ਸਿੱਖ ਜਥੇਬੰਦੀਆਂ ਦੇ ਵਿਰੋਧ ਦੇ ਬਾਵਜੂਦ ਨਵਾਂ ਐਡਵੋਕੇਟ ਜਨਰਲ ਨਿਯੁਕਤ

ਚੰਡੀਗੜ੍ਹ: ਸਿੱਖ ਜਥੇਬੰਦੀਆਂ ਦੇ ਵਿਰੋਧ ਦੇ ਬਾਵਜੂਦ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਸੀਨੀਅਰ ਵਕੀਲ ਵਿਨੋਦ ਘਈ ਨੂੰ ਪੰਜਾਬ ਦਾ ਨਵਾਂ ਐਡਵੋਕੇਟ ਜਨਰਲ ਲਾ ਦਿੱਤਾ ਗਿਆ ਹੈ। ਪੰਜਾਬ ਰਾਜਪਾਲ ਦਫਤਰ ਤੋਂ ਮਨਜ਼ੂਰੀ ਮਿਲਦੇ ਹੀ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ।

ਉਧਰ, ਸਿੱਖ ਜਥੇਬੰਦੀਆਂ ਨੇ ਇਸ ਦੇ ਤਿੱਖੇ ਵਿਰੋਧ ਦਾ ਐਲਾਨ ਕੀਤਾ ਹੈ। ਦਰਬਾਰ-ਏ-ਪੰਜਾਬ ਦੀ ਸਰਪ੍ਰਸਤੀ ਅਧੀਨ ਕਾਰਜਸ਼ੀਲ ਜਥੇਬੰਦੀਆਂ ਨੇ ਪੰਜਾਬ ਦੇ ਨਵੇਂ ਅਟਾਰਨੀ ਜਨਰਲ ਦੀ ਨਿਯੁਕਤੀ ਦੇ ਵਿਰੋਧ ‘ਚ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਦਾ ਕਹਿਣਾ ਕਿ ਆਜ਼ਾਦੀ ਦਿਵਸ ਸਮਾਗਮ ਮੌਕੇ ਲੁਧਿਆਣਾ ਸਥਿਤ, ਜਿਸ ਸਟੇਡੀਅਮ ਵਿਚ ਮੁੱਖ ਮੰਤਰੀ ਕੌਮੀ ਤਿਰੰਗਾ ਲਹਿਰਾਉਣਗੇ, ਉਸੇ ਥਾਂ ਪ੍ਰਦਰਸ਼ਨਕਾਰੀ ਕਾਲੇ ਚੋਲ਼ੇ ਪਾ ਕੇ ਅਤੇ ਖੁਦ ਨੂੰ ਸੰਗਲਾਂ ‘ਚ ਜਕੜ ਕੇ ਰੋਸ ਵਿਖਾਵਾ ਕਰਨਗੇ। ਯੂਨਾਈਟਿਡ ਅਕਾਲੀ ਦਲ, ਲੋਕ ਅਧਿਕਾਰ ਲਹਿਰ, ਵਪਾਰ ਅਤੇ ਉਦਯੋਗ ਮਹਾਂਸੰਘ ਭਾਰਤ ਅਤੇ ਪੰਜਾਬ ਬਹੁਜਨ ਸਮਾਜ ਪਾਰਟੀ ਨਾਲ ਸਬੰਧਤ ਨੁਮਾਇੰਦਿਆਂ ਨੇ ਦੋਸ਼ ਲਾਇਆ ਕਿ ਨਵੇਂ ਐਡਵੋਕੇਟ ਜਨਰਲ ਬਹਿਬਲ ਕਲਾਂ ਗੋਲੀ ਕਾਂਡ ਦੇ ਪ੍ਰਮੁੱਖ ਦੋਸ਼ੀ ਦੇ ਵਕੀਲ ਰਹੇ ਹਨ, ਇਸ ਲਈ ਉਨ੍ਹਾਂ ਦੀ ਤਾਇਨਾਤੀ ਸਿੱਖਾਂ ਨਾਲ ਕੋਝੇ ਮਜ਼ਾਕ ਦੇ ਤੁਲ ਹੈ।
ਜ਼ਿਕਰਯੋਗ ਹੈ ਕਿ ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ ਦੇ ਅਸਤੀਫੇ ਤੋਂ ਬਾਅਦ ਸੀਨੀਅਰ ਐਡਵੋਕੇਟ ਵਿਨੋਦ ਘਈ ਦਾ ਨਾਂ ਨਵੇਂ ਐਡਵੋਕੇਟ ਜਨਰਲ ਵਜੋਂ ਸਾਹਮਣੇ ਆਇਆ ਸੀ। ਇਸ ਨਿਯੁਕਤੀ ਦਾ ਵਿਰੋਧ ਕਰ ਰਹੀਆਂ ਵਿਰੋਧੀ ਧਿਰਾਂ ਦਾ ਤਰਕ ਹੈ ਕਿ ਵਿਨੋਦ ਘਈ ਪੰਜਾਬ ਸਰਕਾਰ ਖ਼ਿਲਾਫ ਕਈ ਵੱਡੇ ਮਾਮਲਿਆਂ ਵਿਚ ਮੁਲਜ਼ਮਾਂ ਦੇ ਵਕੀਲ ਰਹੇ ਹਨ, ਜਿਨ੍ਹਾਂ ਵਿਚ ਡੇਰਾ ਮੁਖੀ ਰਾਮ ਰਹੀਮ ਨਾਲ ਜੁੜਿਆ ਬੇਅਦਬੀ ਮਾਮਲਾ, ਪੰਚਕੂਲਾ ਹਿੰਸਾ, ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਅਤੇ ਭ੍ਰਿਸ਼ਟ ਮੰਤਰੀਆਂ ਦੇ ਕੇਸ ਸ਼ਾਮਲ ਹਨ, ਅਜਿਹੇ ਵਿਚ ਵਿਨੋਦ ਘਈ ਦੀ ਐਡਵੋਕੇਟ ਜਨਰਲ ਵਜੋਂ ਨਿਯੁਕਤੀ ਬੇਹੱਦ ਨਿੰਦਣਯੋਗ ਹੈ।
ਸ਼੍ਰੋਮਣੀ ਅਕਾਲੀ ਦਲ ਨੇ ਇਸ ਉਤੇ ਤਿੱਖੀ ਪ੍ਰਤੀਕ੍ਰਿਆ ਪ੍ਰਗਟ ਕੀਤੀ ਕਿ ਜਿਸ ਵਿਨੋਦ ਘਈ ਨੇ ਬੇਅਦਬੀ ਕਾਂਡ ਲਈ ਡੇਰਾ ਮੁਖੀ ਦਾ ਅੱਜ ਤੱਕ ਬਚਾਅ ਕੀਤਾ, ਸਰਕਾਰ ਨੇ ਉਸੇ ਵਕੀਲ ਨੂੰ ਏ.ਜੀ ਦੇ ਅਹੁਦੇ ਨਾਲ ਨਿਵਾਜਿਆ ਹੈ। ਅਜਿਹਾ ਕਰਨ ਨਾਲ ਆਮ ਆਦਮੀ ਪਾਰਟੀ ਦੀ ਸਿੱਖ ਵਿਰੋਧੀ ਸਾਜ਼ਿਸ਼ ਦੀ ਬਿੱਲੀ ਥੈਲਿਓਂ ਬਾਹਰ ਆ ਗਈ ਹੈ। ਸੀਨੀਅਰ ਅਕਾਲੀ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਇਸ ਗੱਲ ਦੀ ਵੀ ਮੰਗ ਕਰਦੀ ਹੈ ਕਿ ਉਨ੍ਹਾਂ ਸਾਰੀਆਂ ਰਿਪੋਰਟਾਂ ਤੇ ਇਲਜ਼ਾਮਾਂ ਦੀ ਉੱਚ ਪੱਧਰੀ ਜਾਂਚ ਹੋਵੇ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਦੇ ਐਡਵੋਕੇਟ ਜਨਰਲ ਵਿਨੋਦ ਘਈ ਦੀ ਨਿਯੁਕਤੀ ‘ਤੇ ਸਵਾਲ ਚੁੱਕੇ ਹਨ। ਉਨ੍ਹਾਂ ਆਖਿਆ ਕਿ ਐਡਵੋਕੇਟ ਘਈ ਡੇਰਾ ਸਿਰਸਾ ਮੁਖੀ ਦੇ ਕੇਸ ਸਣੇ ਹੋਰ ਬਹੁਤ ਸਾਰੇ ਵਿਵਾਦਤ ਮਾਮਲਿਆਂ ਦੇ ਕੇਸ ਲੜ ਰਹੇ ਹਨ, ਇਸ ਲਈ ਉਨ੍ਹਾਂ ਦੀ ਨਿਯੁਕਤੀ ਪ੍ਰਵਾਨ ਨਹੀਂ ਕੀਤੀ ਜਾ ਸਕਦੀ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਦਾ ਐਡਵੋਕੇਟ ਜਨਰਲ ਨਿਰਪੱਖ, ਪੰਜਾਬ ਦੀਆਂ ਤਰਜੀਹਾਂ ਨੂੰ ਸਮਝਣ ਵਾਲਾ ਤੇ ਖਿੱਤੇ ਦੇ ਹਿੱਤਾਂ ਦੀ ਰਖਵਾਲੀ ਕਰਨ ਵਾਲਾ ਹੋਣਾ ਚਾਹੀਦਾ ਹੈ। ਪੰਜਾਬ ਦਾ ਐਡਵੋਕੇਟ ਜਨਰਲ ਸਿੱਖ ਹੋਣਾ ਚਾਹੀਦਾ ਹੈ। ਉਨ੍ਹਾਂ ਪੰਜਾਬ ਦੇ ਰਾਜਪਾਲ ਤੋਂ ਮੰਗ ਕੀਤੀ ਕਿ ਐਡਵੋਕੇਟ ਜਨਰਲ ਦੀ ਨਿਯੁਕਤੀ ਨੂੰ ਰੱਦ ਕੀਤਾ ਜਾਵੇ।
ਭਾਜਪਾ ਦੇ ਕਹਿਣ `ਤੇ ਸੈਣੀ ਨੂੰ ਡੀ.ਜੀ.ਪੀ ਲਾਇਆ ਸੀ: ਵਲਟੋਹਾ
ਚੰਡੀਗੜ੍ਹ: ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੇ ਇਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਰਾਜਭਾਗ ਲਈ ਨਹੀਂ ਬਣਿਆ ਸੀ ਸਗੋਂ ਪੰਥਕ ਹਿੱਤਾਂ, ਹੱਕਾਂ ਅਤੇ ਪੰਥ ਦੀ ਮਜ਼ਬੂਤੀ ਲਈ ਬਣਿਆ ਸੀ। ਪੰਜਾਬ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਦੀ ਨਮੋਸ਼ੀਜਨਕ ਹਾਰ ਉਤੇ ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਗਲਤੀਆਂ ਵੀ ਹੋਈਆਂ ਅਤੇ ਕਮੀਆਂ ਵੀ ਰਹੀਆਂ ਹਨ। ਵਲਟੋਹਾ ਨੇ ਇਹ ਵੀ ਕਿਹਾ ਕਿ ਅਕਾਲੀ ਸਰਕਾਰ ਦੌਰਾਨ ਸੁਮੇਧ ਸੈਣੀ ਨੂੰ ਡੀ.ਜੀ.ਪੀ. ਲਗਾਉਣਾ ਗਲਤ ਫੈਸਲਾ ਸੀ, ਪੰਥਕ ਭਾਵਨਾ ਵਿਰੁੱਧ ਸੀ ਅਤੇ ਹਰ ਪੰਥਕ ਰੂਹ ਨੇ ਉਸ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਦੂਜੀ ਧਿਰ ਭਾਜਪਾ ਦੇ ਕਹਿਣ ਉਤੇ ਸੁਮੇਧ ਸੈਣੀ ਨੂੰ ਡੀ.ਜੀ.ਪੀ. ਲਗਾਇਆ ਗਿਆ ਸੀ, ਜਿਸ ਦਾ ਖਮਿਆਜ਼ਾ ਅਕਾਲੀ ਦਲ ਨੂੰ ਭੁਗਤਣਾ ਪਿਆ।