ਹਿੰਦੂਤਵ ਪੌਪ: ਨਫਰਤ ਦੀ ਟੂਲ-ਕਿੱਟ ਦਾ ਨਵਾਂ ਸੰਦ

ਬੂਟਾ ਸਿੰਘ ਮਹਿਮੂਦਪੁਰ
ਫੋਨ: +91-94634-74342
ਹਿੰਦੂਤਵੀ ਸਿਆਸਤ ਦੀ ਚੜ੍ਹਤ ਨੇ ਆਮ ਲੋਕਾਂ ਦੀ ਸੋਚ ‘ਤੇ ਆਪਣੇ ਢੰਗ ਨਾਲ ਅਸਰ ਪਾਇਆ ਹੈ ਪਰ ਲੋਕਾਂ ਦੀ ਨਰੋਈ ਸੋਚ ਨੂੰ ਪਲੀਤ ਕਰਨ ਲਈ ਇਸ ਨੇ ਪੂਰੀ ਯੋਜਨਾਬੰਦੀ ਕੀਤੀ ਅਤੇ ਇਹ ਆਪਣੀ ਇਸ ਯੋਜਨਾਬੰਦੀ ਵਿਚ ਕਾਮਯਾਬ ਵੀ ਹੋਈ ਹੈ। ਲੋਕਾਂ ਨੂੰ ਭਰਮਾਉਣ ਲਈ ਇਸ ਨੇ ਫਿਰਕੂ ਪਾੜਾ ਵਧਾਉਣ ਵਾਲੇ ਗਾਇਕਾਂ ਨੂੰ ਜੋ ਹੱਲਾਸ਼ੇਰੀ ਦਿੱਤੀ ਹੈ, ਉਸ ਨੇ ਸਮਾਜ ‘ਚ ਬੜਾ ਕੁਝ ਬਦਲਿਆ ਹੈ। ਸਾਡੇ ਕਾਲਮਨਵੀਸ ਬੂਟਾ ਸਿੰਘ ਮਹਿਮੂਦਪੁਰ ਨੇ ਕੱਟੜਪੰਥੀਆਂ ਦੇ ਹੱਲੇ ਬਾਰੇ ਵਿਸਥਾਰ ਸਹਿਤ ਟਿੱਪਣੀ ਕੀਤੀ ਹੈ।

‘ਟੋਪੀ ਵਾਲਾ ਵੀ ਸਰ ਝੁਕਾ ਕਰ ਜੈ ਸ਼੍ਰੀ ਰਾਮ ਬੋਲੇਗਾ’, ‘ਜੋ ਰਾਮ ਕਾ ਨਾਮ ਨਾ ਲੇ, ਉਸੇ ਭਾਰਤ ਸੇ ਭਗਾਨਾ ਹੈ’, ‘ਮੁੱਲੋ ਜਾਓ ਪਾਕਿਸਤਾਨ’। ਇਹ ਕਿਸੇ ਹਿੰਦੂਤਵੀ ਰੈਲੀ ‘ਚ ਲਗਾਏ ਜਾਣ ਵਾਲੇ ਨਾਅਰੇ ਨਹੀਂ, ਦਰਅਸਲ ਮੋਦੀ ਯੁਗ ‘ਚ ਉੱਭਰੇ ‘ਡੀਜੇ ਹਿੰਦੂਤਵ’ ਦੀ ਇਕ ਝਲਕ ਹਨ ਜਿਸ ਨੂੰ ‘ਹਿੰਦੂਤਵ ਪੌਪ’ ਵੀ ਕਿਹਾ ਜਾਂਦਾ ਹੈ। ਹਿੰਦੂਤਵ ਦੇ ਸਿਆਸੀ ਏਜੰਡੇ ਦਾ ਸੰਦੇਸ਼ ਦਿੰਦੇ ਇਹ ਗੀਤ ਉਨ੍ਹਾਂ ਧਾਰਮਿਕ ਜਲੂਸਾਂ ‘ਚ ਬੇਹੱਦ ਉੱਚੀ ਆਵਾਜ਼ ‘ਚ ਵੱਜਦੇ ਅਕਸਰ ਹੀ ਸੁਣੇ ਜਾ ਸਕਦੇ ਹਨ ਜੋ ਆਰ.ਐੱਸ.ਐੱਸ.-ਭਾਜਪਾ ਨਾਲ ਸੰਬੰਧਤ ਵੱਖ-ਵੱਖ ਜਥੇਬੰਦੀਆਂ ਵੱਲੋਂ ਕੱਢੇ ਜਾਂਦੇ ਹਨ। ਕਥਿਤ ਧਾਰਮਿਕ ਜਲੂਸਾਂ ਤੋਂ ਬਾਅਦ ਫਿਰਕੂ ਹਿੰਸਾ ਦਾ ਭੜਕਣਾ ਸੰਘ ਪਰਿਵਾਰ ਦੇ ਇਤਿਹਾਸ ‘ਚ ਨਵੀਂ ਗੱਲ ਨਹੀਂ ਹੈ ਪਰ 2014 ‘ਚ ਆਰ.ਐੱਸ.ਐੱਸ.-ਭਾਜਪਾ ਦੇ ਭਾਰੀ ਬਹੁਮਤ ਨਾਲ ਸੱਤਾ ਉੱਪਰ ਕਾਬਜ਼ ਹੋਣ ਤੋਂ ਬਾਅਦ ਇਹ ਪਹਿਲਾਂ ਨਾਲੋਂ ਵੀ ਜ਼ਿਆਦਾ ਯੋਜਨਾਬੱਧ ਅਤੇ ਹਮਲਾਵਰ ਹੋ ਗਈ ਹੈ। ‘ਹਿੰਦੂਤਵ ਪੌਪ’ ਨੂੰ ਨਫਰਤ ਅਤੇ ਹਿੰਸਾ ਭੜਕਾਊ ‘ਟੂਲ ਕਿੱਟ’ ਦੇ ਨਵੇਂ ਸੰਦ ਦੇ ਰੂਪ ‘ਚ ਪੂਰੀ ਮੁਹਾਰਤ ਨਾਲ ਵਿਕਸਤ ਕੀਤਾ ਗਿਆ ਹੈ। ਇਸ ਸਾਲ ਮੁਲਕ ‘ਚ ਕਈ ਜਗਾ੍ਹ ‘ਰਾਮਨੌਮੀ ਜਲੂਸ’ ਦੇ ਨਾਂ ਹੇਠ ਭਗਵੀਂਆਂ ਰੈਲੀਆਂ ਕਰਕੇ ਜੋ ਹਿੰਸਾ ਭੜਕਾਈ ਗਈ, ਉਸ ਲਈ ਮਾਹੌਲ ਨੂੰ ਉਤੇਜਿਤ ਕਰਨ ਦਾ ਕੰਮ ਉਨ੍ਹਾਂ ਜਲੂਸਾਂ ਅਤੇ ਰੈਲੀਆਂ ‘ਚ ਡੀ.ਜੀ. ਉੱਪਰ ਵਜਾਏ ਗਏ ਭੜਕਾਊ ਗੀਤਾਂ ਨੇ ਕੀਤਾ। ਸੁਤੰਤਰ ਪੱਤਰਕਾਰ ਸਮਰਿਧੀ ਸਕੁਨੀਆ ਨੇ ਇਸ ਵਰਤਾਰੇ ਦਾ ਬਾਰੀਕੀ ‘ਚ ਅਧਿਐਨ ਕੀਤਾ ਹੈ। ਉਸ ਨੇ ਜ਼ਮੀਨੀ ਹਕੀਕਤ ਦੀ ਛਾਣ-ਬੀਣ ਕਰਕੇ ਜੋ ਭਰਵੀਂ ਰਿਪੋਰਟ ਤਿਆਰ ਕੀਤੀ ਹੈ, ਉਸ ਦੀ ਸੰਖੇਪ ਝਲਕ ‘ਹਿੰਦੂਤਵ ਪੌਪ’ ਦੇ ਖਤਰਨਾਕ ਪ੍ਰਭਾਵਾਂ ਨੂੰ ਸਮਝਣ ਲਈ ਕਾਫੀ ਹੈ। ਹੋਰ ਰੂਪਾਂ ‘ਚ ਨਫਰਤ ਦੇ ਪਸਾਰੇ ਦੇ ਨਾਲ ਇਹ ਬਹੁਗਿਣਤੀ ਹਿੰਦੂ ਭਾਈਚਾਰੇ ਦੇ ਮਨਾਂ ‘ਚ ਜ਼ਹਿਰ ਭਰਨ ਦਾ ਬਹੁਤ ਹੀ ਕਾਰਗਰ ਸੰਦ ਹੈ।
ਪਿਛਲੇ ਮਹੀਨਿਆਂ ‘ਚ ਉੱਤਰ ਪ੍ਰਦੇਸ਼ ਤੋਂ ਇਲਾਵਾ ਬਹੁਤ ਸਾਰੇ ਥਾਵਾਂ ਉੱਪਰ ਹਿੰਦੂਤਵ ਜਥੇਬੰਦੀਆਂ ਵੱਲੋਂ ਕੱਢੇ ਗਏ ਰਾਮਨੌਮੀ ਜਲੂਸਾਂ ਦੀ ਵਿਸ਼ੇਸ਼ ਖਾਸੀਅਤ ‘ਹਿੰਦੂਤਵ ਪੌਪ’ ਰਿਹਾ ਹੈ ਜਿਸ ਨੂੰ ਖਾਸ ਤੌਰ ‘ਤੇ ਨਮਾਜ ਪੜ੍ਹਨ ਦੇ ਸਮੇਂ ਮਸਜਿਦਾਂ ਦੇ ਸਾਹਮਣੇ ਅਤੇ ਮੁਸਲਿਮ ਮੁਹੱਲਿਆਂ ‘ਚ ਲੰਮਾ ਸਮਾਂ ਰੁਕ ਕੇ ਮੁਸਲਿਮ ਭਾਈਚਾਰੇ ਨੂੰ ਤੰਗ ਕਰਨ ਅਤੇ ਭੜਕਾਉਣ ਲਈ ਕੰਨ ਪਾੜਵੀਂ ਆਵਾਜ਼ ‘ਚ ਵਜਾਇਆ ਗਿਆ। ਕਰਨਾਟਕ ਦੇ ਰਾਏਚੁਰ ਸ਼ਹਿਰ ‘ਚ ਉਸਮਾਨੀਆ ਮਸਜਿਦ ਦੇ ਸਾਹਮਣੇ ਜੈਕਾਰੇ ਲਾ ਕੇ ‘ਮੰਦਿਰ ਵਹੀਂ ਬਨਾਏਂਗੇ’ ਗੀਤ ਵਜਾਇਆ ਗਿਆ ਅਤੇ ਭਗਵੇਂ ਝੰਡੇ ਲਹਿਰਾਏ ਗਏ। ਤਰੁਣ ਸਾਗਰ ਦੇ ਇਸ ਗੀਤ ਦੇ ਅਸਲ ਵੀਡੀਓ ‘ਚ ਬਾਬਰੀ ਮਸਜਿਦ ਨੂੰ ਤੋੜਨ ਦੇ ਫੁਟੇਜ ਦਿਖਾਏ ਗਏ ਹਨ। ਉਤਰਾਖੰਡ ‘ਚ ਰੁੜਕੀ ਨੇੜੇ ਪਿੰਡ ਦਾਦਾ ਜਲਾਲਪੁਰ ‘ਚ ਕਨ੍ਹੱਈਆ ਮਿੱਤਲ ਦਾ ਗੀਤ ‘ਜੋ ਰਾਮ ਕੋ ਲਾਏ ਹੈਂ, ਹਮ ਉਨਕੋ ਲਾਏਂਗੇ’ ਅਤੇ ਪ੍ਰੇਮ ਕ੍ਰਿਸ਼ਨਵੰਸ਼ੀ ਦਾ ‘ਮੁੱਲੋ ਜਾਓ ਪਾਕਿਸਤਾਨ’ ਡੀ.ਜੀ. ਉੱਪਰ ਵਜਾਉਂਦੇ ਹੋਏ ਜਲੂਸ ਕੱਢਿਆ ਗਿਆ। ਹੈਦਰਾਬਾਦ ‘ਚ ਰਾਮਨੌਮੀ ਦੇ ਜਲੂਸ ‘ਚ ਭਾਜਪਾ ਵਿਧਾਇਕ ਟੀ. ਰਾਜਾਸਿੰਘ ਨੇ ‘ਜੋ ਰਾਮ ਕਾ ਨਾਮ ਨਾ ਲੇ, ਉਸੇ ਭਾਰਤ ਸੇ ਭਗਾਨਾ ਹੈ’ ਗੀਤ ਖੁਦ ਗਾਇਆ। ਦਿੱਲੀ ਦੇ ਜਹਾਂਗੀਰਪੁਰੀ ਇਲਾਕੇ ‘ਚ ਤਲਵਾਰਾਂ ਅਤੇ ਬੰਦੂਕਾਂ ਲੈ ਕੇ ਜੋ ‘ਹਿੰਦੂ ਏਕਤਾ ਰੈਲੀ’ ਕੱਢੀ ਗਈ ਜਿਸ ਤੋਂ ਬਾਅਦ ਉੱਥੇ ਹਿੰਸਾ ਭੜਕੀ ਅਤੇ ਮੁਸਲਮਾਨਾਂ ਦੇ ਘਰਾਂ ਅਤੇ ਦੁਕਾਨਾਂ ਉੱਪਰ ਬੁਲਡੋਜ਼ਰ ਚਲਾਇਆ ਗਿਆ, ਉਸ ਵਿਚ ਵੀ ਲਕਸ਼ਮੀ ਦੂਬੇ ਦਾ ਗੀਤ ਡੀ.ਜੇ. ਉੱਪਰ ਉੱਚੀ ਆਵਾਜ਼ ‘ਚ ਵਜਾਇਆ ਗਿਆ। ਰਾਜਸਥਾਨ ਦੇ ਕਿਰੌਲੀ ‘ਚ ਸੰਦੀਪ ਚਤੁਰਵੇਦੀ ਦਾ ਗੀਤ ‘ਟੋਪੀ ਵਾਲਾ ਵੀ ਸਰ ਝੁਕਾ ਕਰ ਜੈ ਸ਼੍ਰੀਰਾਮ ਬੋਲੇਗਾ’ ਐਨੀ ਉੱਚੀ ਆਵਾਜ਼ ‘ਚ ਵਜਾਇਆ ਜਾ ਰਿਹਾ ਸੀ ਕਿ ਬਹੁਤ ਦੂਰ ਤੱਕ ਸੁਣਾਈ ਦਿੰਦਾ ਸੀ।
ਸਮਰਿਧੀ ਸਕੁਨੀਆ ਨੇ ਇਨ੍ਹਾਂ ਜ਼ਹਿਰੀਲੇ ਗੀਤਾਂ ਦਾ ਡੂੰਘਾ ਪ੍ਰਭਾਵ ਨੋਟ ਕਰਦੇ ਹੋਏ ਲਿਖਿਆ ਕਿ ਇਨ੍ਹਾਂ ਰੈਲੀਆਂ ‘ਚ ਹਿੱਸਾ ਲੈਣ ਵਾਲੇ ਜ਼ਿਆਦਾਤਰ ਲੋਕਾਂ ਨੂੰ ਇਹ ਗੀਤ ਜ਼ੁਬਾਨੀ ਚੇਤੇ ਹਨ ਅਤੇ ਛੋਟੇ ਬੱਚਿਆਂ ਤੋਂ ਲੈ ਕੇ ਅੱਧਖੜ ਉਮਰ ਦੇ ਵਿਅਕਤੀ ਆਪਣੇ ਇਨ੍ਹਾਂ ਮਨਪਸੰਦ ਗੀਤਾਂ ਅਤੇ ਗਾਉਣ ਵਾਲੇ ਕਲਾਕਾਰਾਂ ਦੇ ਨਾਂ ਦੱਸ ਸਕਦੇ ਹਨ। ਸੰਦੀਪ ਅਚਾਰੀਆ, ਲਕਸ਼ਮੀ ਦੁੱਬੇ, ਪ੍ਰੇਮ ਕ੍ਰਿਸ਼ਨਾਵੰਸ਼ੀ ਅਤੇ ਕਨ੍ਹੱਈਆ ਮਿੱਤਲ ‘ਹਿੰਦੂਤਵ ਪੌਪ’ ਦੇ ਚਰਚਿਤ ਸਟਾਰ ਗਾਇਕ ਹਨ ਜਿਨ੍ਹਾਂ ਨਾਲ ਸਮਰਿਧੀ ਨੇ ਯੂ.ਪੀ. ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਿੰਦੂਤਵ ਦੀ ਸਿਆਸਤ ਨੂੰ ਫੈਲਾਉਣ ‘ਚ ਉਨ੍ਹਾਂ ਦੀ ਭੂਮਿਕਾ ਨੂੰ ਸਮਝਣ ਲਈ ਵਿਸ਼ੇਸ਼ ਇੰਟਰਵਿਊ ਵੀ ਕੀਤੀਆਂ। ਇਨ੍ਹਾਂ ਚੋਣਾਂ ਸਮੇਂ ਪ੍ਰਚਾਰ ਰੈਲੀਆਂ ‘ਚ ਇਨ੍ਹਾਂ ਗੀਤਾਂ ਦੀ ਵਰਤੋਂ ਵਿਆਪਕ ਪੈਮਾਨੇ ‘ਤੇ ਕੀਤੀ ਗਈ। ਕਈ ਗੀਤ ਹਿੰਦੂਆਂ ‘ਚ ਐਨੇ ਮਕਬੂਲ ਹੋਏ ਕਿ ਯੂਟਿਊਬ ਉੱਪਰ ਲੱਖਾਂ ਲੋਕ ਇਨ੍ਹਾਂ ਦੇ ਵੀਡੀਓ ਦੇਖ ਚੁੱਕੇ ਹਨ। ਮੰਦਿਰਾਂ, ਸਿਆਸੀ ਰੈਲੀਆਂ ਅਤੇ ਸੱਭਿਆਚਾਰਕ ਪ੍ਰੋਗਰਾਮਾਂ ‘ਚ ਇਹ ਅਕਸਰ ਵਜਾਏ ਜਾਂਦੇ ਹਨ। ਨੌਜਵਾਨ ਇਨ੍ਹਾਂ ਗੀਤਾਂ ਨੂੰ ਰਿੰਗਟੋਨ ਵਜੋਂ ਵਰਤਦੇ ਹਨ। ਜ਼ਿਆਦਾਤਰ ਗਾਇਕਾਂ ਨਾਲ ਭਾਜਪਾ ਆਗੂਆਂ ਦੀ ਨਿੱਜੀ ਨੇੜਤਾ ਵੀ ਹੈ ਅਤੇ ਭਾਜਪਾ ਦਾ ਆਈ.ਟੀ. ਸੈੱਲ ਵੀ ਇਨ੍ਹਾਂ ਗੀਤਾਂ ਨੂੰ ਆਪਣੇ ਅਧਿਕਾਰਕ ਚੈਨਲਾਂ ਉੱਪਰ ਪ੍ਰੋਮੋਟ ਕਰਕੇ ਇਨ੍ਹਾਂ ਦਾ ਪ੍ਰਚਾਰ-ਪ੍ਰਸਾਰ ਕਰਨ ਲਈ ਪੂਰਾ ਸਰਗਰਮ ਹੈ। ਇਹ ਗਾਇਕ ਭਗਵੇਂ ਕੱਪੜੇ ਪਾ ਕੇ ਅਤੇ ਮੱਥੇ ‘ਤੇ ਤਿਲਕ ਲਗਾ ਕੇ ਮੰਚ ਦੇ ਪਿੱਛੇ ਟੰਗੀਆਂ ਹਿੰਦੂ ਦੇਵੀ-ਦੇਵਤਿਆਂ ਅਤੇ ਮੋਦੀ-ਯੋਗੀ ਦੀਆਂ ਤਸਵੀਰਾਂ ਨੂੰ ਪ੍ਰਣਾਮ ਕਰਕੇ ਆਪਣੇ ਪ੍ਰੋਗਰਾਮ ਸ਼ੁਰੂ ਕਰਦੇ ਹਨ। ਇਕ ਤਰ੍ਹਾਂ ਨਾਲ ਇਹ ਗੀਤ ਹਿੰਦੂ ਸੰਸਕ੍ਰਿਤੀ ਦਾ ਹਿੱਸਾ ਬਣਾ ਦਿੱਤੇ ਗਏ ਹਨ। ਇਨ੍ਹਾਂ ਦੇ ਵਿਆਪਕ ਪ੍ਰਭਾਵ ਦਾ ਅੰਦਾਜ਼ਾ ਇਨ੍ਹਾਂ ਨੂੰ ਦੇਖਣ-ਸੁਣਨ ਵਾਲਿਆਂ ਦੀ ਗਿਣਤੀ ਤੋਂ ਲਗਾਇਆ ਜਾ ਸਕਦਾ ਹੈ; ਮਸਲਨ, ਅਕਤੂਬਰ 2021 ‘ਚ ਕਨ੍ਹੱਈਆ ਮਿੱਤਲ ਦੇ ਅਧਿਕਾਰਕ ਯੂਟਿਊਬ ਚੈਨਲਾਂ ਉੱਪਰ ਰਿਲੀਜ਼ ਹੋਣ ਤੋਂ ਬਾਅਦ ਉਸ ਦੇ ਗੀਤ ‘ਜੋ ਰਾਮ ਕੋ ਲਾਏ ਹੈ, ਹਮ ਉਨਕੋ ਲਾਏਂਗੇ’ ਨੂੰ ਆਨਲਾਈਨ ਦਰਸ਼ਕਾਂ ਵੱਲੋਂ ਲੱਗਭੱਗ ਇਕ ਕਰੋੜ ਵਾਰ ਦੇਖਿਆ ਗਿਆ।
ਫੀਲਡ ਅਧਿਐਨ ਦੱਸਦਾ ਹੈ ਕਿ ਯੂ.ਪੀ. ਵਗੈਰਾ ‘ਚ ਹਜੂਮਾਂ ਵੱਲੋਂ ਇਨ੍ਹਾਂ ਗੀਤਾਂ ਦੇ ਗਾਇਕਾਂ ਦਾ ਰੌਕਸਟਾਰਾਂ ਦੀ ਤਰ੍ਹਾਂ ਤਾੜੀਆਂ ਅਤੇ ਜੈਕਾਰਿਆਂ ਨਾਲ ਸਵਾਗਤ ਕੀਤਾ ਜਾਂਦਾ ਹੈ। ‘ਭਜਨ ਸਮਰਾਟ’ ਵਜੋਂ ਮਸ਼ਹੂਰ ਕਨ੍ਹੱਈਆ ਮਿੱਤਲ ਵਰਗੇ ਕਲਾਕਾਰ ਹਜੂਮ ਦੀ ਧਾਰਮਿਕ ਸ਼ਰਧਾ ਨੂੰ ਵਰਤਣ ਦੇ ਮਾਹਿਰ ਹਨ। ਉਨ੍ਹਾਂ ਨੇ ਰਵਾਇਤੀ ਭਜਨ ਗਾਇਣ ਨੂੰ ਪੌਪ ਦੀ ਤਾਲ ‘ਤੇ ਢਾਲ ਲਿਆ ਹੈ। ਪ੍ਰੋਗਰਾਮਾਂ ਦੇ ਸ਼ੁਰੂ ‘ਚ ਕਨ੍ਹੱਈਆ ਮਿੱਤਲ ਭਗਵਾਨ ਸ਼ਿਆਮ ਨੂੰ ਧਿਆਉਣ ਉਪਰੰਤ ਉਸ ਨੂੰ ਸਮਰਪਿਤ ਭਗਤੀ ਗੀਤ ਪੌਪ ਦੀ ਤਾਲ ‘ਤੇ ਗਾ ਕੇ ਸਰੋਤਿਆਂ ਨੂੰ ਆਪਣੇ ਨਾਲ ਨੱਚਣ ਲਾ ਦਿੰਦੇ ਹਨ। ਉਹ ਅਧਿਆਤਮਕ ਸੰਦੇਸ਼ ਤੱਕ ਸੀਮਤ ਨਹੀਂ ਰਹਿੰਦਾ, ਉਸ ਦੇ ਗੀਤਾਂ ‘ਚ ਰਾਜਨੀਤਕ ਸੰਦੇਸ਼ ਉੱਘੜਵੇਂ ਰੂਪ ‘ਚ ਹੈ। ਮਿਸਾਲ ਵਜੋਂ, ‘ਜੋ ਰਾਮ ਕੋ ਲਾਏ ਹੈਂ, ਹਮ ਉਨਕੋ ਲਾਏਂਗੇ’ (ਭਾਵ ਜਿਨ੍ਹਾਂ ਨੇ ਅਯੁੱਧਿਆ ‘ਚ ਰਾਮ ਮੰਦਰ ਬਣਾਇਆ ਅਸੀਂ ਉਨ੍ਹਾਂ ਦੀ ਸਰਕਾਰ ਬਣਾਉਣੀ ਹੈ) ਨੇ ਵਿਧਾਨ ਸਭਾ ਚੋਣਾਂ ‘ਚ ਭਾਜਪਾ ਨੂੰ ਜਿਤਾਉਣ ਦਾ ਸਿੱਧਾ ਰਾਜਨੀਤਕ ਸੰਦੇਸ਼ ਦੇ ਕੇ ਮਾਹੌਲ ਤਿਆਰ ਕਰਨ ‘ਚ ਹਿੱਸਾ ਪਾਇਆ। ਜਿਨ੍ਹਾਂ ਪੰਜ ਰਾਜਾਂ ‘ਚ ਇਸ ਸਾਲ ਵਿਧਾਨ ਸਭਾ ਚੋਣਾਂ ਹੋਈਆਂ ਉੱਥੇ ਅਤੇ ਹੋਰ ਕਈ ਰਾਜਾਂ ‘ਚ ਮਿੱਤਲ ਨੇ ਬਹੁਤ ਸਾਰੇ ਸ਼ੋਅ ਕੀਤੇ ਅਤੇ ਲਗਾਤਾਰ ਕਰ ਰਿਹਾ ਹੈ। ਭਾਜਪਾ ਦੀਆਂ ਬਹੁਤ ਸਾਰੀਆਂ ਰੈਲੀਆਂ ‘ਚ ਉਸ ਦਾ ਗੀਤ ਚੋਣ ਮੁਹਿੰਮ ਦਾ ਅਨਿੱਖੜ ਹਿੱਸਾ ਬਣਿਆ ਰਿਹਾ। ਗੀਤ ਦੇ ਆਖਰੀ ਹਿੱਸੇ ‘ਚ ‘ਯੋਗੀ ਜੀ ਆਏ ਹੈਂ, ਯੋਗੀਜੀ ਆਏਂਗੇ’ ਦੀਆਂ ਸਤਰਾਂ ਸ਼ਾਮਿਲ ਹਨ। ਉਸ ਨੇ ਆਪਣੇ ਪ੍ਰਸ਼ੰਸਕਾਂ ਨੂੰ ਆਦਿੱਤਿਆਨਾਥ ਨੂੰ ਵੋਟ ਪਾਉਣ ਦਾ ਸਿੱਧਾ ਸੰਦੇਸ਼ ਦਿੰਦਿਆਂ ਟਵੀਟ ਕੀਤਾ ਕਿ ਉਸ ਦੇ ਗੀਤ ਦੀ ਮਕਬੂਲੀਅਤ ਦੱਸਦੀ ਹੈ ਕਿ ‘ਬਾਬਾ ਜੀ’ ਮੁੜ ਚੁਣੇ ਜਾਣਗੇ। ਮਿੱਤਲ ਕਹਿੰਦਾ ਹੈ ਕਿ ਉਹ ਕਿਸੇ ਸਿਆਸੀ ਪਾਰਟੀ ਦਾ ਹਮਾਇਤੀ ਨਹੀਂ ਹੈ ਪਰ ਉਹ ਉਸ ਪਾਰਟੀ ਦੇ ਨਾਲ ਹੈ ਜੋ ‘ਉਸ ਦੇ ਧਰਮ’ ਦੇ ਹੱਕ ‘ਚ ਖੜ੍ਹੀ ਹੈ। ਇਹ ਧਰਮ ਦੀ ਆੜ ‘ਚ ਭਾਜਪਾ ਨੂੰ ਜਿਤਾਉਣ ਲਈ ਹਿੰਦੂ ਆਸਥਾ ਰੱਖਣ ਵਾਲਿਆਂ ਨੂੰ ਸਿਆਸੀ ਤੌਰ ‘ਤੇ ਪ੍ਰੇਰਨ ਦੀ ਚਲਾਕੀ ਹੈ।
ਸੰਦੀਪ ਅਚਾਰੀਆ ਨੂੰ ਹਿੰਦੂਤਵਵਾਦੀ ਪੌਪ ਸ਼ੈਲੀ ਦਾ ਮੋਢੀ ਮੰਨਿਆ ਜਾਂਦਾ ਹੈ। ਉਹ ਆਪਣੀ ਮੁਸਲਿਮ ਵਿਰੋਧੀ ਨਫਰਤ ਨੂੰ ਲੁਕੋਂਦਾ ਨਹੀਂ ਹੈ। ਉਹ ਐਲਾਨੀਆ ਤੌਰ ‘ਤੇ ਕਹਿੰਦਾ ਹੈ ਕਿ ਮੁਸਲਮਾਨਾਂ ਪ੍ਰਤੀ ਨਫਰਤ ਉਸ ਦੇ ਖੂਨ ‘ਚ ਹੈ ਕਿਉਂਕਿ ਬਿਮਾਰੀ ਸਮੇਂ ਖੂਨ ਦੀ ਲੋੜ ਪੈਣ ‘ਤੇ ਉਸ ਦੇ ਮਾਂ ਨੇ ਸਾਫ ਮਨਾ੍ਹ ਕਰ ਦਿੱਤਾ ਸੀ ਕਿ ਖੂਨ ਮੁਸਲਮਾਨ ਦਾ ਨਹੀਂ ਹੋਣਾ ਚਾਹੀਦਾ। ਉਹ ਇਹ ਵੀ ਕਹਿੰਦਾ ਹੈ ਕਿ ਜੋ ਗਾਇਕ ਪਹਿਲਾਂ ਭਜਨ ਗਾਉਂਦੇ ਸਨ, ਉਨ੍ਹਾਂ ਨੂੰ 2014 ‘ਚ ਰਾਸ਼ਟਰੀ ਧਾਰਮਿਕ ਮਾਹੌਲ ਬਣਨ ‘ਤੇ ਇਸ ‘ਚ ਆਪਣੇ ਗੀਤਾਂ ਲਈ ਮੰਡੀ ਨਜ਼ਰ ਆਈ ਅਤੇ ਉਨ੍ਹਾਂ ਨੇ ਮੋਦੀ ਵੱਲੋਂ ਮੁਹੱਈਆ ਕੀਤੇ ਮੌਕੇ ਦਾ ਲਾਹਾ ਲੈਣ ਲਈ ਸਿਆਸੀ ਗੀਤ ਗਾਉਣੇ ਸ਼ੁਰੂ ਕਰ ਦਿੱਤੇ। ਇਸੇ ‘ਚੋਂ ਭਜਨ ਗਾਉਣ ਵਾਲੇ ਕਨ੍ਹੱਈਆ ਮਿੱਤਲ ਨੇ ‘ਜੋ ਰਾਮ ਕੋ ਲਾਏ ਹੈਂ’ ਗੀਤ ਗਾਇਆ ਜੋ ਹਿੱਟ ਹੋ ਗਿਆ। ਉਹ ਇਹ ਵੀ ਕਹਿੰਦਾ ਹੈ ਕਿ ਜ਼ਿਆਦਾਤਰ ਨਵੇਂ ਗਾਇਕ ਕਰੀਅਰ ਤੋਂ ਅੱਗੇ ਨਹੀਂ ਜਾਂਦੇ ਅਤੇ ਦੋ ਘੰਟੇ ਲੰਮੇ ਭਗਤੀ ਦੇ ਗੀਤਾਂ ਦੇ ਪ੍ਰੋਗਰਾਮ ‘ਚ ਇਕ-ਦੋ ਸਿਆਸੀ ਗੀਤ ਗਾਉਂਦੇ ਹਨ ਪਰ ‘ਮੈਂ ਪੂਰਾ ਸਮਾਂ ਗਊ ਹੱਤਿਆ, ਰਾਮ ਮੰਦਿਰ ਨਿਰਮਾਣ, ਕ੍ਰਿਸ਼ਨ ਜਨਮਭੂਮੀ, ਹਿੰਦੂਆਂ ‘ਚ ਏਕਤਾ ਵਰਗੇ ਗੀਤ ਹੀ ਗਾਉਂਦਾ ਹਾਂ।’ ਉਹ ਕਹਿੰਦਾ ਹੈ ਕਿ ਸੰਗੀਤ ਦੇ ਖੇਤਰ ‘ਚ ਉਸ ਦੇ ਸਫਰ ਦਾ ਆਗਾਜ਼ ਯੂਟਿਊਬ ਦੇ ਆਉਣ ਸਮੇਂ ਹੀ ਹੋਇਆ। ਉਹ ਆਪਣੇ ਵਰਗੇ ਸੰਗੀਤਕਾਰਾਂ ਦੀ ਤਰੱਕੀ ਦਾ ਸਿਹਰਾ ਮੋਦੀ ਅਤੇ ਰਿਲਾਇੰਸ ਜੀਓ ਨੂੰ ਦਿੰਦਾ ਹੈ ਜਿਨ੍ਹਾਂ ਨੇ ਉਨ੍ਹਾਂ ਦੇ ਖੁਸ਼ਹਾਲ ਹੋਣ ਲਈ ਸਹੀ ਹਾਲਾਤ ਮੁਹੱਈਆ ਕਰਾਏ। ਯੂਟਿਊਬ ਵੱਲੋਂ ਉਸ ਦੇ ਅੱਪਲੋਡ ਕੀਤੇ ‘ਧਾਰਮਿਕ ਗੀਤਾਂ’ ਨੂੰ ਯੂਟਿਊਬ ਚੈਨਲ ਦੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਦੇ ਹੋਣ ਕਾਰਨ ਵਾਰ-ਵਾਰ ਹਟਾਇਆ ਗਿਆ। ਇਸ ਦੇ ਬਾਵਜੂਦ ਆਪਣੇ ਗੀਤਾਂ ਨੂੰ ਸਹੀ ਠਹਿਰਾਉਂਦਿਆਂ ਉਹ ਕਹਿੰਦਾ ਹੈ ‘ਇਹ ਭੜਕਾਊ ਭਾਸ਼ਾ ਨਹੀਂ ਹੈ, ਇਹ ਤਾਂ ਸੱਚ ਹੈ ਅਤੇ ਸੱਚ ਕੌੜਾ ਹੁੰਦਾ ਹੈ।’ ਉਹ 1947 ‘ਚ ਮੁਲਕ ਦੀ ਵੰਡ ਸਮੇਂ ਭਾਰਤ ‘ਚ ਰਹਿ ਗਏ ਮੁਸਲਮਾਨਾਂ ਨੂੰ ਦੇਸ਼ਧ੍ਰੋਹੀ ਕਹਿ ਕੇ ਉਨ੍ਹਾਂ ਵਿਰੁੱਧ ਇਸ ਕਦਰ ਜ਼ਹਿਰ ਉਗਲਦਾ ਹੈ ਕਿ ਉਸ ਦੇ ਪਰਿਵਾਰ ਨੇ ਵੀ ਉਸ ਦੇ ਗੀਤ ‘ਭਾਰਤ ਮੇਂ ਜੋ ਦੇਸ਼ਧ੍ਰੋਹੀ ਹੈਂ, ਉਨ ਕੀ ਮਾਂ ਕਾ…’ ਨੂੰ ਬਹੁਤ ਹੀ ਇਤਰਾਜ਼ ਗਾਲੀ-ਗਲੋਚ ਮੰਨਦਿਆਂ ਉਸ ਨੂੰ ਅਜਿਹੇ ਗੀਤ ਲਿਖਣ ਤੇ ਗਾਉਣ ਤੋਂ ਵਰਜਿਆ ਸੀ।
ਅਚਾਰੀਆ ਦਾ ਸ਼ਗਿਰਦ ਪ੍ਰੇਮ ਕ੍ਰਿਸ਼ਨਵੰਸ਼ੀ ਵੀ ਭਗਵਾਂ ਕੁੜਤਾ ਪਾ ਕੇ ਅਤੇ ਮੋਦੀ, ਰਾਮ, ਬਾਬਰੀ ਮਸਜਿਦ ਤੋੜੇ ਜਾਣ ਦੀਆਂ ਤਸਵੀਰਾਂ ਅੱਗੇ ਨੱਚਦਿਆਂ ‘ਮੋਦੀ ਜੀ ਅਯੁਧਿਆ ਆਓ, ਮੰਦਿਰ ਨਿਰਮਾਣ ਕਰਾਓ’ ਵਰਗੇ ਹਿੰਦੂਤਵੀ ਗੀਤ ਗਾਉਂਦਾ ਹੈ ਜਿਨ੍ਹਾਂ ‘ਚ ਭਾਜਪਾ ਨੂੰ ਆਪਣੇ ਏਜੰਡੇ ਉੱਪਰ ਡਟੇ ਰਹਿਣ ਲਈ ਕਿਹਾ ਜਾਂਦਾ ਹੈ। ਉਹ ਕਹਿੰਦਾ ਹੈ ਕਿ ਉਸ ਦੇ ਇਸ ਪਹਿਲੇ ਹਿੱਟ ਗੀਤ ਨੂੰ ਚਾਲੀ ਲੱਖ ਲੋਕਾਂ ਨੇ ਦੇਖਿਆ। ਉਹ ਆਪਣੇ ਗੀਤਾਂ ‘ਚ ਹਿੰਦੂਆਂ ਨੂੰ ‘ਏਕ ਦਿਨ ਵੋਹ ਹਿਜਾਬ ਪਹਿਨੇਂਗੇ’, ‘ਹੇ ਹਿੰਦੂਓ! ਤੁਮ ਸੋਤੇ ਰਹੋ, ਵੋਹ ਤੁਮਸੇ ਨਮਾਜ਼ ਅਦਾ ਕਰਾਏਂਗੇ’ ਵਰਗੇ ਗੀਤਾਂ ਰਾਹੀਂ ਮੁਸਲਮਾਨਾਂ ਦੀ ਤਾਕਤ ਵਧਣ ਦਾ ਡਰ ਫੈਲਾ ਕੇ ਉਨ੍ਹਾਂ ਵਿਰੁੱਧ ਭੜਕਾਉਂਦਾ ਹੈ। ਉਸ ਦਾ ਟਵਿੱਟਰ ਖਾਤਾ ਭਾਜਪਾ ਹਮਾਇਤੀ ਗੀਤਾਂ ਅਤੇ ਇਸਲਾਮਿਕ ਹਊਏ ਵਾਲੀ ਸਮੱਗਰੀ ਨਾਲ ਭਰਿਆ ਰਹਿੰਦਾ ਹੈ। ਉਹ ਵੇਵ ਮਿਊਜ਼ਕ, ਮਿਊਰ ਮਿਊਜ਼ਿਕ, ਟੀ.ਐੱਫ. ਮਿਊਜ਼ਿਕ ਆਦਿ ਬਹੁਤ ਸਾਰੀਆਂ ਮਿਊਜ਼ਿਕ ਕੰਪਨੀਆਂ ਨਾਲ ਕੰਮ ਕਰ ਚੁੱਕਾ ਹੈ ਅਤੇ ਹੁਣ ਉਸ ਦੇ ਯੂਟਿਊਬ ਚੈਨਲ ਦੇ ਸੱਤਰ ਹਜ਼ਾਰ ਤੋਂ ਵਧੇਰੇ ਗਾਹਕ ਹਨ। ਉਸ ਦੇ ਇਕ ਬਹੁਤ ਹੀ ਨਫਰਤ ਭਰੇ ਗੀਤ ‘ਮੁੱਲੋ ਜਾਓ ਪਾਕਿਸਤਾਨ’ ਨੂੰ ਯੂਟਿਊਬ ਤੋਂ ਹਟਾ ਦਿੱਤਾ ਗਿਆ ਸੀ। ਉਹ ਅੱਜ ਵੀ ਆਪਣੇ ਗੀਤ ਦੇ ਬੋਲਾਂ ਨੂੰ ਜਾਇਜ਼ ਠਹਿਰਾਉਂਦਿਆਂ ਕਹਿੰਦਾ ਹੈ ਕਿ ਉਸ ਵਿਚ ਕੁਝ ਵੀ ਗ਼ਲਤ ਨਹੀਂ ਹੈ ਕਿਉਂਕਿ ਜੇ ਪਾਕਿਸਤਾਨ ਇਸਲਾਮਿਕ ਰਾਜ ਬਣ ਸਕਦਾ ਹੈ ਤਾਂ ਭਾਰਤ ਹਿੰਦੂ ਰਾਸ਼ਟਰ ਕਿਉਂ ਨਹੀਂ ਬਣ ਸਕਦਾ?
ਕ੍ਰਿਸ਼ਨਵੰਸ਼ੀ ਨੇ ਚੋਣਾਂ ਦੀ ਤਿਆਰੀ ਵਜੋਂ ਛੇ ਮਹੀਨੇ ਪਹਿਲਾਂ ਹੀ ਭਾਜਪਾ ਦੇ ਹੱਕ ‘ਚ ਗੀਤਾਂ ਰਾਹੀਂ ਪ੍ਰਚਾਰ ਵਿੱਢ ਦਿੱਤਾ ਸੀ। ਉਹ ਦੱਸਦਾ ਹੈ ਕਿ ਚੋਣਾਂ ਤੋਂ ਬਹੁਤ ਪਹਿਲਾਂ ਹੀ ਉਸ ਨੂੰ ਅਤੇ ਹੋਰ ਕਈ ਗਾਇਕਾਂ ਨੂੰ ਮੁੱਖ ਮੰਤਰੀ ਦਫਤਰ ਨਾਲ ਸਬੰਧਤ ਕਿਸੇ ਵਿਅਕਤੀ ਦਾ ਫੋਨ ਆਇਆ ਸੀ ਅਤੇ ਸਾਰਿਆਂ ਨੂੰ ਮੁੱਖ ਮੰਤਰੀ ਦੀਆਂ ਪ੍ਰਾਪਤੀਆਂ ਬਾਰੇ ਗੀਤ ਤਿਆਰ ਕਰਨ ਲਈ ਕਿਹਾ ਗਿਆ ਸੀ। ਫਿਰ ਕ੍ਰਿਸ਼ਨਵੰਸ਼ੀ, ਅਚਾਰੀਆ ਅਤੇ ਹੋਰ ਗਾਇਕਾਂ ਨੇ ਆਦਿੱਤਿਆਨਾਥ ਦੇ ਮੀਡੀਆ ਸਲਾਹਕਾਰ ਮ੍ਰਿਤੁੰਜੇ ਕੁਮਾਰ ਨਾਲ ਇਸ ਸਬੰਧੀ ਮੀਟਿੰਗ ਕੀਤੀ ਜਿਸ ਵਿਚ ਗਾਇਕਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਯੋਗੀ ਸਰਕਾਰ ਦੀਆਂ ਪ੍ਰਾਪਤੀਆਂ ਦਾ ਗੁਣਗਾਣ ਕਰਨ ਲਈ ਕਿਹਾ ਗਿਆ। ਉਸ ਨੇ ਅਗਲੇ ਦਿਨ ਹੀ ‘ਯੂ.ਪੀ. ਮੇਂ ਗੂੰਜੇ ਦੋ ਹੀ ਨਾਮ, ਭਾਜਪਾ ਔਰ ਜੈ ਸ਼੍ਰੀ ਰਾਮ’ ਗੀਤ ਤਿਆਰ ਕਰਕੇ ਅੱਪਲੋਡ ਕਰ ਦਿੱਤਾ। ਫਿਰ ਅਚਾਰੀਆ ਨੇ ਵੀ ਇਸੇ ਤਰ੍ਹਾਂ ਦਾ ਗੀਤ ਰਿਲੀਜ਼ ਕੀਤਾ। ਉਹ ਕਹਿੰਦਾ ਹੈ ਕਿ ਉਸ ਦੇ ਗੀਤਾਂ ਨੂੰ ਯੂਟਿਊਬ ਪ੍ਰੋਫਾਈਲ ਤੋਂ ਉਠਾ ਕੇ ਭਾਜਪਾ ਦੇ ਆਈ.ਟੀ. ਸੈੱਲ ਨੇ ਸੋਸ਼ਲ ਮੀਡੀਆ ਉੱਪਰ ਖੂਬ ਪ੍ਰਚਾਰਿਆ ਹੈ। ਉਸ ਦੇ ਗੀਤ ਇਕ ਦਿਨ ‘ਚ ਔਸਤਨ ਪੰਜਾਹ ਹਜ਼ਾਰ ਤੋਂ ਵਧੇਰੇ ਲੋਕਾਂ ਤੱਕ ਪਹੁੰਚਦੇ ਹਨ। ਇਹ ਗੀਤ ਭਾਜਪਾ ਦੇ ਉਨ੍ਹਾਂ ਸੋਸ਼ਲ ਮੀਡੀਆ ਪੇਜਾਂ ਉੱਪਰ ਵੀ ਸ਼ੇਅਰ ਕੀਤੇ ਜਾਂਦੇ ਹਨ ਜਿਨ੍ਹਾਂ ਨੂੰ ਲੱਖਾਂ ਲੋਕ ਦੇਖਦੇ ਹਨ। ਉਹ ਦੱਸਦਾ ਹੈ ਕਿ ਜਦੋਂ ਤੋਂ ਉਸ ਨੇ ਆਦਿੱਤਿਆਨਾਥ ਲਈ ਗੀਤ ਤਿਆਰ ਕਰਨੇ ਸ਼ੁਰੂ ਕੀਤੇ ਹਨ, ਉਸ ਦੀ ਹਰਮਨਪਿਆਰਤਾ ਐਨੀ ਵਧ ਗਈ ਹੈ ਕਿ ਉਸ ਦੇ ਫੋਨ ਦੀ ਘੰਟੀ ਵੱਜਣੀ ਬੰਦ ਨਹੀਂ ਹੁੰਦੀ।
ਇਸ ਤਰ੍ਹਾਂ ਦੇ ਗੀਤ ਲਿਖਣ ਅਤੇ ਗਾਉਣ ਵਾਲੇ ਮਰਦਾਂ ਦੇ ਗਲਬੇ ਦੇ ਬਾਵਜੂਦ ਮੀਡੀਆ ਦਾ ਜ਼ਿਆਦਾਤਰ ਧਿਆਨ ਲਕਸ਼ਮੀ ਦੁੱਬੇ ਖਿੱਚਦੀ ਹੈ ਜਿਸ ਦੇ ਸਿਰ ‘ਤੇ ਗੀਤ ਗਾਉਣ ਸਮੇਂ ਚਮਕੀਲੇ ਰੰਗ ਦੀ ਪਗੜੀ, ਮੱਥੇ ‘ਤੇ ਲਾਲ ਤਿਲਕ, ਗੂੜ੍ਹੇ ਰੰਗ ਦੀ ਲਿਪਸਟਿਕ, ਅਤੇ ਲਾਲ-ਬੈਂਗਣੀ-ਸੰਤਰੀ ਰੰਗ ਦੇ ਕੱਪੜੇ ਪਹਿਨੇ ਹੁੰਦੇ ਹਨ। ਉਸ ਦੇ ਜੋਸ਼ੀਲੇ, ਭੜਕਾਊ ਅਤੇ ਫਿਰਕੂ ਹਿੰਸਾ ਨੂੰ ਉਕਸਾਉਣ ਵਾਲੇ ਗੀਤ ਅਕਸਰ ਹਿੰਦੂਤਵੀ ਸਿਆਸੀ ਰੈਲੀਆਂ ‘ਚ ਵਜਾਏ ਜਾਂਦੇ ਹਨ। ਉਹ ਵੀ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੇ ਹੱਕ ‘ਚ ਡਟ ਕੇ ਦਲੀਲ ਦਿੰਦੀ ਹੈ। ਉਹ ਦਾਅਵਾ ਕਰਦੀ ਹੈ ਕਿ ਉਹ ਮੁਸਲਮਾਨਾਂ ਵੱਲੋਂ ਹਿੰਦੂ ਕੁੜੀਆਂ ਨੂੰ ‘ਲਵ ਜਹਾਦ’ ਦੇ ਜਾਲ ‘ਚ ਫਸਾ ਕੇ ਮਾਰਨ ਦੀਆਂ ਘਟਨਾਵਾਂ ਵੱਲੋਂ ਝੰਜੋੜੇ ਜਾਣ ‘ਤੇ ਹੀ ਹਿੰਦੂਤਵ ਦੀ ਪ੍ਰਚਾਰਕ ਬਣੀ ਹੈ। ਉਹ ‘ਧਰਮ ਨਿਰਪੱਖਤਾ’ ਦੇ ਵਿਚਾਰ ਅਤੇ ਇਸ ਦੀ ਹਮਾਇਤ ਕਰਨ ਵਾਲਿਆਂ ਦੀ ਧਮਕਾਊ ਲਹਿਜੇ ‘ਚ ਆਲੋਚਨਾ ਕਰਦੀਆਂ ਕਈ ਲਾਈਵ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਪਾ ਚੁੱਕੀ ਹੈ। ਉਸ ਦੇ ਸਭ ਤੋਂ ਮਸ਼ਹੂਰ ਗੀਤ ‘ਹਰ ਘਰ ਭਗਵਾ ਛਾਇਆ’ ਨੂੰ ਛੇ ਕਰੋੜ ਤੋਂ ਵਧੇਰੇ ਵਾਰ ਦੇਖਿਆ ਜਾ ਚੁੱਕਾ ਹੈ। ਇਸ ਨੂੰ ਉਹ ‘ਰਾਸ਼ਟਰ ਭਗਤੀ ਗੀਤ’ ਕਹਿੰਦੀ ਹੈ ਜੋ ਇਸ ਤਰ੍ਹਾਂ ਹੈ ‘ਹਾਥ ਮੇਂ ਤਲਵਾਰ ਲੀਏ, ਹਮ ਭਗਵਾ ਝੰਡਾ ਲੇਕਰ ਆਏ ਹੈਂ, ਜੋ ਭਾਰਤ ਮੇਂ ਰਹਨਾ ਚਾਹਤੇ ਉਨਹੇਂ ਬੰਦੇ ਮਾਤਰਮ ਕਹਨਾ ਹੋਗਾ।’ ਆਪਣੇ ਗੀਤਾਂ ਦੀ ਮਾਰਕੀਟ ਬਾਰੇ ਉਹ ਦੱਸਦੀ ਹੈ ਕਿ ਉਹ ਅਕਸਰ ਭਾਜਪਾ ਲਈ ਪੇਸ਼ਕਾਰੀਆਂ ਕਰਦੀ ਹੈ ਅਤੇ ਭਾਜਪਾ ਦਾ ਆਈ.ਟੀ. ਸੈੱਲ ਉਸ ਦੇ ਗੀਤਾਂ ਦੀ ਲਗਾਤਾਰ ਵਰਤੋਂ ਕਰਦਾ ਹੈ। ਉਸ ਨੂੰ ਛੱਤੀਸਗੜ੍ਹ ਅਤੇ ਯੂ.ਪੀ. ਵਿਧਾਨ ਸਭਾ ਚੋਣਾਂ ਦੇ ਲਈ ਸੱਦਿਆ ਗਿਆ ਸੀ। ਉਹ ਕਹਿੰਦੀ ਹੈ ਕਿ ਉਸ ਨੂੰ ਐਨੇ ਸੱਦੇ ਆਉਂਦੇ ਹਨ ਕਿ ਕੁਝ ਰਾਜਾਂ ਦੇ ਪ੍ਰੋਗਰਾਮ ਛੱਡਣੇ ਪੈ ਗਏ। ਉਹ ਦੱਸਦੀ ਹੈ ਕਿ ਜਦੋਂ ਯੂਟਿਊਬ ਨੇ ਉਸ ਦਾ ਚੈਨਲ ਸਸਪੈਂਡ ਕਰ ਦਿੱਤਾ ਤਾਂ ਕੇਂਦਰ ਸਰਕਾਰ ਉਸ ਦੇ ਬਚਾਓ ਲਈ ਆਈ, ਉਦੋਂ ਤੋਂ ਉਸ ਦਾ ਚੈਨਲ ਵਧੀਆ ਚੱਲ ਰਿਹਾ ਹੈ।
ਇਨ੍ਹਾਂ ਗੀਤਾਂ ਦੇ ਪ੍ਰਭਾਵ ਦੀ ਤਸਦੀਕ ਭਗਵਾਂ ਆਈ.ਟੀ. ਸੈੱਲ ਵੀ ਕਰਦਾ ਹੈ। ਅਯੁਧਿਆ ਜ਼ਿਲ੍ਹੇ ਦੇ ਆਈ.ਟੀ. ਸੈੱਲ ਦਾ ਨਿਗਰਾਨ ਪ੍ਰਵੀਨ ਦੂਬੇ ਕਹਿੰਦਾ ਹੈ ਕਿ ਹਮਲਾਵਰ ਰਾਸ਼ਟਰਵਾਦ ਨੂੰ ਵਧਾਉਣ ਵਾਲੇ ਅਤੇ ਭਾਜਪਾ ਦੇ ਹਿੰਦੂਤਵ ਮਾਡਲ ਨਾਲ ਮੇਲ ਖਾਂਦੇ ਗੀਤ ਹੀ ਸਭ ਤੋਂ ਵੱਧ ਪਸੰਦ ਕੀਤੇ ਜਾਂਦੇ ਹਨ। ਉਹ ਯਕੀਨੀ ਬਣਾਉਂਦੇ ਹਨ ਕਿ ਐਸੇ ਗੀਤ ਵਿਆਪਕ ਪੱਧਰ ‘ਤੇ ਸਾਂਝੇ ਕੀਤੇ ਜਾਣ। ਕਿਉਂਕਿ ਇਹ ਸਿਆਸੀ ਸੰਦੇਸ਼ ਨੂੰ ਲੋਕਾਂ ‘ਚ ਲਿਜਾਣ ਦਾ ਇਕ ਸੌਖਾ ਜ਼ਰੀਆ ਹੈ ਜੋ ਸੰਦੇਸ਼ ਨੂੰ ਬਹੁਤ ਸੌਖਿਆਂ ਅਤੇ ਤੇਜ਼ੀ ਨਾਲ ਫੈਲਾਉਣ ‘ਚ ਮਦਦ ਕਰਦਾ ਹੈ ਅਤੇ ਗੀਤ ਲੋਕਾਂ ‘ਚ ਉਤਸ਼ਾਹ ਵੀ ਭਰਦੇ ਹਨ। ਚੋਣਾਂ ਦੀ ਤਿਆਰੀ ਸਮੇਂ ਉਹ ਗੀਤਾਂ ਰਾਹੀਂ ਇਹ ਸਾਫ ਸੰਦੇਸ਼ ਲੈ ਕੇ ਗਏ ਕਿ ਯੋਗੀ ਦੁਬਾਰਾ ਚੋਣ ਜਿੱਤ ਰਿਹਾ ਹੈ। ਅਯੁਧਿਆ ਸੋਸ਼ਲ ਮੀਡੀਆ ਸੈੱਲ ਦਾ ਮੁਖੀ ਲਵਕੁਸ਼ ਤਿਵਾੜੀ ਦੱਸਦਾ ਹੈ ਕਿ ‘ਆਈ.ਟੀ. ਸੈੱਲ ਛੇ ਸ਼ਿਫਟਾਂ ‘ਚ ਕੰਮ ਕਰਦਾ ਹੈ। ਸਭ ਤੋਂ ਪਹਿਲਾਂ 9 ਵਜੇ ਦੇ ਕਰੀਬ ਲਾਈਵ ਕੀਤਾ ਜਾਂਦਾ ਹੈ, ਅਗਲਾ ਲਾਈਵ 11, ਫਿਰ ਦੁਪਹਿਰ 1 ਵਜੇ, ਫਿਰ ਸ਼ਾਮ 4 ਵਜੇ, ਸ਼ਾਮ ਛੇ ਵਜੇ ਅਤੇ ਆਖਰੀ ਲਾਈਵ ਰਾਤ 8 ਵਜੇ ਕੀਤਾ ਜਾਂਦਾ ਹੈ। ਉਹ ਦੱਸਦਾ ਹੈ ਕਿ ਅਚਾਰੀਆ ਉਨ੍ਹਾਂ ਦੇ ਆਈ.ਟੀ. ਸੈੱਲ ਵਾਲਿਆਂ ਦਾ ਮਨਪਸੰਦ ਪੌਪਸਟਾਰ ਹੈ। ਸਿਆਸੀ ਪਾਰਟੀ ਹੋਣ ਕਰਕੇ ਉਹ ਉਸ ਦੀ ਸਿੱਧੀ ਹਮਾਇਤ ਕਰਨ ਦਾ ਜੋਖਮ ਤਾਂ ਨਹੀਂ ਲੈ ਸਕਦੇ ਪਰ ਪਿੱਛੇ ਰਹਿ ਕੇ ਉਹ ਉਨ੍ਹਾਂ ਦੀ ਪਾਰਟੀ ਕਾਰਕੁਨਾਂ ਵਾਂਗ ਮਦਦ ਕਰਦੇ ਹਨ।
ਦੇਖਣਾ ਇਹ ਹੈ ਕਿ ਹਿੰਦੂਤਵ ਟੂਲ-ਕਿੱਟ ਦੇ ਜਵਾਬ ‘ਚ ਇਨਸਾਫਪਸੰਦ ਤਾਕਤਾਂ ਆਪਣੀ ਟੂਲ-ਕਿੱਟ ਦੇ ਸੰਦਾਂ ਨੂੰ ਪ੍ਰਭਾਵੀ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਕਿੰਨੀ ਕੁ ਗੰਭੀਰਤਾ ਨਾਲ ਕੋਸ਼ਿਸ਼ਾਂ ਕਰਦੀਆਂ ਹਨ।