ਕਸ਼ਮੀਰ ਘਾਟੀ
ਸਿ਼ਵਚਰਨ ਜੱਗੀ ਕੁੱਸਾ
ਕਸ਼ਮੀਰ ਘਾਟੀ ਵਿਚ ਸ਼ਾਂਤੀ ਨਹੀਂ ਹੋ ਰਹੀ ਸੀ। ਨਿਰਦੋਸ਼ੇ ਅਤੇ ਗ਼ਰੀਬ ਲੋਕ ਪ੍ਰੇਸ਼ਾਨੀ ਦੀ ਦੂਹਰੀ ਚੱਕੀ ਵਿਚ ਪੀਸੇ ਜਾ ਰਹੇ ਸਨ। ਕਰਫਿ਼ਊ ਦੀ ਸਖ਼ਤੀ ਦੇ ਦਿਨਾਂ ਵਿਚ ਕਈ-ਕਈ ਦਿਨ ਬੇਜ਼ੁਬਾਨੇ ਪਸ਼ੂ ਖੁਰਲੀਆਂ ‘ਤੇ ਭੁੱਖੇ ਖੜ੍ਹੇ, ਬੇਈਮਾਨ ਸਰਕਾਰਾਂ ਦੀ ਜਾਨ ਨੂੰ ਰੋਂਦੇ, ਅੜਿੰਗੀ ਜਾਂਦੇ। ਅਚਾਨਕ ਕਰਫਿ਼ਊ ਲੱਗਣ ਕਾਰਨ ਮਾਲਕ ਉਨ੍ਹਾਂ ਲਈ ਪੱਠੇ ਜਾਂ ਚਾਰਾ ਲੈਣ ਲਈ ਬਾਹਰ ਨਹੀਂ ਜਾ ਸਕਦੇ ਸਨ। ਬੇਕਿਰਕ ਅਤੇ ਤਮਾਸ਼ਬੀਨ ਸਰਕਾਰਾਂ ਉਨ੍ਹਾਂ ਦੇ ਕਰਮਾਂ ਵਿਚ ‘ਭੁੱਖੇ ਮਰਨਾ’ ਹੀ ਲਿਖ ਦਿੰਦੀਆਂ।
ਗੇਂਦੂ ਦਾ ਛੇ ਸਾਲ ਦਾ ਬੱਚਾ ਧੰਨੂ ਬਾਹਰ ਖੇਡਣ ਗਿਆ ਵਾਪਸ ਘਰ ਨਹੀਂ ਆਇਆ ਸੀ।

ਸ਼ਾਇਦ ਕਰਫਿ਼ਊ ਵਿਚ ਕਿਤੇ ਫ਼ਸ ਗਿਆ ਸੀ। ਗੇਂਦੂ ਦਾ ਦੋ ਕਮਰਿਆਂ ਦਾ ਇੱਕ ਅਧੇੜ ਜਿਹਾ ਘਰ ਸੀ, ਜਿਸ ਵਿਚ ਇੱਕ ਪਾਸੇ ਉਸ ਦਾ ਟੱਬਰ ਸੌਂ ਜਾਂਦਾ ਅਤੇ ਦੂਜੇ ਪਾਸੇ ਉਸ ਦੀ ਲਵੇਰੀ ਗਊ ਅਤੇ ਵੱਛਾ ਬੰਨ੍ਹੇ ਹੁੰਦੇ। ਗੇਂਦੂ ਦਾ ਪਰਿਵਾਰ ਨਿੱਤ ਕਿਰਤ ਕਰ ਕੇ ਖਾਣ ਵਾਲ਼ਾ ਬੜਾ ਗਰੀਬ ਪਰਿਵਾਰ ਸੀ। ਗੇਂਦੂ ਰੇੜ੍ਹੀ ਉਪਰ ਫਲ਼ ਅਤੇ ਸਬਜ਼ੀ ਵੇਚਦਾ ਅਤੇ ਉਸ ਦੀ ਘਰਵਾਲ਼ੀ ਬੰਨੋਂ, ਲੋਕਾਂ ਦੇ ਘਰ ਦਾ ਕੰਮ ਕਰ ਕੇ ਚਾਰ ਪੈਸੇ ਕਮਾ ਲੈਂਦੀ।
ਪਰ ਹੁਣ ਸਖ਼ਤ ਕਰਫਿ਼ਊ ਲੱਗਣ ਕਾਰਨ ਉਨ੍ਹਾਂ ਦਾ ਸਾਰਾ ਢਾਂਚਾ ਹੀ ਖੜ੍ਹ ਗਿਆ ਸੀ।
‘ਗੰਦੀ ਔਲ਼ਾਦ ਵੀ ਨਾ ਜੰਮੇਂ ਕਿਸੇ ਦੇ, ਕਿੰਨੀ ਵਾਰੀ ਪਿੱਟੀ ਆਂ ਮੈਂ, ਬਈ ਬਾਹਰ ਨਾ ਜਾਇਆ ਕਰੋ, ਅੱਗ ਲੱਗੜੇ ‘ਕਲਫੂ’ ਦਾ ਕੋਈ ਪਤਾ ਨੀ ਬਈ ਕਦੋਂ ਲੱਗਜੇ, ਪਰ ਕਾਹਨੂੰ ਸੁਣਦੇ ਐ? ਲਹੂ ਪੀਂਦੇ ਐ ਜਣਦਿਆਂ ਨੂੰ ਰੋਣੇ…!’ ਬੰਨੋਂ ਦੀਆਂ ਅੱਖਾਂ ਕਿਸੇ ਟੱਪ ਵਾਂਗ ਚੋਅ ਰਹੀਆਂ ਸਨ।
ਉਹ ਦੁਹੱਥੜ ਮਾਰ ਕੇ ਪਿੱਟਣ ਵਾਲ਼ੀ ਹੋਈ ਪਈ ਸੀ।
ਮਾਂ ਦੀ ਮਮਤਾ ਉਸ ਅੰਦਰ ਵੈਣ ਪਾਈ ਜਾ ਰਹੀ ਸੀ।
‘ਜਾਹ ਬਾਹਰ ਜਾ ਕੇ ਕਿਤੇ ਪਤਾ ਕਰ’ਲਾ ਧੰਨੂ ਦੇ ਬਾਪੂ…! ਪਤਾ ਨੀ ਕਿੱਥੇ ਫ਼ਸਿਆ ਬੈਠਾ ਹੋਣੈ ਜੁਆਕ…?’
‘ਬਾਹਰ ਤਾਂ ਪਤੰਦਰ ‘ਕਲਫੂ’ ਠੋਕੀ ਬੈਠੇ ਐ, ਜਾਵਾਂ ਕਿਹੜੇ ਪਾਸੇ…? ਜਦੋਂ ਬਾਹਰ ਨਿਕਲ਼ੀਦੈ, ਗੋਲ਼ੀ ਮਾਰਨ ਆਉਂਦੇ ਐ ਬੁੱਚੜ..!’ ਗੇਂਦੂ ਨੇ ਆਪਣਾ ਡਰ ਦੱਸਿਆ। ਕਰਫਿ਼ਊ ਦੌਰਾਨ ਸਬਜ਼ੀ ਵੇਚਦਾ ਉਹ ਕਈ ਵਾਰ ਪੁਲੀਸ ਅਤੇ ਸੀ.ਆਰ.ਪੀ. ਦੀ ਕੁੱਟ ਖਾ ਚੁੱਕਾ ਸੀ। ਬੰਨੋ ਨਿਰਾਸ਼ਾ ਵਿਚ ਲੰਮਾ ਸਾਹ ਖਿੱਚ ਕੇ ਬੈਠ ਗਈ ਅਤੇ ਉਸ ਦਾ ਮੁੜ ਬੇਵੱਸੀ ਵਿਚ ਰੋਣ ਨਿਕਲ਼ ਗਿਆ। ਉਸ ਦਾ ਦਿਲ ਪੁੱਤ ਕੋਲ਼ ਉੱਡ ਕੇ ਚਲੀ ਜਾਣ ਨੂੰ ਕਰਦਾ ਸੀ, ਘੁੱਟ ਕੇ ਹਿੱਕ ਨਾਲ਼ ਲਾਉਣ ਨੂੰ ਕਰਦਾ ਸੀ। ਉਸ ਦੀ ਆਤਮਾ ਅੰਦਰੋਂ ਲਹੂ ਲੁਹਾਣ ਹੋਈ, ਕੁਰਲਾਈ ਜਾ ਰਹੀ ਸੀ।
ਸ਼ਾਮ ਹੋਈ ਤਾਂ ਭੁੱਖਾ ਤਿਹਾਇਆ ਗਾਂ ਦਾ ਵੱਛਾ ਵੀ ਸੰਗਲ਼ੀ ਤੁੜਾ ਕੇ ਬਾਹਰ ਨਿਕਲ਼ ਗਿਆ। ਕਰਫਿ਼ਊ ਲੱਗਿਆ ਹੋਣ ਕਾਰਨ ਵੱਛਾ ਫ਼ੜਿਆ ਨਾ ਜਾ ਸਕਿਆ। ਮੋਹ-ਮਮਤਾ ਵਿਚ ਗਾਂ ਨੇ ਵੀ ਕਿੱਲੇ ‘ਤੇ ਗੇੜਾ ਬੰਨ੍ਹ ਲਿਆ। ਕੀ ਹੋ ਗਿਆ ਉਹ ਪਸ਼ੂ ਸੀ, ਸੀ ਤਾਂ ਅਕਸਰ ‘ਮਾਂ’ ਹੀ!
ਮੂੰਹ ਹਨ੍ਹੇਰਾ ਜਿਹਾ ਹੋਇਆ ਤਾਂ ਗੇਂਦੂ ਨੇ ਅੱਧੋਰਾਣਾ ਲੱਕੜ ਦਾ ਛੋਟਾ ਜਿਹਾ ਦਰਵਾਜ਼ਾ ਖੋਲ੍ਹ ਕੇ ਬਾਹਰ ਦੇਖਿਆ।
ਦੂਰ-ਦੂਰ ਤੱਕ ਸੁੰਨ-ਮਸਾਣ ਪਸਰੀ ਪਈ ਸੀ। ਹਥਿਆਰਬੰਦ ਸੀ.ਆਰ.ਪੀ. ਗਸ਼ਤ ਕਰ ਰਹੀ ਸੀ। ਸਰਕਾਰੀ ਬੂਟਾਂ ਦੀ ‘ਟੱਪ-ਟੱਪ’ ਸੁਣ ਕੇ ਕਾਲ਼ਜਾ ਨਿਕਲ਼ਦਾ ਸੀ। ਗੇਂਦੂ ਦਾ ਦਿਲ ਧਢਕਿਆ ਅਤੇ ਉਸ ਨੇ ਦਰਵਾਜ਼ਾ ਬੰਦ ਕਰ ਲਿਆ। ਟੇਕ ਤਾਂ ਉਸ ਨੂੰ ਵੀ ਨਹੀਂ ਆ ਰਹੀ ਸੀ। ਉਸ ਦੇ ਦਿਲ ਦਾ ਟੁਕੜਾ ਪਤਾ ਨਹੀਂ ਕਿੱਥੇ ਅਤੇ ਕਿਸ ਹਾਲਤ ਵਿਚ ਸੀ?
ਆਟਾ ਉਨ੍ਹਾਂ ਘਰ ਹੈ ਨਹੀਂ ਸੀ। ਰਾਤ ਨੂੰ ਬੰਨੋ ਨੇ ਦੂਜੇ ਜੁਆਕਾਂ ਨੂੰ ਫਲ਼ ਕੱਟ ਕੇ ਦੇ ਦਿੱਤੇ। ਗੇਂਦੂ ਅਤੇ ਬੰਨੋ ਨੇ ਵੀ ‘ਕਾਲ਼ਜਾ ਧਾਫ਼ੜ’ ਲਿਆ। ਸੁੱਖੀ ਲੱਧਾ ਪੁੱਤ ਬੰਨੋ ਦੇ ਦਿਲ ਤੋਂ ਨਹੀਂ ਉੱਤਰ ਰਿਹਾ ਸੀ। ਉਸ ਦੇ ਹੌਲ ਪੈਣ ਵਾਲ਼ਾ ਹੋਇਆ ਪਿਆ ਸੀ।
‘ਪਤਾ ਨੀ ਧੰਨੂ ਨੇ ਕੁਛ ਖਾਧਾ ਹੋਊ ਕਿ ਨਹੀਂ…?’ ਸੇਬ ਦੀ ਫਾੜੀ ਬੰਨੋ ਦੇ ਮੂੰਹ ਵਿਚ ‘ਅੱਕ’ ਬਣ ਗਈ ਅਤੇ ਉਸ ਨੇ ਬਾਹਰ ਥੁੱਕ ਦਿੱਤੀ। ਵੱਛੇ ਦੇ ਵਿਯੋਗ ਵਿਚ ਗਾਂ ਕਿੱਲੇ ‘ਤੇ ਗੇੜੇ ਦੇ-ਦੇ ਕੇ ਥੱਕ ਗਈ ਸੀ। ਖੁਰਲੀ ਵਿਚ ਪਏ ਪੱਠਿਆਂ ਵੱਲ ਉਸ ਨੇ ਸਾਰਾ ਦਿਨ ਨੱਕ ਨਾ ਕੀਤਾ ਅਤੇ ਥੱਕ ਹਾਰ ਕੇ ਖੁਰਲੀ ਕੋਲ਼ ਬੈਠੀ ਨਹੀਂ, ਇੱਕ ਤਰ੍ਹਾਂ ਨਾਲ਼ ਡਿੱਗ ਪਈ ਸੀ। ਉਹ ਅੱਖਾਂ ਪੁੱਠੀਆਂ ਕਰੀ, ਖੁਰਲੀ ਨਾਲ਼ ਢੋਅ ਲਾ ਕੇ, ਬੇਹੱਦ ਉਦਾਸ ਬੈਠੀ ਸੀ।
ਸਾਰੀ ਰਾਤ ਲੰਘ ਗਈ।
ਜਦ ਦਰਵਾਜੇ ਵੱਲ ਮਾੜਾ ਜਿਹਾ ਵੀ ਖੜਕਾ ਹੁੰਦਾ, ਤਾਂ ਗਾਂ ਨਾਸਾਂ ਫ਼ੈਲਾਅ ਅਤੇ ਕੰਨ ਚੁੱਕ ਕੇ ਬੜੀ ਉਤਸੁਕਤਾ ਅਤੇ ਆਸ ਨਾਲ਼ ਓਧਰ ਦੇਖਦੀ। ਇਹੀ ਹਾਲ ਬੰਨੋ ਦਾ ਸੀ। ਉਹ ਵੀ ਮੰਜੇ ‘ਤੇ ਪਈ ਵਾਰ-ਵਾਰ ਸਿਰ ਚੁੱਕ ਕੇ ਦਰਵਾਜੇ ਵੱਲ ਤੱਕਦੀ। ਉਸ ਦੇ ਕੰਨ ਵੀ ਦਰਵਾਜੇ ਵੱਲ ਲੱਗੇ ਹੋਏ ਸਨ। ਨਿਆਣੇ ਪੁੱਤ ਕਰ ਕੇ ਗੇਂਦੂ ਅਤੇ ਬੰਨੋ ਦੀ ਸੁਰਤ ਮਾਰੀ ਪਈ ਸੀ।
ਅਗਲਾ ਸਾਰਾ ਦਿਨ ਲੰਘ ਗਿਆ ਅਤੇ ਮੁੜ ਸ਼ਾਮ ਹੋ ਗਈ।
ਪੁੱਤ ਦੀ ਸੋਚ ਵਿਚ ਬੌਂਦਲ਼ੇ ਗੇਂਦੂ ਨੂੰ ਅਚਾਨਕ ਭੁੱਖੀ-ਤਿਹਾਈ ਗਾਂ ਦਾ ਚੇਤਾ ਆਇਆ।
ਤਰਸ ਨਾਲ਼ ਉਸ ਦਾ ਸਾਰਾ ਸਰੀਰ ਮੋਮਬੱਤੀ ਵਾਂਗ ਪਿਘਲ ਗਿਆ।
‘ਇਹਦਾ ਵਿਚਾਰੀ ਗਊ ਦੀ ਜਾਈ ਦਾ ਕੀ ਕਸੂਰ ਐ..? ਇਹ ਤਾਂ ਆਪ ਆਬਦੇ ਵੱਛੇ ਕਰ ਕੇ ਅੱਕਲ਼ਕਾਣ ਹੋਈ ਬੈਠੀ ਐ…!’ ਉਸ ਨੇ ਵੰਡ ਵਿਚੋਂ ਭਿਉਂਤੀ ਖਲ਼ ਕੱਢ ਕੇ ਗਾਂ ਲਈ ਸੰਨ੍ਹੀ ਰਲ਼ਾਈ। ਪਰ ਗਾਂ ਨੇ ਨੱਕ ਨਾ ਕੀਤਾ। ਸੰਨ੍ਹੀ ਨਾ ਖਾਂਦੀ ਦੇਖ ਕੇ ਉਸ ਨੇ ਸਾਂਝੀ ਕੰਧ ਉਪਰੋਂ ਗੁਆਂਢੀਆਂ ਤੋਂ ਇੱਕ ਟੋਕਰਾ ਹਰੇ ਪੱਠਿਆਂ ਦਾ ਉਧਾਰਾ ਫ਼ੜ ਲਿਆ। ਉਸ ਦਾ ਗੁਆਂਢੀ ਆਪਣੀ ਮੱਝ ਵਾਸਤੇ ਦੋ ਦਿਨ ਪਹਿਲਾਂ ਚਾਰ ਭਰੀਆਂ ਹਰਾ ਖਰੀਦ ਕੇ ਲਿਆਇਆ ਸੀ।
ਗੇਂਦੂ ਨੇ ਗਾਂ ਨੂੰ ਪੱਠੇ ਪਾ ਦਿੱਤੇ, ਪਰ ਗਾਂ ਨੇ ਅੱਖ ਪੱਟ ਕੇ ਵੀ ਨਾ ਦੇਖਿਆ। ਗੇਂਦੂ ਨੇ ਦੋ ਵਾਰ ਬੱਠਲ਼ ਵਿਚ ਪਾਣੀ ਪਾ ਕੇ ਗਾਂ ਅੱਗੇ ਰੱਖਿਆ, ਪਰ ਗਾਂ ਨੇ ਪਾਣੀ ਪੀਣਾ ਤਾਂ ਕੀ ਸੀ, ਸੁੰਘਿਆ ਤੱਕ ਨਹੀਂ! ਇੱਕ ਵਾਰ ਦੇਖ ਕੇ ਮੂੰਹ ਪਰ੍ਹੇ ਕਰ ਲਿਆ। ਉਹ ਸਿਰ ਸੁੱਟੀ, ਘੋਰ ਉਦਾਸ ਖੁਰਲੀ ਨਾਲ਼ ਸਿਰ ਲਾਈ ਬੈਠੀ ਸੀ। ਬੰਨੋ ਨੇ ਵੀ ਕੁਛ ਖਾਧਾ ਪੀਤਾ ਨਹੀਂ ਸੀ। ਦੋਵਾਂ ਮਾਵਾਂ ਦੀਆਂ ਅੱਖਾਂ ਵਿਚ ਨਮੀ ਸੀ।
‘ਆਹ ਟੁੱਟ ਪੈਣਾ ‘ਕਲਫੂ’ ਪਤਾ ਨੀ ਕਦੋਂ ਚੱਕਣਗੇ ਔਤਾਂ ਦੇ ਜਾਣੇ…! ਸਰਕਾਰਾਂ ਵੀ ਬੁੱਕਾਂ ਨਾਲ਼ ਲਹੂ ਪੀਂਦੀਐਂ ਆਬਦੀ ਜਨਤਾ ਦਾ..!’ ਬੇਵੱਸ ਬੰਨੋ ਦਾ ਫਿ਼ਰ ਰੋਣ ਨਿਕਲ਼ ਗਿਆ।
‘ਗਾਂ ਨੂੰ ਪੱਠੇ ਪਾ ਦੇ…!’ ਉਸ ਨੇ ਢੇਰੀ ਜਿਹੀ ਢਾਹੀ ਬੈਠੇ ਪਤੀ ਦੇਵ ਨੂੰ ਕਿਹਾ।
‘ਪਾਏ ਸੀ, ਪਰ ਖਾਂਦੀ ਨੀ…! ਵੱਛੇ ਦਾ ਇਹ ਵੀ ਬਾਹਲ਼ਾ ਦਰੇਗ ਕਰਗੀ, ਪਰਸੋਂ ਦੀ ਨੇ ਕੁਛ ਨੀ ਮੂੰਹ ‘ਤੇ ਧਰਿਆ..!’
‘ਫ਼ੇਰ ਵੀ ਮਾਂ ਐਂ ਨ੍ਹਾਂ…?’ ਬੰਨੋ ਨੇ ਆਪਣੇ ਆਪ ਨਾਲ਼ ਗੱਲ ਕੀਤੀ।
ਪਰ ਮੂੰਹੋਂ ਉਹ ਚੁੱਪ ਸੀ।
ਤੀਜਾ ਦਿਨ ਆ ਗਿਆ ਸੀ।
ਦਿਨ ਵੀ ਢਲ਼ ਗਿਆ ਸੀ। ਪਰ ਕਰਫਿ਼ਊ ਨਾ ਚੁੱਕਿਆ ਗਿਆ। ਬੰਨੋ ਚੁੱਲ੍ਹੇ ਕੋਲ਼ ਅਤੇ ਗਾਂ ਖੁਰਲੀ ਕੋਲ਼ ਭੁੱਖੀਆਂ-ਤਿਹਾਈਆਂ ਬੁੱਤ ਬਣੀਆਂ ਬੈਠੀਆਂ ਸੀ। ਗੇਂਦੂ ਅਲਾਣੀ ਮੰਜੀ ‘ਤੇ ਮੁਰਕੜੀ ਜਿਹੀ ਮਾਰੀ ਬੈਠਾ ਸੀ। ਬੱਚੇ ਬਾਟੀਆਂ ਵਿਚ ਚਾਹ ਪੀ ਰਹੇ ਸਨ। ਗੇਂਦੂ, ਬੰਨੋ ਅਤੇ ਗਾਂ, ਤਿੰਨਾਂ ਦੀ ਭੁੱਖ-ਪਿਆਸ ਮਰੀ ਪਈ ਸੀ। ਸੋਚਾਂ ਸੋਚਦਿਆਂ ਅਤੇ ਉਡੀਕਦਿਆਂ ਸੂਰਜ ਛੁਪ ਗਿਆ। ਨਾ ਕਰਫਿ਼ਊ ਹੀ ਚੁੱਕਿਆ ਗਿਆ ਅਤੇ ਨਾ ਹੀ ਉਨ੍ਹਾਂ ਦੇ ਬੱਚੇ ਜਾਂ ਵੱਛੇ ਦੀ ਕੋਈ ਉੱਘ-ਸੁੱਘ ਨਿਕਲ਼ੀ।
ਇੱਕ ਦਮ ਜਿਵੇਂ ਰਾਤ ਪੈ ਗਈ ਸੀ।
ਹਨ੍ਹੇਰਾ ਅਸਮਾਨੋਂ ਛਾਲ਼ਾਂ ਮਾਰਦਾ ਧਰਤੀ ‘ਤੇ ਆ ਉਤਰਿਆ।
ਸਾਰੇ ਘਰ ਵਿਚ ਸੋਗ ਦਾ ਮਾਹੌਲ ਸੀ। ਸਾਰੇ ਚੁੱਪ-ਚਾਪ, ਸੁੰਨ ਹੋਏ ਬੈਠੇ ਸਨ। ਗਾਂ ਵੀ ਧਰਤੀ ‘ਤੇ ਬੂਥ ਰੱਖੀ, ਬੁਝੀਆਂ ਅੱਖਾਂ ਨਾਲ਼ ਸੁੰਨੇ ਵਿਹੜੇ ਵੱਲ ਝਾਕ ਰਹੀ ਸੀ, ਉਸ ਨੂੰ ਆਪਣੀਆਂ ਅੱਖਾਂ ਦਾ ਤਾਰਾ ਨਹੀਂ ਦਿਸ ਰਿਹਾ ਸੀ। ਕਿਸੇ ਨੇ ਕੁਝ ਨਹੀਂ ਖਾਧਾ ਸੀ। ਬੱਸ, ਸਿਰਫ਼ ਬੰਨੋ ਨੇ ਆਪਣੇ ਦੋ ਬੱਚਿਆਂ ਨੂੰ ਘਰੇ ਪਏ ਫਲ਼ ਜ਼ਰੂਰ ਕੱਟ ਕੇ ਖੁਆ ਦਿੱਤੇ ਸਨ।
ਅਚਾਨਕ ਗਾਂ ਨੂੰ ਬਾਹਰੋਂ ਵੱਛੇ ਦੇ ਰੰਭਣ ਦੀ ਮੱਧਮ ਜਿਹੀ ਅਵਾਜ਼ ਸੁਣਾਈ ਦਿੱਤੀ।
ਉਸ ਨੇ ਕਨਸੋਅ ਲੈਣ ਲਈ ਕੰਨ ਚੁੱਕ ਲਏ। ਨਾਸਾਂ ਫ਼ੈਲਾਅ ਲਈਆਂ। ਦੂਰ ਕਿਤੇ ਵੱਛਾ ਫਿ਼ਰ ਰੰਭਿਆ। ਅਪਣੱਤ ਭਰੀ ਅਵਾਜ਼ ਸੁਣ ਕੇ ਗਾਂ ਬਰਾਬਰ ਜੋ਼ਰ ਦੀ ਰੰਭੀ ਅਤੇ ਬੜੀ ਫ਼ੁਰਤੀ ਨਾਲ਼ ਧੁਰਲੀ ਮਾਰ ਕੇ ਉਠੀ, ਜਿਵੇਂ ਉਸ ਅੰਦਰ ਨਵੇਂ-ਨਰੋਏ ਖ਼ੂਨ ਦਾ ਸੰਚਾਰ ਹੋ ਗਿਆ ਸੀ। ਮੁੜ ਵੱਛਾ ਰੰਭਿਆ ਤਾਂ ਗਾਂ ਨੇ ਪੂਰਾ ਜੋ਼ਰ ਮਾਰ ਕੇ ਰੱਸਾ ਤੁੜਾ ਲਿਆ ਅਤੇ ਤਖ਼ਤਿਆਂ ਵਿਚ ਜਾ ਢੁੱਡ ਮਾਰੀ। ਤਖ਼ਤੇ ਫਾਕੜਾਂ ਬਣ ਖਿੱਲਰ ਗਏ ਅਤੇ ਲਗਾਤਾਰ ਮੋਹ ਨਾਲ਼ ਰੰਭਦੀ ਗਾਂ ਵਾਹੋ-ਦਾਹੀ ਬਾਹਰ ਨਿਕਲ਼ ਗਈ। ਉਸ ਨੂੰ ਕਿਸੇ ਕਰਫਿ਼ਊ ਦੀ ਕੋਈ ਪ੍ਰਵਾਹ ਨਹੀਂ ਸੀ।
ਮੰਜੇ ਕੋਲ਼ ਖੜ੍ਹੀ ਬੰਨੋ ਸੋਚ ਰਹੀ ਸੀ ਕਿ ਕਾਸ਼ ਮੈਂ ਵੀ ਗਾਂ ਹੁੰਦੀ!!
ਆਪਣੇ ਪੁੱਤਰ ਨੂੰ ਤਾਂ ਲੱਭ ਕੇ ਲੈ ਆਉਂਦੀ?