ਸੁਖਬੀਰ ਸਿੰਘ ਬਾਦਲ ਦੀ ਕੁਰਸੀ ਹਿੱਲੀ

ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਬਾਦਲ ਵਿਚ ਬਾਗੀ ਸੁਰਾਂ ਹੋਰ ਤਿੱਖੀਆਂ ਹੋ ਗਈਆਂ ਹਨ। ਪਾਰਟੀ ਦੀ ਸੀਨੀਅਰ ਲੀਡਰਸ਼ਿੱਪ ਦੀਆਂ ‘ਗੁਪਤ` ਮੀਟਿੰਗਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਚੁਣੌਤੀ ਦੇਣ ਵੱਲ ਇਸ਼ਾਰਾ ਕਰ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਦੇ ਦਰਜਨ ਤੋਂ ਵੱਧ ਸੀਨੀਅਰ ਆਗੂਆਂ ਵੱਲੋਂ ਪੰਜਾਬ ਵਿਧਾਨ ਸਭਾ ਵਿਚ ਅਕਾਲੀ ਦਲ ਵਿਧਾਇਕ ਦਲ ਦੇ ਆਗੂ ਮਨਪ੍ਰੀਤ ਸਿੰਘ ਇਯਾਲੀ ਦੀ ਅਗਵਾਈ ਵਿਚ ਗੁਰੂ ਨਗਰੀ ਵਿਖੇ ਇਕੱਤਰਤਾ ਪਿੱਛੋਂ ਚਰਚਾ ਛਿੜ ਗਈ ਹੈ ਕਿ ਲੀਡਰਸ਼ਿਪ ਬਦਲਾਅ ਦੇ ਘੇਰੇ ਵਿਚ ਸੁਖਬੀਰ ਬਾਦਲ ਨੂੰ ਵੀ ਲਿਆਉਣ ਲਈ ਵਿਉਂਤਬੰਦੀ ਸ਼ੁਰੂ ਹੋ ਗਈ ਹੈ।

ਇਹ ਮੀਟਿੰਗ ਰਵੀਕਰਨ ਸਿੰਘ ਕਾਹਲੋਂ ਦੇ ਘਰ ਵਿਚ ਕੀਤੀ ਗਈ। ਰਵੀਕਰਨ ਸਿੰਘ ਕਾਹਲੋਂ ਸਾਬਕਾ ਸਪੀਕਰ ਮਰਹੂਮ ਨਿਰਮਲ ਸਿੰਘ ਕਾਹਲੋਂ ਦੇ ਪੁੱਤਰ ਹਨ। ਇਸ ਮੀਟਿੰਗ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਆਗੂ ਮਨਪ੍ਰੀਤ ਸਿੰਘ ਇਯਾਲੀ ਸਣੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ, ਚਰਨਜੀਤ ਸਿੰਘ ਅਟਵਾਲ, ਜਗਮੀਤ ਸਿੰਘ ਬਰਾੜ, ਭਾਈ ਮਨਜੀਤ ਸਿੰਘ, ਅਮਰਪਾਲ ਸਿੰਘ ਬੋਨੀ, ਕਰਨੈਲ ਸਿੰਘ ਪੰਜੋਲੀ ਤੇ ਹੋਰ ਕਈ ਸੀਨੀਅਰ ਆਗੂ ਹਾਜ਼ਰ ਸਨ।
ਮੀਟਿੰਗ ਵਿਚ ਤੈਅ ਹੋਇਆ ਹੈ ਕਿ ਸਾਰੇ ਅਕਾਲੀ ਆਗੂਆਂ ਦੀ ਰਾਏ ਹੈ ਕਿ ਉਹ ਇਕੱਠੇ ਹੋ ਕੇ ਸੁਖਬੀਰ ਸਿੰਘ ਬਾਦਲ ਨੂੰ ਮਿਲਣਗੇ ਅਤੇ ਉਨ੍ਹਾਂ ਨਾਲ ਅਕਾਲੀ ਦਲ ਦੇ ਮੌਜੂਦਾ ਹਾਲਾਤ ‘ਤੇ ਵਿਚਾਰ ਚਰਚਾ ਕਰਨਗੇ। ਇਸ ਮੀਟਿੰਗ ਦੌਰਾਨ ਸਮੂਹ ਆਗੂਆਂ ਦਾ ਵਿਚਾਰ ਸੀ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਲੋਕਾਂ ਦੀਆਂ ਭਾਵਨਾਵਾਂ ਮੁਤਾਬਕ ਪਾਰਟੀ ਨੂੰ ਬਚਾਉਣ ਲਈ ਤਿਆਗ ਦੀ ਭਾਵਨਾ ਦਿਖਾਉਣੀ ਚਾਹੀਦੀ ਹੈ।
ਭਾਵੇਂ ਅਕਾਲੀ ਦਲ ਨੇ ਦਾਅਵਾ ਕੀਤਾ ਹੈ ਕਿ ਇਸ ਮੀਟਿੰਗ ਨੂੰ ਬਗਾਵਤ ਨਾਲ ਜੋੜਨ ਦੀ ਕੋਈ ਤੁਕ ਨਹੀਂ ਬਣਦੀ ਪਰ ਜਿਸ ਤਰ੍ਹਾਂ ਇਸ ਇਕੱਠ ਤੋਂ ਤੁਰਤ ਬਾਅਦ ਸੁਖਬੀਰ ਬਾਦਲ ਨੇ ਪਾਰਟੀ ਦੀ ਪੰਜ ਮੈਂਬਰੀ ਅਨੁਸ਼ਾਸਨੀ ਕਮੇਟੀ ਬਣਾ ਦਿੱਤੀ ਹੈ, ਉਸ ਤੋਂ ਸਾਫ ਹੈ ਕਿ ਬਾਦਲ ਨੂੰ ਪਰਿਵਾਰ ਅੰਦਰੋਂ ਕੰਬ ਗਿਆ ਹੈ। ਇਸ ਕਮੇਟੀ ਦੀ ਅਗਵਾਈ ਸੀਨੀਅਰ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਨੂੰ ਸੌਂਪੀ ਗਈ ਹੈ। ਕਮੇਟੀ ਦੇ ਹੋਰ ਮੈਂਬਰਾਂ ਵਿਚ ਸ਼ਰਨਜੀਤ ਸਿੰਘ ਢਿੱਲੋਂ, ਵਿਰਸਾ ਸਿੰਘ ਵਲਟੋਹਾ, ਮਨਤਾਰ ਸਿੰਘ ਬਰਾੜ ਤੇ ਡਾ. ਸੁਖਵਿੰਦਰ ਸੁੱਖੀ ਨੂੰ ਸ਼ਾਮਲ ਕੀਤਾ ਗਿਆ ਹੈ।
ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਬਾਗੀ ਸੁਰਾਂ ਨੂੰ ਦਬਾਉਣ ਲਈ ਭਾਵੇਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਭੰਗ ਕੀਤੇ ਢਾਂਚੇ ਦੌਰਾਨ ਹੀ ਅਨੁਸ਼ਾਸਨੀ ਕਮੇਟੀ ਬਣਾ ਦਿੱਤੀ ਗਈ ਹੈ ਪਰ ਇਹ ਸੁਰਾਂ ਭਵਿੱਖ ਵਿਚ ਹੋਰ ਤਿੱਖੀਆਂ ਹੋਣ ਦੀ ਸੰਭਾਵਨਾ ਹੈ। 2017 ਦੀਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਹੋਈ ਹਾਰ ਤੋਂ ਬਾਅਦ ਲਗਾਤਾਰ ਹੋ ਰਹੀਆਂ ਹਾਰਾਂ ਦੇ ਕਾਰਨ ਸ਼੍ਰੋਮਣੀ ਅਕਾਲੀ ਦਲ ਵਿੱਚ ਲੀਡਰਸ਼ਿਪ ਬਦਲਾਅ ਸਬੰਧੀ ਆਵਾਜ਼ ਬੁਲੰਦ ਹੋ ਰਹੀ ਹੈ।
ਵੱਡੀ ਗਿਣਤੀ ਆਗੂ ਪਾਰਟੀ ਉਤੇ ਬਾਦਲ ਪਰਿਵਾਰ ਦੇ ਦਬਦਬੇ ਤੋਂ ਨਿਰਾਸ਼ ਹਨ। ਤਾਜ਼ਾ ਹੋਈਆਂ ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਚੋਣਾਂ ਵਿਚ ਭਾਜਪਾ ਦੀ ਹਮਾਇਤ ਉਤੇ ਵੀ ਵੱਡੀ ਗਿਣਤੀ ਆਗੂ ਨਾਰਾਜ਼ ਹਨ। ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਆਗੂ ਮਨਪ੍ਰੀਤ ਸਿੰਘ ਇਯਾਲੀ ਨੇ ਤਾਂ ਇਨ੍ਹਾਂ ਚੋਣਾਂ ਦੇ ਬਾਈਕਾਟ ਦਾ ਐਲਾਨ ਤੱਕ ਕਰ ਦਿੱਤਾ ਸੀ। ਜਿਸ ਤੋਂ ਬਾਅਦ ਪਾਰਟੀ ਨੇ ਲੀਡਰਸ਼ਿਪ ਬਦਲਾਅ ਦੇ ਨਾਂ ਉਤੇ ਸ਼੍ਰੋਮਣੀ ਅਕਾਲੀ ਦਲ ਦਾ ਜਥੇਬੰਦਕ ਢਾਂਚਾ ਭੰਗ ਕਰ ਦਿੱਤਾ ਗਿਆ ਸੀ। ਹਾਲਾਂਕਿ ਸੁਖਬੀਰ ਸਿੰਘ ਬਾਦਲ ਵੱਲੋਂ ਲਏ ਗਏ ਇਸ ਫੈਸਲੇ ‘ਤੇ ਵੱਡੇ ਸਵਾਲ ਉੱਠ ਰਹੇ ਹਨ। ਸੀਨੀਅਰ ਅਕਾਲੀ ਆਗੂਆਂ ਨੇ ਸਵਾਲ ਕੀਤੇ ਸਨ ਕਿ ਅਕਾਲੀ ਦਲ ਦੇ ਵਿਧਾਨ ਮੁਤਾਬਕ ਸੁਖਬੀਰ ਬਾਦਲ ਪਾਰਟੀ ਦੀ ਵਰਕਿੰਗ ਕਮੇਟੀ ਭੰਗ ਕਰਨ ਦਾ ਅਖਤਿਆਰ ਹੀ ਨਹੀਂ ਰੱਖਦੇ।
ਸੱਤਾ ਪ੍ਰਾਪਤੀ ਦੀ ਥਾਂ ਸਿੱਖੀ ਦੇ ਪ੍ਰਚਾਰ ਹੋਵੇ: ਜਥੇਦਾਰ
ਅੰਮ੍ਰਿਤਸਰ: ਮੋਰਚਾ ਗੁਰੂ ਕਾ ਬਾਗ ਦੀ ਪਹਿਲੀ ਸ਼ਤਾਬਦੀ ਮੌਕੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਨਸੀਹਤ ਕੀਤੀ ਕਿ ਜੇ ਉਨ੍ਹਾਂ ਜਥੇਬੰਦੀ ਦਾ ਵਜੂਦ ਬਚਾਉਣਾ ਹੈ ਤਾਂ ਉਹ ਸੱਤਾ ਪ੍ਰਾਪਤੀ ਦਾ ਮੰਤਵ ਇਕ ਪਾਸੇ ਰੱਖ ਕੇ ਪੰਥ ਦੇ ਭਲੇ ਅਤੇ ਸਿੱਖੀ ਦੇ ਪ੍ਰਚਾਰ ਦਾ ਝੰਡਾ ਬੁਲੰਦ ਕਰਨ। ਜਥੇਦਾਰ ਹਰਪ੍ਰੀਤ ਸਿੰਘ ਨੇ ਮੰਚ ‘ਤੇ ਬੈਠੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਹੋਰ ਆਗੂਆਂ ਵੱਲ ਸੰਕੇਤ ਕਰਦਿਆਂ ਕਿਹਾ ਕਿ ਜੇ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਨੂੰ ਬਚਾਉਣਾ ਹੈ ਤਾਂ ਉਹ ਸਿੱਖੀ ਦੇ ਪ੍ਰਚਾਰ ਪ੍ਰਸਾਰ ਵੱਲ ਆਪਣਾ ਧਿਆਨ ਕੇਂਦਰਿਤ ਕਰਨ।