ਪਾਕਿਸਤਾਨ ਵਿਚ ਮੀਂਹ ਕਾਰਨ ਤਬਾਹੀ

ਕਰਾਚੀ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ ਸ਼ਰੀਫ ਨੇ ਹੜ੍ਹ ਪ੍ਰਭਾਵਿਤ ਸੂਬੇ ਬਲੋਚਿਸਤਾਨ ਦਾ ਦੌਰਾ ਕੀਤਾ ਅਤੇ ਪੀੜਤ ਲੋਕਾਂ ਨੂੰ ਰਾਹਤ ਅਤੇ ਮੁੜ-ਵਸੇਬੇ ਲਈ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਦੇਸ਼ ਵਿਚ ਹੁਣ ਤੱਕ ਮੀਂਹ ਅਤੇ ਹੜ੍ਹ ਕਾਰਨ 350 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ।

ਬਲੋਚਿਸਤਾਨ ਸੂਬੇ ਵਿਚ ਭਾਰੀ ਮੀਂਹ ਅਤੇ ਹੜ੍ਹਾਂ ਨੇ ਸਭ ਤੋਂ ਵੱਧ ਤਬਾਹੀ ਮਚਾਈ ਹੈ, ਜਿਸ ਕਾਰਨ ਇੱਥੇ ਹੁਣ ਤੱਕ 127 ਮੌਤਾਂ ਹੋ ਚੁੱਕੀਆਂ ਹਨ। ਪ੍ਰਧਾਨ ਮੰਤਰੀ ਸ਼ਾਹਬਾਜ ਸ਼ਰੀਫ ਨੇ ਕੋਇਟਾ ਦਾ ਦੌਰਾ ਕਰਨ ਮਗਰੋਂ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਿਛਲੇ ਪੰਜ ਹਫਤਿਆਂ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਅਤੇ ਹੜ੍ਹਾਂ ਦੌਰਾਨ ਮਾਰੇ ਗਏ ਵਿਅਕਤੀਆਂ ਅਤੇ ਬੇਘਰ ਹੋਏ ਲੋਕਾਂ ਦੇ ਪਰਿਵਾਰਾਂ ਲਈ ਵਿਸ਼ੇਸ਼ ਮੁਆਵਜ਼ੇ ਦਾ ਐਲਾਨ ਕੀਤਾ।
ਸ਼ਰੀਫ ਨੇ ਦੱਸਿਆ ਕਿ ਬਲੋਚਿਸਤਾਨ ਵਿਚ ਕਰੀਬ ਤੇਰਾਂ ਹਜ਼ਾਰ ਮਕਾਨ ਪੂਰੀ ਤਰ੍ਹਾਂ ਤਬਾਹ ਹੋ ਚੁੱਕੇ ਹਨ। ਇਸੇ ਤਰ੍ਹਾਂ ਇਕੱਲੇ ਕਰਾਚੀ ਵਿਚ 70 ਜਣਿਆਂ ਦੀ ਮੌਤ ਹੋ ਚੁੱਕੀ ਹੈ। ਕੌਮੀ ਅਤੇ ਸੂੁਬਾਈ ਆਫਤ ਪ੍ਰਬੰਧਨ ਅਥਾਰਿਟੀ (ਪੀ.ਡੀ.ਐਮ.ਏ.) ਅਨੁਸਾਰ ਖੈਬਰ ਪਖਤੂਨਖਵਾ ਸੂਬੇ ਵਿਚ 60 ਅਤੇ ਪੰਜਾਬ ਵਿਚ 50 ਮੌਤਾਂ ਹੋਈਆਂ ਹਨ। ਬਲੋਚਿਸਤਾਨ ਤੋਂ ਪੀ.ਡੀ.ਐਮ.ਏ. ਦੇ ਡਾਇਰੈਕਟਰ ਜਨਰਲ ਨਸੀਰ ਅਹਿਮਦ ਨਸਰ ਨੇ ਦੱਸਿਆ ਕਿ ਹੁਣ ਤੱਕ ਸੂਬੇ ਵਿਚ 127 ਮੌਤਾਂ ਹੋ ਚੁੱਕੀਆਂ ਹਨ।
ਉਨ੍ਹਾਂ ਦੱਸਿਆ ਕਿ ਹੜ੍ਹ ਪ੍ਰਭਾਵਿਤ ਇਲਾਕੇ ਵਿਚ ਪਾਕਿਸਤਾਨੀ ਸੈਨਾ ਤੇ ਹੋਰ ਬਚਾਅ ਦਸਤਿਆਂ ਵੱਲੋਂ ਬਚਾਅ ਕਾਰਜ ਜਾਰੀ ਹਨ। ਮੀਂਹ ਕਾਰਨ ਪਾਕਿਸਤਾਨ ਤੇ ਇਰਾਨ ਨੂੰ ਜੋੜਦੀ ਰੇਲ ਪਟੜੀ ਪਾਣੀ ਵਿਚ ਰੁੜ੍ਹ ਜਾਣ ਕਾਰਨ ਦੋਵਾਂ ਦੇਸ਼ਾਂ ਵਿਚਾਲੇ ਰੇਲ ਸੇਵਾ ਵੀ ਪ੍ਰਭਾਵਿਤ ਹੋਈ ਹੈ।