ਧਾਰਮਿਕ ਜਾਂ ਚੈਰੀਟੇਬਲ ਟਰਸਟਾਂ ਦੀਆਂ ਸਰਾਵਾਂ `ਤੇ ਜੀ.ਐਸ.ਟੀ. ਨਹੀਂ ਲੱਗੇਗਾ

ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਧਾਰਮਿਕ ਜਾਂ ਚੈਰੀਟੇਬਲ ਟਰਸਟਾਂ ਵੱਲੋਂ ਚਲਾਈਆਂ ਜਾਂਦੀਆਂ ‘ਸਰਾਵਾਂ` ਜਾਂ ਜਾਇਦਾਦਾਂ ਵਿਚਲੇ ਕਮਰਿਆਂ `ਤੇ ਵਸਤਾਂ ਤੇ ਸੇਵਾਵਾਂ ਕਰ (ਜੀ.ਐਸ.ਟੀ.) ਲਾਉਣ ਬਾਰੇ ਸ਼ੰਕਿਆਂ ਨੂੰ ਦੂਰ ਕਰਦਿਆਂ ਕਿਹਾ ਕਿ ਇਨ੍ਹਾਂ ਸਰਾਵਾਂ `ਤੇ ਅਜਿਹਾ ਕੋਈ ਟੈਕਸ ਨਹੀਂ ਲੱਗੇਗਾ। ਵਿੱਤ ਮੰਤਰਾਲੇ ਅਧੀਨ ਆਉਂਦੇ ਸਿੱਧੇ ਕਰਾਂ ਬਾਰੇ ਕੇਂਦਰੀ ਬੋਰਡ (ਸੀ.ਬੀ.ਆਈ.ਸੀ.) ਨੇ ਲੜੀਵਾਰ ਟਵੀਟ ਕਰਕੇ ਸਪਸ਼ਟੀਕਰਨ ਜਾਰੀ ਕੀਤਾ ਸੀ।

ਕਾਬਲੇਗੌਰ ਹੈ ਕਿ ਪੰਜਾਬ ਤੋਂ ‘ਆਪ` ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਸਣੇ ਕੁਝ ਹੋਰਨਾਂ ਧਿਰਾਂ ਨੇ ਧਾਰਮਿਕ ਸਰਾਂਵਾਂ `ਤੇ ਜੀ.ਐਸ.ਟੀ. ਲਾਉਣ ਦੇ ਫੈਸਲੇ ਨੂੰ ਵਾਪਸ ਲੈਣ ਦੀ ਮੰਗ ਕੀਤੀ ਸੀ, ਜਿਸ ਮਗਰੋਂ ਵਿੱਤ ਮੰਤਰਾਲੇ ਨੂੰ ਉਪਰੋਕਤ ਸਪਸ਼ਟੀਕਰਨ ਦੇਣਾ ਪਿਆ ਹੈ।
ਰਾਘਵ ਚੱਢਾ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨਾਲ ਮੁਲਾਕਾਤ ਕਰਦਿਆਂ ਉਨ੍ਹਾਂ ਨੂੰ ਇਕ ਪੱਤਰ ਦਿੱਤਾ ਸੀ, ਜਿਸ ਵਿਚ ਅੰਮ੍ਰਿਤਸਰ ਵਿਚ ਸ੍ਰੀ ਹਰਿਮੰਦਰ ਸਾਹਿਬ ਨੇੜਲੀਆਂ ਸਰਾਵਾਂ ‘ਤੇ 12 ਫੀਸਦ ਜੀ.ਐਸ.ਟੀ. ਲਾਉਣ ਦੇ ਫੈਸਲੇ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ ਸੀ। ਜੀ.ਐਸ.ਟੀ. ਕੌਂਸਲ ਨੇ ਇਕ ਹਜ਼ਾਰ ਰੁਪਏ ਪ੍ਰਤੀ ਦਿਨ ਦੇ ਕਿਰਾਏ ਵਾਲੇ ਹੋਟਲਾਂ ਦੇ ਕਮਰਿਆਂ ‘ਤੇ 12 ਫੀਸਦ ਜੀ.ਐਸ.ਟੀ. ਲਾਉਣ ਦਾ ਫੈਸਲਾ ਜੂਨ ਵਿਚ ਕੀਤਾ ਸੀ ਤੇ ਇਹ ਤਜਵੀਜ਼ 18 ਜੁਲਾਈ ਤੋਂ ਅਮਲ ਵਿਚ ਆਈ ਸੀ। ਸ਼੍ਰੋਮਣੀ ਕਮੇਟੀ ਵੱਲੋਂ ਚਲਾਈਆਂ ਜਾਂਦੀਆਂ ਕੁਝ ‘ਸਰਾਂਵਾਂ‘ ਨੇ ਖੁਦ ਹੀ (ਉਸੇ ਦਿਨ ਤੋਂ) 1000 ਰੁਪਏ ਪ੍ਰਤੀ ਦਿਨ ਕਿਰਾਏ ਵਾਲੇ ਕਮਰਿਆਂ ‘ਤੇ ਜੀ.ਐਸ.ਟੀ. ਲਾਉਣਾ ਸ਼ੁਰੂ ਕਰ ਦਿੱਤਾ ਸੀ। ਸੀ.ਬੀ.ਆਈ.ਸੀ. ਨੇ ਲੜੀਵਾਰ ਟਵੀਟ ਕਰਕੇ ਕਿਹਾ ਕਿ ਧਾਰਮਿਕ ਜਾਂ ਚੈਰੀਟੇਬਲ ਟਰੱਸਟ ਦੀਆਂ ਸਰਾਵਾਂ ‘ਤੇ ਜੀ.ਐਸ.ਟੀ. ਲਾਗੂ ਨਹੀਂ ਹੁੰਦਾ। ਟਵੀਟ ਵਿਚ ਕਿਹਾ ਗਿਆ ਕਿ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ ਕਿ ਅੰਮ੍ਰਿਤਸਰ ਵਿਚਲੀਆਂ ਤਿੰਨ ਸਰਾਵਾਂ- ਗੁਰੂ ਗੋਬਿੰਦ ਸਿੰਘ ਐਨ.ਆਰ.ਆਈ. ਨਿਵਾਸ, ਬਾਬਾ ਦੀਪ ਸਿੰਘ ਨਿਵਾਸ ਤੇ ਮਾਤਾ ਭਾਗ ਕੌਰ ਨਿਵਾਸ, ਜਿਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚਲਾਉਂਦੀ ਹੈ, ਨੇ 18 ਜੁਲਾਈ 2022 ਤੋਂ ਜੀ.ਐਸ.ਟੀ. ਦੀ ਅਦਾਇਗੀ ਸ਼ੁਰੂ ਕਰ ਦਿੱਤੀ ਸੀ। ਲਿਹਾਜ਼ਾ ਇਹ ਸਰਾਵਾਂ ਕਿਰਾਏ ‘ਤੇ ਕਮਰੇ ਦੇਣ ਸਬੰਧੀ (ਜੀ.ਐਸ.ਟੀ.) ਛੋਟ ਦਾ ਲਾਹਾ ਲੈ ਸਕਦੀਆਂ ਹਨ।
ਸ਼ਰਧਾਲੂਆਂ ਕੋਲੋਂ ਜੀ.ਐਸ.ਟੀ. ਲੈਣਾ ਬੰਦ
ਅੰਮ੍ਰਿਤਸਰ: ਸ੍ਰੀ ਦਰਬਾਰ ਸਾਹਿਬ ਦੀਆਂ ਸਰਾਵਾਂ ‘ਤੇ ਲਾਏ ਗਏ ਜੀ.ਐਸ.ਟੀ. ਮਾਮਲੇ ਵਿਚ ਕੇਂਦਰ ਸਰਕਾਰ ਵੱਲੋਂ ਯੂ-ਟਰਨ ਲੈਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਇਨ੍ਹਾਂ ਸਰਾਵਾਂ ਲਈ ਸ਼ਰਧਾਲੂਆਂ ਕੋਲੋਂ ਵਸੂਲਿਆ ਜਾ ਰਿਹਾ ਟੈਕਸ ਲੈਣਾ ਬੰਦ ਕਰ ਦਿੱਤਾ ਹੈ। ਸ਼੍ਰੋਮਣੀ ਕਮੇਟੀ ਵੱਲੋਂ 18 ਜੁਲਾਈ ਤੋਂ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਤੋਂ ਬਾਹਰ ਤਿੰਨ ਸਰਾਵਾਂ ਬਾਬਾ ਦੀਪ ਸਿੰਘ ਯਾਤਰੀ ਨਿਵਾਸ, ਮਾਤਾ ਭਾਗ ਕੌਰ ਨਿਵਾਸ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਐਨ.ਆਰ.ਆਈ. ਨਿਵਾਸ ਵਾਸਤੇ ਸ਼ਰਧਾਲੂਆਂ ਕੋਲੋਂ 12 ਫੀਸਦ ਜੀ.ਐਸ.ਟੀ. ਵਸੂਲਿਆ ਜਾ ਰਿਹਾ ਸੀ। ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਪ੍ਰਤਾਪ ਸਿੰਘ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਨੇ ਸ਼ਰਧਾਲੂਆਂ ਕੋਲੋਂ ਜੀ.ਐਸ.ਟੀ. ਵਸੂਲਣਾ ਬੰਦ ਕਰ ਦਿੱਤਾ ਹੈ।