ਅਗਨੀਪਥ: ਬੇਰੁਜ਼ਗਾਰ ਨੌਜਵਾਨਾਂ ਦੇ ਹੱਕ `ਚ ਡਟਿਆ ਸੰਯੁਕਤ ਮੋਰਚਾ

ਚੰਡੀਗੜ੍ਹ: ਕੇਂਦਰ ਸਰਕਾਰ ਵੱਲੋਂ ਲਿਆਂਦੀ ਗਈ ‘ਅਗਨੀਪਥ` ਯੋਜਨਾ ਵਿਰੁੱਧ ਸੰਘਰਸ਼ ਲੜ ਰਹੇ ਬੇਰੁਜ਼ਗਾਰ ਨੌਜਵਾਨਾਂ ਦੇ ਹੱਕ ਵਿਚ ਦੇਸ਼ ਦੇ ਕਿਸਾਨਾਂ ਤੇ ਸਾਬਕਾ ਸੈਨਿਕਾਂ ਨੇ ਵੀ ਆਪਣਾ ਸਮਰਥਨ ਦਿੱਤਾ ਹੈ। ਇਹ ਐਲਾਨ ਸੰਯੁਕਤ ਕਿਸਾਨ ਮੋਰਚਾ, ਸਾਬਕਾ ਸੈਨਿਕਾਂ ਦੇ ਯੂਨਾਈਟਿਡ ਫਰੰਟ ਅਤੇ ਬੇਰੁਜ਼ਗਾਰੀ ਵਿਰੁੱਧ ਲੜ ਰਹੀਆਂ ਵੱਖ-ਵੱਖ ਨੌਜਵਾਨ ਜਥੇਬੰਦੀਆਂ ਵੱਲੋਂ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ ਗਿਆ। ‘ਅਗਨੀਪਥ` ਦੇ ਵਿਰੋਧ ਵਿਚ ਇਕੱਠੇ ਹੋਏ ਇਸ ਸਾਂਝੇ ਮੋਰਚੇ ਨੇ 14 ਅਗਸਤ ਤੱਕ ਚੋਣਵੀਆਂ ਥਾਵਾਂ `ਤੇ ‘ਜੈ ਜਵਾਨ ਜੈ ਕਿਸਾਨ` ਮੁਹਿੰਮ ਸ਼ੁਰੂ ਕਰ ਦਿੱਤੀ ਹੈ।

ਆਗੂਆਂ ਨੇ ਕਿਹਾ ਕਿ ਅਗਨੀਪਥ ਯੋਜਨਾ ਨੇ ਹਥਿਆਰਬੰਦ ਸੈਨਾਵਾਂ ਵਿਚ ਨਿਯਮਤ, ਸਥਾਈ ਭਰਤੀ ਦੇ ਅਜ਼ਮਾਏ ਅਤੇ ਪਰਖੇ ਗਏ ਢੰਗ ਨੂੰ ਖਤਮ ਕਰ ਦਿੱਤਾ ਹੈ। ਇਸ ਨਾਲ ਹਥਿਆਰਬੰਦ ਬਲਾਂ ਦੇ ਆਕਾਰ ਵਿਚ ਭਾਰੀ ਕਮੀ ਆਵੇਗੀ। ਉਨ੍ਹਾਂ ਕਿਹਾ ਕਿ ਕੌਮੀ ਸੁਰੱਖਿਆ ਲਈ ਲਗਾਤਾਰ ਵੱਧ ਰਹੇ ਖਤਰਿਆਂ ਦੇ ਮੱਦੇਨਜਰ ਇਸ ਯੋਜਨਾ ਨਾਲ ਹਥਿਆਰਬੰਦ ਬਲਾਂ ਦੀ ਕਾਰਗੁਜ਼ਾਰੀ ‘ਤੇ ਸਿੱਧਾ ਅਸਰ ਪਵੇਗਾ।
ਉਨ੍ਹਾਂ ਕਿਹਾ ਕਿ ਅਗਨੀਪਥ ਯੋਜਨਾ ਪਹਿਲਾਂ ਹੀ ਜਨਤਕ ਖੇਤਰ ਵਿਚ ਰੁਜ਼ਗਾਰ ਦੇ ਮੌਕਿਆਂ ਦੀ ਘਾਟ ਦਾ ਸਾਹਮਣਾ ਕਰ ਰਹੇ ਬੇਰੁਜ਼ਗਾਰ ਨੌਜਵਾਨਾਂ ਲਈ ਇਕ ਵੱਡਾ ਧੱਕਾ ਹੈ। ਉਨ੍ਹਾਂ ਕਿਹਾ ਕਿ ਇਸ ਯੋਜਨਾ ਨਾਲ ਪੀੜ੍ਹੀਆਂ ਤੋਂ ਦੇਸ਼ ਦੀ ਸੁਰੱਖਿਆ ਵਿਚ ਯੋਗਦਾਨ ਪਾਉਂਦੇ ਆ ਰਹੇ ਪੰਜਾਬ, ਹਰਿਆਣਾ, ਹਿਮਾਚਲ, ਉੱਤਰਾਖੰਡ, ਪੱਛਮੀ ਯੂਪੀ ਤੇ ਪੂਰਬੀ ਰਾਜਸਥਾਨ ਸੂਬਿਆਂ ਦੀ ਹਿੱਸੇਦਾਰੀ ਘਟ ਜਾਵੇਗੀ। ਉਨ੍ਹਾਂ ਕਿਹਾ ਕਿ ‘ਜੈ ਜਵਾਨ ਜੈ ਕਿਸਾਨ` ਮੁਹਿੰਮ ਦਾ ਉਦੇਸ਼ ਲੋਕਾਂ ਨੂੰ ‘ਅਗਨੀਪਥ` ਯੋਜਨਾ ਦੇ ਭਿਆਨਕ ਨਤੀਜਿਆਂ ਬਾਰੇ ਦੱਸਣਾ ਤੇ ਕੇਂਦਰ ਨੂੰ ਲੋਕਤੰਤਰਿਕ, ਸ਼ਾਂਤੀਪੂਰਨ ਤੇ ਸੰਵਿਧਾਨਕ ਤਰੀਕੇ ਨਾਲ ਇਸ ਸਕੀਮ ਨੂੰ ਵਾਪਸ ਲੈਣ ਲਈ ਮਜਬੂਰ ਕਰਨਾ ਹੈ। ਇਸ ਤਹਿਤ 14 ਅਗਸਤ ਤੱਕ ਸੰਮੇਲਨ ਕਰਵਾਏ ਜਾਣਗੇ। ਉਨ੍ਹਾਂ ਮੰਗ ਕੀਤੀ ਕਿ ‘ਅਗਨੀਪਥ` ਸਕੀਮ ਅਤੇ ਇਸ ਤਹਿਤ ਜਾਰੀ ਕੀਤੀਆਂ ਸਾਰੀਆਂ ਨੋਟੀਫਿਕੇਸ਼ਨਾਂ ਵਾਪਸ ਲਈਆਂ ਜਾਣ। ਪਹਿਲਾਂ ਤੋਂ ਸ਼ੁਰੂ ਕੀਤੀ ਗਈ ਭਰਤੀ ਪ੍ਰਕਿਰਿਆ ਨੂੰ ਪਿਛਲੇ ਦੋ ਸਾਲਾਂ ਦੀ ਭਰਤੀ ਨਾ ਕਰਨ ਦੇ ਬਦਲੇ ਉਮਰ ਵਿਚ ਦੋ ਸਾਲ ਦੀ ਛੋਟ ਦਿੱਤੀ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।