ਪੰਜਾਬੀ ਕਹਾਣੀ ਦੀ ਵਿਰਾਸਤ ਵਰਿਆਮ ਸਿੰਘ ਸੰਧੂ

ਕਰਾਂਤੀਪਾਲ (ਸੰਪਾਦਕ ‘ਕਹਾਣੀ ਪੰਜਾਬ’)
ਅਕਾਦਮਿਕ ਪੱਧਰ ‘ਤੇ ਵਿਚਰਦੇ ਬਹੁਤੇ ਰਚਨਾਕਾਰ ਆਮ ਪਾਠਕ ਵਰਗ ’ਚ ਘੱਟ ਹੀ ਮਕਬੂਲ ਹੁੰਦੇ ਹਨ ਪਰ ਵਰਿਆਮ ਸਿੰਘ ਸੰਧੂ ਅਜਿਹਾ ਕਥਾਕਾਰ ਹੈ, ਜਿਹੜਾ ਅਕਾਦਮਿਕ ਪੱਧਰ ਉਤੇ ਅਤੇ ਆਮ ਪਾਠਕ ਵਰਗ ‘ਚ ਹਰ ਪਲ ਹਰ ਪੀੜ੍ਹੀ ‘ਚ ਵਿਚਰਦਾ ਆ ਰਿਹਾ ਹੈ। ਵਰਿਆਮ ਸਿੰਘ ਸੰਧੂ ਪੰਜਾਬੀ ਭਾਸ਼ਾ ਦਾ ਸਿਆਣਾ ਕਥਾਕਾਰ ਹੈ। ਉਸ ਦੀ ਸਿਆਣਪ ਉਸਦੀ ਲਿਖਤ ਵਿਚੋਂ ਮਿਲਦੀ ਹੈ, ਉਹ ਪੰਜਾਬੀ ‘ਸੰਸਕ੍ਰਿਤੀ’ ਨੂੰ ਹਰ ਪੱਖ ਤੋਂ ਸਮਝਦਾ ਹੈ ਇਸੇ ਕਰਕੇ ਉਸਦੀ ਲਿਖਤ ਆਮ ਬੰਦੇ ਵਿਚੋਂ ਪੈਦਾ ਹੋ ਕੇ ਪੂਰੇ ਬ੍ਰਹਿਮੰਡ ਨੂੰ ਆਪਣੇ ਕਲਾਵੇ ‘ਚ ਲੈਂਦੀ ਹੈ।

ਸੰਧੂ ਦੀ ਗੱਲ ਕਰਦਿਆਂ ਦੋ ਗੱਲਾਂ ਯਾਦ ਆ ਜਾਂਦੀਆਂ ਹਨ। ਇਨ੍ਹਾਂ ਗੱਲਾਂ ਨੂੰ ਯਾਦ ਕਰਨ ਦਾ ਮਤਲਬ ਵਰਿਆਮ ਸਿੰਘ ਸੰਧੂ ਦੇ ਕੱਦ ਨੂੰ ਵੀ ਸਮਝਣਾ ਹੋ ਸਕਦਾ ਹੈ। ਜਦੋਂ ਰਾਮ ਸਰੂਪ ਅਣਖੀ ਨੇ 1993 ਵਿਚ ‘ਕਹਾਣੀ ਪੰਜਾਬ’ ਦਾ ਰਸਾਲਾ, ਜੋ ਪੰਜਾਬੀ ਕਹਾਣੀ ਨੂੰ ਸਮਰਪਿਤ ਸੀ, ਕੱਢਿਆ ਤਾਂ ਉਸਦੇ ਦਸਵੇਂ ਭਾਗ ਵਿਚ ਸੰਪਾਦਕੀ ਲਿਖੀ ਕਿ ‘ਕਹਾਣੀ ਪੰਜਾਬ’ ਬੰਦ ਹੋਣ ਲਈ ਛਪਦਾ ਹੈ! ਉਸ ਵਿਚ ਉਨ੍ਹਾਂ ਨੇ ਇੱਕ ਟਿੱਪਣੀ ਲਿਖੀ, ‘ਕਿ ਕੁਝ ਨਾਮਵਰ ਲੇਖਕਾਂ ਨੂੰ ਲਗਾਤਾਰ ਕਈ ਚਿੱਠੀਆਂ ਲਿਖਣ ਦੇ ਬਾਵਜੂਦ ਮੈਨੂੰ ਕਹਾਣੀ ਨਹੀਂ ਭੇਜੀ। ਜਦੋਂ ਕਿ ਇਸ ਦੌਰਾਨ ਉਨ੍ਹਾਂ ਦੀਆਂ ਨਵੀਆਂ ਕਹਾਣੀਆਂ ਹੋਰ ਮੈਗ਼ਜੀਨਾਂ ਵਿਚ ਛਪਦੀਆਂ ਰਹੀਆਂ ਹਨ। ਅਜਿਹੇ ਲੇਖਕ ਦੋ ਪ੍ਰਕਾਰ ਦੇ ਹਨ, ਇੱਕ ਤਾਂ ਉਹ ਜਿਹੜੇ ਕਿਸੇ ਖਾਸ ਮੈਗ਼ਜੀਨ ਵਿਚ ਹੀ ਛਪਦੇ ਹਨ, ਸ਼ਾਇਦ ਉਨ੍ਹਾਂ ਦੀ ਮਾਨਸਿਕ ਸੀਮਾ ਹੋਵੇ, ਉਹ ਸਮਝਦੇ ਹੋਣ ਕਿ ‘ਕਹਾਣੀ ਪੰਜਾਬ’ ਵਿਚ ਛਪਣ ਨਾਲ ਉਨ੍ਹਾਂ ਤੋਂ ਕੋਈ ਭਾਰੀ ਅਵੱਗਿਆ ਹੋ ਜਾਵੇਗੀ।’
ਰਾਮ ਸਰੂਪ ਅਣਖੀ ਨੇ ਇਹ ਟਿੱਪਣੀ ਲਿਖੀ ਹੀ ਵਰਿਆਮ ਸਿੰਘ ਸੰਧੂ ਲਈ ਸੀ ਕਿਉਂਕਿ ਵਰਿਆਮ ਸਿੰਘ ਸੰਧੂ ਹਮੇਸ਼ਾ ਆਪਣੀ ਕਹਾਣੀ ‘ਸਿਰਜਣਾ’ ਨੂੰ ਭੇਜਦਾ ਸੀ। ਰਾਮ ਸਰੂਪ ਅਣਖੀ ਨੂੰ ਵਰਿਆਮ ਸਿੰਘ ਸੰਧੂ ਦੀ ਕਹਾਣੀ ਦੀ ਉਡੀਕ ਸੀ, ਉਹ ਅੰਦਰੋਂ ਚਾਹੁੰਦੇ ਸਨ ਕਿ ‘ਕਹਾਣੀ ਪੰਜਾਬ’ ‘ਚ ਵਰਿਆਮ ਸਿੰਘ ਸੰਧੂ ਦੀ ਕਹਾਣੀ ਛਪੇ ਤਾਂ ਕਿ ਮਲਵਈ ਕਥਾਕਾਰਾਂ ਨੂੰ ਪਤਾ ਲੱਗੇ ਕਿ ਕਹਾਣੀ ਕੀ ਹੁੰਦੀ ਹੈ? ‘ਕਹਾਣੀ ਪੰਜਾਬ’ ਮਾਲਵੇ ਦਾ ਰਸਾਲਾ ਸੀ।
ਰਾਮ ਸਰੂਪ ਅਣਖੀ ਨੇ ਇੱਕ ਕਹਾਣੀ ਲਿਖੀ ਸੀ ‘ਭੀੜੀ ਗਲੀ’। ਇਹ ਕਹਾਣੀ ਪੰਜਾਬੀ ਤੋਂ ਇਲਾਵਾ ਅਨੁਵਾਦ ਹੋ ਕੇ ਹਿੰਦੀ ਜਗਤ ‘ਚ ਵੀ ਗਈ ਪਰ ਪੰਜਾਬੀ ‘ਚ ਇਸ ਕਹਾਣੀ ਨੂੰ ਕੋਈ ਫੜ ਨਹੀਂ ਸਕਿਆ। ਵਰਿਆਮ ਸਿੰਘ ਸੰਧੂ ਦਾ ਅਣਖੀ ਨੂੰ ਇੱਕ ਦਿਨ ਫੋਨ ਤੇ ਬਾਅਦ `ਚ ਚਿੱਠੀ ਆਈ ਕਿ ਤੁਹਾਡੀ ਕਹਾਣੀ ‘ਭੀੜੀ ਗਲੀ’ ਬਹੁਤ ਕਮਾਲ ਦੀ ਕਹਾਣੀ ਹੈ, ਮੈਂ ਇਸ ਨੂੰ ਕਿਸੇ ਕਿਤਾਬ ‘ਚ ਸੰਪਾਦਨ ਕਰਨ ਲਈ ਲੈ ਰਿਹਾ ਹਾਂ। ਅਣਖੀ ਨੇ ਉਸ ਸਮੇਂ ਕਿਹਾ ਸੀ ਕਿ ਵਰਿਆਮ ਸਿੰਘ ਸੰਧੂ ਇੱਕ ਸਿਆਣਾ ਕਥਾਕਾਰ ਹੈ।
ਮੈਂ ਵਰਿਆਮ ਸਿੰਘ ਸੰਧੂ ਨੂੰ ਕਦੇ ਮਿਲਿਆ ਨਹੀਂ ਪਰ (ਅਲੀਗੜ੍ਹ ਯੂਨੀਵਰਸਿਟੀ ਦੇ) ਆਧੁਨਿਕ ਭਾਰਤੀ ਭਾਸ਼ਾਵਾਂ ਦਾ ਵਿਭਾਗ ‘ਚ ਵਿਚਰਦਿਆਂ ਉਨ੍ਹਾਂ ਦੀ ਲਿਖਤਾਂ ਕਰਕੇ ਉਨ੍ਹਾਂ ਦੀ ਚਰਚਾ ਹੋਣ ਕਰਕੇ ਮਾਣ ਮਹਿਸੂਸ ਹੁੰਦਾ ਹੈ ਕਿ ਉਹ ਸਾਡੇ ਕਥਾਕਾਰ ਹਨ। ਅਜਿਹੇ ਸਿਲਸਿਲੇ ਦੌਰਾਨ ਇੱਕ ਦਿਨ ਕੀ ਹੋਇਆ ਕਿ ਹਿੰਦੀ ਦੇ ਇਕ ਵੱਡੇ ਦਲਿਤ ਲੇਖਕ ਦੀ ਕਹਾਣੀ ‘ਇੰਡੀਆ ਟੂਡੇ’ (ਹਿੰਦੀ) ’ਚ ਛਪੀ। ਕਹਾਣੀ ਦਾ ਨਾਂ ਸੀ ‘ਹੱਡੀਆਂ’। ਕਹਾਣੀ ਕਾਫੀ ਚਰਚਿਤ ਸੀ। ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਅਲੀਗੜ੍ਹ ਦੇ ਹਿੰਦੀ ਜਗਤ ‘ਚ ਕਹਾਣੀ ਮਕਬੂਲ ਹੋ ਗਈ। ਇਹ ਕਹਾਣੀ ਅਸੀਂ ਵੀ ਪੜ੍ਹੀ। ਪੜ੍ਹ ਕੇ ਦੰਗ ਰਹਿ ਗਏ ਕਿ ਇਹ ਕਹਾਣੀ ਤਾਂ ਸਾਡੇ ਪੰਜਾਬੀ ਦੇ ਵੱਡੇ ਕਥਾਕਾਰ ਵਰਿਆਮ ਸਿੰਘ ਸੰਧੂ ਦੀ ਕਹਾਣੀ ‘ਆਪਣਾ-ਆਪਣਾ ਹਿੱਸਾ’ ਵਿਚੋਂ ਲਈ ਗਈ ਹੈ। ਉਸ ਸਮੇਂ ‘ਇੰਡੀਆ ਟੂਡੇ’ ਵਾਲਿਆਂ ਨੂੰ ਖ਼ਤ ਲਿਖਿਆ/ ਪੰਜਾਬੀ ਕਹਾਣੀ ਭੇਜੀ/ਵਰਿਆਮ ਸੰਧੂ ਹੁਰਾਂ ਨੂੰ ਸੂਚਨਾ ਦਿੱਤੀ। ਪਰ ਕੁਝ ਨਹੀਂ ਹੋਇਆ।
ਇੱਕ ਗੱਲ ਉਭਰ ਕੇ ਸਾਮਹਣੇ ਆਈ ਕਿ ਵਰਿਆਮ ਸਿੰਘ ਸੰਧੂ ਵੱਡਾ ਕਥਾਕਾਰ ਹੈ ਜਿਸ ਦੀਆਂ ਕਹਾਣੀਆਂ ਵੱਡੇ ਲੇਖਕਾਂ ਨੂੰ ਪ੍ਰਭਾਵਿਤ ਕਰਦੀਆਂ ਹਨ। ਭਾਰਤੀ ਸਾਹਿਤ ਅਕਾਦਮੀ ਨੇ ‘ਵੀਹਵੀਂ ਸਦੀ ਦੀ ਪੰਜਾਬੀ ਕਹਾਣੀ’ ਕਿਤਾਬ ਛਾਪੀ ਹੈ ਜਿਸ ਨੂੰ 2003 ਵਿਚ ਡਾ. ਰਘਵੀਰ ਸਿੰਘ ‘ਸਿਰਜਣਾ’ ਨੇ ਸੰਪਾਦਕ ਕੀਤਾ ਸੀ। ਉਸ ਸਮੇਂ ਉਨ੍ਹਾਂ ਨੇ ਵਰਿਆਮ ਸਿੰਘ ਸੰਧੂ ਦੀ ਕਹਾਣੀ ‘ਡੁੰਮ੍ਹ’ ਨੂੰ ਸ਼ਾਮਲ ਕੀਤਾ। ਜਦੋਂ ਵੀ ਕੋਈ ਕਹਾਣੀ ਬਾਰੇ ਪੰਜਾਬੀ ‘ਚ ਜਾਂ ਹੋਰ ਭਾਸ਼ਾਵਾਂ ਦੀਆਂ ਕਹਾਣੀਆਂ ਦੇ ਸੰਦਰਭ ‘ਚ ਗੱਲ ਹੁੰਦੀ ਹੈ ਤਾਂ ਇਹ ਕਹਾਣੀ ਹਮੇਸ਼ਾ ਯਾਦ ਆ ਜਾਂਦੀ ਹੈ। ਉਸ ਨੂੰ ਪੜ੍ਹ ਕੇ ਪਤਾ ਲਗਦਾ ਹੈ ਕਿ ਕਹਾਣੀਕਾਰ ਕਹਾਣੀ ਦਾ ਨਿਭਾਅ ਕਿਵੇਂ ਕਰਦਾ ਹੈ। ਕਹਾਣੀ ਨਿੱਕੇਨਿੱਕੇ ਵੇਰਵੇ ਦਿੰਦੀ ਹੋਈ ਬਹੁਤ ਕੁਝ ਕਹਿ ਜਾਂਦੀ ਹੈ। ਪਾਠਕ ਕਹਾਣੀ ਦੇ ਨਾਲ ਤੁਰਦਿਆਂਤੁਰਦਿਆਂ ਹੱਸਦਾ ਰਹਿੰਦਾ ਹੈ। ਅਖੀਰ ਕਥਾਕਾਰ ਕਹਾਣੀ ਨੂੰ ਅਜਿਹੇ ਮੋੜ `ਤੇ ਲਿਆ ਕੇ ਖ਼ਤਮ ਕਰ ਦਿੰਦਾ ਹੈ ਜੋ ਪਾਠਕ ਨੂੰ ਉਦਾਸ ਕਰ ਜਾਂਦੀ ਹੈ। ਪਾਠਕ ਮੁੱਖ ਪਾਤਰ ਬਾਰੇ ਕਹਾਣੀ ਤੋਂ ਬਾਅਦ ਵੀ ਕਿੰਨਾਚਿਰ ਸੋਚਦਾ ਰਹਿੰਦਾ ਹੈ।
ਲੰਬੀ ਕਹਾਣੀ ਸੁਣਾਉਣ/ਲਿਖਣ ਦਾ ਗੁਣ ਵਰਿਆਮ ਸਿੰਘ ਸੰਧੂ ਦੀ ਲਿਖ਼ਤ ਵਿਚੋਂ ਝਲਕਦਾ ਹੈ। ਪੰਜਾਬੀ ਕਹਾਣੀ ਦੇ ਸਿਰਤਾਜ ਹਨ ਸੰਧੂ। ਸਮਾਂ ਆਪਣੀ ਚਾਲ ਚਲਦਾ ਜਾ ਰਿਹਾ ਹੈ, ਨਵੇਂ ਵਰਿਆਮ ਸਿੰਘ ਸੰਧੂ ਪੈਦਾ ਨਹੀਂ ਹੋਏ। ਇਹ ਉਹ ਅਦਬੀ ਬੰਦੇ ਹਨ ਜਿੰਨ੍ਹਾਂ ਕੋਲ ਕਹਾਣੀ ਆਪ ਚੱਲ ਕੇ ਆਈ ਹੈ।
ਪੰਜਾਬੀ ਕਹਾਣੀ ਦੀ ਵਿਰਾਸਤ ਨੇ ਵਰਿਆਮ ਸਿੰਘ ਸੰਧੂ ਜੀ।