ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਨੇ ਬੁਰੀ ਫਸਾਈ ‘ਆਪ’ ਸਰਕਾਰ

ਚੰਡੀਗੜ੍ਹ: ਪੰਜਾਬ ਦੇ ਸਿਹਤ ਤੇ ਮੈਡੀਕਲ ਸਿੱਖਿਆ ਵਿਭਾਗ ਦੇ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਵੱਲੋਂ ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਰਾਜ ਬਹਾਦਰ ਨਾਲ ਮਾੜਾ ਵਿਹਾਰ ਕਰਨ ਦੇ ਮਾਮਲੇ ‘ਤੇ ਸਰਕਾਰ ਦੀ ਹਾਲਤ ਕਸੂਤੀ ਬਣ ਗਈ ਹੈ। ਮੈਡੀਕਲ ਖੇਤਰ ‘ਚ ਕੰਮ ਕਰ ਰਹੀਆਂ ਕੌਮੀ ਪੱਧਰ ਦੀਆਂ ਸੰਸਥਾਵਾਂ ਨੇ ਡਾ. ਰਾਜ ਬਹਾਦਰ ਦੀ ਹਮਾਇਤ ਕਰਦਿਆਂ ਮੰਤਰੀ ਦੇ ਵਿਹਾਰ ਦੀ ਤਿੱਖੀ ਅਲੋਚਨਾ ਕੀਤੀ ਹੈ।

ਉਪ ਕੁਲਪਤੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਘਟਨਾ ‘ਤੇ ਅਫਸੋਸ ਜ਼ਾਹਿਰ ਕਰਦਿਆਂ ਸਿਹਤ ਮੰਤਰੀ ਦੇ ਵਤੀਰੇ ਲਈ ਡਾ. ਰਾਜ ਬਹਾਦਰ ਤੋਂ ਮੁਆਫੀ ਮੰਗੀ ਤੇ ਉਨ੍ਹਾਂ ਨੂੰ ਆਪਣਾ ਅਸਤੀਫਾ ਵਾਪਸ ਲੈਣ ਦੀ ਬੇਨਤੀ ਕੀਤੀ ਹੈ। ਜ਼ਿਕਰਯੋਗ ਹੈ ਕਿ ਸਿਹਤ ਮੰਤਰੀ ਵੱਲੋਂ ਫ਼ਰੀਦਕੋਟ ਮੈਡੀਕਲ ਕਾਲਜ ਦੇ ਦੌਰੇ ਦੌਰਾਨ ਡਾ. ਰਾਜ ਬਹਾਦਰ ਨੂੰ ਇਕ ਬੈੱਡ ‘ਤੇ ਲਿਟਾਇਆ ਹੀ ਨਹੀਂ ਸੀ ਗਿਆ ਸਗੋਂ ਵੀਡੀਓ ਵੀ ਵਾਇਰਲ ਕੀਤੀ ਗਈ ਸੀ। ਇਸ ਘਟਨਾ ‘ਤੇ ਵਿਵਾਦ ਵਧਣ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਵੀ ਸਰਕਾਰ ਦਾ ਅਕਸ ਬਚਾਉਣ ਲਈ ਮੈਦਾਨ ‘ਚ ਆ ਗਏ। ਦੂਜੇ ਪਾਸੇ ਮੁੱਖ ਮੰਤਰੀ ਦਫਤਰ ਦੇ ਸੂਤਰਾਂ ਦਾ ਕਹਿਣਾ ਹੈ ਕਿ ਚੇਤਨ ਸਿੰਘ ਜੌੜੇਮਾਜਰਾ ਦੇ ਸਿਹਤ ਵਿਭਾਗ ਦਾ ਕੰਮ ਸੰਭਾਲਣ ਤੋਂ ਬਾਅਦ ਪੈਦਾ ਹੋਏ ਵਿਵਾਦਾਂ ਕਾਰਨ ਸਰਕਾਰ ਪਰੇਸ਼ਾਨੀ ਵਿਚ ਹੈ। ਇਸ ਲਈ ਮੰਤਰੀਆਂ ਨੂੰ ਸਰਕਾਰੀ ਦਫਤਰਾਂ ਤੇ ਅਦਾਰਿਆਂ ਦੇ ਕੰਮਾਂ ਦੀ ਸਮੀਖਿਆ ਕਰਨ ਸਮੇਂ ਜ਼ਾਬਤੇ ‘ਚ ਰਹਿਣ ਤੇ ਬੇਲੋੜੇ ਵਿਵਾਦਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ।
ਉਧਰ, ਵਿਰੋਧੀ ਧਿਰਾਂ ਨੇ ਵੀ ‘ਆਪ` ਸਰਕਾਰ ਨੂੰ ਘੇਰਦਿਆਂ ਸਿਹਤ ਮੰਤਰੀ ਦੀ ਬਰਖ਼ਾਸਤਗੀ ਮੰਗੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਜੌੜੇਮੇਜਰਾ ਦੇ ਵਿਹਾਰ ਦੀ ਨਿਖੇਧੀ ਕਰਦਿਆਂ ਸਰਕਾਰ ਤੋਂ ਕਾਰਵਾਈ ਦੀ ਮੰਗ ਕੀਤੀ ਹੈ। ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਨੇ ਕਿਹਾ ਕਿ ‘ਆਪ` ਸਰਕਾਰ ਬੁਖਲਾ ਗਈ ਹੈ। ਉਨ੍ਹਾਂ ਕਿਹਾ ਕਿ ‘ਆਪ` ਦੇ ਮੰਤਰੀ ਕੰਮ ਕਰਨ ਦੀ ਥਾਂ ਫੋਕੀ ਵਾਹ-ਵਾਹ ਖੱਟਣ ਲਈ ਡਰਾਮੇ ਕਰ ਰਹੇ ਹਨ। ਸਰਕਾਰ ਤੋਂ ਪੰਜਾਬ ਦਾ ਪ੍ਰਬੰਧ ਸੰਭਾਲਿਆ ਨਹੀਂ ਜਾ ਰਿਹਾ। ਪੰਜਾਬ ਵਿਚ ਬਦਅਮਨੀ ਫੈਲਦੀ ਜਾ ਰਹੀ ਹੈ। ਇਸ ਤਰ੍ਹਾਂ ਕਿਸੇ ਵੀ ਅਧਿਕਾਰੀ ਨੂੰ ਜਲੀਲ ਕਰਨਾ ਮੰਦਭਾਗਾ ਹੈ। ਭਾਜਪਾ ਆਗੂ ਸੁਨੀਲ ਜਾਖੜ ਨੇ ਕਿਹਾ ਕਿ ਹੁਣ ਗੇਂਦ ਭਗਵੰਤ ਮਾਨ ਦੇ ਪਾਲੇ ਵਿਚ ਹੈ ਅਤੇ ਉਨ੍ਹਾਂ ਨੂੰ ਮੁੱਖ ਮੰਤਰੀ ਵਾਂਗ ਵਿਹਾਰ ਕਰਨਾ ਚਾਹੀਦਾ ਹੈ। ਵਾਈਸ ਚਾਂਸਲਰ ਡਾ. ਰਾਜ ਬਹਾਦਰ ਅਤੇ ਇਸ ਸੰਸਥਾ ਦੇ ਵੱਕਾਰ ਦੀ ਬਹਾਲੀ ਲਈ ਜੋ ਵੀ ਕੀਤਾ ਜਾਣਾ ਲੋੜੀਂਦਾ ਹੈ, ਉਹ ਤੁਰੰਤ ਕੀਤਾ ਜਾਵੇ। ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ‘ਆਪ` ਸਰਕਾਰ ਦੇ ਇਕ ਮੰਤਰੀ ਦੇ ਘੁਮੰਡ ਨੂੰ ਸੰਤੁਸ਼ਟ ਕਰਨ ਲਈ ਕੌਮੀ ਪ੍ਰਸਿੱਧੀ ਵਾਲੇ ਡਾਕਟਰ ਨੂੰ ਅਪਮਾਨ ਦਾ ਸ਼ਿਕਾਰ ਹੋਣਾ ਪਿਆ। ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਸਪਾਈਨਲ ਸਰਜਨ ਡਾ. ਰਾਜ ਬਹਾਦਰ ਨਾਲ ਕੀਤੀ ਗਈ ਬਦਸਲੂਕੀ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਮਾੜੇ ਵਤੀਰੇ ਲਈ ਸਿਹਤ ਮੰਤਰੀ ਨੂੰ ਤੁਰਤ ਡਾ. ਰਾਜ ਬਹਾਦਰ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਸਿਹਤ ਮੰਤਰੀ ਦੇ ਰਵੱਈਏ ਦੀ ਨਿਖੇਧੀ ਕੀਤੀ ਹੈ।
ਵਾਈਸ ਚਾਂਸਲਰ ਨਾਲ ਵਾਪਰੀ ਘਟਨਾ ਮੰਦਭਾਗੀ: ‘ਆਪ`
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਨੇ ਮੰਨਿਆ ਕਿ ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਨਾਲ ਵਾਪਰੀ ਘਟਨਾ ਬਹੁਤ ਮੰਦਭਾਗੀ ਹੈ, ਪਰ ਵਿਰੋਧੀ ਧਿਰਾਂ ਇਸ ਮੁੱਦੇ ‘ਤੇ ਸੌੜੀ ਸਿਆਸਤ ਕਰ ਰਹੀਆਂ ਹਨ। ‘ਆਪ‘ ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਇਹ ਘਟਨਾ ਮੰਦਭਾਗੀ ਹੈ, ਪਰ ਸਰਕਾਰ ਸੂਬੇ ਦੀ ਸਿਹਤ ਪ੍ਰਣਾਲੀ ਵਿਚ ਕਿਸੇ ਵੀ ਤਰ੍ਹਾਂ ਦੀ ਢਿੱਲ-ਮੱਠ ਬਰਦਾਸ਼ਤ ਨਹੀਂ ਕਰੇਗੀ। ਸ੍ਰੀ ਕੰਗ ਨੇ ਕਿਹਾ ਕਿ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਸੂਬੇ ਦੇ ਸਰਕਾਰੀ ਹਸਪਤਾਲਾਂ ਦੇ ਦੌਰੇ ‘ਤੇ ਸਨ ਤੇ ਉਸੇ ਲੜੀ ਵਿਚ ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਪਹੁੰਚੇ ਸਨ। ਉਹ ਕਿਸੇ ਦਾ ਅਪਮਾਨ ਨਹੀਂ ਕਰਨਾ ਚਾਹੁੰਦੇ ਸੀ।
ਭਗਵੰਤ ਮਾਨ ਸਿਹਤ ਮੰਤਰੀ ਦੇ ਵਤੀਰੇ ਤੋਂ ਖ਼ਫ਼ਾ
ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ, ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਵੱਲੋਂ ‘ਆਪ` ਸਰਕਾਰ ਦੀ ਕਰਵਾਈ ਕਿਰਕਿਰੀ ਤੋਂ ਖ਼ਫ਼ਾ ਜਾਪਦੇ ਹਨ। ਸਿਹਤ ਮੰਤਰੀ ਵੱਲੋਂ ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਦੇ ਵਾਈਸ ਚਾਂਸਲਰ ਡਾ.ਰਾਜ ਕੁਮਾਰ ਪ੍ਰਤੀ ਦਿਖਾਏ ਵਤੀਰੇ ਤੋਂ ‘ਆਪ` ਦੀ ਹਾਈਕਮਾਨ ਵੀ ਨਾਖ਼ੁਸ਼ ਹੈ। ਸੂਤਰਾਂ ਅਨੁਸਾਰ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਬੀਤੇ ਦਿਨੀਂ ਮੁੱਖ ਮੰਤਰੀ ਰਿਹਾਇਸ਼ `ਤੇ ਗਏ ਸਨ, ਪਰ ਮੁੱਖ ਮੰਤਰੀ ਉਨ੍ਹਾਂ ਨੂੰ ਨਹੀਂ ਮਿਲੇ। ਸੂਤਰਾਂ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮਾਮਲੇ ਨੂੰ ਲੈ ਕੇ ਸਿਹਤ ਮੰਤਰੀ ਦੀ ਫੋਨ ‘ਤੇ ਕਲਾਸ ਵੀ ਲਾਈ ਹੈ।