ਪਾਕਿਸਤਾਨ ਵਿਰੁੱਧ ਮੁਸਲਮਾਨਾਂ ਦੇ ਸੰਘਰਸ਼ ਦੀ ਵਿਰਾਸਤ

ਬੂਟਾ ਸਿੰਘ ਮਹਿਮੂਦਪੁਰ
ਫੋਨ: +91-94634-74342
2014 ‘ਚ ਆਰ.ਐੱਸ.ਐੱਸ.-ਭਾਜਪਾ ਦੇ ਸੱਤਾ ‘ਚ ਆਉਣ ਤੋਂ ਬਾਅਦ ਸਮੁੱਚੇ ਮੁਸਲਮਾਨ ਭਾਈਚਾਰੇ ਨੂੰ ਪਾਕਿਸਤਾਨ ਹਮਾਇਤੀ ਕਰਾਰ ਦੇਣ ਦਾ ਬਿਰਤਾਂਤ ਵਿਆਪਕ ਜ਼ਹਿਰੀਲੀ ਮੁਹਿੰਮ ਦਾ ਰੂਪ ਅਖਤਿਆਰ ਕਰ ਚੁੱਕਾ ਹੈ। ਗੁਜਰਾਤ, ਉੱਤਰ ਪ੍ਰਦੇਸ਼ ਵਰਗੇ ਰਾਜਾਂ ‘ਚ ਜਿੱਥੇ ਮੁਸਲਮਾਨ, ਹਿੰਦੂ ਜਨੂਨੀਆਂ ਦੇ ਹਮਲਿਆਂ ਤੇ ਦੰਗਿਆਂ ਕਾਰਨ ਅਸੁਰੱਖਿਆ ਮਹਿਸੂਸ ਕਰਦਿਆਂ ਮਿੱਸੀ ਵਸੋਂ ਵਾਲੇ ਇਲਾਕੇ ਛੱਡ ਕੇ ਮੁਸਲਿਮ ਬਹੁਗਿਣਤੀ ਬਸਤੀਆਂ ‘ਚ ਜਾ ਕੇ ਵਸ ਗਏ, ਉਨ੍ਹਾਂ ਨੂੰ ਵਿਅੰਗ ਅਤੇ ਨਫਰਤ ਨਾਲ ਪਾਕਿਸਤਾਨ ਕਿਹਾ ਜਾਂਦਾ ਹੈ।

ਜ਼ਹਿਰੀਲੇ ਫਿਰਕੂ ਪ੍ਰਚਾਰ ਕਾਰਨ ਆਟੋ ਜਾਂ ਟੈਕਸੀ ਵਾਲੇ ਵੀ ਉਨ੍ਹਾਂ ਬਸਤੀਆਂ ‘ਚ ਸਵਾਰੀਆਂ ਲੈ ਕੇ ਨਹੀਂ ਜਾਂਦੇ। ਇਹ ਆਰ.ਐੱਸ.ਐੱਸ. ਨਾਲ ਸਬੰਧਤ ਜਥੇਬੰਦੀਆਂ ਦੇ ਦਹਾਕਿਆਂ ਤੋਂ ਸਿਰਜੇ ਜਾ ਰਹੇ ਮੁਸਲਿਮ ਵਿਰੋਧੀ ਜ਼ਹਿਰੀਲੇ ਬਿਰਤਾਂਤ ਦਾ ਸਿੱਟਾ ਹੈ। ਹਿੰਦੂਤਵ ਆਗੂ ਅਤੇ ਆਪੇ ਬਣੇ ਹਿੰਦੂ ਸੰਤ-ਮਹੰਤ ਮੁਸਲਮਾਨਾਂ ਨੂੰ ਅਕਸਰ ਦੇਸ਼ਧ੍ਰੋਹੀ ਅਤੇ ਪਾਕਿਸਤਾਨ ਦੇ ਹਮਾਇਤੀ ਦੱਸਦੇ ਹਨ ਕਿਉਂਕਿ ਇਹ ਬਿਰਤਾਂਤ ਉਨ੍ਹਾਂ ਦੇ ਹਿੰਦੂ ਰਾਸ਼ਟਰ ਦਾ ਏਜੰਡਾ ਅੱਗੇ ਵਧਾਉਣ ਦਾ ਕਾਰਗਰ ਸੰਦ ਹੈ। ਝੂਠਾ ਬਿਰਤਾਂਤ ਲੋਕ ਮਨਾਂ ‘ਚ ਕੁੱਟ-ਕੁੱਟ ਕੇ ਭਰਨ ਦੀ ਕੋਸ਼ਿਸ਼ ਕਰਦਾ ਹੈ ਕਿ ਭਾਰਤ ‘ਚ ਰਹਿ ਰਹੇ ਮੁਸਲਮਾਨ ਮੁਲਕ ਪ੍ਰਤੀ ਵਫਾਦਾਰ ਨਹੀਂ, ਇਸ ਕਰਕੇ ਉਨ੍ਹਾਂ ਉੱਪਰ ਯਕੀਨ ਨਹੀਂ ਕੀਤਾ ਜਾ ਸਕਦਾ।
ਇਸ ਬਿਰਤਾਂਤ ਦੀ ਬੁਨਿਆਦ ਸਾਵਰਕਰ, ਗੋਲਵਲਕਰ ਵਰਗੇ ਹਿੰਦੂਤਵੀ ਸਿਧਾਂਤਕਾਰਾਂ ਨੇ 20ਵੀਂ ਸਦੀ ਦੇ ਸ਼ੁਰੂ ‘ਚ ਹੀ ਰੱਖ ਦਿੱਤੀ ਸੀ। ਸਾਵਰਕਰ ਨੇ ਸਾਰੇ ਧਾਰਮਿਕ ਫਿਰਕਿਆਂ ਨੂੰ ਸਮੋਣ ਵਾਲੇ ਸਾਂਝੇ ਭਾਰਤ ਦੀ ਧਾਰਨਾ ਨੂੰ ਰੱਦ ਕੀਤਾ। ਬਾਲ ਗੰਗਾਧਰ ਤਿਲਕ ਵਰਗੇ ਆਗੂ ਪਹਿਲਾਂ ਹੀ ਹਿੰਦੂ ਰਾਸ਼ਟਰ ਦੀ ਵਕਾਲਤ ਕਰਦੇ ਸਨ। ਪ੍ਰਤੀਕਰਮ ਵਜੋਂ ਜਿਨਾਹ ਨੇ ਵੀ ਧਰਮ ਦੇ ਆਧਾਰ ‘ਤੇ ਵੱਖਰਾ ਮੁਲਕ ਬਣਾਉਣ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਇਸ ਫਿਰਕੂ ਸਿਆਸਤ ਕਾਰਨ 1947 ‘ਚ ਪਾਕਿਸਤਾਨ ਅਤੇ ਭਾਰਤ ਦੋ ਮੁਲਕ ਬਣ ਗਏ। ਇਸ ਤੋਂ ਬਾਅਦ ਹਿੰਦੂਤਵ ਬ੍ਰਿਗੇਡ ਨੇ ਮੁਸਲਮਾਨ ਭਾਈਚਾਰੇ ਵਿਰੁੱਧ ਹਮਲਾ ਹੋਰ ਤਿੱਖਾ ਕਰ ਦਿੱਤਾ। ਗੋਲਵਲਕਰ ਨੇ ਆਪਣੀ ਮਸ਼ਹੂਰ ਕਿਤਾਬ ‘ਬੰਚ ਆਫ ਥਾਟਸ’ ਜਿਸ ਨੂੰ ਆਰ.ਐੱਸ.ਐੱਸ. ਦਾ ਪਵਿੱਤਰ ਗ੍ਰੰਥ ਮੰਨਿਆ ਜਾਂਦਾ ਹੈ, ਦੇ ਅਧਿਆਏ ‘ਅੰਦਰੂਨੀ ਖਤਰੇ’ ਵਿਚ ਭਾਰਤੀ ਮੁਸਲਮਾਨਾਂ ਨੂੰ ਪਹਿਲੇ ਨੰਬਰ ਦਾ ਖਤਰਾ ਕਰਾਰ ਦਿੰਦਿਆਂ ਲਿਖਿਆ ਹੈ- ‘ਅੱਜ ਵੀ ਕਈ ਲੋਕ ਇਹ ਕਹਿੰਦੇ ਦੇਖੇ ਜਾਂਦੇ ਹਨ ਕਿ ‘ਹੁਣ ਕੋਈ ਮੁਸਲਿਮ ਮਸਲਾ ਨਹੀਂ ਹੈ। ਉਹ ਦੰਗਈ ਅਨਸਰ ਜਿਨ੍ਹਾਂ ਨੇ ਪਾਕਿਸਤਾਨ ਦੀ ਹਮਾਇਤ ਕੀਤੀ ਸੀ, ਉਹ ਸਾਰੇ ਜਾ ਚੁੱਕੇ ਹਨ। ਇੱਥੇ ਬਚੇ ਮੁਸਲਮਾਨ ਮੁਲਕ ਪ੍ਰਤੀ ਵਫਾਦਾਰ ਹਨ। ਹੁਣ ਉਹਨਾਂ ਕੋਲ ਕਿਤੇ ਜਾਣ ਦੀ ਕੋਈ ਜਗ੍ਹਾ ਨਹੀਂ। … ਜੇ ਅਸੀਂ ਇਹ ਵਿਸ਼ਵਾਸ ਕਰ ਲਈਏ ਕਿ ਪਾਕਿਸਤਾਨ ਬਣਨ ਤੋਂ ਬਾਅਦ ਉਹ ਰਾਤੋ-ਰਾਤ ਦੇਸ਼ਭਗਤ ਹੋ ਜਾਣਗੇ ਤਾਂ ਇਹ ਆਤਮਘਾਤੀ ਭਰਮ ਹੈ। ਇਸ ਦੇ ਉਲਟ ਪਾਕਿਸਤਾਨ ਬਣਨ ਨਾਲ ਮੁਸਲਿਮ ਖਤਰਾ ਸੈਂਕੜੇ ਗੁਣਾ ਵਧ ਗਿਆ ਹੈ। ਉਹ ਭਵਿੱਖ ਵਿਚ ਸਾਡੇ ਖਿਲਾਫ ਹਮਲਾਵਰ ਯੋਜਨਾਵਾਂ ਲਈ ਪਲੈਟਫਾਰਮ ਸਿੱਧ ਹੋ ਸਕਦੇ ਹਨ।’ ਗੋਲਵਲਕਰ ਅੱਗੇ ਕਹਿੰਦਾ ਹੈ- ‘ਮੁਲਕ ਵਿਚ ਬਹੁਤ ਥਾਵਾਂ ਮੁਸਲਮਾਨ ਬਹੁਗਿਣਤੀ ਵਾਲੀਆਂ ਹਨ ਜੋ ਮਿੰਨੀ (ਛੋਟੇ) ਪਾਕਿਸਤਾਨ ਵਾਂਗ ਹਨ।… ਸਾਡੀ ਧਰਤੀ ਉੱਪਰ ਇਹ ਮੁਸਲਿਮ ਬਹੁਗਿਣਤੀ ਵਾਲੇ ਖੇਤਰ ਸਦਾ ਪਾਕਿਸਤਾਨ ਹਮਾਇਤੀ ਤੱਤ ਦੇ ਰੂਪ ਵਿਚ ਮੌਜੂਦ ਹਨ।… ਕੁਲ ਮਿਲਾ ਕੇ, ਹਰ ਥਾਂ ਤੋਂ ਮੁਸਲਮਾਨ ਟਰਾਂਸਮੀਟਰ ਦੇ ਜ਼ਰੀਏ ਪਾਕਿਸਤਾਨ ਦੇ ਸੰਪਰਕ ਬਣੇ ਹੋਏ ਹਨ..।’ ਇਹ ਵਿਚਾਰ ਹਿੰਦੂਤਵ ਬ੍ਰਿਗੇਡ ਦੀ ਸਮੁੱਚੇ ਮੁਸਲਮਾਨ ਭਾਈਚਾਰੇ ਪ੍ਰਤੀ ਦੁਸ਼ਮਣੀ ਦਾ ਆਧਾਰ ਹਨ। 2018 ‘ਚ ਸੰਘ ਦੇ ਸੁਪਰੀਮੋ ਮੋਹਨ ਭਾਗਵਤ ਨੇ ਭਾਵੇਂ ਸਪਸ਼ਟੀਕਰਨ ਦਿੰਦਿਆਂ ‘ਬੰਚ ਆਫ ਥਾਟ’ ਦੇ ਵਿਵਾਦਪੂਰਨ ਹਿੱਸਿਆਂ ਨਾਲੋਂ ਵਿੱਥ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ‘ਉਹ ਖਾਸ ਹਾਲਤ ‘ਚ ਬੋਲਿਆ ਗਿਆ ਸੀ, ਸੰਘ ਬੰਦ ਸੰਗਠਨ ਨਹੀਂ ਹੈ, ਸਮਾਂ ਬਦਲਦਾ ਹੈ, ਸਾਡੀ ਸੋਚ ਬਦਲਦੀ ਹੈ’ ਪਰ ਵਿਹਾਰ ‘ਚ ਮੁਸਲਿਮ ਵਿਰੋਧੀ ਨਫਰਤ ਸਗੋਂ ਹੋਰ ਤਿੱਖੀ ਹੋਈ ਹੈ। ਇਸ ਨੂੰ ਹੁਣ ਰਾਜਸੀ ਅਤੇ ਰਾਜਕੀ ਸਰਪ੍ਰਸਤੀ ਹਾਸਲ ਹੈ।
ਸਮੁੱਚੇ ਭਾਈਚਾਰੇ ਨੂੰ ਜਿਸ ਦੀ ਜੰਗੇ-ਆਜ਼ਾਦੀ ਵਿਚ ਹਿੱਸਾ ਲੈਣ ਅਤੇ ਪਾਕਿਸਤਾਨ ਬਣਾਉਣ ਦਾ ਵਿਰੋਧ ਕਰਨ ਦੀ ਸ਼ਾਨਾਮੱਤੀ ਵਿਰਾਸਤ ਹੈ, ਹਿੰਦੂਤਵ ਬ੍ਰਿਗੇਡ ਦੇਸ਼ਧ੍ਰੋਹੀ ਬਣਾ ਕੇ ਪੇਸ਼ ਕਰ ਰਿਹਾ ਹੈ ਜਿਸ ਦੀ ਮੁਲਕ ਨੂੰ ਆਜ਼ਾਦ ਕਰਾਉਣ ‘ਚ ਆਪਣੀ ਕੋਈ ਦੇਸ਼ਪ੍ਰੇਮੀ ਭੂਮਿਕਾ ਨਹੀਂ ਹੈ। ਦਰਅਸਲ ਸੰਘ ਪਰਿਵਾਰ ਤਾਂ ਖੁਦ ਐਸਾ ਸਮੂਹ ਹੈ ਜਿਸ ਦੇ ਸਾਵਰਕਰ ਵਰਗੇ ਆਗੂਆਂ/ਸਿਧਾਂਤਕਾਰਾਂ ਨੇ ਜੇਲ੍ਹਾਂ ਦੀਆਂ ਸਖਤੀਆਂ ਤੇ ਸਜ਼ਾਵਾਂ ਤੋਂ ਬਚਣ ਲਈ ਅੰਗਰੇਜ਼ ਹਕੂਮਤ ਨੂੰ ਮੁਆਫੀਨਾਮੇ ਲਿਖਣ ਨੂੰ ਤਰਜੀਹ ਦਿੱਤੀ। ਹਿੰਦੂਤਵ ਆਗੂ ਤਾਂ ਹਿੰਦੂਆਂ ਨੂੰ ਇਹ ਸਿੱਖਿਆ ਦਿੰਦੇ ਸਨ ਕਿ ਸਾਨੂੰ ਆਪਣੀ ਤਾਕਤ ਜੰਗੇ-ਆਜ਼ਾਦੀ ਦੀ ਲੜਾਈ ਵਿਚ ਜ਼ਾਇਆ ਨਹੀਂ ਕਰਨੀ ਚਾਹੀਦੀ ਸਗੋਂ ਅੰਗਰੇਜ਼ਾਂ ਦੇ ਭਾਰਤ ਛੱਡਣ ਸਮੇਂ ਮੁਸਲਮਾਨਾਂ ਤੋਂ ਸਦੀਵੀ ਅਪਮਾਨ ਦਾ ਬਦਲਾ ਲੈਣ ਲਈ ਢੁੱਕਵੇਂ ਸਮੇਂ ਲਈ ਬਚਾ ਕੇ ਰੱਖਣੀ ਚਾਹੀਦੀ ਹੈ। ਇਸ ਤੋਂ ਵਧੇਰੇ ਸਿਤਮਜ਼ਰੀਫੀ ਕੀ ਹੋ ਸਕਦੀ ਹੈ ਕਿ ਐਸੇ ਘਿਨਾਉਣੇ ਦੇਸ਼ਧ੍ਰੋਹੀ ਕਿਰਦਾਰ ਵਾਲੀ ਤਾਕਤ ਇਹ ਫਤਵੇ ਦੇ ਰਹੀ ਹੈ ਕਿ ਮੁਲਕ ਦੀ ਵੰਡ ਸਮੇਂ ਜਿਨ੍ਹਾਂ ਮੁਸਲਮਾਨਾਂ ਨੇ ਪਾਕਿਸਤਾਨ ਚਲੇ ਜਾਣ ਦੀ ਬਜਾਇ ਭਾਰਤ ਵਿਚ ਰਹਿਣ ਨੂੰ ਤਰਜੀਹ ਦਿੱਤੀ, ਉਨ੍ਹਾਂ ਦੀ ਮੁਲਕ ਪ੍ਰਤੀ ਵਫਾਦਾਰੀ ਸ਼ੱਕੀ ਹੈ।
ਇਸ ਕੂੜ ਨੂੰ ਆਧਾਰ ਮੁਹੱਈਆ ਕਰਨ ‘ਚ ਵੱਡੀ ਭੂਮਿਕਾ ਪੱਖਪਾਤੀ ਇਤਿਹਾਸਕਾਰੀ ਦੀ ਵੀ ਹੈ ਜਿਸ ਨੇ ਮਜ਼੍ਹਬ ਦੇ ਆਧਾਰ ‘ਤੇ ਵੱਖਰਾ ਮੁਲਕ ਪਾਕਿਸਤਾਨ ਬਜਾਇ ਜਾਣ ਦਾ ਡੱਟ ਕੇ ਵਿਰੋਧ ਕਰਨ ਵਾਲੇ ਮੁਸਲਮਾਨਾਂ ਦੀ ਭੂਮਿਕਾ ਨੂੰ ਇਤਿਹਾਸ ‘ਚੋਂ ਮਨਫੀ ਕੀਤਾ। ਇਹ ਅੱਧਾ ਸੱਚ ਸਥਾਪਿਤ ਕਰ ਦਿੱਤਾ ਗਿਆ ਕਿ ਕਾਂਗਰਸੀ ਆਗੂ ਮੌਲਾਨਾ ਅਬੁਲ ਕਲਾਮ ਆਜ਼ਾਦ ਵਰਗੇ ਥੋੜ੍ਹੇ ਜਿਹੇ ਮੁਸਲਮਾਨ ਹੀ ਵੰਡ ਦੇ ਖਿਲਾਫ ਸਨ। ਬਾਕੀ ਮੁਸਲਮਾਨ ਤਾਂ ਮੁਸਲਿਮ ਲੀਗ ਦੀ ਪਾਕਿਸਤਾਨ ਦੀ ਮੰਗ ਦੇ ਹਮਾਇਤੀ ਸਨ। ਦੂਜੇ ਪਾਸੇ, ਇਤਿਹਾਸਕਾਰਾਂ ਨੇ ਆਪਣੇ ਦੋਹਰੇ ਪੈਮਾਨੇ ਅਨੁਸਾਰ ਇਕ ਹੋਰ ਤੱਥ ਨੂੰ ਵੀ ਚਲਾਕੀ ਨਾਲ ਨਜ਼ਰਅੰਦਾਜ਼ ਕੀਤਾ ਹੈ। ਉਹ ਇਹ ਕਿ ਬਹੁਤ ਸਾਰੇ ਹਿੰਦੂ ਰਾਸ਼ਟਰਵਾਦੀ ਆਗੂ ਸਨ, ਜਿਵੇਂ ਲਾਲਾ ਲਾਜਪਤ ਰਾਏ, ਬਾਲ ਗੰਗਾਧਰ ਤਿਲਕ, ਲਾਲਾ ਹਰਦਿਆਲ, ਮਦਨ ਮੋਹਨ ਮਾਲਵੀਆ, ਐੱਮ.ਆਰ. ਜੈਅਕਰ, ਐੱਨ.ਸੀ. ਕੇਲਕਰ, ਸਵਾਮੀ ਸ਼ਰਧਾਨੰਦ ਵਗੈਰਾ ਜੋ ਸਾਂਝੇ ਭਾਰਤ ਨੂੰ ਸਵੀਕਾਰ ਨਹੀਂ ਕਰਦੇ ਸਨ ਸਗੋਂ ਉਹ ਭਾਰਤ ਨੂੰ ਆਪਣੇ ਇਸ ਵਿਸ਼ਵਾਸ ਅਨੁਸਾਰ ਹਿੰਦੂ ਰਾਸ਼ਟਰ ਬਣਾਉਣ ਲਈ ਵਚਨਬੱਧ ਸਨ ਕਿ ਭਾਰਤ ਤਾਂ ਆਦਿ-ਕਾਲ ਤੋਂ ਹੀ ਹਿੰਦੂ ਰਾਸ਼ਟਰ ਹੈ। ਜਿਨਾਹ ਉੱਪਰ ਤਾਂ ‘ਦੋ ਕੌਮ-ਸਿਧਾਂਤ’ ਦੇ ਆਧਾਰ ‘ਤੇ ਵੱਖਰਾ ਪਾਕਿਸਤਾਨ ਬਣਾਉਣ ਲਈ ਫਿਰਕਾਪ੍ਰਸਤ ਹੋਣ ਦਾ ਠੱਪਾ ਲਗਾਇਆ ਜਾਂਦਾ ਹੈ ਜੋ ਸਹੀ ਵੀ ਹੈ ਪਰ ਸਾਂਝੇ ਭਾਰਤ ਦਾ ਵਿਰੋਧ ਕਰਨ ਵਾਲੇ ਹਿੰਦੂ ਫਿਰਕਾਪ੍ਰਸਤ ਆਗੂਆਂ ਦੀ ਬਹੁਗਿਣਤੀ ਫਿਰਕਾਪ੍ਰਸਤੀ ਨੂੰ ਰਾਸ਼ਟਰਵਾਦ ਹੇਠ ਲੁਕੋ ਲਿਆ ਜਾਂਦਾ ਹੈ। ਮੁਸਲਮਾਨਾਂ ਅਤੇ ਹਿੰਦੂ ਆਗੂਆਂ ਲਈ ਇਤਿਹਾਸਕਾਰਾਂ ਦੇ ਪੈਮਾਨੇ ਵੱਖੋ-ਵੱਖਰੇ ਹਨ।
ਅਹਿਮ ਗੱਲ ਇਹ ਹੈ ਕਿ ਮੁਸਲਿਮ ਲੀਗ ਦੀ ਪਾਕਿਸਤਾਨ ਦੀ ਮੁਹਿੰਮ ਦਾ ਵਿਰੋਧ ਕਰਨ ਵਾਲੇ ਮੁਸਲਮਾਨਾਂ ਦਾ ਕਦੇ ਜ਼ਿਕਰ ਹੀ ਨਹੀਂ ਕੀਤਾ ਜਾਂਦਾ। ਇਤਿਹਾਸ ਦੇ ਅਣਗੌਲੇ ਪੰਨੇ ਦੱਸਦੇ ਹਨ ਕਿ ਉਦੋਂ ਬਹੁਤ ਵੱਡੀ ਤਾਦਾਦ ‘ਚ ਐਸੇ ਮੁਸਲਮਾਨ ਸਨ ਜਿਨ੍ਹਾਂ ਨੇ ਪਾਕਿਸਤਾਨ ਬਣਾਉਣ ਦੇ ਮੁਸਲਿਮ ਲੀਗੀ ਏਜੰਡੇ ਦਾ ਪੁਰਜ਼ੋਰ ਵਿਰੋਧ ਕੀਤਾ। ਜੋ ਮੁਸਲਮਾਨ ਪਾਕਿਸਤਾਨ ਜਾਣ ਲਈ ਮਜਬੂਰ ਹੋ ਗਏ, ਉਨ੍ਹਾਂ ‘ਚੋਂ ਵੀ ਜ਼ਿਆਦਾਤਰ ਨੂੰ ਮੁੱਖ ਤੌਰ ‘ਤੇ ਮਜ਼੍ਹਬੀ ਜਨੂਨੀਆਂ ਵੱਲੋਂ ਕੀਤੇ ਜਾ ਰਹੇ ਕਤਲੇਆਮ, ਮਾਰਧਾੜ ਅਤੇ ਮੁਸਲਮਾਨ ਔਰਤਾਂ ਦੇ ਬਲਾਤਕਾਰਾਂ ਨਾਲ ਪੈਦਾ ਕੀਤੀ ਅਸੁਰੱਖਿਆ ਕਾਰਨ ਘਰ-ਬਾਰ ਛੱਡ ਕੇ ਜਾਣਾ ਪਿਆ। ਜੋ ਮੁਸਲਮਾਨ ਭਾਰਤ ਵਿਚ ਹੀ ਰਹੇ ਉਹ ਵੀ ਪਾਕਿਸਤਾਨ ਜਾ ਸਕਦੇ ਸਨ। ਜੇ ਉਹ ਨਹੀਂ ਗਏ ਤਾਂ ਉਨ੍ਹਾਂ ਵੱਲੋਂ ਅਜਿਹਾ ਆਪਣੇ ਵਤਨ ਨਾਲ ਪ੍ਰੇਮ ਕਾਰਨ ਕੀਤਾ ਗਿਆ। ਉਨ੍ਹਾਂ ਸਾਹਮਣੇ ਵੀ ਪਾਕਿਸਤਾਨ ਜਾਣ ਜਾਂ ਭਾਰਤ ਵਿਚ ਰਹਿਣ ਦੇ ਦੋਨੋਂ ਰਸਤੇ ਖੁੱਲ੍ਹੇ ਸਨ। ਜਿਨ੍ਹਾਂ ਨੇ ਧਰਮਤੰਤਰੀ ਰਾਜ ਪਾਕਿਸਤਾਨ ‘ਚ ਜਾਣ ਦੀ ਬਜਾਇ ਭਾਰਤ ਵਿਚ ਰਹਿਣ ਨੂੰ ਤਰਜੀਹ ਦਿੱਤੀ, ਉਨ੍ਹਾਂ ਨੂੰ ਦੇਸ਼ਧ੍ਰੋਹੀ ਕਹਿਣਾ ਦੁਸ਼ਟ ਏਜੰਡੇ ਤੋਂ ਵੱਧ ਕੁਝ ਨਹੀਂ।
ਜੰਗੇ-ਆਜ਼ਾਦੀ ਵਿਚ ਮੁਸਲਮਾਨ ਭਾਈਚਾਰੇ ਦੀ ਅਹਿਮ ਭੂਮਿਕਾ ਰਹੀ ਹੈ। ਈਸਟ ਇੰਡੀਆ ਕੰਪਨੀ ਦੇ ਬਸਤੀਵਾਦੀ ਕਬਜ਼ੇ ਵਿਰੁੱਧ 1857 ਦੇ ਜਿਸ ਗਦਰ ਨੂੰ ਪਹਿਲੀ ਜੰਗੇ-ਆਜ਼ਾਦੀ ਕਿਹਾ ਜਾਂਦਾ ਹੈ, ਉਸ ਵਿਚ ਬਹੁਤ ਸਾਰੀਆਂ ਉੱਘੀਆਂ ਮੁਸਲਮਾਨ ਸ਼ਖਸੀਅਤਾਂ ਨੇ ਨਾ ਸਿਰਫ ਅਗਵਾਈ ਕੀਤੀ ਸਗੋਂ ਜਾਨਾਂ ਵੀ ਕੁਰਬਾਨ ਕੀਤੀਆਂ। ਉਨ੍ਹਾਂ ਦੀ ਵਤਨਪ੍ਰੇਮੀ ਭੂਮਿਕਾ ਐਨੀ ਪ੍ਰਭਾਵਸ਼ਾਲੀ ਸੀ ਕਿ ਹਿੰਦੂਤਵ ਦੇ ਬਾਨੀ ਵੀ.ਡੀ. ਸਾਵਰਕਰ ਨੇ ਵੀ 1907 ‘ਚ ਲਿਖੀ ਕਿਤਾਬ ‘ਭਾਰਤ ਦੀ ਪਹਿਲੀ ਜੰਗੇ-ਆਜ਼ਾਦੀ’ ਵਿਚ ਵਤਨਪ੍ਰੇਮੀ ਮੁਸਲਮਾਨਾਂ ਦੀ ਆਗੂ ਭੂਮਿਕਾ ਨੂੰ ਸਲਾਹਿਆ ਸੀ। ਉਸ ਨੇ ਲਿਖਿਆ- ‘ਹਿੰਦੂ-ਮੁਸਲਮਾਨ ਦੋਨੋਂ ਆਪਣੇ ਮੁਲਕ ਦੀ ਸੁਤੰਤਰਤਾ ਦੇ ਲਈ ਮੋਢੇ ਨਾਲ ਮੋਢਾ ਜੋੜ ਕੇ ਲੜੇ ਤਾਂ ਜੋ ਮੁਲਕ ਦੇ ਆਜ਼ਾਦ ਹੋਣ ਤੋਂ ਬਾਦ ਸਾਂਝੇ ਭਾਰਤ ਵਿਚ ਭਾਰਤੀ ਹਾਕਮਾਂ ਅਤੇ ਰਾਜਕੁਮਾਰਾਂ ਦੀ ਸਰਕਾਰ ਬਣਾਈ ਜਾ ਸਕੇ।’ ਨਾਨਾ ਸਾਹਿਬ (ਜੋ ਗ਼ਦਰ ਦੀ ਯੋਜਨਾ ਬਣਾਉਣ ਵਾਲਿਆਂ ‘ਚ ਨਹੀਂ ਸੀ ਪਰ ਜੋ ਸਿਪਾਹੀਆਂ ਦੀ ਬਗ਼ਾਵਤ ਦਾ ਆਗੂ ਬਣ ਗਿਆ) ਦੇ ਵਿਸ਼ਵਾਸਪਾਤਰ ਅਤੇ ਯੁੱਧਨੀਤੀ ਦੇ ਮਾਹਰ ਅਜ਼ੀਮਉੱਲਾ੍ਹ ਖਾਨ ਸਨ। ਈਸਟ ਇੰਡੀਆ ਕੰਪਨੀ ਦੇ ਰਾਜ ਵਿਰੁੱਧ ਗ਼ਦਰ ਦੀ ਯੋਜਨਾ ਬਣਾਉਣ ‘ਚ ਉਸ ਦੀ ਭੂਮਿਕਾ ਬਾਰੇ ਸਾਵਰਕਰ ਨੇ ਲਿਖਿਆ, ‘1857 ਦੇ ਇਨਕਲਾਬੀ ਯੁੱਧ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲਿਆਂ ‘ਚ ਅਜ਼ੀਮਉੱਲਾ੍ਹ ਖਾਨ ਦਾ ਨਾਮ ਯਾਦ ਰੱਖਣ ਲਾਇਕ ਹੈ। ਸੁਤੰਤਰਤਾ ਦਾ ਵਿਚਾਰ ਸਭ ਤੋਂ ਪਹਿਲਾਂ ਦੇਣ ਵਾਲੇ ਬੁੱਧੀਮਾਨ ਲੋਕਾਂ ਵਿਚ ਅਜ਼ੀਮਉੱਲਾ੍ਹ ਨੂੰ ਮਹੱਤਵਪੂਰਨ ਸਥਾਨ ਦੇਣਾ ਜ਼ਰੂਰੀ ਹੈ ਅਤੇ ਉਨ੍ਹਾਂ ਵੱਖਰੀਆਂ-ਵੱਖਰੀਆਂ ਯੋਜਨਾਵਾਂ ਦਰਮਿਆਨ, ਜਿਨ੍ਹਾਂ ਦੇ ਸਹਾਰੇ ਗ਼ਦਰ ਵੱਖ-ਵੱਖ ਪੜਾਵਾਂ ‘ਚ ਅੱਗੇ ਵਧਿਆ, ਅਜ਼ੀਮਉੱਲ੍ਹਾ ਖਾਨ ਦੀ ਰਣਨੀਤੀ ਉੱਪਰ ਖਾਸ ਧਿਆਨ ਦਿੱਤਾ ਜਾਣਾ ਚਾਹੀਦਾ ਹੈ।’ ਇਕ ਹੋਰ ਉੱਘੀ ਸ਼ਖਸੀਅਤ ਅਹਿਮਦ ਸ਼ਾਹ ਬਾਰੇ ਸਾਵਰਕਰ ਨੇ ਲਿਖਿਆ, ‘ਮਹਾਨ ਅਤੇ ਸੰਤ ਸੁਭਾਅ ਦੇ ਅਹਿਮਦ ਸ਼ਾਹ ਨੇ ਬਹੁਤ ਹੁਸ਼ਿਆਰੀ ਨਾਲ ਲਖਨਊ ਅਤੇ ਆਗਰਾ ਦੇ ਹਰ ਹਿੱਸੇ ਵਿਚ ਜਹਾਦ ਦਾ ਸੰਦੇਸ਼ ਫੈਲਾ ਦਿੱਤਾ। ਜਗਦੀਸ਼ਪੁਰ ਦੇ ਨਾਇਕ ਕੁੰਵਰ ਸਿੰਘ ਸੂਬੇ ਦੀ ਕਮਾਨ ਸਾਂਭ ਚੁੱਕੇ ਸਨ ਅਤੇ ਨਾਨਾ ਦੀ ਸਲਾਹ ਨਾਲ ਯੁੱਧ ਦਾ ਸਮਾਨ ਜਮ੍ਹਾ ਕਰਨ ਵਿਚ ਮਸਰੂਫ ਸਨ। ਜਹਾਦ ਦੇ ਇਹੀ ਬੀਜ ਪਟਨਾ ਵਿਚ ਵੀ ਪੁੰਗਰ ਚੁੱਕੇ ਸਨ, ਜਿੱਥੇ ਪੂਰੇ ਸ਼ਹਿਰ ਵਿਚ ਇਨਕਲਾਬੀ ਦਲ ਦਾ ਬਸੇਰਾ ਸੀ। ਮੌਲਵੀ, ਪੰਡਿਤ, ਜਗੀਰਦਾਰ, ਕਿਸਾਨ, ਵਪਾਰੀ, ਵਕੀਲ, ਵਿਦਿਆਰਥੀ ਅਤੇ ਤਮਾਮ ਜਾਤੀਆਂ ਅਤੇ ਸਮਾਜ ਸਵਦੇਸ਼ ਅਤੇ ਧਰਮ ਦੇ ਲਈ ਆਪਣੀਆਂ ਜਾਨਾਂ ਵਾਰਨ ਲਈ ਤੱਤਪਰ ਸਨ।’
ਬਾਅਦ ਵਿਚ ਕਾਲੇ ਪਾਣੀ ਜੇਲ੍ਹ ਦੀ ਕੈਦ ਨੇ ਸਾਵਰਕਰ ਦੀ ਸੋਚ ਬਦਲ ਦਿੱਤੀ। ਸਾਵਰਕਰ ਅੰਗਰੇਜ਼ ਰਾਜ ਦਾ ਵਫਾਦਾਰ ਬਣ ਗਿਆ। ਮੁਲਕ ਦੀ ਆਜ਼ਾਦੀ ਦਾ ਮਿਸ਼ਨ ਤਿਆਗ ਕੇ ਉਸ ਨੇ ਹਿੰਦੂ ਰਾਸ਼ਟਰ ਬਣਾਉਣ ਲਈ ਹਿੰਦੂਤਵ ਦੀ ਨੀਂਹ ਰੱਖੀ। ਹਿੰਦੂਤਵ ਦੇ ਬਾਨੀ ਆਗੂਆਂ ਨੇ ਮੁਸਲਮਾਨਾਂ ਦੀ ਵਤਨ ਪ੍ਰਤੀ ਵਫਾਦਾਰੀ ਨੂੰ ਸ਼ੱਕੀ ਕਹਿਣਾ ਸ਼ੁਰੂ ਕਰ ਦਿੱਤਾ। ਦਰਅਸਲ, ‘ਦੋ ਕੌਮਾਂ’ ਦਾ ਸਿਧਾਂਤ ਸਭ ਤੋਂ ਪਹਿਲਾਂ ਜਿਨਾਹ ਨੇ ਨਹੀਂ ਸਗੋਂ ਸਾਵਰਕਰ ਨੇ ਪੇਸ਼ ਕੀਤਾ। ਉਸ ਨੇ ਕਿਹਾ, ‘ਅੱਜ ਇਹ ਬਿਲਕੁਲ ਨਹੀਂ ਮੰਨਿਆ ਜਾ ਸਕਦਾ ਕਿ ਹਿੰਦੁਸਤਾਨ ਏਕਤਾ ਵਿਚ ਪਰੋਇਆ ਹੋਇਆ ਰਾਸ਼ਟਰ ਹੈ, ਇਸ ਦੇ ਉਲਟ ਹਿੰਦੁਸਤਾਨ ਵਿਚ ਮੁੱਖ ਤੌਰ ‘ਤੇ ਦੋ ਰਾਸ਼ਟਰ ਹਨ, ਹਿੰਦੂ ਅਤੇ ਮੁਸਲਮਾਨ।’
ਇਕ ਪਾਸੇ ਹਿੰਦੂ ਫਿਰਕਾਪ੍ਰਸਤ ਅਤੇ ਮੁਸਲਿਮ ਲੀਗ ‘ਦੋ-ਕੌਮ ਸਿਧਾਂਤ’ ਰਾਹੀਂ ਆਜ਼ਾਦੀ ਦੇ ਅੰਦੋਲਨ ਨੂੰ ਸੱਟ ਮਾਰ ਰਹੇ ਹਨ, ਦੂਜੇ ਪਾਸੇ ਸੱਚੀਆਂ ਵਤਨਪ੍ਰੇਮੀ ਤਾਕਤਾਂ ਇਕਜੁੱਟ ਭਾਰਤ ਲਈ ਲੜ ਰਹੀਆਂ ਸਨ। ਗ਼ਦਰੀ ਆਗੂ ਰਹਿਮਤ ਅਲੀ, ਪ੍ਰੋਫੈਸਰ ਬਰਕਤਉੱਲਾ, ਖਿਲਾਫਤ ਲਹਿਰ ਤੋਂ ਕਮਿਊਨਿਸਟ ਬਣੇ ਇਨਕਲਾਬੀਆਂ ਅਤੇ ਕਾਕੋਰੀ ਕਾਂਡ ਦੇ ਸ਼ਹੀਦ ਅਸ਼ਫਾਕਉੱਲ੍ਹਾ ਖਾਨ ਵਰਗਿਆਂ ਦੀ ਸ਼ਾਨਦਾਰ ਵਿਰਾਸਤ ਸੀ। ਆਜ਼ਾਦ ਮੁਸਲਿਮ ਕਾਨਫਰੰਸ ਮੁਸਲਿਮ ਲੀਗ ਦੀ ਪਾਟਕਪਾਊ ਸਿਆਸਤ ਵਿਰੁੱਧ ਵਿਸ਼ਾਲ ਆਧਾਰ ਵਾਲਾ ਅੰਦੋਲਨ ਸੀ। ਇਸ ਨੂੰ ਆਲ ਪਾਰਟੀਜ਼ ਸ਼ੀਆ ਕਾਨਫਰੰਸ ਅਤੇ ਹੋਰ ਇਸਲਾਮਿਕ ਸੰਸਥਾਵਾਂ ਅੱਲਾ ਬਖਸ਼ ਅਤੇ ਅਨੇਕਾਂ ਹੋਰ ਉੱਘੇ ਇਸਲਾਮਿਕ ਵਿਦਵਾਨਾਂ ਨੇ ਮਿਲ ਕੇ ਜਥੇਬੰਦ ਕੀਤਾ ਸੀ। ਮਸ਼ਹੂਰ ਵਿਦਵਾਨ, ਸਾਹਿਤਕਾਰ ਅਤੇ ਸ਼ਾਇਰ ਮੌਲਾਨਾ ਹਸਰਤ ਮੋਹਾਨੀ, ਪ੍ਰਮੁੱਖ ਕਾਂਗਰਸੀ ਆਗੂ ਡਾ. ਮੁਖਤਾਰ ਅਹਿਮਦ ਅੰਸਾਰੀ ਜਿਸ ਨੇ ਮੌਲਾਨਾ ਮਹਮੂਦੁਲ ਹਸਨ, ਹਕੀਮ ਅਜਮਲ ਖਾਨ, ਅਬਦੁੱਲ ਮਜੀਦ ਖਵਾਜਾ ਅਤੇ ਮੌਲਾਨਾ ਮੁਹੰਮਦ ਅਲੀ ਦੇ ਨਾਲ ਮਿਲ ਕੇ ਧਰਮ ਨਿਰਪੇਖ ਅਤੇ ਮਿਲੀਜੁਲੀ ਵਿਚਾਰਧਾਰਾ ਉੱਪਰ ਆਧਾਰਤ ਮੁਸਲਿਮ ਤਾਲੀਮੀ ਸੰਸਥਾ ਜਾਮੀਆ ਮਿਲੀਆ ਇਸਲਾਮੀਆ ਦੀ ਸਥਾਪਨਾ ਕੀਤੀ ਜੋ ‘ਦੋ-ਕੌਮ ਨਜ਼ਰੀਏ’ ਨੂੰ ਨਾਮਨਜ਼ੂਰ ਕਰਨ ਦੀ ਭਾਰਤੀ ਮੁਸਲਮਾਨਾਂ ਦੀ ਦ੍ਰਿੜ ਇੱਛਾ ਦੀ ਪ੍ਰਤੀਕ ਸੀ, ‘ਪਾਕਿਸਤਾਨ: ਦਿ ਪ੍ਰਾਬਲਮਜ਼ ਆਫ ਇੰਡੀਆ’ ਦੇ ਲੇਖਕ ਸ਼ੌਕਤਉੱਲ੍ਹਾ ਅੰਸਾਰੀ, ਖਾਨ ਅਬਦੁੱਲ ਗੱਫਾਰ ਖਾਨ ਉਰਫ ਸਰਹੱਦੀ ਗਾਂਧੀ, ਉੱਘੇ ਪੱਤਰਕਾਰ ਸਈਦ ਅਬਦੁੱਲ੍ਹਾ ਬਰੇਲਵੀ, ਸਿੱਖਿਆ ਦੇ ਖੇਤਰ ‘ਚ ਚੋਖਾ ਯੋਗਦਾਨ ਪਾਉਣ ਵਾਲੇ ਐਡਵੋਕੇਟ ਅਬਦੁੱਲ ਮਜੀਦ ਖਵਾਜਾ, ਜੰਮੂ ਕਸ਼ਮੀਰ ਮੁਸਲਿਮ ਕਾਨਫਰੰਸ ਦੇ ਸੰਸਥਾਪਕ ਸ਼ੇਖ ਮੁਹੰਮਦ ਅਬਦੁੱਲਾ, ਜਮੀਅਤ ਉਲਮਾ-ਏ-ਹਿੰਦ (ਆਰਗੇਨਾਈਜੇਸ਼ਨ ਆਫ ਇੰਡੀਅਨ ਇਸਲਾਮਿਕ ਸਕਾਲਰਜ਼) ਦੀ ਸਥਾਪਨਾ ਕਰਨ ਵਾਲੇ ਪ੍ਰਮੁੱਖ ਮੁਸਲਿਮ ਵਿਦਵਾਨ ਮੌਲਾਨਾ ਮਹਿਮੂਦ ਹਸਨ ਦੇਬਬੰਦੀ, ਮੌਲਾਨਾ ਸਈਦ ਹੁਸੈਨ ਅਹਿਮਦ ਮਦਨੀ, ਮੌਲਾਨਾ ਅਹਿਮਦ ਸਈਦ ਦੇਹਲਵੀ, ਮੁਫਤੀ ਕਿਫਾਇਤਉੱਲ੍ਹਾ ਦੇਹਲਵੀ, ਮੁਫਤੀ ਮੁਹੰਮਦ ਨਈਮ ਲੁਧਿਆਣਵੀ, ਮੌਲਾਨਾ ਅਹਿਮਦ ਅਲੀ ਲਾਹੌਰੀ, ਮੌਲਾਨਾ ਬਸੀਰ ਅਹਿਮਦ ਭੱਟ, ਮੌਲਾਨਾ ਸਈਦ ਗੁਲ ਬਾਦਸ਼ਾਹ, ਮੌਲਾਨਾ ਹਿਫਜ਼ੁਰਰਹਿਮਾਨ ਸਿਓਹਾਰਵੀ, ਮੌਲਾਨਾ ਅਬਦੁੱਲ ਬਾਰੀ ਫਿਰੰਗੀ ਮਹਲੀ ਅਤੇ ਹੋਰ ਬਹੁਤ ਸਾਰੇ, ਮੁੱਖ ਤੌਰ ‘ਤੇ ਅਸ਼ਰਫ ਵਰਗ (ਉੱਚ ਜਾਤੀ ਮੁਸਲਮਾਨਾਂ) ਦੇ ਜਾਤਪਾਤੀ ਦਾਬੇ ਦਾ ਸ਼ਿਕਾਰ ਦਸਤਕਾਰਾਂ, ਕਾਰੀਗਰਾਂ, ਬੁਣਕਰਾਂ ਅਤੇ ਹੋਰ ਕਿਰਤੀਆਂ ਦੀ ਜਥੇਬੰਦੀ ਆਲ ਇੰਡੀਆ ਮੋਮਿਨ ਕਾਨਫਰੰਸ ਜਿਸ ਦੇ ਪ੍ਰਧਾਨ ਜ਼ਹੀਰੂਦੀਨ ਸਨ, ਲੋਕ ਆਧਾਰ ਵਾਲੀ ਜਥੇਬੰਦੀ ਮਜਲਿਸੇ-ਅਹਰਾਰੇ-ਇਸਲਾਮ, ਮੌਲਾਨਾ ਹਬੀਬ-ਉਰ-ਰਹਿਮਾਨ ਲੁਧਿਆਣਵੀ ਦੀ ਅਗਵਾਈ ਹੇਠਲਾ ‘ਲੁਧਿਆਣਵੀ ਉਲਮਾ’ ਨਾਂ ਦਾ ਮੁਸਲਮਾਨ ਵਿਦਵਾਨਾਂ ਦਾ ਗਰੁੱਪ, ਪਾਕਿਸਤਾਨ ਵਿਰੋਧੀ ਮਕਬੂਲ ਬੁਲਾਰੇ ਅਤਾਉੱਲ੍ਹਾ ਬੁਖਾਰੀ, ਕ੍ਰਿਸ਼ਕ ਪਰਜਾ ਪਾਰਟੀ ਬੰਗਾਲ, ਸੁੰਨੀ ਮੁਸਲਮਾਨਾਂ ਦੀ ਸੁਧਾਰਵਾਦੀ-ਰੂੜ੍ਹੀਵਾਦੀ ਸੰਪਰਦਾਇ ਅਹਲੇ-ਹਦੀਸ, ਅੰਜੁਮਨੇ-ਵਤਨ (ਬਲੂਚਿਸਤਾਨ) ਜਿਸ ਦੇ ਆਗੂ ਖਾਨ ਅਬਦੁੱਸਮਦ ਖਾਨ ਉਰਫ ਬਲੂਚੀ ਗਾਂਧੀ ਸਨ, ਦੱਖਣੀ ਭਾਰਤ ‘ਚ ਸਾਊਥ ਇੰਡੀਅਨ ਐਂਟੀ-ਸੈਪਰੇਸ਼ਨ ਕਾਨਫਰੰਸ, ਮਾਲਾਬਾਰ ਦੇ ਮੁਸਲਿਮ ਆਗੂ ਮੁਹੰਮਦ ਅਬਦੁਰ-ਰਹਿਮਾਨ ਅਤੇ ਉਸ ਦੇ ਸਾਥੀ ਈ. ਮੁਈਦੂ ਮੌਲਵੀ। ਇਹ ਉਹ ਉੱਘੀਆਂ ਸ਼ਖਸੀਅਤਾਂ ਅਤੇ ਸੰਸਥਾਵਾਂ ਸਨ ਜੋ ਸਾਂਝੀ ਸੰਸਕ੍ਰਿਤੀ ਵਾਲੇ ਭਾਰਤ ਦਾ ਝੰਡਾ ਬੁਲੰਦ ਕਰਦੇ ਸਨ ਅਤੇ ਮਜ਼੍ਹਬੀ ਆਧਾਰ ‘ਤੇ ਭਾਰਤੀ ਲੋਕਾਂ ਨੂੰ ਆਪਸ ਵਿਚ ਵੰਡਣ ਦੇ ਸਖਤ ਖਿਲਾਫ ਸਨ। ਇਨ੍ਹਾਂ ਸਾਰਿਆਂ ਨੇ ਆਪਣੀਆਂ ਸੰੰਵਾਦ ਰਚਾਊ ਲਿਖਤਾਂ, ਭਾਸ਼ਣਾਂ, ਸ਼ਾਇਰੀ ਅਤੇ ਹੋਰ ਸਾਹਿਤਿਕ ਮਾਧਿਅਮਾਂ, ਕਾਨਫਰੰਸਾਂ ਅਤੇ ਪ੍ਰਚਾਰ ਮੁਹਿੰਮਾਂ ਰਾਹੀਂ ਮੁਸਲਿਮ ਲੀਗ ਦੇ ‘ਦੋ-ਕੌਮ ਨਜ਼ਰੀਏ’ ਦਾ ਡੱਟ ਕੇ ਵਿਰੋਧ ਕੀਤਾ।
ਭਾਰਤ ਦੀ ਵੰਡ ਦਾ ਵਿਰੋਧ ਕਰਨ ਵਾਲੇ ਆਗੂਆਂ ‘ਚ ਸਿਰਕੱਢ ਸ਼ਖਸੀਅਤ ਅੱਲ੍ਹਾ ਬਖਸ਼ ਸੁਮਰੋ ਸੀ ਜਿਸ ਦਾ ਕਦੇ ਜ਼ਿਕਰ ਨਹੀਂ ਕੀਤਾ ਜਾਂਦਾ। ਉਹ ਵੱਡੇ ਜਗੀਰਦਾਰ-ਠੇਕੇਦਾਰ ਸਿੰਧੀ ਪਰਿਵਾਰ ‘ਚੋਂ ਸੀ। ਉਹ 1926 ‘ਚ ਬੰਬਈ ਵਿਧਾਨ ਪ੍ਰੀਸ਼ਦ ਦੇ ਮੈਂਬਰ ਚੁਣਿਆ ਗਿਆ। ਉਸ ਨੇ 1934 ਵਿਚ ਸਿੰਧ ਪੀਪਲਜ਼ ਪਾਰਟੀ ਬਣਾਈ ਜੋ ਬਾਅਦ ਵਿਚ ‘ਇਤਿਹਾਦ’ (ਯਾਨੀ ਏਕਤਾ) ਪਾਰਟੀ ਦੇ ਨਾਂ ਨਾਲ ਜਾਣੀ ਗਈ। ਉਹ ਦੋ ਵਾਰ ਸਿੰਧ ਦੇ ਪ੍ਰਧਾਨ ਮੰਤਰੀ (ਉਸ ਵਕਤ ਮੁੱਖ ਮੰਤਰੀ ਨੂੰ ਪ੍ਰਧਾਨ ਮੰਤਰੀ ਕਿਹਾ ਜਾਂਦਾ ਸੀ) ਬਣੇ। ਪਹਿਲੀ ਵਾਰ 23 ਮਾਰਚ 1938 ਤੋਂ 18 ਅਪਰੈਲ 1940 ਤੱਕ ਅਤੇ ਦੂਜੀ ਵਾਰ 7 ਮਾਰਚ 1941 ਤੋਂ 14 ਅਕਤੂਬਰ 1942 ਤੱਕ। ਅੰਗਰੇਜ਼ ਹਕੂਮਤ ਦੀਆਂ ਜਾਬਰ ਨੀਤੀਆਂ ਦੇ ਵਿਰੋਧ ‘ਚ ਅਕਤੂਬਰ 1942 ‘ਚ ਅੱਲ੍ਹਾ ਬਖਸ਼ ਵੱਲੋਂ ਖਾਨ ਬਹਾਦਰ ਅਤੇ ਆਰਡਰ ਆਫ ਦ ਬ੍ਰਿਟਿਸ਼ ਐਂਪਾਇਰ (ਓ.ਬੀ.ਈ.) ਦੇ ਖਿਤਾਬ ਮੋੜਨ ਤੋਂ ਬਾਅਦ ਅੰਗਰੇਜ਼ ਹਕੂਮਤ ਨੇ ਉਸ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ। 14 ਮਈ 1943 ਨੂੰ ਪੇਸ਼ੇਵਰ ਕਾਤਲਾਂ ਕੋਲੋਂ ਉਸ ਦਾ ਕਤਲ ਕਰਵਾ ਦਿੱਤਾ ਗਿਆ। ਇਹ ਮੁਸਲਿਮ ਲੀਗ ਦੀ ਸਾਜ਼ਿਸ਼ ਸੀ ਅਤੇ ਕਾਤਿਲਾਂ ਦਾ ਮੁਸਲਿਮ ਲੀਗ ਨਾਲ ਸੰਬੰਧ ਜੱਗ ਜ਼ਾਹਿਰ ਸੀ ਪਰ ਅੰਗਰੇਜ਼ ਹਕੂਮਤ ਦੀ ਮਿਲੀਭੁਗਤ ਕਾਰਨ ਅਦਾਲਤ ਵਿਚ ਇਹ ਸਾਬਤ ਨਹੀਂ ਕੀਤਾ ਜਾ ਸਕਿਆ ਅਤੇ ਸਾਜ਼ਿਸ਼ਘਾੜੇ ਬਰੀ ਹੋ ਗਏ।
ਅੱਲ੍ਹਾ ਬਖਸ਼ ਨੇ ਜਿਨਾਹ ਦੇ ‘ਦੋ-ਕੌਮ ਨਜ਼ਰੀਏ’ ਦਾ ਵਿਚਾਰਧਾਰਕ ਅਤੇ ਜ਼ਮੀਨੀ ਪੱਧਰ ‘ਤੇ ਡੱਟ ਕੇ ਵਿਰੋਧ ਕਰਦਿਆਂ ਮੁਸਲਿਮ ਲੀਗ ਦੀ ਪਾਕਿਸਤਾਨ ਬਣਾਉਣ ਦੀ ਮੁਹਿੰਮ ਵਿਰੁੱਧ ਪੂਰੇ ਮੁਲਕ ‘ਚ ਦੇਸ਼ਪ੍ਰੇਮੀ ਮੁਸਲਮਾਨਾਂ, ਖਾਸ ਕਰਕੇ ਪਿਛੜੇ ਮੁਸਲਮਾਨਾਂ ਨੂੰ ‘ਆਜ਼ਾਦ ਮੁਸਲਿਮ ਕਾਨਫਰੰਸ’ ਦੇ ਝੰਡੇ ਹੇਠ ਜਥੇਬੰਦ ਕੀਤਾ। ਇਹ ਜਥੇਬੰਦੀ ਮੁਸਲਿਮ ਲੀਗ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਤੋਂ ਆਜ਼ਾਦ ਪਛਾਣ ਰੱਖਦੀ ਸੀ। ਮੁਸਲਿਮ ਲੀਗ ਵੱਲੋਂ 23 ਮਾਰਚ 1940 ਨੂੰ ‘ਪਾਕਿਸਤਾਨ ਦਾ ਮਤਾ’ ਪਾਸ ਕੀਤੇ ਜਾਣ ‘ਤੇ ਅੱਲ੍ਹਾ ਬਖਸ਼ ਵੱਲੋਂ 27 ਤੋਂ 30 ਅਪਰੈਲ ਤੱਕ ਦਿੱਲੀ ਵਿਚ ਪਾਕਿਸਤਾਨ ਵਿਰੋਧੀ ਕਾਨਫਰੰਸ ਜਥੇਬੰਦ ਕੀਤੀ ਗਈ ਜਿਸ ਵਿਚ ਮੁਲਕ ਦੇ ਹਰ ਹਿੱਸੇ ਤੋਂ ਲੱਗਭੱਗ 1400 ਨੁਮਾਇੰਦੇ ਸ਼ਾਮਲ ਹੋਏ। ਕੰਮਾਂ ਦੀ ਭਰਮਾਰ, ਲੋਕਾਂ ਦੀ ਹਿੱਸੇਦਾਰੀ ਅਤੇ ਅਪਾਰ ਉਤਸ਼ਾਹ ਦੇ ਮੱਦੇਨਜ਼ਰ ਕਾਨਫਰੰਸ ਦਾ ਸਮਾਂ ਇਕ ਦਿਨ ਹੋਰ ਵਧਾਉਣਾ ਪਿਆ ਸੀ। ਇਹ ਮੁੱਖ ਤੌਰ ‘ਤੇ ਮੁਸਲਮਾਨਾਂ ਦੀਆਂ ਪਿਛੜੀ ਜਾਤੀਆਂ ਅਤੇ ਕੰਮਕਾਜੀ ਵਰਗ ਦੀਆਂ ਜਥੇਬੰਦੀਆਂ ਦੀ ਕਾਨਫਰੰਸ ਸੀ। ਕਾਨਫਰੰਸ ਵਿਚ ਲੋਕਾਂ ਦੀ ਸ਼ਮੂਲੀਅਤ ਨੂੰ ਦੇਖ ਕੇ ਮੁਸਲਿਮ ਲੀਗ ਪੱਖੀ ਬਰਤਾਨਵੀ ਪ੍ਰੈੱਸ ਨੂੰ ਵੀ ਮੰਨਣਾ ਪਿਆ ਕਿ ‘ਆਜ਼ਾਦ ਮੁਸਲਿਮ ਕਾਨਫਰੰਸ’ ਭਾਰਤੀ ਮੁਸਲਮਾਨਾਂ ਦੀ ਸਭ ਤੋਂ ਭਰੋਸੇਯੋਗ ਨੁਮਾਇੰਦਾ ਹੈ। 5 ਹਜ਼ਾਰ ਔਰਤਾਂ ਸਮੇਤ 50 ਹਜ਼ਾਰ ਦੀ ਸਮਰੱਥਾ ਵਾਲਾ ਪੰਡਾਲ ਵਿਸ਼ਾਲ ਇਕੱਠ ਅੱਗੇ ਛੋਟਾ ਰਹਿ ਗਿਆ ਅਤੇ ਪੰਡਾਲ ਹੋਰ ਵਧਾਉਣਾ ਪਿਆ। ਪ੍ਰੈੱਸ ਦੇ ਦਰਮਿਆਨੇ ਅੰਦਾਜ਼ੇ ਅਨੁਸਾਰ ਵੀ 26 ਅਪਰੈਲ ਨੂੰ ਕੱਢੇ ਗਏ ਵਿਸ਼ਾਲ ਜਲੂਸ ਵਿਚ 50 ਹਜ਼ਾਰ ਮੁਸਲਮਾਨ ਸ਼ਾਮਿਲ ਸਨ। ਮੁਸਲਿਮ ਲੀਗ ਨੇ ਅੱਲ੍ਹਾ ਬਖਸ਼ ਨੂੰ ਕਾਲੇ ਝੰਡੇ ਦਿਖਾਉਣ ਦੀ ਯੋਜਨਾ ਬਣਾਈ ਸੀ ਲੇਕਿਨ ਉਸ ਦੇ ਹੱਕ ਵਿਚ ਅਵਾਮ ਦਾ ਉਤਸ਼ਾਹ ਦੇਖ ਕੇ ਲੀਗੀਆਂ ਨੂੰ ਆਪਣਾ ਇਰਾਦਾ ਤਿਆਗਣਾ ਪਿਆ। ਇਸ ਮੌਕੇ ਅੱਲਾ ਬਖਸ਼ ਨੇ ਐਲਾਨ ਕੀਤਾ- ‘ਕੋਈ ਵੱਖਰਾ ਜਾਂ ਵਿਸ਼ੇਸ਼ ਇਲਾਕਾ ਨਹੀਂ ਸਗੋਂ ਪੂਰਾ ਭਾਰਤ ਦੇਸ਼ ਭਾਰਤੀ ਮੁਸਲਮਾਨਾਂ ਦੀ ਮਾਂ-ਭੂਮੀ ਹੈ। ਕਿਸੇ ਵੀ ਹਿੰਦੂ ਜਾਂ ਮੁਸਲਮਾਨ ਨੂੰ ਇਸ ਦਾ ਹੱਕ ਨਹੀਂ ਹੈ ਕਿ ਉਹ ਉਨ੍ਹਾਂ ਨੂੰ ਇਸ ਮਾਦਰੇ-ਵਤਨ ਦੇ ਇਕ ਇੰਚ ਹਿੱਸੇ ਤੋਂ ਵੀ ਜੁਦਾ ਕਰ ਸਕੇ। ਪੂਰਾ ਭਾਰਤ ਸਾਡੀ ਮਾਂ-ਭੂਮੀ ਹੈ ਅਤੇ ਜ਼ਿੰਦਗੀ ਦੇ ਹਰ ਖੇਤਰ ਵਿਚ ਅਸੀਂ ਹੋਰ ਭਾਰਤੀਆਂ ਦੀ ਤਰ੍ਹਾਂ ਹੀ ਹਮਸਫਰ ਰਹੇ ਹਾਂ।’
ਇਤਿਹਾਸਕ ਤੱਥ ਦਰਸਾਉਂਦੇ ਹਨ ਕਿ ਹਿੰਦੂਤਵ ਬ੍ਰਿਗੇਡ ਦਾ ਦੇਸ਼ਭਗਤੀ ਦਾ ਦਾਅਵਾ ਕਿੰਨਾ ਝੂਠਾ ਹੈ ਅਤੇ ਜਿਸ ਮੁਸਲਮਾਨ ਭਾਈਚਾਰੇ ਦੀ ਵਫਾਦਾਰੀ ਨੂੰ ਉਹ ਸ਼ੱਕੀ ਕਰਾਰ ਦੇ ਕੇ ਭੰਡਦੇ ਹਨ, ਉਨ੍ਹਾਂ ਦੀ ਵਤਨਪ੍ਰੇਮ ਦੀ ਬੁਨਿਆਦ ਕਿੰਨੀ ਪੱਕੀ ਹੈ ਅਤੇ ਵਤਨਪ੍ਰੇਮ ਦੀ ਵਿਰਾਸਤ ਕਿੰਨੀ ਸ਼ਾਨਾਮੱਤੀ ਹੈ।