ਰਾਸ਼ਟਰਮੰਡਲ ਖੇਡਾਂ ਵਿਚ ਤਗਮਾ ਜੇਤੂ ਹਰਜਿੰਦਰ ਕੌਰ, ਕੋਚ ਪਰਮਜੀਤ ਸ਼ਰਮਾ ਅਤੇ ਪੰਜਾਬੀ ਯੂਨੀਵਰਸਿਟੀ

ਬਲਵਿੰਦਰ ਸਿੰਘ
ਬਰਮਿੰਘਮ ਵਿਚ ਹੋਈਆਂ ਰਾਸ਼ਟਰਮੰਡਲ ਖੇਡਾਂ ਵਿਚ ਪੰਜਾਬੀ ਯੂਨੀਵਰਸਿਟੀ ਦੀ ਵਿਦਿਆਰਥੀ ਖਿਡਾਰੀ ਹਰਜਿੰਦਰ ਕੌਰ ਨੇ ਕਾਂਸੀ ਦਾ ਤਗਮਾ ਜਿੱਤਿਆ ਗਿਆ ਹੈ। ਹਰਜਿੰਦਰ ਕੌਰ ਨੇ ਪੰਜਾਬੀ ਯੂਨੀਵਰਸਿਟੀ ਦੇ ਖੇਡ ਵਿਭਾਗ ਨਾਲ ਸਬੰਧਿਤ ਕੋਚ ਪਰਮਜੀਤ ਸ਼ਰਮਾ ਤੋਂ ਸਿਖਲਾਈ ਪ੍ਰਾਪਤ ਕੀਤੀ ਹੈ।

ਅਰਜਨ ਐਵਾਰਡੀ ਕੋਚ ਪਰਮਜੀਤ ਸ਼ਰਮਾ ਖੁਦ ਚੋਟੀ ਦੇ ਖਿਡਾਰੀ ਰਹੇ ਹਨ। ਉਨ੍ਹਾਂ 1990 ਦੀਆਂ ਰਾਸ਼ਟਰਮੰਡਲ ਖੇਡਾਂ ਜੋ ਔਕਲੈਂਡ (ਨਿਊਜ਼ੀਲੈਂਡ) ਵਿਚ ਹੋਈਆਂ ਸਨ, ਵਿਚ ਸੋਨ ਤਗਮੇ ਜਿੱਤ ਕੇ ਭਾਰਤ ਦਾ ਨਾਮ ਰੌਸ਼ਨ ਕੀਤਾ ਸੀ। ਪਰਮਜੀਤ ਸ਼ਰਮਾ ਆਮ ਪਰਿਵਾਰ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਦਾ ਜਨਮ 1957 ਵਿਚ ਪੰਜਾਬ ਦੇ ਪਠਾਨਕੋਟ ਜ਼ਿਲ੍ਹੇ ਦੇ ਇੱਕ ਪਿੰਡ ਵਿਚ ਹੋਇਆ। ਉਹ 20 ਕੁ ਸਾਲ ਦੀ ਉਮਰ ਵਿਚ ਭਾਰਤੀ ਫੌਜ ਵਿਚ ਭਰਤੀ ਹੋ ਗਏ। ਉਨ੍ਹਾਂ ਫੌਜ ਵੱਲੋਂ ਵੀ ਬਹੁਤ ਸਾਰੇ ਖੇਡ ਮੁਕਾਬਲਿਆਂ ਵਿਚ ਮੁਲਕ ਦੀ ਨੁਮਾਇੰਦਗੀ ਕੀਤੀ ਹੈ।
ਖੇਡਣ ਦੇ ਸ਼ੌਕ ਦੀ ਸ਼ੁਰੂਆਤ ਬਾਰੇ ਪਰਮਜੀਤ ਸ਼ਰਮਾ ਦੱਸਦੇ ਹਨ ਕਿ ਫੌਜ ਵਿਚ ਪੰਜ ਸੱਤ ਸਾਲ ਰਹਿਣ ਤੋਂ ਬਾਅਦ ਜਦੋਂ ਸਿਪਾਹੀ ਖਿਡਾਰੀਆਂ ਦੇ ਖੇਡ ਮੁਕਾਬਲੇ ਕਰਵਾਏ ਜਾ ਰਹੇ ਸਨ ਤਾਂ ਉਨ੍ਹਾਂ ਅੰਦਰ ਵੀ ਹੋਰਨਾਂ ਨੂੰ ਦੇਖ ਕੇ ਖੇਡ ਰੁਚੀ ਪੈਦਾ ਹੋਈ। ਉਨ੍ਹਾਂ ਨੇ ਭਾਰ ਚੁੱਕਣ ਦੀ ਖੇਡ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਇਸ ਖੇਤਰ ਵਿਚ ਸਖਤ ਮਿਹਨਤ ਕਰਨ ਸਦਕਾ ਪਰਮਜੀਤ ਸ਼ਰਮਾ ਨੇ ਭਾਰਤੀ ਫੌਜ ਵਿਚ ਰਹਿੰਦਿਆਂ ਬਹੁਤ ਸਾਰੇ ਤਗਮੇ ਪ੍ਰਾਪਤ ਕੀਤੇ। ਫੌਜ ਵਿਚ ਰਹਿੰਦਿਆਂ ਹੀ ਪਰਮਜੀਤ ਸ਼ਰਮਾ ਨੇ ਮਹਾਰਾਜਾ ਰਣਜੀਤ ਸਿੰਘ ਖੇਡ ਤਗਮਾ ਜਿੱਤਿਆ। ਇਸ ਤੋਂ ਬਾਅਦ 1990 ਵਿਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਵਿਚ ਪਰਮਜੀਤ ਸ਼ਰਮਾ ਨੂੰ ਭਾਰ ਚੁੱਕਣ ਦੇ ਮੁਕਾਬਲੇ ਵਿਚ ਭਾਰਤ ਵੱਲੋਂ ਨਿਊਜ਼ਲੈਂਡ ਵਿਚ ਭੇਜਿਆ ਗਿਆ। ਉੱਥੇ ਪਰਮਜੀਤ ਸ਼ਰਮਾ ਨੇ ਆਪਣਾ ਹੁਨਰ ਦਿਖਾਉਂਦਿਆਂ ਸੋਨ ਤਗਮੇ ਹਾਸਿਲ ਕੀਤੇ। ਇਸੇ ਤਰ੍ਹਾਂ ਹੋਰ ਕਈ ਦੇਸ਼ਾਂ ਜਿਵੇਂ ਪਾਕਿਸਤਾਨ, ਨੇਪਾਲ ਵਿਚ ਜਾ ਕੇ ਵੀ ਭਾਰਤ ਦਾ ਨਾਮ ਚਮਕਾਇਆ।
ਤਾਜ਼ਾ ਰਾਸ਼ਟਰਮੰਡਲ ਕਾਂਸੀ ਤਗਮਾ ਜੇਤੂ ਖਿਡਾਰਨ ਹਰਜਿੰਦਰ ਕੌਰ ਨਾਲ ਸੰਪਰਕ ਵਿਚ ਆਉਣ ਬਾਰੇ ਪਰਮਜੀਤ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੀ ਮੁਲਾਕਾਤ ਪਹਿਲੀ ਵਾਰ 2016 ਵਿਚ ਉਸ ਸਮੇਂ ਹੋਈ ਜਦੋਂ ਉਹ ਭਾਰ ਚੁੱਕਣ ਦੇ ਮੁਕਾਬਲੇ ਵਿਚ ਹਿੱਸਾ ਲੈ ਰਹੀ ਸੀ। ਉਸ ਦੇ ਖੇਡ ਵਿਚ ਦਿਖਾਏ ਜੋਸ਼ ਅਤੇ ਪ੍ਰਤਿਭਾ ਨੂੰ ਦੇਖਦਿਆਂ ਪਰਮਜੀਤ ਸ਼ਰਮਾ ਨੇ ਉਸ ਨੂੰ ਆਪਣੀ ਅਗਵਾਈ ਹੇਠ ਸਿਖਲਾਈ ਦੇਣ ਦੀ ਪੇਸ਼ਕਸ਼ ਕੀਤੀ। ਉਹ ਦੱਸਦੇ ਹਨ ਕਿ ਹਰਜਿੰਦਰ ਕੌਰ ਪਹਿਲਾਂ ਤੋਂ ਹੀ ਵਧੀਆ ਖਿਡਾਰਨ ਸੀ। ਉਹ ਨਾਭਾ ਜ਼ਿਲ੍ਹੇ ਦੇ ਪਿੰਡ ਮਹਿਸ ਦੀ ਰਹਿਣ ਵਾਲੀ ਹੈ। ਆਰਥਿਕ ਪੱਖੋਂ ਹਰਜਿੰਦਰ ਕੌਰ ਦੀ ਹਾਲਤ ਬਹੁਤ ਚੰਗੀ ਨਹੀਂ ਸੀ ਜਿਸ ਕਰਕੇ ਉਸ ਨੂੰ ਆਪਣੀ ਖੇਡ ਜਾਰੀ ਰੱਖਣ ਵਿਚ ਬਹੁਤ ਸਾਰੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਕਾਲਜ ਵਿਚ ਪੜ੍ਹਨ ਸਮੇਂ ਦੌਰਾਨ ਹਰਜਿੰਦਰ ਕੌਰ ਨੇ ਯੂਨੀਵਰਸਿਟੀ, ਅੰਤਰ-ਯੂਨੀਵਰਸਿਟੀ, ਰਾਜ ਤੇ ਰਾਸ਼ਟਰੀ ਪੱਧਰ ਉੱਤੇ ਸੋਨ ਤਗਮੇ ਹਾਸਿਲ ਕੀਤੇ।
ਕੋਚ ਪਰਮਜੀਤ ਸ਼ਰਮਾ ਦੀ ਅਗਵਾਈ ਹੇਠ ਖੇਡਣ ਨਾਲ ਹਰਜਿੰਦਰ ਕੌਰ ਦੀ ਖੇਡ ਵਿਚ ਨਿਖਾਰ ਆਇਆ ਅਤੇ ਉਸ ਨੇ ਹੋਰ ਬਹੁਤ ਸਾਰੇ ਮੁਕਾਬਲਿਆਂ ਵਿਚ ਆਪਣਾ ਅਤੇ ਆਪਣੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ। ਮੌਜੂਦਾ ਸਮੇਂ ਹਰਜਿੰਦਰ ਕੌਰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨਾਲ ਸਬੰਧਿਤ ਸ. ਰਜਿੰਦਰ ਸਿੰਘ ਕਾਲਜ ਕਲਿਆਣ ਵਿਚ ਆਪਣੀ ਐੱਮ.ਪੀ.ਐੱਡ. ਦੀ ਪੜ੍ਹਾਈ ਕਰ ਰਹੀ ਹੈ।
ਹਰਜਿੰਦਰ ਕੌਰ ਦੀ ਤਾਜ਼ਾ ਪ੍ਰਾਪਤੀ ਦੇ ਹਵਾਲੇ ਨਾਲ ਪਰਮਜੀਤ ਸ਼ਰਮਾ ਦਾ ਕਹਿਣਾ ਹੈ ਕਿ ਖੇਡ ਅਜਿਹੀ ਗਤੀਵਿਧੀ ਹੈ ਜੋ ਮਨੁੱਖ ਦੇ ਵਾਧੇ ਅਤੇ ਵਿਕਾਸ ਲਈ ਬਹੁਤ ਜ਼ਰੂਰੀ ਹੈ। ਜਿੱਥੇ ਦੁਨੀਆਂ ਦੇ ਹੋਰ ਵੱਖ ਵੱਖ ਦੇਸ਼ ਖੇਡਾਂ ਰਾਹੀਂ ਆਪਣੇ ਦੇਸ਼ ਦੇ ਲੋਕਾਂ ਦੀ ਯੋਗਤਾ ਸਾਬਿਤ ਕਰਦੇ ਹਨ, ਉੱਥੇ ਭਾਰਤ ਵੀ ਉਨ੍ਹਾਂ ਦੇਸ਼ਾਂ ਵਿਚੋਂ ਇੱਕ ਹੈ ਜੋ ਲਗਭਗ ਹਰ ਗਤੀਵਿਧੀ ਵਿਚ ਆਪਣਾ ਯੋਗਦਾਨ ਦਿੰਦਾ ਹੈ। ਇਹ ਖੇਡਾਂ ਹੋਣ ਜਾਂ ਫਿਰ ਸਭਿਆਚਾਰਿਕ ਗਤੀਵਿਧੀਆਂ, ਓਲੰਪਿਕ ਹੋਵੇ ਜਾਂ ਫਿਰ ਰਾਸ਼ਟਰਮੰਡਲ ਖੇਡਾਂ, ਕਿਤੇ ਨਾ ਕਿਤੇ ਭਾਰਤ ਦਾ ਨਾਮ ਆਉਂਦਾ ਹੀ ਆਉਂਦਾ ਹੈ। (ਲੇਖਕ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਲੋਕ ਸੰਪਰਕ ਵਿਭਾਗ ਵਿਚ ਪੱਤਰਕਾਰੀ ਦੀ ਸਿਖਲਾਈ ਹਾਸਿਲ ਕਰ ਰਿਹਾ ਹੈ।)