ਸੁਤੰਤਰਤਾ ਦੇ 75ਵੇਂ ਸਾਲ, ਰੁਪਿਆ 80 `ਤੇ ਜਾ ਡਿਗਿਆ

ਆਰ.ਐਸ.ਐਸ.-ਭਾਜਪਾ ਸਰਕਾਰ ਵੱਲੋਂ ਵਿਸ਼ਵ ਗੁਰੂ ਬਣਨ ਦੇ ਦਾਅਵੇ ਕੀਤੇ ਜਾ ਰਹੇ ਹਨ। ਇਹ ਬਿਰਤਾਂਤ ਸਿਰਜਿਆ ਗਿਆ ਹੈ ਕਿ ਪਿਛਲੇ ਸੱਤ ਦਹਾਕਿਆਂ ‘ਚ ਮੁਲਕ ਨੇ ਕੌਮਾਂਤਰੀ ਪੱਧਰ ‘ਤੇ ਇੰਨਾ ਨਾਮਣਾ ਨਹੀਂ ਖੱਟਿਆ ਜਿੰਨਾ ਮਾਣ-ਤਾਣ ਆਲਮੀ ਭਾਈਚਾਰੇ ‘ਚ ਨਰਿੰਦਰ ਮੋਦੀ ਦੀ ਅਗਵਾਈ ‘ਚ ਭਾਜਪਾ ਦੇ ਸੱਤਾ ਵਿਚ ਆਉਣ ਤੋਂ ਬਾਅਦ ਮਿਲਿਆ ਹੈ। ਆਜ਼ਾਦੀ ਦੇ 75ਵੇਂ ਉਤਸਵ ਨੂੰ ‘ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ’ ਨਾਂ ਦਿੱਤਾ ਗਿਆ ਹੈ। ‘ਹਰ ਘਰ ਤਿਰੰਗਾ’ ਮੁਹਿੰਮ ਜ਼ੋਰਾਂ ‘ਤੇ ਹੈ ਪਰ ਆਰਥਿਕਤਾ ਜੋ ਸਮਾਜੀ ਤਰੱਕੀ ਦੀ ਬੁਨਿਆਦ ਹੈ, ਦੇ ਖੇਤਰ ਵਿਚ ਭਾਰਤ ਦੀ ਕਾਰਗੁਜ਼ਾਰੀ ਇਸ ਤੋਂ ਵੱਖਰੀ ਤਸਵੀਰ ਪੇਸ਼ ਕਰਦੀ ਹੈ। ਮਸ਼ਹੂਰ ਰਸਾਲੇ ‘ਇਕਨਾਮਿਕ ਐਂਡ ਪੁਲੀਟੀਕਲ ਵੀਕਲੀ’ ਨੇ ਆਪਣੇ 30 ਜੁਲਾਈ 2022 ਦੇ ਅੰਕ ‘ਚ ਰੁਪਏ ਆ ਰਹੀ ਗਿਰਾਵਟ ਬਾਰੇ ਤਬਸਰਾ ਕੀਤਾ ਹੈ। ਇਸ ਦਾ ਅਨੁਵਾਦ ਸਾਡੇ ਕਾਲਮਨਵੀਸ ਬੂਟਾ ਸਿੰਘ ਮਹਿਮੂਦਪੁਰ ਨੇ ਕੀਤਾ ਹੈ।

ਰੁਪਏ ਦੀ ਕੀਮਤ ‘ਚ ਗਿਰਾਵਟ ਦੀ ਨੂੰ ਲੈ ਕੇ ਕੌਮੀ ਜਮਹੂਰੀ ਗੱਠਜੋੜ (ਐਨ.ਡੀ.ਏ.) ਨੂੰ ਨਮੋਸ਼ੀ ਹੋਣੀ ਚਾਹੀਦੀ ਹੈ ਜੋ ਅਕਸਰ ਹੀ ਸਾਂਝਾ ਪ੍ਰਗਤੀਸ਼ੀਲ ਗੱਠਜੋੜ (ਯੂ.ਏ.ਪੀ.) ਸਰਕਾਰ ਦਾ ਇਸ ਲਈ ਮਜ਼ਾਕ ਉਡਾਉਂਦੇ ਰਹੇ ਹਨ ਕਿ ਉਸ ਦੇ ਰਾਜ ਦੌਰਾਨ ਰੁਪਏ ਦੀ ਕੀਮਤ ‘ਚ ਗਿਰਾਵਟ ਆਉਂਦੀ ਰਹੀ ਹੈ ਅਤੇ ਉਹ ਇਸ ਨੂੰ ਰੋਕਣ ਦੇ ਅਸਮਰੱਥ ਸੀ। ਤਾਜ਼ਾ ਰੁਝਾਨ ਦਰਸਾਉਂਦੇ ਹਨ ਕਿ ਰੁਪਇਆ ਜੋ ਜਨਵਰੀ 2022 ਦੇ ਸ਼ੁਰੂ ‘ਚ 74 ਰੁਪਏ ਪ੍ਰਤੀ ਡਾਲਰ ਦੇ ਕਰੀਬ ਸੀ, ਜੁਲਾਈ ਦੇ ਚੌਥੇ ਹਫਤੇ ਹੋਰ ਜ਼ਿਆਦਾ ਘਟ ਕੇ 80 ਰੁਪਏ ਪ੍ਰਤੀ ਡਾਲਰ ਰਹਿ ਗਈ ਹੈ, ਯਾਨੀ ਤਕਰੀਬਨ 8 ਫੀਸਦ ਗਿਰਾਵਟ।
ਨਿਰਪੱਖ ਗੱਲ ਕਰਨੀ ਹੋਵੇ ਤਾਂ ਭਾਰਤੀ ਰੁਪਿਆ ਹੀ ਇਕਲੌਤੀ ਕਰੰਸੀ ਨਹੀਂ ਜਿਸ ਦੀ ਕੀਮਤ ‘ਚ ਇਸ ਵਕਤ ਡਾਲਰ ਦੇ ਮੁਕਾਬਲੇ ਗਿਰਾਵਟ ਆਈ ਹੈ। ਕੁਲ ਦੁਨੀਆ ‘ਚ ਕਰੰਸੀ ਅਥਾਰਟੀਜ਼ ਦੁਆਰਾ ਸੌਫਟ ਮਨੀ ਦਾ ਰੁਖ ਬਦਲਣ ਦੇ ਹਿੱਸੇ ਵਜੋਂ ਵਿਆਜ ਦਰਾਂ ਵਿਚ ਇੱਕੋ ਸਮੇਂ ਕੀਤੇ ਵਾਧੇ ਤੋਂ ਬਾਅਦ ਆਲਮੀ ਮੁਦਰਾ ਬਾਜ਼ਾਰ ਵਹਾਅ ‘ਚ ਹੈ। ਅਮਰੀਕਾ ਦੇ ਫੈਡਰਲ ਰਿਜ਼ਰਵ ਵੱਲੋਂ ਮਾਰਚ 2022 ਤੋਂ ਲੈ ਕੇ ਦਰਾਂ ਵਧਾਏ ਜਾਣ ਨਾਲ 150 ਅਧਾਰ ਅੰਕਾਂ ਦਾ ਵਾਧਾ ਹੋਇਆ ਹੈ; ਹਾਲਾਂਕਿ, ਮਹੱਤਵਪੂਰਨ ਕਰੰਸੀਆਂ ਦੀਆਂ ਵਟਾਂਦਰਾ ਦਰਾਂ ਵਿਚ ਰੁਝਾਨ ਤਿੱਖੇ ਰੂਪ ‘ਚ ਵਖਰੇਵੇਂ ਵਾਲੇ ਹਨ। ਦਰਅਸਲ, ਕੁਝ ਮੁੱਖ ਕਰੰਸੀਆਂ ਸਾਲ ਦੇ ਪਹਿਲੇ ਸੱਤ ਮਹੀਨਿਆਂ ‘ਚ ਡਾਲਰ ਦੇ ਮੁਕਾਬਲੇ ‘ਚ ਉੱਭਰੀਆਂ ਜਾਂ ਮਜ਼ਬੂਤ ਹੋਈਆਂ ਹਨ ਜਿਨ੍ਹਾਂ ‘ਚ ਬ੍ਰਾਜ਼ੀਲੀਅਨ ਰੀਆਲ (4.7%), ਬ੍ਰਿਟਿਸ਼ ਪੌਂਡ (7.2%) ਅਤੇ ਯੂਰੋ (9.8%) ਸ਼ਾਮਿਲ ਹਨ। ਇਸ ਦੌਰਾਨ ਰੁਪਏ ‘ਚ 4.3% ਗਿਰਾਵਟ ਆਈ।
ਕੁਝ ਕਰੰਸੀਆਂ ‘ਚ ਰੁਪਏ ਤੋਂ ਵੀ ਤੇਜ਼ੀ ਨਾਲ ਗਿਰਾਵਟ ਆਈ ਹੈ। ਇਨ੍ਹਾਂ ਵਿਚ ਜਾਪਾਨੀ ਯੇਨ (15.4%), ਦੱਖਣੀ ਕੋਰੀਆਈ ਵੌਨ (10.6%), ਥਾਈ ਬਾਹਤ (9.6%), ਫਿਲੀਪੀਨੀ ਪੀਸੋ (8.5%), ਅਤੇ ਦੱਖਣੀ ਅਫਰੀਕੀ ਰੈਂਡ (7%) ਸ਼ਾਮਲ ਹਨ। ਕੁਝ ਹੋਰ ਕਰੰਸੀਆਂ ਜਿਨ੍ਹਾਂ ‘ਚ ਰੁਪਏ ਦੇ ਮੁਕਾਬਲੇ ਬਹੁਤ ਹੌਲੀ ਰਫਤਾਰ ਨਾਲ ਗਿਰਾਵਟ ਆਈ ਹੈ, ਉਨ੍ਹਾਂ ਵਿਚ ਰੂਸੀ ਰੂਬਲ (0.4%), ਚੀਨੀ ਯੁਆਨ (0.6%), ਸਿੰਗਾਪੁਰ ਡਾਲਰ (2.6%) ਅਤੇ ਸਵਿਸ ਫ੍ਰੈਂਕ (4.1%) ਸ਼ਾਮਿਲ ਹਨ। ਸਮੁੱਚੇ ਪੱਧਰ ‘ਤੇ, ਯੂ.ਐੱਸ. ਡਾਲਰ ਸੂਚਕ ਅੰਕ ਜੋ ਕਰੰਸੀਆਂ ਦੇ ਇਕ ਅੰਕ ਦੇ ਰੂਪ ਵਿਚ ਡਾਲਰ ਦੇ ਮੁੱਲ ਨੂੰ ਮਾਪਦਾ ਹੈ, ਜਨਵਰੀ 2022 ਦੇ ਸ਼ੁਰੂ ‘ਚ 96.17 ਤੋਂ ਵਧ ਕੇ ਜੁਲਾਈ ਦੇ ਅੰਤ ਵਿਚ 106.7 ਤੋਂ ਵਧੇਰੇ ਹੋ ਗਿਆ ਹੈ, ਇਹ ਲੱਗਭੱਗ 11% ਦਾ ਵਾਧਾ ਹੈ। ਨਿਸ਼ਚਿਤ ਤੌਰ ‘ਤੇ, ਫੈਡਰਲ ਰਿਜ਼ਰਵ ਦੀ ਦਖ਼ਲਅੰਦਾਜ਼ੀ ਤੋਂ ਬਾਦ ਡਾਲਰ ਦੀ ਚੋਖੀ ਮਜ਼ਬੂਤੀ ਦੇ ਬਾਵਜੂਦ ਰੁਪਏ ਨੇ ਅਜੇ ਆਪਣੇ ਆਪ ਨੂੰ ਸੰਭਾਲਿਆ ਹੋਇਆ ਹੈ।
ਰੁਪਏ ਦੀ ਕੀਮਤ ‘ਚ ਗਿਰਾਵਟ ਦਾ ਮੁੱਖ ਕਾਰਨ ਡਾਲਰ ਦੀ ਮੰਗ ਅਤੇ ਸਪਲਾਈ ‘ਚ ਵਧ ਰਿਹਾ ਕੁਜੋੜ ਹੈ। ਡਾਲਰ ਦੀ ਵਧਦੀ ਮੰਗ ਵਿਚ ਯੋਗਦਾਨ ਪਾਉਣ ਵਾਲਾ ਮਹੱਤਵਪੂਰਨ ਕਾਰਕ ਦਰਾਮਦਾਂ ਦਾ ਵਧਣਾ ਹੈ ਜਿਸ ਨੇ ਵਪਾਰ ਘਾਟੇ ਨੂੰ ਕਾਫੀ ਜ਼ਿਆਦਾ ਵਧਾ ਦਿੱਤਾ ਹੈ। ਵਪਾਰ ਘਾਟਾ ਜਨਵਰੀ ‘ਚ 17.3 ਅਰਬ ਡਾਲਰ ਤੋਂ ਵਧ ਕੇ ਜੂਨ 2022 ‘ਚ 25.6 ਅਰਬ ਡਾਲਰ ਹੋ ਗਿਆ ਜੋ ਮੁੱਖ ਤੌਰ ‘ਤੇ ਤੇਲ ਦੇ ਦਰਾਮਦ ਬਿੱਲਾਂ ਵਿਚ ਵਾਧਾ ਹੋਣ ਕਰਕੇ ਹੈ। ਹਾਲਾਂਕਿ ਚਾਲੂ ਖਾਤੇ ਦਾ ਘਾਟਾ ਜੋ 2021-22 ਦੀ ਤੀਜੀ ਤਿਮਾਹੀ ‘ਚ ਕੁਲ ਘਰੇਲੂ ਉਤਪਾਦ (ਜੀ.ਡੀ.ਪੀ.) ਦਾ 2.6% ਸੀ ਉਹ ਘਟ ਕੇ ਚੌਥੀ ਤਿਮਾਹੀ ‘ਚ ਜੀ.ਡੀ.ਪੀ. ਦੇ 1.5% ਤੱਕ ਆ ਗਿਆ ਹੈ ਪਰ ਭਵਿੱਖਬਾਣੀ ਇਹ ਹੈ ਕਿ ਚਾਲੂ ਖਾਤੇ ਦਾ ਘਾਟਾ ਜੋ 2021 ‘ਚ ਜੀ.ਡੀ.ਪੀ. ਦਾ 1.2% ਹੈ, ਦੇ 2022-23 ਵਿਚ ਜੀ.ਡੀ.ਪੀ. 2.8% ਤੱਕ ਦੁੱਗਣੇ ਤੋਂ ਵੀ ਵਧੇਰੇ ਹੋ ਜਾਣ ਦੀ ਉਮੀਦ ਹੈ।
ਇਸ ਤੋਂ ਬਿਨਾ, ਇਕੁਇਟੀ (ਖਰਚੇ ਵਗੈਰਾ ਕੱਢ ਕੇ ਸੰਪਤੀ ਦਾ ਅਸਲ ਮੁੱਲ) ਅਤੇ ਕਰਜ਼ਾ ਮੰਡੀਆਂ ਵਿਚ ਨਿਵੇਸ਼ ਕੀਤੇ ਡਾਲਰ ਦੇ ਵਹਾਅ ਨੇ ਵੀ ਗਿਰਾਵਟ ਵਿਚ ਯੋਗਦਾਨ ਪਾਇਆ ਹੈ। ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ ਦੇ ਸਮੁੱਚੇ ਆਊਟਫਲੋ (ਆਪਣਾ ਧਨ ਵਾਪਸ ਲਿਜਾਣਾ) ਹੁਣ ਵਧੇ ਹਨ। ਸਮੁੱਚਾ ਆਊਟਫਲੋ ਵਧ ਕੇ 1.2 ਲੱਖ ਕਰੋੜ ਰੁਪਏ ਹੋਣ ਨਾਲ ਬਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ ਨੇ ਚਾਲੂ ਵਿੱਤੀ ਸਾਲ ‘ਚ ਲਗਾਤਾਰ ਨੌਂ ਮਹੀਨਿਆਂ ਤੱਕ ਭਾਰੀ ਵਿਕਰੀ ਕੀਤੀ ਹੈ। ਅਤੇ ਕੇਂਦਰ ਸਰਕਾਰ ਦੀਆਂ ਸਕਿਉਰਿਟੀਆਂ ਵਿਚ ਉਨ੍ਹਾਂ ਦੀ ਹੋਲਡਿੰਗ ਅਤੇ ਕਾਰਪੋਰੇਟ ਬੌਂਡ ਭਾਗ ਵਿਚ ਉਨ੍ਹਾਂ ਦੇ ਪੂੰਜੀ-ਨਿਵੇਸ਼ ਵੀ ਆਪਣੇ ਸਿਖਰਲੇ ਪੱਧਰ ਤੋਂ ਹੇਠਾਂ ਆ ਗਏ ਹਨ। ਇਸ ਦੇ ਮੁਕਾਬਲੇ, ਡਾਲਰ ਦੀ ਸਪਲਾਈ ਵਿਚ ਗਿਰਾਵਟ ਆਈ ਹੈ ਕਿਉਂਕਿ ਮੌਜੂਦਾ ਵਿੱਤੀ ਸਾਲ ‘ਚ ਵਿਦੇਸ਼ਾਂ ਤੋਂ ਸਿੱਧੇ ਵਿਦੇਸ਼ੀ ਪੂੰਜੀ-ਨਿਵੇਸ਼ ਦਾ ਵਹਾਅ ਅਤੇ ਕਾਰਪੋਰੇਟ ਫਰਮਾਂ ਦੁਆਰਾ ਬਾਹਰੀ ਵਪਾਰਕ ਉਧਾਰ ਵਿਚ ਸੀਮਾਂਤ ਰੂਪ ‘ਚ ਗਿਰਾਵਟ ਆਈ ਹੈ।
ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਆਪਣੇ ਵਿਦੇਸ਼ੀ ਮੁਦਰਾ ਭੰਡਾਰ ‘ਚੋਂ ਡਾਲਰ ਵੇਚ ਕੇ ਇਸ ਵਧਦੀ ਮੰਗ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਦੇ ਨਤੀਜੇ ਵਜੋਂ ਵਿਦੇਸ਼ੀ ਮੁਦਰਾ ਭੰਡਾਰ ਦੇ ਆਕਾਰ ਵਿਚ ਭਾਰੀ ਕਮੀ ਆਈ ਹੈ ਜੋ ਸਤੰਬਰ 2021 ਦੇ ਸ਼ੁਰੂ ‘ਚ 642 ਅਰਬ ਡਾਲਰ ਦੇ ਉੱਚੇ ਪੱਧਰ ਤੋਂ ਡਿਗ ਕੇ ਜੁਲਾਈ 2022 ਦੇ ਪਹਿਲੇ ਹਫਤੇ ਤੱਕ 580 ਅਰਬ ਡਾਲਰ ਰਹਿ ਗਿਆ ਹੈ; ਹਾਲਾਂਕਿ, 9.5 ਮਹੀਨਿਆਂ ਦੇ ਦਰਾਮਦ ਨੂੰ ਵਿੱਤ ਮੁਹੱਈਆ ਕਰਨ ਜੋਗੇ ਫੰਡ ਹੋਣ ਕਾਰਨ ਵਿਦੇਸ਼ੀ ਐਕਸਚੇਂਜ ਰਿਜ਼ਰਵ ਅਜੇ ਵੀ ਲੋੜੀਂਦੇ ਪੱਧਰ ‘ਤੇ ਹਨ, ਫਿਰ ਵੀ ਕੇਂਦਰੀ ਬੈਂਕ ਇਕ ਹੱਦ ਤੋਂ ਅੱਗੇ ਰੁਪਏ ਦੀ ਸੁਰੱਖਿਆ ਨਹੀਂ ਕਰ ਸਕਦਾ।
ਰੁਪਏ ਦੀ ਗਿਰਾਵਟ ਦਾ ਅਰਥਚਾਰੇ ‘ਤੇ ਵੱਖਰੀ ਤਰ੍ਹਾਂ ਦਾ ਅਸਰ ਪੈਂਦਾ ਹੈ। ਇਹ ਦਾਅਵਾ ਅਕਸਰ ਕੀਤਾ ਜਾਂਦਾ ਹੈ ਕਿ ਰੁਪਏ ਦੀ ਗਿਰਾਵਟ ਬਰਾਮਦਕਾਰਾਂ ਲਈ ਸਹਾਈ ਹੋਵੇਗੀ ਕਿਉਂਕਿ ਇਹ ਭਾਰਤੀ ਵਸਤੂਆਂ ਨੂੰ ਡਾਲਰ ਦੇ ਰੂਪ ਵਿਚ ਸਸਤੀਆਂ ਕਰ ਦਿੰਦੀ ਹੈ ਅਤੇ ਬਰਾਮਦਕਾਰਾਂ ਨੂੰ ਰੁਪਏ ਦੀ ਵਧੇਰੇ ਮੁਹੱਈਆ ਕਰਾਉਂਦੀ ਹੈ ਪਰ ਹੁਣ ਅਜਿਹਾ ਹੋਣ ਦੀ ਸੰਭਾਵਨਾ ਨਹੀਂ ਹੈ। ਇਹ ਇਸ ਕਰਕੇ ਹੈ ਕਿਉਂਕਿ ਰੁਪਏ ਦੀ 40-ਮੁਦਰਾ ਵਾਸਤਵਿਕ ਪ੍ਰਭਾਵੀ ਵਟਾਂਦਰਾ ਦਰ ਜੋ ਕੀਮਤ ਦੇ ਅੰਤਰ ਲਈ ਐਡਜਸਟ ਕੀਤੀਆਂ ਕਰੰਸੀਆਂ ਦੀ ਨਾਮਨਿਹਾਦ ਵਟਾਂਦਰਾ ਦਰ ਦੀ ਵਧੇਰੇ ਮਹੱਤਵ ਦਿੱਤੇ ਜਾਣ ਵਾਲੀ ਔਸਤ ਹੈ, ਉਹ 2020-21 ‘ਚ 103.5 ਤੋਂ ਵਧ ਕੇ 2021-22 ‘ਚ 104.7 ਹੋ ਗਈ ਹੈ ਤੇ ਹੁਣ ਮਾਮੂਲੀ ਘਟ ਕੇ 104.1 ਰਹਿ ਗਈ ਹੈ। ਰੁਪਏ ਦੀ ਮਜ਼ਬੂਤ ਵਾਸਤਵਿਕ ਪ੍ਰਭਾਵੀ ਵਟਾਂਦਰਾ ਦਰ ਬਰਾਮਦ ਮੁਹਾਜ਼ ਉੱਪਰ ਕਿਸੇ ਵੀ ਲਾਭ ਨੂੰ ਸੀਮਤ ਕਰ ਸਕਦੀ ਹੈ।
ਵਧੇਰੇ ਮਹੱਤਵਪੂਰਨ ਗੱਲ ਇਹ ਹੈ ਕਿ ਰੁਪਏ ਦੀ ਗਿਰਾਵਟ ਦਾ ਵਿਦੇਸ਼ੀ ਪੂੰਜੀ-ਨਿਵੇਸ਼ ਅਤੇ ਕੀਮਤਾਂ ‘ਤੇ ਮਾੜਾ ਅਸਰ ਪਵੇਗਾ। ਵਿਦੇਸ਼ੀ ਨਿਵੇਸ਼ਕ ਖਾਸ ਤੌਰ ‘ਤੇ ਜੋ ਇਕੁਇਟੀ ਅਤੇ ਕਰਜੇ ਦੇ ਬਾਜ਼ਾਰਾਂ ਵਿਚ ਹਨ, ਸਥਿਰ ਵਟਾਂਦਰਾ ਦਰਾਂ ਨੂੰ ਤਰਜ਼ੀਹ ਦਿੰਦੇ ਹਨ ਜੋ ਉਨ੍ਹਾਂ ਨੂੰ ਧਨ ਨੂੰ ਲਾਭਦਾਇਕ ਢੰਗ ਨਾਲ ਵਾਪਸ ਭੇਜਣ ਦੀ ਇਜਾਜ਼ਤ ਦਿੰਦੇ ਹਨ; ਹਾਲਾਂਕਿ, ਰੁਪਏ ਦੀ ਗਿਰਾਵਟ ਦਾ ਸਭ ਤੋਂ ਬੁਰਾ ਅਸਰ ਮਹਿੰਗਾਈ ‘ਤੇ ਪਵੇਗਾ ਕਿਉਂਕਿ ਇਹ ਦਰਾਮਦਾਂ ਦੀਆਂ ਰੁਪਏ ‘ਚ ਕੀਮਤਾਂ ‘ਚ ਵਾਧਾ ਕਰੇਗਾ, ਖਾਸਕਰ ਤੇਲ ਅਤੇ ਹੋਰ ਜ਼ਰੂਰੀ ਵਸਤੂਆਂ ਦੀਆਂ ਕੀਮਤਾਂ। ਦਰਅਸਲ ਲੰਮੇ ਸਮੇਂ ਦੇ ਰੁਝਾਨ ਦਰਸਾਉਂਦੇ ਹਨ ਕਿ ਜਦੋਂ ਵੀ ਰੁਪਏ ‘ਚ ਤੇਜ਼ੀ ਨਾਲ ਗਿਰਾਵਟ ਆਉਂਦੀ ਹੈ, ਖਪਤਕਾਰ ਅਤੇ ਥੋਕ ਦੋਵੇਂ ਤਰ੍ਹਾਂ ਦੀਆਂ ਕੀਮਤਾਂ ‘ਚ ਆਮ ਤੌਰ ‘ਤੇ ਵਾਧਾ ਹੋ ਜਾਂਦਾ ਹੈ।
ਸਰਕਾਰ ਅਤੇ ਕੇਂਦਰੀ ਬੈਂਕ ਨੇ ਰੁਪਏ ਦੀ ਵਟਾਂਦਰਾ ਦਰ ਨੂੰ ਸਥਿਰ ਕਰਨ ਲਈ ਮੁਲਕ ਵਿਚ ਡਾਲਰ ਦੇ ਵਹਿਣ ਨੂੰ ਵਧਾਉਣ ਅਤੇ ਬਾਹਰ ਜਾਣ ਨੂੰ ਰੋਕਣ ਲਈ ਕਈ ਉਪਾਵਾਂ ਦਾ ਐਲਾਨ ਕੀਤਾ ਹੈ। ਹੌਲੀ ਆਲਮੀ ਆਰਥਿਕ ਵਾਧਾ ਦਰ ਦੇ ਵਧੇਰੇ ਹੌਲੀ ਰਫਤਾਰ ਨਾਲ ਹੋਣ ਦੀਆਂ ਭਵਿੱਖਬਾਣੀਆਂ ਤੇਲ ਦੀਆਂ ਅੰਤਰਰਾਸ਼ਟਰੀ ਕੀਮਤਾਂ ਨੂੰ ਘੱਟ ਕਰਨ ਅਤੇ ਡਾਲਰ ਦੀ ਮੰਗ ਨੂੰ ਘਟਾਉਣ ਦੀ ਆਸ ਬੰਨਾਉਂਦੀਆਂ ਹਨ। ਹਾਲਾਂਕਿ, ਜੇ ਯੂ.ਐੱਸ. ਫੈਡਰਲ ਰਿਜ਼ਰਵ ਹਮਲਾਵਰ ਰੁਖ ਅਪਣਾਉਣਾ ਜਾਰੀ ਰੱਖਦਾ ਹੈ ਅਤੇ ਦਰਾਂ ਵਿਚ ਵਾਧਾ ਕਰਦਾ ਰਹਿੰਦਾ ਹੈ ਤਾਂ ਆਰ.ਬੀ.ਆਈ. ਨੂੰ ਵੀ ਮੁੜ ਦਰਾਂ ਵਧਾਉਣੀਆਂ ਪੈਣਗੀਆਂ। ਕੁਲ ਮਿਲਾ ਕੇ, ਸਿਰਫ ਦਰਾਮਦਾਂ ਦੇ ਮੁਕਾਬਲੇ ਬਰਾਮਦ ਵਧਾ ਕੇ ਅਤੇ ਵਪਾਰਕ ਮੋਰਚੇ ‘ਤੇ ਅਸੰਤੁਲਨ ਨੂੰ ਠੀਕ ਕਰਕੇ ਹੀ ਸਥਿਰ ਰੁਪਈਆ ਯਕੀਨੀ ਬਣਾਇਆ ਜਾ ਸਕਦਾ ਹੈ।