਾ ਸੀ। ਸਾਲ ਵਿਚ ਦੋ ਵਾਰ ਸਵਾ-ਸਵਾ ਮਹੀਨਾ ਇੱਕ ਲੱਤ ‘ਤੇ ਖੜ੍ਹ ਕੇ ਪਾਠ ਕਰਦਾ ਸੀ। ਕਾਫ਼ੀ ਚਰਚਾ ਸੀ ਇਸ ਸਾਧ ਦੀ ਇਸ ਇਲਾਕੇ ਵਿਚ।
ਇੱਕ ਦਿਨ ਅਮਲੀ ਆਪਣੀ ਕੌਂਸਲ ਸਮੇਤ ਸੱਥ ਵਿਚ ਬੈਠਾ ਬਾਤਾਂ ਸੁਣਾ ਰਿਹਾ ਸੀ। ਮੁਡੀਹਰ ਨੂੰ ਸਾਧ ਸੱਥ ਵੱਲ ਆਉਂਦਾ ਨਜ਼ਰ ਪਿਆ ਤਾਂ ਸਾਰੀ ਮੁਡੀਹਰ ਹੱਥ ਜੋੜ ਕੇ ਖੜ੍ਹ ਗਈ।
-“ਅਮਲੀਆ, ਖੜ੍ਹਾ ਹੋ ਜਾ।” ਕਿਸੇ ਨੇ ਕਿਹਾ।
-“ਕਿਉਂ? ਕਾਹਤੋਂ??” ਅਮਲੀ ਦਾ ਨਸ਼ਾ ਖਿੜਿਆ ਹੋਇਆ ਸੀ।
-“ਬਾਬੇ ਆਉਂਦੇ ਐ-।”
-“ਬਾਬੇ ਆਉਂਦੇ ਐ ਲੰਘ ਜਾਣਗੇ, ਖੜ੍ਹਾ ਹੋਣ ਨੂੰ ਬਾਬੇ ਕਿਹੜਾ ਮੋਕ ਮਾਰਦੇ ਐ ਬਈ ਛਿੱਟੇ ਪੈ ਜਾਣਗੇ?”
ਹੱਸਦੀ ਮੁਡੀਹਰ ਦੀਆਂ ਵੱਖੀਆਂ ਟੁੱਟ ਗਈਆਂ।
ਹੁਣ ਅਮਲੀ ਨੂੰ ਪੰਜਾਬ ਦੇ ਮਾੜੇ ਹਾਲਾਤ ਨੇ ਬੜਾ ਪ੍ਰਭਾਵਿਤ ਕੀਤਾ ਸੀ। ਉਹ ਆਪਣੇ ‘ਸ਼ਾਗਿਰਦਾਂ’ ਨੂੰ ਮੱਤਾਂ ਦਿੰਦਾ, “ਮੁੰਡਿਓ ਗੱਲ ਸੁਣ ਲਓ, ਓਪਰੇ ਬੰਦੇ ਨੂੰ ਸਾਸਰੀਕਾਲ ਕਹਿ ਕੇ, ਨਿਮਰਤਾ ਨਾਲ ਬੁਲਾਇਆ ਕਰੋ। ਉਹ ਗੱਲ ਨਾ ਹੋਵੇ ਬਈ ਤੁਸੀਂ ਕਿਸੇ ਨਾਲ ਆਕੜ ਪਵੋਂ ਤੇ ਕੁਦਰਤੀਂ ‘ਉਹ’ ਨਿਕਲ ਆਉਣ, ਗੋਲੀ ਵੀ ਕਹਿੰਦੇ ਪਤੰਦਰ ਚੂਕਣੇ ‘ਚ ਮਾਰਦੇ ਐ। ਸਮਝਗੇ?”
ਅੱਜ ਅਮਲੀ ਨੇ ਨਵਾਂ-ਨਵਾਂ ਕਿੱਲਾ ਗਹਿਣੇਂ ਧਰਿਆ ਸੀ। ਜਿਸ ਕਰਕੇ ਉਸ ਦੀਆਂ ਢਿੰਬਰੀਆਂ ਟਾਈਟ ਸਨ ਅਤੇ ਜੇਬ ਵੀ ਕਾਫ਼ੀ ਗਰਮ ਸੀ। ਅਮਲੀ ਨੇ ਸਾਰਿਆਂ ਨੂੰ ‘ਸਾਸਰੀਕਾਲ’ ਬੁਲਾਈ।
-“ਆ ਬਈ ਬਿਸ਼ਨ ਸਿਆਂ, ਆ ਬੈਠ, ਸੁਣਾ ਕੋਈ ਨਵੀਂ ਤਾਜੀ। ਤੂੰ ਤਾਂ ਸ਼ਹਿਰੋਂ ਆਇਐਂ।” ਕਿਸੇ ਨੇ ਫ਼ਾਂਟ ਚਾੜ੍ਹੀ।
-“ਕਾਹਦੀ ਨਮੀ ਤਾਜੀ ਐ, ਟਰੱਕ ਫੜਿਆ ਗਿਆ ਬੋਰਿਆਂ ਦਾ ਭਰਿਆ ਡੋਡਾ।” ਅਮਲੀ ਨਸ਼ੇ ਦੀ ਲੋਰ ਵਿਚ ਕੁਝ ਹੋਰ ਹੀ ਕਹੀ ਜਾ ਰਿਹਾ ਸੀ।
-“ਕੀ ਕਿਹੈ?” ਕਿਸੇ ਦੇ ਕੱਖ ਪੱਲੇ ਨਹੀਂ ਪਿਆ ਸੀ।
-“ਮੈਖਿਆ ਟਰੱਕ ਫੜਿਆ ਗਿਆ ਬੋਰਿਆਂ ਦਾ ਭਰਿਆ ਡੋਡਾ। ਹੋਰ ਮੈਂ ਕਿਹੜਾ ਸੰਸਕਿਰਤ ਬੋਲਦੈਂ?” ਅਮਲੀ ਨੇ ਦੁਹਰਾ ਕੇ ਠੁਣਾਂ ਅਗਲੇ ਦੇ ਸਿਰ ਹੀ ਭੰਨਿਆਂ।
ਪਰ ਫਿਰ ਸਾਰੇ ਸੁਆਲੀਆ ਨਜ਼ਰਾਂ ਨਾਲ ਝਾਕ ਰਹੇ ਸਨ।
-“ਉਏ ਇਹਨੂੰ ਲੰਡੀਆਂ ਖਾਧੀਆਂ ‘ਚ ਪਤਾ ਨ੍ਹੀ ਲੱਗਦਾ। ਪਤੈ ਇਹੇ ਕੀ ਕਹਿਣਾ ਚਾਹੁੰਦੈ?” ਕੋਈ ਗੂੰਗੇ ਦੀ ਮਾਂ, ਰਮਜ਼ ਸਮਝਣ ਵਾਲਾ ਕੋਲ ਹੀ ਬੈਠਾ ਸੀ।
-“ਕੀ ਕਹਿਣਾ ਚਾਹੁੰਦੈ?” ਮੁਡੀਹਰ ਨੇ ਪੁੱਛਿਆ।
-“ਇਹ ਕਹਿਣਾ ਚਾਹੁੰਦੈ ਬਈ ਡੋਡਿਆਂ ਨਾਲ ਭਰੇ ਬੋਰਿਆਂ ਦਾ ਟਰੱਕ ਫੜਿਆ ਗਿਆ।” ਉਸ ਨੇ ਅਮਲੀ ਦੀ ਗੱਲ ਨੂੰ ਨਿਖਾਰ ਕੇ ਦੱਸਿਆ।
-“ਕਿਹੜੈ? ਚੱਕ ਤਾਰੇਆਲ਼ੇ ਆਲਿ਼ਆਂ ਦਾ ਰਣਜੀਤ ਤਾਂ ਨ੍ਹੀ ਤੂੰ?” ਅੱਧੀਆਂ ਅੱਖਾਂ ਖੋਲ੍ਹਦੇ ਅਮਲੀ ਨੇ ਅਵਾਜ਼ ਪਹਿਚਾਣ ਕੇ ਪੁੱਛਿਆ।
-“ਆਹੋ ਚਾਚਾ, ਮੈਂ ਈ ਆਂ।”
-“ਉਏ ਬੱਲੇ ਉਏ ਮੇਰਿਆ ਸੋਹਣਿਆਂ! ਪਾੜ੍ਹਿਆ ‘ਖਬਾਰ ਖਬੂਰ ਨ੍ਹੀ ਪੜ੍ਹਿਆ?”
-“ਪੜ੍ਹਿਐ ਚਾਚਾ, ਆਹ ਦੇਖ ਲੈ, ਨਾਲ ਈ ਚੱਕੀ ਫਿਰਦੈਂ।”
-“ਦੇਖਗਾਂ ਕੋਈ ਖਬਰ ਖੁਬਰ।”
-“ਖਬਰ ਐ: ਦਾਜ ਦੀ ਖਾਤਰ ਇੱਕੀ ਸਾਲਾਂ ਦੀ ਮੁਟਿਆਰ ਮਿੱਟੀ ਦਾ ਤੇਲ ਪਾ ਕੇ ਸਾੜ ਦਿੱਤੀ।”
-“ਬਾਖਰੂ! ਬਾਖਰੂ!” ਅਮਲੀ ਨੇ ਸਿਰ ਫੇਰਿਆ, “ਕੀ ਲੋਹੜੈ ਬਈ, ਕੁਛ ਨ੍ਹੀ ਕਰਦੀ ਆਪਣੀ ਗੌਰਮਿਲਟ ਵੀ। ਉਪਰ ਬੈਠੇ ਭਕਾਈ ਮਾਰੀ ਜਾਣਗੇ: ਹਮਾਰਾ ਦੇਸ਼ ਬਹੁਤ ਖੁਸ਼ਹਾਲ ਹੈ। ਆਹ ਗੇੜੇ ਦੇਣੀ ਗੌਰਮਿਲਟ ਨੂੰ ਕਰਨ ਮੇਰੇ ਕੋਲੇ। ਗਿੱਟੇ ਈ ਗਿੱਟੇ ਕੁੱਟਾਂ ਮਾਵਾ ਖਾ ਕੇ। ਹਾਂ ਪਾੜ੍ਹਿਆ ਹੋਰ ਕੋਈ ਖਬਰ?”
-“ਅੱਗੇ ਖਬਰ ਐ ਚਾਚਾ, ਅਖਬਾਰਾਂ ਵੰਡਣ ਵਾਲੇ ਦੋ ਹਾਕਰ ਗੋਲੀਆਂ ਨਾਲ ਹਲਾਕ, ਅੱਗੇ ਤੋਂ ਹਰ ਹਾਕਰ ਨੂੰ ਦੋ ਸੀ ਆਰ ਪੀ ਦੇ ਜਵਾਨ ਦਿੱਤੇ ਜਾਣਗੇ।”
-“ਆਹ ਅਖਬਾਰਾਂ ਆਲੇ ਦਾ ਤਾਂ ਬੜਾ ਮਸੋਸ ਹੋਇਆ। ਪਰ ਆਪਣੀ ਗੋਰਮਿਲਟ ਐਨੀ ਫੁੱਦੂ ਕਿਉਂ ਐਂ ਯਾਰ? ਅਖਬਾਰ ਵੰਡਣ ਆਲੇ ਨੂੰ ਸੀ ਆਰ ਪੀ ਦੇ ਦੋ ਜੁਆਨ ਦੇਣ ਦੀ ਕੀ ਜ਼ਰੂਰਤ ਐ? ਸੀ ਆਰ ਪੀ ਆਲਿਆਂ ਨੂੰ ਈ ‘ਖਬਾਰਾਂ ਕਿਉਂ ਨ੍ਹੀ ਵੰਡਣ ਲਾ ਦਿੰਦੇ? ਪਰ ਗੌਰਮਿਲਟ ਨੂੰ ਘਰੋਂ ਖਾ ਕੇ ਕਿਹੜਾ ਮੱਤ ਦੇਵੇ? ਹਾਂ, ਅੱਗੇ ਬੋਲ ਪਾੜ੍ਹਿਆ!”
-“ਅੱਗੇ ਖਬਰ ਐ ਚਾਚਾ, ਇੱਕ ਅਧਿਆਪਕਾ ਨੇ ਚਾਰ ਬੱਚਿਆਂ ਨੂੰ ਜਨਮ ਦਿੱਤਾ।”
-“ਇਹ ਅਧਾਪਕਾ ਕੀ ਹੁੰਦੀ ਐ?” ਅਮਲੀ ਨੇ ਪੁੱਛਿਆ।
-“ਅਧਿਆਪਕਾ ਚਾਚਾ ਮਾਸਟਰਨੀ ਹੁੰਦੀ ਐ।”
-“ਕੱਠੇ ਚਾਰ ਬੱਚੇ?”
-“ਹਾਂ ਜੀ!”
-“ਬੱਲੇ ਨ੍ਹੀ ਪੰਜਾਬ ਦੀਏ ਸ਼ੇਰ ਬੱਚੀਏ…!” ਅਮਲੀ ਡੰਡ ਬੈਠਕਾਂ ਕੱਢਣ ਲੱਗ ਪਿਆ, “ਕਮਾਲ ਈ ਕਰਤੀ ਬਈ! ਸਾਡੀ ਮੌਲੜ ਜੀ ਕੰਜਰ ਦੀ ਇੱਕ ਨ੍ਹੀ ਜੰਮ ਸਕੀ।” ਅਮਲੀ ਨੇ ਨੱਕ ਚਾੜ੍ਹਿਆ।
-“ਹੂੰ…! ਉਠਿਆ ਅਖੇ ਆਪ ਤੋਂ ਨਾ ਜਾਵੇ, ਫਿੱਟੇ ਮੂੰਹ ਗੋਡਿਆਂ ਦੇ! ਕਣ ਕੰਡਾ ਅਮਲੀਆ ਤੇਰੇ ‘ਚ ਹੈਨ੍ਹੀ ਸੀ ਤੇ ਗਾਲ੍ਹਾਂ ਵਿਚਾਰੀ ਧੰਨੋ ਨੂੰ? ਛੱਡਦਾ ਤੂੰ ਮੇਰੇ ਕੋਲੇ, ਜੇ ਜੌੜੇ ਜੁਆਕ ਨਾ ਸਿੱਟਦੀ।” ਕਿਸੇ ਨੇ ਪਾਸਿਓਂ ਚੋਭ ਭਰੀ ਤਰਕ ਲਾਈ।
-“ਤੂੰ ਕੀਹਦਾ ਕੁਛ ਐਂ ਉਏ ਹਰਾਮਦਿਆ?” ਅਮਲੀ ਸਾਹਣ ਵਾਂਗ ਭੂਸਰ ਗਿਆ।
ਦੋਵੇਂ ਜੱਫ਼ੋ-ਜੱਫ਼ੀ ਹੋਣ ਹੀ ਲੱਗੇ ਸਨ ਕਿ ਮੁਡੀਹਰ ਨੇ ਵਿਚ ਪੈ ਕੇ ਛੁਡਾ ਦਿੱਤੇ ਅਤੇ ਫਿਰ ਅਚਾਨਕ ਮੀਂਹ ਵਰ੍ਹ ਪੈਣ ਕਰਕੇ ਮੇਲਾ ਵਿਛੜ ਗਿਆ।