ਰਤਨਾ ਪਾਠਕ ਇਕ ਵਾਰ ਫਿਰ ਡਟੀ

ਆਮਨਾ ਸਿੰਘ
ਕੱਟੜਪੰਥੀ ਹੁਣ ਅਦਾਕਾਰਾ ਰਤਨਾ ਪਾਠਕ ਪਿੱਛੇ ਪੈ ਗਏ ਹਨ। ਉਸ ਦੀ ਕਰਵਾ ਚੌਥ ਵਰਤ ਬਾਰੇ ਕੀਤੀ ਟਿੱਪਣੀ ਤੋਂ ਬਾਅਦ ਹਿੰਦੂਤਵਵਾਦੀਆਂ ਨੇ ਉਸ ਖਿਲਾਫ ਮੋਰਚਾ ਖੋਲ੍ਹ ਲਿਆ ਹੈ। ਉਸ ਨੇ ਐਂਕਰ ਵੱਲੋਂ ਸਵਾਲ ਪੁੱਛਣ ‘ਤੇ ਸਿਰਫ ਇੰਨਾ ਹੀ ਕਿਹਾ ਸੀ ਕਿ 21ਵੀਂ ਸਦੀ ਵਿਚ ਵੀ ਪੜ੍ਹੀਆਂ-ਲਿਖੀਆਂ ਔਰਤਾਂ ਅਜਿਹੇ ਵਰਤ ਰੱਖ ਰਹੀਆਂ ਹਨ ਕਿ ਉਨ੍ਹਾਂ ਦੇ ਵਰਤ ਰੱਖਣ ਦਾ ਫਾਇਦਾ ਉਨ੍ਹਾਂ ਦੇ ਪਤੀ ਨੂੰ ਹੋਵੇਗਾ। ਹਿੰਦੂਤਵਵਾਦੀਆਂ ਨੇ ਇਸ ਨੂੰ ਹਿੰਦੂਵਾਦ ਉਤੇ ਹਮਲਾ ਕਹਿ ਕੇ ਉਸ ਦੀ ਟਰੌਲਿੰਗ ਸ਼ੁਰੂ ਕਰ ਦਿੱਤੀ।

ਯਾਦ ਰਹੇ ਕਿ ਅਜਿਹੇ ਮਸਲਿਆਂ ‘ਤੇ ਭਾਰਤੀ ਜਨਤਾ ਪਾਰਟੀ ਦਾ ਆਈ.ਟੀ. ਸੈੱਲ ਬਹੁਤ ਸਰਗਰਮ ਰਹਿੰਦਾ ਹੈ ਅਤੇ ਹੁਣ ਵੀ ਇਸ ਸੈੱਲ ਨੇ ਪੂਰੀ ਸਰਗਰਮੀ ਦਿਖਾਈ ਹੈ ਅਤੇ ਹਰ ਮੰਚ ਉਤੇ ਰਤਨਾ ਪਾਠਕ ਦੀ ਨੁਤਾਚੀਨੀ ਕੀਤੀ ਜਾ ਰਹੀ ਹੈ।
ਯਾਦ ਰਹੇ ਕਿ ਰਤਨਾ ਪਾਠਕ ਉਘੇ ਅਦਾਕਾਰ ਨਸੀਰੂਦੀਨ ਸ਼ਾਹ ਦੀ ਪਤਨੀ ਹੈ ਅਤੇ ਇਹ ਗੱਲ ਜੱਗ-ਜ਼ਾਹਿਰ ਹੈ ਕਿ ਭਾਰਤੀ ਜਨਤਾ ਪਾਰਟੀ ਅਤੇ ਇਸ ਦੀ ਸਰਪ੍ਰਸਤ ਜਥੇਬੰਦੀ- ਆਰ.ਐਸ.ਐਸ. ਤੇ ਇਸ ਨਾਲ ਜੁੜੀਆਂ ਹੋਰ ਕੱਟੜ ਜਥੇਬੰਦੀਆਂ ਅਤੇ ਸੰਸਥਾਵਾਂ ਮੁਸਲਮਾਨਾਂ ਖਿਲਾਫ ਲਗਾਤਾਰ ਜ਼ਹਿਰ ਉਗਲ ਰਹੀਆਂ ਹਨ। ਗਾਹੇ-ਬਗਾਹੇ ਨਸੀਰੂਦੀਨ ਸ਼ਾਹ ਇਨ੍ਹਾਂ ਜਥੇਬੰਦੀਆਂ ਦੇ ਅਜਿਹੇ ਮਾੜੇ ਪ੍ਰਚਾਰ ਦਾ ਐਨ ਟਿਕਾਅ ਕੇ ਜਵਾਬ ਦਿੰਦਾ ਰਿਹਾ ਹੈ। ਇਨ੍ਹਾਂ ਜਥਬੰਦੀਆਂ ਦਾ ਪ੍ਰਚਾਰ ਹੈ ਕਿ ਮੁਸਲਮਾਨ ਅਤੇ ਇਸਾਈ ਬਾਹਰੋਂ ਆਏ ਹੋਏ ਫਿਰਕੇ ਹਨ, ਇਸ ਲਈ ਇਨ੍ਹਾਂ ਨੂੰ ਦੂਜੇ ਦਰਜੇ ਦੇ ਸ਼ਹਿਰੀ ਬਣ ਕੇ ਰਹਿਣਾ ਪਵੇਗਾ। ਨਸੀਰੂਦੀਨ ਸ਼ਾਹ ਵਰਗਿਆਂ ਦਾ ਕਹਿਣਾ ਹੈ ਕਿ ਭਾਰਤ ਉਨ੍ਹਾਂ ਦਾ ਵੀ ਓਨਾ ਹੀ ਮੁਲਕ ਹੈ ਜਿੰਨਾ ਕਿਸੇ ਹੋਰ ਭਾਰਤੀ ਦਾ।
ਯਾਦ ਰਹੇ ਕਿ ਜਦੋਂ ਤੋਂ ਕੇਂਦਰ ਵਿਚ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਹੈ, ਘੱਟ ਗਿਣਤੀਆਂ, ਖਾਸਕਰ ਮੁਸਲਮਾਨਾਂ ਖਿਲਾਫ ਨਫਰਤੀ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਇਸ ਦਾ ਮੁੱਢ ਮੋਦੀ ਦੇ ਪ੍ਰਧਾਨ ਮੰਤਰੀ ਬਣਦਿਆਂ ਸਾਰ ਹੀ ਬੱਝ ਗਿਆ ਸੀ ਜਦੋਂ 2014 ਵਿਚ ਉਸ ਦੀ ਤਾਜਪੋਸ਼ੀ ਤੋਂ ਕੁਝ ਹੀ ਦਿਨਾਂ ਬਾਅਦ ਪੁਣੇ ਵਿਚ ਇਕ ਨੌਜਵਾਨ ਮੁਸਲਮਾਨ ਇੰਜਨੀਅਰ ਨੂੰ ਹਿੰਦੂਤਵਵਾਦੀਆਂ ਨੇ ਕੁੱਟ-ਕੁੱਟ ਕੇ ਮਾਰ ਦਿੱਤਾ ਸੀ। ਉਸ ਵਕਤ ਰਾਤ ਨੂੰ ਉਹ ਆਪਣੇ ਕੰਮ ਤੋਂ ਘਰ ਪਰਤ ਰਿਹਾ ਸੀ। ਉਦੋਂ ਪ੍ਰਧਾਨ ਮੰਤਰੀ ਨੇ ਇਸ ਕਤਲ ਬਾਰੇ ਇਕ ਵੀ ਸ਼ਬਦ ਨਹੀਂ ਸੀ ਬੋਲਿਆ। ਮਗਰੋਂ ਤਾਂ ਹਿੰਦੂਤਵਵਾਦੀਆਂ ਨੇ ਨਫਰਤ ਦਾ ਇੰਨਾ ਜ਼ਿਆਦਾ ਪ੍ਰਚਾਰ ਕੀਤਾ ਕਿ ਹਜੂਮੀ ਹੱਤਿਆਵਾਂ ਦਾ ਦੌਰ ਚੱਲ ਪਿਆ ਅਤੇ ਮੁਸਲਮਾਨਾਂ ਨੂੰ ਮਾਰਿਆ ਜਾਣ ਲੱਗਾ। ਇਹ ਉਹ ਸਮਾਂ ਸੀ ਜਦੋਂ ਬਹੁਤ ਸਾਰੇ ਲੋਕ ਖਾਮੋਸ਼ ਹੋ ਗਏ ਸਨ ਪਰ ਨਸੀਰੂਦੀਨ ਸ਼ਾਹ ਅਤੇ ਰਤਨਾ ਪਾਠਕ ਵਰਗੇ ਅਜਿਹੇ ਗਿਣੇ-ਚੁਣੇ ਲੋਕ ਸਨ ਜਿਨ੍ਹਾਂ ਨੇ ਕੱਟੜਪੰਥੀਆਂ ਦੀਆਂ ਇਨ੍ਹਾਂ ਕਾਰਵਾਈਆਂ ਦਾ ਡਟ ਕੇ ਵਿਰੋਧ ਕੀਤਾ। ਇਹ ਵੱਖਰੀ ਗੱਲ ਹੈ ਕਿ ਇਨ੍ਹਾਂ ਲੋਕਾਂ ਨੂੰ ਇਸੇ ਵਿਰੋਧ ਕਰਕੇ ਕਿਸੇ ਨਾ ਕਿਸੇ ਰੂਪ ਵਿਚ ਨੁਕਸਾਨ ਵੀ ਝੱਲਣਾ ਪਿਆ।
ਇਸ ਬਾਰੇ ਹੁਣ ਦੀ ਤਾਜ਼ਾ ਮਿਸਾਲ ਹੀ ਲਵੋ। ਉਘੇ ਅਦਾਕਾਰ ਆਮਿਰ ਖਾਨ ਦੀ ਫਿਲਮ ‘ਲਾਲ ਸਿੰਘ ਚੱਢਾ’ 11 ਅਗਸਤ ਨੂੰ ਰਿਲੀਜ਼ ਹੋ ਰਹੀ ਹੈ ਪਰ ਕੱਟੜਪੰਥੀਆਂ ਨੇ ਲੋਕਾਂ ਨੂੰ ਇਸ ਫਿਲਮ ਦੇ ਬਾਈਕਾਟ ਦਾ ਸੱਦਾ ਦੇ ਦਿੱਤਾ ਹੈ। ਇਸ ਤੋਂ ਪਹਿਲਾਂ ਹੋਰ ਫਿਲਮੀ ਸਿਤਾਰਿਆਂ ਨਾਲ ਵੀ ਅਜਿਹਾ ਵਿਹਾਰ ਕੀਤਾ ਜਾ ਚੁੱਕਾ ਹੈ। ਮਸ਼ਹੂਰ ਅਦਾਕਾਰਾ ਦੀਪਿਕਾ ਪਾਦੂਕੋਣ ਨੇ ਦਿੱਲੀ ਵਿਚ ਚੱਲ ਰਹੇ ਵਿਦਿਆਰਥੀਆਂ ਦੇ ਸੰਘਰਸ਼ ਦੀ ਹਮਾਇਤ ਕੀਤੀ ਸੀ। ਇਸ ਗੱਲ ਤੋਂ ਔਖੇ ਹੋਏ ਕੱਟੜਪੰਥੀਆਂ ਨੇ ਉਸ ਦੀ ਫਿਲਮ ‘ਛਪਾਕ’ ਜੋ ਤੇਜ਼ਾਬ ਪੀੜਤ ਕੁੜੀਆਂ ਬਾਰੇ ਬਣਾਈ ਗਈ ਸੀ, ਬਾਰੇ ਲੋਕਾਂ ਨੂੰ ਸੱਦਾ ਦੇ ਦਿੱਤਾ ਕਿ ਇਹ ਫਿਲਮ ਦੇਖੀ ਨਾ ਜਾਵੇ। ਇਸ ਸੱਦੇ ਕਰਕੇ ਇਸ ਫਿਲਮ ਨੂੰ ਕਮਾਈ ਦੇ ਪੱਖ ਤੋਂ ਵਾਹਵਾ ਘਾਟਾ ਪੈ ਗਿਆ ਸੀ।
ਉਂਝ, ਰਤਨਾ ਪਾਠਕ ਇਕ ਵਾਰ ਫਿਰ ਡਟ ਗਈ ਹੈ। ਉਸ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਸੂਰਤ ਵਿਚ ਅਜਿਹੇ ਕੱਟੜਪੰਥੀਆਂ ਸਾਹਮਣੇ ਝੁਕੇਗੀ ਨਹੀਂ। ਉਸ ਮੁਤਾਬਿਕ, ਉਸ ਨੂੰ ਪਤਾ ਹੈ ਕਿ ਉਸ ਨੂੰ ਇਨ੍ਹਾਂ ਕੱਟੜਪੰਥੀਆਂ ਦੀਆਂ ਸਾਜਿ਼ਸ਼ਾਂ ਦਾ ਸਿ਼ਕਾਰ ਹੋਣਾ ਪਵੇਗਾ ਪਰ ਸੱਚੀ ਗੱਲ ਇਹ ਹੈ ਕਿ ਜੇ ਅਸੀਂ ਹੁਣ ਵੀ ਆਪਣੇ ਹੱਕਾਂ ਕਾਂਤਰ ਨਾ ਬੋਲੇ ਤਾਂ ਇਹ ਲੋਕ ਜੀਣਾ ਔਖਾ ਕਰ ਦੇਣਗੇ। ਇਸ ਲਈ ਆਪਣੀ ਆਵਾਜ਼ ਬੁਲੰਦ ਕਰਨੀ ਜ਼ਰੂਰੀ ਹੈ। ਇਸ ਦੌਰਾਨ ਕੁਝ ਲੋਕਾਂ ਨੇ ਰਤਨਾ ਪਾਠਕ ਦੇ ਹੱਕ ਵਿਚ ਵੀ ਆਵਾਜ਼ ਬੁਲੰਦ ਕਰਨੀ ਸ਼ੁਰੂ ਕਰ ਦਿੱਤੀ ਹੈ। ਉਂਝ, ਇਨ੍ਹਾਂ ਲੋਕਾਂ ਦੀ ਗਿਣਤੀ ਅਜੇ ਬਹੁਤ ਘੱਟ ਹੈ।
18 ਮਾਰਚ 1957 ਨੂੰ ਜਨਮੀ ਰਤਨਾ ਪਾਠਕ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਫਿਲਮ ‘ਮੰਡੀ’ ਨਾਲ 1983 ਵਿਚ ਕੀਤੀ ਸੀ। ਇਸ ਤੋਂ ਇਲਾਵਾ ਉਸ ਨੇ ‘ਮਿਰਚ ਮਸਾਲਾ’, ‘ਪਹੇਲੀ’, ‘ਅਲਾਦੀਨ’, ‘ਖੁਬਸੂਰਤ’, ‘ਨਿੱਲ ਬਟੇ ਸੰਨਾਟਾ’, ‘ਲਿਪਸਟਿਕ ਅੰਡਰ ਮਾਈ ਬੁਰਕਾ’ ਵਰਗੀਆਂ ਫਿਲਮਾਂ ਵਿਚ ਕੰਮ ਕੀਤਾ ਹੈ। ਇਹੀ ਨਹੀਂ, ਉਸ ਨੇ ਚਾਰ ਅੰਗਰੇਜ਼ੀ ਫਿਲਮਾਂ ਵਿਚ ਵੀ ਅਦਾਕਾਰੀ ਕੀਤੀ ਹੈ। ਟੈਲੀਵਿਜ਼ਨ ਨਾਲ ਵੀ ਉਹ ਲਗਾਤਾਰ ਜੁੜੀ ਰਹੀ ਹੈ। ਰਤਨਾ ਪਾਠਕ ਆਪਣੇ ਕੰਮ ਬਾਰੇ ਦੱਸਦੀ ਹੈ ਕਿ ਉਸ ਨੇ ਆਪਣੇ ਕੰਮ ਨੂੰ ਸਦਾ ਪੂਜਾ ਵਾਂਗ ਲਿਆ ਹੈ ਅਤੇ ਆਪਣੇ ਕਿਰਦਾਰਾਂ ਨਾਲ ਇਨਸਾਫ ਕਰਨ ਦਾ ਯਤਨ ਕੀਤਾ ਹੈ ਅਤੇ ਉਹ ਆਪਣੇ ਇਨ੍ਹਾਂ ਯਤਨਾਂ ਵਿਚ ਕਾਮਯਾਬ ਵੀ ਰਹੀ ਹੈ। ਉਸ ਦੇ ਕੰਮ ਦੀ ਸਦਾ ਹੀ ਸਰਾਹਨਾ ਹੋਈ ਹੈ।