ਮੂਸੇਵਾਲਾ ਨੂੰ ਮਾਰਨ ਲਈ ਤਿਆਰ ਕੀਤੇ ਸਨ 9 ਸ਼ੂਟਰ

ਮਾਨਸਾ: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ‘ਚ ਸ਼ਾਮਲ ਛੇਵੇਂ ਸ਼ੂਟਰ ਦੀਪਕ ਮੁੰਡੀ ਦੀ ਗ੍ਰਿਫਤਾਰੀ ਲਈ ਭਾਵੇਂ ਮਾਨਸਾ ਪੁਲਿਸ ਨੇ ਕਈ ਦਿਨਾਂ ਤੋਂ ਚੁੱਪ ਧਾਰੀ ਹੋਈ ਹੈ ਪਰ ਇਸ ਕਾਂਡ ‘ਚ 6 ਦੀ ਥਾਂ ‘ਤੇ 9 ਸ਼ੂਟਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।

ਇਨ੍ਹਾਂ ਵਿਚ ਮਨਦੀਪ ਸਿੰਘ ਉਰਫ ਤੂਫਾਨ ਬਟਾਲਾ, ਮਨਪ੍ਰੀਤ ਸਿੰਘ ਉਰਫ ਮਨੀ ਰਈਆ ਅਤੇ ਇਕ ਹੋਰ ਸ਼ੂਟਰ ਵੀ ਸ਼ਾਮਲ ਦੱਸੇ ਜਾਂਦੇ ਹਨ। ਇਹ ਤਿੰਨੋਂ ਮੂਸੇਵਾਲਾ ਦੀ ਰੇਕੀ ਵਿਚ ਵੀ ਸ਼ਾਮਲ ਸਨ। ਮੂਸੇਵਾਲਾ ਦੀ 29 ਮਈ ਨੂੰ ਹੱਤਿਆ ਤੋਂ ਪਹਿਲਾਂ ਉਹ ਕਤਲ ਦੇ ਕੋਰੋਲਾ ਮਾਡਿਊਲ ਵਿਚ ਵੀ ਸ਼ਾਮਲ ਸਨ ਪਰ ਕਤਲ ਤੋਂ ਇਕ ਦਿਨ ਪਹਿਲਾਂ ਗੈਂਗਸਟਰ ਗੋਲਡੀ ਬਰਾੜ ਨੇ ਉਨ੍ਹਾਂ ਨੂੰ ਇਕ ਵੱਖਰੀ ਕਾਰ ਵਿਚ ਉਥੋਂ ਜਾਣ ਲਈ ਆਖ ਦਿੱਤਾ ਸੀ।
ਵੇਰਵਿਆਂ ਮੁਤਾਬਕ ਗੋਲਡੀ ਬਰਾੜ ਨੇ ਅਚਾਨਕ ਇਹ ਫੈਸਲਾ ਇਸ ਲਈ ਲਿਆ ਕਿਉਂਕਿ ਮੰਨਿਆ ਜਾ ਰਿਹਾ ਹੈ ਕਿ ਮੂਸੇਵਾਲਾ ਦੀ ਸਕਿਉਰਿਟੀ ਨਾ ਹੋਣ ਕਾਰਨ ਜ਼ਿਆਦਾ ਸ਼ੂਟਰਾਂ ਦੀ ਲੋੜ ਨਹੀਂ ਸੀ। ਜਾਣਕਾਰੀ ਮੁਤਾਬਕ ਦਿੱਲੀ ਪੁਲਿਸ ਦੀ ਜਾਂਚ ਵਿਚ ਇਹ ਮਾਮਲਾ ਸਾਹਮਣੇ ਆਇਆ ਸੀ, ਜਿਸ ਬਾਰੇ ਪੰਜਾਬ ਪੁਲਿਸ ਨੂੰ ਵੀ ਜਾਣਕਾਰੀ ਦੇ ਦਿੱਤੀ ਗਈ ਸੀ।
ਪੁਲਿਸ ਹੁਣ ਤਿੰਨਾਂ ਦੀ ਗ੍ਰਿਫਤਾਰੀ ਲਈ ਵੀ ਛਾਪੇ ਮਾਰ ਰਹੀ ਹੈ, ਪਰ ਉਹ ਬੇਖੌਫ਼ ਹੋ ਕੇ ਫੇਸਬੁੱਕ ਚਲਾ ਰਹੇ ਹਨ। ਉਨ੍ਹਾਂ ਸੋਸ਼ਲ ਮੀਡੀਆ ਉਤੇ ਪੁਲਿਸ ਨੂੰ ਚੁਣੌਤੀ ਦਿੱਤੀ ਹੈ, ਜਿਸ ਵਿਚ ਲਿਖਿਆ ਹੈ ਕਿ ਜ਼ਰੂਰੀ ਨਹੀਂ ਕਿ ਜੰਗ ਸਿਰਫ ਜਿੱਤਣ ਲਈ ਲੜੀ ਜਾਂਦੀ ਹੈ ਅਤੇ ਕਈ ਵਾਰ ਇਹ ਦੱਸਣਾ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਉਹ ਅਜੇ ਜਿਊਂਦੇ ਹਨ।