ਕੇ.ਐਲ. ਗਰਗ
ਫੋਨ: +91-94635-37050
ਡਾ. ਆਤਮਜੀਤ ਪੰਜਾਬੀ ਨਾਟਕ ਅਤੇ ਰੰਗਮੰਚ ਨੂੰ ਸਮਰਪਿਤ ਨਾਂ ਹੈ। ਉਹ ਆਪਣੀ ਹਰ ਨਾਟ-ਰਚਨਾ ਬਹੁਤ ਨਿੱਠ ਕੇ ਅਤੇ ਗੰਭੀਰ ਹੋ ਕੇ ਕਰਦਾ ਹੈ। ਉਸ ਨੇ ਹੁਣ ਤੱਕ ਤੀਹ ਤੋਂ ਵਧੇਰੇ ਨਾਟਕ ਲਿਖੇ ਅਤੇ ਖੇਡੇ ਹਨ। ਉਸ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹ ਹਰ ਨਾਟਕ ਦਾ ਵਿਸ਼ਾ ਹੀ ਨਵਾਂ ਨਾ ਲੈ ਕੇ ਆਵੇ ਸਗੋਂ ਉਸ ਦਾ ਢੁੱਕਵਾਂ ਨਿਭਾਅ ਵੀ ਕਰੇ। ਇਸੇ ਲਈ ਉਸ ਦੇ ਨਾਟਕਾਂ ਵਿਚ ਹਮੇਸ਼ਾ ਨਵੀਨੀਕਰਨ ਅਤੇ ਉਸ ਦਾ ਨਿਭਾਅ ਬਣਿਆ ਰਹਿੰਦਾ ਹੈ।
ਹਿੰਸਾ ਬਾਰੇ ਲਿਖਿਆ ਉਸ ਦਾ ਅਸਲੋਂ ਹੀ ਨਵਾਂ ਨਾਟਕ (ਤਸਵੀਰ ਦਾ ਤੀਜਾ ਪਾਸਾ) ਹੈ ਜਿਸ ਦਾ ਨਾਂ ਉਸ ਨੇ 1991 ਤੋਂ1997 ਤੀਕ ‘ਮੰਚਣ’ ਨਾਂ ਦੀ ਪੁਸਤਕ ਲੜੀ ਦੇ ਸੰਪਾਦਨ ਅਤੇ ਪ੍ਰਕਾਸ਼ਨ ਦੌਰਾਨ ਉਸ ਵਿਚ ਸ਼ਾਮਿਲ ਪਹਿਲੇ ਕਾਲਮ ‘ਤਸਵੀਰ ਦਾ ਤੀਜਾ ਪਾਸਾ’ ਤੋਂ ਲਿਆ ਹੈ ਜਿਸ ਵਿਚ ਉਨ੍ਹਾਂ ਨੇ ਕਿਸੇ ਨਾਟ-ਵਿਅਕਤਿਤਵ ਦੇ ਜੀਵਨ ਦੇ ਅਣਗੌਲੇ ਅਤੇ ਲੁਕਵੇਂ ਪੱਖਾਂ ਨੂੰ ਉਜਾਗਰ ਕਰਨਾ ਸੀ।
ਪ੍ਰਬੁੱਧ ਨਾਟ-ਚਿੰਤਕ ਅਤੇ ਰੰਗਮੰਚ ਦਾ ਪ੍ਰਸਿੱਧ ਬੁਲਾਰਾ ਡਾ. ਸਤੀਸ਼ ਕੁਮਾਰ ਵਰਮਾ ਇਸ ਨੂੰ ਹਿੰਸਾ ਦੀ ਸਿਆਸਤ ਦਾ ਨਾਟਕ ਆਖਦਾ ਹੈ। ਦਸ ਦ੍ਰਿਸ਼ਾਂ ਵਿਚ ਫੈਲੇ ਇਸ ਨਾਟਕ ਵਿਚ ਹਿੰਸਾ ਦੇ ਹਰ ਪੱਖ ਦੀ ਨਾਟਕਕਾਰ ਵੱਲੋਂ ਸੁਚੱਜੇ ਢੰਗ ਨਾਲ ਘੋਖ ਪੜਤਾਲ ਕੀਤੀ ਗਈ ਹੈ। ਉਹ ਹਿੰਸਾ ਦੇ ਅਨੇਕ ਪੱਖਾਂ ਜਿਵੇਂ ਦਹਿਸ਼ਦਗਰਦੀ ਹਿੰਸਾ, ਸਮੂਹ ਦੀ ਹਿੰਸਾ, ਭੀੜਤੰਤਰ ਦੀ ਹਿੰਸਾ, ਨਿੱਜੀ ਹਿੰਸਾ, ਸਰਕਾਰੀ ਤੇ ਅਰਧ-ਸਰਕਾਰੀ ਹਿੰਸਾ, ਗਰੂਰ ਅਤੇ ਅਭਿਮਾਨ ਦੀ ਹਿੰਸਾ, ਬਦਲਾਖੋਰੀ ‘ਚੋਂ ਪੈਦਾ ਹੋਈ ਹਿੰਸਾ ਬਾਰੇ ਆਪਣੇ ਪਾਤਰਾਂ ਵੱਲੋਂ ਅਹਿਮ ਤੇ ਸਾਰਥਕ ਟਿੱਪਣੀਆਂ ਕਰਵਾਉਂਦਾ ਹੈ।
ਪਹਿਲੇ ਦ੍ਰਿਸ਼ ਵਿਚ ਨਾਟਕ ਏਅਰ ਇੰਡੀਆ ਦੇ ਜਹਾਜ਼ ਨੂੰ ਦਹਿਸ਼ਤਗਰਦ ਅਗਵਾ ਕਰਕੇ ਅੰਮ੍ਰਿਤਸਰ, ਲਾਹੌਰ ਅਤੇ ਬਾਅਦ ਵਿਚ ਕੰਧਾਰ ਪਹੁੰਚ ਜਾਂਦੇ ਹਨ। ਉਹ ਦਹਿਸ਼ਤਗਰਦ ਭਾਰਤ ਸਰਕਾਰ ਵੱਲੋਂ ਆਪਣੇ ਤਿੰਨ ਕੱਟੜ ਦਹਿਸ਼ਤਗਰਦਾਂ ਨੂੰ ਰਿਹਾਅ ਕਰਵਾਉਣ ਦੀ ਸ਼ਰਤ ਰੱਖਦੇ ਹਨ ਤੇ ਉਨ੍ਹਾਂ ਨੂੰ ਹਿੰਦ ਸਰਕਾਰ ਨਾਲ ਹੋਏ ਸਮਝੌਤੇ ਵਜੋਂ ਰਿਹਾਅ ਕਰਵਾ ਵੀ ਲੈਂਦੇ ਹਨ ਜਿਨ੍ਹਾਂ ‘ਚੋਂ ਇਕ ਦੋ ਤਾਂ ਹੁਣ ਭਾਰਤ ਦੀ ਸਰਕਾਰ ਅਤੇ ਲੋਕਾਈ ਲਈ ਸਿਰਦਰਦੀ ਬਣੇ ਹੋਏ ਹਨ।
ਸ੍ਰੀਨਗਰ ਤੋਂ ਹਿਮਾਚਲ ਸ਼ਿਮਲੇ ਪੜ੍ਹਨ ਲਈ ਆਈ ਕੁੜੀ ਰੁਖਸਾਨਾ ਇਸ ਅਗਵਾ ਘਟਨਾ ਤੋਂ ਪ੍ਰਭਾਵਿਤ ਹੈ। ਉਸ ਦੀ ਮਾਂ ਸਾਇਰਾ ਵੀ ਉਸੇ ਜਹਾਜ਼ ‘ਚ ਸੀ ਜਿਸ ਨੂੰ ਬਾਅਦ ਵਿਚ ਦੁਬਈ ਜਾ ਕੇ ਦਹਿਸ਼ਤਗਰਦ ਛੱਡ ਦਿੰਦੇ ਹਨ। ਰੁਖਸਾਨਾ ਦੀ ਮਾਂ ਸਾਇਰਾ ਉਸ ਨੂੰ ਇਹ ਕਹਿ ਕੇ ਸ਼ਿਮਲੇ ਪੜ੍ਹਨ ਘੱਲਦੀ ਹੈ ਕਿ ਉਸ ਦਾ ਪਿਓ ਖਤਰਨਾਕ ਅਤਿਵਾਦੀ ਸੀ ਜੋ ਮੁਕਾਬਲੇ ‘ਚ ਮਾਰਿਆ ਗਿਆ ਸੀ। ਇੱਥੇ ਸਾਨੂੰ ਨਾਟਕਕਾਰ ਉਸ ਦੀ ਨਿੱਜੀ ਹਿੰਸਾ ਦੇ ਦਰਸ਼ਨ ਵੀ ਕਰਵਾਉਂਦਾ ਹੈ। ਉਹ ਖਾਨ ਬਾਬਾ ਜੋ ਸ਼ਰੀਫ, ਸਾਊ, ਇਮਾਨਦਾਰ ਤੇ ਪੁੱਜ ਕੇ ਮਾਨਵੀ ਕਦਰਾਂ-ਕੀਮਤਾਂ ਦਾ ਰਾਖਾ ਹੈ, ਜਿਹੇ ਪਤੀ ਨੂੰ ਨਿਕੰਮਾ ਅਤੇ ਅਯੋਗ ਕਹਿ ਕੇ ਤਿਆਗ ਦਿੰਦੀ ਹੈ ਤੇ ਆਪਣੀ ਸਹੇਲੀ ਦੇ ਸ਼ੌਹਰ ਨਾਲ ਪੇਚਾ ਲੜਾਉਣ ਲੱਗ ਪੈਂਦੀ ਹੈ। ਉਹ ਆਪਣੀ ਸ਼ਰਾਫਤ ਕਰਕੇ, ਉਸ ਨੂੰ ਅਤੇ ਟੱਬਰ ਨੂੰ ਤਿਆਗ ਕੇ, ਪਰਵਾਸ ਕਰਕੇ ਸ਼ਿਮਲੇ ਆ ਜਾਂਦਾ ਹੈ ਜਿੱਥੇ ਉਹ ਸੌਦਾਗਰ ਨਾਂ ਦੇ ਭਾਪੇ ਕੋਲ ਨੌਕਰੀ ਕਰ ਲੈਂਦਾ ਹੈ।
ਭਾਪਾ ਸੌਦਾਗਰ ਸਮੂਹ ਅਤੇ ਭੀੜ ਦੀ ਹਿੰਸਾ ਦਾ ਸ਼ਿਕਾਰ ਹੋਇਆ ਮਜ਼ਲੂਮ ਇਨਸਾਨ ਹੈ ਜੋ ਪਹਿਲਾਂ ਸੰਤਾਲੀ ਦੀ ਵੰਡ ਵੇਲੇ ਪੱਛਮੀ ਪੰਜਾਬ ਤੋਂ ਉੱਜੜਿਆ ਤੇ ਮੁੜ 1984 ਵਿਚ ਦਿੱਲੀ ਵਿਖੇ ਸਿੱਖਾਂ ਦੇ ਹੋਏ ਸਮੂਹਕ ਕਤਲੇਆਮ ਵਿਚ ਦੁੱਖ ਭੋਗਦਾ ਹੈ ਤੇ ਬਚ-ਬਚਾਅ ਕੇ ਸ਼ਿਮਲੇ ਪਹੁੰਚ ਜਾਂਦਾ ਹੈ। ਉਹ ਭਾਵੇਂ ਬਹੁਤ ਮਿਹਨਤਕਸ਼ ਮਨੁੱਖ ਹੈਪਰ ਉਸ ਦੇ ਚਰਿੱਤਰ ਵਿਚ ਵੀ ਖੋਟ ਹੈ। ਉਹ ਆਪਣੇ ਯਤੀਮ ਭਤੀਜੇ ਅਕਾਸ਼ ਨੂੰ ਗੋਦ ਤਾਂ ਲੈ ਲੈਂਦਾ ਹੈ ਪਰ ਉਸ ਨੂੰ ਆਪਣੀ ਜਾਇਦਾਦ ਦਾ ਵਾਰਿਸ ਨਹੀਂ ਬਣਾਉਂਦਾ। ਇਹੋ ਖੋਟ ਉਸ ਨੂੰ ਖਾਨ ਬਾਬਾ ਦੀ ਮੌਤ ਤੋਂ ਬਾਅਦ ਉਸ ਤੋਂ ਪਾਸਾ ਵੱਟ ਲੈਣ ਲਈ ਮਜਬੂਰ ਕਰਦੀ ਹੈ। ਇਹ ਸੌਦਾਗਰ ਦੇ ਵਤੀਰੇ ਦੀ ਹਿੰਸਾ ਹੈ ਜੋ ਉਸ ਨੂੰ ਸਾਵਾਂ ਮਨੁੱਖ ਨਹੀਂ ਰਹਿਣ ਦਿੰਦੀ। ਉਹ ਰੁਖਸਾਨਾ ਨੂੰ ਵੀ ਅਕਾਸ਼ ਨਾਲ ਸਾਰੇ ਰਿਸ਼ਤੇ ਤੋੜ ਕੇ ਵਾਪਸ ਜਾਣ ਲਈ ਆਖ ਦਿੰਦਾ ਹੈ ਤੇ ਪੱਜ ਇਹ ਲਾਉਂਦਾ ਹੈ ਕਿ ਉਸ ਦਾ ਦਹਿਸ਼ਤਗਰਦ ਪਿਓ ਜ਼ਿੰਦਾ ਵਾਪਸ ਮੁੜ ਆਇਆ ਹੈ।
ਉਸ ਦੇ ਹੋਟਲ ਦੇ ਸਾਹਮਣੇ ਫੌਜ ਦੇ ਇਕ ਜਰਨੈਲ ਨੇ ਕੋਠੀ ਬਣਾ ਲਈ ਹੈ ਜੋ ਉਸ ਨੂੰ ਹੋਟਲ ਛੱਡ ਕੇ ਕਿਤੇ ਹੋਰ ਚਲੇ ਜਾਣ ਲਈ ਕਹਿੰਦਾ ਹੈ ਕਿਉਂਕਿ ਉਸ ਦਾ ਖਿਆਲ ਹੈ ਕਿ ਅਤਿਵਾਦੀ ਉਸ ਤੋਂ ਆਪਰੇਸ਼ਨ ਬਲੂ ਸਟਾਰ ਦਾ ਬਦਲਾ ਲੈਣ ਲਈ ਸੌਦਾਗਰ ਦੇ ਹੋਟਲ ਦੀ ਵਰਤੋਂ ਕਰ ਸਕਦੇ ਹਨ ਤੇ ਏਦਾਂ ਉਸ ਨੂੰ ਤੇ ਉਸ ਦੇ ਟੱਬਰ ਦੀ ਜਾਨ ਨੂੰ ਹਮੇਸ਼ਾ ਖਤਰਾ ਬਣਿਆ ਰਹਿ ਸਕਦਾ ਹੈ।
ਨਾਟਕਕਾਰ ਸਰਕਾਰੀ ਹਿੰਸਾ ਦਾ ਪ੍ਰਦਰਸ਼ਨ ਕਰਨ ਲਈ ਜਨਰਲ ਅਤੇ ਉਸ ਦੀ ਪਤਨੀ ਕੁਲਦੀਪ ਕੌਰ ਨੂੰ ਮੰਚ ‘ਤੇ ਪੇਸ਼ ਕਰਦਾ ਹੈ। ਜਨਰਲ ਆਪਣੇ ਕਰਤੱਵ ਦਾ ਬੰਨ੍ਹਿਆ ਹੋਇਆ ਤੇ ਦੂਸਰੇ ਪਾਸੇ ਅਤਿਵਾਦੀਆਂ ਦੀ ਗੋਲੀ ਵੀ ਉਸ ਵੱਲ ਸਿੰਨ੍ਹੀ ਹੋਈ ਹੈ। ਉਹ ਆਪਣੇ ਕਰਤੱਵ ਦਾ ਪਾਲਣ ਕਰਦਿਆਂ ਅਤਿਵਾਦੀਆਂ ਦਾ ਖਾਤਮਾ ਕਰਦਾਹੈ। ਉਸ ਦੀ ਪਤਨੀ ਕੁਲਦੀਪ ਕੌਰ ਪਛਤਾਵੇ ‘ਚ ਝੁਲਸੀ ਆਪਣੀ ਧੀ ਦੇ ਗਰਭਪਾਤ ਲਈ ਜਨਰਲ ਦੇ ਇਸ ਪਾਪ ਨੂੰ ਜ਼ਿੰਮੇਵਾਰ ਸਮਝਦੀ ਹੈ।
ਸਰਕਾਰੀ ਅਤਿਵਾਦ ਦਾ ਜ਼ਿਕਰ ਨਾਟਕਕਾਰ ਇਸ਼ਾਰਿਆਂ ਅਤੇ ਸੰਕੇਤਾਂ ਨਾਲ ਕਰਦਾ ਹੈ। ਚਿੱਟੀ ਸਿੰਘਪੁਰਾ ਵਿਚ ਸਿੱਖਾਂ ਦੇ ਹੋਏ ਕਤਲੇਆਮ ਅਤੇ ਚਰਾਰੇ-ਸ਼ਰੀਫ ਮਸਜਿਦ ਨੂੰ ਸਾੜੇ ਜਾਣ ਦੀਆਂ ਖਬਰਾਂ ਸਰਕਾਰੀ ਹਿੰਸਾ ਦੀ ਨਿਸ਼ਾਨਦੇਹੀ ਕਰਦੀਆਂ ਹਨ। ਗ੍ਰਹਿ ਮੰਤਰੀ ਦੇ ਕਸ਼ਮੀਰ ਦੌਰੇ ਵੇਲੇ ਪੰਜ ਨਿਰਦੋਸ਼ ਅਤੇ ਨਿਹੱਥੇ ਮੁਸਲਮਾਨਾਂ ਨੂੰ ਮੁਕਾਬਲਾ ਬਣਾ ਕੇ ਮਾਰ ਦੇਣ ਨਾਲ ਸਰਕਾਰੀ ਹਿੰਸਾ ਨੂੰ ਢਕਣ ਦਾ ਜ਼ਰੀਆ ਬਣਾਇਆ ਜਾਂਦਾ ਹੈ।
ਇਹ ਹਿੰਸਕ ਘਟਨਾਵਾਂ ਤਾਂ ਰੰਗਮੰਚ ਜਾਂ ਪਿੱਠਭੂਮੀ ਵਿਚ ਵਾਪਰਦੀਆਂ ਹਨ ਜਿਨ੍ਹਾਂ ਨੂੰ ਨਾਟਕਕਾਰ ਸੰਕੇਤਾਂ ਅਤੇ ਇਸ਼ਾਰਿਆਂ ਨਾਲ ਜ਼ਾਹਿਰ ਕਰਦਾ ਹੈ ਪਰ ਉਸ ਦਾ ਮੰਤਵ ਇਨ੍ਹਾਂ ਠੋਸ ਘਟਨਾਵਾਂ ਓਹਲੇ ਲੁਕੇ ਉਹ ਉਦਗਾਰ ਤੇ ਜਜ਼ਬੇ ਪ੍ਰਗਟ ਕਰਨਾ ਹੈ ਜੋ ਇਤਿਹਾਸ ਦਾ ਕਦੇ ਹਿੱਸਾ ਨਹੀਂ ਬਣਦੇ। ਜਨਰਲ ਅਤੇ ਉਸ ਦੀ ਪਤਨੀ ਦਾ ਪਛਤਾਵੇ ਵਿਚ ਗਲ-ਗਲ ਤੱਕ ਡੁੱਬੇ ਰਹਿਣਾ ਦੀ ਭਾਲ ਹੀ ਨਾਟਕਕਾਰ ਦਾ ਅਸਲ ਮੰਤਵ ਹੈ। ਸੌਦਾਗਰ ਦੇ ਮਨ ਦੀ ਖੋਟ ਅਤੇ ਖਾਨ ਬਾਬਾ ਦੀ ਪਤਨੀ ਸਾਇਰਾ ਦਾ ਝੂਠ ਵੀ ਨਾਟਕਕਾਰ ਫੜਨ ਦੀ ਕੋਸ਼ਿਸ਼ ਕਰਦਾ ਹੈ।
ਅਕਾਸ਼ ਜਿਹੇ ਨੌਜਵਾਨ ਅਤੇ ਸ਼ਰਮਾ ਜਿਹੇ ਪੱਤਰਕਾਰ ਹੀ ਨਾਟਕਕਾਰ ਨੂੰ ਇਕੋ-ਇਕ ਭਰੋਸਾ ਨਜ਼ਰ ਆਉਂਦੇ ਹਨ ਜੋ ਮਾਨਵੀ ਕਦਰਾਂ ਦੀ, ਹਿੰਸਾ ਦੇ ਇਸ ਦੌਰੇ-ਦੌਰਾਂ ਵਿਚ, ਰਾਖੀ ਕਰਦੇ ਦਿਖਾਈ ਦਿੰਦੇ ਹਨ। ਖਾਨ ਬਾਬਾ ਅਤੇ ਰੁਖਸਾਨਾ ਦੇ ਰਿਸ਼ਤਿਆਂ ਦਾ ਸੱਚ ਵੀ ਅਕਾਸ਼ ਹੀ ਪਛਾਨਣ ਦਾ ਯਤਨ ਕਰਦਾ ਹੈ। ਉਸ ਦੀ ਇਸ ਕੋਸ਼ਿਸ਼ ਵਿਚ ਸ਼ਰਮਾ ਵੀ ਉਸ ਦਾ ਸਾਥ ਦਿੰਦਾ ਹੈ। ਹਿੰਸਾ ਬਾਰੇ ਜਨਰਲ ਦੀਆਂ ਟਿੱਪਣੀਆਂ ਇਸ ਨਾਟਕ ਦਾ ਹਾਸਲ ਬਣਦੀਆਂ ਹਨ।
ਇਸ ਬਹੁ-ਪਰਤੀ ਤੇ ਬਹੁ-ਦਿਸ਼ਾਵੀ ਨਾਟਕ ਨੂੰ ਹੋਰ ਗੰਭੀਰਤਾ ਨਾਲ ਸਮਝਣ ਲਈ ਪਾਠਕਾਂ ਨੂੰ ਵਿਦਵਾਨ ਡਾ. ਸਤੀਸ਼ ਕੁਮਾਰ ਵਰਮਾ ਵੱਲੋਂ ਇਸ ਨਾਟਕ ਦੀ ਲਿਖੀ ਭੂਮਿਕਾ ਵੀ ਵਾਚ ਲੈਣੀ ਚਾਹੀਦੀ ਹੈ।