ਗਰਮ ਗੁਲਾਬੀ ਕੋਟ

ਨਿਰੰਜਣ ਬੋਹਾ
ਫੋਨ: 89682-82700
“ਜੇ ਰੋਟੀ ਛੱਡਿਆਂ ਹਰਮਨ ਵਾਪਸ ਆਉਂਦਾ ਹੋਵੇ ਤਾਂ ਅਸੀਂ ਸਾਰੇ ਹੀ ਛੱਡ ਕੇ ਬੈਠ ਜਾਈਏ ਭਾਬੀ, ਖਾ ਲੈ ਭੈਣ ਬਣ ਕੇ ਦੋ ਕੁ ਬੁਰਕੀਆਂ… ਪੂਰਾ ਦਿਨ ਤੇ ਰਾਤ ਲੰਘ ਗਏ ਨੇ, ਤੈਂ ਤਾਂ ਚਾਹ ਦੀ ਘੁੱਟ ਵੀ ਨਹੀਂ ਪੀਤੀ।”
ਹਰਮਨ ਦੇ ਸਸਕਾਰ ਤੋਂ ਬਾਅਦ ਬਾਹਰੋਂ ਆਏ ਰਿਸ਼ਤੇਦਾਰਾਂ ਨੂੰ ਰੋਟੀ ਵਰਤਾਈ ਜਾ ਰਹੀ ਹੈ। ਮੇਰੀ ਸੰਦੋਹੇ ਵਿਆਹੀ ਵੱਡੀ ਨਨਾਣ ਰਣਦੀਪ ਨੇ ਰੋਟੀ ਦੀ ਥਾਲੀ ਮੇਰੇ ਸਾਹਮਣੇ ਵੀ ਲਿਆ ਰੱਖੀ ਹੈ।

ਰੋਟੀ ਖਾਣ ਦਾ ਮੇਰਾ ਉਕਾ ਮਨ ਨਹੀਂ ਕਰ ਰਿਹਾ। ਸ਼ਾਇਦ ਕੋਈ ਹੀ ਅਜਿਹਾ ਦਿਨ ਹੋਵੇ ਜਦੋਂ ਰਾਤ ਦੀ ਰੋਟੀ ਮੈਂ ਤੇ ਹਰਮਨ ਨੇ ਇਕੱਠਿਆਂ ਬੈਠ ਕੇ ਨਾ ਖਾਧੀ ਹੋਵੇ। ਨਨਾਣ ਦੇ ਵਾਰ-ਵਾਰ ਜ਼ੋਰ ਪਾਉਣ ‘ਤੇ ਮੈਂ ਛੋਟੀ ਜਿਹੀ ਬੁਰਕੀ ਮੂੰਹ ਵਿਚ ਪਾਉਣ ਦੀ ਕੋਸ਼ਿਸ਼ ਕਰਦੀ ਹਾਂ ਪਰ ਹਰਮਨ ਨਾਲ ਬੈਠ ਕੇ ਆਖਰੀ ਵਾਰ ਖਾਧੀ ਰੋਟੀ ਦਾ ਚੇਤਾ ਆਉਣ `ਤੇ ਉਹ ਬੁਰਕੀ ਮੇਰੇ ਸੰਘ ਵਿਚ ਅੜ ਗਈ ਹੈ ਤੇ ਉੱਥੂ ਆਉਣ ਵਾਲਾ ਹੋ ਗਿਆ ਹੈ। ਮੈਂ ਥਾਲੀ ਥੋੜਾ ਜਿਹਾ ਅੱਗੇ ਸਰਕਾ ਦਿੱਤੀ ਹੈ ਤੇ ਨਨਾਣ ਨੂੰ ਮਿੰਨਤ ਜਿਹੀ ਕਰਦਿਆਂ ਕਿਹਾ ਹੈ, “ਭੈਣ ਜੀ ਇਸ ਵੇਲੇ ਮੇਰੇ ਅੰਦਰ ਨਹੀਂ ਲੰਘਦਾ ਕੁਝ, ਖਾ ਲਵਾਂਗੀ ਜਦੋਂ ਭੁੱਖ ਲੱਗੀ।“
“ਮਰਿਆਂ ਨਾਲ ਮਰਿਆ ਨਹੀਂ ਜਾਂਦਾ ਭਾਬੀ… ਮੇਰਾ ਵੀ ਮਾਂ ਜਾਇਆ ਛੋਟਾ ਭਰਾ ਸੀ… ਮੇਰੇ ਵੱਲ ਵੇਖ ਮੈਂ ਵੀ ਖਾ ਪੀ ਰਹੀ ਹਾਂ… ਨਾਲੇ ਤੇਰੇ ਭੁੱਖੇ ਰਹਿਣ ਦੀ ਸਜ਼ਾ ਬੇਚਾਰੀ ਜੱਸੀ ਨੂੰ ਵੀ ਮਿਲ ਰਹੀ ਹੈ। ਜੇ ਅੰਨ ਦਾ ਦਾਣਾ ਤੇਰੇ ਅੰਦਰ ਜਾਊ ਤਾਂ ਹੀ ਦੁੱਧ ਉਤਰੂ…ਵੇਖ ਬੇਚਾਰੀ ਕਿਵੇਂ ਰਾਤ ਦੀ ਵਿਲਕੀ ਜਾਂਦੀ ਹੈ। ਨਨਾਣ ਨੇ ਮੇਰਾ ਧਿਆਨ ਆਪਣੇ ਚਾਚੇ ਦੀ ਗੋਦ ਵਿਚੋਂ ਮਚਲ-ਮਚਲ ਕੇ ਬਾਹਰ ਆਉਣ ਦੀ ਕੋਸ਼ਿਸ਼ ਕਰ ਰਹੀ ਜੱਸੀ ਵੱਲ ਦੁਆਇਆ ਹੈ ਤਾਂ ਮੈਂ ਦਿਲਬਾਗ ਨੂੰ ਇਸ਼ਾਰਾ ਕੀਤਾ ਹੈ ਕਿ ਉਹ ਉਸ ਨੂੰ ਮੇਰੇ ਕੋਲ ਲੈ ਆਵੇ। ਕੱਲ੍ਹ ਦਾ ਮੇਰਾ ਤਾਂ ਜੱਸੀ ਵੱਲ ਧਿਆਨ ਹੀ ਨਹੀਂ ਸੀ ਗਿਆ। ਉਹ ਹੁਣ ਮੇਰੇ ਸੀਨੇ ਨਾਲ ਲੱਗ ਬੁਸਕ ਬੁਸਕ ਕਰ ਰਹੀ ਹੈ। ਭਾਵੇਂ ਮੈਨੂੰ ਪਤਾ ਹੈ ਕਿ ਮੇਰੀਆਂ ਦੋਹਾਂ ਨਨਾਣਾਂ ਨੇ ਉਸਨੂੰ ਜ਼ਰੂਰ ਗਾਂ ਦਾ ਦੁੱਧ ਸ਼ੀਸ਼ੀ ਰਾਹੀਂ ਪਿਆਇਆ ਹੋਵੇਗਾ ਪਰ ਮਾਂ ਦੇ ਦੁੱਧ ਬਿਨਾਂ ਏਨੇ ਛੋਟੇ ਬੱਚੇ ਨੂੰ ਰੱਜ ਕਿੱਥੇ ਆਉਂਦਾ ਹੈ। ਮੈਂ ਆਪਣੇ ਜੈਂਪਰ ਦੀ ਕੰਨ੍ਹੀਂ ਚੁੱਕ ਕੇ ਉਸਨੂੰ ਆਪਣਾ ਦੁੱਧ ਪਿਆਉਣਾ ਸ਼ੁਰੂ ਕੀਤਾ ਹੈ। ਮੇਰਾ ਦੁੱਧ ਪੀਦਿਆਂ ਵੀ ਉਹ ਰੁਕ ਰੁਕ ਕੇ ਨਿੱਕੇ-ਨਿੱਕੇ ਹਟਕੋਰੇ ਭਰ ਰਹੀ ਹੈ।
ਮੈਨੂੰ ਜੱਸੀ `ਤੇ ਤਰਸ ਆ ਰਿਹਾ ਹੈ, ਬੇਚਾਰੀ ਨੂੰ ਅਜੇ ਇਹ ਵੀ ਨਹੀਂ ਪਤਾ ਕਿ ਉਸ ਨਾਲ ਕੀ ਬੀਤੀ ਹੈ ਤੇ ਉਸਨੂੰ ਲਾਡ ਲਡਾਉਣ ਵਾਲਾ ਉਸਦਾ ਪਾਪਾ ਕਿਹੜੀ ਦੁਨੀਆਂ `ਚ ਚਲਾ ਗਿਆ ਹੈ। ਤਰਸ ਤਾਂ ਮੈਨੂੰ ਆਪਣੇ ਆਪ `ਤੇ ਵੀ ਆ ਰਿਹਾ ਹੈ। ਦੋ ਦਿਨ ਪਹਿਲਾਂ ਤਾਂ ਮੈਂ ਹਰਮਨ ਨਾਲ ਮੰਡੀ ਜਾ ਕੇ ਸਾਰੇ ਪਰਿਵਾਰ ਲਈ ਸਰਦੀ ਦੇ ਗਰਮ ਕੱਪੜੇ ਖਰੀਦਣ ਦਾ ਪ੍ਰੋਗਰਾਮ ਉਲੀਕਿਆ ਸੀ ਪਰ ਮੈਨੂੰ ਕੀ ਪਤਾ ਸੀ ਕਿ ਰੰਗੀਨ ਸਵੈਟਰ ਜਰਸੀਆਂ ਦੀ ਬਜਾਇ ਮੇਰੇ ਪੇਕੇ ਪਰਿਵਾਰ ਨੂੰ ਉਸ ਲਈ ਹੀ ਚਿੱਟੇ ਰੰਗ ਦਾ ਕਫ਼ਨ ਖਰੀਦਣਾ ਪਵੇਗਾ। ਖੁਸ਼ੀਆਂ ਦੇ ਦਿਨ ਤਾਂ ਇਕ ਇਕ ਘੜੀ ਉਡੀਕ ਕੇ ਮਸਾਂ ਆਉਂਦੇ ਨੇ ਪਰ ਮੁਸੀਬਤ ਤਾਂ ਬਿਨਾਂ ਦੱਸੇ ਇਕ ਦਮ ਪਹਾੜ ਵਾਂਗ ਬੰਦੇ `ਤੇ ਡਿੱਗ ਪੈਂਦੀ ਹੈ। ਬੇਬੇ ਦੀ ਛਾਤੀ ਠੰਡ ਨਾਲ ਜਕੜੀ ਜਿਹੀ ਪਈ ਸੀ। ਘਰੋਂ ਤਾਂ ਹਰਮਨ ‘ਹੁਣੇ ਆਇਆ ਕਹਿ’ ਕੇ ਬੇਬੇ ਲਈ ਖੰਘ ਦੀ ਦਵਾਈ ਲੈਣ ਨਿਕਲਿਆ ਸੀ ਪਰ ਉਹ ਆਪ ਵਾਪਸ ਨਹੀਂ ਸੀ ਆਇਆ ਸਗੋਂ ਉਸ ਦੀ ਮੌਤ ਦਾ ਨਹਿਸ਼ ਸੁਨੇਹਾ ਹੀ ਘਰ ਆਇਆ ਸੀ। ਘਰ ਤੋਂ ਗਿਆਂ ਉਸ ਅਜੇ ਲਾਲ ਬੱਤੀਆਂ ਵਾਲਾ ਚੌਕ ਹੀ ਪਾਰ ਕੀਤਾ ਸੀ ਕਿ ਪਤਾ ਨਹੀਂ ਕਿਹੜੇ ਪਾਸਿਉਂ ਇਕ ਅਵਾਰਾ ਢੱਠਾ ਉਸਦੀ ਐਕਟਿਵਾ ਅੱਗੇ ਆ ਗਿਆ। ਉਸ ਆਪਣੇ ਆਪ ਨੂੰ ਢੱਠੇ ਤੋਂ ਬਚਾਉਣ ਲਈ ਇਕ ਦਮ ਮੋੜ ਕੱਟਿਆ ਤਾਂ ਸਾਹਮਣੇ ਪਾਸਿਉਂ ਆ ਰਿਹਾ ਟਰੱਕ ਉਸਨੂੰ ਦਰੜ ਕੇ ਭੱਜ ਗਿਆ। ਭਾਵੇਂ ਉੱਥੇ ਮੌਜੂਦ ਜਾਣ-ਪਛਾਣ ਦੇ ਬੰਦੇ ਉਸ ਨੂੰ ਚੁੱਕ ਕੇ ਮਿੰਟਾਂ ਸਕਿੰਟਾਂ ਵਿਚ ਨੇੜਲੇ ਹਸਪਤਾਲ ਲੈ ਗਏ ਸਨ ਪਰ ਉਸਦਾ ਸਿਰ ਸਿੱਧਾ ਸੜਕ `ਤੇ ਵੱਜਣ ਕਾਰਨ ਉਹ ਥਾਏਂ ਹੀ ਮੁੱਕ ਗਿਆ ਸੀ ਤੇ ਡਾਕਟਰਾਂ ਨੇ ਐਂਬੂਲੈਂਸ ਵਿਚੋਂ ਉਤਾਰਨ ਤੋਂ ਪਹਿਲਾਂ ਹੀ ਉਸਨੂੰ ਮੁਰਦਾ ਕਰਾਰ ਦੇ ਦਿੱਤਾ ਸੀ।
ਉਸਦੀ ਮੌਤ ਦੀ ਖਬਰ ਸਾਰੇ ਪਰਿਵਾਰ `ਤੇ ਇਕਦਮ ਬਿਜਲੀ ਬਣ ਕੇ ਡਿੱਗੀ ਸੀ। ਬੇਚਾਰੀ ਜੱਸੀ ਨੂੰ ਤਾਂ ਕੀ ਪਤਾ ਹੈ ਪਰ ਮੇਰੇ ਭਾਅ ਦਾ ਤਾਂ ਸਾਰਾ ਜਹਾਨ ਹੀ ਉਜੜ ਗਿਆ ਸੀ। ਬੇਬੇ, ਬਾਪੂ, ਮੇਰਾ ਦਿਓਰ ਦਿਲਬਾਗ ਤੇ ਮੇਰੀਆਂ ਨਨਾਣਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਸੀ। ਜਵਾਨ ਪੁੱਤ ਦੀ ਮੌਤ ਕੀ ਹੁੰਦੀ ਹੈ ਇਹ ਤਾਂ ਉਹੀ ਜਾਣਦਾ ਹੈ ਜਿਸਨੂੰ ਆਪ ਆਪਣੇ ਪੁੱਤ ਦੀ ਅਰਥੀ ਨੂੰ ਮੋਢਾ ਦੇਣਾ ਪਿਆ ਹੋਵੇ। ਮੈਂ ਅੱਜ ਤਕ ਕਿਸੇ ਦੀ ਮੌਤ `ਤੇ ਵੈਣ ਨਹੀਂ ਸਨ ਪਾਏ ਪਰ ਹਰਮਨ ਦੀ ਮੌਤ `ਤੇ ਪਤਾ ਨਹੀਂ ਮੈਨੂੰ ਇਹ ਦੁੱਖਾਂ ਭਰੇ ਕੀਰਨੇ ਪਾਉਣੇ ਕਿਵੇਂ ਆ ਗਏ ਸਨ। ਮੈਨੂੰ ਤਾਂ ਇਹ ਵੀ ਪਤਾ ਨਹੀਂ ਸੀ ਲੱਗਿਆ ਕਿ ਪੇਕਿਆਂ ਦੇ ਗਲ ਲੱਗ ਕੇ ਰੋਂਦਿਆਂ ਮੇਰੇ ਮੂੰਹ ਵਿਚੋਂ ਨਿਕਲ ਕੀ ਰਿਹਾ ਹੈ। ਆਖਿਰ ਕਿੰਨਾ ਚਿਰ ਰੋਂਦੀ। ਆਪਣੇ ਲਈ ਨਾ ਸਹੀ ਜੱਸੀ ਲਈ ਸਹੀ, ਮੈਨੂੰ ਚੁੱਪ ਵੀ ਕਰਨਾ ਪਿਆ, ਜਿਉਣਾ ਵੀ ਪਿਆ ਤੇ ਜਿਉਂਦੇ ਰਹਿਣ ਲਈ ਰੋਟੀ ਵੀ ਖਾਣੀ ਪਈ।
ਹਰਮਨ ਨੂੰ ਗਿਆਂ ਅੱਜ ਛੇਵਾਂ ਦਿਨ ਹੈ। ਉਸਦੇ ਸਸਕਾਰ ਤੋਂ ਬਾਅਦ ਮੇਰੇ ਪੇਕੇ ਪਰਿਵਾਰ ਦੇ ਬਾਕੀ ਮੈਂਬਰ ਤਾਂ ਵਾਪਸ ਚਲੇ ਗਏ ਸਨ ਪਰ ਮੇਰੀ ਮਾਂ ਤੇ ਛੋਟੀ ਭਰਜਾਈ ਪੰਜ ਸੱਤ ਦਿਨ ਲਈ ਉੱਥੇ ਹੀ ਰਹਿ ਗਈਆਂ ਸਨ। ਲਗਭਗ ਹਮ-ਉਮਰ ਹੋਣ ਕਾਰਨ ਭਰਜਾਈ ਮੈਨੂੰ ਮੋਹ ਵੀ ਬਹੁਤ ਕਰਦੀ ਹੈ। ਭਾਵੇਂ ਨਨਾਣਾਂ-ਭਰਜਾਈਆਂ ਦੇ ਰਿਸ਼ਤੇ ਨੂੰ ਸਮਾਜ ਵਿਚ ਉਹ ਦਰਜਾ ਹਾਸਿਲ ਨਹੀਂ ਹੈ ਜੋ ਦੋ ਭੈਣਾਂ ਦੇ ਰਿਸ਼ਤੇ ਨੂੰ ਹਾਸਲ ਹੁੰਦਾ ਹੈ ਪਰ ਅਸੀਂ ਸੱਚ ਮੁੱਚ ਭੈਣਾਂ ਵਾਂਗ ਹੀ ਵਿਚਰਦੀਆਂ ਆਈਆਂ ਸਾਂ। ਰਾਤ ਸਮੇਂ ਉਹ ਮੇਰੇ ਨਾਲ ਮੇਰੇ ਬੈਡ `ਤੇ ਹੀ ਪੈ ਗਈ ਹੈ। ਕਮਰੇ ਵਿਚ ਮੈਂ, ਬੇਬੇ ਤੇ ਭਰਜਾਈ ਹੀ ਸਾਂ ਤਾਂ ਉਸ ਉਹ ਗੱਲ ਛੇੜ ਲਈ ਜਿਸ ਦਾ ਅਜੇ ਮੈਂ ਕਿਆਸ ਹੀ ਨਹੀਂ ਸੀ ਕੀਤਾ।
“ਅੱਗੇ ਲਈ ਕੀ ਸੋਚਿਐ ਪਰਮ… ਅਜੇ ਤੇਰੀ ਲੰਮੀ ਜਿ਼ੰਦਗੀ ਪਈ ਹੈ।”
“ਸੋਚਣਾ ਕੀ ਹੈ ਭਾਬੀ… ਮੇਰੇ ਸੋਚਿਆਂ ਕੀ ਬਣਦੈਂ… ਜਿਹੜੇ ਭੋਗ ਕਿਸਮਤ ਭਗਾਊ ਭੋਗੀ ਜਾਵਾਂਗੇ।” ਮੇਰੇ ਅੰਦਰੋਂ ਮੈਂ ਨਹੀਂ ਸਗੋਂ ਮੇਰੀ ਉਦਾਸੀ ਬੋਲੀ ਹੈ।
“ਇਹ ਤਾਂ ਤੇਰੀ ਗੱਲ ਠੀਕ ਹੈ… ਕਿਸਮਤ ਅੱਗੇ ਬੰਦੇ ਦਾ ਜੋ਼ਰ ਨਹੀਂ ਚਲਦਾ… ਪਰ ਫਿਰ ਵੀ ਬੰਦਾ ਜਿਉਂਦੇ ਰਹਿਣ ਲਈ ਹੱਥ ਪੈਰ ਤਾਂ ਮਾਰਦਾ ਹੀ ਨਾ।” ਭਰਜਾਈ ਨੇ ਫਿਰ ਮੈਨੂੰ ਠੋਹਕਰਿਆ ਹੈ।
‘ਮੇਰੇ ਸਹੁਰੇ ਘਰ ਦੇ ਸਾਰੇ ਜੀਅ ਜੱਸੀ ‘ਤੇ ਜਾਨ ਵਾਰਦੇ ਨੇ… ਰੋਟੀ ਕੰਨੀਓਂ ਤਾਂ ਮਰਨ ਨਹੀਂ ਦੇਂਦੇ ਉਹ ਸਾਨੂੰ।” ਮੈਂ ਇਸ ਵੇਲੇ ਕੇਵਲ ਐਨਾ ਹੀ ਕਹਿ ਸਕੀ ਹਾਂ।
“ਜਵਾਨ ਉਮਰ ਵਿਚ ਔਰਤ ਦੀ ਭੁੱਖ ਕੇਵਲ ਰੋਟੀ ਨਾਲ ਨਹੀਂ ਮਿਟਦੀ… ਉਸ ਦੀਆਂ ਹੋਰ ਵੀ ਕਈ ਮਾਨਸਿਕ ਲੋੜਾਂ ਹੁੰਦੀਆਂ ਨੇ ਮੇਰੀਏ ਭੋਲੀਏ ਭੈਣੇ।” ਭਰਜਾਈ ਜਿਵੇਂ ਮੇਰੇ ਮੂਹੋਂ ਕੁਝ ਕਹਾਉਣ ਲਈ ਬਜ਼ਿੱਦ ਹੋ ਗਈ ਹੈ।
‘ਜਦੋਂ ਕਿਸਮਤ ਨੂੰ ਹੀ ਇਹ ਮਨਜ਼ੂਰ ਹੈ ਤਾਂ ਆਪਾਂ ਕੀ ਕਰ ਸਕਦੇ ਹਾਂ।’ ਮੈਂ ਆਪਣੇ ਸਾਰੇ ਹਥਿਆਰ ਸੁੱਟ ਦਿੱਤੇ ਹਨ।
`ਤੇਰਾ ਆਪਣੇ ਦਿਉਰ ਦਿਲਬਾਗ ਬਾਰੇ ਕੀ ਖਿਆਲ ਹੈ?” ਉਸ ਮੈਨੂੰ ਸਿੱਧਾ ਸਵਾਲ ਕੀਤਾ ਹੈ।
ਭਰਜਾਈ ਦੀ ਗੱਲ ਸੁਣ ਕੇ ਮੇਰੇ ਸਾਰੇ ਸਰੀਰ ਵਿਚੋਂ ਸੀਤ ਜਿਹਾ ਨਿਕਲ ਗਿਆ ਸੀ। ਹਰਮਨ ਦੀ ਮੌਤ ਤੋਂ ਬਾਅਦ ਦੇ ਛੇਆਂ ਦਿਨ ਵਿਚ ਨਾ ਤਾਂ ਮੇਰਾ ਇਸ ਪਾਸੇ ਧਿਆਨ ਗਿਆ ਸੀ ਤੇ ਨਾ ਹੀ ਮੈਂ ਇਸ ਬਾਰੇ ਸੋਚਣਾ ਚਾਹੁੰਦੀ ਸਾਂ। ਭਰਜਾਈ ਨੇ ਆਹ ਨਵਾਂ ਹੀ ਸੱਪ ਕਿੱਥੋਂ ਕੱਢ ਮਾਰਿਆ ਹੈ।
“ਪਲੀਜ਼! ਭਾਬੀ ਇਹ ਗੱਲ ਨਾ ਕਰੋ ਮੇਰੇ ਨਾਲ… ਉਸਦੀ ਨਿੱਜੀ ਜਿ਼ੰਦਗੀ ਹੈ, ਮੈਂ ਆਪਣੇ ਸਵਾਰਥ ਲਈ ਉਸ ਵਿਚ ਕੋਈ ਦਖਲ ਅੰਦਾਜ਼ੀ ਨਹੀਂ ਕਰਨਾ ਚਾਹੁੰਦੀ।’ ਮੈਂ ਚਾਹੁੰਦੀ ਸਾਂ ਕਿ ਭਰਜਾਈ ਇਹ ਗੱਲ ਇੱਥੇ ਹੀ ਬੰਦ ਕਰ ਦੇਵੇ।
“ਅਜਿਹੇ ਫੈਸਲੇ ਤਟ-ਫਟ ਤੇ ਭਾਵੁਕ ਹੋ ਕੇ ਨਹੀਂ ਲਏ ਜਾਂਦੇ ਭੈਣੇ… ਗੰਭੀਰਤਾ ਨਾਲ ਆਪਣੇ ਤੇ ਜੱਸੀ ਦੇ ਭਵਿੱਖ ਬਾਰੇ ਸੋਚੇਂਗੀ ਤਾਂ ਮੇਰੀ ਗੱਲ ਤੈਨੂੰ ਠੀਕ ਲੱਗੇਗੀ।”
“ਭਾਬੀ ਅਜੇ ਤਾਂ ਹਰਮਨ ਦਾ ਭੋਗ ਵੀ ਨਹੀ ਪਿਆ, ਤੁਸੀਂ ਕੀ ਗੱਲ ਲੈ ਕੇ ਬਹਿ ਗਏ ਹੋ…ਪਲੀਜ਼ ਇਸ ਵੇਲੇ ਇਹ ਗੱਲ ਨਾ ਕਰੋ।’ ਮੈਂ ਭਾਬੀ ਨੂੰ ਫਿਰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਹੈ। ਭਾਬੀ ਨੂੰ ਮੇਰੇ ਦਿਲ ਅੰਦਰਲੀ ਘੁੰਡੀ ਦਾ ਨਹੀਂ ਪਤਾ ਇਸ ਲਈ ਉਸ ਆਪਣੀ ਗੱਲ `ਤੇ ਜ਼ੋਰ ਦੇਂਦਿਆਂ ਕਿਹਾ ਹੈ।
‘ਪਰ ਇਹ ਗੱਲ ਹਰਮਨ ਦੇ ਭੋਗ ਤੋਂ ਪਹਿਲਾਂ ਤੇਰੇ ਕੰਨੋਂ ਕੱਢਣੀ ਜ਼ਰੂਰੀ ਹੈ। ਉਦੋਂ ਸਾਰੇ ਰਿਸ਼ਤੇਦਾਰ ਇਕੱਠੇ ਹੋਣਗੇ। ਬਾਪੂ ਦੋ ਟੁਕ ਗੱਲ ਕਰਨਾ ਚਾਹੁੰਦਾ ਹੈ ਕਿ ਜਾਂ ਤਾਂ ਦਿਲਬਾਗ ਹਰਮਨ ਦੀ ਥਾਂ ਉਨ੍ਹਾਂ ਤੋਂ ਪੱਗ ਲੈ ਲਵੇ, ਨਹੀਂ ਉਹ ਜੱਸੀ ਨੂੰ ਸਾਂਭਣ ਤੇ ਅਸੀਂ ਕੁੜੀ ਲਈ ਕੋਈ ਹੋਰ ਮੁੰਡਾ ਲੱਭੀਏ।’ ਭਰਜਾਈ ਵਲੋਂ ਕੀਤੇ ਨਵੇਂ ਖੁਲਾਸੇ ਨੇ ਮੈਨੂੰ ਧੁਰ ਅੰਦਰ ਤਕ ਹਿਲਾ ਦਿੱਤਾ ਹੈ। ਕੁਝ ਪਲ ਲਈ ਮੇਰੀ ਜ਼ੁਬਾਨ ਠਾਕੀ ਗਈ ਹੈ। ਮਸਾਂ ਹੀ ਆਪਣੇ ਅੰਦਰ ਬੋਲਣ ਦੀ ਤਾਕਤ ਪੈਦਾ ਕਰ ਕੇ ਮੈਂ ਕਿਹਾ ਹੈ, “ਭਰਜਾਈ ਇਸ ਵੇਲੇ ਮੇਰਾ ਮਨ ਠੀਕ ਨਹੀਂ ਸਵੇਰੇ ਗੱਲ ਕਰਾਂਗੀਆਂ ਆਪਾਂ।”
ਮੈਂ ਭਰਜਾਈ ਨੂੰ ਤਾਂ ਚੁੱਪ ਕਰਾ ਦਿੱਤਾ ਹੈ ਪਰ ਸਮਝ ਨਹੀਂ ਆ ਰਹੀ ਕਿ ਆਪਣੇ ਅੰਦਰ ਪੈ ਰਹੇ ਸ਼ੋਰ ਨੂੰ ਕਿਵੇਂ ਠੱਲ੍ਹ ਪਾਵਾਂ। ਭਰਜਾਈ ਦੇ ਭਾਅ ਦੀ ਤਾਂ ਮੈਂ ਭਾਵੁਕਤਾ ਵਸ ਦਿਲਬਾਗ ਨਾਲ ਨਵਾਂ ਰਿਸ਼ਤਾ ਜੋੜਨ ਤੋਂ ਇਨਕਾਰ ਕਰ ਰਹੀ ਹਾਂ ਪਰ ਇਹ ਤਾਂ ਮੈਨੂੰ ਪਤਾ ਹੈ ਕਿ ਮੈਂ ਕਿਹੜੇ ਵਚਨ ਵਿਚ ਬੱਝੀ ਹੋਈ ਹਾਂ। ਜਿਸ ਦਿਲਬਾਗ ਤੇ ਆਪਣੇ ਬਚਪਨ ਦੀ ਸਹੇਲੀ ਜਸ਼ਨਪ੍ਰੀਤ ਨੂੰ ਨੇੜੇ ਲਿਆਉਣ ਦੀਆਂ ਕੋਸਿ਼ਸ਼ਾਂ ਵਿਚ ਮੈਂ ਆਪ ਸ਼ਾਮਿਲ ਰਹੀ ਹਾਂ ਤੇ ਜਿਹੜੇ ਹੁਣ ਇਕ ਦੂਜੇ ਨਾਲ ਸਾਰੀ ਉਮਰ ਤੋੜ ਨਿਭਣ ਦੀਆਂ ਕਸਮਾਂ ਖਾਈ ਬੈਠੇ ਹਨ ਹੁਣ ਉਨ੍ਹਾਂ ਨੂੰ ਆਪਣੇ ਸਵਾਰਥ ਲਈ ਇਕ ਦੂਜੇ ਤੋਂ ਵੱਖ ਕਿਵੇਂ ਕਰਾਂ, ਇਹ ਮੇਰੇ ਤੋਂ ਨਹੀਂ ਹੋ ਸਕੇਗਾ। ਆਮ ਹਲਾਤ ਵਿਚ ਜੇ ਹਰਮਨ ਨੂੰ ਪੱਗ ਦੇਣ ਦੀ ਗੱਲ ਚਲਦੀ ਤਾਂ ਮੈਂ ਬਾਪੂ ਨਾਲੋਂ ਵੀ ਪਹਿਲਾਂ ਹਾਂ ਭਰ ਦੇਣੀ ਸੀ ਪਰ ਹੁਣ ਤਾਂ ਮੈਂ ਆਪਣੇ ਤੇ ਜੱਸੀ ਦੇ ਭਵਿੱਖ ਦਾ ਦਰਵਾਜਾ ਆਪਣੇ ਹੱਥੀਂ ਬੰਦ ਕਰ ਬੈਠੀ ਹਾਂ। ਹੁਣ ਭਲਾ ਮੈਂ ਆਪਣੇ ਹੱਥੀਂ ਲਾਈ ਫੁਲਵਾੜੀ ਨੂੰ ਆਪਣੇ ਸਵਾਰਥ ਲਈ ਆਪ ਕਿਵੇਂ ਉਜਾੜਾਂ?
ਆਪਣੇ ਭਰਾ ਦਾ ਸਰਬਾਲਾ ਬਣੇ ਦਿਲਬਾਗ ਨੂੰ ਮੇਰੇ ਬਚਪਨ ਦੀ ਸਹੇਲੀ ਰੀਬਨ ਕਟਾਈ ਦੀ ਰਸਮ ਵੇਲੇ ਹੀ ਭਾਅ ਗਈ ਸੀ। ਵਿਆਹ ਤੋਂ ਮਹੀਨਾ ਕੁ ਬਾਅਦ ਮੈਂ ਪੇਕੇ ਗਈ ਹੋਈ ਸਾਂ ਤਾ ਦਿਲਬਾਗ ਵੀ ਬਹਾਨੇ ਜਿਹੇ ਨਾਲ ਉੱਥੇ ਆ ਗਿਆ ਸੀ। “ਭਾਬੀ… ਤੇਰੀ ਸਹੇਲੀ ਨੂੰ ਤਾਂ ਮਿਲਾ ਦੇਹ…।’ ਉਸ ਹੱਸਦਿਆਂ ਮਜ਼ਾਕ ਜਿਹੇ ਵਿਚ ਮੈਨੂੰ ਕਿਹਾ ਸੀ। ਮੈਂ ਝੱਟ ਜਸ਼ਨਪ੍ਰੀਤ ਵੱਲ ਫੋਨ ਕਰ ਦਿੱਤਾ ਸੀ ਤੇ ਉਹ ਪੰਦਰਾਂ ਮਿੰਟਾਂ ਵਿਚ ਆ ਵੀ ਗਈ ਸੀ। ਉਸੇ ਵੇਲੇ ਹੀ ਮੈਂ ਸੋਚ ਲਿਆ ਸੀ ਕਿ ਜਸ਼ਨਪ੍ਰੀਤ ਨੂੰ ਆਪਣੀ ਦਰਾਣੀ ਬਣਾ ਕੇ ਆਪਣੇ ਘਰ ਲੈ ਜਾਵਾਂਗੀ। ਇਹ ਕੰਮ ਮੇਰੇ ਲਈ ਔਖਾ ਵੀ ਨਹੀਂ ਸੀ। ਨਾ ਤਾਂ ਕੋਈ ਜਾਤ-ਪਾਤ ਦਾ ਅੜਿੱਕਾ ਸੀ ਤੇ ਨਾ ਅਮੀਰੀ-ਗਰੀਬੀ ਦਾ। ਹੁਣ ਤਾਂ ਦੋਵੇਂ ਇਕ ਦੂਜੇ ਨੂੰ ਪਸੰਦ ਵੀ ਕਰਦੇ ਸਨ। ਮੈਂ ਆਪਣੀ ਸੋਚ ਦੋਹਾਂ ਦੇ ਕੰਨਾਂ ਵਿਚ ਪਾ ਦਿੱਤੀ ਸੀ। ਇਸ ਲਈ ਉਨ੍ਹਾਂ ਇਕ ਦੂਜੇ ਦੇ ਫੋਨ ਨੰਬਰ ਵੀ ਲੈ ਲਏ ਸਨ ਤੇ ਪਤਾ ਨਹੀਂ ਘੰਟਿਆਂਬੱਧੀ ਆਪਸ ਵਿਚ ਗੱਲਾਂ ਵੀ ਕਰਦੇ ਰਹਿੰਦੇ ਸਨ।
ਮੈਨੂੰ ਭੈਣਾਂ ਤੋਂ ਵੀ ਵੱਧ ਮੋਹ ਕਰਨ ਵਾਲੀ ਤੇ ਪਹਿਲੀ ਜਮਾਤ ਤੋਂ ਬੀ. ਏ. ਤਕ ਮੇਰੇ ਨਾਲ ਹੀ ਪੜ੍ਹੀ ਸਹੇਲੀ ਨੂੰ ਆਪਣੇ ਘਰ ਲਿਆ ਕੇ ਮੈਂ ਘਰ ਵਿਚ ਆਪਣੀ ਧਿਰ ਵੀ ਮਜ਼ਬੂਤ ਕਰਨਾ ਚਾਹੁੰਦੀ ਸਾਂ। ਉਸ ਵੇਲੇ ਮੈਂ ਸੋਚਦੀ ਸਾਂ ਕਿ ਜੇ ਦਿਲਬਾਗ ਦਾ ਹੋਰ ਥਾਈਂ ਵਿਆਹ ਹੁੰਦਾ ਹੈ ਤਾਂ ਪਤਾ ਨਹੀਂ ਮੇਰੀ ਦੇਵਰਾਣੀ ਕਿਹੋ ਜਿਹੇ ਸੁਭਾਅ ਦੀ ਆਵੇਗੀ। ਪਰ ਜਸ਼ਨਪ੍ਰੀਤ ਦੇ ਸੁਭਾਅ ਨੂੰ ਤਾਂ ਮੈਂ ਬਚਪਨ ਤੋਂ ਹੀ ਜਾਣਦੀ ਸਾਂ। ਉਹ ਤਾਂ ਮੇਰੇ ਸਾਹਾਂ ਵਿਚ ਸਾਹ ਲੈਂਦੀ ਸੀ। ਮੇਰਾ ਜ਼ਰਾ ਜਿੰਨਾ ਵੀ ਦੁਖ ਨਹੀਂ ਸੀ ਸਹਾਰ ਸਕਦੀ। ਕਾਲਜ ਦੇ ਇਕ ਫੁਕਰੇ ਜਿਹੇ ਮੁੰਡੇ ਨੇ ਭੱਦਾ ਫਿਕਰਾ ਮੇਰੇ `ਤੇ ਕੱਸਿਆ ਸੀ ਪਰ ਉਸਦੇ ਤਾੜ ਕਰਦਾ ਥੱਪੜ ਜਸ਼ਨਪ੍ਰੀਤ ਨੇ ਕੱਢ ਮਾਰਿਆ ਸੀ। ਸਾਡੀ ਦੋਹਾਂ ਦੀ ਜੋੜੀ ਸਾਰੇ ਕਾਲਜ ਵਿਚ ਮਸ਼ਹੂਰ ਸੀ। ਇਕੋ ਜਿਹੇ ਕੱਪੜੇ, ਇਕੋ ਖਾਣ ਪੀਣ ਤੇ ਜਿੱਥੇ ਜਾਣਾ ਇਕੱਠੇ ਜਾਣਾ। ਸਾਡੀ ਸਾਂਝੀ ਸਹੇਲੀ ਰੂਮਨ ਤਾਂ ਸਾਨੂੰ ਛੇੜਦਿਆਂ ਇਥਂੋ ਤਕ ਕਹਿ ਦੇਂਦੀ ਸੀ `ਹੁਣ ਤਾਂ ਹੋਮੋਸੈਕਸ ਵਿਆਹ ਵੀ ਹੋਣ ਲੱਗ ਪਏ ਨੇ ਲੱਗਦੇ ਹੱਥ ਤੁਸੀਂ ਦੋਵੇਂ ਵੀ ਇਸਦਾ ਲਾਹਾ ਲੈ ਲਵੋ।” ਮੈਂ ਭਲਾ ਉਸ ਸਹੇਲੀ ਦੇ ਅਹਿਸਾਨ ਕਿਵੇਂ ਭੁੱਲ ਜਾਵਾਂ ਜਿਹੜੀ ਆਪਣੇ ਲਈ ਕੋਈ ਸੂਟ ਖਰੀਦਣ ਵੇਲੇ ਮੇਰਾ ਸੂਟ ਵੀ ਨਾਲ ਹੀ ਖਰੀਦਦੀ ਰਹੀ ਸੀ। ਸ਼ਿਮਲੇ ਵਲ ਆਪਣੇ ਮਾਪਿਆਂ ਨਾਲ ਘੁੰਮਣ ਗਈ ਤਾਂ ਉੱਥੋਂ ਫਰ ਵਾਲੇ ਇਕੋ ਜਿਹੇ ਦੋ ਗਰਮ ਗੁਲਾਬੀ ਕੋਟ ਖਰੀਦ ਲਿਆਈ। ਧੋ-ਚਾਰ ਸੌ ਦੀ ਗੱਲ ਹੋਰ ਹੁੰਦੀ ਹੈ ਪਰ ਇਨ੍ਹਾਂ ਦੀ ਕੀਮਤ ਤਾਂ ਹਜ਼ਾਰਾਂ ਵਿਚ ਸੀ। ਕੋਟ ਕਾਫੀ ਮਹਿੰਗਾ ਹੋਣ ਕਾਰਨ ਮੈਂ ਉਸਨੂੰ ਉਸਦੀ ਕੀਮਤ ਦੇਣੀ ਚਾਹੀ ਸੀ ਤਾਂ ਉਹ ਪੂਰੇ ਦੋ ਦਿਨ ਮੇਰੇ ਨਾਲ ਨਹੀਂ ਸੀ ਬੋਲੀ ਤੇ ਆਖਿਰ ਇਹ ਗਰਮ ਕੋਟ ਮੈਨੂੰ ਲੈਣਾ ਹੀ ਪਿਆ ਸੀ।
ਭਾਬੀ ਤਾਂ ਮੇਰੇ ਚੁੱਪ ਕਰਾਉਣ `ਤੇ ਸੌਂ ਗਈ ਹੈ ਪਰ ਮੇਰੀਆਂ ਅੱਖਾਂ ਵਿਚ ਤਾਂ ਨੀਂਦ ਨੇੜੇ ਤੇੜੇ ਵੀ ਨਹੀਂ ਹੈ। ਕਦੇ ਏਧਰ ਤੇ ਕਦੇ ਉੱਧਰ ਉਸਲਵੱਟੇ ਜਿਹੇ ਲੈ ਰਹੀ ਹਾਂ। ਇਸ ਵੇਲੇ ਮੇਰਾ ਦਿਲ ਪੂਰੀ ਤਰ੍ਹਾਂ ਹਿੱਸਿਆਂ ਵਿਚ ਵੰਡਿਆ ਹੋਇਆ ਹੈ।
‘ਜਸ਼ਨਪ੍ਰੀਤ ਨੂੰ ਹੋਰ ਮੁੰਡਿਆਂ ਦਾ ਘਾਟਾ ਨਹੀਂ… ਆਪੇ ਚਾਰ ਦਿਨਾਂ ਵਿਚ ਦਿਲਬਾਗ ਨੂੰ ਭੁੱਲ ਜਾਊ ਪਰ ਜੱਸੀ ਨੂੰ ਦਿਲਬਾਗ ਤੋਂ ਬਗੈਰ ਹੋਰ ਕਿਸੇ ਬਾਪ ਦਾ ਪਿਆਰ ਨਹੀਂ ਦੇ ਸਕਣਾ… ਐਵੇਂ ਭਾਵੁਕ ਨਾ ਹੋ… ਠੰਡੇ ਦਿਮਾਗ ਨਾਲ ਪੇਕੇ ਘਰ ਦੀ ਤਜਵੀਜ਼ `ਤੇ ਵਿਚਾਰ ਕਰ।’’ ਮੇਰੇ ਦਿਲ ਦੇ ਇਕ ਕੋਨੇ ਵਿਚੋਂ ਅਵਾਜ਼ ਉੱਠੀ ਹੈ।
‘ਜਿਨ੍ਹਾਂ ਦੇ ਜੁਆਨ ਪਤੀ ਮਰ ਜਾਂਦੇ ਨੇ ਤੇ ਕੋਈ ਕੁਆਰਾ ਦਿਉਰ ਵੀ ਨਹੀਂ ਹੁੰਦਾ… ਉਹ ਵੀ ਤਾਂ ਜੱਗ `ਤੇ ਜਿਉਂਦੀਆਂ ਹੀ ਨੇ।’ ਮਨ ਦੇ ਕੋਨੇ ਵਿਚੋਂ ਉੱਠੀ ਦੂਸਰੀ ਆਵਾਜ਼ ਨੇ ਆਪਣਾ ਤਰਕ ਦੇ ਕੇ ਪਹਿਲੀ ਅਵਾਜ਼ ਨੂੰ ਦਬਾਉਣ ਦਾ ਯਤਨ ਕੀਤਾ ਹੈ।
ਇਹ ਵੀ ਸੋਚ ਰਹੀ ਹਾਂ ਕਿ ਦਿਲਬਾਗ ਦੇ ਮਨ ਵਿਚ ਮੇਰੇ ਬਾਰੇ ਪਤਾ ਨਹੀਂ ਕੀ ਸੋਚ ਹੋਵੇਗੀ। ਮੇਰੇ ਪੇਕੇ ਘਰ ਵਿਚ ਚੱਲ ਰਹੀ ਘੁਸਰ-ਮੁਸਰ ਦਾ ਪਤਾ ਤਾਂ ਉਸ ਨੂੰ ਵੀ ਹੋਵੇਗਾ ਤੇ ਸ਼ਾਇਦ ਉਸਦੇ ਆਪਣੇ ਪਰਿਵਾਰ ਵਿਚ ਵੀ ਇਹ ਗੱਲ ਚੱਲ ਰਹੀ ਹੋਵੇ। ਜੱਸੀ ਤਾਂ ਸਾਰੇ ਪਰਿਵਾਰ ਦੀ ਜਿੰਦ ਜਾਨ ਸੀ ਤੇ ਉਹ ਤਾਂ ਸਾਰਾ ਦਿਨ ਰਹਿੰਦੀ ਵੀ ਚਾਚੂ ਦੀ ਗੋਦ ਵਿਚ ਹੀ ਸੀ। ਚਾਰ ਵੱਜ ਗਏ ਹਨ ਤੇ ਗੁਰਦੁਆਰੇ ਵਾਲਾ ਭਾਈ ਜੀ ਬੋਲ ਪਿਆ ਹੈ। ਮੇਰੀਆਂ ਸੋਚਾਂ ਕਿਸੇ ਤਣ ਪੱਤਣ ਨਹੀਂ ਲੱਗ ਰਹੀਆਂ। ਆਖਿਰ ਬੁੱਝੇ ਜਿਹੇ ਮਨ ਨਾਲ ਫੈਸਲਾ ਲੈ ਲੈਂਦੀ ਹਾਂ ਕਿ ਆਪਣੇ ਆਪ ਨੂੰ ਕਿਸਮਤ ਦੇ ਹਵਾਲੇ ਹੀ ਛੱਡਾਂਗੀ। ਜੇ ਜਸ਼ਨਪ੍ਰੀਤ ਮੇਰੀ ਦਰਾਣੀ ਬਣ ਕੇ ਇਸ ਘਰ ਵਿਚ ਆ ਜਾਂਦੀ ਹੈ ਤਾਂ ਮੇਰੀ ਜਿੰ਼ਦਗੀ ਦੇ ਚਾਰ ਦਿਹਾੜੇ ਸੌਖੇ ਨਿਕਲ ਜਾਣਗੇ।
“ਦੋ ਦਿਨ ਰਹਿ ਗਏ ਹਨ ਅੱਜ ਹਰਮਨ ਦੇ ਭੋਗ ਨੂੰ। ਅੱਜ ਮੋੜਵੀਂ ਮਕਾਨ ਜਾਣਾ ਹੈ ਮੇਰੇ ਪੇਕੇ ਪਿੰਡ। ਮੇਰੇ ਸਹੁਰੇ ਪਰਿਵਾਰ ਦੀ ਤਾਂ ਸਲਾਹ ਸੀ ਕਿ ਭੋਗ ਵਾਲੇ ਦਿਨ ਧਰਮਸ਼ਾਲਾ ਵਿਚ ਹੀ ਮੋੜਵੀਂ ਮਕਾਨ ਦੀ ਰਸਮ ਕਰ ਲਈ ਜਾਵੇ… ਐਵੇਂ ਕਾਹਨੂੰ ਕਿਸੇ ਨੂੰ ਵਾਧੂ ਦੀ ਖੇਚਲ ਦੇਣੀ ਹੈ। ਪਰ ਮੇਰੇ ਬੇਬੇ ਬਾਪੂ ਨੇ ਕਹਾ ਭੇਜਿਆ ਸੀ ਕਿ ਤੁਸੀਂ ਇਸ ਰਸਮ ਲਈ ਸਾਡੇ ਪਿੰਡ ਹੀ ਆਉ। ਸ਼ਾਇਦ ਉਹ ਉੱਥੇ ਮੇਰੇ ਸਹੁਰੇ ਪਰਿਵਾਰ ਨਾਲ ਮੇਰੇ ਭਵਿੱਖ ਦੀ ਗੱਲ ਮੁਕਾਉਣਾ ਚਾਹੁੰਦੇ ਸੀ। ਮੇਰਾ ਵੀ ਮਨ ਪੇਕੇ ਘਰ ਜਾਣ ਦਾ ਸੀ। ਮੈਂ ਜਸ਼ਨਪ੍ਰੀਤ ਨੂੰ ਮਿਲ ਕੇ ਕਹਿਣਾ ਚਾਹੁੰਦੀ ਸਾਂ ਕਿ ਮੇਰੇ ਬਾਰੇ ਕੋਈ ਗਲਤ ਖਿਆਲ ਆਪਣੇ ਮਨ ਵਿਚ ਨਾ ਰੱਖੇ। ਬਚਪਨ ਤੋਂ ਇਕੱਠੀਆਂ ਰਹੀਆਂ ਹਾਂ… ਹੁਣ ਵੀ ਇਕੱਠੀਆਂ ਹੀ ਰਹਾਂਗੀਆਂ, ਮੈਂ ਉਸਦੇ ਹੱਕਾਂ `ਤੇ ਡਾਕਾ ਨਹੀਂ ਮਾਰਾਂਗੀ।
ਪੇਕੇ ਘਰ ਪਹੁੰਚਣ `ਤੇ ਜਸ਼ਨਪ੍ਰੀਤ ਮੈਨੂੰ ਧਾਹ ਕੇ ਮਿਲੀ ਹੈ ਤੇ ਅਸੀਂ ਕਿੰਨਾ ਹੀ ਚਿਰ ਇਜ ਦੂਜੇ ਦੇ ਗਲ ਲੱਗ ਕੇ ਰੋਂਦੀਆਂ ਰਹੀਆਂ ਹਾਂ। ਮੇਰੀ ਭਰਜਾਈ ਨੇ ਸਾਨੂੰ ਚੁੱਪ ਕਰਾਇਆ ਹੈ। ਔਰਤਾਂ ਦਾ ਰੋਣਾ-ਧੋਣਾ ਬੰਦ ਹੋਣ `ਤੇ ਮੇਰਾ ਸਹੁਰਾ, ਬਾਪੂ ਤੇ ਹੋਰ ਨਜ਼ਦੀਕੀ ਰਿਸ਼ਤੇਦਾਰ ਅੰਦਰਲੇ ਕਮਰੇ ਵਿਚ ਚਲੇ ਗਏ ਹਨ। ਮੈਨੂੰ ਪਤਾ ਹੈ ਕਿ ਉਹ ਜ਼ਰੂਰ ਹੀ ਮੇਰੇ ਤੇ ਜੱਸੀ ਦੇ ਭਵਿੱਖ ਬਾਰੇ ਕੋਈ ਮਤਾ ਪਕਾ ਰਹੇ ਹੋਣਗੇ। ਪਰ ਮੈਨੂੰ ਤਾਂ ਅਜੇ ਕਿਸੇ ਨੂੰ ਕੁਝ ਪੁੱਛਿਆ ਹੀ ਨਹੀਂ ਸੀ, ਇਸ ਲਈ ਮੈਂ ਆਪਣੇ ਦਿਲ ਦੀ ਗੱਲ ਕਿਸੇ ਨੂੰ ਕੀ ਦੱਸਾਂ। ਵੈਸੇ ਮੈਂ ਆਪਣੀ ਭਰਜਾਈ ਨੂੰ ਆਪਣੇ ਆਪ ਨਾਲ ਕੀਤੇ ਫੈਸਲੇ ਬਾਰੇ ਦੱਸ ਦਿੱਤਾ ਸੀ ਪਰ ਉਸ ‘ਕਮਲ ਨਾ ਮਾਰਿਆ ਕਰ ਸਾਰੀ ਦਿਹਾੜੀ।’ ਕਹਿ ਕੇ ਮੈਨੂੰ ਝਿੜਕਣ ਵਾਂਗ ਚੁੱਪ ਕਰਾ ਦਿੱਤਾ ਸੀ।
ਰੋਟੀ ਖਾਣ ਤੋਂ ਬਾਅਦ ਘਰ ਦੇ ਡਰਾਇੰਗ ਰੂਮ ਵੱਲ ਗਈ ਤਾਂ ਸਾਹਮਣੇ ਤੋਂ ਆ ਰਹੀ ਜਸ਼ਨਪ੍ਰੀਤ ਨੇ ਮੈਨੂੰ ਰੋਕ ਲਿਆ ਹੈ।
“ਤੇਰੇ ਨਾਲ ਇਕ ਗੱਲ ਕਰਨੀ ਹੈ ਕਮਲ… ਥੋੜਾ ਬਗੀਚੀ ਵਾਲੇ ਪਾਸੇ ਆਈਂ।’
“ਮੈਨੂੰ ਪਤਾ ਹੈ ਤੂੰ ਮੇਰੇ ਨਾਲ ਕੀ ਗੱਲ ਕਰਨੀ ਹੈ, ਮੇਰੇ ਪੇਕੇ ਘਰ ਵਿਚ ਚੱਲ ਰਹੀ ਕਨਸੋਅ ਤੇਰੇ ਕੋਲ ਪਹੁੰਚ ਗਈ ਹੋਣੀ ਐਂ… ਮੈਂ ਐਡੀ ਮਾੜੀ ਨਹੀਂ ਕਿ ਤੇਰਾ ਹੱਕ ਮਾਰਾਂ।” ਬਰਾਂਡੇ ਵੱਲ ਵਧਦਿਆਂ ਮੈਂ ਮਨ ਹੀ ਮਨ ਸੋਚ ਰਹੀ ਹਾਂ।
“ਅਸੀਂ ਬਗੀਚੀ ਕੋਲ ਪਈਆਂ ਕੁਰਸੀਆਂ `ਤੇ ਬੈਠ ਗਈਆਂ ਹਾਂ। ਸਾਰਾ ਦਿਨ ਆਪਸ ਵਿਚ ਚਪਰ ਚਪਰ ਗੱਲਾਂ ਕਰਦੀਆਂ ਰਹਿਣ ਵਾਲੀਆਂ ਸਾਨੂੰ ਦੋਹਾਂ ਸਹੇਲੀਆਂ ਨੂੰ ਇਸ ਵੇਲੇ ਇਹ ਨਹੀਂ ਸੁਝ ਰਿਹਾ ਕਿ ਗੱਲ ਸ਼ੁਰੂ ਕਿੱਥੋਂ ਕਰੀਏ। ਛਾਰ-ਪੰਜ ਮਿੰਟ ਤਾਂ ਸਾਡੇ ਵਿਚ ਗਹਿਰੀ ਚੁੱਪ ਛਾਈ ਰਹੀ ਤੇ ਫਿਰ ਬੋਲਣ ਦੀ ਪਹਿਲ ਜਸ਼ਨਪ੍ਰੀਤ ਨੇ ਹੀ ਕੀਤੀ ਹੈ।
`ਮੈਨੂੰ ਮੁਆਫ ਕਰੀਂ ਕਮਲ… ਮੈਂ ਤੈਨੂੰ ਇਕੱਲਿਆਂ ਛੱਡ ਕੇ ਤਿੰਨ ਮਹੀਨਿਆਂ ਬਾਅਦ ਕੈਨੇਡਾ ਜਾ ਰਹੀ ਹਾਂ…। ਮੇਰੇ ਚਾਚਾ ਜੀ ਨੇ ਉੱਥੇ ਮੁੰਡਾ ਭਾਲਿਆ ਹੈ ਮੇਰੇ ਲਈ।` ਜਸ਼ਨਪ੍ਰੀਤ ਨੇ ਇਕ ਨਵਾਂ ਹੀ ਧਮਾਕਾ ਕੀਤਾ ਹੈ ਤੇ ਮੇਰੇ ਕੰਨ ਸ਼ਾਂਅ ਸ਼ਾਂਅ ਕਰਨ ਲੱਗ ਪਏ ਹਨ। ਉਸਦੇ ਇਨ੍ਹਾਂ ਬੋਲਾਂ ਦੀ ਤਾਂ ਮੈਨੂੰ ਜ਼ਰਾ ਵੀ ਉਮੀਦ ਨਹੀਂ ਸੀ।
“ਪਰ ਤੂੰ ਤਾਂ ਦਿਲਬਾਗ ਨਾਲ ਵਿਆਹ ਕਰਾਉਣ ਦਾ ਪੱਕਾ ਫੈਸਲਾ ਲਿਆ ਹੋਇਆ ਹੈ…।”
`ਕਮਲ ਸਮੇਂ ਨਾਲ ਬੰਦੇ ਨੂੰ ਬਦਲਣਾ ਚਾਹੀਦਾ ਐ… ਆਪਣੇ ਕੁੜੀਆਂ ਮੁੰਡਿਆਂ ਨੂੰ ਕੈਨੇਡਾ ਸੈਟ ਕਰਨ ਲਈ ਲੋਕ ਲੱਖਾਂ ਰੁਪਏ ਚੁੱਕੀ ਫਿਰਦੇ ਨੇ ਤੇ ਉੱਥੇ ਕਾਰੋਬਾਰ ਕਰਦੇ ਪੀ.ਆਰ ਮੁੰਡੇ ਨਾਲ ਮੇਰਾ ਰਿਸ਼ਤਾ ਮੁਫ਼ਤ ਵਿਚ ਸਿਰੇ ਚੜ੍ਹ ਰਿਹੈ। ਦਿਲਬਾਗ ਤੋਂ ਮੇਰੇ ਵਲੋਂ ਮੁਆਫੀ ਮੰਗ ਲਈਂ… ਉਸਨੂੰ ਕਹੀਂ ਮੈਨੂੰ ਭੁੱਲ ਜਾਵੇ।’ ਉਹ ਜਾਣ ਲਈ ਉਠ ਖਲੋਤੀ ਹੈ ਪਰ ਮੈਂ ਉਸਦੀ ਬਾਂਹ ਫੜ ਕੇ ਫਿਰ ਆਪਣੇ ਕੋਲ ਬਹਾ ਲਿਆ ਹੈ।
‘ਇਹ ਤੂੰ ਕੀ ਕਹਿ ਰਹੀ ਹੈਂ…? ਮੈਨੂੰ ਤੇਰੀਆਂ ਗੱਲਾਂ ਸਮਝ ਨਹੀਂ ਆ ਰਹੀਆਂ। ਅਜਿਹੀਆਂ ਪੜਤੇਬਾਜ਼ੀਆਂ ਮੇਰੀ ਸਹੇਲੀ ਜਸ਼ਨਪ੍ਰੀਤ ਤਾਂ ਨਹੀਂ ਲਾ ਸਕਦੀ…। ਤੂੰ ਆਪਣੇ ਢਿੱਡ ਦੀ ਗੱਲ ਦੱਸ ਮੈਨੂੰ। ”ਮੈਂ ਬਦਹਵਾਸ ਜਿਹੀ ਹੋਈ ਨੇ ਕਿਹਾ ਹੈ।
“ਨਾ ਸਮਝ ਆਉਣ ਵਾਲੀ ਇਸ ਵਿਚ ਕਿਹੜੀ ਗੱਲ ਹੈ… ਬੰਦੇ ਨੂੰ ਹਰ ਵੇਲੇ ਦਿਲ ਤੋਂ ਨਹੀਂ ਦਿਮਾਗ ਤੋਂ ਵੀ ਕੰਮ ਲੈਣਾ ਚਾਹੀਦਾ ਹੈ…। ਮੈਂ ਤਾਂ ਤੈਨੂੰ ਵੀ ਕਹਾਂਗੀ ਕਿ ਤੂੰ ਵੀ ਦਿਮਾਗ ਤੋਂ ਹੀ ਕੰਮ ਲਈਂ… ਜੱਸੀ ਨੂੰ ਅਜੇ ਇਸ ਗੱਲ ਦੀ ਸੁਰਤ ਨਹੀਂ ਕਿ ਦਿਲਬਾਗ ਉਸ ਦਾ ਚਾਚਾ ਹੈ ਜਾਂ ਪਾਪਾ… ਤੇਰੇ ਤੇ ਉਸ ਕੋਲ ਆਪਣੇ ਭਵਿੱਖ ਲਈ ਦਿਲਬਾਗ ਤੋਂ ਇਲਾਵਾ ਹੋਰ ਚੰਗਾ ਬਦਲ ਨਹੀਂ ਹੈ। ਦਿਲ `ਤੇ ਬਹੁਤਾ ਬੋਝ ਨਾ ਪਾਈਂ ਤੇ ਚੁੱਪ ਕਰ ਕੇ ਹਾਂ ਭਰ ਦੇਈਂ… ਆਹ ਪਿਆਰ ਪਿਊਰ ਤਾਂ ਕਾਗਜ਼ੀ ਗੱਲਾਂ ਨੇ…। ਅਸਲ ਗੱਲ ਬੰਦੇ ਦਾ ਭਵਿੱਖ ਹੁੰਦੈ… ਬੰਦੇ ਦਾ ਜੀਵਨ ਪ੍ਰਤੀ ਨਜ਼ਰੀਆ ਭਾਵੁਕ ਨਹੀਂ ਸਗੋਂ ਵਿਹਾਰਕ ਹੋਣਾ ਚਾਹੀਦਾ ਹੈ।” ਉਸ ਲੰਮਾ ਲੈਕਚਰ ਝਾੜ ਦਿੱਤਾ ਹੈ।
“ਮੇਰੀਆਂ ਅੱਖਾਂ ਵਿਚ ਸਿਮ ਆਏ ਹੰਝੂਆਂ ਲਈ ਹੁਣ ਹੇਠਾਂ ਡਿੱਗਣਾ ਜ਼ਰੂਰੀ ਹੋ ਗਿਆ ਹੈ। ਉਹ ਮੈਨੂੰ ਕਲਾਵੇ ਵਿਚ ਲੈ ਕੇ ਚੁੱਪ ਕਰਾਉਣ ਦਾ ਯਤਨ ਕਰ ਰਹੀ ਹੈ। ਮੇਰੇ ਰੋਣ ਦੀ ਆਵਾਜ਼ ਹੋਰ ਉੱਚੀ ਹੋ ਗਈ ਹੈ। ਮੇਰੀ ਮਾਂ ਦੀ ਆਵਾਜ਼ ਪੈਣ `ਤੇ ਉਹ ਉਠ ਕੇ ਅੰਦਰ ਵੱਲ ਤੁਰ ਪਈ ਹੈ ਪਰ ਜਾਂਦਿਆਂ ਜਾਂਦਿਆਂ ਇਹ ਵੀ ਕਹਿ ਗਈ ਹੈ, `ਫਿਕਰ ਨਾ ਕਰ, ਮੈਂ ਇਹ ਸਾਰੀਆਂ ਗੱਲਾਂ ਦਿਲਬਾਗ ਨੂੰ ਵੀ ਫੋਨ `ਤੇ ਕਹਿ ਦਿੱਤੀਆਂ ਨੇ।’
ਮੈਨੂੰ ਲੱਗ ਰਿਹਾ ਹੈ ਕਿ ਉਹ ਇਕ ਵਾਰ ਫਿਰ ਮੇਰੇ ਨਾਂਹ-ਨਾਂਹ ਕਰਦਿਆਂ ਵੀ ਗਰਮ ਗੁਲਾਬੀ ਕੋਟ ਮੇਰੀ ਝੋਲੀ ਵਿਚ ਸੁੱਟ ਦਿੱਤਾ ਹੈ… ਤੇ ਇਸਦੀ ਕੀਮਤ ਉਸ ਇਸ ਵਾਰ ਵੀ ਨਹੀਂ ਲਈ ਹੈ।