ਨਸ਼ਿਆਂ ਖਿਲਾਫ ਜੰਗ ਵਿਚ ਪੰਜਾਬ ਦੀ ਬਾਂਹ ਫੜੇਗੀ ਕੇਂਦਰ ਸਰਕਾਰ

ਚੰਡੀਗੜ੍ਹ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨਸ਼ਿਆਂ ਖਿਲਾਫ ਪੰਜਾਬ ਦੀ ਹਰ ਮਦਦ ਕਰਨ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਨੇ ਨਸ਼ਿਆਂ ਖਿਲਾਫ ‘ਜ਼ੀਰੋ ਟਾਲਰੈਂਸ` ਦੀ ਨੀਤੀ ਅਪਣਾਈ ਹੈ, ਜਿਸ ਦੇ ਨਤੀਜੇ ਸਾਹਮਣੇ ਆ ਰਹੇ ਹਨ। ਨਸ਼ਿਆਂ ਵਿਰੁੱਧ ਲੜਾਈ ਸਹੀ ਦਿਸ਼ਾ ਵੱਲ ਵਧ ਰਹੀ ਹੈ। ਉਹ ਨਾਰਕੋਟਿਕ ਕੰਟਰੋਲ ਬਿਊਰੋ ਵੱਲੋਂ ਪੰਜਾਬ ਭਵਨ ਵਿਚ ‘ਨਸ਼ਾ ਤਸਕਰੀ ਅਤੇ ਕੌਮੀ ਸੁਰੱਖਿਆ` ਬਾਰੇ ਕਰਵਾਏ ਸੈਮੀਨਾਰ `ਚ ਪੁੱਜੇ ਸਨ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਸਰਹੱਦੀ ਸੂਬਾ ਹੋਣ ਕਾਰਨ ਇਥੇ ਨਸ਼ਿਆਂ ਦੀ ਸਮੱਸਿਆ ਜ਼ਿਆਦਾ ਹੈ, ਜਿਸ ਦੇ ਖਾਤਮੇ ਲਈ ਕੇਂਦਰ ਸਰਕਾਰ ਸੂਬੇ ਦੀ ਹਰ ਸੰਭਵ ਮਦਦ ਲਈ ਤਿਆਰ ਹੈ। ਸ੍ਰੀ ਸ਼ਾਹ ਨੇ ਅੰਮ੍ਰਿਤਸਰ ‘ਚ ਫੋਰੈਂਸਿਕ ਲੈਬ ਅਤੇ ਐਨ.ਸੀ.ਬੀ. ਦਾ ਸਿਖਲਾਈ ਕੇਂਦਰ ਖੋਲ੍ਹਣ ਦਾ ਐਲਾਨ ਕੀਤਾ, ਜਿਸ ਲਈ ਜ਼ਮੀਨ ਪੰਜਾਬ ਸਰਕਾਰ ਨੂੰ ਮੁਹੱਈਆ ਕਰਵਾਉਣੀ ਪਵੇਗੀ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਗ੍ਰਹਿ ਮੰਤਰੀ ਦੇ ਐਲਾਨ ਦਾ ਸਵਾਗਤ ਕਰਦਿਆਂ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਜ਼ਮੀਨ ਮੁਹੱਈਆ ਕਰਵਾਉਣ ਲਈ ਤਿਆਰ ਹੈ।
ਸੈਮੀਨਾਰ ਵਿਚ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੇ ਜੰਮੂ ਕਸ਼ਮੀਰ ਦੇ ਅਧਿਕਾਰੀਆਂ ਨੇ ਹਿੱਸਾ ਲਿਆ। ਇਸ ਮੌਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਦੇਸ਼ ਵਿਚੋਂ ਨਸ਼ਿਆਂ ਦੀ ਰੋਕਥਾਮ ਲਈ ਨਾਰਕੋਟਿਕ ਕੰਟਰੋਲ ਬਿਊਰੋ (ਐਨ.ਸੀ.ਬੀ.) ਦਾ ਗਠਨ ਕੀਤਾ ਗਿਆ ਹੈ, ਜਿਸ ਵੱਲੋਂ ਵੱਡੀ ਮਾਤਰਾ ਵਿਚ ਬਰਾਮਦ ਹੋਣ ਵਾਲੇ ਨਸ਼ਿਆਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਸਾਲ 2006-13 ਦੌਰਾਨ 1.52 ਲੱਖ ਕਿਲੋਗ੍ਰਾਮ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਸਨ ਜਦਕਿ ਸਾਲ 2014-21 ਦੌਰਾਨ 3.3 ਲੱਖ ਕਿਲੋਗ੍ਰਾਮ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਜਦਕਿ ਗ੍ਰਿਫ਼ਤਾਰੀਆਂ ਵਿੱਚ 260 ਫ਼ੀਸਦੀ ਵਾਧਾ ਹੋਇਆ।
ਉਨ੍ਹਾਂ ਕਿਹਾ ਕਿ ਸਾਲ 2006-13 ਦੌਰਾਨ 768 ਕਰੋੜ ਦੀ ਨਸ਼ੀਲੀ ਸਮੱਗਰੀ ਜ਼ਬਤ ਕੀਤੀ ਗਈ ਸੀ ਜਦਕਿ ਮੋਦੀ ਸਰਕਾਰ ਨੇ ਸਾਲ 2014-21 ਤੱਕ 20 ਹਜ਼ਾਰ ਕਰੋੜ ਦੀ ਨਸ਼ੀਲੀ ਸਮੱਗਰੀ ਜ਼ਬਤ ਕੀਤੀ ਹੈ। ਕੇਂਦਰੀ ਗ੍ਰਹਿ ਮੰਤਰੀ ਸ੍ਰੀ ਸ਼ਾਹ ਨੇ ਕਿਹਾ ਕਿ ਕੇਂਦਰ ਸਰਕਾਰ ਆਉਣ ਵਾਲੇ ਸਮੇਂ ਵਿਚ ਨਸ਼ਾ ਤਸਕਰੀ ਦੀ ਰੋਕਥਾਮ ਲਈ ਕਾਨੂੰਨ ਨੂੰ ਹੋਰ ਸਖ਼ਤ ਬਣਾਉਣ ਲਈ ਕੰਮ ਕਰ ਰਹੀ ਹੈ ਜਦਕਿ ਨਸ਼ੀਲੇ ਪਦਾਰਥਾਂ ਦੀ ਰੋਕਥਾਮ ਲਈ ਸੂਬਾ ਸਰਕਾਰਾਂ ਨਾਲ ਵੀ ਸੰਪਰਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿਹਤਮੰਦ ਸਮਾਜ ਅਤੇ ਖੁਸ਼ਹਾਲ ਦੇਸ਼ ਦੀ ਸਿਰਜਣਾ ਲਈ ਕੇਂਦਰ ਅਤੇ ਸੂਬਿਆਂ ਨੂੰ ਇਕਜੁੱਟ ਹੋ ਕੇ ਲੜਾਈ ਲੜਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਰਗੇ ਸਰਹੱਦੀ ਸੂਬੇ ਵਿਚ ਨਸ਼ਿਆਂ ਦੀ ਰੋਕਥਾਮ ਲਈ ਕੇਂਦਰ ਸਰਕਾਰ ਪੰਜਾਬ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ। ਕੇਂਦਰ ਸਰਕਾਰ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਦੇ ਦਲ-ਦਲ ਵਿਚੋਂ ਕੱਢਣ ਲਈ ਹਰ ਤਰ੍ਹਾਂ ਦੀ ਮਦਦ ਲਈ ਤਿਆਰ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਨਾਰਕੋ-ਗੈਂਗਸਟਰ-ਅਤਿਵਾਦ ਦੇ ਨਾਪਾਕ ਗੱਠਜੋੜ ਦਾ ਮੁਕਾਬਲਾ ਕਰਨ ਲਈ ਸੂਬਿਆਂ ਨੂੰ ਸਾਂਝੀ ਕਾਰਵਾਈ ਕਰਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਇਸ ਖਤਰੇ ਨਾਲ ਲੜਨ ਲਈ ਸਾਰੇ ਮਿਲ ਕੇ ਕਾਰਵਾਈ ਕਰਨ। ਉਨ੍ਹਾਂ ਕਿਹਾ ਕਿ ਸੂਬਿਆਂ ਨੂੰ ਸਿਹਰਾ ਲੈਣ ਦੀ ਦੌੜ ਵਿਚ ਨਹੀਂ ਪੈਣਾ ਚਾਹੀਦਾ ਸਗੋਂ ਗੈਂਗਸਟਰਾਂ, ਨਸ਼ਾ ਤਸਕਰਾਂ ਤੇ ਅਤਿਵਾਦੀਆਂ ਦੇ ਖਾਤਮੇ ‘ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਦੇ ਹਿੱਤਾਂ ਦੀ ਰੱਖਿਆ ਲਈ ਇਸ ਖਤਰੇ ਨੂੰ ਛੇਤੀ ਤੋਂ ਛੇਤੀ ਖਤਮ ਕਰਨ ਦੀ ਲੋੜ ਹੈ।
ਮਾਨ ਨੇ ਬੀ.ਐਸ.ਐਫ. ਨੂੰ ਸਰਹੱਦੀ ਚੌਕਸੀ ਵਧਾਉਣ ਲਈ ਕਿਹਾ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਸਥਿਤ ਸਰਕਾਰੀ ਰਿਹਾਇਸ਼ ਉਤੇ ਬੀ.ਐਸ.ਐਫ. ਦੇ ਡਾਇਰੈਕਟਰ ਜਨਰਲ ਪੰਕਜ ਕੁਮਾਰ ਨਾਲ ਮੁਲਾਕਾਤ ਕੀਤੀ। ਇਸ ਮੌਕੇ ਮੁੱਖ ਮੰਤਰੀ ਨੇ ਡੀ.ਜੀ. ਨੂੰ ਸਰਹੱਦ ਪਾਰੋਂ ਨਸ਼ਿਆਂ ਤੇ ਹਥਿਆਰਾਂ ਦੀ ਤਸਕਰੀ ਨੂੰ ਠੱਲ੍ਹ ਪਾਉਣ ਲਈ ਸੂਬੇ ਦੀਆਂ ਸਰਹੱਦਾਂ ਉਤੇ ਚੌਕਸੀ ਵਧਾਉਣ ਲਈ ਜੋਰ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਕੰਡਿਆਲੀ ਤਾਰ ਪਾਰੋਂ ਹੁੰਦੀ ਨਸ਼ਿਆਂ ਤੇ ਹਥਿਆਰਾਂ ਦੀ ਤਸਕਰੀ ਦੇ ਮੱਦੇਨਜ਼ਰ ਸਰਹੱਦੀ ਸੂਬਾ ਹੋਣ ਦੇ ਨਾਤੇ ਪੰਜਾਬ ਨੂੰ ਅਣਗਿਣਤ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਤਸਕਰੀ ਨਾਲ ਸਖਤੀ ਨਾਲ ਸਿੱਝਣ ਦੀ ਲੋੜ ਹੈ ਕਿਉਂਕਿ ਇਹ ਦੇਸ਼ ਦੀ ਏਕਤਾ, ਅਖੰਡਤਾ, ਸੁਰੱਖਿਆ ਤੇ ਪ੍ਰਭੂਸੱਤਾ ਲਈ ਵੱਡਾ ਖਤਰਾ ਖੜ੍ਹਾ ਕਰ ਰਹੀ ਹੈ। ਸ੍ਰੀ ਮਾਨ ਨੇ ਕਿਹਾ ਕਿ ਪੰਜਾਬ ਨਸ਼ਿਆਂ ਖ਼ਿਲਾਫ਼ ਦੇਸ਼ ਦੀ ਲੜਾਈ ਲੜ ਰਿਹਾ ਹੈ ਕਿਉਂਕਿ ਸੂਬੇ ਵਿਚ ਰੱਤੀ ਭਰ ਵੀ ਨਸ਼ਿਆਂ ਉਗਾਇਆ ਨਹੀਂ ਜਾਂਦਾ ਪਰ ਸੂਬਾ ਨਸ਼ਾ ਸਪਲਾਈ ਦਾ ਲਾਂਘਾ ਹੈ। ਇਸ ਲਈ ਸੂਬਾ ਦੇਸ਼ ਵਿਚ ਨਸ਼ਿਆਂ ਦੀ ਤਸਕਰੀ ਰੋਕਣ ਲਈ ਸਖ਼ਤੀ ਨਾਲ ਲੜ ਰਿਹਾ ਹੈ।