ਆਤਮਿਕ ਆਜ਼ਾਦੀ ਦਾ ਪੈਰੋਕਾਰ ਕਾਰਲ ਮਾਰਕਸ

ਗੁਰਬਚਨ ਸਿੰਘ
‘ਮਾਦਾ ਮਨ ਦੀ ਉਪਜ ਨਹੀਂ ਸਗੋਂ ਖੁਦ ਮਨ ਮਾਦੇ ਦੀ ਸਿਰਮੌਰ ਸਿਰਜਣਾ ਹੈ। ਇਹੀ ਸ਼ੁਧ ਭੌਤਿਕਵਾਦ ਹੈ।’
(ਪੋਪ ਫਰਾਂਸਿਸ ਨੇ ਠੀਕ ਹੀ ਕਿਹਾ ਹੈ ਕਿ ਅਜੋਕਾ ਸੰਸਾਰ ਯੂਕਰੇਨ-ਰੂਸ ਜੰਗ ਦੇ ਰੂਪ ਵਿਚ ਤੀਜੀ ਸੰਸਾਰ ਜੰਗ ਵਿਚੋਂ ਲੰਘ ਰਿਹਾ ਹੈ। ਇਸ ਜੰਗ ਨੇ ਜਿਥੇ ਮਨੁੱਖਤਾ ਲਈ ਤਬਾਹੀ ਦਾ ਸਬੱਬ ਬਣਨਾ ਹੈ, ਉਥੇ ਇਕ ਵਾਰ ਫਿਰ ਦੁਨੀਆਂ ਭਰ ਦੇ ਲੋਕਾਂ ਲਈ ਇਨਕਲਾਬੀ ਹਾਲਤਾਂ ਪੈਦਾ ਕਰਨੀਆਂ ਹਨ। ਇਨ੍ਹਾਂ ਇਨਕਲਾਬੀ ਹਾਲਤਾਂ ਦਾ ਲਾਹਾ ਸਿਰਫ ਤਾਂ ਹੀ ਲਿਆ ਜਾ ਸਕੇਗਾ, ਜੇ ਅਸੀਂ ਕਾਰਲ ਮਾਰਕਸ ਦੇ ਇਨਕਲਾਬੀ ਸਿਧਾਂਤ ਨੂੰ ਬੁਲੰਦ ਕਰਨ ਦੇ ਯੋਗ ਹੋਵਾਂਗੇ।)

‘ਮੈਂ ਅਜਗਰ ਬੀਜੇ ਸਨ ਪਰ ਪਿਸੂ ਵਢੇ ਹਨ’, ਇਹ 18ਵੀਂ ਸਦੀ ਦੇ ਮਹਾਨ ਫਿਲਾਸਫਰ ਕਾਰਲ ਮਾਰਕਸ ਦੇ ਅਕਾਲ ਚਲਾਣੇ ਤੋਂ ਪਹਿਲਾਂ ਦੇ ਆਪਣੇ ਸ਼ਬਦ ਹਨ। ਪੈਰਿਸ ਕਮਿਊਨ ਦੇ ਮੋਢੀ ਮੈਂਬਰਾਂ ਵਿਚੋਂ ਇਕ ਤੇ ਕਾਰਲ ਮਾਰਕਸ ਦੇ ਜਵਾਈ ਪਾਲ ਲਫਾਰਗ ਨੇ ਵੀ ਮਾਰਕਸ ਤੋਂ ਬਾਅਦ ਦੇ ਉਸ ਦੇ ਪੈਰੋਕਾਰਾਂ ਬਾਰੇ ਕੁਝ ਅਜਿਹੇ ਹੀ ਵਿਚਾਰ ਪ੍ਰਗਟ ਕੀਤੇ ਹਨ। ਮਾਰਕਸ ਦੇ ਲਗਭਗ ਬਹੁਤੇ ਪੈਰੋਕਾਰਾਂ ਨੇ ਸਭ ਤੋਂ ਵਡਾ ਗੁਨਾਹ ਇਹ ਕੀਤਾ ਹੈ ਕਿ ਉਨ੍ਹਾਂ ਨੇ ਉਸ ਦੀ ਫਿਲਾਸਫੀ ਨੂੰ ਆਰਥਿਕਵਾਦ ਤਕ ਸੰੁਗੇੜ ਦਿੱਤਾ ਹੈ। ਉਸ ਦੀ ਵਿਚਾਰਧਾਰਾ ਨੂੰ ਜਮਾਤੀ ਜੱਦੋ-ਜਹਿਦ ਦਾ ਨਾਂ ਦੇ ਕੇ ਉਸ ਨੂੰ ਆਰਥਿਕ ਸੰਘਰਸ਼ਾਂ ਤਕ ਸੀਮਤ ਕਰ ਦਿਤਾ ਹੈ। ਇਥੋਂ ਤਕ ਕਿ ਰੂਸ ਦੇ ਇਨਕਲਾਬ ਤੋਂ ਬਾਅਦ ਵੀ ਲੈਨਿਨ ਨੇ ਕਮਿਊਨਿਸਟ ਸਮਾਜ ਦੀ ਸਿਰਜਣਾ ਨੂੰ ਲੋਕਾਂ ਦੇ ਆਤਮਿਕ ਵਿਕਾਸ ਨਾਲ ਜੋੜਨ ਦੀ ਬਜਾਇ ਆਰਥਿਕ ਵਿਕਾਸ ਤਕ ਘਟਾ ਦਿਤਾ। ਇਨਕਲਾਬ ਤੋਂ ਬਾਅਦ ਘੜੀ ਗਈ ਨਵੀਂ ਆਰਥਿਕ ਨੀਤੀ (ਨਿਊ ਇਕਨੌਮਿਕ ਪਾਲਿਸੀ) ਇਸੇ ਦਿਸ਼ਾ ਵਲ ਪੁਟਿਆ ਗਿਆ ਪਹਿਲਾ ਕਦਮ ਸੀ। ਅਜੇ ਵੀ ਮਾਰਕਸ ਦੇ ਬਹੁਤੇ ਪੈਰੋਕਾਰ ਇਹ ਮੰਨਣ ਨੂੰ ਤਿਆਰ ਨਹੀਂ ਕਿ ਮਾਰਕਸ ਨੇ ਮਨੁੱਖ ਜਾਤੀ ਦੇ ਆਤਮਿਕ ਵਿਕਾਸ ਲਈ ਸਿਧਾਂਤਕ ਅਗਵਾਈ ਕੀਤੀ ਹੈ।
ਮਨੁੱਖੀ ਆਤਮਿਕ ਗਿਆਨ ਦੇ ਖੇਤਰ ਵਿਚ ਮਾਰਕਸ ਨੇ ਉਹ ਲਾਂਘਾ ਭੰਨਿਆ ਹੈ, ਜਿਹੜਾ ਉਸ ਤੋਂ ਪਹਿਲੇ ਫਿਲਾਸਫਰ ਹੀਗਲ ਅਤੇ ਫਿਊਰਬਾਖ ਨਹੀਂ ਸਨ ਭੰਨ ਸਕੇ। ਮਨੁੱਖ ਦੇ ਆਪਣੇ ਸਰੀਰੀ ‘ਮਨ’ ਦਾ ਕੁਦਰਤ ਨਾਲ ਅਨੁਭਵੀ ਰਿਸ਼ਤਾ ਹੈ, ਇਸ ਦੀ ਖੋਜ ਹੀਗਲ ਨੇ ਕਰ ਲਈ ਸੀ ਅਤੇ ਫਿਊਰਬਾਖ ਨੇ ਇਹ ਜਾਣਕਾਰੀ ਵੀ ਦੇ ਦਿੱਤੀ ਸੀ ਕਿ ਮਨੁੱਖ ਦੇ ਸਰੀਰ ਅੰਦਰਲਾ ਆਪਣਾ ਮਨ ਹੀ ਉਸ ਨੂੰ ਕੁਦਰਤ ਬਾਰੇ ਜਾਣਕਾਰੀ ਦੇਂਦਾ ਹੈ। ਉਸ ਨੇ ਇਹ ਜਾਣਕਾਰੀ ਵੀ ਦੇ ਦਿੱਤੀ ਸੀ ਕਿ ਸਾਰੇ ਧਰਮ ਹੋਰ ਕੁਝ ਨਹੀਂ ਸਗੋਂ ਮਨੁੱਖ ਦੇ ਆਪਣੇ ਹੀ ਇਨਸਾਨੀ ਗੁਣਾਂ ਦਾ ਅੰਤਰਮੁਖੀ ਪ੍ਰਗਟਾਵਾ ਹਨ। ਪਰ ਮਨੁੱਖੀ ਆਤਮਾ ਕੀ ਹੈ, ਇਸ ਬਾਰੇ ਨਾ ਹੀਗਲ ਸਪਸ਼ਟ ਕਰ ਸਕਿਆ ਸੀ ਅਤੇ ਨਾ ਹੀ ਫਿਊਰਬਾਖ ਨੇ ਇਸ ਦੀ ਕੋਈ ਜਾਣਕਾਰੀ ਦਿੱਤੀ ਸੀ।
ਮਨੁੱਖੀ ‘ਆਤਮਾ’ ਕੀ ਹੈ, ਇਸ ਦੀ ਖੋਜ ਮਾਰਕਸ ਦੇ ਹਿੱਸੇ ਆਈ ਅਤੇ ਇਸ ਖੋਜ ਤੋਂ ਹੀ ਉਸ ਨੇ ਆਪਣੀ ਫਿਲਾਸਫੀ ਦਾ ਮੁੱਢ ਬੰਨ੍ਹਿਆ। ਮਾਰਕਸ ਦੇ ਆਪਣੇ ਸ਼ਬਦਾਂ ਵਿਚ : ‘ਭੌਤਿਕਵਾਦੀ ਫਿਲਾਸਫੀ ਮਨੁੱਖ ਦੀ ਸਵੈਚੇਤਨਾ (ਚੇਤੰਨ ਸੋਚ) ਨੂੰ ਉਸ ਦੀ ਉਚਤਮ ਦੈਵਿਤਾ (ਭਾਵ ਆਤਮਾ) ਵਜੋਂ ਪ੍ਰਵਾਨ ਕਰਦੀ ਹੈ।’
ਏਂਗਲਜ਼ ਨੇ ਇਸ ਸਮੁੱਚੇ ਵਰਤਾਰੇ ਨੂੰ ਪੂਰੀ ਤਰ੍ਹਾਂ ਸਪੱਸ਼ਟ ਕੀਤਾ ਹੈ : ‘ਬਹੁਤ ਪੁਰਾਣੇ ਸਮਿਆਂ ਤੋਂ ਜਦੋਂ ਅਜੇ ਮਨੁੱਖ ਆਪਣੇ ਸਰੀਰਾਂ ਦੀ ਬਣਤਰ ਤੋਂ ਪੂਰੀ ਤਰ੍ਹਾਂ ਅਣਜਾਣ ਸਨ, ਸੁਪਨ ਤਰੰਗਾਂ ਦੇ ਪ੍ਰਭਾਵ ਅਧੀਨ, ਇਹ ਯਕੀਨ ਕਰਨ ਲੱਗੇ ਕਿ ਉਨ੍ਹਾਂ ਦੀ ਸੋਚ ਅਤੇ ਇੰਦ੍ਰਿਆਵੀ ਅਨੁਭਵ ਮਨੁੱਖੀ ਸਰੀਰਾਂ ਦੀ ਹਰਕਤ ਨਹੀਂ ਸਗੋਂ ਕਿਸੇ ਨਿਵੇਕਲੀ ਆਤਮਾ ਦੀ ਹਰਕਤ ਹੈ, ਜਿਹੜੀ ਸਰੀਰ ਵਿਚ ਰਹਿੰਦੀ ਹੈ ਅਤੇ ਮੌਤ ਤੋਂ ਬਾਅਦ ਸਰੀਰ ਨੂੰ ਛੱਡ ਜਾਂਦੀ ਹੈ। ਉਨ੍ਹਾਂ ਵੇਲਿਆਂ ਤੋਂ ਹੀ ਮਨੁੱਖ ਬਾਹਰੀ ਸੰਸਾਰ ਅਤੇ (ਆਪਣੇ ਸਰੀਰ ਅੰਦਰਲੀ) ਆਪਣੀ ਆਤਮਾ ਵਿਚਲੇ ਰਿਸ਼ਤੇ ਨੂੰ ਏਵੇਂ ਹੀ ਪ੍ਰਗਟ ਕਰਦੇ ਆ ਰਹੇ ਹਨ। ਮੌਤ ਤੋਂ ਬਾਅਦ ਜੇ ਆਤਮਾ ਸਰੀਰ ਨੂੰ ਛਡ ਜਾਂਦੀ ਹੈ ਤਾਂ ਉਸ ਨੂੰ ਇਕ ਹੋਰ ਵਖਰੀ ਮੌਤ ਮਾਰਨ ਦਾ ਕੋਈ ਰਾਹ ਨਹੀਂ ਸੀ। ਇਸ ਲਈ ਆਤਮਾ ਦੇ ਅਮਰ ਹੋਣ ਦਾ ਸੰਕਲਪ ਹੋਂਦ ਵਿਚ ਆਇਆ।….ਇਕ ਵਾਰ ਜੇ ਸਰੀਰ ਦੀ ਮੌਤ ਤੋਂ ਬਾਅਦ ਆਤਮਾ ਦੀ ਹੋਂਦ ਮੰਨ ਲਈ ਗਈ ਤਾਂ ਫਿਰ ਇਸ ਆਤਮਾ ਦਾ ਕੀ ਕੀਤਾ ਜਾਏ? ਇਹੀ ਉਲਝਣ ਸੀ, ਜਿਹੜੀ ਮਨੁੱਖੀ ਅਮਰਤਾ ਦੀਆਂ ਅਕੇਵੇਂ ਭਰੀਆਂ ਧਾਰਨਾਵਾਂ ਦਾ ਆਧਾਰ ਬਣੀ। ਐਨ ਇਸੇ ਤਰ੍ਹਾਂ ਕੁਦਰਤੀ ਸ਼ਕਤੀਆਂ ਦੇ ਮਾਨਵੀ ਰੂਪ ਵਜੋਂ ਮੁਢਲੇ ਦੇਵਤੇ ਹੋਂਦ ਵਿਚ ਆਏ ਅਤੇ ਧਰਮਾਂ ਦੇ ਅਗਲੇ ਵਿਕਾਸ ਦੌਰਾਨ ਇਹ ਦੇਵਤੇ ਪ੍ਰਾਲੌਕਿਕ ਰੂਪ ਧਾਰਨ ਕਰਦੇ ਗਏ…ਜਦੋਂ ਤਕ ਕਿ ਅੰਤਿਮ ਰੂਪ ਵਿਚ…ਮਨੁੱਖੀ ਮਨਾਂ ਅੰਦਰ ਇਕ ਰਬ ਨੂੰ ਮੰਨਣ ਵਾਲੇ ਧਰਮਾਂ ਵਿਚਲੇ ਇਕ ਨਿਵੇਕਲੇ ਰਬ ਦਾ ਸੰਕਲਪ ਹੋਂਦ ਵਿਚ ਨਹੀਂ ਆਇਆ।’
ਮਾਰਕਸ ਦਾ ਆਪਣਾ ਕਥਨ ਹੈ, ‘ਸਿਰਫ ਹੁਣ ਹੀ ਸਮਾਂ ਆਇਆ ਹੈ ਕਿ ਜਦੋਂ ਐਪੀਕਿਊਰੀਅਨਾਂ, ਸਟੌਇਕਾਂ (ਸਹਿਜ ਮਤਿ) ਅਤੇ ਸੈਪਟਿਕਾਂ (ਸ਼ੰਕਾਵਾਦੀ ਮਤਿ) ਦੇ ਵਿਚਾਰ-ਪ੍ਰਬੰਧਾਂ ਨੂੰ ਸਮਝਿਆ ਜਾ ਸਕਦਾ ਹੈ ਕਿ ਉਹ ਸਵੈਚੇਤਨਾ (ਚੇਤੰਨ ਸੋਚ) ਦੇ ਫਿਲਾਸਫਰ ਹਨ।’
ਸਵੈਚੇਤਨਾ ਦੇ ਇਹ ਫਿਲਾਸਫਰ ਕੀ ਗਿਆਨ ਦੇਂਦੇ ਹਨ, ਇਸ ਦਾ ਵੇਰਵਾ ਮਾਰਕਸ ਨੇ ਆਪਣੀਆਂ 6 ‘ਨੋਟ ਬੁਕਾਂ’ ਵਿਚ ਦਿਤਾ ਹੈ, ਜਿਹੜੀਆਂ (ਮਾਰਕਸ-ਏਂਗਲਜ਼ ਦੀਆਂ) ਸਮੂਹਿਕ ਲਿਖਤਾਂ ਦੀ ਪਹਿਲੀ ਜਿਲਦ ਵਿਚ ਛਪੀਆਂ ਹਨ।
ਇਸ ਗਿਆਨ ਦੀਆਂ ਕੁਝ ਕੁ ਮੁਖ ਧਾਰਨਾਵਾਂ ਹੇਠ ਲਿਖੀਆਂ ਹਨ :
1. ‘ਇਹ ਕੁਦਰਤ (ਬ੍ਰਹਿਮੰਡ) ਹਮੇਸ਼ਾ ਇਸੇ ਤਰ੍ਹਾਂ ਸੀ ਤੇ ਹਮੇਸ਼ਾ ਇਸੇ ਤਰ੍ਹਾਂ ਹੀ ਰਹੇਗੀ।’ ਯਥਾ ਕੁਦਰਤ ਦੀ ਹੋਂਦ ਸਦੀਵੀ ਹੈ।
2. ‘ਐਪੀਕਿਉਰਸ ਲਈ ਫਿਲਾਸਫੀ ਦਾ ਕਾਰਜ ਇਹ ਸਾਬਤ ਕਰਨਾ ਹੈ ਕਿ ਇਹ ਸੰਸਾਰ ਯਥਾਰਥ (ਸਤਿ) ਹੈ ਅਤੇ ਮਨੁੱਖੀ ਸੋਚ ਸੋਚਣਯੋਗ ਅਤੇ ਸੰਭਵ ਹੈ।’
3. ‘ਆਪਣੇ-ਆਪ ਨੂੰ ਇਸ ਸੱਚ ਦੇ ਧਾਰਨੀ ਬਣਾਓ ਕਿ ਮੌਤ ਸਾਡੇ ਲਈ ਕੋਈ ਮਾਇਨੇ ਨਹੀਂ ਰਖਦੀ। ਕਿਉਂਕਿ ਸਾਰਾ ਕੁਝ ਜੋ ਵੀ ਚੰਗਾ ਜਾਂ ਮਾੜਾ ਹੈ, ਉਸ ਦਾ ਆਧਾਰ ਚੇਤਨਾ (ਹੋਸ਼) ਹੈ ਅਤੇ ਮੌਤ ਚੇਤਨਾ ਦਾ ਖਾਤਮਾ ਹੈ।’
4. ‘ਇਸ ਲਈ ਇਕ ਸਹੀ ਸਮਝ ਕਿ ਮੌਤ ਸਾਡੇ ਵਾਸਤੇ ਕੋਈ ਮਾਇਨੇ ਨਹੀਂ ਰਖਦੀ, ਸਾਡੇ ਸੀਮਤ (ਗੁਰਮਤਿ ਦੀ ਭਾਸ਼ਾ ਵਿਚ ਨਾਸਵੰਤ ਅਤੇ ਬੋਧੀ ਭਾਸ਼ਾ ਵਿਚ ਅਨਿਤ) ਜੀਵਨ ਨੂੰ ਰਹਿਣ ਯੋਗ ਬਣਾਉਂਦੀ ਹੈ। ਅਸੀਂ ਆਪਣੀ ਸੀਮਤ ਜ਼ਿੰਦਗੀ ਨੂੰ ਵਧਾ ਕੇ ਨਹੀਂ ਸਗੋਂ ਅਮਰਤਾ ਦੀ ਭਟਕਣਾ ਵਿਚੋਂ ਬਾਹਰ ਨਿਕਲ ਕੇ ਹੀ ਇਸ ਦਾ ਅਨੰਦ ਮਾਣ ਸਕਦੇ ਹਾਂ। ਉਹ ਮਨੁੱਖ ਮੌਤ ਦੀ ਦਹਿਸ਼ਤ ਤੋਂ ਸਦਾ ਲਈ ਛੁਟਕਾਰਾ ਪਾ ਲੈਂਦਾ ਹੈ, ਜੋ ਇਹ ਸਮਝ ਜਾਂਦਾ ਹੈ ਕਿ ਮੌਤ ਕੋਈ ਦਹਿਸ਼ਤ ਨਹੀਂ। ਇਸ ਲਈ ਉਹ ਮਨੁੱਖ ਮੂਰਖ ਹੈ, ਜਿਹੜਾ ਇਹ ਕਹਿੰਦਾ ਹੈ ਕਿ ਉਹ ਮੌਤ ਤੋਂ ਇਸ ਲਈ ਨਹੀਂ ਡਰਦਾ, ਕਿਉਂਕਿ ਜਦੋਂ ਮੌਤ ਆਉਂਦੀ ਹੈ ਤਾਂ ਇਹ ਦੁਖ ਦੇਂਦੀ ਹੈ ਸਗੋਂ ਉਹ ਮੌਤ ਤੋਂ ਇਸ ਲਈ ਡਰਦਾ ਹੈ, ਕਿਉਂਕਿ ਇਹ ਦੁਖ ਦਾ ਕਾਰਨ ਬਣਦੀ ਹੈ, ਜਦੋਂ ਕਿ ਇਹ ਅਜੇ ਆਉਣੀ ਹੈ।’
5. ‘ਉਹ ਮਨੁੱਖ ਸਿਆਣਪ ਦਾ ਭੇਦ ਪਾ ਲੈਂਦਾ ਹੈ, ਜੋ ਮਰਨ ਵੇਲੇ ਵੀ ਓਨੀ ਹੀ ਸਹਿਜਤਾ ਨਾਲ ਮਰਦਾ ਹੈ, ਜਿਵੇਂ ਕਿ ਉਹ ਜੰਮਣ ਵੇਲੇ ਸੀ।’
6. ‘ਉਹ ਜਿਹੜੇ ਨੌਜਵਾਨਾਂ ਨੂੰ ਤਾੜਦੇ ਹਨ ਕਿ ਸਵੈਮਾਣ ਨਾਲ ਜੀਓ ਅਤੇ ਬਜ਼ੁਰਗਾਂ ਨੂੰ ਕਹਿੰਦੇ ਹਨ ਕਿ ਸਵੈਮਾਣ ਨਾਲ ਮਰੋ, ਉਹ ਮੂਰਖ ਹਨ। ਨਾ ਸਿਰਫ ਇਸ ਲਈ, ਕਿਉਂਕਿ ਉਹ ਸਿਰਫ ਜੀਉਣ ਦੀ ਇਛਾ ਨੂੰ ਪ੍ਰਗਟ ਕਰਦੇ ਹਨ ਸਗੋਂ ਇਸ ਲਈ ਵੀ ਕਿਉਂਕਿ ਸਵੈਮਾਣ ਨਾਲ ਜਿਉਣਾ ਤੇ ਸਵੈਮਾਣ ਨਾਲ ਮਰਨਾ ਇਕੋ ਹੀ ਗੱਲ ਹੈ।’
7. ‘ਤਰਕਸੰਗਤ, ਸਵੈਮਾਣ ਨਾਲ ਭਰਪੂਰ ਅਤੇ ਸੁਚਜੱਾ ਜੀਵਨ ਜੀਵੇ ਬਿਨਾ, ਅਨੰਦਮਈ ਜੀਵਨ ਜਿਉਣਾ ਅਸੰਭਵ ਹੈ ਅਤੇ ਅਨੰਦਮਈ ਜ਼ਿੰਦਗੀ ਜੀਵੇ ਬਿਨਾ, ਤਰਕਸੰਗਤ, ਸਵੈਮਾਣ ਨਾਲ ਭਰਪੂਰ ਤੇ ਸੁਚਜਾ ਜੀਵਨ ਜਿਉਣਾ ਅਸੰਭਵ ਹੈ।’
8. …‘ਪਾਪ (ਆਪਣੇ ਵਿਕਾਰਾਂ) ਦਾ ਗਿਆਨ ਮਨੁੱਖੀ ਮੁਕਤੀ ਦੀ ਸ਼ੁਰੂਆਤ ਹੈ।’
ਯਥਾ ‘ਤਰਕਸੰਗਤ’ ‘ਸਵੈਮਾਣ ਨਾਲ ਭਰਪੂਰ’ ਤੇ ‘ਸੁਚੱਜਾ’ ਜੀਵਨ ਜੀਵੇ ਬਿਨਾਂ ਅਨੰਦਮਈ ਜ਼ਿੰਦਗੀ ਜਿਉਣੀ ਅਸੰਭਵ ਹੈ ਅਤੇ ਅਨੰਦਮਈ ਜ਼ਿੰਦਗੀ ਜੀਵੇ ਬਿਨਾਂ, ਤਰਕਸੰਗਤ ਸਵੈਮਾਣ ਨਾਲ ਭਰਪੂਰ ਅਤੇ ਸੁਚੱਜਾ ਜੀਵਨ ਜਿਉਣਾ ਅਸੰਭਵ ਹੈ। ਭਾਵ ਅਨੰਦਮਈ ਜ਼ਿੰਦਗੀ ਦਾ ਤਰਕਸੰਗਤ, ਸਵੈਮਾਣ ਨਾਲ ਭਰਪੂਰ ਤੇ ਸੁਚੱਜੇ ਜੀਵਨ ਨਾਲ ਅਟੁੱਟ ਰਿਸ਼ਤਾ ਹੈ।
ਅਨੰਦਮਈ ਜ਼ਿੰਦਗੀ ਦੀ ਇਸ ਮਾਰਕਸਵਾਦੀ ਧਾਰਨਾ ਅਨੁਸਾਰ, ਤਰਕਸੰਗਤ ਜ਼ਿੰਦਗੀ ਜਿਉਣ ਦਾ ਭਾਵ ਆਪਣੀਆਂ ਤਰਕਸੰਗਤ ਲੋੜਾਂ ਅਨੁਸਾਰ ਜਿੰ਼ਦਗੀ ਜਿਉਣਾ ਹੈ। ਭਾਵ ਸਾਮਰਾਜੀ ਖਪਤਕਾਰੀ ਦੀ ਵਹਿਸ਼ਤ ਦੇ ਸ਼ਿਕਾਰ ਹੋਣ ਤੋਂ ਸੁਚੇਤ ਰੂਪ ਵਿਚ ਬਚਣਾ ਹੈ। ਜਦੋਂ ਤਰਕਸੰਗਤ ਮਨੁੱਖੀ ਲੋੜਾਂ ਦੀ ਸੁਚੇਤ ਪਛਾਣ ਕਰ ਕੇ, ਅਣਮਨੁੱਖੀ ਇਛਾਵਾਂ ਭਾਵ ਤ੍ਰਿਸ਼ਨਾ ਤੋਂ ਮੁਕਤੀ ਮਿਲ ਜਾਏ, ਤਾਂ ਫਿਰ ਆਪਣੇ ਮਨੁੱਖੀ ਸਵੈਮਾਣ ਨੂੰ ਬਣਾਈ ਰੱਖਣ ਲਈ ਕਿਸੇ ਨਾਲ ਸਮਝੌਤਾ ਕਰਨ ਦੀ ਲੋੜ ਨਹੀਂ ਪੈਂਦੀ ਅਤੇ ਇਹ ਸਿਰਫ ਤਾਂ ਹੀ ਸੰਭਵ ਹੈ, ਜੇ ਮਨੁੱਖ ਸੁਚਜਾ ਜੀਵਨ ਜੀਵੇ। ਭਾਵ ਯਥਾਰਥ ਉਤੇ ਟੇਕ ਰੱਖ ਕੇ ਆਪਣੀ ਅਸਲੀ ਕੁਦਰਤੀ ਨਾਸਵੰਤ ਹੋਂਦ ਨੂੰ ਪਛਾਣੇ ਅਤੇ ਮੌਤ ਦੇ ਸਦੀਵੀ ਡਰ ਤੇ ਆਪਣੇ ਮਨ ਦੇ ਇਕਲਾਪੇ ਕਾਰਨ ਪੈਦਾ ਹੁੰਦੀ ਉਦਾਸੀ ਦੇ ਆਲਮ ਵਿਚੋਂ ਬਾਹਰ ਨਿਕਲੇ। ਭਾਵ ਮੌਤ ਦੀ ਅਟਲ ਸੱਚਾਈ ਨੂੰ ਪ੍ਰਵਾਨ ਕਰ ਕੇ ਆਪਣੀਆਂ ਤਰਕਸੰਗਤ ਲੋੜਾਂ ਦੀ ਪੂਰਤੀ ਕਰਦਿਆਂ ਪੂਰਨ ਸਮਾਜੀ ਰੂਪ ਵਿਚ ਵਿਚਰੇ। ਸਵੈਮਾਣ ਨਾਲ ਭਰਪੂਰ ਤਰਕਸੰਗਤ ਸੁਚਜਾ ਅਨੰਦਮਈ ਜੀਵਨ ਜਿਉਣ ਦਾ ਇਹੀ ਭਾਵਅਰਥ ਹੈ।
ਮਾਰਕਸ ਨੇ ਐਪੀਕਿਉਰਸ ਦੇ ਹਵਾਲੇ ਨਾਲ ਮਨੁੱਖ ਦੀਆਂ ਤਰਕਸੰਗਤ ਇਛਾਵਾਂ ਨੂੰ ਵੀ ਸਪਸ਼ਟ ਕੀਤਾ ਹੈ। ਮਨੁੱਖ ਦੀਆਂ ‘ਕੁਝ ਇਛਾਵਾਂ ਕੁਦਰਤੀ ਹਨ, ਬਾਕੀ ਸਾਰੀਆਂ ਇਛਾਵਾਂ ਬੇਲੋੜੀਆਂ ਹਨ। ਕੁਦਰਤੀ ਇਛਾਵਾਂ ਵਿਚੋਂ ਕੁਝ ਲੋੜੀਂਦੀਆਂ ਹਨ, ਬਾਕੀ ਕੁਦਰਤੀ ਹਨ। ਲੋੜੀਂਦੀਆਂ ਇਛਾਵਾਂ ਵਿਚੋਂ ਕੁਝ ਖੁਸ਼ੀ ਲਈ ਲੋੜੀਂਦੀਆਂ ਹਨ, ਬਾਕੀ ਖੁਦ ਜ਼ਿੰਦਗੀ ਲਈ ਲੋੜੀਂਦੀਆਂ ਹਨ।
… ਇਨ੍ਹਾਂ ਇਛਾਵਾਂ ਦੀ ਸਹੀ ਸਮਝ (ਭਾਵ ਆਪਣੇ ਸਰੀਰ ਦੀਆਂ ਤਰਕਸੰਗਤ ਸੀਮਤ ਲੋੜਾਂ ਦੀ ਸੁਚੇਤ ਪਛਾਣ) ਸਰੀਰ ਨੂੰ ਤੰਦਰੁਸਤੀ ਅਤੇ ਆਤਮਾ ਨੂੰ ਸ਼ਾਂਤੀ ਬਖਸ਼ਦੀ ਹੈ। ਇਕ ਅਨੰਦਮਈ ਜ਼ਿੰਦਗੀ ਜਿਉਣ ਦਾ ਇਹੀ ਨਿਸ਼ਾਨਾ ਹੈ। ਕਿਉਂਕਿ ਸਾਰੇ ਮਨੁੱਖੀ ਕਾਰਜਾਂ ਦਾ ਮੰਤਵ ਪੀੜਾ ਤੋਂ ਮੁਕਤ ਤੇ ਉਲਝਣ ਰਹਿਤ ਜੀਵਨ ਜਿਉਣਾ ਹੈ।’
‘ਜੇ ਤੁਸੀਂ ਕੁਦਰਤੀ ਲੋੜਾਂ ਅਨੁਸਾਰ ਜਿਉਂਦੇ ਹੋ ਤਾਂ ਤੁਸੀਂ ਕਦੀ ਵੀ ਗਰੀਬ ਨਹੀਂ ਹੋਵੋਗੇ। ਪਰ ਜੇ ਤੁਸੀਂ ਇਛਾਵਾਂ ਅਨੁਸਾਰ ਜਿਉਂਦੇ ਹੋ, ਤਾਂ ਤੁਸੀਂ ਕਦੀ ਵੀ ਅਮੀਰ ਨਹੀਂ ਹੋਵੋਗੇ। ਕੁਦਰਤੀ ਲੋੜਾਂ ਸੀਮਤ ਹਨ, ਜਦੋਂ ਕਿ ਇਛਾਵਾਂ ਦੀ ਮੰਗ ਅਸੀਮ ਹੈ।’
….‘ਅਮੀਰੀ ਕੁਦਰਤੀ ਨੇਮਾਂ ਅਨੁਸਾਰ ਹੰਢਾਈ ਗਰੀਬੀ ਹੈ।’
‘ਕੁਦਰਤ ਦੀ ਦੌਲਤ ਸੀਮਤ ਹੈ ਅਤੇ ਸੌਖੀ ਪ੍ਰਾਪਤ ਹੋ ਜਾਂਦੀ ਹੈ ਪਰ ਹਵਾਈ ਇਛਾਵਾਂ (ਤ੍ਰਿਸਨਾ) ਦੀ ਪੂਰਤੀ ਲਈ ਦੌਲਤ ਦੀ ਮੰਗ ਅਸੀਮ ਹੈ।’
ਕਮਿਊਨਿਸਟ ਤਰਜ਼ ਦੀ ਜ਼ਿੰਦਗੀ ਜਿਉਣ ਲਈ ਜਿਥੇ ਆਪਣੀਆਂ ਤਰਕਸੰਗਤ ਭਾਵ ਸੀਮਤ ਸਰੀਰੀ ਲੋੜਾਂ ਦੀ ਸੁਚੇਤ ਪਛਾਣ ਕਰਨੀ ਜ਼ਰੂਰੀ ਹੈ, ਉਥੇ ਸੁਚੇਤ ਰੂਪ ਵਿਚ ਆਪਣੇ ਵਿਕਾਰਾਂ ਉਤੇ ਕਾਬੂ ਪਾਉਣਾ ਵੀ ਜ਼ਰੂਰੀ ਹੈ। ਇਸੇ ਕਰਕੇ ਮਾਰਕਸ ਨੇ ਨੋਟ ਕੀਤਾ ਹੈ ਕਿ ਆਪਣੇ ਵਿਕਾਰਾਂ ਦਾ ਗਿਆਨ ਹੀ ਮਨੁੱਖੀ ਮੁਕਤੀ ਦੀ ਸ਼ੁਰੂਆਤ ਹੈ। ਜਦੋਂ ਮਨੁੱਖ ਨੂੰ ਆਪਣੇ ਵਿਕਾਰਾਂ ਦਾ ਗਿਆਨ ਹੁੰਦਾ ਹੈ, ਉਦੋਂ ਹੀ ਉਹ ਇਨ੍ਹਾਂ ਉਤੇ ਕਾਬੂ ਪਾਉਣ ਦੇ ਸੁਚੇਤ ਯਤਨ ਕਰਦਾ ਹੈ। ਉਦੋਂ ਹੀ ਪੜਚੋਲ ਸਵੈ-ਪੜਚੋਲ ਦਾ ਅੰਤਰਮੁਖੀ ਕਾਰਜ ਆਰੰਭ ਹੁੰਦਾ ਹੈ। ਇਹੀ ਅਨੰਦਮਈ ਜ਼ਿੰਦਗੀ ਦੀ ਸ਼ੁਰੂਆਤ ਹੈ। ਇਹੀ ਮਨ ਦੀ ਮੁਕਤੀ ਭਾਵ ਮਨੁੱਖ ਦੀ ਆਤਮਿਕ ਆਜ਼ਾਦੀ ਹੈ। ਇਹੀ ਕਮਿਊਨਿਜ਼ਮ ਦੀ ਚੇਤੰਨ ਸੋਚ ਹੈ।
ਮਾਰਕਸ ਦਾ ਕਥਨ, ਕਿ ‘ਸਵੈ ਪ੍ਰਤੀ ਚੇਤੰਨ ਮਨ ਹੀ ਸਦਾਚਾਰ ਹੈ’ ਦਾ ਭਾਵਅਰਥ ਵੀ ਇਹੀ ਹੈ ਕਿ ਕਮਿਊਨਿਸਟਾਂ ਨੇ ਆਪਣੇ ਮਨ ਨੂੰ ਚੇਤੰਨ ਕਰਦਿਆਂ ਹੋਇਆਂ ਸਦਾਚਾਰੀ ਬਣ ਕੇ, ਆਪਣੇ ਸਰੀਰ ਦੀਆਂ ਤਰਕਸੰਗਤ ਮਨੁੱਖੀ ਲੋੜਾਂ ਦੀ ਸੁਚੇਤ ਪਛਾਣ ਕਰਨੀ ਅਤੇ ਉਨ੍ਹਾਂ ਦੀ ਸਮੂਹਿਕ ਪੂਰਤੀ ਕਰਦਿਆਂ ਪਰਉਪਕਾਰੀ ਬਣ ਕੇ ਭਾਵ ਬਾਕੀ ਸਾਰੇ ਮਨੁੱਖੀ ਸਮਾਜ ਨਾਲ ਜੁੜ ਕੇ ਜਿਉਣਾ ਹੈ, ਤਾਂ ਕਿ ਸਾਰੇ ਰਲ-ਮਿਲ ਕੇ ਮਨੁੱਖੀ ਆਜ਼ਾਦੀ ਦਾ ਅਨੰਦ ਮਾਣ ਸਕਣ।
ਪਰ ਜਿੰਨਾ ਚਿਰ ਮਨੁੱਖ ਦਾ ਆਪਣਾ ਆਤਮਿਕ ਕਾਇਆ ਕਲਪ ਨਹੀਂ ਹੁੰਦਾ ਭਾਵ ਆਪਣੀ ਚੇਤੰਨ ਸੋਚ ਅਤੇ ਆਪਣੇ ਅਨੁਭਵੀ ਮਨ ਦੀ ਪੱਧਰ ਉਤੇ ਇਨਕਲਾਬ ਨਹੀਂ ਵਾਪਰਦਾ ਭਾਵ ਮਨੁੱਖ ਆਪਣਾ ਆਤਮਿਕ ਅਤੇ ਮਾਨਸਿਕ ਵਿਕਾਸ ਕਰ ਕੇ ਤੇ ਆਪਣੀਆਂ ਇੰਦ੍ਰੀਆਂ ਨੂੰ ਵਿਕਸਿਤ ਕਰ ਕੇ ਤਰਕਸੰਗਤ ਢੰਗ ਨਾਲ ਜ਼ਿੰਦਗੀ ਨਹੀਂ ਜਿਉਂਦਾ, ਉਦੋਂ ਤਕ ਸਮਾਜ ਵਿਚ ਬਾਹਰੀ ਤੌਰ ਉਤੇ ਉਹ ਕਿਸੇ ਸਥਾਈ ਤਬਦੀਲੀ ਦਾ ਆਧਾਰ ਨਹੀਂ ਬਣ ਸਕਦਾ। ਇਹੀ ਮਾਰਕਸਵਾਦੀ ਫਲਸਫੇ ਦਾ ਤੱਤ ਹੈ। ਜਦੋਂ ਮਾਰਕਸ ਇਹ ਕਹਿੰਦਾ ਹੈ ਕਿ ਹੁਣ ਤਕ ਸਾਰੇ ਫਿਲਾਸਫਰ ਇਸ ਸੰਸਾਰ ਦੀ ਸਿਰਫ ਵਿਆਖਿਆ ਹੀ ਕਰਦੇ ਆਏ ਹਨ ਪਰ ਨੁਕਤਾ ਇਸ ਨੂੰ ਬਦਲਣ ਦਾ ਹੈ, ਤਾਂ ਉਸ ਦਾ ਭਾਵਅਰਥ ਵੀ ਇਹੀ ਹੈ ਕਿ ਆਪਣੇ-ਆਪ ਨੂੰ ਬਦਲਦਿਆਂ ਹੋਇਆਂ ਸਾਰੇ ਸਮਾਜ ਨੂੰ ਬਦਲਣ ਦੇ ਰਾਹ ਪੈਣਾ।
ਮਾਰਕਸ ਦਾ ਆਪਣਾ ਕਥਨ ਹੈ, ‘ਭੌਤਿਕਵਾਦੀ ਸਿਧਾਂਤ ਕਿ ਮਨੁੱਖ ਹਾਲਤਾਂ ਅਤੇ ਮੁਢਲੀ ਪਾਲਣ-ਪੋਸ਼ਣ ਦੀ ਪੈਦਾਵਾਰ ਹੈ ਅਤੇ ਇਸ ਲਈ ਬਦਲਿਆ ਮਨੁੱਖ ਬਦਲੀਆਂ ਹਾਲਤਾਂ ਅਤੇ ਬਦਲੇ ਪਾਲਣ-ਪੋਸ਼ਣ ਦੀ ਪੈਦਾਵਾਰ ਹੈ, ਇਹ ਭੁਲ ਜਾਂਦਾ ਹੈ ਕਿ ਖੁਦ ਮਨੁੱਖ ਹੀ ਹੈ, ਜਿਹੜਾ ਹਾਲਾਤ ਨੂੰ ਬਦਲਦਾ ਹੈ। ਇਸ ਲਈ ਸਿਖਾਉਣ ਵਾਲਾ ਪਹਿਲਾਂ ਖੁਦ ਸਿੱਖੇ ਭਾਵ ਤਾਲੀਮ ਦੇਣ ਵਾਲਾ ਪਹਿਲਾਂ ਖੁਦ ਤਾਲੀਮਯਾਫਤਾ ਹੋਵੇ।’
ਹੁਣ ਤਕ ਸਾਰੇ ਧਰਮ ਮਨੁੱਖੀ ਮਨ ਦੀ ਮੁਕਤੀ ਦੀ ਗੱਲ ਕਰਦੇ ਆ ਰਹੇ ਹਨ, ਪਰ ਆਪਣੇ ਮਨਾਂ ਦੀ ਇਹ ਮੁਕਤੀ ਕਿਵੇਂ ਪ੍ਰਾਪਤ ਕਰਨੀ ਹੈ, ਇਸ ਦਾ ਅਸਲੀ ਰਾਹ ਮਾਰਕਸ ਨੇ ਦੱਸਿਆ ਹੈ। ਪਰ ਮਾਰਕਸਵਾਦ ਅਨੁਸਾਰ ਇਹ ਮੁਕਤੀ ਨਿੱਜੀ ਤੌਰ ਉਤੇ ਓਨਾ ਚਿਰ ਨਹੀਂ ਮਾਣੀ ਜਾ ਸਕਦੀ, ਜਿੰਨਾ ਚਿਰ ਮਨੁੱਖ ਦੇ ਅਨੁਭਵੀ ਚੌਗਿਰਦੇ ਨੂੰ ਨਹੀਂ ਬਦਲਿਆ ਜਾਂਦਾ। ਭਾਵ ਜਿਸ ਆਲੇ-ਦੁਆਲੇ ਦੇ ਸਮਾਜ ਵਿਚੋਂ ਇਹ ਮਨ ਅਨੁਭਵੀ ਗਿਆਨ ਪ੍ਰਾਪਤ ਕਰਦਾ ਹੈ, ਉਸ ਨੂੰ ਨਹੀਂ ਬਦਲਿਆ ਜਾਂਦਾ। ਕਿਉਂਕਿ ਮਸਲਾ ਸਿਰਫ ਧਿਆਨ (ਖਿਆਲ) ਵਿਚ ਹੀ ਨਹੀਂ ਸਗੋਂ ਰੋਜ਼ਾਨਾ ਜੀਵਨ ਦੇ ਯਥਾਰਥ ਅਨੁਭਵ ਵਿਚ ਸਚ, ਸ਼ਿਵਮ ਅਤੇ ਸੁੰਦਰਮ ਦੇ ਸਨਮੁਖ ਹੋਣ ਦਾ ਹੈ। ਅਜੋਕੇ ਅਤਿ ਦੇ ਮਾਨਸਿਕ ਭੋਗੀ ਸਾਮਰਾਜੀ ਚੌਗਿਰਦੇ ਵਿਚ ਮਨ ਦੀ ਇਹ ਮੁਕਤੀ ਪ੍ਰਾਪਤ ਕਰਨਾ ਉਂਝ ਹੀ ਸੰਭਵ ਨਹੀਂ, ਕਿਉਂਕਿ ਇਹ ਚੌਗਿਰਦਾ ਲਗਾਤਾਰ ਮਨੁੱਖੀ ਮਨਾਂ ਨੂੰ ਭ੍ਰਿਸ਼ਟ ਕਰ ਰਿਹਾ ਹੈ।
ਰਾਜਸੀ ਤਾਕਤ ਉਤੇ ਕਬਜ਼ਾ ਕਰ ਕੇ ਆਪਣੇ ਆਲੇ-ਦੁਆਲੇ ਦੇ ਸਮਾਜ ਦੀ ਮਾਨਸਿਕਤਾ ਨੂੰ ਬਦਲਣਾ ਹੀ ਕਮਿਊਨਿਸਟ ਇਨਕਲਾਬ ਦਾ ਨਿਸ਼ਾਨਾ ਹੈ। ਏਂਗਲਜ਼ ਦਾ ਕਥਨ ਹੈ, ‘ਆਪਣੇ ਸਾਰੇ ਗਿਆਨ, ਸੰਵੇਦਨਸ਼ੀਲਤਾ ਆਦਿ ਨੂੰ ਜੇ ਮਨੁੱਖ ਆਪਣੇ ਇੰਦ੍ਰਿਆਵੀ ਅਨੁਭਵ ਰਾਹੀਂ ਪ੍ਰਾਪਤ ਕਰਦਾ ਹੈ, ਤਾਂ ਮਨੁੱਖ ਦੇ ਅਨੁਭਵ ਵਿਚ ਆਉਣ ਵਾਲੇ ਸਾਰੇ ਸੰਸਾਰ ਨੂੰ ਇਸ ਤਰ੍ਹਾਂ ਦਾ ਬਣਾ ਦਿੱਤਾ ਜਾਣਾ ਚਾਹੀਦਾ ਹੈ ਕਿ ਉਸ ਵਿਚ ਜਿਉਂਦਿਆਂ ਹੋਇਆਂ ਮਨੁੱਖ ਓਹੀ ਕੁਝ ਅਨੁਭਵ ਕਰੇ ਅਤੇ ਉਸੇ ਦਾ ਆਦੀ ਹੋ ਜਾਏ, ਜੋ ਹਕੀਕਤ ਵਿਚ ਮਨੁੱਖੀ ਹੈ ਅਤੇ ਇਸ ਤਰ੍ਹਾਂ ਮਨੁੱਖ ਦੇ ਰੂਪ ਵਿਚ ਉਹ ਖੁਦ ਆਪਣੀ ਚੇਤਨਾ ਪ੍ਰਾਪਤ ਕਰ ਲਵੇ। ਸਹੀ-ਸਹੀ ਆਤਮਸਾਤ ਕੀਤਾ ਗਿਆ ਸੁਆਰਥ ਹੀ, ਜੇ ਸਮੁਚੀ ਨੈਤਿਕਤਾ (ਸਦਾਚਾਰ) ਦਾ ਮੌਲਿਕ ਸਿਧਾਂਤ ਹੈ, ਤਾਂ ਮਨੁੱਖ ਦੇ ਨਿਜੀ ਸੁਆਰਥ (ਹਿਤ) ਨੂੰ ਸਮੁਚੀ ਮਨੁੱਖ ਜਾਤੀ ਦੇ ਹਿਤਾਂ ਦੇ ਅਨੁਸਾਰੀ ਬਣਾ ਦਿਤਾ ਜਾਣਾ ਚਾਹੀਦਾ ਹੈ।’
ਵਿਦਿਆ ਦੇ ਮੰਤਵ ਨੂੰ ਸਪਸ਼ਟ ਕਰਦਿਆਂ ਹੋਇਆਂ ਮਾਰਕਸ ਦਾ ਕਹਿਣਾ ਹੈ, ‘ਰਾਜ ਵਲੋਂ ਦਿਤੀ ਜਾਂਦੀ ਸਚੀ ‘ਜਨਤਕ’ ਵਿਦਿਆ, ਰਾਜ ਦੀ ਤਰਕਸੰਗਤ ਤੇ ਜਨਤਕ ਹੋਂਦ ਵਿਚ ਮੌਜੂਦ ਹੈ। ਰਾਜ ਖੁਦ ਲੋਕਾਂ ਨੂੰ ਆਪਣਾ ਅੰਗ ਬਣਾ ਕੇ, ਵਿਅਕਤੀ ਦੇ ਉਦੇਸ਼ਾਂ ਨੂੰ ਸਮੂਹ ਦੇ ਨਿਸ਼ਾਨਿਆਂ ਵਿਚ ਢਾਲ ਕੇ, ਮਨੁੱਖ ਦੀਆਂ ਉਜੱਡ ਬਿਰਤੀਆਂ (ਸਾਮਰਾਜੀ ਖਪਤਕਾਰੀ ਦੀ ਹਵਸ) ਨੂੰ ਸਦਾਚਾਰਕ ਬਿਰਤੀਆਂ (ਤਰਕਸੰਗਤ ਮਨੁੱਖੀ ਲੋੜਾਂ ਦੀਆਂ ਇਛਾਵਾਂ) ਵਿਚ ਬਦਲ ਕੇ, ਕੁਦਰਤੀ ਆਜ਼ਾਦੀ ਨੂੰ ਆਤਮਿਕ ਆਜ਼ਾਦੀ ਵਿਚ ਬਦਲ ਕੇ, ਇਸ ਤਰ੍ਹਾਂ ਸਿਖਿਅਤ ਕਰੇ ਕਿ ਹਰ ਵਿਅਕਤੀ ਆਪਣਾ ਭਲਾ ਸਰਬਤ ਦੇ ਭਲੇ ਵਿਚ ਲੋਚੇ ਅਤੇ ਸਰਬਤ ਨੂੰ ਆਪਣੇ ਨਿਜੀ ਮਨ ਦੇ ਚੌਖਟੇ ਵਿਚੋਂ ਪਛਾਣੇ।’
ਇਨਕਲਾਬ ਤੋਂ ਬਾਅਦ ਰੂਸ ਅਤੇ ਚੀਨ ਅੰਦਰ ਜੇ ਲੋਕਾਂ ਦੇ ਆਤਮਿਕ ਵਿਕਾਸ ਲਈ ਵਿਦਿਆ ਦੇ ਮਿੱਥੇ ਗਏ ਉਕਤ ਨਿਸ਼ਾਨਿਆਂ ਅਨੁਸਾਰ ਵਿਦਿਆ ਮੁਹੱਈਆ ਕਰਵਾਈ ਜਾਂਦੀ, ਤਾਂ ਯਕੀਨਨ ਹੀ ਇਨ੍ਹਾਂ ਦੇਸ਼ਾਂ ਦੇ ਬਹੁਗਿਣਤੀ ਲੋਕ ਆਪਣੇ ਇੰਦ੍ਰਿਆਵੀ ਅਤੇ ਮਾਨਸਿਕ ਵਿਕਾਸ ਕਾਰਨ ਸਾਮਰਾਜੀ ਖਪਤਕਾਰੀ ਦੀ ਚਕਾਚੌਂਧ ਦਾ ਸ਼ਿਕਾਰ ਹੋਣ ਤੋਂ ਬਚ ਜਾਂਦੇ। ਉਹ ਆਪਣੀ ਉਚੇ ਪਧਰ ਦੀ ਆਤਮਿਕ ਆਜ਼ਾਦੀ ਦਾ ਅਨੰਦ ਮਾਣਦੇ ਹੋਏ ਬਾਕੀ ਸਾਰੇ ਸੰਸਾਰ ਲਈ ਇਕ ਚਾਨਣ ਮੁਨਾਰਾ ਬਣਦੇ। ਪਰ ਇਉਂ ਨਹੀਂ ਹੋ ਸਕਿਆ। ਕਿਉਂਕਿ ਇਨਕਲਾਬ ਤੋਂ ਬਾਅਦ ਭੌਤਿਕਵਾਦੀ ਫਿਲਾਸਫੀ ਦੇ ਆਧਾਰ ਉਤੇ ਲੋਕਾਂ ਦਾ ਆਤਮਿਕ ਤੇ ਸਭਿਆਚਾਰਕ ਵਿਕਾਸ ਕਰਨ ਦੇ ਕਾਰਜ ਨੂੰ ਅਣਗੌਲਿਆ ਕਰ ਦਿਤਾ ਗਿਆ।
ਮਾਰਕਸ ਦੇ ਕਥਨ ਅਨੁਸਾਰ, ‘ਜਿਵੇਂ ਕਿਰਤੀ ਜਮਾਤ ਦੇ ਰੂਪ ਵਿਚ ਫਿਲਾਸਫੀ ਆਪਣਾ ਠੋਸ ਹਥਿਆਰ ਲਭ ਲੈਂਦੀ ਹੈ, ਉਵੇਂ ਹੀ ਕਿਰਤੀ ਜਮਾਤ ਫਿਲਾਸਫੀ ਦੇ ਰੂਪ ਵਿਚ ਆਪਣਾ ਆਤਮਿਕ ਹਥਿਆਰ ਲਭ ਲੈਂਦੀ ਹੈ’
….‘ਕਿਰਤੀ ਜਮਾਤ ਨੂੰ ਖਤਮ ਕੀਤੇ ਬਿਨਾਂ ਫਿਲਾਸਫੀ ਹਕੀਕਤ ਨਹੀਂ ਬਣ ਸਕਦੀ ਅਤੇ ਫਿਲਾਸਫੀ ਨੂੰ ਹਕੀਕਤ ਬਣਾਏ ਬਿਨਾਂ ਕਿਰਤੀ ਜਮਾਤ ਖਤਮ ਨਹੀਂ ਹੋ ਸਕਦੀ।’
…. ‘ਹਰ ਸਚੀ ਫਿਲਾਸਫੀ ਆਪਣੇ ਸਮੇਂ ਦਾ ਬੌਧਿਕ ਤੱਤ ਹੁੰਦੀ ਹੈ,….ਫ਼ਿਲਾਸਫੀ ਸਭਿਆਚਾਰ ਦੀ ਸਜਿੰਦ ਆਤਮਾ ਹੁੰਦੀ ਹੈ।’… ‘ਫਿਲਾਸਫੀ ਪੁਛਦੀ ਹੈ, ਸਚ ਕੀ ਹੈ? ਇਹ ਨਹੀਂ, ਕਿ ਸਚ ਕੀ ਹੋ ਸਕਦਾ ਹੈ। ਫਿਲਾਸਫੀ ਪੁਛਦੀ ਹੈ ਕਿ ਸਾਰੀ ਮਨੁੱਖਤਾ ਲਈ ਸਚ ਕੀ ਹੈ? ਇਹ ਨਹੀਂ, ਕਿ ਕੁਝ ਲੋਕਾਂ ਲਈ ਸਚ ਕੀ ਹੈ। ਫਿਲਾਸਫੀ ਦੇ ਆਤਮਿਕ ਸਚ ਰਾਜਸੀ ਭੂਗੋਲਿਕ ਹਦਾਂ ਦੀਆਂ ਸੀਮਾਵਾਂ ਨਹੀਂ ਮੰਨਦੇ।’
…. ‘ਫ਼ਿਲਾਸਫ਼ਰ ਧਰਤੀ ਵਿਚੋਂ ਖੁੰਬਾਂ ਵਾਂਗੂ ਨਹੀਂ ਉਗਦੇ। ਉਹ ਆਪਣੇ ਸਮੇਂ ਦੀ, ਆਪਣੀ ਕੌਮ ਦੀ ਉਪਜ ਹੁੰਦੇ ਹਨ, ਜਿਨ੍ਹਾਂ ਦੇ ਅਤਿ ਸੂਖਮ, ਮਨੁੱਖੀ ਜ਼ਿੰਦਗੀ ਦੇ ਕੀਮਤੀ ਅਦਿਖ ਨਿਚੋੜ, ਫਿਲਾਸਫੀ ਦੇ ਵਿਚਾਰਾਂ ਰਾਹੀਂ ਵਹਿ ਤੁਰਦੇ ਹਨ। ਓਹੀ ਆਤਮਾ ਜਿਹੜੀ ਮਜ਼ਦੂਰਾਂ ਦੇ ਹਥੋਂ ਰੇਲ ਗੱਡੀਆਂ ਦਾ ਨਿਰਮਾਣ ਕਰਵਾਉਂਦੀ ਹੈ, ਫ਼ਿਲਾਸਫ਼ਰਾਂ ਦੇ ਦਿਮਾਗਾਂ ਵਿਚ ਫਿਲਾਸਫੀ ਦੀਆਂ ਧਾਰਨਾਵਾਂ ਦੀ ਸਿਰਜਣਾ ਕਰਦੀ ਹੈ।’
… ‘ਦਰਪੇਸ਼ ਫਿਲਾਸਫੀ ਦਾ ਕਾਰਜ ਸਿਰਫ ਏਨਾ ਹੈ ਕਿ ਇਕ ਇਕੱਲਾ ਫਿਲਾਸਫਰ ਉਹ ਕੰਮ ਪੂਰਾ ਕਰੇ, ਜਿਹੜਾ ਆਉਣ ਵਾਲੇ ਸਮੇਂ ਵਿਚ ਸਮੁਚੀ ਆਦਮ ਜਾਤੀ ਨੇ ਆਪਣੇ ਵਿਕਾਸ ਦੌਰਾਨ ਪੂਰਾ ਕਰਨਾ ਹੈ।’
… ‘ਮੇਰੀ ਫਲਸਫਈ ਹੋਂਦ ਹੀ ਮੇਰੀ ਮਨੁੱਖੀ ਹੋਂਦ ਹੈ। ਖਾਣ-ਪੀਣ-ਹੱਗਣ ਤਾਂ ਪਸ਼ੂ ਵੀ ਕਰਦੇ ਹਨ।’
ਸਮੁੱਚੇ ਮਾਰਕਸਵਾਦ ਵਿਚ ਸਾਇੰਸ ਦਾ ਭਾਵਅਰਥ ਭੌਤਿਕਵਾਦੀ ਫਿਲਾਸਫੀ ਹੀ ਹੈ। ਅਸਲ ਵਿਚ ਮਾਰਕਸ-ਏਂਗਲਜ਼ ਜਦੋਂ ਵੀ ਵਿਗਿਆਨਕ ਵਿਚਾਰਧਾਰਾ ਦੀ ਗੱਲ ਕਰਦੇ ਹਨ ਤਾਂ ਉਹ ਭੌਤਿਕਵਾਦੀ ਫਿਲਾਸਫੀ ਵਿਚਲੇ ਆਤਮਿਕ ਗਿਆਨ ਦੀ ਗੱਲ ਹੀ ਕਰਦੇ ਹਨ। ਉਹ ਕਿਸੇ ਅਮੂਰਤ ‘ਵਿਗਿਆਨਕ ਵਿਚਾਰਧਾਰਾ’ ਦੀ ਗੱਲ ਨਹੀਂ ਕਰਦੇ। ਉਹ ਜਦੋਂ ਵੀ ਵਿਗਿਆਨਕ ਕਮਿਊਨਿਜ਼ਮ ਦੀ ਗੱਲ ਕਰਦੇ ਹਨ ਤਾਂ ਉਹ ਇਸ ਫਿਲਾਸਫੀ ਦੇ ਆਧਾਰ ਉਤੇ ਵਿਕਸਿਤ ਹੋਏ ਚੇਤੰਨ ਮਨ ਵਿਚ ਅਨੁਭਵ ਕੀਤੇ ਜਾ ਸਕਣ ਵਾਲੇ ਕਮਿਊਨਿਜ਼ਮ ਦੇ ਸੰਕਲਪ ਭਾਵ ਕਮਿਊਨਿਜ਼ਮ ਦੀ ਚੇਤੰਨ ਸੋਚ ਨੂੰ ਵਿਗਿਆਨਕ ਕਮਿਊਨਿਜ਼ਮ ਦਾ ਨਾਂ ਦੇਂਦੇ ਹਨ। ਜਿਸ ਨੂੰ ਨਾਸਤਿਕ ਕਮਿਊਨਿਸਟਾਂ ਨੇ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਅਤੇ ‘ਵਿਗਿਆਨਕ’ ਸ਼ਬਦ ਦੀ ਧਰਮਾਂ ਨੂੰ ਗਾਲ੍ਹਾਂ ਕਢਣ ਲਈ ਏਨੀ ਕੁ ਦੁਰਵਰਤੋਂ ਕੀਤੀ ਹੈ ਕਿ ਹੁਣ ਉਹ ਖੁਦ ਹੀ ਸਾਮਰਾਜੀ ਖਪਤਕਾਰੀ ਸਭਿਆਚਾਰ ਦੇ ਭਰਮਜਾਲ ਵਿਚ ਫਸ ਗਏ ਹਨ।