ਵੰਡ ਵੇਲੇ ਵਿਚੜੇ ਚਾਚਾ-ਭਤੀਜਾ ਕਰਤਾਰਪੁਰ ਸਾਹਿਬ `ਚ ਮਿਲੇ

ਡੇਰਾ ਬਾਬਾ ਨਾਨਕ: ਭਾਰਤ-ਪਾਕਿਸਤਾਨ ਦੀ ਵੰਡ ਵੇਲੇ ਵਿਚੜੇ ਚਾਚਾ-ਭਤੀਜਾ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਚ ਮਿਲੇ। 92 ਸਾਲਾ ਬਜ਼ੁਰਗ ਸਰਵਣ ਸਿੰਘ ਆਪਣੇ 75 ਸਾਲਾ ਭਤੀਜੇ ਮੋਹਨ ਸਿੰਘ ਨੂੰ ਮਿਲ ਕੇ ਭਾਵੁਕ ਹੋ ਗਏ। ਸਰਵਣ ਸਿੰਘ ਜਲੰਧਰ ਤੋਂ ਆਪਣੀ ਧੀ ਰਸ਼ਪਾਲ ਕੌਰ ਨਾਲ ਕਰਤਾਰਪੁਰ ਲਾਂਘੇ ਜ਼ਰੀਏ ਪਾਕਿਸਤਾਨ ਦੇ ਗੁਰਦੁਆਰਾ ਕਰਤਾਰਪੁਰ ਸਾਹਿਬ ਗਏ, ਜਿਥੇ ਉਹ 75 ਸਾਲ ਬਾਅਦ ਆਪਣੇ ਭਤੀਜੇ ਮੋਹਨ ਸਿੰਘ ਨੂੰ ਮਿਲੇ।

ਮੁਲਾਕਾਤ ਮਗਰੋਂ ਸਰਵਣ ਸਿੰਘ ਨੇ ਦੱਸਿਆ ਕਿ ਮੋਹਨ ਸਿੰਘ ਨੇ ਛੇ ਸਾਲ ਦੀ ਉਮਰ ਵਿਚ ਹੀ ਆਪਣੇ ਪਰਿਵਾਰ ਦੇ 22 ਮੈਂਬਰਾਂ ਨੂੰ ਗੁਆ ਦਿੱਤਾ ਸੀ। ਪਾਕਿਸਤਾਨ ‘ਚ ਉਸ ਦਾ ਪਾਲਣ-ਪੋਸ਼ਣ ਇਕ ਮੁਸਲਿਮ ਪਰਿਵਾਰ ਨੇ ਹੀ ਕੀਤਾ। ਉਸ ਦਾ ਨਾਂ ਹੁਣ ਅਬਦੁਲ ਖ਼ਾਲਿਕ ਹੈ। ਉਨ੍ਹਾਂ ਦੱਸਿਆ ਕਿ ਇਸ ਵੇਲੇ ਮੋਹਨ ਉਰਫ ਅਬਦੁਲ ਖ਼ਾਲਿਕ ਦਾ ਪਾਕਿਸਤਾਨ ‘ਚ ਕਾਫੀ ਵੱਡਾ ਪਰਿਵਾਰ ਹੈ ਅਤੇ ਸਾਰੇ ਉਸ ਨੂੰ ਨੂੰ ਮਿਲਣ ਆਏ ਸਨ। ਉਨ੍ਹਾਂ ਦੱਸਿਆ ਕਿ ਇੰਨੇ ਸਾਲਾਂ ਬਾਅਦ ਉਨ੍ਹਾਂ ਨੂੰ ਆਪਣੇ ਭਤੀਜੇ ਦਾ ਪਤਾ ਇਕ ਵੀਡੀਓ ਜਰੀਏ ਲੱਗਾ ਸੀ। ਇਸ ਮੁਲਾਕਾਤ ਲਈ ਸਰਵਣ ਸਿੰਘ ਨੇ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਅਤੇ ਮੀਡੀਆ ਦਾ ਧੰਨਵਾਦ ਕੀਤਾ।