ਸੁਖਬੀਰ ਨੂੰ ਅੰਦਰੋਂ ਹੀ ਪਈ ਵੱਡੀ ਵੰਗਾਰ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦਾ ਜਥੇਬੰਦਕ ਢਾਂਚਾ ਭੰਗ ਕਰ ਕੇ ਪਾਰਟੀ ‘ਚ ਨਵੀਂ ਰੂਹ ਫੂਕਣ ਲਈ ਸੁਖਬੀਰ ਸਿੰਘ ਬਾਦਲ ਵੱਲੋਂ ਲਏ ਗਏ ਫੈਸਲੇ ‘ਤੇ ਸਵਾਲ ਉੱਠਣ ਲੱਗੇ ਹਨ। ਸੀਨੀਅਰ ਅਕਾਲੀ ਆਗੂਆਂ ਨੇ ਸਵਾਲ ਕੀਤੇ ਹਨ ਕਿ ਅਕਾਲੀ ਦਲ ਦੇ ਵਿਧਾਨ ਮੁਤਾਬਕ ਸੁਖਬੀਰ ਬਾਦਲ ਪਾਰਟੀ ਦੀ ਵਰਕਿੰਗ ਕਮੇਟੀ ਭੰਗ ਕਰਨ ਦਾ ਅਖਤਿਆਰ ਹੀ ਨਹੀਂ ਰੱਖਦੇ।

ਜਥੇਬੰਦਕ ਢਾਂਚਾ ਭੰਗ ਕਰਨ ਤੋਂ ਬਾਅਦ ਜਿਸ ਤਰ੍ਹਾਂ ਸੀਨੀਅਰ ਆਗੂਆਂ ਵੱਲੋਂ ਸੁਖਬੀਰ ਸਿੰਘ ਬਾਦਲ ਦੀ ਖੁੱਲ੍ਹੇਆਮ ਨੁਕਤਾਚੀਨੀ ਕੀਤੀ ਜਾਣ ਲੱਗੀ ਹੈ, ਉਸ ਤੋਂ ਸਪੱਸ਼ਟ ਹੁੰਦਾ ਹੈ ਕਿ ਪੰਜਾਬ ਦੀ ਸੱਤਾ ‘ਤੇ ਲੰਮਾ ਸਮਾਂ ਦਬਦਬਾ ਬਣਾ ਕੇ ਰੱਖਣ ਤੋਂ ਬਾਅਦ ਡੂੰਘੇ ਸਿਆਸੀ ਸੰਕਟ ਦਾ ਸਾਹਮਣਾ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਦੀਆਂ ਚੁਣੌਤੀਆਂ ਘਟਣ ਦੀ ਥਾਂ ਵਧਦੀਆਂ ਦਿਖਾਈ ਦੇ ਰਹੀਆਂ ਹਨ। ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਬੇਹੱਦ ਮਾੜੀ ਕਾਰਗੁਜ਼ਾਰੀ ਦੇ ਮੁੱਦੇ ‘ਤੇ ਪਾਰਟੀ ਪ੍ਰਧਾਨ ਲਗਾਤਾਰ ਘਿਰਦੇ ਦਿਖਾਈ ਦੇ ਰਹੇ ਹਨ। ਪਾਰਟੀ ਦੇ ਸੀਨੀਅਰ ਆਗੂਆਂ ਨੇ ਇਸ ਆਪਹੁਦਰੇਪਣ ਉਤੇ ਸਵਾਲ ਚੁੱਕੇ ਹਨ। ਪਾਰਟੀ ਆਗੂਆਂ ਦਾ ਕਹਿਣਾ ਹੈ ਕਿ ਇਹ ਤਾਂ ਸ਼ੰਕੇ ਖੜ੍ਹੇ ਕਰਨ ਵਾਲੀ ਕਾਰਵਾਈ ਹੈ। ਝੂੰਦਾ ਕਮੇਟੀ ਦੀ ਰਿਪੋਰਟ ਪਹਿਲਾਂ ਸਮੀਖਿਆ ਕਮੇਟੀ ਵਿਚ ਵਿਚਾਰੀ ਜਾਣੀ ਚਾਹੀਦੀ ਸੀ ਪਰ ਰਿਪੋਰਟ ਸਿੱਧੀ ਕੋਰ ਕਮੇਟੀ ਵਿਚ ਵਿਚਾਰੀ ਗਈ ਹੈ ਜੋ ਠੀਕ ਨਹੀਂ ਹੈ।
ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪਾਰਟੀ ਦੀ ਵਰਕਿੰਗ ਕਮੇਟੀ ਹੀ ਅਜਿਹੀ ‘ਬਾਡੀ` ਹੈ ਜਿਸ ਦਾ ਗਠਨ ਜਨਰਲ ਇਜਲਾਸ ਵੱਲੋਂ ਕੀਤਾ ਜਾਂਦਾ ਹੈ। ਇਸ ਲਈ ਜੇਕਰ ਵਰਕਿੰਗ ਕਮੇਟੀ ਭੰਗ ਹੋ ਗਈ ਤਾਂ ਸ਼੍ਰੋਮਣੀ ਅਕਾਲੀ ਦਲ ਹੀ ਭੰਗ ਹੋ ਗਿਆ ਸਮਝ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵਿਧਾਨ ਮੁਤਾਬਕ ਪ੍ਰਧਾਨ ਨੂੰ ਮੀਟਿੰਗ ਬੁਲਾ ਕੇ ਹੀ ਇਸ ਤਰ੍ਹਾਂ ਦੇ ਅਹਿਮ ਫੈਸਲੇ ਲੈਣੇ ਚਾਹੀਦੇ ਸਨ। ਮਰਹੂਮ ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਵੀ ਪ੍ਰਧਾਨ ਹੁੰਦਿਆਂ ਇਸ ਤਰ੍ਹਾਂ ਵਰਕਿੰਗ ਕਮੇਟੀ ਅਤੇ ਵਿੰਗ ਭੰਗ ਕਰਨ ਦਾ ਐਲਾਨ ਕਰ ਦਿੱਤਾ ਸੀ ਪਰ ਪਾਰਟੀ ਅੰਦਰ ਪੈਦਾ ਹੋਏ ਰੋਹ ਤੋਂ ਬਾਅਦ ਉਨ੍ਹਾਂ ਨੂੰ ਵੀ ਆਪਣਾ ਫੈਸਲਾ ਵਾਪਸ ਲੈਣਾ ਪਿਆ ਸੀ।
ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਆਖਿਆ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਅਸਤੀਫਾ ਦੇਣ ਦੀ ਬਜਾਏ ਸ਼੍ਰੋਮਣੀ ਅਕਾਲੀ ਦਲ ਦਾ ਜਥੇਬੰਦਕ ਢਾਂਚਾ ਹੀ ਭੰਗ ਕਰ ਦਿੱਤਾ ਗਿਆ। ਉਨ੍ਹਾਂ ਅਕਾਲੀ ਵਰਕਰਾਂ ਨੂੰ ਬਾਦਲ ਪਰਿਵਾਰ ਦੀ ਬਜਾਏ ਪੰਥ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣ ਦਾ ਸੱਦਾ ਦਿੱਤਾ। ਉਨ੍ਹਾਂ ਸੁਖਬੀਰ ਬਾਦਲ ਦੇ ਇਸ ਫੈਸਲੇ ਨੂੰ ਨਿਰਾ ਡਰਾਮਾ ਦੱਸਿਆ।
ਦੱਸ ਦਈਏ ਕਿ ਪੰਜਾਬ ਚੋਣਾਂ ਵਿਚ ਹੋਈ ਹਾਰ ਮਗਰੋਂ ਪਾਰਟੀ ਨੇ ਹਾਰ ਦੀ ਸਮੀਖਿਆ ਲਈ ਸੀਨੀਅਰ ਅਕਾਲੀ ਆਗੂ ਇਕਬਾਲ ਸਿੰਘ ਝੂੰਦਾਂ ਦੀ ਅਗਵਾਈ ਵਿਚ ਕਮੇਟੀ ਦਾ ਗਠਨ ਕੀਤਾ ਸੀ। ਕਮੇਟੀ ਨੇ ਤਕਰੀਬਨ 100 ਹਲਕਿਆਂ ਵਿਚ ਜਾ ਕੇ ਆਗੂਆਂ ਅਤੇ ਵਰਕਰਾਂ ਤੋਂ ਸੁਝਾਅ ਲਏ ਸਨ। ਬੇਸ਼ੱਕ ਝੂੰਦਾਂ ਕਮੇਟੀ ਦੀ ਰਿਪੋਰਟ ਪਹਿਲਾਂ ਹੀ ਪੇਸ਼ ਹੋ ਚੁੱਕੀ ਸੀ ਪਰ ਪਿਛਲੀ ਕੋਰ ਕਮੇਟੀ ਮੀਟਿੰਗ ਵਿਚ ਇਸ ‘ਤੇ ਕੋਈ ਚਰਚਾ ਨਹੀਂ ਹੋਈ ਸੀ।
ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਵੱਲੋਂ ਰਾਸ਼ਟਰਪਤੀ ਚੋਣਾਂ ਦੇ ਬਾਈਕਾਟ ਮੌਕੇ ਝੂੰਦਾਂ ਕਮੇਟੀ ਦੀ ਰਿਪੋਰਟ ਬਾਰੇ ਗੱਲ ਕੀਤੀ ਗਈ ਸੀ, ਜਿਸ ਮਗਰੋਂ ਕੋਰ ਕਮੇਟੀ ਦੀ ਮੀਟਿੰਗ ਵਿਚ ਝੂੰਦਾ ਕਮੇਟੀ ਦੀ ਰਿਪੋਰਟ ‘ਤੇ ਚਰਚਾ ਹੋਈ। ਸਿਆਸੀ ਹਲਕਿਆਂ ਵਿਚ ਪਹਿਲਾਂ ਹੀ ਚਰਚਾ ਸੀ ਕਿ ਪਾਰਟੀ ਪ੍ਰਧਾਨ ਨੂੰ ਬਦਲਣਾ ਸੌਖਾ ਨਹੀਂ ਹੋਵੇਗਾ। ਪਿਛਲੀ ਕੋਰ ਕਮੇਟੀ ਦੀ ਮੀਟਿੰਗ ਵਿਚ ਸੰਗਰੂਰ ਜ਼ਿਮਨੀ ਚੋਣ ਵਿਚ ਪਾਰਟੀ ਦੀ ਹੋਈ ਨਮੋਸ਼ੀਜਨਕ ਹਾਰ ‘ਤੇ ਵੀ ਚਰਚਾ ਹੋਈ ਸੀ। ਅਕਾਲੀ ਆਗੂਆਂ ਨੇ ਕਿਹਾ ਕਿ ਝੂੰਦਾ ਕਮੇਟੀ ਦੀ ਰਿਪੋਰਟ ਵਿਚ 42 ਸੁਝਾਅ ਦਿੱਤੇ ਗਏ ਹਨ। ਪਾਰਟੀ ਪ੍ਰਧਾਨ ਨੂੰ ਬਦਲੇ ਜਾਣ ਦਾ ਰਿਪੋਰਟ ਵਿਚ ਕੋਈ ਜ਼ਿਕਰ ਨਹੀਂ ਹੈ ਤੇ ਭਵਿੱਖ ਵਿਚ ਪਾਰਟੀ ਪ੍ਰਧਾਨ ਦੀ ਮਿਆਦ ਤੈਅ ਕੀਤੇ ਜਾਣ ਦੀ ਗੱਲ ਜ਼ਰੂਰ ਕਹੀ ਗਈ ਹੈ। ਉਧਰ, ਝੂੰਦਾਂ ਦੀ ਅਗਵਾਈ ਹੇਠ ਬਣੀ 13 ਮੈਂਬਰੀ ਕਮੇਟੀ ਦੀ ਰਿਪੋਰਟ ਪਾਰਟੀ ਦੀ ਕੋਰ ਕਮੇਟੀ ਮੀਟਿੰਗ ਵਿਚ ਪੇਸ਼ ਕਰਨ ਪਿੱਛੋਂ ਅਕਾਲੀ ਦਲ ਦੇ ਹੇਠਲੇ ਕੇਡਰ ਵਿਚ ਇਸ ਹੱਦ ਤੱਕ ਨਿਰਾਸ਼ਾ ਪੈਦਾ ਹੋ ਗਈ ਹੈ ਕਿ ਬਹੁਤੇ ਵਰਕਰ ਪਾਰਟੀ ਵਿਚ ਦਿਲਚਸਪੀ ਛੱਡ ਕੇ ਘਰ ਬੈਠਣ ਲਈ ਤਿਆਰ ਹੋ ਗਏ ਹਨ। ਇਨ੍ਹਾਂ ਵਰਕਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਝੂੰਦਾਂ ਕਮੇਟੀ ਨੂੰ ਪਾਰਟੀ ਲੀਡਰਸ਼ਿਪ ਵਿਚ ਬਦਲਾਅ ਲਈ ਆਪਣੇ ਵਿਚਾਰ ਦਿੱਤੇ ਸਨ ਅਤੇ ਝੂੰਦਾਂ ਕਮੇਟੀ ਦੀ ਰਿਪੋਰਟ ਵਿਚ ਇਕ ਪਰਿਵਾਰ ਦਾ ਨਾਮ ਲਿਆਉਣ ਦੀ ਥਾਂ ਵਰਕਰਾਂ ਦੀਆਂ ਭਾਵਨਾਵਾਂ ਅਨੁਸਾਰ ਲੀਡਰਸ਼ਿਪ ਵਿਚ ਤਬਦੀਲੀ ਸਬੰਧੀ ਰਿਪੋਰਟ ਦੇ ਦਿੱਤੀ। ਉਸ ਰਿਪੋਰਟ ਉੱਤੇ ਫੈਸਲਾ ਕਰਨ ਲਈ ਕੋਰ ਕਮੇਟੀ ਨੇ ਪਾਰਟੀ ਪ੍ਰਧਾਨ ਨੂੰ ਅਧਿਕਾਰ ਸੌਂਪ ਦਿੱਤੇ ਹਨ। ਵਰਕਰਾਂ ਦਾ ਕਹਿਣਾ ਹੈ ਕਿ ਅਜਿਹੀ ਸਥਿਤੀ ਵਿਚ ਬਦਲਾਅ ਲਿਆਉਣ ਵਾਲੀ ਮੰਗ ਬੜੇ ਤਰੀਕੇ ਨਾਲ ਦਬਾਅ ਦਿੱਤੀ ਗਈ ਹੈ। ਕੋਰ ਕਮੇਟੀ ਦੀ ਮੀਟਿੰਗ ਵਿਚ ਦੋ ਗੈਰ ਕਮੇਟੀ ਮੈਂਬਰ ਇਕਬਾਲ ਸਿੰਘ ਝੂੰਦਾਂ ਅਤੇ ਵਿਰਸਾ ਸਿੰਘ ਵਲਟੋਹਾ ਬੁਲਾਏ ਗਏ। ਵਿਧਾਨ ਸਭਾ ਵਿਚ ਪਾਰਟੀ ਦੇ ਚੀਫ ਵ੍ਹਿਪ ਮਨਪ੍ਰੀਤ ਸਿੰਘ ਇਯਾਲੀ ਜਿਨ੍ਹਾਂ ਨੇ ਇਹ ਆਵਾਜ਼ ਉਠਾਈ ਸੀ, ਨੂੰ ਨਾ ਸੱਦਿਆ ਜਾਣਾ ਆਪਣੇ ਆਪ ਵਿਚ ਮੁੱਦਾ ਬਣ ਰਿਹਾ ਹੈ। ਪਾਰਟੀ ਅੰਦਰਲੇ ਸੂਤਰ ਦੱਸਦੇ ਹਨ ਕਿ ਝੂੰਦਾਂ ਕਮੇਟੀ ਨੂੰ ਜ਼ਿਆਦਾ ਸੁਝਾਅ ਸੁਖਬੀਰ ਨੂੰ ਕੁਰਸੀ ਤੋਂ ਲਾਂਭੇ ਕਰਨ ਦੇ ਮਿਲੇ ਸਨ ਪਰ ਪਾਰਟੀ ਪ੍ਰਧਾਨ ਦੇ ਵਫ਼ਾਦਾਰਾਂ ਨੇ ਬੜੇ ਟੇਢੇ ਢੰਗ ਨਾਲ ਗੱਲ ਲੀਡਰਸ਼ਿਪ ਤਬਦੀਲੀ ਨਾਲ ਜੋੜ ਦਿੱਤੀ। ਹੁਣ ਤਾਜ਼ਾ ਬਣ ਰਹੇ ਮਾਹੌਲ ਤੋਂ ਜਾਪ ਰਿਹਾ ਹੈ ਕਿ ਸੁਖਬੀਰ ਬਾਦਲ ਕਿਸੇ ਵੀ ਕੀਮਤ ਉਤੇ ਕੁਰਸੀ ਛੱਡਣ ਲਈ ਤਿਆਰ ਨਹੀਂ ਹੈ ਤੇ ਪਾਰਟੀ ਦੇ ਹੇਠਲੇ ਅਹੁਦੇਦਾਰਾਂ ਨੂੰ ਹੀ ਇਧਰ-ਉਧਰ ਕਰਕੇ ਬੁੱਤਾ ਸਾਰਨ ਵਾਲੀ ਰਣਨੀਤੀ ਉਤੇ ਕੰਮ ਕੀਤਾ ਜਾ ਰਿਹਾ ਹੈ।