ਮੰਨੂ ਤੇ ਰੂਪਾ ਕੋਲੋਂ ਮਿਲੇ ਅਸਲੇ ਨਾਲ ਹੀ ਹੋਇਆ ਸੀ ਮੂਸੇਵਾਲਾ ਦਾ ਕਤਲ

ਮਾਨਸਾ: ਮਾਨਸਾ ਪੁਲਿਸ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿਚ ਵਰਤੇ ਗਏ ਹਥਿਆਰ ਬਰਾਮਦ ਕਰ ਲਏ ਹਨ। ਪੁਲਿਸ ਮੁਤਾਬਕ ਇਹ ਉਹੀ ਹਥਿਆਰ ਹਨ, ਜੋ ਸ਼ਾਰਪ ਸ਼ੂਟਰ ਮਨਪ੍ਰੀਤ ਉਰਫ ਮੰਨੂ ਕੁੱਸਾ ਅਤੇ ਜਗਰੂਪ ਰੂਪਾ ਦੇ ਪੁਲਿਸ ਮੁਕਾਬਲੇ ਵਿਚ ਮਾਰੇ ਜਾਣ ਮਗਰੋਂ ਮੌਕੇ ਤੋਂ ਬਰਾਮਦ ਕੀਤੇ ਗਏ ਸਨ। ਪੰਜਾਬ ਪੁਲਿਸ ਲਈ ਇਨ੍ਹਾਂ ਹਥਿਆਰਾਂ ਦੀ ਬਰਾਮਦਗੀ ਵੱਡੀ ਸਿਰਦਰਦੀ ਬਣੀ ਹੋਈ ਸੀ। ਮਾਨਸਾ ਪੁਲਿਸ ਤੋਂ ਪਹਿਲਾਂ ਦਿੱਲੀ ਪੁਲਿਸ ਨੇ ਵੀ ਇਨ੍ਹਾਂ ਹਥਿਆਰਾਂ ਦੀ ਬਰਾਮਦਗੀ ਬਾਰੇ ਪ੍ਰਿਆਵਰਤ ਫੌਜੀ, ਕਸ਼ਿਸ਼ ਉਰਫ਼ ਕੁਲਦੀਪ ਅਤੇ ਅੰਕਿਤ ਸੇਰਸਾ ਪਾਸੋਂ ਪੁੱਛਗਿੱਛ ਕੀਤੀ ਸੀ।

ਮਾਨਸਾ ਪੁਲਿਸ ਨੇ ਤਾਂ ਇਨ੍ਹਾਂ ਦਾ ਦੋ ਵਾਰ ਅਦਾਲਤ ਤੋਂ ਪੁਲਿਸ ਰਿਮਾਂਡ ਵੀ ਹਾਸਲ ਕੀਤਾ ਸੀ। ਉਧਰ, ਛੇਵਾਂ ਸ਼ਾਰਪ ਸ਼ੂਟਰ ਦੀਪਕ ਮੁੰਡੀ ਅਜੇ ਵੀ ਫਰਾਰ ਹੈ। ਐਸ.ਐਸ.ਪੀ. ਗੌਰਵ ਤੂਰਾ ਨੇ ਕਿਹਾ ਕਿ ਦੀਪਕ ਮੁੰਡੀ ਨੂੰ ਵੀ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸ਼ਾਰਪ ਸ਼ੂਟਰ ਮਨਪ੍ਰੀਤ ਉਰਫ ਮੰਨੂ ਕੁੱਸਾ ਅਤੇ ਜਗਰੂਪ ਰੂਪਾ ਕੋਲੋਂ ਮੁਕਾਬਲੇ ਮਗਰੋਂ ਜਿਹੜੇ ਹਥਿਆਰ ਬਰਾਮਦ ਹੋਏ ਹਨ, ਇਹ ਉਹੀ ਹਥਿਆਰ ਹਨ, ਜਿਨ੍ਹਾਂ ਨੂੰ ਸਿੱਧੂ ਮੂਸੇਵਾਲਾ ਦੇ ਕਤਲ ਵੇਲੇ ਵਰਤਿਆ ਗਿਆ ਸੀ। ਪੁਲਿਸ ਅਧਿਕਾਰੀ ਅਨੁਸਾਰ ਅੰਮ੍ਰਿਤਸਰ ਜ਼ਿਲ੍ਹੇ ਵਿਚ ਹੋਏ ਇਕ ਮੁਕਾਬਲੇ ਦੌਰਾਨ ਜਦੋਂ ਮਨਪ੍ਰੀਤ ਮੰਨੂ ਅਤੇ ਜਗਰੂਪ ਰੂਪਾ ਨੇ ਖੁਦ ਨੂੰ ਪੁਲਿਸ ਹਵਾਲੇ ਨਾ ਕੀਤਾ ਤਾਂ ਦੁਵੱਲੀ ਫਾਇਰਿੰਗ ਦੌਰਾਨ ਉਹ ਦੋਵੇਂ ਜਣੇ ਮਾਰੇ ਗਏ ਅਤੇ ਉਨ੍ਹਾਂ ਦੋਵਾਂ ਪਾਸੋਂ ਏਕੇ-47 ਅਤੇ 9-ਐਮ.ਐਮ. ਪਿਸਤੌਲ ਬਰਾਮਦ ਹੋਏ ਸਨ। ਅਧਿਕਾਰੀ ਅਨੁਸਾਰ ਪੰਜਾਬੀ ਗਾਇਕ ਦੇ ਕਤਲ ਵਾਲੀ ਥਾਂ ਪਿੰਡ ਜਵਾਹਰਕੇ ਤੋਂ ਅਤੇ ਸ਼ਾਰਪ ਸ਼ੂਟਰਾਂ ਦੇ ਮੁਕਾਬਲੇ ਵਾਲੀ ਜਗ੍ਹਾ ਤੋਂ ਜੋ ਖੋਲ੍ਹ ਮਿਲੇ ਹਨ, ਇਹ ਆਪਸ ਵਿਚ ਮੇਲ ਖਾਂਦੇ ਹਨ। ਉਨ੍ਹਾਂ ਕਿਹਾ ਕਿ ਫੋਰੈਂਸਿਕ ਜਾਂਚ ਦੌਰਾਨ ਇਸ ਦੀ ਪੁਸ਼ਟੀ ਹੋਈ ਹੈ।
ਪੁਲਿਸ ਨੂੰ ਮਿਲੇ ਵੇਰਵਿਆਂ ਮੁਤਾਬਕ ਮੂਸੇਵਾਲਾ ਦੇ ਕਤਲ ਲਈ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਸਾਰਿਆਂ ਨੂੰ ਹਥਿਆਰ ਮੁਹੱਈਆ ਕਰਵਾਏ ਸਨ। ਜਿਨ੍ਹਾਂ ਹਥਿਆਰਾਂ ਨਾਲ ਮੂਸੇਵਾਲਾ ਨੂੰ ਮਾਰਿਆ ਗਿਆ, ਉਹ ਪ੍ਰਿਆਵਰਤ ਫ਼ੌਜੀ, ਅੰਕਿਤ ਸੇਰਸਾ ਅਤੇ ਕਸ਼ਿਸ਼ ਤੋਂ ਵਾਪਸ ਲੈ ਲਏ ਗਏ ਸਨ ਅਤੇ ਇਨ੍ਹਾਂ ਨੂੰ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂ ਲੈ ਗਏ ਸਨ। ਪੁਲਿਸ ਅਨੁਸਾਰ ਮੰਨੂ ਨੇ ਏ.ਕੇ-47 ਤੋਂ ਫਾਇਰਿੰਗ ਕੀਤੀ ਸੀ ਅਤੇ ਉਹ ਕਰੋਲਾ ਗੱਡੀ ਵਿਚ ਸਨ, ਜਦੋਂ ਕਿ ਕਸ਼ਿਸ਼, ਪ੍ਰਿਆਵਰਤ ਫੌਜੀ ਅਤੇ ਅੰਕਿਤ ਸੇਰਸਾ ਹਮਲੇ ਵੇਲੇ ਬੋਲੇਰੋ ਗੱਡੀ ਵਿਚ ਸਨ। ਉਹ ਵਾਰਦਾਤ ਤੋਂ ਬਾਅਦ ਵੱਖੋ-ਵੱਖਰੇ ਰਾਹਾਂ ਉਪਰ ਚਲੇ ਗਏ ਸਨ। ਪ੍ਰਿਆਵਰਤ ਫੌਜੀ ਤੇ ਹੋਰ ਹਰਿਆਣਾ ਨੂੰ ਨਿਕਲ ਗਏ ਸਨ ਜਦੋਂਕਿ ਮੰਨੂ ਅਤੇ ਰੂਪਾ ਆਲਟੋ ਗੱਡੀ ਖੋਹ ਕੇ ਮੋਗਾ ਵਾਲੇ ਪਾਸੇ ਭੱਜ ਗਏ ਸਨ। ਪੁਲਿਸ ਇਸ ਗੱਲ ਦੀ ਪਹਿਲਾਂ ਹੀ ਪੁਸ਼ਟੀ ਕਰ ਚੁੱਕੀ ਹੈ ਕਿ ਪ੍ਰਿਆਵਰਤ ਫੌਜੀ ਹੋਰਾਂ ਦੇ ਹਥਿਆਰ ਹਿਸਾਰ ਨੇੜਿਓਂ ਇਕ ਪਿੰਡ ‘ਚ ਦਿੱਲੀ ਪੁਲਿਸ ਵੱਲੋਂ ਬਰਾਮਦ ਕੀਤੇ ਗਏ ਸਨ।
ਸਿੱਧੂ ਮੂਸੇਵਾਲਾ ਦੇ ਕਤਲ ਵਿਚ ਕੁਲ 6 ਸ਼ਾਰਪ ਸ਼ੂਟਰ ਸ਼ਾਮਲ ਸਨ। ਇਨ੍ਹਾਂ ਵਿਚ ਪ੍ਰਿਆਵਰਤ ਫੌਜੀ, ਕਸ਼ਿਸ਼ ਇਸੇ ਵੇਲੇ ਪੁੱਛਗਿੱਛ ਲਈ ਰਿਮਾਂਡ ‘ਤੇ ਹਨ। ਅੰਕਿਤ ਸੇਰਸਾ ਮਾਨਸਾ ਅਦਾਲਤ ਦੇ ਆਦੇਸ਼ਾਂ ਤੋਂ ਬਾਅਦ ਗੋਇੰਦਵਾਲ ਜੇਲ੍ਹ ਵਿਚ ਹੈ ਜਦੋਂਕਿ ਅੰਮ੍ਰਿਤਸਰ ਦੇ ਅਟਾਰੀ ਨੇੜੇ ਪਿੰਡ ਭਕਨਾ ਚੀਚਾ ਵਿਖੇ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂ ਪੁਲਿਸ ਮੁਕਾਬਲੇ ਦੌਰਾਨ ਮਾਰੇ ਗਏ ਸਨ। ਦੀਪਕ ਮੁੰਡੀ, ਇਕੋ ਇਕ ਸ਼ੂਟਰ ਹੈ, ਜੋ ਇਸ ਵੇਲੇ ਫਰਾਰ ਹੈ।