ਉਥਲ-ਪੁਥਲ ਵਾਲੀਆਂ ਘਟਨਾਵਾਂ

ਇਸ ਹਫਤੇ ਵਾਹਵਾ ਉਥਲ-ਪੁਥਲ ਵਾਲੀਆਂ ਘਟਨਾਵਾਂ ਹੋਈਆਂ ਹਨ। ਸਭ ਤੋਂ ਵੱਡੀ ਘਟਨਾ ਇਹ ਹੋਈ ਹੈ ਕਿ ਦਹਿਸ਼ਤੀ ਜਥੇਬੰਦੀ ਅਲ-ਕਾਇਦਾ ਦਾ ਮੁਖੀ ਆਇਮਨ ਅਲ-ਜ਼ਵਾਹਿਰੀ ਕਾਬੁਲ ਵਿਚ ਡਰੋਨ ਹਮਲੇ ਵਿਚ ਮਾਰਿਆ ਗਿਆ ਹੈ। ਜਾਣਕਾਰੀ ਮਿਲੀ ਹੈ ਕਿ ਅਲ-ਜ਼ਵਾਹਿਰੀ ਦੇ ਕਾਬੁਲ ਟਿਕਾਣੇ ਦਾ ਪਤਾ ਪਾਕਿਸਤਾਨੀ ਫੌਜ ਦੇ ਅਫਸਰਾਂ ਨੇ ਅਮਰੀਕਾ ਦੀਆਂ ਖੁਫੀਆ ਏਜੰਸੀਆਂ ਨੂੰ ਦਿੱਤਾ ਸੀ।

ਅਲ-ਜ਼ਵਾਹਿਰੀ 2011 ਵਿਚ ਉਸਾਮਾ ਬਿਨ-ਲਾਦਿਨ ਦੀ ਮੌਤ ਤੋਂ ਬਾਅਦ ਅਲ-ਕਾਇਦਾ ਦਾ ਮੁਖੀ ਬਣਿਆ ਸੀ। ਉਹ ਲੰਮੇ ਸਮੇਂ ਲਈ ਉਸਾਮਾ ਬਿਨ-ਲਾਦਿਨ ਦਾ ਸਾਥੀ ਰਿਹਾ ਅਤੇ ਉਸ ਨੂੰ ਅਮਰੀਕਾ ਵਿਚ ਹੋਏ 11 ਸਤੰਬਰ 2001 ਦੇ ਦਹਿਸ਼ਤਗਰਦ ਹਮਲਿਆਂ ਜਿਨ੍ਹਾਂ ਵਿਚ ਜੌੜੇ ਟਾਵਰ ਤੇ ਹੋਰ ਇਮਾਰਤਾਂ ਤਬਾਹ ਹੋ ਗਈਆਂ ਅਤੇ ਹਜ਼ਾਰਾਂ ਲੋਕ ਮਾਰੇ ਗਏ ਸਨ, ਦੀ ਸਾਜ਼ਿਸ਼ ਘੜਨ ਦਾ ਮੁੱਖ ਦੋਸ਼ੀ ਮੰਨਿਆ ਜਾਂਦਾ ਸੀ। ਮਿਸਰ ਦਾ ਰਹਿਣ ਵਾਲਾ ਅਲ-ਜ਼ਵਾਹਿਰੀ ਵਿਦਵਾਨਾਂ ਅਤੇ ਡਾਕਟਰਾਂ ਦੇ ਖਾਨਦਾਨ ਨਾਲ ਸਬੰਧ ਰੱਖਦਾ ਸੀ। ਉਸ ਦਾ ਦਾਦਾ ਮਿਸਰ ਦੀ ਸਭ ਤੋਂ ਪੁਰਾਣੀ ਯੂਨੀਵਰਸਿਟੀ ਅਲ-ਅਜ਼ਹਰ ਦਾ ਮੁੱਖ ਇਮਾਮ ਸੀ ਤੇ ਪਿਤਾ ਫਾਰਮਾਕੋਲੇਜੀ ਦਾ ਡਾਕਟਰ। ਉਹ ਖੁਦ ਡਾਕਟਰ ਬਣਿਆ ਤੇ ਬਾਅਦ ਵਿਚ ਇਸਲਾਮੀ ਮੂਲਵਾਦੀ ਵਿਚਾਰਾਂ ਵੱਲ ਖਿੱਚਿਆ ਗਿਆ। ਉਸ ਨੂੰ 1980 ਵਿਚ ਮਿਸਰ ਦੇ ਰਾਸ਼ਟਰਪਤੀ ਅਨਵਰ ਸਾਦਾਤ ਦੇ ਕਤਲ ਦੀ ਸਾਜ਼ਿਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹ 1980ਵਿਆਂ ਵਿਚ ਪਾਕਿਸਤਾਨ ਪਹੁੰਚਿਆ ਤੇ ਦੂਜੀਆਂ ਦਹਿਸ਼ਤਪਸੰਦ ਜਥੇਬੰਦੀਆਂ ਨਾਲ ਮਿਲ ਕੇ ਅਫਗਾਨਿਸਤਾਨ ‘ਚ ਸੋਵੀਅਤ ਯੂਨੀਅਨ ਦੀਆਂ ਫ਼ੌਜਾਂ ਨਾਲ ਲੜਨ ਲਈ ਜਹਾਦੀ ਤਿਆਰ ਕੀਤੇ।
ਅਲ-ਜ਼ਵਾਹਿਰੀ ਦੀ ਮੌਤ ਤੋਂ ਬਾਅਦ ਮਿਸਰੀ ਮੂਲ ਦੇ ਹੀ ਸੈਫ ਅਲ-ਆਦਿਲ ਦੇ ਅਲ-ਕਾਇਦਾ ਮੁਖੀ ਬਣਨ ਦੀ ਸੰਭਾਵਨਾ ਹੈ। ਉਹ ਮਿਸਰੀ ਫੌਜ ਵਿਚ ਕਰਨਲ ਦੇ ਅਹੁਦੇ `ਤੇ ਰਹਿ ਚੁੱਕਾ ਹੈ। ਵੀਹਵੀਂ ਸਦੀ ਵਿਚ ਇਸਲਾਮੀ ਮੂਲਵਾਦ ਮਿਸਰ ਵਿਚ ਵੱਡੀ ਪੱਧਰ `ਤੇ ਪਨਪਿਆ। ਇਸਲਾਮੀ ਵਿਦਵਾਨ ਹਸਨ ਅਲ-ਬੰਨਾ ਨੇ 1928 ਵਿਚ ਜਮਾਤ-ਏ-ਅਲ-ਇਖ਼ਵਾਨ-ਅਲ-ਮੁਸਲਮੀਨ ਨਾਂ ਦੀ ਜਥੇਬੰਦੀ ਬਣਾਈ ਜਿਸ ਨੂੰ ਆਮ ਕਰ ਕੇ ਮੁਸਲਿਮ ਬ੍ਰਦਰਹੁੱਡ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਬਹੁਤ ਸਾਰੇ ਵਿਦਵਾਨ ਇਸ ਮੂਲਵਾਦ ਦੇ ਪਨਪਣ ਦਾ ਕਾਰਨ ਵੀਹਵੀਂ ਸਦੀ ਵਿਚ ਯੂਰਪੀ ਦੇਸ਼ਾਂ ਵੱਲੋਂ ਮੁਸਲਮਾਨ ਦੇਸ਼ਾਂ ਵਿਚ ਦਿੱਤੇ ਦਖਲ ਨੂੰ ਮੰਨਦੇ ਹਨ। ਅਮਰੀਕਾ ਨੇ ਦੋਸ਼ ਲਾਇਆ ਹੈ ਕਿ ਤਾਲਿਬਾਨ ਅਮਰੀਕਾ ਨਾਲ ਹੋਏ ਸਮਝੌਤੇ ਦੀ ਪਾਲਣਾ ਨਹੀਂ ਕਰ ਰਹੇ ਅਤੇ ਉਨ੍ਹਾਂ ਨੇ ਸਿਖ਼ਰਲੇ ਦਹਿਸ਼ਤਗਰਦਾਂ ਨੂੰ ਪਨਾਹ ਦਿੱਤੀ ਹੋਈ ਹੈ। 1979-1992 ਦੇ ਸਮਿਆਂ ਵਿਚ ਅਮਰੀਕਾ ਦੀਆਂ ਖ਼ੁਫ਼ੀਆ ਏਜੰਸੀਆਂ ਨੇ ਅਫ਼ਗ਼ਾਨਿਸਤਾਨ ਵਿਚ ਸੋਵੀਅਤ ਯੂਨੀਅਨ ਦੀਆਂ ਫ਼ੌਜਾਂ ਵਿਰੁੱਧ ਕੀਤੇ ਗਏ ‘ਅਪਰੇਸ਼ਨ ਸਾਈਕਲੋਨ` ਦੌਰਾਨ ਕਈ ਦਹਿਸ਼ਤਗਰਦ ਜਥੇਬੰਦੀਆਂ ਜਿਨ੍ਹਾਂ ਵਿਚ ਅਲ-ਕਾਇਦਾ ਵੀ ਸ਼ਾਮਲ ਸੀ, ਨੂੰ ਉਤਸ਼ਾਹਿਤ ਕੀਤਾ। ਇਹ ਅਕਸਰ ਕਿਹਾ ਜਾਂਦਾ ਹੈ ਕਿ ਅਲ-ਕਾਇਦਾ ਨੂੰ ਉਤਸ਼ਾਹਿਤ ਕਰਨਾ ਸੀ.ਆਈ.ਏ. ਦੀ ਵੱਡੀ ਗ਼ਲਤੀ ਸੀ। ਇਸ ਨੂੰ ਸੋਵੀਅਤ ਯੂਨੀਅਨ ਦੀਆਂ ਫੌਜਾਂ ਵਿਰੁੱਧ ਵਰਤਿਆ ਗਿਆ। ਅਮਰੀਕਾ ਦੀ ਇਸ ਰਣਨੀਤੀ ਨੇ ਸਮੁੱਚੀ ਦੁਨੀਆ ਦਾ ਨਕਸ਼ਾ ਹੀ ਬਦਲ ਕੇ ਰੱਖ ਦਿੱਤਾ। ਹੁਣ ਦੁਨੀਆ ਦੇ ਬਹੁਤ ਸਾਰੇ ਦੇਸ਼ ਕੱਟੜਪੰਥੀ ਜਥੇਬੰਦੀਆਂ ਦੀ ਹਿੰਸਾ ਨਾਲ ਜੁਝ ਰਹੇ ਹਨ।
ਦੂਜੀ ਘਟਨਾ ਭਾਵੇਂ ਦੇਖਣ ਨੂੰ ਮਾਮੂਲੀ ਜਿਹੀ ਜਾਪਦੀ ਹੈ ਪਰ ਪੰਜਾਬ ਦੀ ਸਿਆਸਤ ਦੇ ਹਿਸਾਬ ਨਾਲ ਇਸ ਦੇ ਅਰਥ ਬਹੁਤ ਡੂੰਘੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਦੋਂ ਇਕ ਪਿੰਡ ਵਿਚ ਹੜ੍ਹਾਂ ਦੀ ਮਾਰ ਹੇਠ ਆਏ ਲੋਕਾਂ ਦੀ ਖਬਰਸਾਰ ਲੈਣ ਆਏ ਤਾਂ ਲੋਕਾਂ ਨੇ ਉਨ੍ਹਾਂ ਨੂੰ ਕਾਲੀਆਂ ਝੰਡੀਆਂ ਦਿਖਾਈਆਂ। ਇਹ ਕਾਲੀਆਂ ਝੰਡੀਆਂ ਭਾਵੇਂ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਕਾਰਕੁਨਾਂ ਨੇ ਦਿਖਾਈਆਂ ਪਰ ਅਕਾਲੀ ਲੀਡਰਾਂ ਨੂੰ ਪਿਛਲੇ ਕੁਝ ਸਮੇਂ ਤੋਂ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਸਲ ਵਿਚ ਬੇਅਦਬੀ ਅਤੇ ਪੰਜਾਬ ਦੇ ਕੁਝ ਹੋਰ ਮੁੱਦਿਆਂ ਬਾਰੇ ਅਕਾਲੀ ਦਲ ਨੇ ਜਿਹੜੀ ਪਹੁੰਚ ਆਪਣਾਈ ਸੀ, ਉਸ ਤੋਂ ਲੋਕ ਬਹੁਤ ਜ਼ਿਆਦਾ ਔਖੇ ਸਨ। ਪਿਛਲੀਆਂ ਦੋ ਵਿਧਾਨ ਸਭਾ ਚੋਣਾਂ ਜੋ 2017 ਅਤੇ ਹੁਣ 2022 ਵਿਚ ਹੋਈਆਂ, ਵਿਚ ਲੋਕਾਂ ਨੇ ਮਿਥ ਕੇ ਅਕਾਲੀ ਉਮੀਦਾਵਾਰਾਂ ਨੂੰ ਹਰਾਇਆ। ਇਹ ਪਹਿਲੀ ਵਾਰ ਸੀ ਕਿ ਅਕਾਲੀ ਦਲ ਕੋਲ ਵਿਰੋਧੀ ਧਿਰ ਵਾਲੀ ਹੈਸੀਅਤ ਵੀ ਨਾ ਰਹੀ। ਅਸਲ ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਨੂੰ ਅਕਾਲੀ ਦਲ ਵਿਚ ਪਰਿਵਾਰਵਾਦ ਵਧਾਇਆ ਅਤੇ ਸਿਆਸੀ ਪਿੜ ਵਿਚ ਉਹ ਕਾਰਵਾਈਆਂ ਕੀਤੀਆਂ ਜਿਨ੍ਹਾਂ ਨੂੰ ਲੋਕ ਮੁਆਫ ਨਹੀਂ ਕਰ ਰਹੇ। ਬਾਦਲ ਪਰਿਵਾਰ ਖਿਲਾਫ ਲੋਕਾਂ ਦਾ ਗੁੱਸਾ ਇੰਨਾ ਜ਼ਿਆਦਾ ਹੈ ਕਿ ਐਤਕੀਂ ਇਸ ਪਰਿਵਾਰ ਦਾ ਕੋਈ ਵੀ ਜੀਅ ਵਿਧਾਨ ਸਭਾ ਚੋਣ ਜਿੱਤ ਕੇ ਵਿਧਾਨ ਸਭਾ ਅੰਦਰ ਨਹੀਂ ਜਾ ਸਕਿਆ।
ਪਾਰਟੀ ਨੇ ਆਪਣੀ ਹਾਰ ਦੀ ਪੁਣ-ਛਾਣ ਲਈ 13 ਮੈਂਬਰੀ ਕਮੇਟੀ ਬਣਾਈ ਸੀ ਅਤੇ ਇਸ ਕਮੇਟੀ ਆਪਣੀ ਰਿਪੋਰਟ ਸੌਂਪ ਵੀ ਦਿੱਤੀ ਹੈ। ਇਸ ਵਿਚ ਸਿਫਾਰਿਸ਼ ਕੀਤੀ ਗਈ ਹੈ ਕਿ ਪਾਰਟੀ ਦੀ ਲੀਡਰਸ਼ਿਪ ਤਬਦੀਲ ਕੀਤੀ ਜਾਵੇ। ਇਸ ਤੋਂ ਬਾਅਦ ਮਨਪ੍ਰੀਤ ਸਿੰਘ ਇਯਾਲੀ, ਪ੍ਰੇਮ ਸਿੰਘ ਚੰਦੂਮਾਜਰਾ ਅਤੇ ਜਗਮੀਤ ਸਿੰਘ ਬਰਾੜ ਨੇ ਜਿਸ ਤਰ੍ਹਾਂ ਬਗਾਵਤੀ ਸੁਰਾਂ ਅਪਣਾਈਆਂ ਹਨ, ਉਸ ਤੋਂ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੱਡੀ ਵੰਗਾਰ ਪੈ ਗਈ ਹੈ। ਉਂਝ, ਸੁਖਬੀਰ ਸਿੰਘ ਬਾਦਲ ਦੇ ਸਮਰਥਕਾਂ ਨੇ ਕਮੇਟੀ ਦੀਆਂ ਸਿਫਾਰਿਸ਼ਾਂ ਤੋਂ ਉਲਟ ਜਾਂਦਿਆਂ ਪਾਰਟੀ ਬਾਰੇ ਫੈਸਲੇ ਕਰਨ ਦੇ ਸਾਰੇ ਅਧਿਕਾਰ ਸੁਖਬੀਰ ਸਿੰਘ ਬਾਦਲ ਨੂੰ ਦੇ ਦਿੱਤੇ ਅਤੇ ਉਨ੍ਹਾਂ ਨੇ ਪਾਰਟੀ ਦਾ ਸਮੁੱਚਾ ਜਥੇਬੰਦਕ ਢਾਂਚਾ ਭੰਗ ਕਰ ਦਿੱਤਾ ਤਾਂ ਕਿ ਨਵੇਂ ਸਿਰਿਓਂ ਨਿਯੁਕਤੀਆਂ ਕੀਤੀਆਂ ਜਾ ਸਕਣ। ਉਂਝ, ਇਸ ਮਸਲੇ ‘ਤੇ ਵੀ ਡਾਢਾ ਰੌਲਾ ਪੈ ਗਿਆ ਕਿਉਂਕਿ ਤਕਨੀਕੀ ਤੌਰ ‘ਤੇ ਜਥੇਬੰਦਕ ਢਾਂਚਾ ਇਉਂ ਭੰਗ ਨਹੀਂ ਕੀਤਾ ਜਾ ਸਕਦਾ। ਸਿੱਟੇ ਵਜੋਂ ਹੁਣ ਬਾਦਲ ਪਰਿਵਾਰ ਨੂੰ ਵੱਡੇ ਸਿਆਸੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਮੇਟੀ ਦੀ ਰਿਪੋਰਟ ਹੈ ਕਿ ਪਾਰਟੀ ਵਰਕਰ ਲੀਡਰਸ਼ਿਪ ਵਿਚ ਤਬਦੀਲੀ ਚਾਹੁੰਦੇ ਹਨ। ਆਉਣ ਵਾਲੇ ਦਿਨਾਂ ਅੰਦਰ ਜੇ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਦੀ ਪ੍ਰਧਾਨਗੀ ਤੋਂ ਲਾਂਭੇ ਕਰ ਦਿੱਤਾ ਜਾਂਦਾ ਹੈ ਤਾਂ ਇਸ ਨਾਲ ਅਕਾਲੀ ਦਲ ਅੰਦਰ ਹੀ ਨਹੀ, ਪੰਜਾਬ ਦੀ ਸਿਆਸਤ ਅੰਦਰ ਵੀ ਨਵੀਂ ਸਿਆਸੀ ਸਫਬੰਦੀ ਦੀਆਂ ਸੰਭਾਵਨਾਵਾਂ ਬਣ ਸਕਦੀਆਂ ਹਨ।