ਮੇਰਾ ਵਿਆਹ

ਤੇਲੂ ਰਾਮ ਕੁਹਾੜਾ
ਫੋਨ: +91-94633-53760
ਲਿਖਾਰੀਆਂ ਦੀਆਂ ਜਥੇਬੰਦਕ ਸਰਗਰਮੀਆਂ ਵਿਚ ਆਪਣਾ ਸੀਰ ਪਾਉਣ ਵਾਲੇ ਲਿਖਾਰੀ ਤੇਲੂ ਰਾਮ ਕੁਹਾੜਾ ਨੇ ਕਵਿਤਾਵਾਂ ਵੀ ਲਿਖੀਆਂ ਅਤੇ ਨਾਵਲ ਵੀ। ਪਿਛਲੇ ਸਾਲ ਉਨ੍ਹਾਂ ਦੀ ਸਵੈ-ਜੀਵਨੀ ‘ਜ਼ਿੰਦਗੀ ਦਾ ਮੇਲਾ’ ਪ੍ਰਕਾਸ਼ਤ ਹੋਈ ਹੈ ਜਿਸ ਵਿਚ ਉਨ੍ਹਾਂ ਆਪਣੇ ਜੀਵਨ ਦੇ ਕੁਝ ਅਹਿਮ ਪੱਖਾਂ ਦਾ ਜ਼ਿਕਰ ਕੀਤਾ ਹੈ। ਇਸ ਲੇਖ ਵਿਚ ਉਨ੍ਹਾਂ ਆਪਣੇ ਵਿਆਹ ਦਾ ਵਰਣਨ ਕੀਤਾ ਹੈ ਅਤੇ ਨਾਲ ਦੀ ਨਾਲ ਉਨ੍ਹਾਂ ਵੇਲਿਆਂ ਦਾ ਵਰਨਣ ਵੀ ਸਹਿਜ-ਸੁਭਾਅ ਹੀ ਹੋ ਗਿਆ ਹੈ।

ਉੱਪਲਾਂ ਮੇਰੇ ਪਿੰਡ ਤੋਂ ਅੱਠ ਕਿਲੋਮੀਟਰ ਸੀ। ਸਕੂਲ ਵਿਚ ਪਹਿਲਾਂ ਦੋ ਅਧਿਆਪਕ ਸਨ। ਉਜਾਗਰ ਸਿੰਘ ਲੋਈ ਲਾਟੋਂ ਦਾਨਾ ਤੋਂ ਆਉਂਦੇ ਸਨ। ਗੁਰਦਿਆਲ ਸਿੰਘ ਦਾ ਪਿੰਡ ਗੁਰੂਸਰ ਸੁਧਾਰ ਨੇੜੇ ਹਾਂਸ ਸੀ। ਸਕੂਲ ਦੇ ਦੋ ਕਮਰੇ ਸਨ। ਇੱਕ ਕਮਰੇ ਵਿਚ ਗੁਰਦਿਆਲ ਸਿੰਘ ਰਹਿੰਦਾ ਸੀ। ਸਕੂਲ ਨੇੜੇ ਬਹੁਤ ਭਾਰੀ ਪਿੱਪਲ ਦੁਆਲੇ ਕਾਫੀ ਵੱਡਾ ਚੌਂਤਰਾ ਸੀ। ਇਸ ਉੱਤੇ ਹੀ ਅਸੀਂ ਜਮਾਤਾਂ ਲਾਉਂਦੇ।
ਉੱਪਲ ਸਕੂਲ ਵਿਚ ਮੈਨੂੰ ਸਾਹਿਤਕ ਮਾਹੌਲ ਮਿਲ ਗਿਆ। ਉਜਾਗਰ ਸਿੰਘ ਲੋਈ ਗੀਤ ਲਿਖਦੇ ਸਨ। ਮਾਛੀਵਾੜਾ ਜਾਣ ਵਾਲੀ ਸੜਕ ਵੀ ਬਣ ਗਈ ਸੀ। ਮੇਰੇ ਪਿੰਡ ਦਾ ਅਧਿਆਪਕ ਅਵਤਾਰ ਸਿੰਘ ਭਮਾਂ ਸਕੂਲ ਵਿਚ ਅਤੇ ਹਾੜੀਆਂ ਸਕੂਲ ਵਿਚ ਨੰਦਪੁਰ (ਸਾਹਨੇਵਾਲ) ਤੋਂ ਦਰਸ਼ਨ ਲਾਲ ਭਾਟੀਆ ਪੜ੍ਹਾਉਣ ਆ ਲੱਗੇ। ਅਸੀਂ ਸਵੇਰ ਨੂੰ ਕੁਹਾੜਾ ਅੱਡੇ ਵਿਚੋਂ ਇਕੱਠੇ ਹੀ ਚੱਲਦੇ।
ਮਾਨ ਸਿੰਘ (ਛੋਟਾ ਭਰਾ) ਦੀ ਮੌਤ ਹੋਈ ਨੂੰ ਚਾਰ ਪੰਜ ਮਹੀਨੇ ਲੰਘ ਗਏ। ਇੱਕ ਦਿਨ ਵਿਚੋਲਾ ਬਾਬਾ ਸਰਵਣ ਸਿੰਘ ਘਰ ਆ ਗਿਆ। ਉਸ ਦਾ ਹੌਸਲਾ ਨਹੀਂ ਸੀ ਪੈਂਦਾ ਵਿਆਹ ਦੀ ਗੱਲ ਦੀ ਤੋਰਨ ਲਈ। ਬਾਬਾ ਸਰਵਣ ਸਿੰਘ ਕਹਿੰਦਾ, “ਮੈਂ ਇੱਕ ਦਿਨ ਗਿਆ ਸੀ ਮਾਛੀਵਾੜੇ, ਵਿਚਾਰਿਆਂ ਨੇ ਵਿਆਹ ਦੀ ਕੋਈ ਗੱਲ ਹੀ ਨਾ ਤੋਰੀ।” ਬਾਈ ਜੀ ਕਹਿਣ ਲੱਗੇ, “ਥੋੜ੍ਹਾ ਹੋਰ ਸਮਾਂ ਪੈ ਲੈਣ ਦਿਓ। ਅਜੇ ਤਾਂ ਮਨ ਪੂਰੀ ਤਰ੍ਹਾਂ ਬੁਝਿਆ ਪਿਆ ਹੈ।”
ਆਖਰ ਵਿਆਹ ਦਾ ਦਿਨ ਪੱਕਾ ਹੋ ਗਿਆ। ਬਾਰਾਤ 3 ਅਪਰੈਲ 1965 ਦੀ ਸੀ ਅਤੇ ਅਨੰਦ ਕਾਰਜ 4 ਅਪਰੈਲ ਦੇ। ਉਹਨਾਂ ਸਮਿਆਂ ਵਿਚ ਬਰਾਤਾਂ ਇੱਕ ਰਾਤ ਰਹਿੰਦੀਆਂ ਸਨ। ਬੀਬੀ ਵਿਚਾਰੀ ਬੁਸ-ਬੁਸ ਕਰਨ ਲੱਗੀ ਤਾਂ ਔਰਤਾਂ ਨੇ ਕਿਹਾ ਕਿ ਅੱਜ ਤੋਂ ਅੱਖ ਨਹੀਂ ਭਰਨੀ, ਸਾਰਾ ਕਾਰਜ ਸ਼ਗਨਾਂ ਨਾਲ ਸਿਰੇ ਚਾੜ੍ਹਨਾ ਹੈ। ਬੀਬੀ ਅਤੇ ਬਾਈ ਜੀ ਮੇਰੇ ਨਾਨਕਿਆਂ ਨੂੰ ਵਿਆਹ ਦੀ ਭੇਲੀ ਦੇ ਆਏ। ਔਰਤਾਂ ਨੇ ਸਾਡੇ ਘਰ ਆ ਕੇ ਗੀਤ ਗਾਉਣੇ ਸ਼ੁਰੂ ਕਰ ਦਿੱਤੇ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ। ਹਲਵਾਈ ਵੀ ਆ ਲੱਗੇ। ਲੱਡੂ ਪਕਾਏ ਗਏ ਤਾਂ ਸ਼ਰੀਕੇ ਵਿਚ ਲੱਡੂ ਵੱਟਣ ਦਾ ਸੁਨੇਹਾ ਦਿੱਤਾ ਗਿਆ। ਸਾਰੇ ਜਣੇ ਬੂੰਦੀ ਨਾਲ ਭਰੇ ਕੜਾਹੇ ਦੁਆਲੇ ਪੀੜ੍ਹੀਆਂ ਲੈ ਕੇ ਲੱਡੂ ਵੱਟਣ ਬੈਠ ਗਏ। ਜਦੋਂ ਕੜਾਹਾ ਮੁੱਕਣ ‘ਤੇ ਆਇਆ ਤਾਂ ਹਲਵਾਈ ਕਹਿੰਦਾ, “ਇਹ ਲਾਗੀ ਲਈ ਛੱਡ ਦਿਓ।”
ਆਥਣੇ ਤਿੰਨ ਵਜੇ ਬਾਰਾਤ ਤੋਂ ਪਹਿਲਾਂ ਭੈਣਾਂ ਨੇ ਸਿਹਰਾਬੰਦੀ ਕੀਤੀ। ਬੀਬੀ ਨੇ ਸਾਰਿਆਂ ਨੂੰ ਸ਼ਗਨ ਦਿੱਤਾ। ਜਦੋਂ ਵਾਜੇ ਵਾਲਿਆਂ ਨੇ ਘਰ ਅੱਗੇ ਵਾਜੇ ਦੀ ਧੁਨ ਕੱਢੀ ਤਾਂ ਮਾਨ ਸਿੰਘ ਜਿਵੇਂ ਸਾਰੇ ਪਰਿਵਾਰ ਦੀਆਂ ਅੱਖਾਂ ਅੱਗੇ ਘੁੰਮਣ ਲੱਗਿਆ। ਅੱਖਾਂ ਹੰਝੂਆਂ ਨਾਲ ਭਰ ਗਈਆਂ। ਵਾਜੇ ਵਾਲੇ ਅੱਗੇ-ਅੱਗੇ ਸਨ, ਮੈਂ ਅਤੇ ਸਰਬਾਲਾ ਉਹਨਾਂ ਦੇ ਪਿੱਛੇ। ਭੈਣਾਂ ਵਾਲ ਝੱਲ ਰਹੀਆਂ ਸਨ। ਸ਼ਹੀਦਾਂ ਤੇ ਮੱਥਾ ਟੇਕਣ ਪਿੱਛੋਂ ਗੁਰਦੁਆਰੇ ਮੱਥਾ ਟੇਕਿਆ। ਭਾਬੀਆਂ ਨੇ ਮੇਰੇ ਸੁਰਮਾ ਪਾਇਆ। ਬਾਰਾਤ ਮਾਛੀਵਾੜਾ ਲਈ ਰਾਵਾਨਾ ਹੋ ਗਈ। ਧਰਮਸ਼ਾਲਾ ਵਿਚ ਬਰਾਤ ਦਾ ਉਤਾਰਾ ਸੀ। ਬਾਰਾਤੀਆਂ ਲਈ ਮੰਜੇ ਡਹੇ ਪਏ ਸਨ। ਬਾਰਾਤੀ ਆਪੋ-ਆਪਣੇ ਬਿਸਤਰੇ ਲੈ ਕੇ ਗਏ ਸਨ। ਮਾਛੀਵਾੜੇ ਘਰੋਂ ਮੈਨੂੰ ਅਣਲੱਗ ਬਿਸਤਰਾ ਭੇਜਿਆ ਗਿਆ ਸੀ। ਧਰਮਸ਼ਾਲਾ ਵਿਚ ਪਾਣੀ ਦਾ ਘੜਾ, ਜੱਗ ਅਤੇ ਗਲਾਸ ਰੱਖੇ ਹੋਏ ਸਨ। ਕੁਝ ਚਿਰ ਪਿੱਛੋਂ ਸਾਰਿਆਂ ਨੂੰ ਚਾਹ ਪਿਲਾਈ ਗਈ। ਮੇਰੇ ਨਾਲ ਰਾਣਵਾਂ ਪੜ੍ਹਾਉਂਦੇ ਰਹੇ ਅਧਿਆਪਕ ਬ੍ਰਿਜ ਮੋਹਨ ਅਤੇ ਜਗਜੀਤ ਸਿੰਘ ਬਿਜਲੀ ਮੇਰੇ ਕੋਲ ਆ ਕੇ ਪੁੱਛਣ ਲੱਗੇ, “ਦੱਸੋ ਕਿਸ ਚੀਜ਼ ਦੀ ਲੋੜ ਹੈ?” ਮੈਂ ਉਹਨਾਂ ਦਾ ਧੰਨਵਾਦ ਕਰਦਿਆਂ ਉਹਨਾਂ ਨੂੰ ਬਾਈ ਜੀ ਕੋਲ ਲਿਜਾ ਕੇ ਦੱਸਿਆ, “ਮੈਂ ਇਹਨਾਂ ਨਾਲ ਰਾਣਵਾਂ ਪੜ੍ਹਾਉਂਦਾ ਰਿਹਾ ਹਾਂ।” ਬਾਈ ਜੀ ਨੇ ਉਹਨਾਂ ਨੂੰ ਬੁੱਕਲ ਵਿਚ ਲੈ ਕੇ ਪਿਆਰ ਦਿੱਤਾ।
ਰੋਟੀ ਦਾ ਸੱਦਾ ਆਇਆ ਤਾਂ ਬਾਈ ਜੀ ਕਹਿਣ ਲੱਗੇ, “ਉੱਥੇ ਜਾ ਕੇ ਕੋਈ ਮਾੜੀ ਹਰਕਤ ਨਹੀਂ ਕਰਨੀ।” ਰੋਟੀ ਲਈ ਤੁਰਨ ਲੱਗੇ ਤਾਂ ਰਸਤੇ ਵਿਚ ਚਾਨਣ ਕਰਨ ਲਈ ਘਰੋਂ ਦੋ ਬੰਦੇ, ਮਿੱਟੀ ਦੇ ਤੇਲ ਨਾਲ ਬਲਣ ਵਾਲੇ ਗੈਸ ਲੈ ਕੇ ਆ ਗਏ। ਵਿਆਹ ਵਾਲੇ ਦਰਾਂ ਅੱਗੇ ਵਾਜੇ ਦੀਆਂ ਧੁਨਾਂ ‘ਤੇ ਬਾਰਾਤੀਆਂ ਨੇ ਖੂਬ ਭੰਗੜਾ ਪਾਇਆ।
ਰੋਟੀ ਪਿੱਛੋਂ ਬਾਰਾਤ ਨੂੰ ਗੈਸਾਂ ਦੀ ਰੌਸ਼ਨੀ ਵਿਚ ਹੀ ਧਰਮਸ਼ਾਲਾ ਤੱਕ ਛੱਡਿਆ ਗਿਆ। ਬੰਤ ਮਾਮਾ, ਸਰੂਪ ਸਿੰਘ ਵੀਰ ਅਤੇ ਰਾਮ ਆਸਰਾ ਮਾਸੜ ਦੀ ਤਿੱਕੜੀ ਹਾਸਾ-ਮਖੌਲ ਕਰਨ ਲਈ ਸਾਡੀਆਂ ਸਾਰੀਆਂ ਰਿਸ਼ਤੇਦਾਰੀਆਂ ਵਿਚ ਮਸ਼ਹੂਰ ਸੀ। ਉਹਨਾਂ ਦੀਆਂ ਗੱਲਾਂ ਸੁਣ ਕੇ ਸਾਰੇ ਬਾਰਾਤੀ ਉਹਨਾਂ ਦੇ ਮੰਜਿਆਂ ਦੁਆਲੇ ਇਕੱਠੇ ਹੋ ਗਏ। ਬਾਈ ਜੀ ਕਹਿਣ ਲੱਗੇ, “ਲਓ ਇਥੇ ਜਿਵੇਂ ਮਰਜ਼ੀ ਹਾਸਾ-ਮਖੌਲ ਕਰੋ।” “ਰੋਟੀ ਵੇਲੇ ਆਹ ਕਾਲੇ ਅੰਗਰੇਜ਼ ਨੇ ਬੜੀ ਅੰਗਰੇਜ਼ੀ ਵੱਢੀ ਆ।” ਬਾਈ ਜੀ ਬੰਤ ਮਾਮੇ ਵੱਲ ਇਸ਼ਾਰਾ ਕਰਕੇ ਬੋਲੇ ਤਾਂ ਮਾਮੇ ਨੇ ਜਦੇ ਜਵਾਬ ਦਿੱਤਾ ਕਿ ਘੁਆੜੇ (ਕੁਹਾੜੇ) ਵਿਚ ਚਾਰ ਜੀਜੇ ਨੇ ਪਰ ਇਹ ਜੀਜਾ ਮੇਰਾ ਪਿਓ ਵੀ ਹੈ ਅਤੇ ਉਸਤਾਦ ਵੀ। ਮਾਮੇ ਦੀ ਗੱਲ ਰੌਲੇ ਵਿਚ ਹੀ ਗੁਆਚ ਗਈ।
ਅਗਲੇ ਦਿਨ ਨਹਾ ਕੇ ਬਾਰਾਤੀਆਂ ਨੇ ਆਪਣੇ ਟਰੰਕਾਂ ਵਿਚੋਂ ਕੱਪੜੇ ਕੱਢ ਕੇ ਪਾ ਲਏ। ਫਿਰ ਚਾਹ ਆ ਗਈ ਅਤੇ ਨਾਲ ਅਨੰਦਾਂ ਦਾ ਸੱਦਾ ਵੀ। ਉਹਨਾਂ ਸਮਿਆਂ ਵਿਚ ਸਾਰੀ ਬਾਰਾਤ ਹੀ ਅਨੰਦਾਂ ‘ਤੇ ਜਾਂਦੀ ਸੀ। ਬਾਰਾਤ ਦੇ ਪੁੱਜਣ ਤੋਂ ਪਹਿਲਾਂ ਅਨੰਦਮਈ ਬਾਣੀ ਦਾ ਕੀਰਤਨ ਹੋ ਰਿਹਾ ਸੀ। ਸਿਹਰਾ ਵਧਾਇਆ ਗਿਆ। ਲੜ ਫੜਾਉਣ ਦੀ ਰਸਮ ਪਿੱਛੋਂ ਚਾਰੇ ਲਾਵਾਂ ਦਾ ਪਾਠ ਸ਼ੁਰੂ ਹੋ ਗਿਆ। ਹਰ ਲਾਵ ਉੱਤੇ ਫੁੱਲਾਂ ਦੀ ਵਰਖਾ ਕੀਤੀ ਜਾਂਦੀ। ਸਾਰਾ ਵਿਹੜਾ ਹੀ ਜਿਵੇਂ ਮਹਿਕ ਉਠਿਆ ਹੋਵੇ। ਅਰਦਾਸ ਤੋਂ ਪਿੱਛੋਂ ‘ਸੋਨ ਸਵੇਰਾ’ ਮੈਗਜ਼ੀਨ (ਲੁਧਿਆਣਾ ਦੇ ਸੰਪਾਦਕ) ਸਵਰਨ ਸਿੰਘ ਪਰਵਾਨਾ ਨੇ ਸਿਹਰਾ ਪੜ੍ਹਿਆ। ਫਿਰ ਪ੍ਰਸਿੱਧ ਕਵੀ ਸਾਧੂ ਸਿੰਘ ਦਰਦ ਨੇ ਸਿੱਖਿਆ ਪੜ੍ਹੀ। ਨਾਲ ਹੀ ਦਰਦ ਸਾਹਿਬ ਨੇ ਸਿਹਰਾ ਵੀ ਸ਼ੁਰੂ ਕਰ ਦਿੱਤਾ। ਸਾਰਿਆਂ ਨੇ ਬਹੁਤ ਪਸੰਦ ਕੀਤਾ। ਸਮਾਪਤੀ ਪਿੱਛੋਂ ਮੇਰੇ ਫੁੱਫੜ ਜੀ ਨੇ ਤਾਂ ਦਰਦ ਸਾਹਿਬ ਨੂੰ ਆਪਣੇ ਬੇਟੇ ਸੁਖਮਿੰਦਰ ਸਿੰਘ ਦੇ ਵਿਆਹ ‘ਤੇ ਸਿਹਰਾ ਪੜ੍ਹਨ ਲਈ ਸਾਈ ਦੇ ਦਿਤੀ।
ਅਨੰਦ ਕਾਰਜ ਤੋਂ ਉੱਠਦਿਆਂ ਹੀ ਕੁੜੀਆਂ ਮੇਰੇ ਕੋਲ ਆ ਗਈਆਂ। ਮੇਰੇ ਹਾਣੀ ਪਰਗਟ ਨੇ ਪਹਿਲਾਂ ਹੀ ਲੁਕੋ ਕੇ ਰੱਖੀ ਮੇਰੀ ਜੁੱਤੀ ਮੇਰੇ ਮੂਹਰੇ ਲਿਆ ਕੇ ਰੱਖ ਦਿੱਤੀ। ਕੁੜੀਆਂ ਹੱਕੀਆਂ-ਬੱਕੀਆਂ ਹੋ ਕੇ ਕਹਿਣ ਲਗੀਆਂ, “ਬੜੇ ਚਾਲਾਕ ਨੇ ਘੁਆੜੇ ਆਲੇ। ਚਲੋ ਕੋਈ ਤਾਂ ਫਸੂਗਾ ਹੀ ਜਾਲ ਵਿਚ।” …ਤੇ ਫਸ ਗਿਆ ਮੇਰੇ ਚਾਚੇ ਦਾ ਮੁੰਡਾ। ਸ਼ਗਨ ਦੇ ਕੇ ਉਸ ਦੀ ਜੁੱਤੀ ਲੈ ਲਈ। ਉਹ ਛੰਦ ਸੁਣਨ ਲਈ ਮੇਰੇ ਮਗਰ ਪੈ ਗਈਆਂ। ਜਦ ਮੈਂ ਕਿਹਾ, “ਮੈਨੂੰ ਤਾਂ ਛੰਦ ਆਉਂਦੇ ਨਹੀਂ” ਤਾਂ ਇੱਕ ਬੋਲੀ, “ਨਿਆਣੇ ਹੀ ਕੁੱਟਣੇ ਆਉਂਦੇ ਨੇ”। ਮੈਂ ਕਿਹਾ, “ਦੱਸੋ ਫਿਰ ਕਿਹੋ ਜਿਹੇ ਛੰਦ ਸੁਣਨੇ ਨੇ?” ਉਹ ਬੋਲੀ ਸਭ ਕੁਝ ਮਨਜ਼ੂਰ ਹੈ।
ਮੈਂ ਚਾਰ ਕੁ ਛੰਦ ਸੁਣਾਏ ਤਾਂ ਮੈਨੂੰ ਅੰਦਰ ਕਮਰੇ ਵਿਚ ਦੁੱਧ ਪਿਲਾਉਣ ਲੈ ਲਈ ਗਏ। ਮੈਨੂੰ ਇੱਕ ਰੁਪਿਆ ਦੇ ਕੇ ਗੁਰੂ ਘਰ ਵਿਚ ਮੱਥਾ ਟੇਕ ਕੇ ਆਉਣ ਲਈ ਕਿਹਾ ਗਿਆ। ਖੱਟ ਉੱਤੇ ਵਡਿਆਈਆਂ ਕੀਤੀਆਂ ਗਈਆਂ। ਖੱਟ ਤੋਂ ਪਿੱਛੋਂ ਧਰਮਸ਼ਾਲਾ ਪਹੁੰਚੇ ਤਾਂ ਦੁਪਹਿਰ ਦੀ ਰੋਟੀ ਦਾ ਸੱਦਾ ਆ ਗਿਆ। ਰੋਟੀ ਖਾ ਕੇ ਜਦੋਂ ਧਰਮਸ਼ਾਲਾ ਆਏ ਤਾਂ ਸਾਡਾ ਵਿਚੋਲਾ ਬਾਈ ਜੀ ਨੂੰ ਆ ਕੇ ਪੁੱਛਣ ਲੱਗਿਆ, “ਸੇਵਾ ਦੀ ਕੋਈ ਕਮੀ ਰਹਿ ਗਈ ਤਾਂ ਦੱਸ ਦੇ।” ਬਾਈ ਜੀ ਕਹਿੰਦੇ, “ਜਿਹਨਾਂ ਨੇ ਪੜ੍ਹੀ-ਲਿਖੀ ਲੜਕੀ ਦੇ ਦਿੱਤੀ, ਬਾਕੀ ਕੀ ਰਹਿ ਗਿਆ।” ਵਿਦਾਇਗੀ ਦਾ ਸੱਦਾ ਆਇਆ ਤਾਂ ਸਾਰਿਆਂ ਨੇ ਬੱਸ ਉੱਤੇ ਆਪੋ-ਆਪਣੇ ਟਰੰਕ ਬਿਸਤਰੇ ਲੱਦ ਕੇ ਰੱਸੇ ਨਾਲ ਬੰਨ੍ਹ ਦਿੱਤੇ। ਵਿਆਹ ਵਾਲੇ ਘਰ ਨੂੰ ਜਾਂਦੀ ਬੀਹੀ ਅੱਗੇ ਬੱਸ ਰੁਕੀ ਹੋਈ ਸੀ। ਵਾਜੇ ਵਾਲੇ ਵੀ ਘਰ ਅੱਗੇ ਜਾ ਰਹੇ। ਬੱਸ ਉੱਤੇ ਲੱਕੜ ਦੀ ਪੇਟੀ ਅਤੇ ਮੇਜ਼ ਕੁਰਸੀਆਂ ਲੱਦ ਦਿੱਤੀਆਂ ਗਈਆਂ। ਡਰਾਈਵਰ ਸੀਟ ਦੇ ਪਿੱਛੇ ਵਾਲੀ ਸੀਟ ਨੂੰ ਬਾਕੀ ਸੀਟਾਂ ਨਾਲੋਂ ਵੱਖ ਕਰਨ ਲਈ ਉਸ ਦੇ ਪਿੱਛੇ ਚਾਦਰ ਬੰਨ੍ਹ ਦਿਤੀ ਗਈ। ਵਾਜਾ ਵੱਜਦਾ ਜਦ ਬੱਸ ਕੋਲ ਪੁੱਜ ਗਿਆ ਤਾਂ ਸਾਡੇ ਦੋਹਾਂ ਉਤੋਂ ਵਾਰਨੇ ਕੀਤੇ ਜਾਣ ਲੱਗੇ। ਬੱਸ ਦੇ ਉਤੋਂ ਪੈਸੇ ਸੁੱਟਣ ਲਈ ਬਾਈ ਜੀ ਲਾਲ ਥੈਲੀ ਵਿਚ ਪੈਸੇ ਚੁੱਕੀਂ ਖੜ੍ਹੇ ਸਨ। ਵਾਰਨਿਆਂ ਪਿੱਛੋਂ ਸਾਨੂੰ ਅਗਲੀ ਬਾਰੀ ਰਾਹੀਂ ਬੱਸ ਵਿਚ ਡਰਾਈਵਰ ਸੀਟ ਦੇ ਪਿੱਛੇ ਵਾਲੀ ਸੀਟ ‘ਤੇ ਬਿਠਾ ਦਿੱਤਾ। ਉਸ ਨੇ ਲੰਮਾ ਘੁੰਢ ਕੱਢਿਆ ਹੋਇਆ ਸੀ। ਲਾਗਣ ਨੇ ਉਸ ਨੂੰ ਸ਼ੀਸ਼ੇ ਵਾਲੇ ਪਾਸੇ ਬੈਠਾ ਦਿੱਤਾ। ਉਸ ਦੇ ਨਾਲ ਆਪ ਬੈਠ ਗਈ। ਫਿਰ ਉਸ ਦੇ ਮਾਮੇ ਦਾ ਮੁੰਡਾ, ਉਸ ਦੇ ਕੋਲ ਮੈਂ ਅਤੇ ਮੇਰੇ ਸਰਬਾਲੇ ਛੋਟੇ ਭਾਈ ਅੰਮ੍ਰਿਤ ਸਿੰਘ ਨੂੰ ਨਾਲ ਬਿਠਾਇਆ ਗਿਆ। ਸਿਕਿਉਰਿਟੀ ਪੂਰੀ ਟਾਈਟ ਕਰ ਦਿੱਤੀ ਗਈ। ਇਸ ਤਰ੍ਹਾਂ ਦਾ ਸੀ ਆਪਣੀ ਹਮਸਫਰ ਨਾਲ ਸ਼ੁਰੂ ਹੋਣ ਵਾਲਾ ਪਹਿਲਾ ਸਫਰ। ਬਾਈ ਜੀ, ਮੇਰੇ ਮਾਮੇ, ਚਾਚੇ, ਤਾਏ ਬੱਸ ਉਤੋਂ ਪੈਸੇ ਸੁੱਟ ਰਹੇ ਸਨ।
ਬਾਰਾਤ ਵਾਲੀ ਬੱਸ ਜਿਉਂ ਹੀ ਸਾਡੇ ਪਿੰਡ ਦੇ ਦਰਵਾਜ਼ੇ ਅੱਗੇ ਰੁਕੀ, ਵਾਜੇ ਵਾਲਿਆਂ ਨੇ ਢੋਲ ਉੱਤੇ ਡੱਗਾ ਮਾਰਿਆ ਤਾਂ ਸਾਨੂੰ ਉਤਾਰਨ ਲਈ ਘਰੋਂ ਪੂਰਾ ਹੀ ਮੇਲ ਆ ਗਿਆ। ਡਰਾਈਵਰ ਨੇ ਆਪਣਾ ਸ਼ਗਨ ਲੈ ਕੇ ਹੀ ਬੱਸ ਦੀ ਟਾਕੀ ਖੋਲ੍ਹੀ। ਮੈਂ ਉੱਤਰਨ ਲੱਗਿਆ ਤਾਂ ਮੇਰੀ ਭਾਬੀ ਨੇ ਠਾਹ ਦੇ ਕੇ ਟਾਕੀ ਲਾ ਕੇ ਕਿਹਾ, “ਐਂ ਕਿਵੇਂ ਉੱਤਰ ਜਾਏਂਗਾ, ਸ਼ਗਨ ਕੱਢ ਕੁੜੀਆਂ ਦਾ।” ਮੈਂ ਸ਼ਗਨ ਦੇ ਕੇ ਹੇਠਾਂ ਉੱਤਰ ਗਿਆ। ਮੇਰੇ ਹੱਥ ਫੜੀ ਗੁਲਾਬੀ ਚੁੰਨੀ ਉਸ ਦੇ ਹੱਥ ਵਿਚ ਫੜਾ ਦਿੱਤੀ ਗਈ। ਪਿੰਡ ਦੇ ਦਰਵਾਜ਼ੇ ਦੇ ਕੌਲਿਆਂ ਨਾਲ ਸਾਡੀ ਲਾਗਣ ਨੇ ਤੇਲ ‘ਚੋਂ ਕੇ ਖੇੜੇ ਦੀ ਖੈਰ ਮੰਗੀ। ਅਸੀਂ ਘਰ ਦੇ ਦਰਵਾਜੇ ਅੱਗੇ ਪੁੱਜੇ ਤਾਂ ਭੈਣਾਂ ਨੇ ਫਿਰ ਰਾਹ ਰੋਕ ਲਿਆ। ਉਨ੍ਹਾਂ ਨੂੰ ਅਤੇ ਸਾਡੇ ਦਰਾਂ ਦੇ ਕੌਲਿਆਂ ‘ਤੇ ਤੇਲ ਚੋਣ ਵਾਲੀ ਨੂੰ ਮੈਂ ਫਿਰ ਸ਼ਗਨ ਦਿੱਤਾ। ਮੈਂ ਅਤੇ ਮੇਰੀ ਹਮਸਫਰ ਨੇ ਸਾਹਮਣੇ ਖੜ੍ਹੀ ਬੀਬੀ ਦੇ ਚਰਨ ਛੂਹੇ ਤਾਂ ਬੀਬੀ ਨੇ ਅਸੀਸ ਦਿੱਤੀ, “ਭਾਈ ਜੀਵੇ ਸਾਈਂ ਜੀਵੇ।” ਬੀਬੀ ਨੇ ਸਾਡੇ ਉਤੋਂ ਪਾਣੀ ਵਾਰ ਕੇ ਪੀਤਾ ਤਾਂ ਹੀ ਅਸੀਂ ਅੰਦਰ ਵੜੇ। ਸਾਰੇ ਵਿਆਹ ਵਿਚ ਛੋਟਾ ਵੀਰ ਮਾਨ ਸਿੰਘ ਅੱਖਾਂ ਸਾਹਮਣੇ ਘੁੰਮਦਾ ਰਿਹਾ। ਕਈ ਵਾਰ ਭੁੱਬਾਂ ‘ਤੇ ਕਾਬੂ ਪਾਇਆ। ਘਰ ਚਾਹ ਪੀ ਕੇ ਜਦੋਂ ਉਧਰ ਚਾਚੇ ਦੇ ਘਰ ਗਿਆ ਤਾਂ ਚਾਚੇ ਦਾ ਮੁੰਡਾ ਗਿਆਨ ਪੌੜੀਆਂ ਵਿਚ ਬੈਠਾ ਰੋ ਰਿਹਾ ਸੀ। ਗਿਆਨ ਅਤੇ ਮਾਨ ਪਹਿਲੀ ਤੋਂ ਲੈ ਕੇ ਇੱਕੱਠੇ ਹੀ ਪੜ੍ਹੇ ਸਨ। ਉਸ ਨੂੰ ਚੁੱਪ ਕਰਾਉਣ ਲੱਗਿਆ ਤਾਂ ਮੇਰਾ ਵੀ ਰੋਣ ਨਿਕਲ ਆਇਆ।
ਅਗਲੇ ਦਿਨ ਸਵੇਰੇ ਕੰਗਣਾ ਖੇਲ੍ਹਿਆ ਗਿਆ। ਪਿੰਡ ਦੇ ਗੁਰਦੁਆਰੇ ਅਤੇ ਸ਼ਹੀਦਾਂ ਉੱਤੇ ਮੱਥਾ ਟੇਕਣ ਗਏ। ਸਾਡੇ ਮਗਰ-ਮਗਰ ਸਾਰਾ ਮੇਲ ਗੀਤ ਗਾ ਰਿਹਾ ਸੀ। ਸ਼ਹੀਦਾਂ ਉੱਤੇ ਮੱਥਾ ਟੇਕਣ ਪਿੱਛੋਂ ਛਟੀਆਂ ਖੇਲ੍ਹਣ ਦੀ ਰਸਮ ਵੀ ਹੋਈ। ਘਰ ਆਏ ਤਾਂ ਵਿਹੜੇ ਵਿਚ ਮੰਜੇ ਡਾਹ ਕੇ ਵਿਆਹ ਵਿਚ ਆਇਆ ਸਾਰਾ ਦਾਜ ਸਜਾਇਆ ਗਿਆ। ਵਿਚਾਲੇ ਦਾਜ ਵਿਚ ਆਇਆ ਸਾਈਕਲ ਵੀ ਖੜ੍ਹਾ ਸੀ। ਉਸ ਦੇ ਹੈਂਡਲ ਨਾਲ ਖੰਭਣੀ ਲਪੇਟੀ ਗਈ ਸੀ। ਹੈਂਡਲ ਨਾਲ ਮੋਰਾਂ ਅਤੇ ਕਬੂਤਰਾਂ ਦੀ ਕਢਾਈ ਵਾਲਾ ਝੋਲਾ ਲਟਕਦਾ ਸੀ। ਕਿਸੇ ਟਾਵੇਂ-ਟਾਵੇਂ ਵਿਆਹ ਵਿਚ ਹੀ ਸਾਈਕਲ ਆਉਂਦਾ ਸੀ। ਦਿਖਾਵਾ ਦੇਖਣ ਵਾਲੀਆਂ ਪਿੰਡ ਦੀਆਂ ਔਰਤਾਂ ਆਉਣੀਆਂ ਸ਼ੁਰੂ ਹੋ ਗਈਆਂ। ਉਹ ਸਭ ਤੋਂ ਪਹਿਲਾਂ ਨਵੀਂ ਵਿਆਹੀ ਦਾ ਘੁੰਢ ਚੁੱਕਦੀਆਂ। ਉਸ ਨੂੰ ਅਸੀਸਾਂ ਦੇ ਨਾਲ ਸ਼ਗਨ ਦਿੰਦੀਆਂ। ਫਿਰ ਇਕੱਲੇ-ਇਕੱਲੇ ਮੰਜੇ ਕੋਲ ਜਾ ਕੇ ਤਿਓਰ ਦੇਖਦੀਆਂ। ਚਾਦਰਾਂ ਅਤੇ ਸਿਰਹਾਣਿਆਂ ‘ਤੇ ਕੀਤੀ ਕਢਾਈ ਨੂੰ ਬਹੁਤ ਹੀ ਗਹੁ ਨਾਲ ਦੇਖਦੀਆਂ ਗੱਲਾਂ ਕਰ ਰਹੀਆਂ ਸਨ, “ਸੁਣਿਆ ਬਹੂ ਨੇ ਸਲਾਈ ਕਢਾਈ ਦਾ ਦੋ ਸਾਲ ਕੋਰਸ ਕੀਤਾ ਹੋਇਆ।” ਦੂਜੀ ਕਹਿ ਰਹੀ ਸੀ, “ਮੈਂ ਤਾਂ ਸੁਣਿਆ ਇਹ ਮਾਛੀਵਾੜੇ ਪੜ੍ਹਾਉਂਦੀ ਵੀ ਹੈ।”
ਉਸ ਦੇ ਭਾਈ ਉਸ ਨੂੰ ਲੈਣ ਆ ਗਏ। ਚਾਚੇ ਦੇ ਘਰ ਰੋਟੀ ਖਾ ਕੇ ਆਉਣ ਪਿੱਛੋਂ ਉਸ ਨੂੰ ਵਿਦਾ ਕਰਨ ਦੀ ਤਿਆਰੀ ਹੋਣ ਲੱਗੀ। ਦੁਪਹਿਰ ਤੋਂ ਪਿੱਛੋਂ ਜਦੋਂ ਉਹ ਚਲੇ ਗਏ ਤਾਂ ਭੈਣ ਅਤੇ ਜੀਜਾ ਜੀ ਹੀ ਰਹਿ ਗਏ ਸਨ। ਬਾਈ ਜੀ ਅਤੇ ਬੀਬੀ, ਮਾਨ ਸਿੰਘ ਨੂੰ ਯਾਦ ਕਰਕੇ ਇੱਕਦਮ ਉਦਾਸ ਹੋ ਗਏ। ਉਹ ਬੇਵਸੀ ਵਿਚ ਆਪਣੇ ਹੰਝੂ ਵਿਚੇ ਹੀ ਪੀ ਗਏ। ਦੋ ਕੁ ਦਿਨ ਪਿੱਛੋਂ ਉਸ ਨੂੰ ਫਿਰ ਛੱਡ ਗਏ ਤਾਂ ਰਾਤ ਨੂੰ ਪਹਿਲੀ ਮੁਲਾਕਾਤ ਹੋਈ। ਉਸ ਨੇ ਘੁੰਢ ਕੱਢਿਆ ਹੋਇਆ ਸੀ। ਹੱਥ ਵਿਚ ਦੁੱਧ ਦਾ ਭਰਿਆ ਹੋਇਆ ਗਲਾਸ ਸੀ। ਮੈਨੂੰ ਯਾਦ ਨਹੀਂ, ਉਸ ਨੂੰ ਮੇਰੇ ਕਮਰੇ ਵਿਚ ਕੌਣ ਛੱਡ ਕੇ ਗਿਆ ਸੀ ਪਰ ਉਸ ਦੇ ਬੋਲ ਅਜੇ ਵੀ ਯਾਦ ਨੇ, “ਤੇਲੂ ਘੁੰਢ ਚੁੱਕਣ ਵੇਲੇ ਮੂੰਹ ਦਿਖਾਈ ਦਾ ਸ਼ਗਨ ਦੇ ਦਈਂ।” ਮੈਂ ਉਸ ਨੂੰ ਮੋਢਿਆਂ ਤੋਂ ਫੜ ਕੇ ਪਲੰਘ ਉੱਤੇ ਬਿਠਾਇਆ। ਘੁੰਢ ਚੁੱਕ ਕੇ ਉਸ ਨੂੰ ਸ਼ਗਨ ਫੜਾਉਂਦਿਆਂ ਕਿਹਾ, “ਦੂਰੋਂ ਮੈਂ ਤੈਨੂੰ ਮਾਛੀਵਾੜੇ ਦੇ ਡਾਕਖਾਨੇ ਕੋਲ ਬਹੁਤ ਵਾਰ ਦੇਖਿਆ।”
“ਸਾਨੂੰ ਪਤਾ ਲੱਗ ਜਾਂਦਾ ਸੀ।” ਉਸ ਨੇ ਮੁਸਕਰਾ ਕੇ ਕਿਹਾ।
“ਫਿਰ ਤੁਸੀਂ ਘਰ ਆ ਜਾਇਆ ਕਰਦੇ।”
“ਟੰਬੇ ਖਾਣੇ ਸੀ?”
ਉਹਨਾਂ ਸਮਿਆਂ ਵਿਚ ਮੰਗੇਤਰ ਦੇ ਪਿੰਡ ਵਿਚੋਂ ਲੰਘਣ ਨੂੰ ਵੀ ਬਹੁਤ ਬੁਰਾ ਮਨਾਇਆ ਜਾਂਦਾ ਸੀ। “ਮੈਂ ਵੀ ਥੋਨੂੰ ਮਾਛੀਵਾੜੇ ਕਵੀ ਦਰਬਾਰ ਵਿਚ ਦੂਰੋਂ ਹੀ ਦੇਖਿਆ ਸੀ।” ਮੈਂ ਵਾਰ-ਵਾਰ ਉਸ ਨੂੰ ਇਹੀ ਕਹਿੰਦਾ, “ਮੇਰੇ ਮਾਂ-ਪਿਓ ਦੀ ਪੂਰੀ ਇੱਜ਼ਤ ਅਤੇ ਸੇਵਾ ਕਰਨੀ ਹੈ।” ਉਹ ਵਾਰ-ਵਾਰ ਕਹਿੰਦੀ, “ਇਹ ਨਾ ਤੁਸੀਂ ਫਿਕਰ ਕਰੋ।” ਅੱਧੀ ਰਾਤ ਤੱਕ ਗੱਲਾਂ ਹੁੰਦੀਆਂ ਰਹੀਆਂ। ਦੂਜੀ ਰਾਤ ਉਸ ਨੇ ਉਹ ਗੱਲਾਂ ਦੱਸੀਆਂ ਜਿਸ ਨਾਲ ਮਨ ਉਦਾਸ ਹੋ ਗਿਆ।
ਮੈਂ ਪੁੱਛਿਆ, “ਇਹ ਗੱਲਾਂ ਤੂੰ ਕੱਲ੍ਹ ਕਿਉਂ ਨਾ ਸੁਣਾਈਆਂ?”
“ਸ਼ਗਨਾਂ ਦੀ ਰਾਤ ਮੈਂ ਦੁੱਖ ਭਰੀਆਂ ਗੱਲਾਂ ਨਹੀਂ ਸੀ ਕਰਨਾ ਚਾਹੁੰਦੀ।”
ਉਸ ਦੀ ਗੱਲ ਵਿਚੋਂ ਮੈਨੂੰ ਉਸ ਦੀ ਸਿਆਣਪ ਝਲਕਦੀ ਨਜ਼ਰ ਆਈ। ਉਸ ਨੇ ਦੱਸਿਆ, “ਮੇਰਾ ਜਨਮ 1941 ਵਿਚ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਲਾਇਲਪੁਰ ਵਿਚ ਗਿੱਲਾਂ ਦੇ ਚੱਕ ਨੰਬਰ 91 ਵਿਚ ਹੋਇਆ ਪਰ ਸਾਡਾ ਪੁਰਾਣਾ ਪਿੰਡ ਮਲੌਦ ਕੋਲ ਲਸਾੜਾ ਹੈ। ਮੇਰੇ ਬਾਪੂ ਜੀ ਸ. ਮਿੱਤ ਸਿੰਘ 1947 ਤੋਂ ਪਹਿਲਾਂ ਹੀ ਖੰਡ ਮਿੱਲ ਫਗਵਾੜਾ ਵਿਚ ਕੰਮ ਕਰਦੇ ਸਨ। ਉਹ ਛੁੱਟੀ ਕੱਟਣ ਰੇਲ ‘ਤੇ ਚੜ੍ਹ ਕੇ ਪੱਕਾ ਅੰਨਾ ਰੇਲਵੇ ਸਟੇਸ਼ਨ ’ਤੇ ਉੱਤਰ ਕੇ ਤੁਰ ਕੇ ਪਿੰਡ ਪਹੁੰਚਦੇ ਸਨ। ਜਦੋਂ ਦੇਸ਼ ਦੀ ਵੰਡ ਹੋਈ ਤਾਂ ਉਹਨਾਂ ਨੂੰ ਮਜਬੂਰਨ ਆਪਣਾ ਪਿੰਡ ਚੱਕ 91 ਛੱਡਣਾ ਪਿਆ। ਇਹ ਫੈਸਲਾ ਹੋਇਆ ਕਿ ਸਾਰੇ ਆਂਢੀ-ਗੁਆਂਢੀ ਲਾਭ ਸਿੰਘ ਗਿੱਲ ਦੇ ਟਰੱਕ ਵਿਚ ਪਿੰਡੋਂ ਜਾਣਗੇ। ਕੁਝ ਬੰਦੇ ਗੱਡਿਆਂ ਵਿਚ ਸਮਾਨ ਲੱਦ ਕੇ ਬਾਰਡਰ ਪਾਰ ਕਰਨਗੇ। ਜਿਉਂ ਹੀ ਟਰੱਕ ਸਾਂਝੀ ਥਾਂ ‘ਤੇ ਲਾਇਆ ਗਿਆ ਤਾਂ ਟਰੱਕ ਵਿਚ ਸਾਰੇ ਭੁੱਬਾਂ ਮਾਰਦੇ-ਮਾਰਦੇ ਚੜ੍ਹ ਰਹੇ ਸਨ। ਮੇਰੀ ਦਾਦੀ ਹਰਨਾਮ ਕੌਰ ਅੜ ਗਈ ਕਿ ਉਹ ਅਪਣਾ ਪਿੰਡ ਛੱਡ ਕੇ ਨਹੀਂ ਜਾਣਾ ਚਾਹੁੰਦੀ। ਉਸ ਨੂੰ ਲੋਕ ਬਥੇਰਾ ਸਮਝਾਉਣ ਕਿ ਕੋਈ ਪਤਾ ਨਹੀਂ ਕਦੋਂ ਹਤਿਆਰੇ ਆ ਕੇ ਸਾਰਿਆਂ ਨੂੰ ਮੌਤ ਦੇ ਘਾਟ ਉਤਾਰ ਦੇਣ ਪਰ ਉਹ ਮੰਨਣ ਵਿਚ ਨਾ ਆਵੇ। ਕਹੀ ਜਾਵੇ- ‘ਮੈਨੂੰ ਜੇ ਕੋਈ ਮਾਰਦਾ ਤਾਂ ਮਾਰ ਦੇਵੇ, ਆਪਣੇ ਪਿੰਡ ਵਿਚ ਤਾਂ ਮਰੂੰਗੀ।’ ਮਾਧੋ ਚਾਚੇ ਨੇ ਵੀ ਕਿਹਾ, ‘ਮਾਂ ਤੂੰ ਸਾਰਿਆਂ ਨੂੰ ਮਰਵਾਏਂਗੀ।’ ‘ਤੁਸੀਂ ਜਾਓ, ਮੈਨੂੰ ਇੱਥੇ ਹੀ ਮਰ ਜਾਣ ਦਿਓ।’ ਸਾਰਿਆਂ ਨੇ ਫੈਸਲਾ ਕੀਤਾ ਕਿ ਟਰੱਕ ਨੂੰ ਇਥੋਂ ਛੇਤੀ-ਛੇਤੀ ਕੱਢਿਆ ਜਾਵੇ।…
… ਮੇਰੀ ਬੀਬੀ ਕਰਤਾਰ ਕੌਰ 1947 ਤੋਂ ਪਹਿਲਾਂ ਹੀ ਮੈਨੂੰ ਛੋਟੀ ਜਿਹੀ ਨੂੰ ਸਦਾ ਲਈ ਛੱਡ ਗਈ ਸੀ। ਮੇਰੇ ਨਾਲੋਂ ਵਡਾ ਮੇਰਾ ਇੱਕ ਭਾਈ ਪੂਰਨ ਸਿੰਘ ਹੁੰਦਾ ਸੀ। ਉਸ ਦੀ ਵੀ ਮੌਤ ਹੋ ਗਈ ਸੀ। ਜਦੋਂ ਮੇਰਾ ਜਨਮ ਹੋਇਆ ਤਾਂ ਬਾਪੂ ਜੀ ਅਤੇ ਬੀਬੀ ਮੇਰੀ ਲੰਮੀ ਉਮਰ ਦੀ ਕਾਮਨਾ ਨੂੰ ਲੈ ਕੇ ਜ਼ਿਲ੍ਹਾ ਸਿਆਲਕੋਟ ਵਿਚ ਭਗਤ ਪੂਰਨ ਦੇ ਖੂਹ ‘ਤੇ ਨਹਾ ਕੇ ਲਿਆਏ ਸਨ। ਮੈਂ ਤਾਂ ਬਚ ਗਈ ਪਰ ਮੇਰੀ ਬੀਬੀ ਥੋੜ੍ਹਾ ਚਿਰ ਪਿੱਛੋਂ ਮਰ ਗਈ ਸੀ। ਜਦੋਂ ਸਾਡੇ ਪਿੰਡੋਂ ਟਰੱਕ ਚੱਲਣ ਲੱਗਿਆ ਤਾਂ ਚਾਚੀ ਮੈਨੂੰ ਤਾਂ ਟਰੱਕ ਵਿਚ ਲੈ ਕੇ ਬੈਠ ਗਈ ਪਰ ਚਾਚੀ ਆਪਣੀ ਕੁੜੀ ਦੇਬੋ ਨੂੰ ਚੜ੍ਹਾਉਣਾ ਹੀ ਭੁੱਲ ਗਈ। ਟਰੱਕ ਚੱਲ ਪਿਆ ਤਾਂ ਰੌਲਾ ਪੈ ਗਿਆ ਕਿ ਦੇਬੋ ਕਿੱਥੇ ਹੈ, ਦੇਬੋ ਕਿੱਥੇ ਹੈ? ਟਰੱਕ ਬੰਦ ਕਰਕੇ ਪਿੰਡ ਦੇ ਲੋਕਾਂ ਦੀ ਇੱਕ ਹੋਰ ਭੀੜ ਵਿਚੋਂ ਉਸ ਨੂੰ ਲੱਭ ਕੇ ਲਿਆਂਦਾ ਤਾਂ ਟਰੱਕ ਚੱਲਿਆ। ਮਾਧੋ ਚਾਚੇ ਅਤੇ ਹੋਰ ਕਈ ਬੰਦਿਆਂ ਨੂੰ ਸਮਾਨ ਵਾਲੇ ਗੱਡਿਆਂ ਨਾਲ ਆਉਣ ਵਾਸਤੇ ਉੱਥੇ ਹੀ ਛੱਡ ਦਿੱਤਾ ਗਿਆ।”
ਸੰਪੂਰਨ ਕੌਰ ਪੂਰੋ ਨੇ ਦੱਸਿਆ, “ਮੇਰੀ ਨਾਨੀ ਵੱਖਰੇ ਕਾਫਲੇ ਵਿਚ ਸੀ ਅਤੇ ਬਿਮਾਰ ਹੋ ਕੇ ਮਰ ਗਈ ਸੀ। ਉਸ ਨੂੰ ਉੱਥੇ ਹੀ ਲਾਹ ਕੇ ਧਰਤੀ ਵਿਚ ਦੱਬ ਕੇ ਕਾਫਲਾ ਅੱਗੇ ਚੱਲ ਪਿਆ ਸੀ। ਸਾਨੂੰ ਟਰੱਕ ਵਿਚੋਂ ਫਗਵਾੜੇ ਆ ਕੇ ਲਾਹ ਦਿੱਤਾ। ਉੱਥੇ ਅਸੀਂ ਕਿਰਾਏ ‘ਤੇ ਲਏ ਬਾਪੂ ਜੀ ਵਾਲੇ ਘਰ ਚਲੇ ਗਏ। ਕੁਝ ਚਿਰ ਪਿੱਛੋਂ ਸਾਨੂੰ ਮਲੌਦ ਵਿਚ ਘਰ ਅਲਾਟ ਹੋ ਗਿਆ। ਉੱਥੇ ਮੈਂ ਪਹਿਲੀ ਜਮਾਤ ਵਿਚ ਦਾਖਲ ਹੋ ਗਈ। ਚੱਕ 91 ਤੋਂ ਆਏ ਗਿੱਲਾਂ ਵਾਲੇ ਜ਼ਿਮੀਦਾਰਾਂ ਦੇ ਕੁਝ ਪਰਿਵਾਰਾਂ ਨੂੰ ਮਾਛੀਵਾੜੇ, ਕੁਝ ਨੂੰ ਧਨਾਨਸੂ ਅਤੇ ਕੁਝ ਨੂੰ ਕੂੰਮ ਕਲਾਂ ਜ਼ਮੀਨ ਅਲਾਟ ਹੋ ਗਈ। ਥੋੜ੍ਹਾ ਚਿਰ ਪਿੱਛੋਂ ਮਾਛੀਵਾੜੇ ਵਾਲੇ ਪਰਿਵਾਰ ਸਾਨੂੰ ਮਲੌਦ ਤੋਂ ਮਾਛੀਵਾੜੇ ਲੈ ਆਏ। ਅਸੀਂ ਵੀ ਉਹਨਾਂ ਦੇ ਨਾਲ ਹੀ ਮਾਛੀਵਾੜੇ ਪੱਕੇ ਤੌਰ ‘ਤੇ ਰਹਿਣ ਲੱਗੇ। ਰਿਸ਼ਤੇਦਾਰਾਂ ਦੇ ਕਹਿਣ ‘ਤੇ ਬਾਪੂ ਜੀ ਨੇ ਰਿਸ਼ਤੇਦਾਰੀ ਵਿਚ ਹੀ ਦੂਜਾ ਵਿਆਹ ਕਰਵਾ ਲਿਆ। ਮੈਂ ਦੂਜੀ ਮਾਂ ਨੂੰ ਮਾਸੀ ਕਹਿੰਦੀ ਹੁੰਦੀ ਸੀ। ਉਹ ਵਿਚਾਰੀ ਵੀ ਤਿੰਨ ਕੁ ਸਾਲ ਪਹਿਲਾਂ ਮਰ ਗਈ ਸੀ। ਬਾਪੂ ਜੀ ਦੀ ਜ਼ਿੰਦਗੀ ਫਿਰ ਦੁੱਖਾਂ ਵਿਚ ਪੈ ਗਈ। ਮੈਨੂੰ ਮਾਛੀਵਾੜੇ ਵਾਲੀ ਚਾਚੀ ਗੁਲਾਬ ਕੁਰ ਆਪਣੇ ਕੋਲ ਲੈ ਆਈ ਜਿੱਥੋਂ ਦਸਵੀਂ ਪਾਸ ਕਰਕੇ ਮੈਂ ਫਿਰ ਫਗਵਾੜੇ ਸਿਲਾਈ ਕਢਾਈ ਦਾ ਡਿਪਲੋਮਾ ਕਰਨ ਚਲੀ ਗਈ। ਐਕਣ ਮੈਂ ਬਾਪੂ ਜੀ ਕੋਲ ਦੋ ਸਾਲ ਹੋਰ ਰਹੀ। ਫਿਰ ਮੈਂ ਮਾਛੀਵਾੜਾ ਵਿਖੇ ਪੰਚਾਇਤੀ ਸਕੂਲ ਵਿਚ ਪੜ੍ਹਾਉਣ ਲੱਗੀ। ਹੁਣ ਮੈਂ ਤੁਹਾਡੇ ਕੋਲ ਆ ਗਈ ਹਾਂ। ਰਾਏਕੋਟ ਵਾਲੀ ਮਾਸੀ ਚਰਨੋ ਵੀ ਥੋੜ੍ਹਾ ਚਿਰ ਫਗਵਾੜੇ ਰਹਿ ਕੇ ਆਪਣੇ ਘਰ ਚਲੀ ਜਾਊਗੀ। ਪਿੱਛੇ ਬੱਚੇ ਛੋਟੇ-ਛੋਟੇ ਹਨ। ਕਈ ਵਾਰ ਮਿੱਲ ਵਿਚ ਬਾਪੂ ਜੀ ਦੀ ਡਿਊਟੀ ਰਾਤ ਦੀ ਹੁੰਦੀ ਹੈ। ਬਾਪੂ ਜੀ ਨੂੰ ਹੁਣ ਬਹੁਤ ਔਖਾ ਜਾਣੈ।… ਤੂੰ ਫਿਕਰ ਨਾ ਕਰ, ਉਹ ਹੁਣ ਮੇਰੇ ਵੀ ਤਾਂ ਬਾਪੂ ਜੀ ਹਨ।”
ਦੋ ਕੁ ਦਿਨ ਪਿੱਛੋਂ ਅਸੀਂ ਬਾਪੂ ਜੀ ਨੂੰ ਮਿਲਣ ਗਏ। ਫਗਵਾੜੇ ਬੱਸ ਅੱਡੇ ਵਿਚੋਂ ਅਸੀਂ ਰਿਕਸ਼ਾ ਲੈ ਲਿਆ। ਸਤਿਨਾਮਪੁਰਾ ਇਲਾਕੇ ਵਿਚ ਰਾਮਗੜ੍ਹੀਆ ਕਾਲਜ ਆਫ ਐਜੂਕੇਸ਼ਨ ਦੇ ਸਾਹਮਣਿਓਂ ਖੰਡ ਮਿੱਲ ਦੀ ਕਲੋਨੀ ਨੂੰ ਜਾਂਦੇ ਕੱਚੇ ਰਾਹ ਤੋਂ ਅਸੀਂ ਕਲੋਨੀ ਵੱਲ ਮੁੜ ਪਏ। ਸਾਡੇ ਖੱਬੇ ਪਾਸੇ ਬੇਰੀਆਂ ਦਾ ਬਹੁਤ ਵੱਡਾ ਬਾਗ ਸੀ। ਪੂਰੋ ਨੇ ਕਿਹਾ, “ਇਹ ਕਾਲੇ ਕੰਡੇ ਦੀਆਂ ਬੇਰੀਆਂ ਦਾ ਬਾਗ ਹੈ। ਇਹਨਾਂ ਦੇ ਬੇਰ ਬਹੁਤ ਸੁਆਦ ਹੁੰਦੇ ਹਨ।” ਮੈਂ ਕਿਹਾ, “ਪਿੰਡ ਨੂੰ ਵੀ ਲੈ ਚੱਲਾਂਗੇ।”
ਬਾਗ ਤੋਂ ਅੱਗੇ ਖੰਡ ਮਿੱਲ ਕਲੋਨੀ ਦੇ ਕੁਆਰਟਰ ਸਨ। ਕੁਅਰਾਟਰਾਂ ਦੇ ਬਾਹਰ ਖੇਡਦੇ ਕਾਲਾ, ਪ੍ਰੀਤਮ ਅਤੇ ਗੁਆਂਢੀਆਂ ਦੇ ਨਿਆਣੇ ਸਾਨੂੰ ਦੇਖ ਕੇ ਕਲੋਨੀ ਨੂੰ ਭੱਜ ਗਏ।
“ਘਰ ਜਾ ਕੇ ਆਪਣੇ ਆਉਣ ਬਾਰੇ ਦੱਸਣਗੇ।”
ਜਦੋਂ ਸਾਡਾ ਰਿਕਸ਼ਾ ਕਲੋਨੀ ਵੱਲ ਵੜਿਆ ਤਾਂ ਸਾਰੇ ਜਾਣੇ ਸਾਡੇ ਵੱਲ ਹੀ ਆ ਰਹੇ ਸਨ। ਉਹਨਾਂ ਨੂੰ ਦੇਖ ਕੇ ਮੈਂ ਰਿਕਸ਼ੇ ਵਾਲੇ ਨੂੰ ਕਿਹਾ, “ਰੋਕ ਲੈ।” ਸਾਨੂੰ ਲਾਹ ਕੇ ਉਹ ਮੁੜ ਗਿਆ। ਨਿਆਣੇ ਸਾਡੀਆਂ ਲੱਤਾਂ ਨੂੰ ਚਿੰਬੜ ਗਏ। ਆਪਣੀ ਧੀ ਨੂੰ ਪਿਆਰ ਦੇਣ ਵੇਲੇ ਮੈਨੂੰ ਬਾਪੂ ਜੀ ਦੀਆਂ ਅੱਖਾਂ ਵਿਚੋਂ ਇਉਂ ਲੱਗਿਆ, ਜਿਵੇਂ ਉਹ ਸਾਨੂੰ ਵਰ੍ਹਿਆਂ ਤੋਂ ਉਡੀਕ ਰਹੇ ਹੋਣ। ਮੈਨੂੰ ਪਿਆਰ ਦੇਣ ਵੇਲੇ ਵੀ ਲੱਗਿਆ ਜਿਵੇਂ ਬਾਪੂ ਜੀ ਭਾਵੁਕ ਹੋ ਗਏ ਹੋਣ। ਚਾਚੀ ਨੇ ਮੈਨੂੰ ਪਿਆਰ ਦੇਣ ਵੇਲੇ ਕਿਹਾ, “ਅਸੀਂ ਤਾਂ ਧੀ ਦੇ ਕੇ ਪੁੱਤ ਲਿਆ ਹੈ।”
ਕੁਝ ਸਮਾਂ ਮੈਨੂੰ ਕੁਆਰਟਰ ਓਪਰਾ-ਓਪਰਾ ਲੱਗਿਆ। ਨਾਲ ਹੀ ਪਤਿਓਰਾ ਸਾਹਿਬ ਸ. ਸਰਵਣ ਸਿੰਘ ਦਾ ਘਰ ਸੀ। ਚਾਚੀ ਗੁਰਦੀਪ ਕੌਰ, ਚਾਚਾ ਜੀ ਸ. ਸਰਵਣ ਸਿੰਘ ਵੀ ਸਾਰੇ ਮੇਰੇ ਆਲੇ-ਦੁਆਲੇ ਹੋ ਗਏ। ਬਾਪੂ ਜੀ ਨੀਝ ਨਾਲ ਮੇਰੇ ਵੱਲ ਦੇਖੀ ਜਾ ਰਹੇ ਸਨ। ਮੈਨੂੰ ਲੱਗਿਆ ਜਿਵੇਂ ਮੇਰੇ ਵਿਚੋਂ ਉਹ ਆਪਣਾ ਗਵਾਚਿਆ ਪੁੱਤ ਭਾਲ ਰਹੇ ਹੋਣ।
“ਰਸਤੇ ਵਿਚ ਠੀਕ ਰਹੇ।” ਕਾਫੀ ਚਿਰ ਪਿੱਛੋਂ ਉਹਨਾਂ ਚੁੱਪ ਤੋੜੀ।
ਮੈਂ ਕਿਹਾ, “ਹਾਂ ਜੀ।”
ਫਿਰ ਅਸੀਂ ਰਾਏਕੋਟ ਵਾਲੀ ਚਰਨੋ ਮਾਸੀ ਦੀ ਲਿਆਂਦੀ ਚਾਹ ਪੀਤੀ। ਉਸ ਦੇ ਛੋਟੇ-ਛੋਟੇ ਭਾਈ ਮੇਰੇ ਕੋਲ ਆ ਕੇ ਬੈਠ ਗਏ। ਉਹ ਵਾਰ-ਵਾਰ ਮੈਨੂੰ ਜੀਜਾ ਜੀ, ਜੀਜਾ ਜੀ ਕਹਿ ਕੇ ਬੁਲਾਉਂਦੇ ਪਰ ਅੱਗੇ ਉਹਨਾਂ ਨੂੰ ਕੁਝ ਨਾ ਸੁਝੇ।
ਅਸੀਂ ਫਗਵਾੜੇ ਦੋ ਰਾਤਾਂ ਰਹਿਣਾ ਸੀ। ਇੱਕ ਰਾਤ ਅਸੀਂ ਘਰ ਰੋਟੀ ਖਾਧੀ, ਦੂਜੇ ਦਿਨ ਦੁਪਹਿਰ ਦੀ ਰੋਟੀ ਚਾਚਾ ਜੀ ਦੇ ਘਰ ਖਾਧੀ। ਗੱਲਾਂ ਵਿਚ ਇਹ ਗੱਲ ਵੀ ਹੋਈ ਕਿ ਪੂਰੋ (ਸੰਪੂਰਨ ਕੌਰ ਤੋਂ ਪੇਕਿਆਂ ਵਿਚ ਉਸ ਦਾ ਨਾਉਂ ਪੂਰੋ ਹੀ ਪੱਕ ਗਿਆ ਸੀ; ਜਿਵੇਂ ਵਿਆਹ ਤੋਂ ਮਗਰੋਂ ਉਹਨਾਂ ਨੇ ਮੇਰਾ ਨਾਉਂ ਬਦਲ ਕੇ ਤ੍ਰਿਲੋਕ ਸਿੰਘ ਰੱਖ ਲਿਆ ਸੀ, ਇਵੇਂ ਅਸੀਂ ਵੀ ਉਸ ਦਾ ਨਾਉਂ ਮਨਜੀਤ ਕੌਰ ਰੱਖ ਲਿਆ ਸੀ) ਅਜੇ ਮਾਛੀਵਾੜੇ ਹੀ ਕਿੰਨਾ ਚਿਰ ਹੋਰ ਪੜ੍ਹਾਊਗੀ?
ਮੈਂ ਕਿਹਾ, “ਗਰਮੀਆਂ ਦੀਆਂ ਛੁੱਟੀਆਂ ਤੋਂ ਪਿੱਛੋਂ ਦੇਖਾਂਗੇ।” ਦੁਪਹਿਰ ਦੀ ਰੋਟੀ ਤੋਂ ਬਾਅਦ ਅਸੀਂ ਪ੍ਰੀਤਮ ਨੂੰ ਨਾਲ ਲੈ ਕੇ ਫ਼ਿਲਮ ‘ਏਕ ਸਪੇਰਾ ਏਕ ਲੁਟੇਰਾ’ ਦੇਖ ਕੇ ਆਏ। ਰਾਤ ਦੀ ਰੋਟੀ ਸਾਹਮਣੇ ਕੁਆਰਟਰ ਵਾਲਿਆਂ ਦੇ ਘਰ ਸੀ। ਉਸ ਘਰ ਵਿਚ ਤਿੰਨ ਬੱਚੇ ਸਨ- ਆਦਰਸ਼ਪਾਲ ਸਿੰਘ (ਅਰਸ਼ੀ), ਕਮਲਜੀਤ ਸਿੰਘ (ਚੋਜੀ), ਪ੍ਰਿਤਪਾਲ ਸਿੰਘ (ਪਾਲੀ) ਅਤੇ ਉਹਨਾਂ ਦੇ ਮਾਤਾ ਜੀ ਜਮਨਾ। ਉਹਨਾਂ ਨੂੰ ਸਾਰੇ ਜਮਨਾ ਮਾਸੀ ਹੀ ਕਹਿੰਦੇ ਸਨ। ਉਹਨਾਂ ਦੇ ਪਾਪਾ ਜੀ ਸ. ਮਿਹਰ ਸਿੰਘ ਰਿਐਤ ਬਾਪੂ ਜੀ ਦੇ ਨਾਲ ਖੰਡ ਮਿੱਲ ਵਿਚ ਹੀ ਕੰਮ ਕਰਦੇ ਸਨ। ਉਸ ਘਰ ਵਿਚ ਜਾ ਕੇ ਮੈਨੂੰ ਉਹ ਆਦਰਸ਼ ਜਿਹਾ ਘਰ ਲੱਗਿਆ। ਘਰ ਗਿਆਂ ਨੂੰ ਜਮਨਾ ਮਾਸੀ ਅਤੇ ਮਾਸੜ ਜੀ ਨੇ ਜੋ ਪਿਆਰ ਦਿੱਤਾ, ਉਹ ਹਮੇਸ਼ਾ ਹੀ ਯਾਦ ਰਹਿੰਦਾ ਹੈ। ਰੋਟੀ ਖਾਣ ਪਿੱਛੋਂ ਉਹਨਾਂ ਦੇ ਬੱਚਿਆਂ ਨੇ ਸਾਨੂੰ ਕੁਝ ਸ਼ਬਦ ਅਤੇ ਹਿੰਦੀ ਫਿਲਮਾਂ ਦੇ ਕੁਝ ਗੀਤ ਹਰਮੋਨੀਅਮ ਨਾਲ ਸੁਣਾਏ।
“ਪੂਰੋ ਤੁਸੀਂ ਹੁਣ ਕੁਝ ਦਿਨ ਰਹੋਗੇ?” ਜਮਨਾ ਮਾਸੀ ਨੇ ਪੁੱਛਿਆ ਤਾਂ ਪੂਰੋ ਕਹਿਣ ਲੱਗੀ, “ਛੇਤੀ ਹੀ ਫਿਰ ਆਵਾਂਗੇ।”
ਅਗਲੇ ਦਿਨ ਸਵੇਰੇ ਜਦੋਂ ਅਸੀਂ ਪਿੰਡ ਨੂੰ ਮੁੜਨ ਲੱਗੇ ਤਾਂ ਸਾਰੇ ਸਾਨੂੰ ਰਿਕਸ਼ਾ ਤੱਕ ਛੱਡਣ ਆਏ। ਉਸ ਸਮੇਂ ਮੈਂ ਬਾਪੂ ਜੀ ਦੀਆਂ ਅੱਖਾਂ ਵਿਚ ਹੰਝੂ ਤਰਦੇ ਦੇਖੇ।