ਬਾਦਲ ਪਰਿਵਾਰ ਨੂੰ ਵੰਗਾਰ ਅਤੇ ਅਕਾਲੀ ਸਿਆਸਤ

ਨਵਕਿਰਨ ਸਿੰਘ ਪੱਤੀ
ਦੋ-ਢਾਈ ਦਹਾਕੇ ਪੰਜਾਬ ਅਤੇ ਪੰਥਕ ਸਿਆਸਤ ਵਿਚ ਪੈਂਠ ਜਮਾਈ ਰੱਖਣ ਤੋਂ ਬਾਅਦ ਅੱਜ ਬਾਦਲ ਪਰਿਵਾਰ ਆਪਣਾ ਬੀਜਿਆ ਵੱਢ ਰਿਹਾ ਹੈ। ਚੋਣਾਂ ਵਿਚ ਹਾਰ-ਦਰ-ਹਾਰ ਤੋਂ ਬਾਅਦ ਅੱਜ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ‘ਤੇ ਸਵਾਲੀਆ ਨਿਸ਼ਾਨ ਲੱਗਿਆ ਹੋਇਆ ਹੈ। ਨਵਕਿਰਨ ਸਿੰਘ ਪੱਤੀ ਨੇ ਆਪਣੇ ਇਸ ਲੇਖ ਵਿਚ ਸਮੁੱਚੇ ਹਾਲਾਤ ਬਾਰੇ ਉਚੇਚੀ ਟਿੱਪਣੀ ਕੀਤੀ ਹੈ।

ਸ਼੍ਰੋਮਣੀ ਅਕਾਲੀ ਦਲ (ਬਾਦਲ) ਇਸ ਸਮੇਂ ਵੱਡੇ ਸਿਆਸੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਵਿਧਾਨ ਸਭਾ ਚੋਣਾਂ ਦੌਰਾਨ ਮਹਿਜ਼ ਤਿੰਨ ਸੀਟਾਂ ਤੱਕ ਸਿਮਟ ਜਾਣਾ ਅਤੇ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਦੌਰਾਨ ਮੁੱਖ ਸਿਆਸੀ ਧਿਰਾਂ ਵਿਚੋਂ ਸਭ ਤੋਂ ਪਛੜ ਜਾਣਾ ਦਰਸਉਂਦਾ ਹੈ ਕਿ ਇਹ ਪਾਰਟੀ ਹੁਣ ਹਾਸ਼ੀਏ ‘ਤੇ ਹੈ ਅਤੇ ਇਸ ਪਾਰਟੀ ‘ਤੇ ਕਾਬਜ਼ ਬਾਦਲ ਪਰਿਵਾਰ ਆਪਣੀ ਸਿਆਸੀ ਹੋਂਦ ਬਚਾਈ ਰੱਖਣ ਲਈ ਜੱਦੋ-ਜਹਿਦ ਕਰ ਰਿਹਾ ਹੈ। ਸਿਆਸਤ ਵਿਚ ਥੋੜ੍ਹੀ-ਬਹੁਤੀ ਰੁਚੀ ਰੱਖਣ ਵਾਲੇ ਜਾਣਦੇ ਹਨ ਕਿ ਪਿਛਲੇ ਲੱਗਭੱਗ ਢਾਈ ਦਹਾਕਿਆਂ ਤੋਂ ਇਸ ਪਰਿਵਾਰ ਨੇ ਪਾਰਟੀ ਨੂੰ ਜਮਹੂਰੀ ਢੰਗ ਨਾਲ ਚਲਾਉਣ ਦੀ ਬਜਾਇ ਕਿਸੇ ਪ੍ਰਾਈਵੇਟ ਕੰਪਨੀ ਵਾਂਗ ਚਲਾਇਆ ਹੈ।
ਵਿਧਾਨ ਸਭਾ ਚੋਣਾਂ ਵਿਚ ਹਾਰ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਲੀਡਰਸ਼ਿਪ ਨੇ ਪਾਰਟੀ ਦੀ ਹਾਲਤ ਸੁਧਾਰਨ ਦੇ ਮੰਤਵ ਨਾਲ ਇਕਬਾਲ ਸਿੰਘ ਝੂੰਦਾਂ ਦੀ ਅਗਵਾਈ ਹੇਠ ਕਮੇਟੀ ਬਣਾਈ ਜਿਸ ਨੇ 100 ਵਿਧਾਨ ਸਭਾ ਹਲਕਿਆਂ ਦਾ ਦੌਰਾ ਕਰਕੇ ਵਰਕਰਾਂ ਦੀ ਰਾਇ ਨਾਲ ਤਿਆਰ ਕੀਤੀ ਰਿਪੋਰਟ ‘ਚ ਕਈ ਸਿਫਾਰਸ਼ਾਂ ਕੀਤੀਆਂ ਗਈਆਂ। ਇਨ੍ਹਾਂ ਵਿਚੋਂ ਇਕ ਸਿਫਾਰਿਸ਼ ਲੀਡਰਸ਼ਿਪ ਬਦਲਣ ਦੀ ਹੈ। ਇਸ ਤੋਂ ਇਲਾਵਾ ਪਾਰਟੀ ਅੰਦਰ ਪੰਜਾਬੀ ਹਿੱਤਾਂ ਅਤੇ ਪੰਥਕ ਕਦਰਾਂ-ਕੀਮਤਾਂ ਅਨੁਸਾਰ ਨਵੀਂ ਰੂਹ ਭਰਨ ਦੀ ਸਿਫਾਰਸ਼ ਦੀ ਗੱਲ ਕੀਤੀ ਗਈ।
ਲੀਡਰਸ਼ਿਪ ਬਦਲਣ ਦੀ ਮੰਗ ਕਰਨ ਵਾਲੀ ਇਸ ਰਿਪੋਰਟ ਨੂੰ ਪਹਿਲਾਂ ਤਾਂ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਗੌਲਿਆ ਹੀ ਨਹੀਂ ਪਰ ਰਾਸ਼ਟਰਪਤੀ ਚੋਣਾਂ ਸਮੇਂ ਪਾਰਟੀ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੀ ਕੀਤੀ ਬਗਾਵਤ ਬਾਅਦ ਜਦ ਇਸ ਰਿਪੋਰਟ ਦੀ ਚਰਚਾ ਨੇ ਜ਼ੋਰ ਫੜਿਆ ਤਾਂ ਪ੍ਰਧਾਨ ਜੀ ਨੇ ਰਿਪੋਰਟ ਦੀ ਭਾਵਨਾ ਦੇ ਉਲਟ ਸਿਰਫ ਆਪਣੇ ਅਹੁਦੇ ਨੂੰ ਸੁਰੱਖਿਅਤ ਰੱਖ ਕੇ ਪਾਰਟੀ ਦਾ ਬਾਕੀ ਸਾਰਾ ਢਾਂਚਾ ਭੰਗ ਕਰ ਦਿੱਤਾ। ਜੇ ਝੂੰਦਾਂ ਕਮੇਟੀ ਦੀ ਰਿਪੋਰਟ ਲੀਡਰਸ਼ਿਪ ਬਦਲਣ ਦੀ ਗੱਲ ਕਰਦੀ ਹੈ ਤਾਂ ਸਵਾਲ ਉੱਠਦਾ ਹੈ ਕਿ ਲੀਡਰਸ਼ਿਪ ਕਿਹੜੀ ਹੈ? ਸਭ ਨੂੰ ਪਤਾ ਹੈ ਕਿ ਪਿਛਲੇ ਸਮੇਂ ਤੋਂ ਇਹ ਪਾਰਟੀ ਕਿਸੇ ਜਮਹੂਰੀ ਢੰਗ ਤਰੀਕੇ ਨਾਲ ਚੱਲਣ ਦੀ ਬਜਾਇ ਸਿਰਫ ਵਿਅਕਤੀ-ਕੇਂਦਰਿਤ ਰਹੀ ਹੈ; ਪਹਿਲਾਂ ਇੱਕੋ-ਇੱਕ ਲੀਡਰਸ਼ਿਪ ਪ੍ਰਕਾਸ਼ ਸਿੰਘ ਬਾਦਲ ਸਨ ਅਤੇ ਹੁਣ ਸੁਖਬੀਰ ਸਿੰਘ ਬਾਦਲ ਹੈ। ਰਿਪੋਰਟ ਦੀ ਭਾਵਨਾ ਅਨੁਸਾਰ ਲੀਡਰਸ਼ਿਪ ਬਦਲਣ ਦੀ ਮੰਗ ਦਾ ਸਾਫ-ਸਾਫ ਮਤਲਬ ਹੈ ਕਿ ਪਾਰਟੀ ਸੱਤਾ ਦਾ ਇਕਲੌਤਾ ਕੇਂਦਰ ‘ਬਾਦਲ ਪਰਿਵਾਰ` ਬਦਲਿਆ ਜਾਵੇ ਪਰ ਹੋਇਆ ਇਸ ਤੋਂ ਉਲਟ ਹੈ। ਸੁਖਬੀਰ ਸਿੰਘ ਬਾਦਲ ਨੇ ਬਾਕੀ ਲੀਡਰਸ਼ਿਪ ਦੇ ਨਾਲ-ਨਾਲ ਪ੍ਰਧਾਨਗੀ ਤੋਂ ਅਸਤੀਫਾ ਦੇ ਕੇ ਕਾਰਜਕਾਰੀ ਕਮੇਟੀ ਰਾਹੀਂ ਨਵਾਂ ਢਾਂਚਾ ਉਸਾਰਨ ਦੀ ਬਜਾਇ ਜੋ ਰਾਹ ਅਪਣਾਇਆ, ਉਹ ਤਾਨਾਸ਼ਾਹੀ ਵਾਲਾ ਹੈ।
ਬਾਦਲਾਂ ਦੀ ਸਰਪ੍ਰਸਤੀ ਵਿਚ ਸ਼੍ਰੋਮਣੀ ਅਕਾਲੀ ਦਲ ‘ਤੇ ਜਿਸ ਤਰ੍ਹਾਂ ਦੀਆਂ ਤੁਹਮਤਾਂ ਲੱਗ ਰਹੀਆਂ ਹਨ, ਪਹਿਲਾਂ ਕਦੇ ਅਜਿਹਾ ਨਹੀਂ ਸੀ ਹੋਇਆ। ਪਾਰਟੀ ਦਾ ਲੋਕਾਂ ਵਿਚ ਚੰਗਾ ਅਸਰ-ਰਸੂਖ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦਾ ਜਨਮ ਇਤਿਹਾਸਕ ਗੁਰਦੁਆਰਿਆਂ ਨੂੰ ਅੰਗਰੇਜ਼ ਹਕੂਮਤ ਦੀ ਸਰਪ੍ਰਸਤੀ ਪ੍ਰਾਪਤ ਮਹੰਤਾਂ ਦੇ ਕਬਜ਼ੇ ਵਿਚੋਂ ਆਜ਼ਾਦ ਕਰਵਾਉਣ ਵਾਲੀ ਸੁਧਾਰਵਾਦੀ ਲਹਿਰ ਨਾਲ ਹੋਇਆ ਸੀ। 1920 ਵਿਚ ਆਪਣੇ ਜਨਮ ਸਮੇਂ ਤੋਂ ਅਕਾਲੀ ਦਲ ਨੇ ਕਈ ਇਤਿਹਾਸਕ ਅੰਦੋਲਨ ਲੜੇ ਜਿਨ੍ਹਾਂ ਵਿਚ 1921 ਦਾ ਨਨਕਾਣਾ ਸਾਹਿਬ ਦਾ ਅੰਦੋਲਨ, ਚਾਬੀਆਂ ਦਾ ਮੋਰਚਾ, 1922 ‘ਚ ਗੁਰੂ ਕਾ ਬਾਗ, 1923 ‘ਚ ਜੈਤੋ ਦਾ ਮੋਰਚਾ ਅਹਿਮ ਹਨ। ਗੁਰਦੁਆਰਾ ਸੁਧਾਰ ਲਹਿਰ ਸਮੇਤ ਕਈ ਸੰਘਰਸ਼ਾਂ ਵਿਚੋਂ ਲੰਘੀ ਇਹ ਦੇਸ਼ ਦੀ ਸਭ ਤੋਂ ਪੁਰਾਣੀ ਖੇਤਰੀ ਪਾਰਟੀ ਹੈ ਜਿਸ ਦੇ ਵਰਕਰ ਸੰਘਰਸ਼ਾਂ ਦੌਰਾਨ ਜੇਲ੍ਹਾਂ ਕੱਟਦੇ ਰਹੇ ਹਨ।
ਅਕਾਲੀ ਦਲ ਵਿਚ ਪ੍ਰਕਾਸ਼ ਸਿੰਘ ਬਾਦਲ ਦਾ ਉਭਾਰ 1970 ਵਿਚ ਹੁੰਦਾ ਹੈ ਜਦ ਪਾਰਟੀ ਦੀ ਅੰਦਰੂਨੀ ਧੜੇਬੰਦੀ ਕਾਰਨ ਜਸਟਿਸ ਗੁਰਨਾਮ ਸਿੰਘ ਨੂੰ ਪਾਸੇ ਕਰਕੇ ਪਹਿਲੀ ਵਾਰ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦਾ ਮੁੱਖ ਮੰਤਰੀ ਬਣਿਆ ਸੀ। ਫਿਰ ਜਦੋਂ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਦੇਸ਼ ਵਿਚ ਐਮਰਜੈਂਸੀ ਥੋਪੀ ਤਾਂ ਇਸ ਦਾ ਵਿਰੋਧੀ ਪਾਰਟੀਆਂ, ਜਮਹੂਰੀ ਧਿਰਾਂ ਦੇ ਨਾਲ-ਨਾਲ ਅਕਾਲੀ ਦਲ ਨੇ ਵੀ ਸਖਤ ਵਿਰੋਧ ਕੀਤਾ। ਐਮਰਜੈਂਸੀ ਮਗਰੋਂ 1977 ਵਿਚ ਅਕਾਲੀ ਦਲ ਨੇ ਜਨਤਾ ਪਾਰਟੀ ਨਾਲ ਮਿਲ ਕੇ ਚੋਣ ਲੜੀ ਅਤੇ ਪ੍ਰਕਾਸ਼ ਸਿੰਘ ਬਾਦਲ ਦੂਜੀ ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਸਨ। ਉਸ ਤੋਂ ਬਾਅਦ ਕੁਝ ਸਿਆਸੀ ਕਾਰਨਾਂ ਕਰਕੇ 1985 ਵਿਚ ਸੁਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਬਣ ਗਏ। ਇਹ ਪੰਜਾਬ ਵਿਚ ਸਿਆਸੀ ਉਥਲ-ਪੁਥਲ ਦਾ ਸਮਾਂ ਸੀ।
1995-96 ਦਾ ਉਹ ਦੌਰ ਹੈ ਜਦ ਪ੍ਰਕਾਸ਼ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਬਣਦੇ ਹਨ ਅਤੇ ਇਤਫਾਕ ਨਾਲ ਇਸੇ ਸਮੇਂ ਦੌਰਾਨ ਕੇਂਦਰ ਵਿਚ ਭਾਰਤੀ ਜਨਤਾ ਪਾਰਟੀ ਦਾ ਵੱਡੀ ਜਿੱਤ ਨਾਲ ਪਹਿਲੀ ਵਾਰ ਉਭਾਰ ਹੁੰਦਾ ਹੈ। ਇਹ ਹਕੀਕਤ ਹੈ ਕਿ ਪੂਰੇ ਦੇਸ਼ ਵਿਚੋਂ ਸ਼੍ਰੋਮਣੀ ਅਕਾਲੀ ਦਲ ਪਹਿਲੀ ਅਜਿਹੀ ਪਾਰਟੀ ਸੀ ਜਿਸ ਨੇ ਭਾਜਪਾ ਨੂੰ ਬਿਨਾਂ ਸ਼ਰਤ ਹਮਾਇਤ ਦੇਣ ਦਾ ਐਲਾਨ ਕੀਤਾ ਸੀ। ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਕੀਤੇ ਇਸ ਫੈਸਲੇ ਨੇ ਅਕਾਲੀ ਦਲ ਦਾ ਰੁਖ ਹੀ ਬਦਲ ਕੇ ਰੱਖ ਦਿੱਤਾ; ਦੇਸ਼ ਦੀ ਇੱਕ ਅਹਿਮ ਧਾਰਮਿਕ ਘੱਟ ਗਿਣਤੀ ਦੀ ਨੁਮਾਇੰਦਾ ਵੱਡੀ ਖੇਤਰੀ ਪਾਰਟੀ ਇੱਕ ਫਿਰਕੂ ਪਾਰਟੀ ਦੀ ਪਿਛਲੱਗ ਬਣ ਗਈ।
ਫਰਵਰੀ 1997 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਅਕਾਲੀ-ਭਾਜਪਾ ਨੇ ਸਾਂਝੀਆ ਲੜੀਆਂ ਅਤੇ ਸਰਕਾਰ ਬਣਾਈ। ਇੱਕ ਦੌਰ ਉਹ ਵੀ ਆਇਆ ਜਦ ਬਾਦਲ ਨੇ ਸ਼੍ਰੋਮਣੀ ਕਮੇਟੀ ਵਿਚ ਬਹੁਗਿਣਤੀ ਦੇ ਸਹਾਰੇ 1973 ਤੋਂ ਪ੍ਰਧਾਨ ਚੱਲੇ ਆ ਰਹੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਐੱਸ.ਜੀ.ਪੀ.ਸੀ. ਦੀ ਪ੍ਰਧਾਨਗੀ ਅਤੇ ਭਾਈ ਰਣਜੀਤ ਸਿੰਘ ਨੂੰ ਅਕਾਲ ਤਖਤ ਦੀ ਜਥੇਦਾਰੀ ਤੋਂ ਲਾਂਭੇ ਕਰ ਦਿੱਤਾ, ਭਾਵੇਂ ਅਕਾਲੀ ਦਲ ਵਿਚ ਵਾਪਸ ਆਉਣ ‘ਤੇ ਜਥੇਦਾਰ ਟੌਹੜਾ ਮੁੜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤਾਂ ਬਣਾ ਦਿੱਤੇ ਪਰ ਤਦ ਤੱਕ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਕਮੇਟੀ ਅਤੇ ਤਖਤਾਂ ਦੇ ਜਥੇਦਾਰ ਪੂਰੀ ਤਰ੍ਹਾਂ ਬਾਦਲ ਦੇ ‘ਕਬਜ਼ੇ` ਵਿਚ ਆ ਚੁੱਕੇ ਸਨ। ਪ੍ਰਕਾਸ਼ ਸਿੰਘ ਬਾਦਲ ਨੇ ਪ੍ਰਧਾਨ ਬਣਨ ਉਪਰੰਤ ਅਕਾਲੀ ਦਲ ਦੀ ਪੰਥਕ ਸਿਆਸਤ ਨੂੰ ਪਰਿਵਾਰਵਾਦ ਦੀ ਭੇਂਟ ਚਾੜ੍ਹ ਦਿੱਤਾ। ਬਾਦਲ ਨੇ ਸਭ ਤੋਂ ਵੱਡੀ ਚੁਸਤੀ ਇਹ ਕੀਤੀ ਕਿ ਜਿੱਥੇ ਆਪਣਾ ਮੁੰਡਾ, ਨੂੰਹ ਰਾਜਨੀਤੀ ਵਿਚ ਫਿੱਟ ਕੀਤੇ, ਉੱਥੇ ਹੀ ਢੀਂਡਸਾ, ਬ੍ਰਹਮਪੁਰਾ, ਚੰਦੂਮਾਜਰਾ ਵਰਗੇ ਅਕਾਲੀ ਲੀਡਰਾਂ ਦੇ ਮੂੰਹ ਬੰਦ ਕਰਨ ਲਈ ਉਨ੍ਹਾਂ ਦੇ ਬੱਚੇ ਵੀ ‘ਐਡਜਸਟ` ਕੀਤੇ ਤੇ 2012 ਤੱਕ ਆਉਂਦਿਆਂ ਪਾਰਟੀ ਦਾ ਖਾਸਾ ਹੀ ਬਦਲ ਕੇ ਰੱਖ ਦਿੱਤਾ। ਪਿੱਛੇ ਜਿਹੇ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ ਤੇ ਅੱਜ ਕੱਲ੍ਹ ਸੁਖਦੇਵ ਸਿੰਘ ਢੀਂਡਸਾ, ਪ੍ਰੇਮ ਸਿੰਘ ਚੰਦੂਮਾਜਰਾ ਵਰਗੇ ਜੋ ਲੀਡਰ ਬਾਗੀ ਸੁਰਾਂ ਦਿਖਾ ਕੇ ਲੋਕਾਂ ਦੀ ਹਮਦਰਦੀ ਹਾਸਲ ਕਰਨਾ ਚਾਹੁੰਦੇ ਹਨ, ਸੱਤਾ ਦੌਰਾਨ ਇਨ੍ਹਾਂ ਨੇ ਵੀ ਲੋਕ ਮਸਲਿਆਂ ਵੱਲ ਧਿਆਨ ਦੇਣ ਦੀ ਬਜਾਇ ਆਪੋ-ਆਪਣੇ ਪਰਿਵਾਰ ‘ਸੈੱਟ` ਕਰਨ ਵੱਲ ਹੀ ਧਿਆਨ ਦਿੱਤਾ।
ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠਿਆ ਨੇ ਟਕਸਾਲੀ ਅਕਾਲੀ ਆਗੂਆਂ ਨੂੰ ਪਿੱਛੇ ਧੱਕ ਕੇ ਸੂਬੇ ਵਿਚ ਜਿਸ ਤਰ੍ਹਾਂ ਦਾ ਕੰਮ-ਢੰਗ ਅਪਣਾਇਆ, ਉਹ ਪੰਥਕ ਪਾਰਟੀ ਵਾਲਾ ਨਾ ਹੋ ਕੇ ਕਾਰਪੋਰੇਟ ਅਦਾਰੇ ਵਾਂਗ ਸੀ। ਪਾਰਟੀ ਅਤੇ ਸਰਕਾਰ ‘ਤੇ ਕਾਬਜ਼ ਹੋਏ ਬਾਦਲਾਂ ਨੇ ਜਿੱਥੇ ਸੁਮੇਧ ਸੈਣੀ ਵਰਗੇ ਪੁਲਿਸ ਅਫਸਰਾਂ ਦੀ ਪੁਸ਼ਤਪਨਾਹੀ ਕੀਤੀ, ਉੱਥੇ ਸੂਬੇ ਦੀ ਪਬਲਿਕ ਟਰਾਂਸਪੋਰਟ ਦੀ ਥਾਂ ਆਪਣੀ ਨਿੱਜੀ ਟਰਾਂਸਪੋਰਟ ਦੀ ਅਜਾਰੇਦਾਰੀ ਸਥਾਪਤ ਕੀਤੀ; ਕੇਬਲ ਸਨਅਤ, ਰੇਤ-ਬਜਰੀ ਕਾਰੋਬਾਰ, ਹੋਟਲਾਂ ਦੇ ਕਾਰੋਬਾਰ ਆਪਣੇ ਹੱਥਾਂ ਵਿਚ ਲੈਣ ਦੀ ਚਰਚਾ ਤੁਰੀ ਅਤੇ ਪਾਰਟੀ ਦੇ ਕੁਝ ਲੀਡਰਾਂ ਖਿਲਾਫ ਨਸ਼ਾ ਤਸਕਰੀ ਤੱਕ ਦੇ ਇਲਜ਼ਾਮ ਲੱਗੇ। ਨੌਬਤ ਇੱਥੋਂ ਤੱਕ ਆਈ ਕਿ ਪਾਰਟੀ ਦਾ ਦੂਜੇ ਨੰਬਰ ਦਾ ਆਗੂ ਇਸ ਸਮੇਂ ਨਸ਼ਿਆਂ ਨਾਲ ਜੁੜੇ ਕੇਸ ਵਿਚ ਜੇਲ੍ਹ ਬੰਦ ਹੈ। ਮਜੀਠੀਆ ਦੇ ਜੇਲ੍ਹ ਜਾਣ ਨਾਲ ਸੁਖਬੀਰ ਸਿੰਘ ਬਾਦਲ ਦੀ ਪਾਰਟੀ ‘ਤੇ ਪਕੜ ਹੋਰ ਕਮਜ਼ੋਰ ਹੋਈ ਹੈ।
ਅਕਾਲੀ ਦਲ (ਬਾਦਲ) ਉੱਤੇ ਸੱਤਾ ਵਿਚ ਰਹਿੰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਦੇਣਾ ਤੇ ਇਨ੍ਹਾਂ ਦੇ ਰਾਜ ਵਿਚ ਬੇਅਦਬੀ ਮਾਮਲੇ ਵਿਚ ਇਨਸਾਫ ਮੰਗ ਰਹੇ ਨਿਹੱਥੇ ਲੋਕਾਂ ‘ਤੇ ਪੁਲਿਸ ਵੱਲੋਂ ਗੋਲੀਆਂ ਚਲਾਉਣਾ, ਬਹਿਬਲ ਕਲਾਂ/ਕੋਟਕਪੂਰਾ ਗੋਲੀਕਾਂਡ ਵਿਚ ਇਨਸਾਫ ਨਾ ਦੇਣਾ, ਬਲਤਕਾਰ/ਕਤਲ ਵਰਗੇ ਗੰਭੀਰ ਇਲਜ਼ਾਮਾਂ ਵਿਚ ਘਿਰੇ ਡੇਰਾ ਮੁਖੀ ਨੂੰ ਐਸ.ਜੀ.ਪੀ.ਸੀ. ਦੀ ਦੁਰਵਰਤੋਂ ਕਰਕੇ ਮੁਆਫੀ ਦਿਵਾਉਣਾ ਇਸ ਪਾਰਟੀ ਦਾ ਗ੍ਰਾਫ ਹੇਠਾਂ ਜਾਣ ਦੇ ਅਹਿਮ ਕਾਰਨ ਬਣੇ।
ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਦੌਰਾਨ ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਉਠਾ ਕੇ ਵੋਟਾਂ ਮੰਗੀਆਂ ਗਈਆਂ। ਜਿਨ੍ਹਾਂ ਬੰਦੀਆਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਹਨ, ਉਨ੍ਹਾਂ ਦੀ ਰਿਹਾਈ ਹੋਣੀ ਚਾਹੀਦੀ ਹੈ ਪਰ ਲੋਕ-ਮਨਾਂ ਵਿਚ ਸਵਾਲ ਉੱਠਿਆ ਕਿ ਅਕਾਲੀਆਂ ਨੇ ਉਸ ਸਮੇਂ ਇਹ ਮੁੱਦਾ ਨਹੀਂ ਉਠਾਇਆ ਜਦ ਪੰਜਾਬ ਤੇ ਕੇਂਦਰ ਵਿਚ ਵੀ ਇਨ੍ਹਾਂ ਦੀ ਭਾਈਵਾਲੀ ਵਾਲੀ ਸਰਕਾਰ ਸੀ। ਉਸ ਸਮੇਂ ਭਾਜਪਾ ਨਾਲ ਗੱਠਜੋੜ ਲਈ ਬੰਦੀ ਸਿੰਘਾਂ ਦੀ ਰਿਹਾਈ ਦੀ ਸ਼ਰਤ ਰੱਖਦੇ ਤਾਂ ਸ਼ਾਇਦ ਅੱਜ ਸਾਰੇ ਬੰਦੀ ਸਿੰਘ ਬਾਹਰ ਹੁੰਦੇ ਪਰ ਉਸ ਸਮੇਂ ਇਨ੍ਹਾਂ ਨੇ ਭਾਜਪਾ ਹਕੂਮਤ ਤੋਂ ਬੰਦੀ ਸਿੰਘਾਂ ਦੀ ਰਿਹਾਈ, ਪੰਜਾਬ ਦਾ ਸੂਬੇ ਦੇ ਪਾਣੀਆਂ ‘ਤੇ ਹੱਕ, ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਵਸਾਇਆ ਗਿਆ ਚੰਡੀਗੜ੍ਹ, ਪੰਜਾਬ ਲਈ ਵਿਸ਼ੇਸ਼ ਪੈਕੇਜ ਆਦਿ ਮੰਗਣ ਦੀ ਥਾਂ ਕੇਂਦਰ ਸਰਕਾਰ ਵਿਚ ਸਿਰਫ ਹਰਸਿਮਰਤ ਕੌਰ ਬਾਦਲ ਲਈ ‘ਮੰਤਰੀ` ਵਾਲੀ ਕੁਰਸੀ ਹੀ ਮੰਗੀ ਤੇ ਹੁਣ ਜਦ ਇਹ ਸੱਤਾ ਤੋਂ ਕੋਹਾਂ ਦੂਰ ਹਨ ਤਾਂ ਸਿਆਸਤ ਕਰਨ ਲਈ ਇਹ ਸਾਰੇ ਮੁੱਦੇ ਉਠਾ ਰਹੇ ਹਨ।
ਪ੍ਰਕਾਸ਼ ਸਿੰਘ ਬਾਦਲ ਬਾਰੇ ਇਹ ਦੰਦ ਕਥਾ ਚੱਲਦੀ ਹੈ ਕਿ ਪਾਰਟੀ ਦੇ ਜਿਸ ਆਗੂ ਨੇ ਵੀ ਪਾਰਟੀ ਵਿਚ ਸਵਾਲ ਉਠਾਉਣ ਦੀ ਜੁਅਰਤ ਕੀਤੀ, ਉਸੇ ਆਗੂ ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਨੁੱਕਰੇ ਲਗਾ ਦਿੱਤਾ ਤੇ ਆਪਣੇ ਆਸ-ਪਾਸ ਸਿਰਫ ‘ਵਿਸ਼ਵਾਸ ਪਾਤਰਾਂ` ਦਾ ਘੇਰਾ ਬਣਾ ਕੇ ਰੱਖਿਆ ਪਰ ਇਹ ਵੀ ਸੱਚਾਈ ਹੈ ਕਿ ਪਰਿਵਾਰਵਾਦ ਵਾਲੀ ਸਿਆਸਤ ਦੀ ਵਲਗਣ ਵਿਚ ਗ੍ਰਸਤ ਰਹੇ ਇਸ ਲੀਡਰ ਦੀਆਂ ਅੱਖਾਂ ਸਾਹਮਣੇ ਆਪਣੇ ਪਰਿਵਾਰ ਦਾ ਸਿਆਸੀ ਵਕਾਰ ਖੁਰ ਰਿਹਾ ਹੈ। ਜੇ ਪਾਰਟੀ ਦੇ ਅੰਦਰੋਂ ਅਤੇ ਬਾਹਰੋਂ ਇਸੇ ਤਰ੍ਹਾਂ ਦਬਾਅ ਬਣਿਆ ਰਿਹਾ ਤਾਂ ਸੁਖਬੀਰ ਸਿੰਘ ਬਾਦਲ ਤੋਂ ਅਕਾਲੀ ਦਲ ਦੀ ਪ੍ਰਧਾਨਗੀ ਖੁੱਸਣੀ ਯਕੀਨੀ ਹੈ।