68ਵੇਂ ਰਾਸ਼ਟਰੀ ਫਿਲਮ ਪੁਰਸਕਾਰ: ਬੈਸਟ ਇਨਵੈਸਟੀਗੇਟਿਵ ਫਿਲਮ ‘ਦੀ ਸੇਵੀਅਰ: ਬ੍ਰਿਗੇਡੀਅਰ ਪ੍ਰੀਤਮ ਸਿੰਘ’

ਪ੍ਰੀਤਇੰਦਰ ਕੌਰ
ਫੋਨ: 86997-75563
68ਵੇਂ ਰਾਸ਼ਟਰੀ ਫਿਲਮ ਐਵਾਰਡਜ਼ ਵਿਚ ਪੰਜਾਬ ਦੀ ਲਾਜ ਰੱਖਣ ਵਾਲੀ ਇਕਲੌਤੀ ਫ਼ਿਲਮ ਹੈ ‘ਦੀ ਸੇਵੀਅਰ: ਬ੍ਰਿਗੇਡੀਅਰ ਪ੍ਰੀਤਮ ਸਿੰਘ’। ਇਸ ਫ਼ਿਲਮ ਨੂੰ ਬੈਸਟ ਇਨਵੈਸਟੀਗੇਟਿਵ ਫਿਲਮ ਦਾ ਐਵਾਰਡ ਮਿਲਿਆ ਹੈ। ਬਰਨਾਲਾ ਜ਼ਿਲ੍ਹੇ ਦੇ ਪਿੰਡ ਕੱਟੂ ਦੇ ਜੰਮਪਲ ਡਾ. ਪਰਮਜੀਤ ਸਿੰਘ ਕੱਟੂ ਦੁਆਰਾ ਲਿਖੀ ਤੇ ਨਿਰਦੇਸ਼ਿਤ ਕੀਤੀ ਇਹ ਫਿਲਮ

ਆਪਣੇ ਆਪ ਵਿਚ ਕਈ ਪੱਖਾਂ ਤੋਂ ਵਿਲੱਖਣ ਵੀ ਹੈ। ਪੰਜਾਬ ਵਿਚ ਇਸ ਪੱਧਰ ਦਾ ਡਾਕੂ-ਡਰਾਮਾ ਵਰਗ ਦਾ ਕੋਈ ਫਿਲਮੀ ਪ੍ਰਾਜੈਕਟ ਇਸ ਤੋਂ ਪਹਿਲਾਂ ਵੇਖਣ ਨੂੰ ਨਹੀਂ ਮਿਲਦਾ। ਨੈਸ਼ਨਲ ਫਿਲਮ ਐਵਾਰਡਾਂ ਦੇ 68 ਸਾਲਾਂ ਦੇ ਇਤਿਹਾਸ ਵਿਚ ਨਾਨ-ਫੀਚਰ ਕੈਟਾਗਰੀ ਵਿਚ ਜਿੱਤਣ ਵਾਲੀ ਪੰਜਾਬ ਦੀ ਇਹ ਪਹਿਲੀ ਫ਼ਿਲਮ ਹੈ। ਇਸ ਫ਼ਿਲਮ ਦੇ ਨਿਰਮਾਤਾ ਸਰਦਾਰ ਕਰਨਵੀਰ ਸਿੰਘ ਸਿਵੀਆ ਹਨ, ਜੋ ਲੰਮੇ ਸਮੇਂ ਤੋਂ ਸਮਾਜ ਸੇਵਾ ਅਤੇ ਕਲਾਤਮਕ ਸਿਰਜਣਾਵਾਂ ਦੇ ਖੇਤਰ ਵਿਚ ਸਰਗਰਮ ਭੂਮਿਕਾ ਨਿਭਾਅ ਰਹੇ ਹਨ।
ਇਹ ਫਿਲਮ ਪਹਿਲੀ ਭਾਰਤੀ ਜੰਗ ਦੇ ਅਣਗੌਲੇ ਨਾਇਕ ਬ੍ਰਿਗੇਡੀਅਰ ਪ੍ਰੀਤਮ ਸਿੰਘ ਦੇ ਜੀਵਨ ਦੁਆਲੇ ਘੁੰਮਦੀ ਹੈ। ਪ੍ਰੀਤਮ ਸਿੰਘ ਦਾ ਜਨਮ 05 ਅਕਤੂਬਰ 1911 ਨੂੰ ਦੀਨਾ ਸਾਹਿਬ ਵਿਖੇ ਹੋਇਆ ਜਿੱਥੇ ਦਸਮ ਗੁਰੂ ਨੇ ਜ਼ਫ਼ਰਨਾਮਾ ਰਚਿਆ। ਦੂਜੇ ਵਿਸ਼ਵ ਯੁੱਧ ਵਿਚ ਸਿੰਗਾਪੁਰ ਦੇ ਮੋਰਚੇ ’ਤੇ ਲੜ ਰਹੇ ਸਨ ਪਰ ਜੰਗ ਦੌਰਾਨ ਦੁਸ਼ਮਣ ਦੇ ਕੈਂਪ ਵਿਚ ਫੜੇ ਗਏ। 4 ਮਈ 1942 ਨੂੰ ਆਪਣੇ ਦੋ ਸਾਥੀਆਂ ਕੈਪਟਨ ਬਲਵੀਰ ਸਿੰਘ ਤੇ ਕੈਪਟਨ ਜੀ.ਆਰ. ਪ੍ਰਭ ਨਾਲ ਉਥੋਂ ਬਚ ਕੇ ਨਿਕਲਣ ਵਿਚ ਕਾਮਯਾਬ ਹੋਏ। ਮਲਾਇਆ, ਥਾਈਲੈਂਡ ਤੇ ਬਰਮਾ ਦੇ ਜੰਗਲਾਂ, ਪਹਾੜਾਂ, ਨਦੀਆਂ ਦਾ ਸਫ਼ਰ ਤੈਅ ਕਰਦਿਆਂ ਛੇ ਮਹੀਨਿਆਂ ਬਾਅਦ ਆਖ਼ਰ ਭਾਰਤ ਪਹੁੰਚ ਗਏ। ਇਸ ਹੌਸਲੇ ਤੇ ਦਲੇਰਾਨਾ ਕਾਰਜ ਲਈ ਪ੍ਰੀਤਮ ਸਿੰਘ ਨੂੰ ਵੱਕਾਰੀ ਮੈਡਲ ‘ਮਿਲਟਰੀ ਕਰਾਸ’ ਨਾਲ ਸਨਮਾਨਿਆ ਗਿਆ।
ਭਾਰਤ ਦੀ ਆਜ਼ਾਦੀ ਤੋਂ ਬਾਅਦ ਪ੍ਰੀਤਮ ਸਿੰਘ ਸ੍ਰੀਨਗਰ ਵਿਖੇ ਭਾਰਤੀ ਫੌਜ ਦੀ ਫੈਸਲਾਕੁਨ ਸ਼ਾਲਟੈਂਗ ਦੀ ਲੜਾਈ ਵਿਚ ਸ਼ਾਮਿਲ ਹੋਏ ਅਤੇ ਤਿੰਨ ਮਹੀਨਿਆਂ ਵਿਚ ਹੀ ਪਾਕਿਸਤਾਨੀ ਫੌਜ ਨੂੰ ਉੜੀ ਤੋਂ ਵੀ ਪਿੱਛੇ ਧੱਕ ਦਿੱਤਾ। ਉਨ੍ਹਾਂ ਦੀ ਬਹਾਦਰੀ ਨੂੰ ਦੇਖਦਿਆਂ 20 ਨਵੰਬਰ 1947 ਨੂੰ ਪੁਣਛ ਨੂੰ ਬਚਾਉਣ ਭੇਜਿਆ ਗਿਆ। ਲਗਭਗ ਡੇਢ ਸਾਲ ਦੇ ਖਤਰਨਾਕ ਫੌਜੀ ਅਪ੍ਰੇਸ਼ਨ ਦੌਰਾਨ ਬ੍ਰਿਗੇਡੀਅਰ ਪ੍ਰੀਤਮ ਸਿੰਘ ਨੇ 50,000 ਲੋਕਾਂ ਦੀ ਜਾਨ ਬਚਾਈ, ਜਿਸ ਕਰਕੇ ਪੁੰਛ ਅਤੇ ਜੰਮੂ-ਕਸ਼ਮੀਰ ਦਾ ਬਹੁਤ ਵੱਡਾ ਹਿੱਸਾ ਅੱਜ ਭਾਰਤ ਵਿਚ ਸ਼ਾਮਿਲ ਹੈ ਪਰ ਕੁਝ ਗਲਤ ਇਲਜ਼ਾਮਾਂ ਕਰਕੇ ਉਨ੍ਹਾਂ ਦਾ ਕੋਰਟ-ਮਾਰਸ਼ਲ ਕਰ ਦਿੱਤਾ ਗਿਆ ਸੀ। ਪੌਣੀ ਸਦੀ ਬਾਅਦ ਇਸ ਕਹਾਣੀ ਨੂੰ ਤੱਥਾਂ ਅਤੇ ਅੰਤਰਰਾਸ਼ਟਰੀ ਮਿਆਰਾਂ ਰਾਹੀਂ ਪੇਸ਼ ਕਰਨ ਕਰਕੇ ਇਸ ਫਿਲਮ ਨੂੰ ਬੈਸਟ ਇਨਵੈਸਟੀਗੇਟਿਵ ਫਿਲਮ ਵਜੋਂ ਚੁਣਿਆ ਗਿਆ ਹੈ।
ਡਾ. ਪਰਮਜੀਤ ਸਿੰਘ ਕੱਟੂ ਨੇ ਕਿਹਾ ਕਿ ਪੌਣੀ ਸਦੀ ਪਹਿਲਾਂ ਦੀ ਇਸ ਬਹੁਤ ਹੀ ਗੰਭੀਰ ਕਹਾਣੀ ਨੂੰ ਪਰਦੇ ਉਪਰ ਪੇਸ਼ ਕਰਨਾ ਇਕ ਨਿਰਦੇਸ਼ਕ ਵਜੋਂ ਬਹੁਤ ਵੱਡੀ ਚੁਣੌਤੀ ਸੀ। ਉਨ੍ਹਾਂ ਨੇ ਇਹ ਚੁਣੌਤੀ ਸਵੀਕਾਰ ਕੀਤੀ ਕਿਉਂਕਿ ਪੀ-ਐੱਚ.ਡੀ. ਕੀਤੀ ਹੋਣ ਕਰਕੇ ਉਨ੍ਹਾਂ ਦੀ ਰੁਚੀ ਹਮੇਸ਼ਾ ਹੀ ਖੋਜ ਵਾਲੇ ਵਿਸ਼ਿਆਂ ਵਿਚ ਰਹਿੰਦੀ ਹੈ। ਉਨ੍ਹਾਂ ਨੂੰ ਖੁਸ਼ੀ ਹੈ ਕਿ ਰਾਸ਼ਟਰੀ ਪੁਰਸਕਾਰ ਨੇ ਉਨ੍ਹਾਂ ਦੀ ਮਿਹਨਤ ਦਾ ਮੁੱਲ ਪਾ ਦਿੱਤਾ ਹੈ।
ਇਹ ਫ਼ਿਲਮ ਟੀਮ ਦੀ ਲਗਪਗ ਤਿੰਨ ਸਾਲਾਂ ਦੀ ਮਿਹਨਤ ਦਾ ਨਤੀਜਾ ਹੈ। ਇਸ ਫ਼ਿਲਮ ਲਈ ਪਿੱਠਵਰਤੀ ਆਵਾਜ਼ ਬਾਲੀਵੁੱਡ ਦੇ ਨਾਮਵਰ ਅਦਾਕਾਰ ਜ਼ਾਕਰ ਹੁਸੈਨ ਨੇ ਦਿੱਤੀ ਹੈ ਅਤੇ ਇਸ ਫ਼ਿਲਮ ਦਾ ਪੋਸਟ ਪ੍ਰੋਡਕਸ਼ਨ ਦਾ ਕਾਰਜ ਮੁੰਬਈ ਦੇ ਬਿਹਤਰੀਨ ਸਟੂਡੀਓਜ਼ ਵਿਚ ਹੋਇਆ ਹੈ। ਇਹ ਫ਼ਿਲਮ ਡਾਕੂਮੈਂਟਰੀ ਅਤੇ ਫੀਚਰ ਫ਼ਿਲਮ ਦਾ ਸੁਮੇਲ ਹੈ ਇਸ ਲਈ ਇਸ ਨੂੰ ਡਾਕੂ ਡਰਾਮਾ ਵਰਗ ਵਿਚ ਗਿਣਿਆ ਜਾਂਦਾ ਹੈ। ਡਾਕੂਮੈਂਟਰੀ ਭਾਗ ਲਈ ਜਿਥੇ ਦੂਜੇ ਵਿਸ਼ਵ ਯੁੱਧ ਅਤੇ 1947 ਦੇ ਤਮਾਮ ਸਰੋਤ ਵੇਖੇ ਗਏ ਉਥੇ ਡਰਾਮਾ ਭਾਗ ਲਈ ਬਿਹਤਰੀਨ ਅਦਾਕਾਰਾਂ ਨੂੰ ਸ਼ਾਮਲ ਕੀਤਾ ਗਿਆ। ਬ੍ਰਿਗੇਡੀਅਰ ਪ੍ਰੀਤਮ ਸਿੰਘ ਦਾ ਰੋਲ ਨੌਜਵਾਨ ਅਦਾਕਾਰ ਧਨਵੀਰ ਸਿੰਘ ਦੁਆਰਾ ਨਿਭਾਇਆ ਗਿਆ ਹੈ ਜੋ ਦਸਵੀਂ ਫਿਲਮ ਅਤੇ ਮੁਗਲੇ-ਆਜ਼ਮ ਸੰਗੀਤਕ ਨਾਟਕ ਦੀ ਸ਼ਹਿਜ਼ਾਦਾ ਸਲੀਮ ਵਜੋਂ ਮਕਬੂਲ ਹੈ। ਇਸ ਦੇ ਨਾਲ ਹੀ ਮਹਾਂਬੀਰ ਭੁੱਲਰ ਅਤੇ ਪਾਲੀ ਸੰਧੂ ਵਰਗੇ ਅਦਾਕਾਰ ਇਸ ਫਿਲਮ ਦਾ ਹਿੱਸਾ ਹਨ।
ਬਰਨਾਲਾ ਜ਼ਿਲ੍ਹੇ ਦੇ ਪਿੰਡ ਕੱਟੂ ਦੇ ਜੰਮਪਲ ਨੌਜਵਾਨ ਫ਼ਿਲਮ ਲੇਖਕ ਤੇ ਨਿਰਦੇਸ਼ਕ ਡਾ. ਪਰਮਜੀਤ ਸਿੰਘ ਕੱਟੂ ਨੇ ਪੰਜਾਬੀ ਦੀ ਪੀ ਐੱਚ ਡੀ ਦੀ ਡਿਗਰੀ ਕੀਤੀ ਹੋਈ ਹੈ ਅਤੇ ਇਸ ਤੋਂ ਪਹਿਲਾਂ ਚਾਰ ਲਘੂ ਫ਼ਿਲਮਾਂ ਦਾ ਲੇਖਣ ਤੇ ਨਿਰਦੇਸ਼ਨ ਕਰ ਚੁੱਕਾ ਹੈ ਤੇ ਉਸ ਦੀਆਂ ਫ਼ਿਲਮਾਂ ਦੀ ਖਾਸੀਅਤ ਹੁੰਦੀ ਹੈ ਕਿ ਉਹ ਦੁਨੀਆਂ ਭਰ ਦੇ ਨਾਮਵਰ ਫਿਲਮ ਮੁਕਾਬਲਿਆਂ ਵਿਚ ਭਾਗ ਲੈਂਦੀਆਂ ਅਤੇ ਜੇਤੂ ਰਹਿੰਦੀਆਂ ਹਨ। ਮਿਸਾਲ ਵਜੋਂ ਨੈਸ਼ਨਲ ਐਵਾਰਡ ਜੇਤੂ ਡਾਕੂਮੈਂਟਰੀ ਫਿਲਮ ‘ਦੀ ਸੇਵੀਅਰ: ਬ੍ਰਿਗੇਡੀਅਰ ਪ੍ਰੀਤਮ ਸਿੰਘ’ ਨੂੰ ਵੀ ਇਸ ਤੋਂ ਪਹਿਲਾਂ ਪੰਦਰਾਂ ਤੋਂ ਵਧੇਰੇ ਅੰਤਰਰਾਸ਼ਟਰੀ ਐਵਾਰਡ ਮਿਲ ਚੁੱਕੇ ਹਨ। ਜਿਨ੍ਹਾਂ ਵਿਚ ਲਾਸ ਏਂਜਲਸ ਫਿਲਮ ਐਵਾਰਡ, ਤੇਰਵਾਂ ਦਾਦਾ ਸਾਹਿਬ ਫਾਲਕੇ ਫਿਲਮ ਫੈਸਟੀਵਲ, ਨਵੀਂ ਦਿੱਲੀ ਅੰਤਰਰਾਸ਼ਟਰੀ ਫ਼ਿਲਮ ਫੈਸਟੀਵਲ ਸਮੇਤ ਰੋਮ ਸਵੀਡਨ ਇਟਲੀ ਲੰਡਨ ਆਦਿ ਥਾਵਾਂ ਦੇ ਅੰਤਰਰਾਸ਼ਟਰੀ ਫ਼ਿਲਮ ਮੇਲਿਆਂ ਵਿਚ ਵੀ ਜੇਤੂ ਰਹੀ ਹੈ।
ਡਾ. ਪਰਮਜੀਤ ਸਿੰਘ ਕੱਟੂ ਦਾ ਕਹਿਣਾ ਹੈ ਕਿ ਇਹ ਫ਼ਿਲਮ ਇਸ ਮਕਸਦ ਨਾਲ ਬਣਾਈ ਗਈ ਹੈ ਤਾਂ ਜੋ ਬ੍ਰਿਗੇਡੀਅਰ ਪ੍ਰੀਤਮ ਦਾ ਮਾਣ-ਸਤਿਕਾਰ ਬਹਾਲ ਕਰਵਾਇਆ ਜਾ ਸਕੇ ਅਤੇ ਸਰਕਾਰ ਉਨ੍ਹਾਂ ਦੇ ਕੋਰਟ-ਮਾਰਸ਼ਲ ਨੂੰ ਖਾਰਜ ਕੀਤਾ ਜਾਵੇ। ਇਸ ਲੜੀ ਵਿਚ ਅਪ੍ਰੈਲ ਮਹੀਨੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਕੇਂਦਰੀ ਸਿੱਖ ਅਜਾਇਬ ਘਰ ਵਿਚ ਸਿੱਖ ਯੋਧੇ ਵਜੋਂ ਬ੍ਰਿਗੇਡੀਅਰ ਪ੍ਰੀਤਮ ਸਿੰਘ ਦਾ ਚਿੱਤਰ ਲਗਾਇਆ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਭਾਰਤ ਸਰਕਾਰ ਤੋਂ ਵੀ ਪੂਰਨ ਆਸ ਹੈ ਕਿ ਬ੍ਰਿਗੇਡੀਅਰ ਸਾਹਿਬ ਨਾਲ ਨਿਆਂ ਕਰੇਗੀ।
ਫਿਲਮ ਦੇ ਲੇਖਕ ਤੇ ਨਿਰਦੇਸ਼ਕ ਦਾ ਇਹ ਪਹਿਲਾ ਵੱਡਾ ਫ਼ਿਲਮੀ ਪ੍ਰਾਜੈਕਟ ਹੈ ਤੇ ਪਹਿਲੇ ਹੀ ਪ੍ਰਾਜੈਕਟ ਦਾ ਰਾਸ਼ਟਰੀ ਫ਼ਿਲਮ ਐਵਾਰਡ ਲਈ ਚੁਣਿਆ ਜਾਣਾ ਉਸ ਦੀ ਮਿਹਨਤ ਅਤੇ ਕਾਬਲੀਅਤ ਦੀ ਗਵਾਹੀ ਭਰਦਾ ਹੈ। ‘ਦੀ ਸੇਵੀਅਰ: ਬ੍ਰਿਗੇਡੀਅਰ ਪ੍ਰੀਤਮ ਸਿੰਘ’ ਫਿਲਮ ਨੇ ਪੰਜਾਬ ਦਾ ਮਾਣ ਵਧਾਇਆ ਹੈ। ਇਹ ਫਿਲਮ ਜਲਦ ਹੀ ਕਿਸੇ ਵੱਡੇ ਅੰਤਰਰਾਸ਼ਟਰੀ ਓਟੀਟੀ ਪਲੇਟਫਾਰਮ ਤੇ ਰਿਲੀਜ਼ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਫਿਲਮ ਦੀਆਂ ਪ੍ਰਾਪਤੀਆਂ ਤੋਂ ਇਹ ਨਿਸ਼ਚੇ ਹੀ ਕਿਹਾ ਜਾ ਸਕਦਾ ਹੈ ਕਿ ਫ਼ਿਲਮ ਪੰਜਾਬੀ ਸਿਨੇਮਾ ਦੇ ਨਾਲ ਨਾਲ ਵਿਸ਼ਵ ਸਿਨੇਮਾ ਵਿਚ ਵੀ ਨਵੇਂ ਮੀਲ ਪੱਥਰ ਵਜੋਂ ਜਾਣੀ ਜਾਵੇਗੀ।