ਏਅਰ ਇੰਡੀਆ ਬੰਬ ਧਮਾਕਾ-1985: ਕੈਨੇਡੀਅਨ ਪ੍ਰਧਾਨ ਮੰਤਰੀ ਟਰੂਡੋ ਦੇ ਨਾਂ ਖੁੱਲ੍ਹੀ ਚਿੱਠੀ

ਗੁਰਪ੍ਰੀਤ ਸਿੰਘ ਕੈਨੇਡਾ
ਅਨੁਵਾਦ: ਬੂਟਾ ਸਿੰਘ ਮਹਿਮੂਦਪੁਰ
1985 ਵਿਚ ਹੋਏ ਹਵਾਈ ਜਹਾਜ਼ ਬੰਬ ਕਾਂਡ ਵਾਲੇ ਕੇਸ ਨਾਲ ਜੁੜੇ ਰਹੇ ਰਿਪੁਦਮਨ ਸਿੰਘ ਮਲਿਕ ਦੇ ਕਤਲ ਤੋਂ ਬਾਅਦ ਕੈਨੇਡੀਅਨ ਅਤੇ ਭਾਰਤੀ ਮੀਡੀਆ ਅੰਦਰ ਤਿੱਖੀ ਚਰਚਾ ਛਿੜੀ ਹੋਈ ਹੈ। ਇਸ ਕੇਸ ਵਿਚ ਮਲਿਕ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਗਿਆ ਸੀ। ਕੈਨੇਡਾ ਵੱਸਦੇ ਪੱਤਰਕਾਰ ਗੁਰਪ੍ਰੀਤ ਸਿੰਘ ਨੇ ਇਸ ਪ੍ਰਸੰਗ ਵਿਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਚਿੱਠੀ ਲਿਖੀ ਹੈ ਜਿਸ ਵਿਚ ਇਸ ਕੇਸ ਨਾਲ ਜੁੜੇ ਤਾਰਾਂ ਬਾਰੇ ਚਰਚਾ ਕੀਤੀ ਗਈ ਹੈ। ਅੰਗਰੇਜ਼ੀ ਵਿਚ ਲਿਖੀ ਇਸ ਚਿੱਠੀ ਦਾ ਅਨੁਵਾਦ ਸਾਡੇ ਕਾਲਮਨਵੀਸ ਬੂਟਾ ਸਿੰਘ ਮਹਿਮੂਦਪੁਰ ਨੇ ਕੀਤਾ ਹੈ। ਗੁਰਪ੍ਰੀਤ ਸਿੰਘ ਨੇ ਇਸ ਜਹਾਜ਼ ਕਾਂਡ ਦੇ ਪੀੜਤਾਂ ਬਾਰੇ ਕਿਤਾਬ ‘ਫਾਈਟਿੰਗ ਹੇਟਰਡ ਵਿਦ ਲਵ’ ਵੀ ਲਿਖੀ ਹੈ।

ਸ੍ਰੀਮਾਨ ਟਰੂਡੋ ਜੀ,
ਮੈਂ ਭਾਰਤੀ ਮੂਲ ਦਾ ਕੈਨੇਡੀਅਨ ਨਾਗਰਿਕ ਹਾਂ ਜੋ 9/11 ਤੋਂ ਪਹਿਲਾਂ ਹਵਾਬਾਜ਼ੀ ਦਹਿਸ਼ਤਵਾਦ ਦੇ ਇਤਿਹਾਸ ਦੀ ਸਭ ਤੋਂ ਭੈੜੀ ਘਟਨਾ ਦੀਆਂ ਘਿਨਾਉਣੀਆਂ ਯਾਦਾਂ ਸੰਗ ਜਵਾਨ ਹੋਇਆ ਹਾਂ। ਮੈਂ ਸਿਰਫ ਪੰਦਰਾਂ ਸਾਲਾਂ ਦਾ ਸੀ ਜਦੋਂ 23 ਜੂਨ 1985 ਨੂੰ ਏਅਰ ਇੰਡੀਆ ਦੀ ਫਲਾਈਟ 182 ਨੂੰ ਆਇਰਿਸ਼ ਸਾਗਰ ਉੱਪਰ ਬੰਬ ਧਮਾਕੇ ਨਾਲ ਉਡਾ ਦਿੱਤਾ ਗਿਆ ਸੀ ਜਿਸ ਵਿਚ ਸਵਾਰ ਸਾਰੇ 329 ਲੋਕ ਮਾਰੇ ਗਏ ਸਨ। ਉਸੇ ਸਮੇਂ ਨਾਰਿਤਾ ਹਵਾਈ ਅੱਡੇ ‘ਤੇ ਇਕ ਹੋਰ ਧਮਾਕੇ ਵਿਚ ਸਮਾਨ ਸੰਭਾਲਣ ਵਾਲੇ ਦੋ ਮੁਲਾਜ਼ਮ ਵੀ ਮਾਰੇ ਗਏ ਸਨ। ਕੁਲ ਮਿਲਾ ਕੇ ਬ੍ਰਿਟਿਸ਼ ਕੋਲੰਬੀਆ ਤੋਂ ਰੱਖੇ ਗਏ ਬੰਬਾਂ ਨਾਲ ਹੋਏ ਧਮਾਕਿਆਂ ‘ਚ 331 ਨਿਰਦੋਸ਼ ਜਾਨਾਂ ਗਈਆਂ ਸਨ।
ਜਦੋਂ ਇਹ ਖਬਰ ਆਈ ਤਾਂ ਮੈਂ ਆਪਣੇ ਪਰਿਵਾਰ ਸਮੇਤ ਆਪਣੇ ਚਚੇਰੇ ਭਾਈ ਦੇ ਵਿਆਹ ‘ਚ ਸ਼ਾਮਿਲ ਹੋਣ ਲਈ ਨਵੀਂ ਦਿੱਲੀ ‘ਚ ਸੀ। ਸਮੁੰਦਰ ਦੇ ਤਲ ਉੱਪਰ ਤੈਰਦੇ ਮਲਬੇ ਦੀਆਂ ਟੀ.ਵੀ. ਉੱਪਰ ਦਿਖਾਈਆਂ ਦਿਲ ਕੰਬਾਊ ਤਸਵੀਰਾਂ ਅਜੇ ਵੀ ਮੇਰੇ ਚੇਤਿਆਂ ‘ਚ ਹਨ।
ਇਸ ਘਟਨਾ ਤੋਂ ਸਾਲ ਪਹਿਲਾਂ ਹੀ ਭਾਰਤ ਦੀ ਕੌਮੀ ਰਾਜਧਾਨੀ ਦਿੱਲੀ, ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਉਸ ਦੇ ਬੌਡੀਗਾਰਡਾਂ ਵੱਲੋਂ ਕੀਤੇ ਕਤਲ ਦੇ ਪ੍ਰਤੀਕਰਮ ਵਜੋਂ ਸਿੱਖ ਵਿਰੋਧੀ ਕਤਲੇਆਮ ਨਾਲ ਝੰਜੋੜੀ ਗਈ ਸੀ ਜੋ ਜੂਨ 1984 ‘ਚ ਅੰਮ੍ਰਿਤਸਰ ਵਿਚ ਸਿੱਖਾਂ ਦੇ ਸਭ ਤੋਂ ਮੁਕੱਦਸ ਸਥਾਨ ਦਰਬਾਰ ਸਾਹਿਬ ਕੰਪਲੈਕਸ ਉੱਪਰ ਹੋਏ ਫੌਜੀ ਹਮਲੇ ਦਾ ਬਦਲਾ ਲੈਣਾ ਚਾਹੁੰਦੇ ਸਨ। ਅੰਮ੍ਰਿਤਸਰ ਘੱਲੂਘਾਰੇ ਦੀ ਤਬਾਹੀ ਦੇ ਜ਼ਖਮ ਵੀ ਮੇਰੇ ਚੇਤਿਆਂ ‘ਚ ਸਦਾ ਲਈ ਉੱਕਰੇ ਹੋਏ ਹਨ। ਉਸ ਸ਼ਹਿਰ ਵਿਚ ਰਹਿੰਦੇ ਹੋਣ ਕਾਰਨ ਅਸੀਂ ਭਾਰਤੀ ਫੌਜ ਵੱਲੋਂ ਕੀਤੀ ਤਬਾਹੀ ਦੇ ਨਿਸ਼ਾਨ ਅੱਖੀਂ ਦੇਖੇ। ਸਰਕਾਰ ਦੀ ਇਸ ਅਣਮਨੁੱਖੀ ਕਾਰਵਾਈ ਨਾਲ ਮੇਰੇ ਸਿੱਖ ਪਰਿਵਾਰ ਦੇ ਹਿਰਦੇ ਵਲੂੰਧਰੇ ਗਏ ਸਨ। ਮੈਂ ਅਤੇ ਮੇਰੇ ਪਿਤਾ ਜੀ ਡੂੰਘੇ ਰੂਪ ‘ਚ ਧਾਰਮਿਕ ਬਣ ਗਏ ਹਾਲਾਂਕਿ ਜਦੋਂ ਮੈਂ ਵੱਡਾ ਹੋਇਆ ਤਾਂ ਮੇਰੀ ਧਾਰਮਿਕ ਨਿਹਚਾ ਨਾ ਰਹੀ।
ਅਸੀਂ ਬਹੁਤ ਫਿਕਰਮੰਦ ਸੀ ਕਿਉਂਕਿ ਮੀਡੀਆ ਨੇ ਏਅਰ ਇੰਡੀਆ ਬੰਬ ਧਮਾਕਿਆਂ ‘ਚ ਸਿੱਖ ਖਾੜਕੂਆਂ ਦਾ ਹੱਥ ਹੋਣ ਬਾਰੇ ਕਿਆਸ ਅਰਾਈਆਂ ਸ਼ੁਰੂ ਕਰ ਦਿੱਤੀਆਂ ਸਨ। ਦਰਅਸਲ, ਸਾਨੂੰ ਇਕ ਹੋਰ ਕਤਲੇਆਮ ਦਾ ਡਰ ਸੀ। ਭਾਵੇਂ ਉਦੋਂ ਕੁਝ ਵੀ ਅਣਸੁਖਾਵਾਂ ਨਹੀਂ ਹੋਇਆ, ਫਿਰ ਵੀ ਮੈਨੂੰ ਲੱਗਦਾ ਹੈ ਕਿ ਭਾਈਚਾਰਾ ਉੱਪਰ ਤਾੜਵੀਂ ਨਜ਼ਰ ਰੱਖੀ ਜਾ ਰਹੀ ਹੈ।
ਜਦੋਂ ਮੈਂ ਜਵਾਨ ਹੋ ਕੇ ਪੱਤਰਕਾਰੀ ਦਾ ਕਿੱਤਾ ਚੁਣਿਆ ਤਾਂ ਮੈਂ ਦਰਬਾਰ ਸਾਹਿਬ ਕੰਪਲੈਕਸ ਉੱਪਰ ਕੀਤੇ ਫੌਜੀ ਹਮਲੇ ਤੋਂ ਲੈ ਕੇ ਏਅਰ ਇੰਡੀਆ ਤ੍ਰਾਸਦੀ ਤੱਕ, ਘਟਨਾਵਾਂ ਦੀ ਲੜੀ ਦੇ ਜਵਾਬ ਲੱਭਣੇ ਸ਼ੁਰੂ ਕਰ ਦਿੱਤੇ। ਇਸ ਕਰਕੇ ਮੈਂ ਇਸ ਮੁੱਦੇ ਉੱਪਰ ਤਮਾਮ ਨਜ਼ਰੀਆਂ ਦਾ ਭੇਤੀ ਹਾਂ। ਮੈਂ ਸਾਰੇ ਵੱਖ-ਵੱਖ ਪੱਖਾਂ ਨੂੰ ਸੁਣਿਆ ਹੋਇਆ ਹੈ, ਅਤੇ ਹਿੰਸਾ ਦੇ ਦੋਵਾਂ ਪਾਸਿਆਂ ਦੇ ਪੀੜਤਾਂ ਦੇ ਦਰਦ ਨੂੰ ਮਹਿਸੂਸ ਕੀਤਾ ਹੈ। ਇਨ੍ਹਾਂ ਮੁੱਦਿਆਂ ਨੂੰ ਕਵਰ ਕਰਦੇ ਹੋਏ ਸਟੇਟ ਦੀ ਹਿੰਸਾ ਜਾਂ ਕੱਟੜਪੰਥੀਆਂ ਦੇ ਪੀੜਤਾਂ ਦੀਆਂ ਕਹਾਣੀਆਂ ਸੁਣਨ ਸਮੇਂ ਮੈਂ ਕਦੇ ਵੀ ਵਿਤਕਰਾ ਨਹੀਂ ਕੀਤਾ।
ਮੈਂ ਸਾਲ 2000 ਤੋਂ ਏਅਰ ਇੰਡੀਆ ਕੇਸ ਉੱਪਰ ਲਗਾਤਾਰ ਨਜ਼ਰ ਰੱਖ ਰਿਹਾ ਹਾਂ, ਜਦੋਂ ਇਕ ਸਾਬਕਾ ਸ਼ੱਕੀ ਰਿਪੁਦਮਨ ਸਿੰਘ ਮਲਿਕ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਮੈਂ ਪੰਜਾਬ ਵਿਚ ‘ਦਿ ਟ੍ਰਿਬਿਊਨ’ ਅਖਬਾਰ ਲਈ ਕੰਮ ਕਰਦਾ ਸੀ ਅਤੇ ਮੇਰੀ ਡਿਊਟੀ ਮਲਿਕ ਦੇ ਜ਼ੱਦੀ ਸ਼ਹਿਰ ਫਿਰੋਜ਼ਪੁਰ ‘ਚ ਲੱਗੀ ਹੋਈ ਸੀ। ਮੈਨੂੰ ਉਸ ਦੇ ਪਰਿਵਾਰ ‘ਚੋਂ ਰਿਸ਼ਤੇਦਾਰਾਂ ਅਤੇ ਉਸ ਦੇ ਪੁਰਾਣੇ ਹਮ-ਜਮਾਤੀਆਂ ਨੂੰ ਮਿਲਣ ਦਾ ਮੌਕਾ ਮਿਲਿਆ। ਮੈਨੂੰ ਉਨ੍ਹਾਂ ਤੋਂ ਪਤਾ ਲੱਗਾ ਕਿ ਉਹ ਦੁਨੀਆ ਭਰ ਦੇ ਹੋਰ ਸਿੱਖਾਂ ਵਾਂਗ 1984 ਦੀਆਂ ਘਟਨਾਵਾਂ ਤੋਂ ਦੁਖੀ ਸੀ। ਮੇਰੇ ਆਪਣੇ ਪਰਿਵਾਰਕ ਪਿਛੋਕੜ ਨੂੰ ਦੇਖਦੇ ਹੋਏ ਮਲਿਕ ਦਾ ਕੇਸ ਵਿਸ਼ੇਸ਼ ਨਹੀਂ ਸੀ।
ਉਪਰੋਕਤ ਦੇ ਮੱਦੇਨਜ਼ਰ ਦੋ ਉਡਾਣਾਂ ‘ਤੇ ਸਵਾਰ ਨਿਰਦੋਸ਼ ਮੁਸਾਫਿਰਾਂ ਅਤੇ ਜਹਾਜ਼ ਦੇ ਅਮਲੇ ਨਾਲ ਇਹ ਕੁਝ ਨਹੀਂ ਹੋਣਾ ਚਾਹੀਦਾ ਸੀ। ਹੁਣ ਤੱਕ ਓਟਾਵਾ ਅਤੇ ਨਵੀਂ ਦਿੱਲੀ ਦੀਆਂ ਸਰਕਾਰਾਂ ਨੇ ਸਾਰਿਆਂ ਨੂੰ ਇਹ ਯਕੀਨ ਦਿਵਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਕਾਰਾ ਸਿੱਖ ਵੱਖਵਾਦੀਆਂ ਨੇ 1984 ਦਾ ਬਦਲਾ ਲੈਣ ਲਈ ਕੀਤਾ ਸੀ। ਬਾਅਦ ਵਿਚ ਮਲਿਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਪਰ ਸਬੂਤਾਂ ਦੀ ਘਾਟ ਕਾਰਨ 2005 ‘ਚ ਬਰੀ ਕਰ ਦਿੱਤਾ ਗਿਆ ਸੀ। ਫਿਰ ਵੀ ਅਦਾਲਤ ਨੇ 2012 ‘ਚ ਇਹ ਕਹਿੰਦੇ ਹੋਏ ਕਿ ਉਸ ਨੂੰ ਕੋਈ ਵੀ ਹਰਜਾਨਾ ਦੇਣ ਤੋਂ ਨਾਂਹ ਕਰ ਦਿੱਤੀ ਕਿ ‘ਦੋਸ਼ੀ ਸਾਬਤ ਨਾ ਹੋਣ ਦਾ ਫੈਸਲਾ’ ਉਸ ਦੇ ਨਿਰਦੋਸ਼ ਹੋਣ ਦਾ ਐਲਾਨ ਨਹੀਂ ਹੈ।
ਕਈ ਹੋਰ ਮੀਡੀਆ ਵਾਲਿਆਂ ਵਾਂਗ ਮੇਰੇ ਕੋਲ ਮਲਿਕ ਅਤੇ ਉਸ ਨਾਲ ਜੁੜੇ ਹੋਰ ਵਿਅਕਤੀਆਂ ਦੀ ਮਿਲੀਭੁਗਤ ‘ਤੇ ਸ਼ੱਕ ਕਰਨ ਦੇ ਕਾਰਨ ਸਨ। ਮੈਂ ਉਸ ਦੀ ਅਤੇ ਤਲਵਿੰਦਰ ਸਿੰਘ ਪਰਮਾਰ, ਅਜਾਇਬ ਸਿੰਘ ਬਾਗੜੀ ਤੇ ਇੰਦਰਜੀਤ ਸਿੰਘ ਰਿਆਤ ਵਰਗੇ ਹੋਰ ਸੰਭਾਵਿਤ ਸ਼ੱਕੀਆਂ ਦੀ ਆਲੋਚਨਾ ਕਰਦਾ ਰਿਹਾ। ਪਰਮਾਰ 1992 ‘ਚ ਭਾਰਤੀ ਪੁਲਿਸ ਹੱਥੋਂ ਮਾਰਿਆ ਗਿਆ ਸੀ ਅਤੇ ਮਲਿਕ ਤੇ ਬਾਗੜੀ ਨੂੰ ਬਰੀ ਕਰ ਦਿੱਤਾ ਗਿਆ ਸੀ। ਇਕੱਲੇ ਰਿਆਤ ਨੂੰ ਦੋਸ਼ੀ ਕਰਾਰ ਦਿੱਤਾ ਗਿਆ, ਭਾਵੇਂ ਜਾਂਚ ਚੱਲ ਰਹੀ ਹੈ ਅਤੇ ਅਜੇ ਕਿਸੇ ਸਿੱਟੇ ‘ਤੇ ਨਹੀਂ ਪਹੁੰਚੀ ਹੈ। ਇਹ ਆਲੋਚਨਾ ਕਰਨ ਕਰਕੇ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ। ਸਿੱਖ ਵੱਖਵਾਦੀ ਲਹਿਰ ਦੇ ਹਮਾਇਤੀ ਕਹਿ ਰਹੇ ਸਨ ਕਿ ਏਅਰ ਇੰਡੀਆ ਨੂੰ ਅੰਜਾਮ ਭਾਰਤੀ ਖੁਫੀਆ ਏਜੰਸੀ ‘ਰਾਅ’ ਵੱਲੋਂ ਉਨ੍ਹਾਂ ਦੇ ਸੰਘਰਸ਼ ਨੂੰ ਬਦਨਾਮ ਕਰਨ ਅਤੇ ਵਿਦੇਸ਼ਾਂ ‘ਚ ਵਸਦੇ ਸਿੱਖ ਕਾਰਕੁਨਾਂ ਨੂੰ ਭੰਡਣ ਲਈ ਦਿੱਤਾ ਗਿਆ ਸੀ।
ਮੇਰੀ ਇੱਕੋ-ਇਕ ਸ਼ਿਕਾਇਤ ਇਹ ਰਹੀ ਹੈ ਕਿ ਜਿਨ੍ਹਾਂ ਸਿੱਖ ਸ਼ੱਕੀਆਂ ਦੇ ਨਾਂ ਮੀਡੀਆ ‘ਚ ਵਾਰ-ਵਾਰ ਸਾਹਮਣੇ ਆਏ ਹਨ, ਉਨ੍ਹਾਂ ਬਾਰੇ ਸਪੱਸ਼ਟ ਕਰਨਾ ਜ਼ਰੂਰੀ ਹੈ। ਜੇਕਰ ਉਹ ਸੱਚਮੁੱਚ ਹੀ ਨਿਰਦੋਸ਼ ਹਨ ਤਾਂ ਉਨ੍ਹਾਂ ‘ਤੇ ਦੋਸ਼ ਕਿਵੇਂ ਲਗਾਏ ਗਏ? ਨਾਲ ਹੀ ਉਨ੍ਹਾਂ ਨੂੰ ਸਿੱਖ ਭਾਈਚਾਰੇ ਨੂੰ ਮਨੁੱਖੀ ਢਾਲ ਵਜੋਂ ਵਰਤਣ ਦਾ ਕੋਈ ਹੱਕ ਨਹੀਂ ਹੈ। ਇੰਨਾ ਹੀ ਨਹੀਂ, ਕੁਝ ਲੋਕਾਂ ਨੇ ਤਾਂ ਇਹ ਦਾਅਵਾ ਵੀ ਕੀਤਾ ਕਿ ਮਲਿਕ ਅਤੇ ਬਾਗੜੀ ਦੇ ਬਰੀ ਹੋਣ ਨਾਲ ਸਿੱਖਾਂ ‘ਤੇ ਲੱਗਾ ਦਾਗ ਮਿਟ ਗਿਆ ਹੈ, ਜਿਵੇਂ ਉਹ ਪੂਰੇ ਸਿੱਖ ਭਾਈਚਾਰੇ ਦੀ ਨੁਮਾਇੰਦਗੀ ਕਰਦੇ ਹੋਣ। ਮੈਂ ਇਸ ਨੂੰ ਲੈ ਕੇ ਰੋਹ ‘ਚ ਸੀ ਕਿ ਬੰਬ ਧਮਾਕਿਆਂ ‘ਚ 80 ਬੱਚੇ ਮਾਰੇ ਗਏ ਸਨ। ਭਾਰਤੀ ਸਟੇਟ ਨੇ ਸਿੱਖਾਂ ਨਾਲ ਜੋ ਕੀਤਾ, ਉਸ ਨਾਲ ਉਨ੍ਹਾਂ ਨਿੱਕੀਆਂ-ਨਿੱਕੀਆਂ ਜਿੰਦਾਂ ਦਾ ਕੋਈ ਲੈਣਾ-ਦੇਣਾ ਨਹੀਂ ਸੀ। ਉਹ ਸਿਰਫ ਗਰਮੀਆਂ ਦੀਆਂ ਛੁੱਟੀਆਂ ਕੱਟਣ ਲਈ ਭਾਰਤ ਵਿਚ ਆਪਣੇ ਪਰਿਵਾਰਾਂ ਨੂੰ ਮਿਲਣ ਜਾ ਰਹੇ ਸਨ।
ਪੀੜਤਾਂ ਦੇ ਪਰਿਵਾਰਾਂ ਨੂੰ ਨਿਆਂ ਮਿਲਣਾ ਚਾਹੀਦਾ ਹੈ, ਇਸ ਮਨੋਰਥ ਨਾਲ ਮੈਂ ਬੰਬ ਧਮਾਕਿਆਂ ਦੀ 25ਵੀਂ ਵਰ੍ਹੇਗੰਢ ‘ਚ ਸ਼ਾਮਿਲ ਹੋਣ ਲਈ ਆਇਰਲੈਂਡ ਗਿਆ ਅਤੇ ਉਨ੍ਹਾਂ ਬਹੁਤ ਸਾਰੇ ਲੋਕਾਂ ਨੂੰ ਮਿਲਿਆ ਜੋ ਆਪਣੇ ਪਿਆਰਿਆਂ ਨੂੰ ਚੇਤੇ ਕਰਨ ਲਈ ਉੱਥੇ ਇਕੱਠੇ ਹੋਏ ਸਨ। ਮੈਂ ਉਨ੍ਹਾਂ ਦੀਆਂ ਕਹਾਣੀਆਂ ‘ਤੇ ਆਧਾਰਿਤ ਕਿਤਾਬ ਪ੍ਰਕਾਸ਼ਿਤ ਕੀਤੀ।
ਇਸ ਦੌਰਾਨ, ਬਹੁਤ ਸਾਰੀਆਂ ਸਾਜ਼ਿਸ਼ ਦੀਆਂ ਥਿਊਰੀਆਂ ਚੱਲਦੀਆਂ ਰਹੀਆਂ। ‘ਸੌਫਟ ਟਾਰਗੇਟ’ ਨਾਂ ਦੀ ਇਕ ਕਿਤਾਬ ਦਾ ਸਿੱਖਾਂ ਵੱਲੋਂ ਵਿਆਪਕ ਤੌਰ ‘ਤੇ ਹਵਾਲਾ ਦਿੱਤਾ ਜਾਂਦਾ ਸੀ। ਇਸ ਅਨੁਸਾਰ, ਏਅਰ ਇੰਡੀਆ ਬੰਬ ਕਾਂਡ ਰਾਅ ਦਾ ਗੁਪਤ ਕਾਰਾ ਸੀ। ਸਾਫਟ ਟਾਰਗੇਟ ਨੇ ਸ਼ੱਕੀ ਵਿਅਕਤੀਆਂ ਦੇ ਭਾਰਤੀ ਏਜੰਸੀਆਂ ਦੇ ਬੰਦਿਆਂ ਨਾਲ ਸਬੰਧਾਂ ਦੇ ਬਹੁਤ ਸਾਰੇ ਵੇਰਵਿਆਂ ਦੀ ਜਾਂਚ ਕੀਤੀ। ਪੰਜਾਬ ਵਿਚ ਮਨੁੱਖੀ ਅਧਿਕਾਰ ਕਾਰਕੁਨਾਂ ਦਾ ਇਕ ਸਮੂਹ ਵੀ ਆਪਣੀ ਸੁਤੰਤਰ ਜਾਂਚ ਦੇ ਆਧਾਰ ‘ਤੇ ਅਜਿਹੇ ਹੀ ਨਤੀਜੇ ‘ਤੇ ਪੁੱਜਿਆ ਸੀ। ਮੈਂ ਇਸ ਦੀ ਰਿਪੋਰਟ ਵੀ ਕਰਦਾ ਰਿਹਾ ਹਾਂ, ਤੇ ਹਮੇਸ਼ਾ ਇਸ ਗੱਲ ‘ਤੇ ਜ਼ੋਰ ਦਿੰਦਾ ਰਿਹਾ ਹਾਂ ਕਿ ਇਸ ਸਮੁੱਚੇ ਕਾਂਡ ਨੂੰ ਵਿਸ਼ਾਲ ਸੋਚ ਨਾਲ ਦੇਖਣ-ਪਰਖਣ ਦੀ ਲੋੜ ਹੈ। ਨਰਮਪੰਥੀ ਸਿੱਖਾਂ ਦੇ ਇਕ ਹਿੱਸੇ ਅਤੇ ਪੀੜਤਾਂ ਦੇ ਪਰਿਵਾਰਾਂ ਨੂੰ ਵੀ ਸ਼ੱਕ ਸੀ, ਤੇ ਉਨ੍ਹਾਂ ਨੇ ਵੀ ਇਸ ਪਿੱਛੇ ਭਾਰਤੀ ਏਜੰਸੀਆਂ ਦਾ ਹੱਥ ਹੋਣ ਦਾ ਸ਼ੱਕ ਪ੍ਰਗਟਾਇਆ ਜੋ ਖਾੜਕੂਆਂ ‘ਚ ਘੁਸਪੈਠ ਕਰ ਚੁੱਕੀਆਂ ਸਨ।
ਇਸ ਸਭ ਕਾਸੇ ਨੂੰ ਪ੍ਰਚਾਰ ਕਹਿ ਕੇ ਸੌਖਿਆਂ ਹੀ ਖਾਰਜ ਕੀਤਾ ਜਾ ਸਕਦਾ ਹੈ ਪਰ ਤੱਥ ਮੂੰਹੋਂ ਬੋਲਦੇ ਹਨ। ਹਾਲੀਆ ਘਟਨਾਕ੍ਰਮ ਦੇ ਮੱਦੇਨਜ਼ਰ ਇਸ ਘੁਸਰ-ਮੁਸਰ ਨੂੰ ਹੋਰ ਵੀ ਬਾਹਰਮੁਖੀ ਅਤੇ ਆਲੋਚਨਾਤਮਕ ਤੌਰ ‘ਤੇ ਮੁਖਾਤਿਬ ਹੋ ਕੇ ਸਮੁੱਚੇ ਮਾਮਲੇ ‘ਤੇ ਮੁੜ ਵਿਚਾਰ ਕਰਨੀ ਚਾਹੀਦੀ ਹੈ।
ਇਹ ਬਹੁਤ ਚਿਰ ਪਹਿਲਾਂ ਹੋ ਜਾਣਾ ਚਾਹੀਦਾ ਸੀ ਪਰ ਹੁਣ ਵੀ ਬਹੁਤੀ ਦੇਰ ਨਹੀਂ ਹੋਈ, ਖਾਸ ਕਰਕੇ 14 ਜੁਲਾਈ ਨੂੰ ਸਰੀ ‘ਚ ਦਿਨ-ਦਿਹਾੜੇ ਮਲਿਕ ਦੇ ਰਹੱਸਮਈ ਕਤਲ ਤੋਂ ਬਾਅਦ। ਮਲਿਕ ਪਿੱਛੇ ਜਿਹੇ ਭਾਰਤ ਦੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਹਮਾਇਤੀ ਬਣ ਗਿਆ ਸੀ। ਇਸ ਤੋਂ ਪਹਿਲਾਂ, ਉਸ ਨੂੰ 2019 ‘ਚ ਭਾਰਤ ਸਰਕਾਰ ਵੱਲੋਂ ਆਪਣੇ ਜ਼ੱਦੀ ਮੁਲਕ ‘ਚ ਜਾਣ ਲਈ ਵੀਜ਼ਾ ਦਿੱਤਾ ਗਿਆ ਸੀ, ਜਿੱਥੇ ਉਹ ਅਤੇ ਉਸਦੇ ਰਿਸ਼ਤੇਦਾਰ ‘ਰਾਅ’ ਦੇ ਮੁਖੀ ਨੂੰ ਮਿਲੇ ਸਨ। ਨਤੀਜੇ ਵਜੋਂ ਉਸ ਦਾ ਸਿੱਖ ਵੱਖਵਾਦੀਆਂ ਨਾਲ ਬਖੇੜਾ ਖੜ੍ਹਾ ਹੋ ਗਿਆ ਪਰ ਇਹ ਤਾਂ ਕਹਾਣੀ ਦਾ ਸਿਰਫ ਇਕ ਹਿੱਸਾ ਹੈ, ਕਿਉਂਕਿ ਭਾਰਤੀ ਖੁਫੀਆ ਤੰਤਰ, ਮੋਦੀ ਪੱਖੀ ਮੀਡੀਆ ਅਤੇ ਉਸ ਦੇ ਹਮਾਇਤੀਆਂ ਨੇ ਹੋਰ ਸੰਭਾਵਿਤ ਪੱਖਾਂ ਨੂੰ ਦੇਖੇ ਬਿਨਾ ਹੀ ਉਸ ਦੇ ਸਿੱਖ ਆਲੋਚਕਾਂ ਵੱਲ ਉਂਗਲ ਉਠਾਉਣੀ ਸ਼ੁਰੂ ਕਰ ਦਿੱਤੀ ਹੈ। ਇਹ ਇਸ ਤੱਥ ਦੇ ਬਾਵਜੂਦ ਹੈ ਕਿ ਉਸ ਦੇ ਕਤਲ ਦੇ ਸਬੰਧ ‘ਚ ਦੋ ਗੈਰ-ਸਿੱਖ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਹੈ, ਤੇ ਮਨੋਰਥ ਬਾਰੇ ਕੋਈ ਗੱਲ ਨਹੀਂ ਹੋ ਰਹੀ। ਹਾਲਾਤ ਦੱਸਦੇ ਹਨ ਕਿ ਸੰਭਵ ਹੈ, ਇਹ ਪੇਸ਼ੇਵਰ ਕਤਲ ਹੋਵੇ। ਇਸੇ ਲਈ ਤੁਹਾਨੂੰ ਚਿੱਠੀ ਲਿਖ ਰਿਹਾ ਹਾਂ।
ਆਮ ਸੂਝ ਇਹ ਮੰਗ ਕਰਦੀ ਹੈ ਕਿ ਜਾਂਚ ਕਰਤਾਵਾਂ ਨੂੰ ਸਾਰੀਆਂ ਸੰਭਾਵਨਾਵਾਂ ਦੀ ਘੋਖ ਕਰਨੀ ਚਾਹੀਦੀ ਹੈ ਅਤੇ ਕਿਸੇ ਵੀ ਗੱਲ ਨੂੰ ਰੱਦ ਨਹੀਂ ਕਰਨਾ ਚਾਹੀਦਾ। ਫਿਲਹਾਲ ਇਹ ਦੇਖਣਾ ਹੋਵੇਗਾ ਕਿ ਇਸ ਚਰਚਿਤ ਕਤਲ ਦਾ ਫਾਇਦਾ ਕਿਸ ਨੂੰ ਹੋ ਰਿਹਾ ਹੈ। ਸਿੱਖ ਵੱਖਵਾਦੀਆਂ ਉੱਪਰ ਇਲਜ਼ਾਮ ਲਗਾਉਣਾ ਸੌਖਾ ਹੈ। ਇਸ ਲਈ ਸਵਾਲ ਇਹ ਹੈ ਕਿ ਉਹ ਕਿਸੇ ਅਜਿਹੇ ਵਿਅਕਤੀ ਨੂੰ ਕਿਉਂ ਮਾਰਨਗੇ ਜਿਸ ਦੇ ਕਤਲ ਦਾ ਦੋਸ਼ ਉਨ੍ਹਾਂ ਉੱਪਰ ਸਹਿਜੇ ਹੀ ਲਗਾਇਆ ਜਾ ਸਕਦਾ ਹੈ? ਕੀ ਇਹ ਸੱਚਮੁੱਚ ਉਨ੍ਹਾਂ ਦੀ ਮਦਦ ਕਰਦਾ ਹੈ ਜਾਂ ਇਸ ਨਾਲ ਉਨ੍ਹ੍ਹਾਂ ਦਾ ਹੋਰ ਨੁਕਸਾਨ ਹੁੰਦਾ ਹੈ?
ਇਨ੍ਹਾਂ ਸਾਲਾਂ ‘ਚ ਭਾਰਤੀ ਲਾਬੀ ਨੇ ਕੈਨੇਡਾ ‘ਚ ਸਿੱਖ ਵੱਖਵਾਦੀਆਂ ਵਿਰੁੱਧ ਮੁਹਿੰਮ ਤੇਜ਼ ਕਰ ਦਿੱਤੀ ਹੈ, ਹਾਲਾਂਕਿ ਇਕ ਵੱਖਰੇ ਸਿੱਖ ਹੋਮਲੈਂਡ ਲਈ ਅੰਦੋਲਨ ਭਾਰਤ ਵਿਚ ਆਪਣੀ ਖਿੱਚ ਗੁਆ ਚੁੱਕਾ ਹੈ। ਕੈਨੇਡਾ ਵਿਚ ਉਨ੍ਹਾਂ ਸਿਰ ਮੜ੍ਹੀ ਕੋਈ ਵੀ ਹਿੰਸਕ ਕਾਰਵਾਈ ਸਿਰਫ ਹਿੰਦੂ ਬਹੁਗਿਣਤੀ ਦੀ ਪਾਲਾਬੰਦੀ ਕਰਨ, ਸਿੱਖ ਅਤਿਵਾਦ ਪ੍ਰਤੀ ਕੈਨੇਡਾ ਵੱਲੋਂ ਨਰਮਾਈ ਵਰਤਣ ਦੀ ਉਨ੍ਹਾਂ ਦੀ ਦਲੀਲ ਨੂੰ ਮਜ਼ਬੂਤ ਕਰਨ, ਅਤੇ ਮਨੁੱਖੀ ਹੱਕਾਂ ਦੇ ਘਾਣ ਦੀਆਂ ਕਹਾਣੀਆਂ ਤੇ 1984 ਬਾਬਤ ਇਨਸਾਫ ਦੀ ਲੜਾਈ ਦੇ ਸੰਦਰਭ ਵਿਚ ਸਿੱਖ ਅਸੰਤੋਖ ਦੀ ਕਿਸੇ ਵੀ ਆਵਾਜ਼ ਨੂੰ ਦਬਾਉਣ ‘ਚ ਹੀ ਮਦਦ ਕਰਦੀ ਹੈ।
ਸੋ, ਕਾਲਪਨਿਕ ਦੋਸ਼ੀਆਂ ਦਾ ਪਿੱਛਾ ਕਰਦੇ ਰਹਿਣ ਦੀ ਬਜਾਇ ਕਿਉਂ ਨਾ ਅਸਲ ਦੋਸ਼ੀਆਂ ਦੀ ਭਾਲ ਕੀਤੀ ਜਾਵੇ?
ਆਓ ਦੇਖੀਏ ਕਿ ਕਾਹਲ ਕਰਨ ਦੀ ਕੋਸ਼ਿਸ਼ ਕੌਣ ਕਰ ਰਿਹਾ ਹੈ? ਇਨ੍ਹਾਂ ਵਿਚ ਹਿੰਦੂ ਅੰਧ-ਰਾਸ਼ਟਰਵਾਦੀ ਆਗੂ ਮੋਦੀ ਦੇ ਸੱਜੇ-ਪੱਖੀ ਹਮਾਇਤੀ ਹਨ ਜਿਨ੍ਹਾਂ ਨੇ ਸੋਸਲ ਮੀਡੀਆ ਉੱਪਰ ਕਿਹਾ ਹੈ ਕਿ ਮਲਿਕ ਦਾ ਕਤਲ ਸਿੱਖ ਕੱਟੜਪੰਥੀਆਂ ਵੱਲੋਂ ਪਾਕਿਸਤਾਨੀ ਏਜੰਸੀਆਂ ਦੀ ਮਿਲੀਭੁਗਤ ਨਾਲ ਕੀਤਾ ਗਿਆ ਹੈ ਕਿਉਂਕਿ ਉਸ ਨੇ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਉਸ ਦੀ ਹਮਾਇਤ ਕੀਤੀ ਸੀ। ਇਸ ਦੀ ਕੋਈ ਤੁਕ ਨਹੀਂ ਬਣਦੀ; ਕੈਨੇਡਾ ਵਿਚ ਜਾਂਚ ‘ਚ ਕੋਈ ਪ੍ਰਗਤੀ ਨਹੀਂ ਹੋਈ ਹੈ, ਜਦੋਂ ਕਿ ਜਿਨ੍ਹਾਂ ਕਈ ਹਿੰਦੂ ਅਤੇ ਸਿੱਖ ਆਗੂਆਂ ਨੇ 2015 ‘ਚ ਮੋਦੀ ਦੀ ਵੈਨਕੂਵਰ ਫੇਰੀ ਦੌਰਾਨ ਉਸ ਦਾ ਖੁੱਲ੍ਹੇਆਮ ਸਵਾਗਤ ਕੀਤਾ ਸੀ, ਉਨ੍ਹਾਂ ‘ਚੋਂ ਕਿਸੇ ਦਾ ਵਾਲ ਵੀ ਵਿੰਗਾ ਨਹੀਂ ਹੋਇਆ। ਫਿਰ ਅਸੀਂ ਇਸ ਉੱਪਰ ਯਕੀਨ ਕਿਵੇਂ ਕਰ ਸਕਦੇ ਹਾਂ?
ਗ਼ੌਰਤਲਬ ਹੈ ਕਿ ਇਨ੍ਹਾਂ ਵਿਚੋਂ ਬਹੁਤੇ ਲੋਕਾਂ ਨੇ ਇਸ ਗੱਲ ਨੂੰ ਅੱਖੋਂ-ਪਰੋਖੇ ਕਰ ਦਿੱਤਾ ਕਿ ਕਿਵੇਂ 2012 ‘ਚ ਅਦਾਲਤ ਵੱਲੋਂ ਮਲਿਕ ਨੂੰ ਬੇਕਸੂਰ ਕਹਿਣ ਤੋਂ ਨਾਂਹ ਕਰ ਦਿੱਤੀ ਗਈ ਸੀ ਅਤੇ ਉਨ੍ਹਾਂ ਨੇ ਮੋਦੀ ਸਰਕਾਰ ਵੱਲੋਂ ਮਲਿਕ ਨੂੰ ਵੀਜਾ ਦੇਣ ਦੀ ਸਿਆਣਪ ਅਤੇ ਰਾਅ ਦੇ ਮੁਖੀ ਤੱਕ ਉਸ ਦੀ ਪਹੁੰਚ ਉੱਪਰ ਕਦੇ ਕੋਈ ਸਵਾਲ ਨਹੀਂ ਉਠਾਇਆ। ਬਦਕਿਸਮਤੀ ਨਾਲ, ਕਈ ਸਿੱਖ ਜਥੇਬੰਦੀਆਂ ਵੱਲੋਂ ਮੰਗ ਕੀਤੇ ਦੇ ਬਾਵਜੂਦ ਹੁਣ ਤੱਕ ਏਅਰ ਇੰਡੀਆ ਕਾਂਡ ਦੀਆਂ ਜਾਂਚਾਂ ਜਾਂ ਤਾਂ ਇਸ ਨਜ਼ਰੀਏ ਤੋਂ ਕੇਸ ਨੂੰ ਦੇਖਣ ‘ਚ ਪੂਰੀ ਤਰ੍ਹਾਂ ਅਸਫਲ ਰਹੀਆਂ ਹਨ, ਜਾਂ ਇਸ ਨੂੰ ਬਹੁਤ ਹੀ ਦੋਚਿੱਤੀ ਨਾਲ ਛੂਹਿਆ ਗਿਆ ਹੈ। ਇਸ ਨਾਲ ਸਿਰਫ ਇਸ ਵਿਸ਼ਵਾਸ ਨੂੰ ਮਜ਼ਬੂਤੀ ਮਿਲਦੀ ਹੈ ਕਿ ਕੈਨੇਡਾ ਭਾਰਤ ਸਰਕਾਰ ਦੇ ਦਬਾਅ ਹੇਠ ਹੈ।
ਮਲਿਕ ਦੀ ਮੌਤ ਨਾਲ ਤੁਹਾਡੀ ਸਰਕਾਰ ਲਈ ਇਹ ਬਹੁਤ ਜ਼ਰੂਰੀ ਹੋ ਗਿਆ ਹੈ ਕਿ ਇਸ ਸੰਭਾਵਨਾ ਦੀ ਤੁਰੰਤ ਗੰਭੀਰਤਾ ਨਾਲ ਜਾਂਚ ਕਰਾਈ ਜਾਵੇ। ਤੁਹਾਡੀ ਪੁਲਿਸ ਪਹਿਲਾਂ ਹੀ ਸਧਾਰਨ ਸ਼ੱਕੀ ਲੋਕਾਂ ਉੱਪਰ ਆਪਣੀ ਤਾਕਤ ਅਤੇ ਵਸੀਲੇ ਅਜਾਈਂ ਗੁਆ ਚੁੱਕੀ ਹੈ। ਮਲਿਕ ਵਰਗੇ ਸਿੱਖ ਸ਼ਖਸਾਂ ਦੀ ਪਹਿਲਾਂ ਹੀ ਜਾਂਚ ਕੀਤੀ ਜਾ ਚੁੱਕੀ ਹੈ। ਜੋ ਅਸੀਂ ਪਹਿਲਾਂ ਹੀ ਜਾਣਦੇ ਹਾਂ ਹੁਣ ਵਧੇਰੇ ਖਾਸ ਜਾਂਚ ਉਸ ਤੋਂ ਅੱਗੇ ਲੈ ਕੇ ਜਾਣ ਦਾ ਸਮਾਂ ਆ ਗਿਆ ਹੈ। ਭਾਰਤ ਦੀ ਬੇਕਿਰਕ ਸਰਕਾਰ ਤਾਂ 1984 ‘ਚ ਆਪਣੇ ਹੀ ਲੋਕਾਂ ਦੇ ਕਤਲ ਕਰਾਉਣ ‘ਚ ਕਾਮਯਾਬ ਹੋ ਗਈ ਸੀ, ਉਹ 331 ਮਨੁੱਖੀ ਜਾਨਾਂ ਲੈਣ ਵਾਲੇ ਅਜਿਹੇ ਅਨਸਰਾਂ ਦੀਆਂ ਸੇਵਾਵਾਂ ਲੈਣ ਸਮੇਂ ਬਹੁਤਾ ਨਹੀਂ ਸੋਚੇਗੀ, ਜੇ ਇਹ ਉਸ ਨੂੰ ਰਾਸ ਆਉਂਦਾ ਹੈ। ਆਖਿਰਕਾਰ, ਏਅਰ ਇੰਡੀਆ ਬੰਬ ਕਾਂਡ ਨੇ ਸਿੱਖ ਨਸਲਕੁਸ਼ੀ ਦੇ ਪੀੜਤਾਂ ਦਾ ਨਿਆਂ ਹਾਸਲ ਕਰਨ ਦਾ ਕਾਜ ਹੀ ਬੇਅਸਰ ਬਣਾ ਦਿੱਤਾ ਸੀ।
ਇਹ ਗੱਲ ਪਹਿਲਾਂ ਹੀ ਸਥਾਪਿਤ ਹੋ ਚੁੱਕੀ ਹੈ ਕਿ ਪਰਮਾਰ ਵਰਗੇ ਬੰਦਿਆਂ ਵੱਲੋਂ ਦਿੱਤੀਆਂ ਧਮਕੀਆਂ ਦੇ ਮੱਦੇਨਜ਼ਰ ਏਅਰ ਇੰਡੀਆ ਬੰਬ ਕਾਂਡ ਨੂੰ ਰੋਕਿਆ ਜਾ ਸਕਦਾ ਸੀ। ਘੱਟੋ-ਘੱਟ ਏਅਰ ਇੰਡੀਆ ਜਾਂ ਭਾਰਤ ਸਰਕਾਰ ਕੁਝ ਚਿਰ ਲਈ ਉਡਾਣਾਂ ਰੱਦ ਕਰ ਸਕਦੀ ਸੀ ਪਰ ਅਜਿਹਾ ਕਦੇ ਨਹੀਂ ਕੀਤਾ ਗਿਆ। ਇਸ ਦੀ ਬਜਾਏ ਸਗੋਂ ਹਮਲਾਵਰਾਂ ਨੂੰ ਸਾਜ਼ਿਸ਼ ਘੜਨ ਅਤੇ ਆਪਣੀਆਂ ਯੋਜਨਾਵਾਂ ਨੂੰ ਅੰਜਾਮ ਦੇਣ ਲਈ ਕਾਫੀ ਸਮਾਂ ਦਿੱਤਾ ਗਿਆ। ਮਗਰੋਂ ਜਦੋਂ ਪਰਮਾਰ 1992 ‘ਚ ਭਾਰਤੀ ਪੁਲਿਸ ਦੇ ਜਾਲ ‘ਚ ਫਸ ਗਿਆ ਤਾਂ ਉਨ੍ਹਾਂ ਨੇ ਉਸ ਨੂੰ ਖਤਮ ਕਰ ਦਿੱਤਾ। ਇਸ ਤੋਂ ਸਿਰਫ ਇਹੀ ਪਤਾ ਲੱਗਦਾ ਹੈ ਕਿ ਇਹ ਕਿਸੇ ਵਧੇਰੇ ਘਿਨਾਉਣੇ ਕਾਰੇ ਉੱਪਰ ਪਰਦਾ ਪਾਉਣ ਦੀ ਕੋਸ਼ਿਸ਼ ਸੀ।
ਇਸ ਤੋਂ ਪਹਿਲਾਂ ਕਿ ਬਹੁਤ ਦੇਰ ਹੋ ਜਾਵੇ, ਤੁਹਾਡੀ ਸਰਕਾਰ ਨੂੰ ਕਾਰਵਾਈ ਕਰਨੀ ਚਾਹੀਦੀ ਹੈ। ਕਿਰਪਾ ਕਰਕੇ ਸੱਚ ਖਾਤਰ ਕੈਨੇਡੀਅਨ ਸੁਰੱਖਿਆ ਤੇ ਖੁਫੀਆ ਅਧਿਕਾਰੀਆਂ ਨੂੰ ਇਹ ਜ਼ਰੂਰ ਕਹੋ ਕਿ ਉਹ ਮਰ ਚੁੱਕੇ ਤੇ ਜਿਊਂਦੇ, ਦੋਵੇਂ ਤਰ੍ਹਾਂ ਦੇ ਸ਼ੱਕੀ ਵਿਅਕਤੀਆਂ ਅਤੇ ਕੈਨੇਡਾ ‘ਚ ਭਾਰਤੀ ਏਜੰਟਾਂ ਦੇ ਸਬੰਧਾਂ ਬਾਰੇ ਹੋਰ ਜਾਣਕਾਰੀ ਹਾਸਲ ਕਰਨ। ਇਸ ਸਮੇਂ, ਭਾਰਤ ਦਾ ਮੀਡੀਆ ਅਤੇ ਖੁਫੀਆ ਏਜੰਸੀਆਂ ਮਲਿਕ ਦੇ ਕਤਲ ਬਾਰੇ ਬਹੁਤ ਜ਼ਿਆਦਾ ਬੇਲੋੜਾ ਹੋ-ਹੱਲਾ ਮਚਾ ਰਹੀਆਂ ਹਨ ਤੇ ਵੈਨਕੂਵਰ ਵਿਚ ਸਿੱਖ ਕਾਰਕੁਨਾਂ ਨੂੰ ਭੰਡਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਇਹ ਜ਼ਰੂਰੀ ਹੈ ਕਿ ਕੈਨੇਡਾ ਉਨ੍ਹਾਂ ਦੀਆਂ ਨਾਕਾਮੀਆਂ ਅਤੇ ਸਾਡੇ ਮੁਲਕ ਦੇ ਸਮਾਜੀ-ਸਿਆਸੀ ਮਾਹੌਲ ਨੂੰ ਵਿਗਾੜਨ ਲਈ ਉਨ੍ਹਾਂ ਵੱਲੋਂ ਖੇਡੀਆਂ ਜਾ ਰਹੀਆਂ ਚਾਲਾਂ ਲਈ ਉਨ੍ਹਾਂ ਨੂੰ ਜਵਾਬਦੇਹ ਬਣਾਵੇ। ਉਮੀਦ ਹੈ, ਤੁਸੀਂ ਭਾਈਚਾਰੇ ਦੇ ਉਸ ਵਿਅਕਤੀ ਦੀ ਆਵਾਜ਼ ਜ਼ਰੂਰ ਸੁਣੋਗੇ ਜਿਸ ਦੀ ਹਰ ਖਬਰ ਉੱਪਰ ਤਿੱਖੀ ਨਜ਼ਰ ਹੈ।