ਸ਼ਾਇਰ: ਡਾ. ਪ੍ਰਭਸ਼ਰਨਦੀਪ ਸਿੰਘ

ਕਿਤਾਬ: ਦੇਸ ਨਿਕਾਲ਼ਾ
ਪੰਨੇ: 158, ਮੁੱਲ: 350
ਸਿੰਘ ਬ੍ਰਦਰਜ਼
ਰਿਵਿਊਕਾਰ : ਹਰਦੇਵ ਸਿੰਘ
ਸੈਰ ਕਰਦਿਆਂ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਨੇ ਸ਼ਾਇਰ ਪ੍ਰਭਸ਼ਰਨਦੀਪ ਸਿੰਘ ਦੀ ਕਿਤਾਬ ‘ਦੇਸ ਨਿਕਾਲਾ’ ਦਾ ਜ਼ਿਕਰ ਛੇੜਿਆ। ਮੈਂ ਦੱਸਿਆ ਕਿ ਪੜ੍ਹਨ ਦੀ ਇੱਛਾ ਹੈ ਪਰ ਰੁਝੇਵਿਆਂ ਕਰਕੇ ਕਿਤਾਬ ਖ਼ਰੀਦ ਨਹੀਂ ਸਕਿਆ। ਸਰ ਕਿਤਾਬ ਪੜ੍ਹ ਚੁੱਕੇ ਸਨ, ਸੋ ਕਿਤਾਬ ਮਿਲ ਗਈ। ਉਨ੍ਹਾਂ ਦਾ ਧੰਨਵਾਦ।

ਸ਼ਾਇਰ ਪ੍ਰਭਸ਼ਰਨਦੀਪ ਸਿੰਘ ਨੂੰ ਮਿਲਣ ਦਾ ਕਦੇ ਮੌਕਾ ਨਹੀਂ ਮਿਲਿਆ। ਉਨ੍ਹਾਂ ਅਤੇ ਉਨ੍ਹਾਂ ਦੇ ਛੋਟੇ ਵੀਰ ਪ੍ਰਭਸ਼ਰਨਬੀਰ ਸਿੰਘ ਨੂੰ ਸੋਸ਼ਲ ਮੀਡੀਆ ਉੱਪਰ ਹੁੰਦੀਆਂ ਚਰਚਾਵਾਂ ਰਾਹੀਂ ਹੀ ਜਾਣਿਆ ਹੈ। ਕਿਤਾਬ ਵਾਰਤਕ ਅਤੇ ਕਵਿਤਾ ਦੋ ਹਿੱਸਿਆਂ ਵਿਚ ਵੰਡੀ ਹੋਈ ਹੈ। ਕਿਤਾਬ ਮੇਰੇ ਹੱਥ ਦਿੰਦਿਆਂ ਪੰਨੂ ਸਰ ਦੀ ਟਿੱਪਣੀ ਸੀ, ‘ਕਵਿਤਾ ਨਾਲੋਂ ਵਾਰਤਕ ਵਧੀਕ ਚੰਗੀ ਲੱਗੀ।’ ਮੈਨੂੰ ਦੋਵੇਂ ਚੰਗੀਆਂ ਲੱਗੀਆਂ। ਕਿਤਾਬ ਦੀ ਭੂਮਿਕਾ ਵਜੋਂ ਲਿਖੇ ਗਏ ਚੁਰੰਜਾ ਸਫ਼ੇ ਕਵਿਤਾ, ਕਾਲ ਅਤੇ ਬੋਲੀ ਸਬੰਧੀ ਪ੍ਰਭਸ਼ਰਨਦੀਪ ਸਿੰਘ ਦੇ ਅਧਿਐਨ, ਖੋਜ ਅਤੇ ਅਨੁਭਵ ਨੂੰ ਪੇਸ਼ ਕਰਦੇ ਹਨ। ਕਰਤਾ ਅੱਸੀਵਿਆਂ ਅਤੇ ਨੱਬੇਵਿਆਂ ਦੌਰਾਨ ਪੰਜਾਬ ਦੇ ਖੱਬੇਪੱਖੀ ਸਾਹਿਤਕਾਰਾਂ ਨਾਲ ਹੋਏ ਵਾਰਤਾਲਾਪ `ਤੇ ਅਨੁਭਵ ਸਾਂਝੇ ਕਰਦਾ ਹੈ। ਅਵਚੇਤਨ ਤੌਰ `ਤੇ ਉਸ ਦਾ ਦੇਸ਼ ਨਿਕਾਲਾ ਅਜਿਹੀਆਂ ਕੁਝ ਮਿਲਣੀਆਂ ਤੋਂ ਹੀ ਸ਼ੁਰੂ ਹੋ ਗਿਆ ਸੀ। ਪ੍ਰਭਸ਼ਰਨਦੀਪ ਸਿੰਘ ਪੰਜਾਬ ਅੰਦਰ ਚੱਲੇ ਖਾੜਕੂ ਸੰਘਰਸ਼ ਅਤੇ ਹਕੂਮਤੀ ਦਮਨ-ਚੱਕਰ ਦੇ ਵੇਲਿਆਂ ਵਿਚ ਪੰਜਾਬੀ ਸਾਹਿਤ ਜਗਤ ਦੀ ਭੂਮਿਕਾ ਉੱਪਰ ਸਵਾਲ ਖੜ੍ਹੇ ਕਰਦਾ ਹੈ। ਉਸ ਅਨੁਸਾਰ ਸਥਾਪਤ ਪੰਜਾਬੀ ਸਾਹਿਤਕਾਰਾਂ ਨੇ ਨਾ ਸਿਰਫ਼ ਪੰਜਾਬ ਦੇ ਹੱਕੀ ਸੰਘਰਸ਼ ਅਤੇ ਯੋਧਿਆਂ ਨੂੰ ਕੰਡ ਦਿੱਤੀ ਸਗੋਂ ਪੰਜਾਬੀ ਸਾਹਿਤ ਵਿਚੋਂ ਪੰਜਾਬ ਅਤੇ ਸਿੱਖੀ ਦੀ ਮੌਲਿਕਤਾ ਨੂੰ ਹੂੰਝ ਕੇ ਪਾਸੇ ਕਰਨ ਦੀ ਪੂਰੀ ਵਾਹ ਲਾਈ। ਉਹ ਪੰਜਾਬ ਦੇ ਖੱਬੇਪੱਖੀ ਸਾਹਿਤਕਾਰਾਂ ਦੇ ਸਿਧਾਂਤਕ ਅਤੇ ਵਿਹਾਰਕ ਪੈਂਤੜਿਆਂ ਨੂੰ ਮਾਰੂ ਗਰਦਾਨਦਿਆਂ ਆਪਣੇ ਵਿਚਾਰ ਦੀ ਪ੍ਰੋੜ੍ਹਤਾ ਲਈ ਉੱਤਰ-ਆਧੁਨਿਕ ਫ਼ਲਾਸਫ਼ਰਾਂ ਦੇ ਹਵਾਲੇ ਦਿੰਦਾ ਹੈ। ਇਸ ਸੰਬੰਧ ਵਿਚ ਪ੍ਰਭਸ਼ਰਨਦੀਪ ਸਿੰਘ ਦਾ ਅਨੁਭਵ ਅਤੇ ਦਲੀਲਾਂ ਸੌ ਫ਼ੀਸਦੀ ਦਰੁਸਤ ਨਾ ਵੀ ਹੋਣ ਤਾਂ ਵੀ ਉਸ ਵਲੋਂ ਚੁੱਕਿਆ ਗਿਆ ਸਵਾਲ ਮਹੱਤਵਪੂਰਨ ਹੈ।
ਇਹ ਵਾਰਤਕ ਆਪਣੀ ਸਾਦਗੀ ਕਰਕੇ ਵੀ ਵਧੀਕ ਚੰਗੀ ਲਗਦੀ ਹੈ। ਅਜਿਹੇ ਸੰਕਟ ਦੇ ਵੇਲਿਆਂ ਵਿਚ ਜਦੋਂ ਤੁਹਾਡੀ ਕੌਮ ਉੱਪਰ ਜਿਸਮਾਨੀ ਅਤੇ ਸਿਧਾਂਤਕ ਹਮਲੇ ਹੋ ਰਹੇ ਹੋਣ ਇਕ ਸਾਧਾਰਨ ਨੌਜਵਾਨ ਦੀ ਵੇਦਨਾ ਪਾਠਕ ਮਹਿਸੂਸ ਕਰਦਾ ਹੈ। ਦੂਜੇ ਪਾਸੇ ਨੌਜਵਾਨ ਸਿੱਖ ਮਨਾਂ ਅੰਦਰ ਪ੍ਰੋਫ਼ੈਸਰ ਹਰਿੰਦਰ ਸਿੰਘ ਮਹਿਬੂਬ ਅਤੇ ਪ੍ਰੋਫੈਸਰ ਕੁਲਵੰਤ ਸਿੰਘ ਗਰੇਵਾਲ ਦੇ ਸਤਿਕਾਰ ਦਾ ਆਧਾਰ ਪਤਾ ਲੱਗਦਾ ਹੈ। ਇਨ੍ਹਾਂ ਦੋਹਾਂ ਸ਼ਾਇਰਾਂ ਨੇ ਉਸ ਵੇਲੇ ਸਿੱਖ ਜਜ਼ਬਾਤਾਂ ਦੀ ਤਰਜ਼ਮਾਨੀ ਕੀਤੀ ਅਤੇ ਸਿੱਖ ਕਵਿਤਾ ਦੀ ਮਸ਼ਾਲ ਨੂੰ ਰੌਸ਼ਨ ਰੱਖਿਆ ਜਦੋਂ ਸਾਹਿਤ ਜਗਤ ਅੰਦਰ ਸਿੱਖ ਨੌਜਵਾਨਾਂ ਦੀ ਬਾਂਹ ਫੜਨ ਵਾਲਾ ਕੋਈ ਨਹੀਂ ਸੀ।
ਦੇਸ ਨਿਕਾਲਾ ਦੀ ਕਵਿਤਾ ਦਾ ਪਹਿਲਾ ਪ੍ਰਭਾਵ ਇਸ ਵਿਚੋਂ ਪ੍ਰੋ. ਮਹਿਬੂਬ ਅਤੇ ਪ੍ਰੋ. ਗਰੇਵਾਲ ਦੀ ਕਾਵਿ-ਸੁਰ ਦੇ ਝਲਕਾਰੇ ਹਨ। ਵਿਚਾਰ ਬਿੰਬ ਅਤੇ ਸ਼ਬਦ ਚੋਣ ਪੱਖੋਂ ਤਾਂ ਇਹ ਰਚਨਾ ਉਪਰੋਕਤ ਸ਼ਾਇਰਾਂ ਦੀ ਛਾਵੇਂ ਪਲਦੀ ਦਿਸਦੀ ਹੈ। ਬਿਰਹਾ, ਇਸ ਪੂਰੀ ਰਚਨਾ ਦਾ ਕੇਂਦਰ ਬਿੰਦੂ ਹੈ। ਖ਼ਾਲਸਈ ਸ਼ਾਨ ਨੂੰ ਲੱਗ ਰਹੇ ਖੋਰੇ, ਬਿਗਾਨੀਆਂ ਧਾੜਾਂ ਅਤੇ ਜਬਰ ਨੇ ਸ਼ਾਇਰ ਦੇ ਮਨ ਨੂੰ ਵਿੰਨ੍ਹਿਆ ਹੋਇਆ ਹੈ। ਖਾਸ ਕਰਕੇ ਸ਼ਾਇਰ ਜਦੋਂ ਆਪਣੇ ਭਾਵ ਨੂੰ ਮਾਂ ਦੀ ਯਾਦ ਨਾਲ ਜੋੜਦਾ ਹੈ ਤਾਂ ਉਸ ਦੀ ਪੇਸ਼ਕਾਰੀ ਵਧੀਕ ਤਾਕਤਵਰ ਹੋ ਜਾਂਦੀ ਹੈ:
ਭਟਕਣ, ਸਬਰ, ਰਿਜ਼ਕ ਦੀਆਂ ਲੋੜਾਂ
ਦੇਸ ਨਿਕਾਲ਼ੇ ਵੱਡੇ
ਮੁਲਕ ਬੇਗਾਨਾ ਹੋ ਗਿਆ ਅਸਲੋਂ
ਮਾਵਾਂ ਵੀ ਤੁਰ ਗਈਆਂ।
ਪ੍ਰਭਸ਼ਰਨਦੀਪ ਸਿੰਘ ਦੀ ਇਸ ਬੇਵਤਨੀ ਦੀ ਪੀੜ ਤੋਂ ਪ੍ਰੋ. ਮਹਿਬੂਬ ਦਾ ਕਾਵਿ ਟੋਟਾ ਯਾਦ ਆਉਂਦਾ ਹੈ:
ਤੂੰ ਬਹੁੜੀਂ ਕਲਗੀ ਵਾਲਿਆ
ਕੋਈ ਦੇਸ ਨਾ ਸਾਡਾ।
ਪ੍ਰਭਸ਼ਰਨਦੀਪ ਸਿੰਘ ਦੀ ਕਵਿਤਾ ਰੇਖਕੀ ਕਾਲ ਅਤੇ ਭੌਤਿਕਵਾਦੀ ਸਮਝ ਨੂੰ ਰੱਦ ਕਰਦੀ ਹੈ। ਸਿੱਖੀ ਨੂੰ ਬੀਤੇ ਦੀ ਗੱਲ ਅਤੇ ਸਿੱਖ ਪਰੰਪਰਾ ਨੂੰ ਪਿਛਾਂਹ-ਖਿੱਚੂ ਸਮਝਣ ਦੀ ਬਜਾਏ ਉਹ ਇਨ੍ਹਾਂ ਨੂੰ ਸੰਸਾਰ ਦੇ ਉੱਜਲ ਭਵਿੱਖ ਦੇ ਜਾਮਨ ਮੰਨਦਾ ਹੈ। ਉਸ ਅਨੁਸਾਰ ‘ਗੁਰੂ’ ਇਤਿਹਾਸ ਦੇ ਇਕ ਦੌਰ ਦਾ ਪਾਤਰ ਨਹੀਂ ਸਗੋਂ ਉਹ ਸਦ ਜਾਗਤ ਜੋਤਿ ਹੈ:
ਨੀਂਹਾਂ, ਗੜ੍ਹੀਆਂ, ਲੱਖੀ ਜੰਗਲ਼
ਤੇ ਸਤਿਗੁਰ ਦੀਆਂ ਨਜ਼ਰਾਂ,
ਰਣ ਵੀ ਓਹੀ, ਸੱਦ ਵੀ ਓਹੋ
ਸਿਦਕ ਗੁਰੂ ਅਜ਼ਮਾਵੇ।
ਸ਼ਾਇਰ ਨੇ ਦੇਸ਼ ਨਿਕਾਲੇ ਨੂੰ ਝੱਲਿਆ ਜ਼ਰੂਰ ਹੈ ਪਰ ਉਸ ਅੱਗੇ ਗੋਡੇ ਨਹੀਂ ਟੇਕੇ। ਦੂਰ ਪਰਦੇਸ ਵਿਚ ਬੈਠੇ ਸ਼ਾਇਰ ਦੇ ਸੁਪਨਿਆਂ ਤੇ ਹੋਕਿਆਂ ਵਿਚ ਪੰਜਾਬ ਦੇ ਫੁੱਲ, ਛਾਵਾਂ, ਖੇਤ, ਦਰਿਆ ਤੇ ਗੁਰੂ ਛੋਹ ਸਮਾਈ ਹੋਈ ਹੈ:
ਧਰਤ ਬਿਗਾਨੀ, ਬੋਲ ਬਿਗਾਨੇ,
ਦੇਹੀ ਰਹਿ ਗਈ ਮੇਰੀ
ਦੇਹੀ ਉੱਤੇ ਭਉਂਦੀਆਂ ਗਿਰਝਾਂ,
ਨੋਚ ਲੈਣ ਦੀ ਦੇਰੀ
ਕਦੋਂ ਗੀਤ ਪਰਦੇਸੀ ਹੋਏ,
ਕਦ ਭੁੱਲਿਆ ਨਾਂ ਤੇਰਾ।
ਜਦ ਵੀ ਸੁੱਚੀਆਂ ਆਹਾਂ ਉੱਠੀਆਂ,
ਬਾਤ ਤੁਰੇਗੀ ਤੇਰੀ।
ਸ਼ਾਇਰ ਦੇ ਵਰਤਮਾਨ ਵਿਚ ਪਰੰਪਰਾ ਦੀਆਂ ਯਾਦਾਂ ਧੜਕਦੀਆਂ ਹਨ:
ਦੇਸਾਂ ਦੇ ਜੋ ਗੀਤ ਵਿਸਰ ਗਏ,
ਵਿਚ ਸੁਪਨਿਆਂ ਬੁਣਦੇ।
ਯਾਦਾਂ ਵਿਚੋਂ ਟੋਲ਼ ਆਵਾਜ਼ਾਂ,
ਨੀਂਦ ਭਲੀ ਵਿਚ ਸੁਣਦੇ।
ਬੋਲਾਂ ਦੇ ਵਿਚ ਸੁੱਤਾ ਆਪਾ,
ਜਾਗ ਖਲੋਂਦਾ ਸਾਹਵੇਂ,
ਬੀਤੇ ਦੀ ਰਸ-ਭਿੰਨੀ ਲੋਅ ਵਿਚ,
ਰਾਗ ਉਗਮਦੇ ਹੁਣ ਦੇ।
ਇਹ ਯਾਦਾਂ ਸਿਰਫ਼ ਬੀਤੇ ਦੇ ਹੇਰਵੇ ਵਜੋਂ ਨਹੀਂ ਸਗੋਂ ਪਤਝੜ ਪਿੱਛੋਂ ਆਉਣ ਵਾਲੀ ਬਸੰਤ ਦੀ ਆਸ ਵਾਂਗ ਪਰਗਟ ਹੁੰਦੀਆਂ ਹਨ। ਇਹ ਜੀਵਨ ਦੇ ਪਰਮ ਅਰਥ ਨੂੰ ਪ੍ਰਾਪਤ ਕਰਨ ਲਈ ਗੁਰੂ ਦੀ ਯਾਦ ਨਾਲ ਜੁੜਦੀ ਹੈ। ਇਸ ਲਈ ਗੁਰੂ ਦੀ ਯਾਦ ਬੀਤੇ ਦਾ ਸੋਗਮਈ ਪ੍ਰਸੰਗ ਨਹੀਂ ਸਗੋਂ ਜੀਵਨ ਦੀ ਉਮੰਗ ਹੈ, ਜਿਸ ਨੂੰ ਭਾਈ ਵੀਰ ਸਿੰਘ ਜੀ ਨੇ ਜੀਅਦਾਨ ਆਖਿਆ ਹੈ:
ਜਪੁਜੀ ਦੀ ਕੋਈ ਲੈਅ ਅਨੂਠੀ,
ਮਾਂ ਦੀ ਮਿੱਠੀ ਲੋਰੀ।
ਨੀਹਾਂ, ਕੱਚੀਆਂ ਗੜ੍ਹੀਆਂ ਵਿਚੋਂ,
ਉਂਗਲ਼ੀ ਫੜ ਜਿੰਦ ਤੋਰੀ।
ਤਾਰੀਖ਼ਾਂ ਮਾਵਾਂ ਦੇ ਸਬਰੀਂ,
ਜਿਉਣ ਸਿਦਕ ਲੜ ਲੱਗ ਕੇ,
ਬਾਣੀ ਦੇ ਸਰ ਤ੍ਰਿਖਾ ਬੁਝਾਵੇ,
ਗੁਰ ਯਾਦਾਂ ਦੀ ਡੋਰੀ।
ਕਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ‘ਵੰਨ-ਸੁਵੰਨਤਾ `ਚ ਏਕਤਾ’ ਦੇ ਸਿਧਾਂਤ ਨੂੰ ਜੀਵਨ ਦੇ ਹਰ ਪੱਖ ਵਿਚੋਂ ਭਾਲਦਾ ਹੈ। ਕਵੀ ਧਰਤੀ ਨੂੰ ਨਾਮ ਰੰਗ ਅਤੇ ਭਾਸ਼ਾ ਨੂੰ ਅਗੰਮੀ ਸਬਦ ਨਾਲ ਜੁੜ ਕੇ ਪਵਿੱਤਰ ਹੁੰਦਿਆਂ ਵੇਖਦਾ ਹੈ:
ਧਰਤੀ ਉੱਤੇ ਨਾਮ ਮੌਲਿਆ,
ਸ਼ਬਦ ਰਮੇ ਵਿਚ ਭਾਖਾ।
ਆਪਣੀ-ਆਪਣੀ ਫ਼ਿਜ਼ਾ ‘ਚ ਝੂਮੇ,
ਹਰ ਵਣ ਦੀ ਹਰ ਸ਼ਾਖ਼ਾ।
ਕਵਿਤਾ ਪਾਠ ਕਰਦਿਆਂ ਕਿਤੇ ਕਿਤੇ ਲੈਅ ਟੁੱਟਦੀ ਹੈ, ਬਿੰਬ ਅਤੇ ਵਿਚਾਰ ਧੁੰਦਲੇ ਜਾਪਦੇ ਹਨ ਪਰ ਬਹੁਤਾਤ ਕਰਕੇ ਰਸ ਅਤੇ ਵਿਚਾਰ ਦਾ ਪ੍ਰਵਾਹ ਬਣਿਆ ਰਹਿੰਦਾ ਹੈ। ਲਗਪਗ ਇਕੋ ਆਕਾਰ ਦੀਆਂ ਸੌ ਕਵਿਤਾਵਾਂ ਇਕੋ ਮਾਲਾ ਦੇ ਸੌ ਮਣਕੇ ਜਾਪਦੀਆਂ ਹਨ। ਕਾਗਜ਼, ਛਪਾਈ ਤੇ ਜਿਲਦਬੰਦੀ ਸ਼ਾਨਦਾਰ ਅਤੇ ਪੁਸਤਕ ਦਾ ਖੂਬਸੂਰਤ ਸਰਵਰਕ ਖਿੱਚ ਪਾਉਂਦਾ ਹੈ। ਸਹਿਮਤੀ ਜਾਂ ਅਸਹਿਮਤੀ ਤੋਂ ਪਾਰ ਸਿੱਖੀ, ਪੰਜਾਬ ਤੇ ਪੰਜਾਬੀ ਨਾਲ ਜੁੜੇ ਹਰ ਪਾਠਕ ਲਈ ਇਹ ਪੁਸਤਕ ਪੜ੍ਹਨਯੋਗ ਹੈ। ਸ਼ਾਇਰ ਪ੍ਰਭਸ਼ਰਨਦੀਪ ਸਿੰਘ ਅਤੇ ਪ੍ਰਕਾਸ਼ਕ- ਸਿੰਘ ਬ੍ਰਦਰਜ਼, ਅੰਮ੍ਰਿਤਸਰ ਨੂੰ ਮੁਬਾਰਕਬਾਦ ਦਿੰਦਿਆਂ ਮੈਂ ਇਸ ਪੁਸਤਕ ਨੂੰ ਖ਼ੁਸ਼ਾਮਦੀਦ ਆਖਦਾਂ ਹਾਂ।