ਲੁਧਿਆਣਾ ਦੇ ਪਿੰਡ ਬਿੰਜਲ ਦੇ ਜੰਮਪਲ ਬਖਤਾਵਰ ਸਿੰਘ ਬਿੰਜਲ ਦੀ ਗਵਾਹੀ ਅਨੁਸਾਰ ਉਹ ਸ਼ਹੀਦ ਊਧਮ ਸਿੰਘ ਦਾ ਜਿਗਰੀ ਦੋਸਤ ਸੀ। ਉਸ ਬਾਰੇ ਵਧੇਰੇ ਜਾਣਕਾਰੀ ਨਹੀਂ ਮਿਲਦੀ। ਉੱਘੇ ਪੰਜਾਬੀ ਦਾਨਿਸ਼ਵਰ, ਸਾਹਿਤਕਾਰ ਅਤੇ ਇਤਿਹਾਸਕਾਰ ਸੁਰਜੀਤ ਹਾਂਸ ਨੇ ਬਖਤਾਵਰ ਸਿੰਘ ਬਿੰਜਲ ਨਾਲ ਮੁਲਾਕਾਤ ਕੀਤੀ ਅਤੇ ਉਸ ਦੀ ਇੰਟਰਵਿਊ ਪੰਜਾਬੀ ਰਸਾਲੇ ‘ਲਕੀਰ’ ਦੇ ਫਰਵਰੀ 1978 ਅੰਕ ਵਿਚ ਇੰਨ-ਬਿੰਨ ਛਪਵਾਈ। ਇਸ ਲੇਖ ਵਿਚ ਇਕ ਜਿਗਰੀ ਦੋਸਤ ਦੀਆਂ ਆਪਣੇ ਵਿਛੜੇ ਦੋਸਤ ਲਈ ਭਾਵਨਾਵਾਂ ਦਾ ਪ੍ਰਗਟਾਵਾ ਹੈ। ਕੋਈ ਮੁਲੰਮਾ, ਪਰਦਾ ਜਾਂ ਲੁਕਾਅ ਨਹੀਂ; ਬਸ ਇਕ ਦੋਸਤ ਦੀਆਂ ਸੱਚੀਆਂ-ਸੁੱਚੀਆਂ ਭਾਵਨਾਵਾਂ ਤੇ ਯਾਦਾਂ ਹਨ।
ਕਈ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਬਖਤਾਵਰ ਸਿੰਘ ਬਿੰਜਲ ਦੇ ਊਧਮ ਸਿੰਘ ਦੇ ਨਜ਼ਦੀਕੀ ਦੋਸਤ ਹੋਣ ਦੀ ਦਸਤਾਵੇਜ਼ੀ ਗਵਾਹੀ ਨਹੀਂ ਮਿਲਦੀ। ਦੁਖਾਂਤ ਇਹ ਹੈ ਕਿ ਇਤਿਹਾਸਕਾਰਾਂ ਨੇ ਇਸ ਬਾਰੇ ਬਹੁਤ ਘੱਟ ਯਤਨ ਕੀਤੇ ਹਨ। ਜ਼ਬਾਨੀ ਦਰਜ ਕੀਤੀਆਂ ਗਈਆਂ ਗਵਾਹੀਆਂ ਦਾ ਆਪਣਾ ਮਹੱਤਵ ਹੁੰਦਾ ਹੈ। ਇਸ ਲੇਖ ਦੇ ਕੁਝ ਅੰਸ਼ ਭਾਸ਼ਾ ਵਿਚ ਮਾਮੂਲੀ ਬਦਲਾਓ ਨਾਲ ਪੇਸ਼ ਕੀਤੇ ਜਾ ਰਹੇ ਹਨ।
ਮੈਂ 79 ਸਿੰਨਕਲੇਅਰ ਰੋਡ ਦੇ ਗੁਰਦੁਆਰੇ ਗਿਆ। ਉੱਥੇ ਜੋੜ ਮੇਲਾ ਸੀ। ਮੋਹਨ ਸਿੰਘ ਸੈਕਟਰੀ ਸੀ। ਅਸੀਂ ਬਾਹਰ ਖੜ੍ਹੇ ਸੀ। ਉੱਥੇ ਮੈਨੂੰ ਊਧਮ ਸਿੰਘ ਟੱਕਰ ਗਿਆ। ਉਹ ਮੈਨੂੰ ਕਹਿੰਦਾ ਕੱਲ੍ਹ ਨੂੰ ਗੱਲਾਂ-ਬਾਤਾਂ ਕਰਾਂਗੇ ਪਰ ਹਫ਼ਤਾ ਲੰਘ ਗਿਆ। ਉਹ ਬਹੁਤੀਆਂ ਗੱਲਾਂ ਸਟਾਲਨ ਦੀਆਂ ਕਰਦਾ ਸੀ ਕਿ ਉਹਨੇ ਕਿਵੇਂ ਆਪਣੇ ਮੁਲਕ ਦੀ ਖਾਤਰ ਕੈਦਾਂ ਕੱਟੀਆਂ। ਮੈਨੂੰ ਕੋਈ ਪਤਾ ਨਹੀਂ ਸੀ। ਉਹਨੇ ਅਖ਼ਬਾਰਾਂ ਲੈਣੀਆਂ ਅਤੇ ਸਾਨੂੰ ਪੜ੍ਹ ਕੇ ਸੁਣਾਇਆ ਕਰਨੀਆਂ।
ਅਸੀਂ ਲੰਡਨ ਤੋਂ ਹੇਜ਼ ਆ ਗਏ। ਅਸੀਂ ਵਿੰਪੀ ’ਚ ਕੰਮ ਕਰਦੇ ਸੀ। ਫੋਕ ਸਟੋਨ ਕੰਮ ਕਰਨ ਜਾਂਦੇ ਸੀ। ਮੈਨੂੰ ਘੰਟੇ ਦੀਆਂ 10 ਪੈਨੀਆਂ ਮਿਲਦੀਆਂ ਸਨ, ਊਧਮ ਸਿੰਘ ਨੂੰ 1 ਸ਼ਲਿੰਗ 6 ਪੈਨੀਆਂ। ਮੈਂ ਤਾਂ ਤਰਖਾਣਾ ਕੰਮ ਜਾਣਦਾ ਨਹੀਂ ਸੀ। ਐਵੇਂ ਖਿੱਚਾ-ਧੂਹੀ ਕਰਦਾ ਸੀ। ਮੈਂ ਤਾਂ ਹਥੌੜਾ ਮਾਰ ਕੇ ਉਂਗਲਾਂ ਹੀ ਭੰਨ ਲਈਆਂ। ਊਧਮ ਸਿੰਘ ਹਫ਼ਤੇ ਬਾਅਦ ਫਰਾਂਸ ਜਾ ਆਉਂਦਾ ਸੀ।
ਓ’ਡਵਾਇਰ ਦੀ ਮੀਟਿੰਗ ’ਚ ਅਜੇ 20 ਦਿਨ ਰਹਿੰਦੇ ਹੋਣੇ ਹਨ। ਅਸੀਂ ਹੇਜ਼ ਦੇ ਵਾਈਟ ਹਾਰਟ ਪੱਬ ’ਤੋਂ ਉੱਠੇ ਅਤੇ ਹਾਈਡ ਪਾਰਕ ਦੇ ਸਾਹਮਣੇ ਬਣੇ ਆਦਮੀਆਂ ਦੇ ਮਕਾਨਾਂ ਵਾਲੀ ਸੜਕ ’ਤੇ ਪਹੁੰਚ ਗਏ। ਅਸੀਂ ਓ’ਡਵਾਇਰ ਦੇ ਘਰ ਚਲੇ ਗਏ। ਅਸੀਂ ਕਿਹਾ ਕਿ ਅਸੀਂ ਤੇਰੀ ਖਾਤਰ ਤੋਹਫ਼ਾ ਲਿਆਏ ਹਾਂ। ਉਹਨੇ ਸਾਨੂੰ ਚਾਹ ਪਿਲਾਈ, ਘਰ ਵਿਖਾਇਆ। ਪਹਿਲਾਂ ਤਾਂ ਪੌੜੀਆਂ ਉਤਰਦਿਆਂ ਊਧਮ ਸਿੰਘ ਕਹਿੰਦਾ, ‘‘ਹੁਣ ਚੱਕ ਦਿੰਦੇ ਹਾਂ’’। ਫਿਰ ਸਾਡਾ ਖਿਆਲ ਹਟ ਗਿਆ। ਪਰ ਗੱਲ ਨਾ ਬਣੀ। ਮੈਂ ਉਹਦੇ ਨਾਲ ਗੁੱਸੇ ਹੋ ਗਿਆ। ਅਸੀਂ ਕਾਰ ’ਚ ਬਾਕਸਟਨ ਚਲੇ ਗਏ। ਉਹਨੂੰ ਕਾਰਾਂ ਦਾ ਖ਼ਬਤ ਸੀ।
ਜਿਸ ਦਿਨ ਓ’ਡਵਾਇਰ ਦੇ ਮੀਟਿੰਗ ਸੀ ਇਹ (ਊਧਮ ਸਿੰਘ) ਉਸ ਦੇ ਮੇਜ਼ ਦੇ ਸਾਹਮਣੇ ਬੈਠ ਗਿਆ। ਇਹਨੇ ਗੋਲੀ ਚਲਾਈ। ਪੁਲੀਸ ਵਾਲੇ ਨੇ ਇਹਦੇ ਮੂੰਹ ’ਤੇ ਕੋਟ ਸੁੱਟ ਦਿੱਤਾ। ਅਸੀਂ ਅਖ਼ਬਾਰ ’ਚ ਖ਼ਬਰ ਪੜ੍ਹੀ। ਸਾਡੇ ਨਾਲ ਦੇ ਆਇਰਸ਼ (ਆਇਰਲੈਂਡ ਨਿਵਾਸੀ) ਬੜੇ ਖ਼ੁਸ਼ ਹੋਏ। ਉਨ੍ਹਾਂ ਸਾਨੂੰ ਗਲਾਸੀਆਂ (ਵਿਸਕੀ) ਪਿਲਾਈਆਂ। ਮੁਕੱਦਮਾ ਚਲਿਆ। ਤਰੀਕਾਂ ਪੈਂਦੀਆਂ ਰਹੀਆਂ। ਮੈਂ ਹਰ ਤਰੀਕ ’ਤੇ ਜਾਂਦਾ ਰਿਹਾ ਪਰ ਸਾਨੂੰ ਅੰਦਰ ਨਹੀਂ ਸੀ ਜਾਣ ਦਿੱਤਾ ਜਾਂਦਾ।
ਮੈਂ ਗੁਰਦੁਆਰੇ ਦੇ ਸੈਕਟਰੀ ਮੋਹਨ ਸਿੰਘ ਕੋਲ ਜਾਂਦਾ ਰਿਹਾ ਪਰ ਉਹਨੇ ਕੋਈ ਪੱਲਾ ਨਾ ਫੜਾਇਆ। ਹੁਣ ਤਾਂ ਦੋ ਆਦਮੀ ਬੈਠ ਕੇ ਗੱਲਾਂ ਕਰ ਲੈਂਦੇ ਹਨ, ਓਦੋਂ ਕੋਈ ਗੱਲ ਵੀ ਨਹੀਂ ਕਰਦਾ ਸੀ। ਮੈਂ ਅਖ਼ਬਾਰਾਂ ’ਚ ਪੜ੍ਹਦਾ ਰਿਹਾ ਕਿ ਊਧਮ ਸਿੰਘ ਨੇ ਜੇਲ੍ਹ ’ਚ ਸਾਫਾ ਮੰਗਿਆ। ਪਹਿਲਾਂ ਤਾਂ ਦਿੰਦੇ ਨਹੀਂ ਸਨ, ਫੇਰ ਦੇ ਦਿੱਤਾ।
ਜਿਸ ਦਿਨ ਊਧਮ ਸਿੰਘ ਨੂੰ ਫ਼ਾਂਸੀ ਲੱਗੀ, ਮੈਂ ਜੇਲ੍ਹ ਦੇ ਬਾਹਰ ਖੜ੍ਹਾ ਸੀ। ਬਾਹਰ ਕੰਧ ’ਤੇ ਦੋ ਮੇਖਾਂ ਲੱਗੀਆਂ ਹੁੰਦੀਆਂ। ਜਿਸ ਆਦਮੀ ਨੂੰ ਫ਼ਾਂਸੀ ਲੱਗਦੀ ਹੈ ਉਹਦਾ ਬਾਹਰ ਫੱਟਾ ਲੱਥ ਜਾਂਦਾ ਹੈ। ਪੁਲੀਸ ਵਾਲੇ ਤੋਂ ਊਧਮ ਸਿੰਘ ਦਾ ਫੱਟਾ ਨਾ ਉਤਰੇ। ਮੈਂ ਉਹਦੀ ਮਦਦ ਕੀਤੀ ਕਿ ਊਧਮ ਸਿੰਘ ਦਾ ਫੱਟਾ ਲਾਹ ਕੇ ਦੂਜੇ ਦਾ ਟੰਗਵਾ ਦਿੱਤਾ।
ਜਦੋਂ ਪੁਲੀਸ ਵਾਲੇ ਆ ਗਏ। ਇਕ ਨੇ ਮੈਨੂੰ ਇਕ ਪਾਸਿਓਂ ਫੜ ਲਿਆ, ਦੂਜੇ ਨੇ ਦੂਜੀ ਬਾਂਹ ਫੜ ਲਈ। ਪੁਲੀਸ ਨੇ ਮੇਰਾ ਰਿਕਾਰਡ ਲੈ ਲਿਆ। ਮੈਨੂੰ ਫ਼ੌਜ ਵਿਚ ਜਬਰੀ ਭਰਤੀ ਕਰ ਦਿੱਤਾ। ਮੈਂ ਉੱਥੋਂ ਭੱਜ ਆਇਆ। ਮੈਂ ਸਵੱਦੀ (ਲੁਧਿਆਣਾ) ਵਾਲੇ ਕਪੂਰ ਸਿੰਘ ਦੇ ਭਾਈ ਬਚਨ ਦਾ ਸ਼ਨਾਖਤੀ ਕਾਰਡ ਲੈ ਲਿਆ ਅਤੇ ਚਲਾ ਗਿਆ। ਫੇਰ ਮੈਂ ਫੜ ਹੋ ਗਿਆ। ਕੋਰਟ ਮਾਰਸ਼ਲ ’ਚ ਮੈਨੂੰ ਸਾਲ ਦੀ ਕੈਦ ਹੋ ਗਈ। ਮੈਂ ਡਡਲੀ, ਸਕਾਟਲੈਂਡ ਦੀ ਜੇਲ੍ਹ ’ਚ ਸੀ। ਕਈ ਕੈਦੀ ਫ਼ੌਜ ’ਚ ਭਰਤੀ ਹੋ ਗਏ ਸੀ। ਸਾਡਾ ਰਾਸ਼ਨ ਇੰਡੀਆ ਹਾਊਸ ਤੋਂ ਜਾਂਦਾ ਸੀ। ਬੱਸ ਰੋਟੀ ਪਕਾਈ ਜਾਣੀ, ਖਾਈ ਜਾਣੀ। ਜੇਲ੍ਹ ’ਚ ਮੇਰਾ ਭਾਰ 11 ਸਟੋਨ (69.8 ਕਿਲੋਗਰਾਮ) ਤੋਂ 13 ਸਟੋਨ (82.5 ਕਿਲੋਗਰਾਮ) ਹੋ ਗਿਆ। ਮੈਨੂੰ ਫੇਰ ਫ਼ੌਜ ’ਚ ਭੇਜ ਦਿੱਤਾ। ਮੈਂ ਭੁੱਖ ਹੜਤਾਲ ਕਰ ਦਿਤੀ। ਮੇਰੇ ’ਤੇ ਗਾਰਦ ਦਾ ਪਹਿਰਾ ਹੁੰਦਾ ਸੀ। ਉੱਥੇ ਇਕ ਮੁਸਲਮਾਨ ਨੂੰ ਮੇਜਰ ਬਣਾ ਦਿੱਤਾ ਸੀ; ਉਹਦਾ ਦਿਮਾਗ ਉੱਚਾ ਹੋ ਗਿਆ। ਅੰਗਰੇਜ਼ਾਂ ਨੇ ਉਹਨੂੰ ਮੇਜਰ ਤੋਂ ਫੇਰ ਕਪਤਾਨ ਬਣਾ ਦਿਤਾ। ਫੇਰ ਉਹੀ ਮੈਨੂੰ ਗੱਲਾਂ ਦੱਸਣ ਵਾਲਾ ਹੋ ਗਿਆ- ਤੂੰ ਇੰਝ ਕਰ, ਉਂਝ ਕਰ। ਇਕ ਰਾਤੀਂ ਮੈਂ ਦਰਖ਼ਤ ’ਤੇ ਚੜ੍ਹ ਗਿਆ ਅਤੇ ਗਾਰਦ ਨੂੰ ਕਿੱਥੋਂ ਲੱਭਣਾ ਸੀ। ਮੈਂ ਦੂਸਰੇ ਦਿਨ ਉਤਰਿਆ, ਟੈਕਸੀ ਲੈ ਕੇ ਈਸਟ ਚਲਾ ਗਿਆ। ਉੱਥੇ ਫਕੀਰੀਆ ਵੀ ਹੁੰਦਾ ਸੀ, ਸ਼ਰਮਾ ਵੀ। ਮੈਂ ਉਨ੍ਹਾਂ ਕੋਲ ਚਲਾ ਗਿਆ।
ਡਾ. ਗਿੱਲ ਨੇ ਮੇਰੀ ਮਦਦ ਕੀਤੀ। 1945 ਵਿਚ ਮੈਂ ਲਿਵਰਪੂਲ ਤੋਂ ਜਹਾਜ਼ ਚੜ੍ਹ ਕੇ ਬੰਬਈ ਆ ਗਿਆ। ਮੈਂ ਬਿੰਜਲ (ਲੁਧਿਆਣਾ) ਪਹੁੰਚ ਗਿਆ। ਤਿੰਨ ਮਹੀਨੇ ਤਾਂ ਆਰਾਮ ਰਿਹਾ। ਫੇਰ ਪੁਲੀਸ ਨੇ ਤੰਗ ਕਰਨਾ ਸ਼ੁਰੂ ਕੀਤਾ। 1948 ਵਿਚ ਇਕ ਹਿੰਦੂ ਸੱਜਣ ਪਾਸਪੋਰਟ ਦਫ਼ਤਰ ’ਚ ਕੰਮ ਕਰਦਾ ਸੀ। ਮੈਂ ਉਹਨੂੰ ਪੈਸੇ ਦੇ ਕੇ ਬਖਤਾਵਰ ਸਿੰਘ ਨਾਉਂ ਵਿਚ ਕੇ, ਐਚ ਅੱਖਰ ਕਟਵਾ ਦਿੱਤੇ ਅਤੇ ਗੋਤ ਨਾਲ ਲਿਖਵਾ ਲਿਆ। ਇੰਜ ਮੈਂ ਬੀ.ਐਸ. ਕੱਰੀ ਬਣ ਗਿਆ। 1948 ਵਿਚ ਵਾਪਸ ਵਲਾਇਤ ਆ ਗਿਆ। ਲੋਕ ਹੈਰਾਨ ਸਨ। ਪੁਲੀਸ ਵਾਲੇ ਕਹਿੰਦੇ ਕਿ ਇਹ ਉਹ ਆਦਮੀ ਨਹੀਂ ਹੋ ਸਕਦਾ।
ਓ’ਡਵਾਇਰ ਨੂੰ ਮਾਰਨ ਤੋਂ ਪਹਿਲਾਂ ਦੀ ਕਹਾਣੀ
ਪਿਸਤੌਲ ਅਸੀਂ ਮੇਰੀ ਦੀ ਮਦਦ ਨਾਲ ਲਿਆ ਸੀ। ਉਹ ਇਕ ਆਇਰਸ਼ ਬੰਦਾ ਸੀ ਜਿਹੜਾ ਅਜਿਹੇ ਕੰਮ ਕਰਦਾ ਸੀ, ਨੂੰ ਜਾਣਦੀ ਸੀ। ਇਕ ਰਾਤ ਅਸੀਂ ਜੰਗਲ ਵਿਚ ਪਿਸਤੌਲ ਚਲਾ ਕੇ ਵੀ ਵੇਖਿਆ ਬਈ ਠੀਕ ਕੰਮ ਤਾਂ ਕਰਦਾ ਹੈ। ਪਿਸਤੌਲ ਕਾਰ ਦੀ ਸੀਟ ਦੇ ਥੱਲੇ ਹੁੰਦਾ ਸੀ।
ਸ਼ਾਹ ਨਾਉਂ ਦਾ ਆਦਮੀ ਫਿਲਮ ਕੰਪਨੀ ਨੂੰ ਬੰਦੇ ਸਪਲਾਈ ਕਰਦਾ ਸੀ। ਊਧਮ ਸਿੰਘ ਨ ਛੋਟੇ-ਛੋਟੇ ਰੋਲ ਵੀ ਕੀਤੇ ਹਨ।
ਊਧਮ ਸਿੰਘ ਨੇ ਜਿਸ ਦਿਨ ਓ’ਡਵਾਇਰ ਨੂੰ ਮਾਰਿਆ, ਉਹ ਮੈਨੂੰ ਜਾਣ ਕੇ ਨਾਲ ਨਹੀਂ ਲੈ ਕੇ ਗਿਆ। ਜੇ ਇਕ ਜਾਵੇ ਤਾਂ ਇਕ ਨੇ ਫ਼ਾਂਸੀ ਲੱਗਣਾ, ਦੋ ਗਏ ਤਾਂ ਦੋਵੇਂ ਫ਼ਾਂਸੀ ਲੱਗਣਗੇ।
ਉਹ ਹਰ ਵੇਲੇ ਚੌਕਸ ਰਹਿੰਦਾ ਸੀ। ਕਿਸੇ ਦੇ ਘਰ ਜਾਣਾ ਤਾਂ ਬਹਿ ਕੇ ਨਹੀਂ ਰੋਟੀ ਖਾਣੀ, ਖੜ੍ਹੇ ਰਹਿਣਾ। ਅਖ਼ਬਾਰਾਂ ਦਾ ਤਾਂ ਉਹਨੂੰ ਬੜਾ ਈ ਸ਼ੌਕ ਸੀ। ਉਹਦੀ ਗੱਲ ਕਰਦਿਆਂ ਤਾਂ ਹੁਣ ਵੀ ਜੋਸ਼ ਆ ਜਾਂਦਾ ਏ। ਮੈਂ ਉਹਦੇ ਨਾਲ ਜਿੰਨਾ ਚਿਰ ਰਿਹਾ, ਮੈਂ ਉਹਨੂੰ ਹੱਸਦਾ ਹੀ ਵੇਖਿਆ। ਉਹਨੇ ਕਾਰ ਲੈਣੀ ਤਾਂ ਆਪ ਸਲੰਸਰ ਕੱਟ ਲੈਣਾ ਬਈ ਖੜਕਾ ਜ਼ਿਆਦਾ ਕਰੇ। ਉਹ ਕੰਮ ਬੜੇ ਜਾਣਦਾ ਸੀ, ਤਕੜਾ ਕਾਰੀਗਰ ਸੀ। ਇਕ ਥਾਉਂ ਟਿਕਦਾ ਨਹੀਂ ਸੀ। ਅਜ ਇੱਥੇ, ਕੱਲ੍ਹ ਉੱਥੇ।
ਉਂਜ ਵੀ ਊਧਮ ਸਿੰਘ ਤੇਜ਼ ਤਰਾਰ ਸੀ। ਇਕ ਵਾਰ ਉਹ ਕਾਰ ਲੈਣ ਗਿਆ ਤਾਂ ਉਹਨੇ (ਸਾਬੂ) ਦਸਤਗੀਰ, ਫਿਲਮਾਂ ਵਾਲੇ ਦਾ ਨਾਉਂ ਲਿਖ ਦਿੱਤਾ। ਉਹ ਤਿੰਨ ਮਹੀਨੇ ਕਾਰ ਦੱਬੀ ਫਿਰਦਾ ਰਿਹਾ ਅਤੇ ਮਗਰੋਂ ਜਾ ਕੇ ਦਸਤਗੀਰ ਨੂੰ ਪਤਾ ਲੱਗਾ।
ਊਧਮ ਸਿੰਘ ਨੂੰ ਸਾਰੇ ‘ਬਾਵਾ’ ਕਹਿੰਦੇ ਸੀ ਕਿਉਂਕਿ ਉਹਦਾ ਮਤਾ ਹੀ ਅਜਿਹਾ ਸੀ। ਉਹ ਕਹਿੰਦਾ ਹੁੰਦਾ ਸੀ ਕਿ ਉਹਨੇ ਓ’ਡਵਾਇਰ ਤੋਂ ਆਪਣੇ ਬੰਦੇ ਮਾਰਨ ਦਾ ਬਦਲਾ ਲੈਣਾ ਏ। ਜਲ੍ਹਿਆਂਵਾਲਾ ਕਾਂਡ ’ਚ ਉਹਦਾ ਕੋਈ ਭਰਾ ਵਗੈਰਾ ਨਹੀਂ ਸੀ ਮਾਰਿਆ ਗਿਆ। ਭਰਾ ਦਾ ਬਦਲਾ ਲੈਣ ਵਾਲੀ ਗੱਲ ਤਾਂ ਮੈਂ ਹੀ ਤੋਰੀ ਸੀ। ਮੈਂ ਪਰਦਾ ਪਾਉਣ ਲਈ ਪੁਲੀਸ ਨੂੰ ਕਹਿ ਦਿੰਦਾ ਸੀ- ਓ’ਡਵਾਇਰ ਨੇ ਉਹਦਾ ਭਾਈ ਮਾਰਿਆ ਸੀ, ਇਹਨੇ ਉਹਨੂੰ ਮਾਰ ਦਿੱਤਾ। ਊਧਮ ਸਿੰਘ ਭਗਤ ਸਿੰਘ ਦੀ ਫੋਟੋ ਜ਼ਰੂਰ ਆਪਣੇ ਕੋਲ ਰੱਖਦਾ ਸੀ। ਤਸਵੀਰ ਨੂੰ ਦੇਖ ਕੇ ਆਪ ਮੁੱਛਾਂ ’ਤੇ ਹੱਥ ਫੇਰਨ ਲੱਗ ਜਾਂਦਾ ਹੁੰਦਾ ਸੀ।
ਇਕ ਬੈੱਟੀ ਹੁੰਦੀ ਸੀ ਜਿਹਦੇ ਨਾਲ ਉਹਦੀ ਸਾਂਝ ਸੀ, ਆਇਰਸ਼ ਸੀ। ਆਇਰਸ਼ ਹੀ ਆਪਣੇ ਲੋਕਾਂ ਦੀ ਬਾਂਹ ਫੜਦੇ ਹਨ। ਮੈਂ ਤਾਂ ਕਹਿੰਦਾ ਸੀ ਕੋਈ ਬੱਚਾ ਬੁੱਚਾ ਵੀ ਹੋ ਜਾਂਦਾ ਤਾਂ ਚੰਗਾ ਸੀ, ਪਰ ਨਹੀਂ। ਹੁਣ ਪਤਾ ਨਹੀਂ ਉਹ (ਬੈਟੀ) ਕਿੱਥੇ ਹੈ।
ਊਧਮ ਸਿੰਘ ਕੋਲ ਆਪਣੇ ਮੁਲਕ ਤੋਂ ਬਿਨਾਂ ਹੋਰ ਗੱਲ ਹੀ ਕੋਈ ਨਹੀਂ ਸੀ; ਆਪਣੇ ਮੁਲਕ ’ਤੇ ਜ਼ੁਲਮ ਹੁੰਦਾ ਹੈ; ਫਲਾਣੇ ਨੇ ਭਗਤ ਸਿੰਘ ਨੂੰ ਫ਼ਾਂਸੀ ਦਾ ਹੁਕਮ ਦਿਵਾਇਆ; ਫਲਾਣੇ ਨੂੰ ਆਪਾਂ ਇਹ ਕਰ ਦੇਣਾ ਹੈ, ਉਹ ਕਰ ਦੇਣਾ ਹੈ। ਉਹਨੂੰ ਲਗਨ ਮੁਲਕ ਦੀ ਆਜ਼ਾਦੀ ਦੀ ਸੀ। ਮਾੜੀ ਮੋਟੀ ਗੱਲ ਗਾਂਧੀ ਦੀ ਵੀ ਕਰ ਲੈਂਦਾ ਸੀ। ਜਿਹੜਾ ਵੀ ਆਜ਼ਾਦੀ ਲਈ ਕੁਝ ਕਰਦਾ ਸੀ ਉਹ ਊਧਮ ਸਿੰਘ ਲਈ ਚੰਗਾ ਸੀ। ਬਹੁਤੀ ਗੱਲ ਉਹ ਸਟਾਲਨ ਦੀ ਹੀ ਛੇੜੀ ਰੱਖਦਾ ਸੀ।
ਬਾਕੀ ਉਹਦਾ ਹੱਸਣ-ਖੇਡਣ ਦਾ ਸੁਭਾਅ ਸੀ। ਜਿਹੜੇ ਪੈਸੇ ਪੌਲੇ ਹੋਣੇ, ਖਰਚ ਲੈਣੇ। ਕੱਲ੍ਹ ਦੀ ਕੱਲ੍ਹ ਨਾਲ ਵੇਖੀ ਜਾਏਗੀ।
(ਧੰਨਵਾਦ: ਲਕੀਰ/ ਅਮਰਜੀਤ ਚੰਦਨ/ ਅਜਾਇਬ ਸਿੰਘ ਗਰਚਾ)