‘ਲਾਲ ਸਿੰਘ ਚੱਢਾ’ ਨਾਲ ਦੁਸ਼ਮਣੀ ਦੇ ਅਰਥ

ਕੁਦਰਤ ਕੌਰ
ਉਘੇ ਅਦਾਕਾਰ ਆਮਿਰ ਖਾਨ ਦੀ ਨਵੀਂ ਫਿਲਮ ‘ਲਾਲ ਸਿੰਘ ਚੱਢਾ’ ਦੇ ਬਾਈਕਾਟ ਦਾ ਐਲਾਨ ਉਸ ਨੂੰ ਨੁਕਸਾਨ ਪਹੁੰਚਾਉਣ ਲਈ ਕੀਤਾ ਗਿਆ ਸੀ। ਕੱਟੜ ਹਿੰਦੂਵਾਦੀਆਂ ਨੇ ਇਸ ਫਿਲਮ ਖਿਲਾਫ ਪ੍ਰਚਾਰ ਇਹ ਕਹਿ ਕੇ ਸ਼ੁਰੂ ਕੀਤਾ ਸੀ ਕਿ ਆਮਿਰ ਖਾਨ ਕਹਿੰਦਾ ਹੈ ਕਿ ਭਾਰਤ ਅਸਹਿਣਸ਼ੀਲ ਹੈ, ਇਹ ਭਾਰਤ ਦੀ ਕਦਰ ਨਹੀਂ ਕਰਦਾ, ਇਸ ਲਈ ਇਹ ਬੰਦਾ ਦੇਸ਼ ਵਿਰੋਧੀ ਹੈ।

ਅਸਲ ਵਿਚ ਜਦੋਂ ਹਿੰਦੂ ਕੱਟੜਪੰਥੀ ਘੱਟਗਿਣਤੀਆਂ ਖਿਲਾਫ ਨਫਰਤ ਵਾਲੀ ਮੁਹਿੰਮ ਚਲਾ ਰਹੇ ਸਨ ਤਾਂ ਇਕ ਦਿਨ ਆਮਿਰ ਖਾਨ ਦੀ ਪਤਨੀ ਕਿਰਨ ਰਾਓ ਨੇ ਘਰੇ ਗੱਲਬਾਤ ਦੌਰਾਨ ਖਦਸ਼ਾ ਜ਼ਾਹਿਰ ਕੀਤਾ ਸੀ ਕਿ ਭਾਰਤ ਵਿਚ ਰਹਿਣਾ ਕਿੰਨਾ ਮੁਸ਼ਕਿਲ ਹੋ ਰਿਹਾ ਹੈ। ਕਿਰਨ ਰਾਓ ਦੇ ਖਦਸ਼ੇ ਅਤੇ ਖੌਫ ਵਾਲੀ ਇਹ ਗੱਲ ਆਮਿਰ ਖਾਨ ਨੇ ਇਕ ਪ੍ਰੋਗਰਾਮ ਦੌਰਾਨ ਕਹਿ ਦਿੱਤੀ ਅਤੇ ਹਿੰਦੀ ਕੱਟੜਪੰਥੀਆਂ ਨੇ ਇਸ ਨੂੰ ਮੁੱਦਾ ਬਣਾ ਲਿਆ। ਇਹ ਗੱਲ ਕਈ ਸਾਲ ਪਹਿਲਾਂ ਦੀ ਹੈ ਪਰ ਕੱਟੜਪੰਥੀਆਂ ਨੇ ਇਹ ਪੁਰਾਣਾ ਮੁੱਦਾ ਫਿਰ ਉਭਾਰਨਾ ਸ਼ੁਰੂ ਕਰ ਦਿੱਤਾ ਤਾਂ ਕਿ ਆਮਿਰ ਖਾਨ ਦੀ ਫਿਲਮ ਚੱਲਣ ਨਾ ਦਿੱਤੀ ਜਾਵੇ। ਇਹ ਕੱਟੜਪੰਥੀ ਆਮਿਰ ਖਾਨ ਦੀ ਇਸ ਤੋਂ ਪਹਿਲਾਂ ਆਈ ਫਿਲਮ ‘ਪੀ.ਕੇ.’ ਤੋਂ ਬਹੁਤ ਦੁਖੀ ਸਨ ਜਿਸ ਵਿਚ ਧਾਰਮਿਕ ਕਰਮ-ਕਾਂਡਾਂ ਉਤੇ ਬਹੁਤ ਸਖਤ ਚੋਟ ਕੀਤੀ ਗਈ ਗਈ ਸੀ।
ਇਸੇ ਦੌਰਾਨ ਆਮਿਰ ਖਾਨ ਨੇ ਆਖਿਆ ਕਿ ਉਸ ਨੂੰ ਫਿਲਮ ‘ਲਾਲ ਸਿੰਘ ਚੱਢਾ’ ਬਣਾਉਣ ਲਈ 14 ਸਾਲ ਲੱਗ ਗਏ। ਜ਼ਿਕਰਯੋਗ ਹੈ ਕਿ ‘ਲਾਲ ਸਿੰਘ ਚੱਢਾ’ ਟੌਮ ਹੈਂਕਸ ਦੀ ਫਿਲਮ ‘ਫੌਰੈਸਟ ਗੰਪ’ ਦਾ ਹਿੰਦੀ ਰੂਪਾਂਤਰ ਹੈ। ਆਮਿਰ ਖਾਨ ਨੇ ਆਖਿਆ, “ਬਹੁਤ ਸਮਾਂ ਲੱਗ ਗਿਆ। ਕੁੱਲ 14 ਸਾਲ ਲੱਗੇ, ਇਨ੍ਹਾਂ ਵਿਚੋਂ 8-9 ਸਾਲ ਤਾਂ ਫਿਲਮ ਬਣਾਉਣ ਦੇ ਅਧਿਕਾਰ ਖਰੀਦਣ ‘ਤੇ ਹੀ ਲੱਗ ਗਏ। ਮੈਂ ਖੁਸ਼ ਹਾਂ ਪਰ ਨਾਲ ਹੀ ਥੋੜ੍ਹਾ ਬੇਚੈਨ ਵੀ ਹਾਂ ਕਿਉਂਕਿ ਸਾਨੂੰ ਪਤਾ ਹੈ ਕਿ ਅਸੀਂ ਚੰਗੀ ਫਿਲਮ ਬਣਾਈ ਹੈ, ਇਸ ਨਾਲ ਘਬਰਾਹਟ ਥੋੜ੍ਹੀ ਵਧ ਗਈ ਹੈ ਕਿ ਪਤਾ ਨਹੀਂ ਲੋਕ ਪਸੰਦ ਕਰਨਗੇ ਜਾਂ ਨਹੀਂ।” ਆਮਿਰ ਖਾਨ ਨੇ ਇਸ ਫਿਲਮ ਦੀ ਸ਼ੂਟਿੰਗ ਅਣਗਿਣਤ ਥਾਵਾਂ ਉੱਤੇ ਕੀਤੀ ਹੈ। ਫਿਲਮ ਦੀ ਕਹਾਣੀ ਵਿਚ ਭਾਰਤ ਨੂੰ ਖੂਬਸੂਰਤ ਤਰੀਕੇ ਨਾਲ ਦਿਖਾਇਆ ਗਿਆ ਹੈ। ਇਸ ਤੋਂ ਇਲਾਵਾ ਇਹ ਫਿਲਮ ਲਾਲ ਸਿੰਘ ਦੇ ਕਿਰਦਾਰ ਦੀ ਕਹਾਣੀ ਨੂੰ ਉਸ ਦੀ ਉਮਰ ਦੇ 18ਵੇਂ ਤੋਂ ਲੈ ਕੇ 50 ਸਾਲ ਤੱਕ ਦਿਖਾਏਗੀ।
ਇਸੇ ਦੌਰਾਨ ਵੱਖ-ਵੱਖ ਮਸਲਿਆਂ ‘ਤੇ ਅਕਸਰ ਬੋਲਣ ਅਤੇ ਵਿਵਾਦ ਖੜ੍ਹਾ ਕਰਨ ਵਾਲੀ ਅਦਾਕਾਰਾ ਕੰਗਨਾ ਰਣੌਤ ਨੇ ਹੁਣ ਆਪਣਾ ਗੁੱਸਾ ਆਮਿਰ ਖਾਨ ‘ਤੇ ਕੱਢਿਆ ਹੈ ਅਤੇ ਕਿਹਾ ਕਿ ਆਪਣੀ ਫਿਲਮ ‘ਲਾਲ ਸਿੰਘ ਚੱਢਾ’ ਬਾਰੇ ਨਾਂਹ-ਪੱਖੀ ਪ੍ਰਚਾਰ ਪਿੱਛੇ ਮਾਸਟਰਮਾਂਈਡ ਖੁਦ ਆਮਿਰ ਖਾਨ ਹਨ। ਕੰਗਨਾ ਨੇ ਇੰਸਟਾਗ੍ਰਾਮ ‘ਤੇ ਪਾਈ ਆਪਣੀ ਪੋਸਟ ‘ਚ ਲਿਖਿਆ ਹੈ: “ਮੈਨੂੰ ਲੱਗਦਾ ਹੈ, ‘ਲਾਲ ਸਿੰਘ ਚੱਢਾ’ ਬਾਰੇ ਇੰਨੀ ਜ਼ਿਆਦਾ ਨਕਾਰਾਤਮਕਤਾ ਫੈਲਾਉਣ ਪਿੱਛੇ ਮਾਸਟਰਮਾਈਂਡ ਖੁਦ ਆਮਿਰ ਖਾਨ ਹਨ।” ਉਸ ਮੁਤਾਬਿਕ ਇਸ ਸਾਲ (ਸਿਰਫ ਇੱਕ-ਅੱਧ ਕਾਮੇਡੀ ਸੀਕੁਅਲ ਤੋਂ ਇਲਾਵਾ) ਕਿਸੇ ਵੀ ਹਿੰਦੀ ਫਿਲਮ ਨੇ ਚੰਗਾ ਪ੍ਰਦਰਸ਼ਨ ਨਹੀਂ ਕੀਤਾ। ਸਿਰਫ ਦੱਖਣੀ ਫਿਲਮਾਂ ਜਿਨ੍ਹਾਂ ਵਿਚ ਭਾਰਤੀ ਸੱਭਿਆਚਾਰ ਨੂੰ ਦਿਖਾਇਆ ਗਿਆ ਹੈ, ਨੇ ਹੀ ਵਧੀਆ ਪ੍ਰਦਰਸ਼ਨ ਕੀਤਾ ਹੈ। ਇਸ ਲਈ ਹਾਲੀਵੁੱਡ ਫਿਲਮ ਦੀ ਰੀਮੇਕ ਕੰਮ ਨਹੀਂ ਕਰੇਗੀ। ਕੰਗਨਾ ਬੜੇ ਜ਼ੋਰ ਨਾਲ ਕਹਿੰਦੀ ਹੈ, “ਹਿੰਦੀ ਫਿਲਮਾਂ ਨੂੰ ਦਰਸ਼ਕਾਂ ਦੀ ਨਬਜ਼ ਪਛਾਣਨ ਦੀ ਲੋੜ ਹੈ। ਇਹ ਹਿੰਦੂ ਜਾਂ ਮੁਸਲਮਾਨ ਬਾਰੇ ਨਹੀਂ ਹੈ।” ਨਾਲ ਹੀ ਉਸ ਨੇ ਇਹ ਦਾਅਵਾ ਕਰ ਮਾਰਿਆ ਕਿ ਆਮਿਰ ਖਾਨ ਦੀ ਪਹਿਲਾਂ ਆਈ ਫਿਲਮ ‘ਪੀ.ਕੇ.’ ਹਿੰਦੂ ਵਿਚਾਰਧਾਰਾ ਦੇ ਵਿਰੁੱਧ ਸੀ। ਚੇਤੇ ਰਹੇ ਕਿ ‘ਪੀ.ਕੇ.’ ਫਿਲਮ ਵਿਚ ਧਾਰਮਿਕ ਕਰਮ-ਕਾਂਡਾਂ ਉਤੇ ਬਹੁਤ ਸਖਤ ਚੋਟ ਕੀਤੀ ਗਈ ਸੀ ਅਤੇ ਇਹ ਚੋਟ ਕਿਸੇ ਇਕ ਧਰਨ, ਭਾਵ ਹਿੰਦੂ ਧਰਮ ਨਾਲ ਜੁੜੇ ਕਰਮ-ਕਾਂਡਾਂ ਅਤੇ ਇਨ੍ਹਾਂ ਕਰਮ-ਕਾਂਡਾਂ ਦੇ ਸਿਰ ਉਤੇ ਆਮ ਲੋਕਾਂ ਦਾ ਸ਼ੋਸ਼ਣ ਕਰਨ ਬਾਰੇ ਹੀ ਨਹੀਂ ਸੀ, ਇਸ ਵਿਚ ਸਾਰੇ ਹੀ ਧਰਮਾਂ ਨੂੰ ਆਪਣੇ ਮੁਫਾਦਾਂ ਲਈ ਵਰਤਣ ਵਾਲਿਆਂ ‘ਤੇ ਤਿੱਖਾਂ ਵਿਅੰਗ ਕੀਤਾ ਗਿਆ ਸੀ।
‘ਲਾਲ ਸਿੰਘ ਚੱਢਾ’ ਬਾਰੇ ਆਮਿਰ ਖਾਨ ਨੇ ਆਖਿਆ ਕਿ ਫਿਲਮ ਦੇ ਫਿਲਮਾਂਕਣ ਮਗਰੋਂ ਹੋਈ ਦੇਰੀ ਫਿਲਮ ਲਈ ਫਾਇੰਦੇਮੰਦ ਹੀ ਸਾਬਤ ਹੋਈ ਹੈ; ਜੇ ਅਜਿਹਾ ਨਾ ਹੁੰਦਾ ਤਾਂ ਫਿਲਮ ਦੀ ਰਿਲੀਜ਼ ਹੋਣ ਦੀ ਤਰੀਕ ਇਸ ਸਾਲ ਦੇ ਸ਼ੁਰੂ ਵਿਚ ਆਈ ਫਿਲਮ ‘ਕੇ.ਜੀ.ਐੱਫ.: ਚੈਪਟਰ-2’ ਨਾਲ ਭਿੜ ਜਾਣੀ ਸੀ ਜਿਸ ਕਾਰਨ ਫਿਲਮ ਨੂੰ ਬਾਕਸਆਫਿਸ ‘ਤੇ ਨੁਕਸਾਨ ਹੋਣਾ ਸੀ। ਹੈਦਰਾਬਾਦ ਵਿਚ ਫਿਲਮ ‘ਲਾਲ ਸਿੰਘ ਚੱਢਾ’ ਦੇ ਵਿਸ਼ੇਸ਼ ਸਮਾਗਮ ਦੌਰਾਨ ਆਮਿਰ ਖਾਨ ਨੇ ਖੁਲਾਸਾ ਕੀਤਾ ਕਿ ਰਿਲੀਜ਼ ਤਰੀਕਾਂ ਦਾ ਟਕਰਾਅ ਟਲਣ ਕਾਰਨ ‘ਲਾਲ ਸਿੰਘ ਚੱਢਾ’ ਦਾ ਬਚਾਅ ਹੋ ਗਿਆ। ਉਂਝ, ਇਹ ਵੱਖਰੀ ਗੱਲ ਹੈ ਕਿ ‘ਲਾਲ ਸਿੰਘ ਚੱਢਾ’ ਹੁਣ 11 ਅਗਸਤ ਨੂੰ ਬਾਕਸਆਫਿਸ ‘ਤੇ ਅਕਸ਼ੈ ਕੁਮਾਰ ਦੀ ਫਿਲਮ ‘ਰਕਸ਼ਾ ਬੰਦਨ’ ਨਾਲ ਭਿੜ ਰਹੀ ਹੈ।
ਫਿਲਮ ‘ਲਾਲ ਸਿੰਘ ਚੱਢਾ’ ਦਾ ਨਿਰਦੇਸ਼ਨ ਅਦਵੈਤ ਚੰਦਨ ਨੇ ਕੀਤਾ ਹੈ। ਇਸ ਵਿਚ ਕਰੀਨਾ ਕਪੂਰ ਦਾ ਵੀ ਅਹਿਮ ਰੋਲ ਹੈ।