ਚਾਲੂ ਫਿਲਮਾਂ ਨੇ ਸਿਨੇਮਾ ਦੀ ਖੁਸ਼ਬੂ ਖਾ ਲਈ…

ਆਮਨਾ ਕੌਰ
ਨਵੀਆਂ, ਨਿਵੇਕਲੀਆਂ ਅਤੇ ਨਿਆਰੀਆਂ ਫਿਲਮਾਂ ਬਣਾਉਣ ਲਈ ਮਸ਼ਹੂਰ ਫਿਲਮਸਾਜ਼/ਅਦਾਕਾਰ ਰਜਤ ਕਪੂਰ ਦੀ ਨਵੀਂ ਫਿਲਮ ‘ਆਰ.ਕੇ.’ 22 ਜੁਲਾਈ ਨੂੰ ਰਿਲੀਜ਼ ਹੋ ਗਈ। ਅਮਰੀਕਾ ਵਿਚ ਇਹ ਪਿਛਲੇ ਸਾਲ 14 ਮਈ ਨੂੰ ਹੀ ਰਿਲੀਜ਼ ਕਰ ਦਿੱਤੀ ਗਈ ਸੀ। ਉਦੋਂ ਇਹ ਫਿਲਮ ਕਈ ਫਿਲਮ ਮੇਲਿਆਂ ਵਿਚ ਦਿਖਾਈ ਗਈ। ਇਨ੍ਹਾਂ ਫਿਲਮ ਮੇਲਿਆਂ ਵਿਚ ਸ਼ੰਘਾਈ ਇੰਟਰਨੈਸ਼ਨਲ ਫਿਲਮ ਫੈਸਟੀਵਲ, ਆਸਟਿਨ ਫਿਲਮ ਫੈਸਟੀਵਲ ਆਦਿ ਸ਼ਾਮਿਲ ਹਨ। ਇਹ ਫਿਲਮ ਰਜਤ ਕਪੂਰ ਨੇ ਖੁਦ ਲਿਖੀ ਹੈ ਅਤੇ ਖੁਦ ਹੀ ਨਿਰਦੇਸ਼ਤ ਕੀਤੀ ਹੈ। ਇਸ ਵਿਚ ਉਸ ਨੇ ਮੁੱਖ ਕਿਰਦਾਰ ਵੀ ਨਿਭਾਇਆ ਹੈ। ਫਿਲਮ ਵਿਚ ਉਸ ਤੋਂ ਇਲਾਵਾ ਮਲਿਕਾ ਸ਼ੇਰਾਵਤ, ਰਣਵੀਰ ਸ਼ੋਰੀ, ਕੁਬਰਾ ਆਇਤ, ਚੰਦਰਚੂੜ੍ਹ ਰਾਏ ਅਤੇ ਮਨੂ ਰਿਸ਼ੀ ਚੱਢਾ ਨੇ ਅਹਿਮ ਕਿਰਦਾਰ ਨਿਭਾਏ ਹਨ।

ਰਜਤ ਕਪੂਰ ਨੇ ਇਸ ਤੋਂ ਪਹਿਲਾਂ ‘ਤਰਾਨਾ’ (1994), ‘ਹਾਈਪੋਥੀਸਿਸ’ (1996), ‘ਪ੍ਰਾਈਵੇਟ ਡਿਟੈਕਟਿਵ’ (1997), ‘ਰਘੂ ਰੋਮੀਓ’ (2004), ‘ਮਿਕਸ ਡਬਲ’ (2005), ‘ਹੈਮਲਟ: ਦਿ ਕਰਾਊਨ ਪ੍ਰਿੰਸ’ (2007), ‘ਨਥਿੰਗ ਲਾਈਕ ਲੀਅਰ’ (2011), ‘ਆਂਖੋਂ ਦੇਖੀ’ (2014) ਵਰਗੀਆਂ ਫਿਲਮਾਂ ਬਣਾਈਆਂ ਹਨ। ਉਸ ਨੇ ਫਿਲਮਾਂ ਵਿਚ ਅਦਾਕਾਰੀ ਵੀ ਕੀਤੀ ਸੀ। ਅਸਲ ਵਿਚ ਪਹਿਲਾਂ-ਪਹਿਲ ਉਹ ਅਦਾਕਾਰੀ ਦੇ ਖੇਤਰ ਵਿਚ ਆਇਆ ਸੀ ਅਤੇ ਸਮਾਨਾਂਤਰ ਸਿਨੇਮਾ ਨਾਲ ਜੁੜ ਗਿਆ। ਸਭ ਤੋਂ ਪਹਿਲਾਂ ਉਹ 1989 ਵਿਚ ਕੁਮਾਰ ਸ਼ਹਾਨੀ ਦੀ ਫਿਲਮ ‘ਖਿਆਲ ਕਥਾ’ ਵਿਚ ਨਜ਼ਰ ਆਇਆ। ਇਹ ਉਸ ਦੇ ਸੰਘਰਸ਼ ਦਾ ਸਮਾਂ ਸੀ। ਫਿਲਮਾਂ ਵਿਚ ਰੋਲ ਹਾਸਲ ਕਰਨ ਲਈ ਉਸ ਨੂੰ ਬੜਾ ਤਰੱਦਦ ਕਰਨਾ ਪਿਆ। ਇਸੇ ਕਰਕੇ, ਅਦਾਕਾਰੀ ਦੇ ਨਾਲ-ਨਾਲ ਉਸ ਨੇ ਲਿਖਣਾ ਵੀ ਸ਼ੁਰੂ ਕੀਤਾ ਅਤੇ ਮਗਰੋਂ ਖੁਦ ਨਿਰਦੇਸ਼ਕ ਵੀ ਬਣ ਗਿਆ। ਆਪਣੇ ਉਮਦਾ ਕੰਮ ਦੇ ਸਿਰ ‘ਤੇ ਉਹ ਹੁਣ ਤੱਕ ਤਿੰਨ ਕੌਮੀ ਇਨਾਮ ਹਾਸਲ ਕਰ ਚੁੱਕਾ ਹੈ। ਇਹ ਇਨਾਮ ਉਸ ਨੂੰ 26 ਮਿੰਟਾਂ ਦੀ ਨਾਨ-ਫੀਚਰ ਦਸਤਾਵੇਜ਼ੀ ਫਿਲਮ ‘ਤਰਾਨਾ’, ਲਘੂ ਫਿਲਮ ‘ਹਾਈਪੋਥੀਸਿਸ’ ਅਤੇ ਫਿਰ ‘ਰਘੂ ਰੋਮੀਓ’ ਲਈ ਮਿਲਿਆ। ‘ਰਘੂ ਰੋਮੀਓ’ ਲਈ ਉਸ ਨੂੰ ਹਿੰਦੀ ਸੈਕਸ਼ਨ ਵਿਚ ਸਰਵੋਤਮ ਫੀਚਰ ਫਿਲਮ ਦਾ ਇਨਾਮ ਮਿਲਿਆ। ਸੌ ਮਿੰਟਾਂ ਦੀ ਇਸ ਫਿਲਮ ਵਿਚ ਵਿਜੈ ਰਾਜ਼, ਨਿਸ਼ੀਕਾਂਤ ਦੀਕਸ਼ਿਤ, ਸਾਦੀਆ ਸਿੱਦੀਕੀ ਅਤੇ ਸੌਰਭ ਸ਼ੁਕਲਾ ਵਰਗੇ ਅਦਾਕਾਰਾਂ ਨੇ ਕੰਮ ਕੀਤਾ। ਇਸ ਫਿਲਮ ਦੇ ਨਿਰਮਾਤਾ ਉਘੇ ਅਦਾਕਾਰ ਨਸੀਰੂਦੀਨ ਸ਼ਾਹ ਸਨ। ਇਹ 30 ਸਾਲਾਂ ਦੇ ਅਜਿਹੇ ਨੌਜਵਾਨ ਦੀ ਕਹਾਣੀ ਹੈ ਜੋ ਰੈਸਟੋਰੈਂਟ ਵਿਚ ਕੰਮ ਕਰਦਾ ਹੈ ਅਤੇ ਸੋਚਦਾ ਹੈ ਕਿ ਰੈਸਟੋਰੈਂਟ ਵਿਚ ਕੰਮ ਕਰਨ ਵਾਲੀਆਂ ਕੁੜੀਆਂ ਦਾ ਇਕ ਉਹੀ ਰਾਖਾ ਹੈ, ਖਾਸਕਰ ਗਾਹਕਾਂ ਤੋਂ। ਰਜਤ ਕਪੂਰ ਨੇ ਇਸ ਕਹਾਣੀ ਵਿਚ ਦਰਸ਼ਕਾਂ ਨੂੰ ਫੈਂਟਸੀ ਅਤੇ ਹਕੀਕਤ ਦੇ ਰੂਬਰੂ ਕਰਵਾਇਆ ਹੈ। ਇਸ ਫਿਲਮ ਦੀ ਇਕ ਹੋਰ ਖਾਸੀਅਤ ਇਹ ਹੈ ਕਿ ਇਸ ਵਿਚ ਕੁੱਲ 16 ਗੀਤ ਹਨ। ਸੌ ਮਿੰਟਾਂ ਦੀ ਇਸ ਫਿਲਮ ਵਿਚੋਂ 40:32 ਮਿੰਟਾਂ ਵਿਚ ਇਹ ਗੀਤ ਸਮਾਏ ਹੋਏ ਹਨ। ਇਸ ਫਿਲਮ ਲਈ ਰਜਤ ਕਪੂਰ ਦੀ ਖੂਬ ਪ੍ਰਸੰਸਾ ਹੋਈ ਸੀ।
ਰਜਤ ਕਪੂਰ ਨੂੰ ਦੁੱਖ ਹੈ ਕਿ ਮੁੱਖਧਾਰਾ ਵਾਲੇ ਸਿਨੇਮਾ ਨੇ ਸਿਨੇਮਾ ਦੀ ਖੁਸ਼ਬੂ ਦੇ ਸਾਰੇ ਰੰਗ ਫਿੱਕੇ ਪਾ ਦਿੱਤੇ ਹਨ। ਉਸ ਦਾ ਕਹਿਣਾ ਹੈ ਕਿ ਇਨ੍ਹਾਂ ਫਿਲਮਾਂ ਵਿਚ ਸਾਰਾ ਜ਼ੋਰ ਸੰਵਾਦਾਂ ਉਤੇ ਹੀ ਹੁੰਦਾ ਹੈ। ਇਸ ਨਾਲ ਫਿਲਮ ਦਾ ਮੱਚ ਹੀ ਮਰ ਜਾਂਦਾ ਹੈ। ਸਿੱਟੇ ਵਜੋਂ ਫਿਲਮ ਦੇ ਵਿਜੂਅਲਜ਼ ਵੱਲ ਬਹੁਤਾ ਧਿਆਨ ਹੀ ਨਹੀਂ ਦਿੱਤਾ ਜਾਂਦਾ। ਇਸ ਪੱਖੋਂ ਮੁਖਧਾਰਾ ਵਾਲੇ ਫਿਲਮਸਾਜ਼ ਤਕਰੀਬਨ ਕੋਰੇ ਹੀ ਸਾਬਿਤ ਹੋਏ ਹਨ। ਇਨ੍ਹਾਂ ਫਿਲਮਾਂ ਦਾ ਸਾਰਾ ਜ਼ੋਰ ਕਿਰਦਾਰਾਂ ਦੀ ਬੋਲਚਾਲ ‘ਤੇ ਹੀ ਖਰਚ ਹੋ ਜਾਂਦਾ ਹੈ।
‘ਆਰ.ਕੇ.’ ਫਿਲਮ ਵਿਚ ਉਘੀ ਅਦਾਕਾਰਾ ਮਲਿਕਾ ਸ਼ੇਰਾਵਤ ਨੇ ਰਜਤ ਕਪੂਰ ਨਾਲ ਪਹਿਲੀ ਵਾਰ ਕੰਮ ਕੀਤਾ ਹੈ। ਫਿਲਮ ਵਿਚ ਉਸ ਨੂੰ ਲੈਣ ਦੀ ਕਹਾਣੀ ਵੀ ਵੱਖਰੀ ਹੈ। ਦੋਵੇਂ ਜਣੇ ਜ਼ਿੰਦਗੀ ਵਿਚ ਕਦੀ ਮਿਲੇ ਵੀ ਨਹੀਂ, ਆਪਸੀ ਗੱਲਬਾਤ ਵੀ ਕਦੀ ਨਹੀਂ ਸੀ ਹੋਈ ਪਰ ਉਸ ਦੀ ਟੀਮ ਵਿਚੋਂ ਕਿਸੇ ਨੇ ਸੁਝਾਅ ਦਿੱਤਾ ਕਿ ਫਿਲਮ ਦੀ ਪਟਕਥਾ ਮਲਿਕਾ ਸ਼ੇਰਾਵਤ ਨੂੰ ਭੇਜੀ ਜਾਵੇ। ਇਹ ਗੱਲ ਉਸ ਨੂੰ ਤੁਰੰਤ ਭਾਅ ਗਈ ਅਤੇ ਪਟਕਥਾ ਮਲਿਕਾ ਨੂੰ ਭੇਜ ਦਿੱਤੀ ਗਈ। ਮਲਿਕਾ ਨੇ ਰਜਤ ਕਪੂਰ ਦੀ ਫਿਲਮ ‘ਆਖੋਂ ਦੇਖੀ’ ਦੇਖੀ ਹੋਈ ਸੀ। ‘ਆਰ.ਕੇ.’ ਦੀ ਪਟਕਥਾ ਪੜ੍ਹਦਿਆਂ ਸਾਰ ਉਹਦਾ ਫੋਨ ਆ ਗਿਆ। ਉਹ ਬਹੁਤ ਖੁਸ਼ ਸੀ ਕਿ ਇਸ ਪ੍ਰੋਜੈਕਟ ਲਈ ਉਸ ਦਾ ਨਾਂ ਵਿਚਾਰਿਆ ਗਿਆ ਹੈ। ਉਸ ਨੂੰ ਪਟਕਥਾ ਬਹੁਤ ਪਸੰਦ ਆਈ ਸੀ।
ਇਉਂ ਮਲਿਕਾ ਸ਼ੇਰਾਵਤ ‘ਆਰ.ਕੇ.’ ਫਿਲਮ ਦਾ ਹਿੱਸਾ ਬਣ ਗਈ ਅਤੇ ਫਿਲਮ ਦੇ ਨਿਰਮਾਣ ਦੌਰਾਨ ਉਹ ਫਿਲਮ ਦੇ ਨਿਰਦੇਸ਼ਕ ਦੇ ਨਾਲ-ਨਾਲ ਚੱਲੀ। ਮਲਿਕਾ ਸ਼ੇਰਾਵਤ ਖੁਦ ਚਾਹੁੰਦੀ ਸੀ ਕਿ ਇਹ ਫਿਲਮ ਛੇਤੀ-ਛੇਤੀ ਮੁਕੰਮਲ ਹੋਵੇ ਅਤੇ ਦਰਸ਼ਕਾਂ ਤੱਕ। ਆਖਿਰਕਾਰ, ਇਹ ਫਿਲਮ ਦਰਸ਼ਕਾਂ ਤੱਕ ਪੁੱਜ ਗਈ ਅਤੇ ਫਿਲਮਸਾਜ਼ ਰਜਤ ਕਪੂਰ ਦੀ ਟੋਪੀ ਵਿਚ ਇਕ ਫੂੰਦਾ ਹੋਰ ਸਜ ਗਿਆ ਹੈ। ਸੱਚਮੁੱਚ ਇਹ ਫਿਲਮ ਬਹੁਤ ਸਾਰੇ ਸਵਾਲ ਖੜ੍ਹੇ ਕਰਦੀ ਹੈ ਅਤੇ ਵਕਤ ਨੂੰ ਵੰਗਾਰਦੀ ਹੈ। ‘ਆਰ.ਕੇ.’ ਨੂੰ ਫਿਲਮ ਆਲੋਚਕਾਂ ਨੇ ਭਰਪੂਰ ਹੁੰਗਾਰਾ ਭਰਿਆ ਹੈ। ਇਨ੍ਹਾਂ ਨੇ ਰਜਤ ਕਪੂਰ ਦੀਆਂ ਤਾਰੀਫਾਂ ਦੇ ਪੁਲ ਬੰਨ੍ਹ ਦਿੱਤੇ ਹਨ।