ਚੀਸ ਬਨਾਮ ਹਾਕ

ਸੰਨ ਸੰਤਾਲੀ ਵਿਚ ਹੋਈ ਕਤਲੋ-ਗਾਰਤ ਅਤੇ ਉਜਾੜੇ ਵਾਲੀ ਚੀਸ ਪੌਣੀ ਸਦੀ ਬਾਅਦ ਹੁਣ ਹਾਕ ਬਣ ਗਈ ਹੈ। ਬਿਨਾ ਸ਼ੱਕ ਐਤਕੀਂ ਵੰਡ ਦੀ ਇਹ ਵਰ੍ਹੇਗੰਢ ਜਿਸ ਨੂੰ ਭਾਰਤ ਆਜ਼ਾਦੀ ਦੇ ਜਸ਼ਨਾਂ ਵਜੋਂ ਮਨਾਉਂਦਾ ਹੈ, ਨਿਵੇਕਲੀ ਅਤੇ ਨਿਆਰੀ ਹੋ ਨਿੱਬੜੀ ਹੈ। ਇਤਿਹਾਸਕ ਤੌਰ ‘ਤੇ ਇਹ ਵੀ ਸਚਾਈ ਹੈ ਕਿ ਉਸ ਵਕਤ ਭਾਰਤ ਦੀ ਨਹੀਂ, ਸਿਰਫ ਪੰਜਾਬ ਅਤੇ ਬੰਗਾਲ ਦੀ ਵੰਡ ਹੋਈ ਸੀ।

ਬੰਗਾਲ ਵਿਚ ਆਬਾਦੀ ਦਾ ਤਬਾਦਲਾ ਖੂੰਖਾਰ ਨਹੀਂ ਸੀ ਪਰ ਪੰਜਾਬ ਵਿਚ ਉਸ ਵਕਤ ਜੋ ਕਤਲੋ-ਗਾਰਤ ਹੋਈ, ਉਸ ਦੀ ਮਿਸਾਲ ਅੱਜ ਤੱਕ ਇਤਿਹਾਸ ਵਿਚ ਕਿਤੇ ਨਹੀਂ ਮਿਲਦੀ। ਇਸ ਕਤਲੋ-ਗਾਰਤ ਵਿਚ ਕੁਝ ਹੀ ਦਿਨਾਂ ਅੰਦਰ 10 ਲੱਖ ਜਾਨਾਂ ਚਲੀਆਂ ਗਈਆਂ ਸਨ ਅਤੇ ਲੱਖਾਂ ਹੋਰ ਉਜੜ ਗਏ ਸਨ। ਇਸ ਕਤਲੋ-ਗਾਰਤ ਦੌਰਾਨ ਔਰਤਾਂ ਅਤੇ ਬੱਚਿਆਂ ਨੂੰ ਜੋ ਮੁਸੀਬਤਾਂ ਝੱਲਣੀਆਂ ਪਈਆਂ, ਉਨ੍ਹਾਂ ਬਾਰੇ ਸੋਚ ਨੇ ਰੂਹ ਤੱਕ ਕੰਬ ਉਠਦੀ ਹੈ। ਉਸ ਵਕਤ ਧਰਮ ਦੇ ਨਾਂ ਉਤੇ ਬੰਦਾ ਇੰਨਾ ਕਰੂਰ ਅਤੇ ਜ਼ਾਲਮ ਹੋ ਨਿੱਬਿੜਿਆ ਸੀ ਕਿ ਮਨੁੱਖਤਾ ਨੂੰ ਵੀ ਭੁੱਲ ਗਿਆ ਸੀ। ਉਦੋਂ ਦੇ ਇਨ੍ਹਾਂ ਹਾਲਾਤ ਬਾਰੇ ਲੱਖਾਂ ਸਫੇ ਲਿਖੇ ਜਾ ਚੁੱਕੇ ਹਨ ਜਿਨ੍ਹਾਂ ਵਿਚ ਉਨ੍ਹਾਂ ਬੁਰੇ ਵਕਤਾਂ ਦੀਆਂ ਚੀਸਾਂ ਪਰੋਈਆਂ ਹੋਈਆਂ ਹਨ ਪਰ ਇਸ ਸਬੰਧੀ ਵੱਡੇ ਪੱਧਰ ‘ਤੇ ਹਾਕ ਸਿਰਫ ਐਤਕੀਂ ਹੀ ਸੁਣਾਈ ਦਿੱਤੀ ਹੈ। ਇਸ ਲਈ ਦੋਹਾਂ ਪਾਸਿਆਂ ਦੇ ਪੰਜਾਬਾਂ ਲਈ ਐਤਕੀਂ 14-15 ਅਗਸਤ ਵੱਖਰਾ ਸੁਨੇਹਾ ਲੈ ਕੇ ਆਇਆ ਹੈ। ਦੋਹਾਂ ਪੰਜਾਬਾਂ ਵਿਚਕਾਰ ਸਾਂਝ ਦੀਆਂ ਹੂਕਾਂ ਤਾਂ ਪਹਿਲਾਂ ਵੀ ਉਠਦੀਆਂ ਰਹੀਆਂ ਹਨ ਪਰ ਹੂਕਾਂ ਅਤੇ ਕੂਕਾਂ ਪਹਿਲਾਂ ਆਮ ਕਰਕੇ ਅਣਸੁਣੀਆਂ ਹੀ ਰਹਿ ਜਾਂਦੀਆਂ ਸਨ। ਐਤਕੀਂ ਪੰਜਾਬੀਆਂ ਦੀ ਇਹ ਹੂਕ ਅਤੇ ਹਾਕ ਸਮੁੱਚੇ ਸੰਸਾਰ ਨੇ ਸੁਣੀ ਹੈ ਅਤੇ ਭਰਵਾਂ ਹੁੰਗਾਰਾ ਵੀ ਭਰਿਆ ਹੈ।
ਇਹ ਵੀ ਸਚਾਈ ਹੈ ਕਿ ਪਹਿਲਾਂ ਉਠਦੀ ਹੂਕ ਨੂੰ ਪਹਿਲਾਂ ਵੀ ਹੁੰਗਾਰਾ ਮਿਲਦਾ ਰਿਹਾ ਹੈ, ਭਾਵੇਂ ਇਹ ਸੀਮਤ ਹੀ ਹੁੰਦਾ ਸੀ। ਅਸਲ ਵਿਚ ਇਹ ਹੁੰਗਾਰਾ ਭਰਨ ਵਾਲੇ ਸਿਰਫ ਆਮ ਲੋਕ ਸਨ। ਦੋਹਾਂ ਪਾਸਿਆਂ ਦੀਆਂ ਸਰਕਾਰਾਂ ਨੇ ਇਸ ਹੂਕ ਨੂੰ ਕਦੀ ਹੁੰਗਾਰਾ ਨਹੀਂ ਭਰਿਆ ਸਗੋਂ ਦੋਹਾਂ ਮੁਲਕਾਂ ਦੀਆਂ ਸਰਕਾਰਾਂ ਦੁਸ਼ਮਣੀ ਨੂੰ ਅੱਗੇ ਰੱਖ ਕੇ ਆਪੋ-ਆਪਣੀਆਂ ਸਿਆਸਤ ਚਲਾਉਂਦੀਆਂ ਰਹੀਆਂ ਹਨ। ਜਦੋਂ ਤੋਂ 2014 ਤੋਂ ਕੇਂਦਰ ਵਿਚ ਭਾਰਤੀ ਜਨਤਾ ਪਾਰਟੀ ਸੱਤਾ ਵਿਚ ਆਈ ਹੈ, ਨਫਰਤ ਅਤੇ ਦੁਸ਼ਮਣੀ ਵਾਲਾ ਇਹ ਬਿਰਤਾਂਤ ਦੂਣ ਸਵਾਇਆ ਹੋ ਗਿਆ ਹੈ। ਭਾਰਤੀ ਜਨਤਾ ਪਾਰਟੀ ਅਤੇ ਇਸ ਦੀ ਸਰਪ੍ਰਸਤ ਰਾਸ਼ਟਰੀ ਸਵੈਮਸੇਵਕ ਸੰਘ (ਆਰ.ਐੱਸ.ਐੱਸ.) ਦੀ ਸਮੁੱਚੀ ਸਿਆਸਤ ਦਾ ਧੁਰਾਂ ਮੁਸਲਮਾਨਾਂ ਖਿਲਾਫ ਨਫਰਤ ਹੈ। ਜਦੋਂ 1990ਵਿਆਂ ਵਿਚ ਭਾਜਪਾ ਆਗੂ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਬਣੀ ਸੀ ਤਾਂ ਪੂਰਨ ਬਹੁਮਤ ਨਾ ਹੋਣ ਕਾਰਨ ਇਸ ਨੇ ਆਪਣਾ ਹਿੰਦੂਤਵੀ ਏਜੰਡਾ ਬਹੁਤਾ ਜ਼ਾਹਿਰ ਨਹੀਂ ਸੀ ਕੀਤਾ ਪਰ ਜਦੋਂ 2014 ਵਿਚ ਭਾਜਪਾ ਨੂੰ ਪੂਰਨ ਬਹੁਮਤ ਮਿਲ ਗਿਆ ਤਾਂ ਇਸ ਨੇ ਸਭ ਤੋਂ ਪਹਿਲਾ ਕੰਮ ਵਿਰੋਧੀ ਧਿਰ ਨੂੰ ਕਮਜ਼ੋਰ ਕਰਨ ਦਾ ਕੀਤਾ। ਇਉਂ ਆਪਣੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਵਿਰੋਧੀ ਧਿਰ ਨੂੰ ਇਕ ਤਰ੍ਹਾਂ ਨਾਲ ਧੂੜ ਚਟਾ ਦਿੱਤੀ ਗਈ। ਫਿਰ ਜਦੋਂ 2019 ਵਿਚ ਲੋਕ ਸਭਾ ਚੋਣਾਂ ਹੋਈਆਂ ਤਾਂ ਭਾਰਤੀ ਜਨਤਾ ਪਾਰਟੀ ਨੇ ਪਹਿਲਾਂ ਨਾਲੋਂ ਵੀ ਵੱਧ ਸੀਟਾਂ ਲੈ ਕੇ ਜਿੱਤ ਹਾਸਲ ਕੀਤੀ। ਇਸ ਤੋਂ ਬਾਅਦ ਤਾਂ ਫਿਰ ਹਿੰਦੂਤਵੀ ਅਤੇ ਫਿਰਕੂ ਏਜੰਡੇ ਦੀ ਹਨੇਰੀ ਹੀ ਚਲਾ ਦਿੱਤੀ ਗਈ। ਮੁਸਲਮਾਨਾਂ ਨੂੰ ਗਿਣ-ਮਿਥ ਕੇ ਨਿਸ਼ਾਨਾ ਬਣਾਇਆ ਜਾਣ ਲੱਗਾ।
ਹੁਣ ਹਾਲ ਇਹ ਹੈ ਕਿ ਆਪਣੀਆਂ ਅੰਦਰੂਨੀ ਕਮਜ਼ੋਰੀਆਂ ਅਤੇ ਕਲੇਸ਼ ਕਾਰਨ ਮੁੱਖ ਵਿਰੋਧੀ ਧਿਰ ਕਾਂਗਰਸ ਨਿੱਸਲ ਹੋਈ ਪਈ ਹੈ। ਭਾਰਤੀ ਜਨਤਾ ਪਾਰਟੀ ਨੂੰ ਜੇ ਕਿਤਿਉਂ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਇਹ ਸਿਰਫ ਖੇਤਰੀ ਪਾਰਟੀਆਂ ਹਨ। ਪੰਜਾਬ ਵਿਚ ਭਾਵੇਂ ਸ਼੍ਰੋਮਣੀ ਅਕਾਲੀ ਦਲ ਤਕੜੀ ਖੇਤਰੀ ਪਾਰਟੀ ਵਜੋਂ ਲਗਾਤਾਰ ਹਾਜ਼ਰੀ ਲੁਆਉਂਦਾ ਰਿਹਾ ਹੈ ਪਰ ਇਸ ਦੀ ਭਾਰਤੀ ਜਨਤਾ ਪਾਰਟੀ ਨਾਲ ਸਿਆਸੀ ਸਾਂਝ ਨੇ ਢਾਈ ਦਹਾਕਿਆਂ ਬਾਅਦ ਪਾਸੇ ਹੀ ਪਲਟ ਦਿੱਤੇ ਹਨ। ਇਨ੍ਹਾਂ ਢਾਈ ਦਹਾਕਿਆਂ ਦੌਰਾਨ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਨੂੰ ਬਿਨਾ ਸ਼ਰਤ ਹਮਾਇਤ ਦਿੰਦਾ ਰਿਹਾ ਹੈ। ਇਸ ਦੇ ਨਾਲ-ਨਾਲ ਅਕਾਲੀ ਦਲ ਦੀ ਸਿਆਸਤ ਵਿਚ ਹੌਲੀ-ਹੌਲੀ ਪਰਿਵਾਰਵਾਦ ਭਾਰੂ ਹੁੰਦਾ ਗਿਆ ਅਤੇ ਪ੍ਰਕਾਸ਼ ਸਿੰਘ ਬਾਦਲ ਦੀ ਸਰਪ੍ਰਸਤੀ ਹੇਠ ਅਕਾਲੀ ਦਲ ਦਾ ਸਮੁੱਚਾ ਸਰੂਪ ਹੀ ਬਦਲ ਗਿਆ। ਜਿਹੜਾ ਅਕਾਲੀ ਦਲ ਸੂਬਿਆਂ ਲਈ ਵੱਧ ਹੱਕਾਂ ਦੀ ਗੱਲ ਕਰਦਾ ਸੀ, ਉਹ ਭਾਰਤੀ ਜਨਤਾ ਪਾਰਟੀ ਨਾਲ ਹੱਥ ਮਿਲਾਉਣ ਤੋਂ ਬਾਅਦ ਅਜਿਹੀਆਂ ਮੰਗਾਂ ਬਾਰੇ ਖਾਮੋਸ਼ ਹੀ ਹੋ ਗਿਆ। ਇਸ ਦਾ ਸਿੱਟਾ ਇਹ ਨਿੱਕਲਿਆ ਕਿ ਹੁਣ ਜਦੋਂ ਭਾਰਤੀ ਜਨਤਾ ਪਾਰਟੀ ਦੀ ਕੇਂਦਰੀਕਰਨ ਦੀ ਹਨੇਰੀ ਝੁੱਲ ਰਹੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਕਿਤੇ ਗਿਣਤੀ ਨਹੀਂ ਹੋ ਰਹੀ।
ਮੁਲਕ ਦੇ ਅਜਿਹੇ ਹਾਲਾਤ ਵੇਲੇ ਜੇ ਆਜ਼ਾਦੀ ਦੇ ਜਸ਼ਨਾਂ ਦੇ ਨਾਲ-ਨਾਲ ਪੰਜਾਬ ਦੀ ਵੰਡ ਮੌਕੇ ਪੰਜਾਬੀਆਂ ਦੇ ਹੰਢਾਏ ਦੁਖੜਿਆਂ ਦੀ ਗੱਲ ਚਲਦੀ ਹੈ ਤਾਂ ਇਸ ਨੂੰ ਸ਼ੁਭ ਸ਼ਗਨ ਸਮਝਣਾ ਚਾਹੀਦਾ ਹੈ। ਪੰਜਾਬ ਨਾਲ ਤਿਹੁ ਰੱਖਣ ਵਾਲੇ ਵਿਦਵਾਨ ਇਹ ਵਿਚਾਰ ਪਹਿਲਾਂ ਹੀ ਪ੍ਰਗਟ ਕਰ ਚੁੱਕੇ ਹਨ ਕਿ ਜੇਕਰ ਦੋਹਾਂ ਪੰਜਾਬਾਂ ਵਿਚਕਾਰ ਸਾਂਝ ਵਧਦੀ ਹੈ ਤਾਂ ਦੋਹਾਂ ਧਿਰਾਂ ਨੂੰ ਵਪਾਰਕ ਤੌਰ ‘ਤੇ ਤਾਂ ਫਾਇਦਾ ਹੋਵੇਗਾ ਹੀ, ਮੁਲਕ ਦੇ ਪੱਧਰ ‘ਤੇ ਵੀ ਦੋਵੇਂ ਮੁਲਕ ਨੇੜੇ ਆ ਸਕਦੇ ਹਨ। ਅਜਿਹੀ ਸੂਰਤ ਵਿਚ ਭਾਰਤੀ ਜਨਤਾ ਪਾਰਟੀ ਦੀ ਫਿਰਕੂ ਸਿਆਸਤ ਦਾ ਟਾਕਰਾ ਵੀ ਤਕੜੇ ਹੋ ਕੇ ਕੀਤਾ ਜਾ ਸਕਦਾ ਹੈ। ਇਸ ਲਈ ਹੁਣ ਇਹ ਦੋਹਾਂ ਪੰਜਾਬਾਂ ਦੇ ਸਿਆਸਤਦਾਨਾਂ ਉਤੇ ਨਿਰਭਰ ਹੈ ਕਿ ਉਹ ਸਾਂਝ ਲਈ ਕਿੰਨਾ ਹੁੰਗਾਰਾ ਭਰਦੇ ਹਨ। ਦੋਹਾਂ ਪਾਸਿਆਂ ਦੀ ਅਵਾਮ ਸਾਂਝ ਦੀ ਇੱਛਾ ਇਕ ਵਾਰ ਨਹੀਂ, ਅਨੇਕ ਵਾਰ ਪ੍ਰਗਟ ਕਰ ਚੁੱਕੀ ਹੈ। ਇਸ ਸੂਰਤ ਵਿਚ ਬੁੱਧੀਜੀਵੀਆਂ ਨੂੰ ਵਡੇਰਾ ਰੋਲ ਨਿਭਾਉਣ ਲਈ ਹੁਣ ਕਮਰ ਕੱਸਣੀ ਚਾਹੀਦੀ ਹੈ। ਦੋਹਾਂ ਪੰਜਾਬਾਂ ਦੀ ਸਾਂਝ ਮਨੁੱਖਤਾ ਦੇ ਵਿਹੜੇ ਦੀ ਸੱਜਰੀ ਅਤੇ ਸੂਹੀ ਸਵੇਰ ਬਣ ਸਕਦੀ ਹੈ। ਇਸ ਪਾਸੇ ਸੰਜੀਦਗੀ ਨਾਲ ਕਦਮ ਉਠਾਉਣ ਦੀ ਲੋੜ ਹੈ।