ਪ੍ਰਿੰ. ਸਰਵਣ ਸਿੰਘ
ਨਿੰਦਰ ਘੁਗਿਆਣਵੀ ਨੂੰ ਸੁਰਮਾ ਪਾਉਣਾ ਵੀ ਆਉਂਦਾ ਤੇ ਮਟਕਾਉਣਾ ਵੀ ਆਉਂਦੈ। ਅਸਤਰ ਐਸਾ ਕਿ ਅਧਿਆਨੀ ਦੀ ਦੁਆਨੀ, ਦੁਆਨੀ ਦੀ ਚੁਆਨੀ ਤੇ ਚੁਆਨੀ ਦੀ ਅਠਿਆਨੀ ਬਣਾ ਕੇ ਚਲਾ ਸਕਦੈ। ਹੋ ਸਕਦੈ ਹੋਰ ਅੱਗੇ ਜਾ ਕੇ ਗਾਰਗੀ ਨੂੰ ਵੀ ਮਾਤ ਪਾ ਜਾਵੇ! ਐਪਰ ਵੇਖਣ ਨੂੰ ਐਨਾ ਨਹੀਂ ਲੱਗਦਾ ਜਿੰਨਾ ਹੈਗਾ। ਉਹ ਨਿੱਕੇ ਕੱਦ ਦਾ ਕੱਦਾਵਰ ਲੇਖਕ ਹੈ। ਕੱਦ ਸਵਾ ਪੰਜ ਫੁੱਟ, ਉਮਰ ਪੰਤਾਲੀ ਸਾਲਾਂ ਤੋਂ ਘੱਟ, ਪਰ ਕਿਤਾਬਾਂ ਛਪਾ ਚੁੱਕੈ ਪੰਜਾਹਾਂ ਤੋਂ ਵੱਧ। ਤੱਕੜ ਦੇ ਇਕ ਪਾਸੇ ਉਸ ਨੂੰ ਬਿਠਾ ਲਈਏੇ ਤੇ ਦੂਜੇ ਪਾਸੇ ਉਹਦੀਆਂ ਤੇ ਉਹਦੇ ਬਾਰੇ ਲਿਖੀਆਂ ਕਿਤਾਬਾਂ ਦੀ ਬੋਰੀ ਧਰ ਲਈਏ ਤਾਂ ਕਿਤਾਬਾਂ ਵਾਲਾ ਪਾਸਾ ਭਾਰਾ ਹੋਵੇਗਾ। ਹੈਰਤ ਹੁੰਦੀ ਹੈ ਉਹਦੀ ਲੇਖਣੀ ਦੀਆਂ ਸਪਰਿੰਟਾਂ ਵੇਖ ਕੇ! ਡਰ ਲੱਗਦੈ ਕਿਤੇ ਸਾਹੋ-ਸਾਹ ਹੋਇਆ ਡਿੱਗ ਈ ਨਾ ਪਵੇ?
ਉਸ ਨੇ ਸੱਤਵੀਂ-ਅੱਠਵੀਂ `ਚ ਪੜ੍ਹਦਿਆਂ, ਹੱਟੀ ਕਰਦਿਆਂ, ਕਾਗਜ਼ਾਂ-ਕਾਪੀਆਂ ਤੇ ਵਹੀ ਉਤੇ ਲਿਖਣਾ ਸ਼ਰੂ ਕੀਤਾ ਸੀ। ਫਿਰ ਯਮਲੇ ਜੱਟ ਦਾ ਚੇਲਾ ਬਣ ਕੇ ਤੂੰਬੀ ਵਜਾਉਣ ਨਾਲ ਕਿਤਾਬਾਂ ਦਾ ਬੋਹਲ ਵੀ ਲਾ ਦਿੱਤਾ। ਮਸਾਂ ਦਸਵੀਂ ਤਕ ਪੜ੍ਹੇ ਦੀਆਂ ਕਿਤਾਬਾਂ ਉਤੇ ਹੁਣ ਯੂਨੀਵਰਸਿਟੀਆਂ `ਚ ਐੱਮ ਫਿੱਲਾਂ ਤੇ ਪੀਐੱਚ ਡੀਆਂ ਹੋ ਰਹੀਆਂ। ਸਾਲ `ਚ ਇਕ ਦੋ ਨਹੀਂ ਚਾਰ-ਚਾਰ ਪੁਸਤਕਾਂ ਪ੍ਰਕਾਸਿ਼ਤ ਕਰਵਾਉਂਦਾ ਆ ਰਿਹੈ। ਸਵੈ-ਜੀਵਨੀ, ਜੀਵਨੀਆਂ, ਸਫ਼ਰਨਾਮੇ, ਰੇਡੀਓਨਾਮੇ, ਟੀਵੀਨਾਮੇ, ਰੇਖਾ ਚਿੱਤਰ, ਲਲਿਤ ਨਿਬੰਧ, ਯਾਦਾਂ, ਡਾਇਰੀਆਂ, ਮੁਲਕਾਤਾਂ, ਅਖ਼ਬਾਰਾਂ ਰਸਾਲਿਆਂ ਦੇ ਸਥਾਈ ਕਾਲਮ ਤੇ ਫੁਟਕਲ ਰਚਨਾਵਾਂ। ਵਿਚੇ ‘ਪਿੰਡ ਦੀ ਬਾਜ਼ੀ’ ਤੇ ‘ਦੇਸ਼ ਵਿਦੇਸ਼ ਦੇ ਅੱਖੀਂ ਡਿੱਠੇ ਖੇਡ ਮੇਲੇ’। ਉਸ ਨੇ ਯੂਨੀਵਰਸਿਟੀਆਂ ਤੇ ਵੱਡੇ ਪ੍ਰਕਾਸ਼ਨ ਅਦਾਰਿਆਂ ਲਈ ਕੁਝ ਪੁਸਤਕਾਂ ਦਾ ਸੰਪਾਦਨ ਵੀ ਕੀਤਾ। ਉਹਦੀਆਂ ਕਿਤਾਬਾਂ ਦੇ ਅਨੁਵਾਦ ਵੀ ਹੋਏ ਤੇ ਮਾਣ ਸਨਮਾਨ ਵੀ ਮਿਲੇ। ਦਰਜਨਾਂ ਆਈਏਐੱਸ ਤੇ ਆਈਪੀਐਸ ਅਫਸਰ ਉਹਦੇ ਜਾਣੂੰ ਹਨ ਜਿਨ੍ਹਾਂ `ਚੋਂ ਪੰਜ ਸੱਤ ਚੰਗੇ ਯਾਰ ਬੇਲੀ ਹਨ। ਜੇ ਕਿਤੇ ਉਹ ਸਿਫ਼ਾਰਸ਼ੀ ਠੱਗੀਆਂ ਮਾਰਨ ਰਾਹ ਪੈ ਗਿਆ ਤਾਂ ਕਿਸੇ ਨੂੰ ਡਾਹੀ ਨੀ ਦੇਣੀ! ਉਹ ਮੈਨੂੰ ਕਦੇ ‘ਚਾਚਾ’ ਕਦੇ ‘ਤਾਇਆ’ ਕਹਿ ਕੇ ਛੇੜਨੋਂ ਨਹੀਂ ਹਟਦਾ। ਤਾਇਆ ਵੀ ਫੇਰ ਭਤੀਜੇ ਨੂੰ ਕਿਉਂ ਨਾ ਛੇੜੇ? ਤਿੱਖੀ ਤੋਰੇ ਤੋਰ ਕੇ ਚਾਲੋਂ ਕਿਉਂ ਨਾ ਕੱਢੇ? ਪਿੱਛੋਂ ਭਾਵੇਂ ਪਿੱਟਦਾ ਈ ਫਿਰੇ, ਮੁੜ ਕੇ ਤਾਏ ਨਾਲ ਨੀ ਤੁਰਨਾ!
ਨਿੰਦਰ ਦੇ ਕਈ ਨੇੜੂ ਉਸ ਨੂੰ ‘ਜੁਗਾੜੀ’ਕਹਿੰਦੇ ਹਨ। ਪਰ ਮੈਂ ਉਸ ਨੂੰ ‘ਜੁਗਤੀ’ ਸਮਝਦਾਂ। ਜੁਗਤੀ ਲੇਖਕ, ਪੱਤਰਕਾਰ, ਕਾਲਮਨਵੀਸ, ਰੇਡੀਓਕਾਰ ਤੇ ਤੂੰਬੀਕਾਰ ਯਾਨੀ ਫਾਈਵ ਇਨ ਵਨ ਹੈ। ਮਿਲਾਪੜਾ ਵੀ ਹੈ ਤੇ ਟੁੱਟ-ਪੈਣਾ ਵੀ। ਨਾ ਰੁੱਸਦੇ ਨੂੰ ਮਿੰਟ ਲੱਗਦੈ ਨਾ ਮੰਨਦੇ ਨੂੰ ਮਿੰਟ। ਮੇਰੇ ਨਾਲ ਉਹਦਾ ਵਾਹਵਾ ਵਾਹ ਰਿਹੈ। ਕੈਨੇਡਾ ਵਿਚ ਵੀ ਤੇ ਪੰਜਾਬ `ਚ ਵੀ ਮਿਲਦਾ-ਗਿਲਦਾ ਰਹਿੰਦੈ। ਫੋਨ `ਤੇ ਕਈ ਤਰ੍ਹਾਂ ਦੀਆਂ ਆਵਾਜ਼ਾਂ ਕੱਢਦਾ ਕਹਿੰਦਿਆਂ ਕਹਾਉਂਦਿਆਂ ਦੀਆਂ ਸਾਂਗਾਂ ਲਾਉਂਦੈ। ਫਿਲਹਾਲ ਵਾਲੇ ਗੁਰਬਚਨ ਦੀਆਂ ਸਭ ਤੋਂ ਵੱਧ। ਬਖਸ਼ਦਾ ਕਜ਼ਾਕ ਨੂੰ ਵੀ ਨਹੀਂ। ਤੂੰਬੀ ਦੀ ਤੁਣ-ਤੁਣ ਨਾਲ ਬੋਝਾ ਭਰਨਾ ਜਾਣਦੈ। ਬੋਝਾ ਭਰ ਜਾਵੇ ਤਾਂ ਘਿਲ ਬਿੱਲੀਆਂ ਵੀ ਬੁਲਾਉਂਦੈ!
ਉਹਦੀ ਵਾਰਤਕ ਵਗਦੀ `ਵਾ ਵਰਗੀ ਹੈ। ਪਾਠਕਾਂ ਨੂੰ ਆਪਣੇ ਵੇਗ ਨਾਲ ਹੀ ਖਿੱਚੀ ਤੁਰੀ ਜਾਂਦੀ ਹੈ। ਜਿਹੜਾ ਇਕ ਵਾਰ ਉਹਦੀ ਗ੍ਰਿਫ਼ਤ `ਚ ਆਇਆ ਮੁੜ ਕੇ ਨਹੀਂ ਨਿਕਲ ਸਕਿਆ। ਜਿਸ ਚਾਲ ਨਾਲ ਕਿਤਾਬਾਂ ਛਪਾ ਰਿਹੈ, ਲੱਗਦੈ ਸੈਂਕੜਾ ਮਾਰਨ ਦਾ ਰਿਕਾਰਡ ਤੋੜੇਗਾ। ਚੌਕੇ ਛਿੱਕੇ ਜੁ ਲਾਉਂਦਾ ਹੋਇਆ! ਉਹ ਸਾਥੋਂ ਪਿੱਛੋਂ ਤੁਰ ਕੇ ਅੱਗੇ ਨਿਕਲ ਗਿਐ। ਆਪਣੀਆਂ ਪੁਸਤਕਾਂ `ਤੇ ਵੱਡੇ-ਵੱਡੇ ਬੰਦਿਆਂ ਦੀਆਂ ਟਿੱਪਣੀਆਂ ਛਪਵਾਉਂਦੈ। ਮਿਸਾਲ ਵਜੋਂ ਸੁਪਰੀਮ ਕੋਰਟ ਦੇ ਰਿਟਾਇਰ ਜਸਟਿਸ ਜੀ ਐਸ ਸਿੰਘਵੀ, ਦਿੱਲੀ ਹਾਈ ਕੋਰਟ ਦੇ ਰਿਟਾਇਰ ਜਸਟਿਸ ਰਾਜਿੰਦਰ ਸੱਚਰ, ਰਿਟਾਇਰ ਜਸਟਿਸ ਅਜੀਤ ਸਿੰਘ ਬੈਂਸ, ਰਿਟਾਇਰ ਜਸਟਿਸ ਮੈਡਮ ਐੱਚ ਕੇ ਸੰਧੂ, ਚਾਂਸਲਰ ਡਾ. ਸਰਦਾਰਾ ਸਿੰਘ ਜੌਹਲ, ਸਾਬਕਾ ਚੋਣ ਕਮਿਸ਼ਨਰ ਡਾ. ਮਨੋਹਰ ਸਿੰਘ ਗਿੱਲ, ਸੀਬੀਆਈ ਦੇ ਸਾਬਕਾ ਡਾਇਰੈਕਟਰ ਜੋਗਿੰਦਰ ਸਿੰਘ ਤੇ ਸਾਬਕਾ ਰਾਜ ਸਭਾ ਮੈਂਬਰ ਤਰਲੋਚਨ ਸਿੰਘ। ਜਗਦੇਵ ਸਿੰਘ ਜੱਸੋਵਾਲ, ਨਾਵਲਕਾਰ ਗੁਰਦਿਆਲ ਸਿੰਘ, ਗੁਰਬਚਨ ਸਿੰਘ ਭੁੱਲਰ ਤੇ ਹਮਾ ਤੁਮਾ ਨੇ ਤਾਂ ਉਹਦੇ ਬਾਰੇ ਹੀ ਸੀ।
ਮੈਂ ਉਹਦੀ ਵਾਰਤਕ ਬਾਰੇ ‘ਨਿੰਦਰ ਘੁਗਿਆਣਵੀ ਦੀ ਵਾਰਤਕ ਪੜ੍ਹਦਿਆਂ’ ਪੁਸਤਕ ਸੰਪਾਦਿਤ ਕੀਤੀ ਹੈ ਜਿਸ ਦੇ ਸਰਵਰਕ ਉਤੇ ਵਰਿਆਮ ਸਿੰਘ ਸੰਧੂ ਤੇ ਸੁਰਜੀਤ ਪਾਤਰ ਦੇ ਕਥਨ ਛਾਪੇ ਹਨ। ਸੰਧੂ ਨੇ ਲਿਖਿਆ: ਨਿੰਦਰ ਦੀ ਵਾਰਤਕ ਵਿਚ ਇਕ ਅਨੂਠੀ ਖਿੱਚ ਹੈ। ਪੜ੍ਹਨ ਬੈਠ ਗਏ ਹੋ ਤਾਂ ਫਿਰ ਜਾਓਗੇ ਕਿੱਥੇ? ਉਹਦੀ ਲਿਖਤ ਤੁਹਾਨੂੰ ਫੜ ਕੇ ਬਹਿ ਜਾਵੇਗੀ। ਜਾਪੇਗਾ ਕਿ ਤੁਹਾਡਾ ਕੋਈ ਡਾਢਾ ਪਿਆਰਾ ਤੁਹਾਡੇ ਨਾਲ ਦਿਲ ਦੀਆਂ ਗੱਲਾਂ ਕਰੀ ਜਾ ਰਿਹੈ। ਉਹ ਗੱਲ `ਚੋਂ ਗੱਲ ਕੱਢੀ ਤੁਰਿਆ ਜਾਂਦੈ ਤੇ ਤੁਸੀਂ ਉਹਦੇ ਬੋਲਾਂ ਦੇ ਕੀਲੇ ਉਹਦੇ ਨਾਲ-ਨਾਲ ਤੁਰੀ ਜਾਂਦੇ ਹੋ। ਉਹ ਕਦੀ ਤੁਹਾਨੂੰ ਡੂੰਘੀਆਂ ਸੋਚਾਂ ਵਿਚ ਪਾ ਦਿੰਦਾ ਹੈ ਪਰ ਅਗਲੇ ਪਲ ਹੀ ਕੁਤਕਤਾਰੀਆਂ ਵੀ ਕਰਨ ਲੱਗਦਾ ਹੈ। ਤੁਸੀਂ ਮੁਸਕਰਾਂਦੇ ਹੋ। ਤੁਹਾਡਾ ਰਉਂ ਬਣਿਆਂ ਵੇਖ ਕੇ ਤੁਹਾਨੂੰ ਹਸਾ ਵੀ ਦਿੰਦਾ ਹੈ। ਅਗਲੀਆਂ ਸਤਰਾਂ ਵਿਚ ਕੋਈ ਐਸੀ ਝਾਕੀ ਸਿਰਜਦਾ ਹੈ ਕਿ ਤੁਹਾਡੀਆਂ ਅੱਖਾਂ ਸਿੱਲ੍ਹੀਆਂ ਹੋ ਜਾਂਦੀਆਂ ਹਨ। ਲਿਖਤ ਪੜ੍ਹਨ ਤੋਂ ਬਾਅਦ ਤੁਸੀਂ ਕਦੀ ਰੱਜੇ-ਰੱਜੇ ਮਹਿਸੂਸ ਕਰਦੇ ਹੋ, ਕਦੇ ਬੈਚੈਨ ਤੇ ਪਰੇਸ਼ਾਨ ਵੀ। ਕਦੇ ਬਹੁਤ ਖੁਸ਼ ਤੇ ਕਦੇ ਬਹੁਤ ਉਦਾਸ ਵੀ। ਇਹੋ ਹੀ ਤਾਂ ਕਿਸੇ ਰਚਨਾ ਦੀ ਚੰਗੀ ਨਿਸ਼ਾਨੀ ਹੁੰਦੀ ਹੈ।
ਪਾਤਰ ਨੇ ਲਿਖਿਆ: ਜਦੋਂ ਕਦੀ ਮੈਂ ਨਿੰਦਰ ਘੁਗਿਆਣਵੀ ਦੀ ਵਾਰਤਕ ਪੜ੍ਹਦਾ ਹਾਂ ਤਾਂ ਮੈਨੂੰ ਉਸ ਦੀ ਬੇਬਾਕੀ, ਉਸ ਦੀ ਮਾਸੂਮੀਅਤ, ਵਿਅੰਗ ਤੇ ਉਸ ਵਿਚਲਾ ਵਿਨੋਦੀਪਣ ਬਹੁਤ ਚੰਗਾ ਲੱਗਦਾ ਹੈ। ਉਸ ਨੇ ਜਿ਼ੰਦਗੀ ਨੂੰ ਬਹੁਤ ਨੇੜਿਓਂ ਵੇਖਿਆ ਹੈ, ਨੇੜੋਂ ਵੇਖਿਆ ਹੀ ਨਹੀਂ ਸਗੋਂ ਇਕ ਅਜਿਹੇ ਕੋਨ ਤੋਂ ਵੇਖਿਆ ਹੈ, ਜਿਥੋਂ ਵੇਖਣਾ ਤਥਾਕਥਿਤ ਬਹੁਤ ਸਾਰੇ ਲੇਖਕਾਂ ਨੂੰ ਨਸੀਬ ਨਹੀਂ ਹੁੰਦਾ। ਨਿੰਦਰ ਨੇ ‘ਕੁਛ ਨਹੀਂ’ ਬਣ ਕੇ ਉਨ੍ਹਾਂ ਲੋਕਾਂ ਦਾ ਤਮਾਸ਼ਾ ਵੇਖਿਆ, ਜੋ ਆਪਣੇ ਆਪ ਨੂੰ ‘ਬਹੁਤ ਕੁਛ’ ਸਮਝਦੇ ਸਨ। ਨਿੰਦਰ ਦਾ ਇਹ ਦ੍ਰਿਸ਼ ਬਿੰਦੂ ਉਸ ਦੀ ਵਾਰਤਕ ਨੂੰ ਇਕ ਵੱਖਰੀ ਸਾਰਥਿਕਤਾ ਤੇ ਨਿਆਰਾਪਣ ਦਿੰਦਾ ਹੈ। ਉਸ ਦੀ ਸਵੈ-ਜੀਵਨੀ ‘ਮੈਂ ਸਾਂ ਜੱਜ ਦਾ ਅਰਦਲੀ’ ਬਹੁਤ ਮਕਬੂਲ ਹੋਈ ਸੀ। ਨਿੰਦਰ ਦੀਆਂ ਵਾਕਫ਼ੀਆਂ ਤੇ ਲਿਹਾਜ਼ਦਾਰੀਆਂ ਦਾ ਘੇਰਾ ਰੰਗ-ਬਿਰੰਗਾ ਹੈ। ਪੰਜਾਬੀ ਸਾਹਿਤ ਨੂੰ ਚੰਗੇ ਵਾਰਤਕਕਾਰਾਂ ਦੀ ਬੇਹੱਦ ਲੋੜ ਹੈ। ਮੇਰੀ ਇੱਛਾ ਹੈ ਕਿ ਨਿੰਦਰ ਘੁਗਿਆਣਵੀ ਆਪਣੀ ਪ੍ਰਤਿਭਾ ਨੂੰ, ਮਿਹਨਤ, ਸੁਹਿਰਦਤਾ ਅਤੇ ਅਨੁਭਵ ਨਾਲ ਹੋਰ ਚਮਕਾਵੇ ਤੇ ਬਹੁਤ ਵੱਡਾ ਵਾਰਤਾਕਾਰ ਬਣੇ। ਇਹ ਮੇਰੀ ਇੱਛਾ ਵੀ ਹੈ ਅਤੇ ਆਸ ਵੀ।
ਬਹੁਤੇ ਪੰਜਾਬੀ ਲੇਖਕ ਕਲਪੀ ਜਾਂਦੇ ਨੇ, ਪਿੱਟੀ ਜਾਂਦੇ ਨੇ ਪਈ ਅਸੀਂ ਮਾਂ ਬੋਲੀ ਵਿਚ ਲਿਖਦੇ-ਲਿਖਦੇ ਲੁੱਟੇ ਗਏ, ਪੱਟੇ ਗਏ! ਪਰ ਨਿੰਦਰ ਕਲਮ ਵਾਹ ਕੇ ਤੇ ਤੂੰਬੀ ਟੁਣਕਾਅ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਸੋਹਣਾ ਤੋਰੀ ਜਾ ਰਿਹੈ। ਉਹਨੇ ਘਰ ਵੀ ਕੱਚੇ ਤੋਂ ਪੱਕਾ ਬਣਾ ਲਿਐ। ਉਹ ਗਾਰਗੀ ਪਿੱਛੋਂ ਪੰਜਾਬੀ ਸਾਹਿਤ ਦਾ ਸਭ ਤੋਂ ਸਫਲ ਸੇਲਜ਼ਮੈਨ ਸਾਬਤ ਹੋ ਰਿਹੈ। ਤਦੇ ਤਾਂ 2001 ਤੋਂ ਹਵਾਈ ਜਹਾਜ਼ਾਂ ਦਾ ਸਵਾਰ ਹੈ। ਵਿਦੇਸ਼ਾਂ ਵਿਚ ਉਹਦੇ ਸੈਂਕੜੇ ਪਾਠਕ/ਪ੍ਰੇਮੀ ਹਨ ਜਿਨ੍ਹਾਂ ਦੇ ਪਰਾਂ ਉਤੇ ਉਹ ਉਡਿਆ ਫਿਰਦੈ। ਜਮਾਤਾਂ ਭਾਵੇਂ ਘੱਟ ਪੜ੍ਹ ਸਕਿਆ ਪਰ ਧੱਕੇ-ਧੋੜੇ ਖਾਂਦਾ ਗੁੜ੍ਹ ਬਹੁਤ ਗਿਐ। ਮੈਂ ਉਸ ਨੂੰ ਵਾਰਤਕ ਦੀ ਦੌੜ ਦਾ ਮਿਲਖਾ ਸਿੰਘ ਸਮਝਦਾਂ। ਪਹਿਲਾਂ ਉਸ ਦਾ ਕਾਲਮ ‘ਬਾਵਾ ਬੋਲਦਾ ਹੈ’ ਬੜਾ ਚੱਲਿਆ,ਹੁਣ ‘ਸਿਆਸੀ ਝਰੋਖਾ’ ਚੱਲ ਪਿਐ। ਇਨ੍ਹੀਂ ਦਿਨੀਂ ਉਹਦੀ 55ਵੀਂ ਪੁਸਤਕ ਪ੍ਰਕਾਸ਼ਤ ਹੋਈ ਹੈ। ਇਹ ਸਤਰਾਂ ਛਪਣ ਤਕ ਹੋ ਸਕਦੈ 56ਵੀਂ ਵੀ ਛਪ ਜਾਵੇ! ਦਸ ਬਾਰਾਂ ਐਡੀਸ਼ਨਾਂ ਛਪੀ ‘ਮੈਂ ਸਾਂ ਜੱਜ ਦਾ ਅਰਦਲੀ’ ਵਿਚ ਉਸ ਨੇ ਆਪਣੇ ਦਿਲ ਦਾ ਦਰਦ ਦੱਸਿਆ ਸੀ ਜਦ ਕਿ ‘ਕਾਲੇ ਕੋਟ ਦਾ ਦਰਦ’ ਵਿਚ ਜੱਜਾਂ ਦੇ ਦਿਲ ਦਾ ਦਰਦ ਦੱਸਿਆ।
ਨਿੰਦਰ ਫਰੀਦਕੋਟ ਨੇੜਲੇ ਰੇਤਲੇ ਪਿੰਡ ਘੁਗਿਆਣੇ ਵਿਚ 15 ਮਾਰਚ 1978 ਨੂੰ ਕਿਸਾਨ/ਹਟਵਾਣੀਏ ਰੌਸ਼ਨ ਲਾਲ ਦੇ ਘਰ ਮਾਤਾ ਰੂਪ ਰਾਣੀ ਦੀ ਕੁੱਖੋਂ ਜੰਮਿਆ। ਬਚਪਨ ਤੰਗੀ ਤੁਰਸ਼ੀ `ਚ ਬੀਤਿਆ। ਪਸ਼ੂ ਚਾਰੇ, ਕੱਖ ਖੋਤੇ, ਖੁਰਲੀਆਂ `ਚ ਪੱਠ ਪਾਏ, ਖੇਤਾਂ `ਚ ਜੋਤੇ ਲਾਏ, ਹੱਟੀ `ਤੇ ਸੌਦਾ ਪੱਤਾ ਵੇਚਿਆ ਤੇ ਤੂੰਬੀ ਵਜਾਉਂਦਾ ਸੁਣਾਉਂਦਾ ਜੱਜ ਦਾ ਅਰਦਲੀ ਬਣਿਆ। ਢਾਈ ਕੁ ਸਾਲ ਅਰਦਲ `ਚ ਰਿਹਾ। ਕਚਹਿਰੀ `ਚ `ਵਾਜ਼ਾਂ ਮਾਰਦਾ, ਜੱਜ ਦੀ ਮੱਝ ਦਾ ਗੋਹਾ ਕੂੜਾ ਕਰਦਾ, ਦਾਰੂ ਪੀਣੇ ਜੱਜ ਨੂੰ ਤੂੰਬੀ ਸੁਣਾਉਂਦਾ, ਕੁੱਟ ਖਾਂਦਾ ਪੱਤਰਕਾਰੀ ਕਰਦਾ ਰਿਹਾ। ਫਰੀਦਕੋਟ ਦਾ ਅਰਦਲਪੁਣਾ ਛੁੱਟਿਆ ਤਾਂ ਪਟਿਆਲੇ ਦੇ ਭਾਸ਼ਾ ਵਿਭਾਗ ਵਿਚ ਦਿਹਾੜੀਦਾਰ ਕਾਮਾ ਜਾ ਲੱਗਾ। ਤਿੰਨ ਸਾਲ ਉਥੇ ਧੰਦ ਪਿੱਟਿਆ। ਪਹਿਲਾਂ ਜੱਜਾਂ ਨੂੰ ਫਿਰ ਲੇਖਕਾਂ ਨੂੰ ਨੇੜਿਓਂ ਵੇਖਦਾ ਚਾਖਦਾ ਰਿਹਾ। ਇਉਂ ਲਿਖਣ ਦਾ ਮਸਾਲਾ ਉਹਦੇ ਹੱਥ ਲੱਗਦਾ ਗਿਆ। ਉਸ ਨੇ ‘ਮੈਂ ਸਾਂ ਜੱਜ ਦਾ ਅਰਦਲੀ’ ਪੁਸਤਕ ਲਿਖੀ ਜਿਸ ਨੇ ਉਹਦੀ ਗੁੱਡੀ ਅਸਮਾਨੇ ਚਾੜ੍ਹ ਦਿੱਤੀ। ਜੇ ਉਹ ਜੱਜ ਦਾ ਅਰਦਲੀ ਨਾ ਬਣਦਾ, ਜੇ ਉਹਨੂੰ ਕੁਲੱਕੜ ਜੱਜ ਨਾ ਮਿਲਦਾ, ਜੇ ਯਮਲੇ ਜੱਟ ਦੀ ਤੂੰਬੀ ਉਹਦੇ ਹੱਥ ਨਾ ਲਗਦੀ ਤਾਂ ਨਿੰਦਰ ਅੱਜ ਵੀ ਘੁਗਿਆਣੇ ਦੀ ਹੱਟੀ `ਤੇ ਬੈਠਾ ਹੁੰਦਾ ਜਿਸ ਨੂੰ ਪਿੰਡ ਤੋਂ ਬਾਹਰ ਸ਼ਾਇਦ ਹੀ ਕੋਈ ਜਾਣਦਾ।
ਲਾਲ ਚੰਦ ਯਮਲੇ ਦਾ ਚੇਲਾ ਉਹ ਬਚਪਨ ਵਿਚ ਹੀ ਬਣ ਗਿਆ ਸੀ ਜਿਥੋਂ ਤੂੰਬੀ ਉਹਦੇ ਹੱਥ ਲੱਗ ਗਈ ਸੀ। ਆਵਾਜ਼ ਉਹਦੀ ਪਹਿਲਾਂ ਹੀ ਯਮਲੇ ਵਰਗੀ ਬਰੀਕ ਸੀ। ਉਹ ਤੂੰਬੀ ਐਸੀ ਕਰਾਮਾਤੀ ਨਿਕਲੀ ਕਿ ਉਸ ਨੇ ਪਛੜੇ ਪਿੰਡ ਦੇ ਨਿੱਕੇ ਜਿਹੇ ਮੁੰਡੇ ਨੂੰ ਕੈਨੇਡਾ, ਅਮਰੀਕਾ, ਇੰਗਲੈਂਡ ਤੇ ਆਸਟ੍ਰੇਲੀਆ ਦੀਆਂ ਸੈਰਾਂ ਕਰਾ ਦਿੱਤੀਆਂ ਜਿਥੇ ਪੌਂਡਾਂ/ਡਾਲਰਾਂ ਨਾਲ ਬੋਝੇ ਭਰਦੇ ਗਏ। ਇਹੋ ਤੂੰਬੀ ਉਸ ਨੇ 2005 `ਚ ਇੰਗਲੈਂਡ ਦੀ ਪਾਰਲੀਮੈਂਟ ਵਿਚ ਵਜਾਈ। ਮੌਕਾ ਸੀ ਮਹਾਰਾਜਾ ਰਣਜੀਤ ਸਿੰਘ ਸੈਮੀਨਾਰ। ਉਹ 16 ਸਾਲਾਂ ਦਾ ਸੀ ਜਦੋਂ ਉਹਦੀ ਪਹਿਲੀ ਕਿਤਾਬ ‘ਤੂੰਬੀ ਦੇ ਵਾਰਿਸ’ ਛਪੀ। ਫਿਰ ਨਾਵਲ ‘ਗੋਧਾ ਅਰਦਲੀ’ ਛਪਿਆ। 2001 ਵਿਚ ‘ਮੈਂ ਸਾਂ ਜੱਜ ਦਾ ਅਰਦਲੀ’ ਛਪੀ ਜੋ ਵਾਰ ਵਾਰ ਛਪਦੀ ਗਈ। ਕੌਣ ਕਹਿੰਦੈ ਪੰਜਾਬੀ ਕਿਤਾਬਾਂ ਦੇ ਗਾਹਕ ਨਹੀਂ? ਜੇ ਗਾਹਕ ਨਹੀਂ ਤਾਂ ਪ੍ਰਕਾਸ਼ਕਾਂ ਦੀਆਂ ਗੱਡੀਆਂ ਕਾਹਦੇ ਸਿਰ `ਤੇ ਘੁੰਮਦੀਐਂ? ਇਹ ਗੱਲ ਜ਼ਰੂਰ ਹੈ ਕਿ ਬਹੁਤੀਆਂ ਕਿਤਾਬਾਂ ਹੀ ਅਜਿਹੀਆਂ ਛਪੀ ਜਾਂਦੀਐਂ ਜਿਨ੍ਹਾਂ ਦੇ ਵਾਕਿਆ ਹੀ ਬਹੁਤੇ ਪਾਠਕ ਗਾਹਕ ਨਹੀਂ।
ਉਹਦੀ ਵਾਰਤਕ ਦਾ ਨਮੂਨਾ ਵੇਖੋ: ਮੈਂ ਉਨ੍ਹਾਂ ਮੁਨਸਿਫ਼ਾਂ ਦਾ ਧੰਨਵਾਦੀ ਹਾਂ, ਜਿਨ੍ਹਾਂ ਨੇ ਮੈਨੂੰ ਰੁਜ਼ਗਾਰ ਦਿੱਤਾ। ਮੈਂ ਉਨ੍ਹਾਂ ਦਾ ਵੀ ਧੰਨਵਾਦੀ ਹਾਂ, ਜਿਨ੍ਹਾਂ ਮੈਥੋਂ ਅਰਦਲਪੁਣਾ ਛੁਡਵਾਇਆ ਤੇ ਮੈਂ ਕਿਸੇ ਹੋਰ ਪਟੜੀ `ਤੇ ਤੁਰ ਪਿਆ। ਸੱਚੀਂ-ਮੁੱਚੀਂ ਅੱਜ ਉਹ ਲੋਕ ਮੈਨੂੰ ਰਹਿ-ਰਹਿ ਕੇ ਯਾਦ ਆਉਂਦੇ ਨੇ। ਉਹ ਥਾਵਾਂ ਮੈਨੂੰ ਹਾਕਾਂ ਮਾਰਦੀਆਂ ਨੇ, ਜਿਥੇ ਕਦੀ ਮੈਂ ਅਦਾਲਤਾਂ ਦੇ ਬੂਹਿਆਂ ਮੂਹਰੇ ਖਲੋ ਕੇ ‘ਫਲਾਣਾ ਬਨਾਮ ਫਲਾਣਾ ਹਾਜ਼ਰ ਹੋ’ ਦੀਆਂ ਆਵਾਜ਼ਾਂ ਮਾਰਿਆ ਕਰਦਾ ਸਾਂ। ਇਕ ਰਾਤ ਚੌਕੀਦਾਰ ਬਣ ਕੇ ਪਹਿਰਾ ਦਿੰਦਿਆਂ ਸਹਿਮੀ ਹੋਈ ਖ਼ਾਮੋਸ਼ੀ ਨੂੰ ਮੋਟੇ ਡੰਡੇ ਦੀ ‘ਠੱਕ-ਠੱਕ’ ਵੀ ਮੈਂ ਸੁਣਾਈ ਸੀ… ਕਚਹਿਰੀ ਦੇ ਆਵਾਰਾ ਕੁੱਤਿਆਂ ਦੀ ਬਊਂ-ਬਊਂ ਤੇ ਕਚਹਿਰੀ ਦੇ ਪਿਛਵਾੜਿਓਂ ਅੱਧੀ ਰਾਤੀਂ ਲੰਮੀ ਕੂਕ ਮਾਰ ਕੇ ਲੰਘ ਰਹੀ ਰੇਲ… ਜਾਮਣਾਂ ਦੇ ਰੁੱਖ `ਤੇ ਬੈਠੇ ਉੱਲੂ ਦੀ ਕੁਰਲਾਹਟ! ਟੁੱਟੇ ਬੈਂਚ ਤੋਂ ਮੈਂ ਡਰ ਕੇ ਉਠਿਆ ਸਾਂ। ਡੰਡਾ ਚੌਰਾਹੇ ਵਿਚ ਮਾਰਿਆ। ਉੱਲੂ ਉਡਿਆ ਤੇ ਉਜੜੀ ਕੰਟੀਨ ਵਿਚ ਸੂਈ ਕੁੱਤੀ ਭੌਂਕੀ। ਇਹ ਸਾਰਾ ਕੁਝ ਮੈਂ ਕਦੀ ਨਹੀਂ ਭੁੱਲ ਸਕਾਂਗਾ…।
ਬਾਜ਼ੀ ਮੇਰੇ ਪਿੰਡ ਦੀ
ਨਿੱਕਾ ਹੀ ਸਾਂ ਹਾਲੇ ਮੈਂ। ਸਾਡੇ ਪਿੰਡ ਘੁਗਿਆਣੇ ਹਰੇਕ ਸਾਲ ਰਾਜਿਸਥਾਨੋਂ ਬਾਜ਼ੀਗਰ ਬਾਜ਼ੀ ਪਾਉਣ ਆਉਂਦੇ। ਉਹ ਕਈ ਦਿਨ ਪਹਿਲਾਂ ਹੀ ਆ ਜਾਂਦੇ। ਛੱਪੜ ਕੋਲ ਉਜਾੜ ਪਈ ਖੁੱਲ੍ਹੀ ਥਾਂ ਨੂੰ ਆ ਸੰਵਾਰਦੇ। ਟੋਏ-ਟੋਈਆਂ ਭਰਦੇ। ਅੱਕਾਂ, ਅਰਿੰਡਾਂ,ਘਾਹ ਤੇ ਝਾੜ ਬੂਟ ਦੀ ਵਾਧ-ਘਾਟ ਪੁੱਟ ਕੇ ਖੁੂਬ ਸਫ਼ਾਈ ਕਰ ਲੈਂਦੇ। ਨੇੜੇ-ਤੇੜੇ ਦੇ ਘਰਾਂ ਦੀਆਂ ਬੁੜ੍ਹੀਆਂ ਆਪੋ-ਆਪਣੀਆਂ ਪਥਕਣਾਂ ’ਚੋਂ ਪਾਥੀਆਂ `ਕੱਠੀਆਂ ਕਰ ਕੇ ਇਕ ਪਾਸੇ ਢੇਰੀ ਲਾ ਦੇਂਦੀਆਂ, ਥਾਂ ਹੋਰ ਖੁੱਲ੍ਹੀ ਹੋ ਜਾਂਦੀ। ਜਿੰਨੇ ਦਿਨ ਬਾਜ਼ੀਗਰ ਠਹਿਰਦੇ ਕੁੜੀਆਂ-ਬੁੜ੍ਹੀਆਂ ਓਨੇ ਦਿਨ ਪਾਥੀਆਂ ਨਾ ਪਥਦੀਆਂ ਤੇ ਘਰੇ ਹੀ ਗੋਹੇ ਦੀਆਂ ਢੇਰੀਆਂ ਲਾਈ ਜਾਂਦੀਆਂ। ਪਿੰਡ ਦਾ ਚੌਂਕੀਦਾਰ ਆਸ਼ਕ ਸਿੰਘ, ਪੀਪਾ ਖੜਕਾਉਂਦਾ ਤੁਰਿਆ ਫਿਰਦਾ। ਉਹਦੇ ਨਾਲ ਮੰਨਿਆ ਦੰਨਿਆ ਗੰਗੂ ਬਾਜ਼ੀਗਰ ਵੀ ਹੁੰਦਾ। ਆਸ਼ਕ ਸਿੰਘ ਪੀਪੇ ਉੱਤੇ ਡੰਡਾ ਮਾਰਦਾ ਤੇ ਬੋਲਦਾ, “ਭਾਈ ਫਲਾਣੀ ਤਰੀਕ ਨੂੰ ਬਾਜ਼ੀ ਪੈਣੀ ਐਂ ਆਪਣੇ ਪਿੰਡ, ਹੁੰਮ-ਹੁੰਮਾ ਕੇ ਪਹੁੰਚਿਓ ਭਾਈ… ਸਭ ਮਾਈ-ਭਾਈ ਤੇ ਜੁਆਕ-ਜੱਲੇ… ਗੰਗੂ ਬਾਜ਼ੀਗਰ ਦਾ ਮਾਣ-ਤਾਣ ਕਰਿਓ ਭਾਈ ਆਕੇ ਸਾਰਾ ਪਿੰਡ…ਏਹਨਾਂ ਕਿਹੜਾ ਨਿੱਤ-ਨਿੱਤ ਆਉਣੈਂ।”
ਗੰਗੂ ਮਧਰੇ ਕੱਦ ਦਾ ਛਾਂਟਵਾਂ ਪਰ ਗੱਠੇ ਜੁੱਸੇ ਵਾਲਾ ਬਾਜ਼ੀਗਰ ਸੀ। ਜਦੋਂ ਮੈਂ ਉਸ ਨੂੰ ਵੇਖਿਆ, ਉਦੋਂ ਉਹ ਬਜ਼ੁਰਗੀ ਵੱਲ ਵਧ ਰਿਹਾ ਸੀ। ਸਾਡੇ ਪਿੰਡ ਉਹ ਅੱਜ ਕੱਲ੍ਹ ਦਾ ਨਹੀਂ, ਜੁਆਨੀ ਵੇਲੇ ਤੋਂ ਆ ਰਿਹਾ ਸੀ ਹਰੇਕ ਵਰੇ੍ਹ। ਆਪਣੇ ਪੁੱਤਾਂ, ਭਤੀਜਿਆਂ ਤੇ ਭਾਣਜਿਆਂ ਨੂੰ ਨਾਲ ਲੈ ਕੇ ਆਉਂਦਾ। ਹਰ ਸਾਲ ਉਹਦੇ ਨਵੇਂ ਪੱਠੇ ਬਣੇ ਹੁੰਦੇ ਜੋ ਬਾਜ਼ੀ ਪਾਉਣੀ ਸਿੱਖਦੇ ਉਹਦੇ ਨਾਲ ਆਉਂਦੇ। ਗੰਗੂ ਦੀ ਟੋਲੀ ਦੇ ਬਾਜ਼ੀਗਰ ਹੱਟੇ-ਕੱਟੇ, ਕਮਾਏ ਸਰੀਰਾਂ ਵਾਲੇ, ਕਾਲੇ ਰੰਗ ਦੇ, ਮੁਗਧਰਾਂ ਵਰਗੇ ਨਿੱਗਰ ਹੁੰਦੇ। ਉਸ ਸਮੇਂ ਦੇ ਦ੍ਰਿਸ਼ ਅਜੇ ਵੀ ਮੇਰੀਆਂ ਅੱਖਾਂ ਮੂਹਰੇ ਤੈਰਨ ਲਗਦੇ ਨੇ। ਪਿੰਡ ਦੇ ਲੋਕ ਬਾਜ਼ੀ ਪੈਣ ਮੌਕੇ ਗੰਗੂ ਬਾਜ਼ੀਗਰ ਦੀ ਟੋਲੀ ਦਾ ਦਿਲ ਖੋਲ੍ਹ ਕੇ ਮਾਣ-ਤਾਣ ਕਰਦੇ। ਉਸਨੂੰ ਕਦੇ-ਕਦੇ ਕੋਈ ਗਹਿਣਾ ਵੀ ਪਾ ਜਾਂਦਾ। ਰੁਪੱਈਆਂ ਨਾਲ ਕਣਕ, ਛੋਲੇ, ਜੌਂ, ਮੂੰਗੀ, ਕੰਬਲ, ਘਿਓ, ਖੇਸ ਤੇ ਘਰ ਦੀ ਸਰ੍ਹੋਂ ਦੇ ਤੇਲ ਦੀਆਂ ਪੀਪੀਆਂ ਦਿੰਦੇ। ਗੰਗੂ ਸ਼ੁਕਰਾਨੇ ਵਜੋਂ ਹੱਥ ਬੰਨ੍ਹੀ ਖੜ੍ਹਾ ਹੁੰਦਾ। ਜਿਹੜੇ ਘਰ ਨਿੱਕ-ਸੁੱਕ ਦੇਣੋ ਖੁੰਝ ਜਾਂਦੇ, ਗੰਗੂ ਉਚੇਚਾ ਉਨ੍ਹਾਂ ਦੇ ਘਰੀਂ ਫੇਰੀ ਪਾਉਂਦਾ। ਉਹ ਲਾਲਚੀ ਨਹੀਂ ਸੀ। ਉਹਨੂੰ ਸਾਰੇ ਘਰਾਂ ਬਾਬਤ ਪੂਰਾ ਪਤਾ ਸੀ ਕਿ ਕੌਣ-ਕੌਣ, ਕਿੰਨਾ-ਕਿੰਨਾ ਕੁ ਬਣਦਾ ਤਣਦਾ ਦੇ ਸਕਦਾ ਹੈ। ਜੋ ਕੋਈ ਜਿੰਨਾ ਵੀ ਦਿੰਦਾ, ਗੰਗੂ ਮੱਥੇ ਨੂੰ ਛੁਹਾ ਕੇ ਪ੍ਰਵਾਨ ਕਰਦਾ। ਮੈਂ ਉਹਦੀਆਂ ਤਿੰਨ ਕੁ ਬਾਜ਼ੀਆਂ ਹੀ ਵੇਖੀਆਂ। ਉਹਦੀ ਬਾਜ਼ੀ ਉਹਦੇ ਜੀਂਦੇ ਜੀਅ ਸਦਾ ਸਫ਼ਲ ਰਹੀ। ਜਦੋਂ ਉਹ ਚੜ੍ਹਾਈ ਕਰ ਗਿਆ, ਪੁੱਤ ਭਤੀਜੇ ਤੇ ਭਾਣਜੇ ਖਿੰਡ-ਪੁੰਡ ਗਏ ਤਾਂ ਬਾਜ਼ੀ ਵੀ ਮਰ ਮੁੱਕ ਗਈ। ਹੁਣ ਕਦੇ ਕਦਾਈਂ ਗੰਗੂ ਦੀ ਕੁੜੀ ਪਿੰਡ ਫੇਰੀ ਮਾਰਦੀ ਹੈ। ਕੁਝ ਲੋਕ ਥੋੜ੍ਹੇ ਬਹੁਤ ਪੈਸੇ-ਧੇਲੇ ਦੇ ਦਿੰਦੇ ਹਨ, ਉਹ ਵੀ ਜਿਹੜੇ ਪੁਰਾਣੇ ਸਮੇਂ ਤੋਂ ਗੰਗੂ ਨੂੰ ਜਾਣਦੇ ਸਨ। ਨਵੀਂ ਮੁੰਡੀਹਰ ਨੇ ਕੀ ਲੈਣਾ ਐਂ ਗੰਗੂ ਦੀ ਧੀ ਤੋਂ? ਸਮੇਂ ਦੇ ਰੰਗ ਹਨ ਭਾਈ, ਸਮੇਂ ਦੇ ਨਾਲ ਈ ਲੱਦ ਗਏ। ਪੂਰਾਂ ਦੇ ਪੂਰ ਤੁਰ ਗਏ ਤੇ ਤੁਰਦੇ ਜਾ ਰਹੇ ਨੇ। ਖੈਰ!
ਉਸ ਦਿਨ ਗੰਗੂ ਬੁੱਢਾ ਪੌੜੀ ਉਪਰ ਟੰਗੇ ਮੰਜਿਆਂ ਉੱਤੋਂ ਦੀ ਛਾਲ ਮਾਰਨੀ ਚਾਹ ਰਿਹਾ ਸੀ। ਸਾਰਾ ਪਿੰਡ ਵੇਖ ਰਿਹਾ ਸੀ ਕਿ ਵੇਖੋ ਬੁੱਢੜੇ ਤੋਂ ਛਾਲ ਵਜਦੀ ਵੀ ਹੈ ਜਾਂ ਨਹੀਂ। ਮੈਂ ਵੀ ਆਪਣੇ ਹਾਣੀਆਂ ਨਾਲ ਬੈਠਾ ਬੜਾ ਉਤਸੁਕ ਸਾਂ। ਗੰਗੂ ਨੇ ਛਾਲ ਲਗਾਈ, ਪਰ ਮੰਜੇ ਟੱਪ ਨਹੀਂ ਸਕਿਆ। ਉਹ ਮੰਜਿਆਂ ਨਾਲ ਹੀ ਲੁੜਕ ਗਿਆ ਤੇ ਲੋਕ ਹੱਸ ਪਏ। ਫਿਰ ਵੀ ਲੋਕ ਉਹਦਾ ਪੈਸੇ ਦੇ ਕੇ ਮਾਣ-ਤਾਣ ਕਰਨ ਲੱਗੇ। ਰੁਪੱਈਆ-ਰੁਪੱਈਆ ਜਾਂ ਦੋ ਰੁਪੱਈਏ ਉਦੋਂ ਦੇ ਵੇਲੇ ਵਾਹਵਾ ਹੁੰਦੇ ਸਨ। ਪੰਜਾਂ ਦਸਾਂ ਦਾ ਨੋਟ ਤਾਂ ਕੋਈ ਸਰਦਾ-ਪੁੱਜਦਾ ਵਿਰਲਾ ਸਰਦਾਰ ਜ਼ਿਮੀਂਦਾਰ ਹੀ ਦਿੰਦਾ ਸੀ। ਖ਼ੈਰ! ਗੰਗੂ ਦੇ ਭਤੀਜੇ ਨੇ ਮੁੰਡਿਆਂ ਨੂੰ ਦੱਸਿਆ ਕਿ ਚਾਚੇ ਨੇ ਇਹ ਖੇਡ ਲੋਕਾਂ ਨੂੰ ਹਸਾਉਣ ਲਈ ਹੀ ਖੇਡੀ ਹੈ। ਜਦੋਂ ਬਾਜ਼ੀ ਮੁੱਕੂਗੀ, ਉਦੋਂ ਚਾਚਾ ਸੂਲੀ ਦੀ ਛਾਲ ਲਾਊਗਾ, ਵੇਖਦੇ ਜਾਇਓ ਤੁਸੀਂ…ਚਾਚਾ ਕਿੱਥੇ ਟਲਦਾ ਐ!
ਸੂਲੀ ਦੀ ਛਾਲ ਸਭ ਤੋਂ ਖ਼ਤਰਨਾਕ ਹੁੰਦੀ ਹੈ। ਇਸੇ ਕਰਕੇ ਵਧੇਰੇ ਖਿੱਚ ਪਾਉਂਦੀ ਹੈ। ਬਹੁਤੀ ਵਾਰ ਪਿੰਡ ਦੇ ਲੋਕ ਸੂਲੀ ਦੀ ਛਾਲ ਲਾਉਣ ਵਾਲੇ ਬਾਜ਼ੀਗਰ ਨੂੰ ਉਹਦੀ ਜਾਨ ਦਾ ਵਾਸਤਾ ਪਾ ਕੇ ਵਰਜ ਵੀ ਦਿੰਦੇ ਸਨ। ਪਰ ਬਾਜ਼ੀਗਰ ਦਾ ਜੁਆਬ ਹੁੰਦਾ ਸੀ ਕਿ ਇਹ ਉਨ੍ਹਾਂ ਦਾ ਕਸਬ ਹੈ, ਕਿੱਤਾ-ਕਰਮ ਹੈ, ਉਨ੍ਹਾਂ ਦਾ ਵਿਰਸਾ ਹੈ ਤੇ ਵਾਹਿਗੁਰੂ ਦੀ ਕਿਰਪਾ ਹੈ, ਕੁਛ ਨਹੀਂ ਹੋਣ ਲੱਗਾ। ਤੁਸੀਂ `ਕੇਰਾਂ ਛਾਲ ਸੂਲੀ ਦੀ ਛਾਲ ਲੱਗਦੀ ਵੇਖੋ। ਗੰਗੂ ਸੂਲੀ ਦੀ ਛਾਲ ਲਾਉਂਦਾ ਤਾਂ ਲੋਕ ਏਨਾ ਮਾਣ ਸਨਮਾਨ ਕਰਦੇ ਕਿ ਗੰਗੂ ਦੀਆਂ ਸਾਲ ਭਰ ਦੀਆਂ ਲੋੜਾਂ ਪੂਰੀਆਂ ਹੋ ਜਾਂਦੀਆਂ। ਬਾਜ਼ੀ ਵਾਲੀ ਰਾਤ ਪਿੰਡ ’ਚ ਬੱਕਰੇ-ਮੁਰਗੇ ਰਿਝਦੇ ਤੇ ਤੰਦੂਰ-ਤਵੀਆਂ ਤਪਦੇ। ਹਾਰਿਆਂ ਉਤੇ ਧਰੀਆਂ ਤੌੜੀਆਂ `ਚ ਦਾਲਾਂ ਰਿਝਦੀਆਂ। ਦੁੱਧ ਦੇ ਭਰੇ ਡੋਲਣੇ ਬਾਜ਼ੀਗਰਾਂ ਕੋਲੋਂ ਸੰਭਾਲੇ ਨਾ ਜਾਂਦੇ। ਖਾਣ-ਪੀਣ ਵਾਲੇ ਬਾਜ਼ੀਗਰਾਂ ਦੀ ਖ਼ੂਬ ਟਹਿਲ ਸੇਵਾ ਹੁੰਦੀ। ਕਈ ਬਾਜ਼ੀਗਰ ਖਾਣ ਪੀਣ ਤੋਂ ਸੰਗਦੇ ਕਿ ਪਿੰਡ ਦੇ ਲੋਕ ਉਨ੍ਹਾਂ ਨੂੰ ਨਸ਼ੇੜੀ ਨਾ ਕਹਿਣ ਤੇ ਫਿਰ ਕਿਤੇ ਦਾਨ-ਦਕਸ਼ਣਾ ਹੀ ਨਾ ਦੇ ਦੇਣ! ਸਾਲ ਮਗਰੋਂ ਆਉਣ ਵਾਲਾ ਇਹ ਦਿਨ ਪਿੰਡ ਦੇ ਲੋਕਾਂ ਲਈ ਖ਼ੂਬ ਮਨੋਰੰਜਨ ਵਾਲਾ ਦਿਨ ਹੁੰਦਾ ਸੀ ਤੇ ਇਸ ਦਿਨ ਦੀ ਉਚੇਚੀ ਉਡੀਕ ਹੁੰਦੀ ਸੀ।
ਪਿੰਡ ਦੇ ਵਡੇਰੀ ਉਮਰ ਦੇ ਸਿਆਣੇ ਦਸਦੇ ਨੇ ਕਿ ਗੰਗੂ ਨੇ ਬਾਜ਼ੀ ਤੋਂ ਸੰਨਿਆਸ ਵੀ ਸਾਡੇ ਪਿੰਡੋਂ ਹੀ ਲਿਆ ਸੀ ਤੇ ਆਖ਼ਰੀ ਵਾਰੀ ਬੁਢੇਪੇ ’ਚ ਸੂਲੀ ਦੀ ਛਾਲ ਵੀ ਏਥੇ ਹੀ ਲਾਈ ਸੀ। ਉਹਨੂੰ ਪਿੰਡ ਦੇ ਮੁਹਤਬਰਾਂ ਨੇ ਸੂਲੀ ਦੀ ਛਾਲ ਲਾਉਣੋਂ ਵਰਜਿਆ ਸੀ ਤੇ ਖ਼ਤਰਾ ਸਹੇੜਨ ਤੋਂ ਹਟਣ ਲਈ ਆਖਿਆ ਸੀ। ਗੰਗੂ ਦੀਆਂ ਅੱਖਾਂ ਭਰ ਆਈਆਂ ਸਨ, “ਨਾ ਜੀ ਨਾ… ਵੇਖੀ ਜਾਊ ਜੋ ਹੋਊ… ਬਸ ਆਖ਼ਰੀ ਸੂਲੀ ਦੀ ਛਾਲ ਐ ਮੇਰੀ ਘੁਗਿਆਣੇ, ਜੇ ਮੌਤ ਏਥੇ ਲਿਖੀ ਹੋਈ ਤਾਂ ਵੀ ਕੋਈ ਪਰਵਾਹ ਨਹੀਂ। ਪਿੰਡ ਨੇ ਰਿਜ਼ਕ ਦੇਈ ਰੱਖਿਐ ਮੈਨੂੰ ਤੇ ਮੇਰੇ ਬੱਚਿਆਂ ਨੂੰ।” ਲੋਕਾਂ ਦੇ ਵਰਜਣ ਦੇ ਬਾਵਜੂਦ ਗੰਗੂ ਨੇ ਅੱਧ ਅਸਮਾਨੇ ਪੌੜੀਆਂ `ਤੇ ਬੱਧੀ ਛਤਰੀ ਵਰਗੀ ਪਟੜੀ ਉਤੇ ਖੜ੍ਹ ਕੇ ਪੁੱਠੀ ਛਾਲ ਲਾ ਹੀ ਦਿੱਤੀ। ਲੋਕ ਆਲੇ ਦੁਆਲੇ ਖੇਸ ਤੇ ਦੋੜੇ ਫੜੀ ਖੜ੍ਹੇ ਸਨ ਕਿ ਪਟੜੀ ਤੋਂ ਪਾਸੇ ਪੈਰ ਨਿਕਲ ਗਏ ਤਾਂ ਖੇਸਾਂ ਦੋੜਿਆਂ `ਤੇ ਬੋਚ ਕੇ ਬਚਾ ਲਵਾਂਗੇ। ਪਰ ਇਸ ਦੀ ਨੌਬਤ ਨਾ ਆਈ।
ਕਮਾਲ ਹੋ ਗਈ। ਗੰਗੂ ਦੀ ਸੂਲੀ ਦੀ ਆਖ਼ਰੀ ਛਾਲ ਸਫ਼ਲ ਰਹੀ। ਉਹ ਪਟੜੀ ਤੋਂ ਪੁੱਠੀ ਛਾਲ ਮਾਰ ਕੇ ਮੁੜ ਪਟੜੀ `ਤੇ ਅਡੋਲ ਆ ਖੜ੍ਹਾ। ਉਸ ਨੇ ਹੱਥ ਜੋੜ ਕੇ ਪਿੰਡ ਦਾ ਧੰਨਵਾਦ ਕੀਤਾ। ਜਦ ਉਹ ਪਟੜੀ ਤੋਂ ਹੇਠਾਂ ਉਤਰਿਆ ਤਾਂ ਲੋਕਾਂ ਨੇ ਉਸਨੂੰ ਮੋਢਿਆਂ ਉੱਤੇ ਚੁੱਕ ਲਿਆ। ਬੜਾ ਮਾਣ ਮਿਲਿਆ ਉਹਨੂੰ ਉਸ ਦਿਨ। ਪਿੰਡ ਵੱਲੋਂ ਉਸ ਨੂੰ ਕੈਂਠਾ ਪਾਇਆ ਗਿਆ। ਮੈਨੂੰ ਚੇਤੇ ਹੈ, ਸਾਡੇ ਪਿੰਡ ਦਾ ਚੌਂਕੀਦਾਰ ਆਸ਼ਕੀ, ਗੰਗੂ ਨਾਲ ਨੇੜਲੇ ਪਿੰਡਾਂ ਬੇਗੂਵਾਲਾ, ਝੋਟੀਵਾਲਾ ਤੇ ਬੁਰਜ ਮਸਤੇ ਵੀ ਜਾਂਦਾ ਹੁੰਦਾ ਸੀ ਤੇ ਉਹ ਪਿੰਡਾਂ ਦੇ ਪਤਵੰਤਿਆਂ ਨੂੰ ਬਾਜ਼ੀ ਵੇਖਣ ਆਉਣ ਲਈ ਸੱਦੇ ਦਿੰਦੇ ਸਨ। ਦੱਸਦੇ ਨੇ ਕਿ ਬਾਜ਼ੀਗਰਾਂ ਨੇ ਪਿੰਡ ਵੰਡੇ ਹੁੰਦੇ ਸਨ। ਉਹ ਆਪੋ ਆਪਣੇ ਵੰਡੇ ਹੋਏ ਪਿੰਡੀਂ ਹੀ ਜਾਂਦੇ ਸਨ। ਉਹ ਆਪਸ ਵਿਚ ਝਗੜਾ-ਝੇੜਾ ਨਹੀਂ ਸਨ ਕਰਦੇ। ਹੁਣ ਪੰਜਾਬ ਦੀਆਂ ਰਵਾਇਤੀ ਖੇਡਾਂ ਦੇ ਰੰਗ ਰੂਪ ਬਦਲ ਗਏ ਨੇ ਤੇ ਬਹੁਤੀਆਂ ਵਿਰਾਸਤੀ ਖੇਡਾਂ ਤਾਂ ਖਤਮ ਹੀ ਹੋ ਗਈਆਂ ਨੇ। 2022 ਦੇ ਫਰਵਰੀ ਮਹੀਨੇ `ਚ ਚੰਡੀਗੜ੍ਹ ਦੇ ਪੰਜਾਬ ਕਲਾ ਭਵਨ ਵਿਖੇ ਡਾ ਐਮ ਐਸ ਰੰਧਾਵਾ ਕਲਾ ਉਤਸਵ ਮੌਕੇ ਆਥਣੇ ਬਾਜ਼ੀਗਰਾਂ ਨੇ ਬਾਜ਼ੀ ਪਾਈ ਤਾਂ ਚੰਡੀਗੜ੍ਹੀਏ ਪੰਜਾਬੀਆਂ ਦੇ ਮਨ ਮੋਹੇ ਗਏ। ਉਥੇ ਬਾਜ਼ੀਗਰਾਂ ਨੇ ਭਰੇ ਮਨ ਨਾਲ ਕਿਹਾ ਕਿ ਹੁਣ ਸਾਡਾ ਵੇਲਾ ਬੀਤ ਗਿਆ ਸਮਝੋ। ਸਰਕਾਰਾਂ ਨੇ ਕਦੇਸਾਡੀ ਬਾਂਹ ਨਹੀਂ ਫੜੀ ਤੇ ਇਸ ਲੋਕ ਖੇਡ ਨੂੰ ਕਦੇ ਉਤਸ਼ਾਹਿਤ ਨਹੀਂ ਕੀਤਾ। ਕਿਸੇ ਬਾਜ਼ੀਗਰ ਦੀ ਪੈਨਸ਼ਨ ਤਾਂ ਕਿਸੇ ਸਰਕਾਰ ਨੇ ਕੀ ਲਾਉਣੀ ਸੀ, ਕਦੇ ਮਾੜੀ ਮੋਟੀ ਆਰਥਕ ਮੱਦਦ ਵੀ ਨਹੀਂ ਕੀਤੀ। ਨਾ ਹੀ ਸਰਕਾਰੀ ਨੌਕਰੀਆਂ ਵਿਚ ਬਣਦਾ ਕੋਈ ਕੋਟਾ ਰੱਖਿਆ ਗਿਆ। ਟੋਲੀ ਦੇ ਮੁਖੀਏ ਨੇ ਭਰੇ ਮਨ ਨਾਲ ਕਿਹਾ, ਸਾਡੇ ਨਾਲ ਸਦਾ ਵਿਤਕਰਾ ਹੀ ਕੀਤਾ ਗਿਐ। ਉਹ ਜਿੰਨਾ ਕੁ ਬਾਜ਼ੀਆਂ ਦਾ ਪ੍ਰਦਰਸ਼ਨ ਕਰਦੇ ਨੇ, ਸਿਰਫ਼ ਆਪਣੇ ਬਲਬੋਤੇ ਹੀ ਕਰਦੇ ਨੇ। ਭਾਰਤ ਸਰਕਾਰ ਦਾ ਪਟਿਆਲੇ ਵਿਖੇ ਸਥਾਪਤ ਨਾਰਥ ਜੋ਼ਨ ਕਲਚਰਲ ਸੈਂਟਰ ਕੁਝ ਟੀਮਾਂ ਨੂੰ ਖੇਡ ਕਲਾਵਾਂ ਦੀ ਪੇਸ਼ਕਾਰੀ ਲਈ ਲੈ ਕੇ ਜਾਂਦਾ ਹੈ। ਬਠਿੰਡੇ ਜਿ਼ਲ੍ਹੇ ਦੇ ਮੰਡੀ ਕਲਾਂ ਤੇ ਫਿਰੋਜ਼ਪੁਰ ਦੀ ਕਸਾਈਵਾੜਾ ਬਸਤੀ ਦੇ ਕੁਝ ਬਾਜ਼ੀਗਰ ਹਾਲੇ ਵੀ ਸਰਗਰਮ ਹਨ ਅਤੇ ਹੁਸਿ਼ਆਰਪੁਰ ਜਿ਼ਲੇ੍ਹ ਨਾਲ ਸਬੰਧਿਤ ਵੀ ਕੁਝ ਬਾਜ਼ੀਗਰ ਬਾਜ਼ੀਆਂ ਪਾ ਰਹੇ ਹਨ। ਫਰੀਦਕੋਟ ਸ਼ਹਿਰ ਵਿਚ ਇਸ ਕਬੀਲੇ ਦੀ ਪੂਰੀ ਬਸਤੀ ਹੋਂਦ ਵਿਚ ਆ ਚੁੱਕੀ ਹੈ ਜਿਸ ਦਾ ਨਾਂ ਹੀ ‘ਬਾਜ਼ੀਗਰ ਬਸਤੀ’ ਹੈ।
ਖੇਡ ਮੇਲੇ ਵਲੈਤ ਦੇ
ਵਿਦੇਸ਼ਾਂ ਦੀਆਂ ਗੇੜੀਆਂ ਲਾਉਂਦਿਆਂ ਉਥੋਂ ਦੇ ਕਬੱਡੀ ਖੇਡ ਮੇਲੇ ਵੇਖ-ਵੇਖ ਮੈਂ ਦੂਣ ਸਵਾਇਆ ਹੋਈ ਜਾਵਾਂ…ਖਿਡਾਰੀਆਂ ਦੇ ਨਿੱਗਰ ਜੁੱਸੇ, ਚੌੜੀਆਂ ਛਾਤੀਆਂ, ਵੇਲਣਿਆਂ ਵਰਗੇ ਪੱਟ, ਖੇਡ ਮੈਦਾਨਾਂ ਵਿਚ ਵਜਦੀਆਂ ਵਿਸਲਾਂ। ਦਰਸ਼ਕਾਂ ਦੇ ਲਲਕਾਰੇ। ਜੇਤੂਆਂ ਦੀਆਂ ਕਿਲਕਾਰੀਆਂ। ਆਓਭਗਤ ਪੂਰੀ, ਕਿਧਰੇ ਤੰਦੂਰੀ ਚਿਕਨ ਤੇ ਕਿਧਰੇ ਦੇਸੀ ਘਿਓ ਦੀ ਚੂਰੀ। ਕਿਧਰੇ ਜੂਸ, ਕਿਧਰੇ ਮੁਰਗ-ਮੁਸੱਲਮ ਤੇ ਕਿਧਰੇ ਮੱਛੀ ਦੇ ਪਕੌੜੇ। ਮਾਂਹ ਛੋਲਿਆਂ ਦੀ ਦਾਲ ਦੇ ਦੇਗੇ। ਕੋਈ ਤੋਟ ਨਹੀਂ ਸੀ, ਕੋਈ ਖੋਟ ਨਹੀਂ ਸੀ। ਖੁੱਲ੍ਹੇ ਮੈਦਾਨਾਂ ਵਰਗੇ ਮੇਲੀਆਂ ਗੇਲੀਆਂ ਦੇ ਖੁੱਲੇ੍ਹ ਦਿਲ। ਖੇਡ ਪ੍ਰੇਮੀ ਕਾਰਾਂ ਦੀਆਂ ਡਿੱਕੀਆਂ ਭਰੀ ਲਿਆਉਣ। ਖਾਵੀ ਪੀਵੀ ਜਾਣ ਤੇ ਕਬੱਡੀ ਵੇਖੀ ਜਾਣ। ਜਾਣੇ ਅਣਜਾਣੇ, ਇੱਕ ਦੂਜੇ ਨੂੰ ਹਾਕਾਂ ਮਾਰੀ ਜਾਣ, ਆਜੋ ਬਾਈ ਛਕੋ…। ਸਾਡਾ ਵੱਸਦਾ ਰਹੇ ਪੰਜਾਬ! ਸੱਚੀਓਂ ਪਰਦੇਸਾਂ ਵਿਚ ਪੰਜਾਬ ਵਸਾਈ ਬੈਠੇ ਨੇ ਸਾਡੇ ਪੰਜਾਬੀ ਭਰਾ…ਖਿਡਾਰੀਆਂ ਉਤੋਂ ਡਾਲਰ/ਪੌਂਡ ਬਰਸਾਈ ਜਾਣ ਸਾਵਣ ਦੇ ਮੀਂਹ ਵਾਂਗਰਾਂ… ਨਹੀਂ ਭੁਲਣੇ ਉਹ ਨਜ਼ਾਰੇ! ਗੋਰੇ ਪੱਬਾਂ ਭਾਰ ਹੋ-ਹੋ ਵੇਖਣ, ਫੋਟੋਆਂ ਖਿੱਚਣ, ਵੀਡੀਓ ਬਣਾਉਣ ਤੇ ਵੰਡਰਫੁੱਲ-ਵੰਡਰਫੁੱਲ ਕਰੀ ਜਾਣ। ਕਦੇ ਲਿਖਾਂਗਾ ਦੇਸ਼ ਵਿਦੇਸ਼ ਦੇ ਅੱਖੀਂ ਡਿੱਠੇ ਖੇਡ ਮੇਲੇ। ਪਾਵਾਂਗਾ ਕਲਮ ਦੀਆਂ ਕਬੱਡੀਆਂ। ਪੰਜਾਬੀ ਖੇਡ ਸਾਹਿਤ ਲਈ ਹਾਲੇ ਏਨਾ ਕੁ ਤਿਲ-ਫੁੱਲ ਈ ਕਰੋ ਪਰਵਾਨ। ਬਾਕੀ ਕਦੇ ਫੇਰ…।