ਸਿੱਖਾਂ ਵਿਚ ਆਜ਼ਾਦੀ ਦੀ ਚਿਣਗ ਜਗਾਉਂਦੀ ਕਿਤਾਬ- ਦੇਸ ਨਿਕਾਲ਼ਾ

ਪਰਮਿੰਦਰ ਸਿੰਘ
ਯੂਨੀਵਰਸਿਟੀ ਆਫ ਅਲਬਰਟਾ ਵਿਖੇ ਦਰਸ਼ਨ ਦਾ ਵਿਦਿਆਰਥੀ।
ਸਿੱਖ ਚਿੰਤਕ ਪ੍ਰਭਸ਼ਰਨਦੀਪ ਸਿੰਘ ਜੀ ਨੇ ਸਿੱਖਾਂ ਦੇ ਬੇਵਤਨ ਹੋਣ ਦੇ ਸੰਤਾਪ ਨੂੰ ਆਪਣੀ ਕਿਤਾਬ ‘ਦੇਸ ਨਿਕਾਲ਼ਾ’ ਵਿਚ ਬਾਖ਼ੂਬੀ ਬਿਆਨ ਕੀਤਾ ਹੈ। ਦਹਾਕਿਆਂ ਬਾਅਦ ਸਿੱਖਾਂ ਦੇ ਸਮੂਹਿਕ ਅਵਚੇਤਨ ਵਿਚ ਦੱਬੀ ਹੋਈ ਡੂੰਘੀ ਪੀੜ ਨੂੰ ਆਪਣੇ ਸ਼ਬਦਾਂ ਨਾਲ ਉਜਾਗਰ ਕੀਤਾ ਹੈ। ਇਹ ਕਵਿਤਾਵਾਂ ਪੜ੍ਹ ਮੈਨੂੰ ਪਤਾ ਲੱਗਾ ਕਿ ਵਾਰਤਕ ਵਿਚ ਲੇਖਕ ਆਪਣੇ ਪਾਠਕਾਂ ਨਾਲ ਕੋਈ ਜਾਣਕਾਰੀ ਤਾਂ ਸਾਂਝੀ ਕਰ ਸਕਦਾ ਹੈ ਪਰ ਵਾਰਤਕ ਵਿਚ ਕੋਈ ਲੇਖਕ ਆਪਣੇ ਜਜ਼ਬਾਤਾਂ ਨੂੰ ਉਸ ਸਿ਼ੱਦਤ ਨਾਲ ਸਾਂਝੇ ਨਹੀਂ ਕਰ ਸਕਦਾ ਜਿਵੇਂ ਇਕ ਕਵੀ ਆਪਣੀ ਕਵਿਤਾ ਰਾਹੀਂ ਕਰ ਸਕਦਾ ਹੈ।

ਦੇਸ ਨਿਕਾਲ਼ਾ ਦੀਆਂ ਕਵਿਤਾਵਾਂ ਨੂੰ ਪੜ੍ਹ ਕੇ ਕਵੀ ਦਾ ਦੁਖ ਤੇ ਉਸ ਦੇ ਦਿਲ ਦੀ ਪੀੜ ਨੂੰ ਹੂਬਹੂ ਮਹਿਸੂਸ ਕੀਤਾ ਜਾ ਸਕਦਾ ਹੈ। ਸ਼ਾਇਦ ਇਹੀ ਕਵੀ ਤੇ ਉਸਦੀ ਕਵਿਤਾ ਦੀ ਇਕ ਵੱਡੀ ਖ਼ਾਸੀਅਤ ਹੁੰਦੀ ਹੈ ਕਿ ਉਹ ਆਪਣੀ ਕਲਾ ਤੇ ਤਜਰਬੇ ਨਾਲ ਆਪਣੀਆਂ ਭਾਵਨਾਵਾਂ ਨੂੰ ਪਾਠਕ ਨਾਲ ਸਾਂਝਿਆਂ ਕਰੇ। ਦੇਸ ਨਿਕਾਲ਼ਾ ਵਿਚਲਾ ਦਰਦ ਸਮੂਹ ਸਿੱਖ ਪੰਥ ਦਾ ਦਰਦ ਹੈ। ਪ੍ਰਭਸ਼ਰਨਦੀਪ ਸਿੰਘ ਜੀ ਨੇ ਬੜੇ ਬਾਕਮਾਲ ਤਰੀਕੇ ਨਾਲ ਸਿੱਖਾਂ ਦੀ ਅ-ਬੋਲ ਪੀੜ ਨੂੰ ਬੋਲ ਦਿੱਤੇ ਹਨ।
ਦੇਸ ਨਿਕਾਲ਼ਾ ਵਿਚੋਂ ਮਾਵਾਂ ਦੇ ਦੁੱਖ ਦੀ ਦੱਸ ਪਾਉਂਦੀ ਇਕ ਕਵਿਤਾ ‘ਜਿਨ੍ਹਾਂ ਦੇ ਪੁੱਤ ਮੁੜ ਕਦੇ ਘਰ ਨਾ ਆਏ’:
‘ਸੁੰਞੇ ਘਰ’
ਚੁੱਲ੍ਹੇ ਮੂਹਰੇ ਬੈਠੀ ਮਾਤਾ,
ਤਵੇ `ਤੇ ਰੋਟੀ ਪਾਵੇ।
ਸੁੰਞਾ ਵਿਹੜਾ, ਜੱਗ ਓਪਰਾ,
ਦਿਲ ਪੁੱਤਰਾਂ ਦੇ ਹਾਵੇ।
ਅੱਖੀਆਂ ਬੂਹੇ ਹੇਠਾਂ ਵਿਛੀਆਂ,
ਪਰਛਾਵੇਂ ਦੀਆਂ ਬਿੜਕਾਂ।
ਆਸ ਉਡੀਕ ਦੇ ਥਲ ਵਿਚ ਸੁੱਕੀ,
ਪੱਤ ਵਿਸਰ ਗਏ ਸਾਵੇ।
ਕਵੀ ਦਾ ਆਪਣੀ ਧਰਤੀ ਨਾਲ ਨਾਤਾ ਬਹੁਤ ਗੂੜ੍ਹਾ ਹੈ। ਵਿਦੇਸ਼ਾਂ ਦੇ ਸੋਹਣੇ ਬਾਗਾਂ ਤੋਂ ਵੱਧ ਕਵੀ ਨੂੰ ਆਪਣੀ ਧਰਤੀ ਦੀ ਧੂੜ ਚੰਗੀ ਲੱਗਦੀ ਹੈ ਅਤੇ ਉਹ ਆਪਣੇ ਦੇਸ ਪੰਜਾਬ ਵਾਪਸ ਪਰਤਣ ਲਈ ਉਤਸੁਕ ਹੈ। ਕਵੀ ਆਪਣੀ ਕਵਿਤਾ ਵਿਚ ਇਕੱਲਾ ਆਪਣੀ ਹੀ ਨਹੀਂ ਬਲਕਿ ਹੋਰ ਲੱਖਾਂ ਸਿੱਖ ਨੌਜਵਾਨਾਂ ਦੇ ਦਿਲ ਦੀ ਸੁੱਚੀ ਆਹ ਦੀ ਵੀ ਬਾਤ ਪਾ ਰਿਹਾ ਹੈ ਜਿਹੜੇ ਜ਼ਾਲਮ ਸਰਕਾਰ ਤੋਂ ਤੰਗ ਆ ਕੇ ਪੰਜਾਬ ਦੀ ਧਰਤੀ ਤੋਂ ਪਰਵਾਸ ਕਰ ਗਏ ਹਨ:
ਦੇਸ਼ਾਂ ਦੇ ਉਸ ਧੂੜ ਤੋਂ ਵਿਚੜੇ
ਵਿਚ ਬਰਫ਼ਾਂ ਤੇ ਬਾਗਾਂ।
ਵਿੱਸਰੇ ਨਾ ਉਹ ਨੀਂਦ ਭਲੀ, ਤੇ
ਭੁਲਣ ਨਾ ਉਹ ਜਾਗਾਂ।
ਚੇਤੇ ਦੇ ਸਾਗਰ ਦੇ ਤਲ਼ ‘ਤੇ,
ਘੋੜ ਲੈਣ ਅੰਗੜਾਈਆਂ।
ਦੇਸ ਬਿਨਾ ਪ੍ਰਦੇਸ ਨਾ ਸੋਂਹਦੇ
ਛੱਡ ਸੋਹਣੀਏ ਵਾਗਾਂ।
ਅੰਗਰੇਜ਼ਾਂ ਤੇ ਭਾਰਤ ਸਰਕਾਰ ਦੀ ਬਿਰਤਾਂਤਕ ਹਿੰਸਾ ਦੀ ਨਿਸ਼ਾਨਦੇਹੀ ਇਸ ਕਿਤਾਬ ਵਿਚ ਕੀਤੀ ਗਈ ਹੈ। ਕਵੀ ਦੱਸਦਾ ਹੈ ਕਿ 1849 ਤੋਂ ਬਾਅਦ ਅੰਗਰੇਜ਼ਾਂ ਦੀ ਸਿੱਖਾਂ `ਤੇ ਹਿੰਸਾ ਇਕੱਲੀ ਸਰੀਰਕ ਨਹੀਂ ਸੀ, ਮਾਨਸਿਕ ਵੀ ਸੀ। ਅੰਗਰੇਜ਼ਾਂ ਨੇ ਪੰਜਾਬ ਵਿਚੋਂ ਸਾਰੇ ਗੁਰਮੁਖੀ ਦੇ ਕਾਇਦੇ ਇਕੱਠੇ ਕਰ ਕੇ ਗਲੀਆਂ ਵਿਚ ਸਾੜੇ ਦਿੱਤੇ ਸਨ। ਸਿੱਖਾਂ ਦੇ ਸਾਰੇ ਰਵਾਇਤੀ ਵਿੱਦਿਅਕ, ਸਿਆਸੀ ਤੇ ਧਾਰਮਿਕ ਸੱਭਿਆਚਾਰ ਤਹਿਸ-ਨਹਿਸ ਕਰ ਕੇ ਅੰਗਰੇਜ਼ਾਂ ਨੇ ਪੱਛਮੀ ਸੱਭਿਆਚਾਰ ਨੂੰ ਪੰਜਾਬ ਵਿਚ ਮੱਲੋ-ਜੋਰੀ ਲਾਗੂ ਕੀਤਾ ਸੀ। ਅੰਗਰੇਜ ਸਕੂਲਾਂ ਤੇ ਕਾਲਜਾਂ ਵਿਚ ਪੱਛਮੀ ਵਿੱਦਿਆ ਦੇ ਢਾਂਚੇ ਲਾਗੂ ਕਰ ਕੇ ਪੱਛਮੀ ਬਿਰਤਾਂਤ ਨੂੰ ਪੰਜਾਬ ਵਿਚ ਲੈ ਕੇ ਆਏ ਤੇ ਸਿੱਖਾਂ ਦੀਆਂ ਆਜ਼ਾਦ ਰੂਹਾਂ ਨੂੰ ਗੁਲਾਮ ਕਰਦੇ ਰਹੇ ਤਾਂ ਜੋ ਸਿੱਖ ਜ਼ਾਲਮ ਸਰਕਾਰ ਦਾ ਵਿਰੋਧ ਕਰਨ ਜੋਗੇ ਨਾ ਰਹਿਣ। ਅੰਗਰੇਜ਼ਾਂ ਦੀ ਇਸ ਬਿਰਤਾਂਤਕ ਹਿੰਸਾ ਨੇ ਸਿੱਖਾਂ ਦੇ ਮਨ ਮਸਤਕ ਉਤੇ ਜੋ ਜ਼ੁਲਮ ਕੀਤਾ ਉਸ ਨੂੰ ਕਵੀ ਬਿਆਨ ਕਰਦਾ ਹੋਇਆ ਲਿਖਦਾ ਹੈ:
ਖੋਹ-ਖੋਹ ਕਾਇਦੇ ‘ਕੱਠੇ ਕੀਤੇ,
ਆਣ ਫ਼ਰੰਗੀ ਧਾੜਾਂ।
ਵੀਹਾਂ ਵਿਚ ਢੇਰ ਲਾ ਫੂਕੇ,
ਦੁੱਤੀ ਰਲ਼ੇ ਕਰਾੜਾਂ।
ਇਲਮ ਦੇ ਸੋਮੇ ਖ਼ਾਕ ਰਲ਼ਾ ਕੇ
ਰੂਹ ਨੂੰ ਦੇਵਣ ਗੰਢਾਂ।
ਅੰਮ੍ਰਿਤ ਦੀ ਹਰ ਕਣੀ ਦੇ ਵੈਰੀ,
ਸੱਪ ਫਿਰਨ ਵਿਚ ਨਾੜਾਂ।
ਕਵਿਤਾ ਤੋਂ ਇਲਾਵਾ ਇਸ ਕਿਤਾਬ ਦੀ ਭੂਮਿਕਾ ਵੀ ਬਹੁਤ ਮਹੱਤਵਪੂਰਨ ਹੈ। ਭੂਮਿਕਾ ਵਿਚ ਕਾਲ ਤੇ ਸਥਾਨ ਦੇ ਸੰਬੰਧਾਂ, ਬੋਲੀ, ਕਵਿਤਾ ਅਤੇ ਹੋਰ ਵਿਸ਼ਿਆਂ ਬਾਰੇ ਦਿੱਤੇ ਗਏ ਵਿਚਾਰ ਦੀਰਘ ਤੇ ਉਚ ਕੋਟੀ ਦੇ ਹਨ। ਪੱਛਮ ਦੇ ਜਿਨ੍ਹਾਂ ਫਿਲਾਸਫਰਾਂ ਦੇ ਹਵਾਲੇ ਭੂਮਿਕਾ ਵਿਚ ਆਏ ਹਨ, ਉਹ ਪੱਛਮ ਵਿਚ ਵੱਡੇ ਵਿਦਵਾਨਾਂ ਵਜੋਂ ਸਥਾਪਿਤ ਹਨ। ਇਨ੍ਹਾਂ ਹਵਾਲਿਆਂ ਵਿਚ ਕੋਈ ਸੱਤਹੀ ਪੱਧਰ ਦੀ ਗੱਲ ਨਹੀਂ ਕੀਤੀ ਗਈ, ਬਲਕਿ ੍ਹੲਦਿੲਗਗੲਰ, ਝੁਲਅਿ ਕਰਸਿਟੲਵਅ ਤੇ ਧੲਰਰਦਿਅ ਵਰਗੇ ਵੱਡੇ ਫਿਲਾਸਫਰਾਂ ਦੀਆਂ ਲਿਖਤਾਂ ਦੇ ਲੰਮੇ ਅਧਿਐਨ ਕਰ ਕੇ ਪੰਜਾਬੀ ਵਿਚ ਬਹੁਤ ਮਹੱਤਵਪੂਰਨ ਵਿਚਾਰ ਸਾਂਝੇ ਕੀਤੇ ਗਏ ਹਨ। ਪ੍ਰਭਸ਼ਰਨਦੀਪ ਸਿੰਘ ਜੀ ਨੇ ਫਲਸਫੇ ਦੀਆਂ ਬਹੁਤ ਔਖੀਆਂ ਗੱਲਾਂ ਪੰਜਾਬੀ ਵਿਚ ਬਹੁਤ ਆਸਾਨ ਕਰ ਕੇ ਆਪਣੇ ਪਾਠਕਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਅਤੇ ਉਹ ਆਪਣੀ ਕੋਸਿ਼ਸ਼ ਵਿਚ ਕਾਮਯਾਬ ਵੀ ਹੋਏ ਹਨ। ਉਨ੍ਹਾਂ ਕੁੱਜੇ ਵਿਚ ਸਮੁੰਦਰ ਨੂੰ ਪਾਇਆ ਹੈ। ਉਨ੍ਹਾਂ ਬਹੁਤ ਸਹਿਜੇ ਹੀ ਇਹ ਗੱਲ ਸਮਝਾਈ ਕਿ ਕਿਸ ਤਰ੍ਹਾਂ ਅਸੀਂ ਬੋਲੀ ਨੂੰ ਨਹੀਂ ਬੋਲਦੇ ਬਲਕਿ ਬੋਲੀ ਸਾਡੇ ਰਾਹੀਂ ਬੋਲਦੀ ਹੈ। ਇਹ ਇਕ ਬਹੁਤ ਮਹੱਤਵਪੂਰਨ ਤੇ ਜ਼ਰੂਰੀ ਗੱਲ ਹੈ। ਇਸ ਤੋਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਕਿਸ ਤਰ੍ਹਾਂ ਆਮ ਤੌਰ `ਤੇ ਅਸੀਂ ਸਾਰੇ ਸਟੇਟ ਤੇ ਹੋਰ ਵੱਡੀਆਂ ਤਾਕਤਾਂ ਜੋ ਇਨਸਾਨ ਨੂੰ ਗੁਲਾਮ ਬਣਾਉਂਦੀਆਂ ਹਨ ਦੇ ਬਿਰਤਾਂਤ (ਂਅਰਰਅਟਵਿੲ) ਵਿਚ ਹੀ ਗੱਲ ਕਰਦੇ ਹਾਂ। ਪਰ ਕਵਿਤਾ ਹੀ ਇਕ ਜ਼ਰੀਆ ਹੈ ਜਿਸ ਰਾਹੀਂ ਅਸੀਂ ਗੁਲਾਮ ਬਿਰਤਾਂਤਾਂ ਤੋਂ ਆਜ਼ਾਦ ਹੋ ਕੇ ਆਪਣੀ ਗੱਲ ਰੱਖ ਸਕਦੇ ਹਾਂ। ਕਵੀ ਲਿਖਦਾ ਹੈ ਕਿ “ਕਾਵਿਕ ਹੋ ਕੇ ਮਨੁੱਖ ਬਿਰਤਾਂਤਾਂ ਦੀ ਨਿਰਧਾਰਤ ਕੀਤੀ ਬੋਲੀ ਨਹੀਂ ਬੋਲਦਾ”।
ਇਸੇ ਤਰ੍ਹਾਂ 1947 ਤੋਂ ਬਾਅਦ ਭਾਰਤ ਸਰਕਾਰ ਨੇ ਵੀ ਅੰਗਰੇਜ਼ਾਂ ਵਾਲੇ ਹਥਕੰਡੇ ਵਰਤ ਕੇ ਸਿੱਖਾਂ ਨੂੰ ਅੱਜ ਤਕ ਗੁਲਾਮ ਬਣਾਇਆ ਹੋਇਆ ਹੈ ਤੇ ਸਰੀਰਕ ਤੇ ਮਾਨਸਿਕ ਤਸ਼ੱਦਦ ਦੀ ਇੰਤਹਾਂ ਕੀਤੀ ਹੋਈ ਹੈ।
ਬਾਕੀ ‘ਦੇਸ ਨਿਕਾਲ਼ਾ’ ਦੀ ਭੂਮਿਕਾ ਵਿਚ ਕਵੀ ਨੇ ਆਪਣੇ ਕਾਵਿਕ ਸਫ਼ਰ ਨੂੰ ਬਿਆਨ ਕਰਦਿਆਂ ਖੱਬੇਪੱਖੀ ਮਾਰਕਸੀ ਕਾਮਰੇਡਾਂ ਵਲੋਂ ਪੰਜਾਬ ਤੇ ਸਿੱਖਾਂ ਨਾਲ ਕਮਾਏ ਧਰੋਹ ਬਾਰੇ ਵੀ ਦੱਸਿਆ ਹੈ। ਇਹ ਦੱਸਿਆ ਕਿ ਕਿਸ ਤਰ੍ਹਾਂ ਸਟੇਟ ਤੇ ਕਾਮਰੇਡਾਂ ਮਿਲ ਕੇ ਸਿੱਖਾਂ ਨੂੰ ਫਿਰਕੂਵਾਦੀ ਬਣਾ ਕੇ ਪੰਜਾਬ ਦੇ ਅਕਾਦਮਿਕ ਅਦਾਰਿਆਂ ਵਿਚੋਂ ਪਾਸੇ ਕੀਤਾ। ਭੂਮਿਕਾ ਵਿਚ ਮਾਰਕਸ ਦੇ ਧਰਮ ਦੀ ਪਰਿਭਾਸ਼ਾ ਕਿ ਧਰਮ ਲੋਕਾਂ ਨੂੰ ਕਾਬੂ ਕਰਨ ਦਾ ਇਕ ਸਾਧਨ ਹੈ, ਦਾ ਵੀ ਨਿਬੇੜਾ ਕੀਤਾ ਹੈ। ਆਖਿਰ ਇਹੀ ਕਿਹਾ ਜਾ ਸਕਦਾ ਹੈ ਕਿ ਦੇਸ ਨਿਕਾਲ਼ਾ ਦੀ ਭੂਮਿਕਾ ਤੇ ਕਵਿਤਾ ਦੋਵੇਂ ਪੰਜਾਬ ਦੇ ਚਿੰਤਕਾਂ ਲਈ ਵੱਡੀ ਸੌਗਾਤ ਹਨ, ਜੋ ਸਾਹਿਤਕ ਤੇ ਅਕਾਦਮਿਕ ਦਾਇਰਿਆਂ ਲਈ ਬਹੁਤ ਸਾਰੇ ਨਵੇਂ ਰਾਹ ਖੋਲ੍ਹਣ ਦੀ ਸਮਰੱਥਾ ਰੱਖਦੇ ਹਨ। ਪ੍ਰਭਸ਼ਰਨਦੀਪ ਸਿੰਘ ਜੀ ਦੀ ਕਿਤਾਬ ਦੇਸ ਨਿਕਾਲ਼ਾ ਸਿੱਖ ਪੰਥ ਨੂੰ ਵੱਡੀ ਦੇਣ ਹੈ। ਸਮੂਹ ਪੰਜਾਬੀਆਂ ਨੂੰ ਇਹ ਕਿਤਾਬ ਜ਼ਰੂਰ ਪੜ੍ਹਨੀ ਚਾਹੀਦੀ ਹੈ। ਇਸ ਵਿਚਲੀਆਂ ਕਵਿਤਾਵਾਂ ਨੂੰ ਪੜ੍ਹ ਕੇ ਕੋਈ ਨਾ ਬਿਆਨ ਕੀਤਾ ਜਾਣ ਵਾਲਾ ਸਕੂਨ ਮਿਲਦਾ ਹੈ। ਇਹ ਕਵਿਤਾ ਸੱਚੀਂ ਕੋਈ ਦੇਹੀ ਦੇ ਸੰਗੀਤ ਨੂੰ ਛੇੜਦੀ ਹੈ। ਪ੍ਰਭਸ਼ਰਨਦੀਪ ਸਿੰਘ ਜੀ ਦੀ ਕਿਤਾਬ ਦਾ ਲਿਖਿਆ ਜਾਣਾ ਸਿੱਖਾਂ ਲਈ ਮਾਣ ਦੀ ਗੱਲ ਹੈ। ਉਮੀਦ ਹੈ ਕਿ ਉਹ ਭਵਿੱਖ ਵਿਚ ਵੀ ਹੋਰ ਕਿਤਾਬਾਂ ਲਿਖ ਕੇ ਸਾਡੀ ਝੋਲੀ ਪਾਉਣਗੇ।