ਜਿ਼ੰਦਗੀ ਦਾ ਗੀਤ

ਡਾ ਗੁਰਬਖ਼ਸ਼ ਸਿੰਘ ਭੰਡਾਲ
ਜਿ਼ੰਦਗੀ ਦਾ ਗੀਤ, ਜੀਵਨ ਦਾ ਸਿਰਲੇਖ ਹੁੰਦਾ, ਮਸਤਕ `ਤੇ ਉਕਰੇ ਲੇਖ ਹੁੰਦਾ, ਅੰਤਰੀਵ ਵਿਚ ਰਚਿਆ ਮਨੁੱਖ ਦਾ ਅਸਲੀ ਭੇਖ ਹੁੰਦਾ, ਬਾਹਰੀ ਪੀੜਾ ਦੀ ਹਿੱਕ ਵਿਚ ਖੁੱਭੀ ਮੇਖ ਹੁੰਦਾ ਏ ਅਤੇ ਖੁਸ਼ੀ ਵਿਚ ਮਾਰੀ ਹੇਕ ਹੁੰਦਾ।
ਜਿ਼ੰਦਗੀ ਦਾ ਗੀਤ, ਸਫ਼ਰਾਂ ਦਾ ਮੇਲ ਹੁੰਦਾ, ਹਮਸਫ਼ਰਾਂ ਦੇ ਕਦਮਾਂ ਵਿਚ ਉਗਿਆ ਸੁਮੇਲ ਹੁੰਦਾ, ਅੰਬਰ ਵਿਚ ਉਗੀ ਦੁਮੇਲ ਹੁੰਦਾ, ਦੋ ਰੂਹਾਂ ਦਾ ਸੰਯੋਗੀ ਤੇ ਸੰਦਲੀ ਮੇਲ ਹੁੰਦਾ, ਜੀਵਨ-ਭਾਵਾਂ `ਤੇ ਪਈ ਤ੍ਰੇਲ ਹੁੰਦਾ ਅਤੇ ਇਸ ਵਿਚੋਂ ਉਗਿਆ ਰੰਗਾਂ ਦਾ ਸੁੰਦਰ ਖੇਲ ਹੁੰਦਾ।

ਜਿ਼ੰਦਗੀ ਦਾ ਗੀਤ, ਜਿਊਣ-ਜੋਗੀਆਂ ਰੂਹਾਂ ਗਾਉਂਦੀਆਂ, ਆਪਣੇ ਪੈਰਾਂ ਵਿਚ ਸਫ਼ਰ ਉਗਾਉਂਦੀਆਂ ਅਤੇ ਮੰਜ਼ਲਾਂ ਦੇ ਸਿਰਨਾਵਿਆਂ ਨੂੰ ਅੰਬਰ ਦੀ ਹਿੱਕ `ਤੇ ਉਕਰਾਉਂਦੀਆਂ। ਜਿ਼ੰਦਗੀ ਦਾ ਗੀਤ, ਸਿਰਫ਼ ਜਿਊਣ-ਜੋਗੇ ਹੀ ਗਾ ਸਕਦੇ ਕਿਉਂਕਿ ਜਿਊਣ-ਜੋਗੇ ਹੀ ਜਿ਼ੰਦਗੀ ਦੀ ਸਾਰਥਿਕਤਾ, ਸੁੰਦਰਤਾ, ਸਾਦਗੀ, ਸਹਿਜਤਾ ਅਤੇ ਸੁਹਜਤਾ ਦੀ ਗਵਾਹੀ ਭਰਦੇ। ਇਹ ਜਿ਼ੰਦਗੀ ਨੂੰ ਦੁੱਖ, ਦਰਦ, ਗ਼ਮ ਅਤੇ ਹਉਕੇ ਨਹੀਂ ਪਰੋਸਦੇ ਸਗੋਂ ਜੀਵਨ ਦੀ ਝੋਲੀ ਵਿਚ ਸੁਖਨ, ਸਕੂਨ, ਸੰਵੇਦਨਾ ਅਤੇ ਸੰਤੁਸ਼ਟੀ ਦਾ ਵਰਦਾਨ ਪਾਉਂਦੇ।
ਜਿ਼ੰਦਗੀ ਦਾ ਗੀਤ, ਚਿੰਤਨ, ਚੇਤਨਾ ਅਤੇ ਚਿੰਤਨਸ਼ੀਲਤਾ ਦੀ ਗਵਾਹੀ ਹੁੰਦਾ ਕਿਉਂਕਿ ਜਦ ਜਿ਼ੰਦਗੀ ਦਾ ਗੀਤ ਚਿੰਤਾ, ਚਾਹਨਾ, ਚੋਟ, ਚੀਸ `ਤੇ ਚੰਗਿਆੜੀ ਲਾਉਂਦਾ ਤਾਂ ਉਸ ਵਿਚ ਅਦ੍ਰਿਸ਼ਟ ਸੁਖਨ ਦੇ ਨਜ਼ਾਰੇ ਨਜ਼ਰ ਆਉਂਦੇ।
ਜਿ਼ੰਦਗੀ ਦੇ ਗੀਤ ਦੀਆਂ ਬਹੁਤ ਸਾਰੀਆਂ ਪਰਤਾਂ ਹੁੰਦੀਆਂ। ਇਹ ਕਦੇ ਲੋਕ ਗੀਤ ਬਣਦਾ, ਕਦੇ ਕਵਿਤਾ ਬਣਦਾ, ਕਦੇ ਲੋਕ ਬੋਲੀਆਂ, ਕਦੇ ਰੁਬਾਈ, ਕਦੇ ਚੌਵਰਗਾ ਅਤੇ ਕਦੇ ਕਦੇ ਵਕਤ `ਤੇ ਲਿਖੀ ਖੁਦ ਦੀ ਇਬਾਰਤ ਵੀ ਹੁੰਦਾ।
ਜਿ਼ੰਦਗੀ ਦਾ ਗੀਤ, ਸਿਰਫ਼ ਕਲਮ ਨਾਲ ਹੀ ਕਾਗਜ਼ `ਤੇ ਨਹੀਂ ਲਿਖਿਆ ਜਾਂਦਾ। ਸਿਰਫ਼ ਸ਼ਬਦਾਂ ਦੇ ਹਵਾਲੇ ਕਰ ਕੇ ਸੁਰਖ਼ਰੂ ਨਹੀਂ ਹੋਇਆ ਜਾ ਸਕਦਾ। ਅਰਥਾਂ ਦੇ ਸੂਰਜ ਉਗਾ ਕੇ ਤੁਸੀਂ ਮੁਨਸਫ਼ ਨਹੀਂ ਬਣ ਸਕਦੇ। ਜਿ਼ੰਦਗੀ ਦੇ ਗੀਤ ਲਈ ਜ਼ਰੂਰੀ ਹੁੰਦਾ ਕਿ ਇਸਨੂੰ ਆਪਣੇ ਹੱਥਾਂ ਦੀਆਂ ਤਲੀਆਂ `ਤੇ ਉਕਰਾਵੋ ਕਿਉਂਕਿ ਇਨ੍ਹਾਂ ਤਲੀਆਂ `ਤੇ ਉਗੀ ਹੋਈ ਮਿਹਨਤਕਸ਼ਤਾ ਹੀ ਜਿ਼ੰਦਗੀ ਲਈ ਜਿਊਣ ਦਾ ਆਧਾਰ ਹੁੰਦੀ।
ਜਿ਼ੰਦਗੀ ਦੇ ਗੀਤ ਨੂੰ ਪੈਰਾਂ ਦੇ ਸਫ਼ਰ ਰਾਹੀਂ ਲਿਖਣ ਵਾਲੇ ਉਦਾਸੀਆਂ ਦਾ ਨਾਮਕਰਣ ਹੁੰਦੇ ਜਿਹੜੀਆਂ ਅਜੇਹਾ ਕੀਰਤੀਮਾਨ ਸਿਰਜਦੀਆਂ ਨੇ ਜੋ ਸਿਰਫ਼ ਕੁਝ ਕੁ ਵਿਰਲਿਆਂ ਦਾ ਹੀ ਨਸੀਬ ਹੁੰਦਾ। ਇਹ ਪੈੜਾਂ ਉਨ੍ਹਾਂ ਮੰਜ਼ਲਾਂ ਦੀਆਂ ਥਹੁ ਲੈਂਦੀਆਂ ਜਿਹੜੀਆਂ ਆਮ ਲੋਕਾਂ ਦੀ ਨਜ਼ਰ ਤਂੋ ਓਹਲੇ ਹੁੰਦੀਆਂ। ਅਜੇਹਾ ਜਿ਼ੰਦਗੀ ਦਾ ਗੀਤ ਉਸ ਦਿਸਹੱਦੇ ਨੂੰ ਮੁਖਾਤਬ ਹੁੰਦਾ ਜਿਹੜਾ ਸਾਡੀ ਸੋਚ, ਸੰਵੇਦਨਾ ਅਤੇ ਸਮਝ ਵਿਚ ਅਹੁੜਦਾ, ਸਾਨੂੰ ਵਾਰ ਵਾਰ ਪ੍ਰਾਪਤੀ ਲਈ ਉਤੇਜਿਤ ਕਰਦਾ ਹੈ।
ਜਿ਼ੰਦਗੀ ਦਾ ਗੀਤ ਸਾਨੂੰ ਆਪਣੀਆਂ ਸੋਚਾਂ ਵਿਚ ਜ਼ਰੂਰ ਪੁੰਗਾਰਨਾ ਚਾਹੀਦਾ ਕਿਉਂਕਿ ਸੋਚਾਂ ਵਿਚ ਪਨਪਿਆ ਜਿ਼ੰਦਗੀ ਦਾ ਗੀਤ ਹੀ ਫਿਰ ਹੌਲੀ-ਹੌਲੀ ਬੀਜ ਵਾਂਗ ਫੁੱਟਦਾ ਹੈ, ਮੌਲਦਾ ਹੈ ਅਤੇ ਇਹ ਫੁੱਲ ਅਤੇ ਫ਼ਲ ਅਰਪਿਤ ਕਰ, ਸਾਡੇ ਜੀਵਨ ਦਾ ਸੁਖਨਵਰ ਸਿਰਨਾਵਾਂ ਬਣਦਾ ਹੈ।
ਪਰ ਸਭ ਤੋਂ ਅਹਿਮ ਹੁੰਦਾ ਏ ਜਿ਼ੰਦਗੀ ਦੇ ਗੀਤ ਨੂੰ ਆਪਣੇ ਅੰਤਰੀਵ `ਚ ਲਿਖਣਾ। ਇਸ ਰਾਹੀਂ ਅੰਤਰੀਵ ਨੂੰ ਮੁਖ਼ਾਤਬ ਹੋਣਾ, ਅੰਤਰੀਵ ਦੀ ਕਾਲਖ਼ ਨੂੰ ਪੂੰਝਣ ਲਈ ਚਾਨਣ ਦਾ ਜਾਗ ਲਾਉਣਾ। ਇਸ ਵਿਚੋਂ ਜਿ਼ੰਦਗੀ ਦੇ ਗੀਤ ਦੀ ਅਜੇਹੀ ਸੁਚੇਤਨਾ ਪ੍ਰਗਟ ਹੋਵੇਗੀ ਕਿ ਇਹ ਜਿ਼ੰਦਗੀ ਦਾ ਗੀਤ ਨਿੱਜ ਤੋਂ ਉਪਰ ਉਠ ਕੇ ਸਮੂਹਿਕ ਬਣ ਕੇ ਸਰਬੱਤ ਦੇ ਭਲੇ ਦੀ ਕਾਮਨਾ ਬਣੇਗਾ।
ਜਿ਼ੰਦਗੀ ਦਾ ਗੀਤ ਸਿਰਫ਼ ਕੁਝ ਕੁ ਲੋਕ ਹੀ ਨਹੀਂ ਗਾਉਂਦੇ ਸਗੋਂ ਜਿ਼ੰਦਗੀ ਦਾ ਗੀਤ ਹਰ ਕੋਈ ਗਾਉਂਦਾ ਏ, ਆਪਣੀ ਸਮਝ, ਸੰਵੇਦਨਾ, ਸਮਰੱਥਾ ਅਤੇ ਸਿਰਜਣਾਤਮਿਕਤਾ ਨਾਲ। ਕੁਝ ਲੋਕ ਜਿ਼ੰਦਗੀ ਦੇ ਗੀਤ ਨੂੰ ਢਲਦੀਆਂ ਤ੍ਰਿਕਾਲਾਂ, ਲੰਮੇ ਹੋ ਰਹੇ ਪ੍ਰਛਾਵੇਂ ਅਤੇ ਟੁੱਟ ਰਹੇ ਸਾਹਾਂ ਦੀ ਆਉਧ ਵੇਲੇ ਉਕਰਦੇ। ਇਸ ਗੀਤ ਵਿਚ ਉਨ੍ਹਾਂ ਦੀਆਂ ਪ੍ਰਾਪਤੀਆਂ ਦਾ ਪ੍ਰਮਾਣ ਹੁੰਦਾ, ਮਾਣੇ ਹੋਏ ਪਲਾਂ ਦਾ ਵਿਸਥਾਰ ਹੁੰਦਾ, ਮਿਲੇ ਹੋਏ ਸੁਗਮ ਸਾਥਾਂ ਦੀ ਗੱਲ ਹੁੰਦੀ ਅਤੇ ਮਿਲੀ ਹੋਈ ਰਹਿਨੁਮਾਈ ਦਾ ਰਾਗਨਾਮਾ ਤੇ ਪ੍ਰਾਪਤ ਨਿਆਮਤਾਂ ਦਾ ਵਰਣਨ ਵੀ ਹੁੰਦਾ। ਪਰ ਕਦੇ ਕਦੇ ਇਨ੍ਹਾਂ ਗੀਤਾਂ ਵਿਚ ਅਸਫ਼ਲਤਾਵਾਂ ਦਾ ਹੇਰਵਾ ਹੁੰਦਾ, ਵਿੱਛੜ ਗਏ ਦੋਸਤਾਂ ਅਤੇ ਪਿਆਰਿਆਂ ਦਾ ਗ਼ਮ ਹੁੰਦਾ, ਹੰਝੂ, ਹਾਵੇ ਤੇ ਹਿਚਕੀਆਂ ਦੀ ਸਿੱਲੀ ਸਿੱਲੀ ਵਾ ਵੀ ਵਗਦੀ ਏ ਕਿਉਂਕਿ ਸਾਹਾਂ ਦੀ ਤਿੜਕ ਰਹੀ ਡੋਰ ਵਿਚ ਅਸੀਂ ਅਤ੍ਰਿਪਤ ਭਾਵਨਾਵਾਂ, ਅਪੂਰਨ ਆਸਾਂ ਅਤੇ ਅਧੂਰੇ ਸੁਪਨਿਆਂ ਦੀ ਉਸ ਚੀਸ ਨੂੰ ਪਲ-ਪਲ ਹੰਢਾਉਂਦੇ ਹਾਂ ਜਿਸ ਚੀਸ ਵਿਚੋਂ ਲੰਘ ਕੇ ਸਦਾ ਲਈ ਤੁਰ ਜਾਣਾ ਬਹੁਤ ਔਖਾ ਹੁੰਦਾ। ਪਰ ਇਹੀ ਤਾਂ ਸਦੀਵੀ ਸੱਚ ਹੁੰਦਾ ਕਿਉਂਕਿ ਕਿਸੇ ਨੂੰ ਪੂਰਨ ਜਹਾਨ ਨਹੀਂ ਮਿਲਦਾ। ਕੁਝ ਕੁ ਵਿਰਲਾਂ ਅਤੇ ਵਿੱਥਾਂ ਸਭ ਦੀ ਜਿ਼ੰਦਗੀ ਵਿਚ ਰਹਿ ਹੀ ਜਾਂਦੀਆਂ।
ਜਿ਼ੰਦਗੀ ਦੇ ਕੁਝ ਗੀਤ ਸਰਘੀ ਵਰਗੇ ਹੁੰਦੇ ਜਿਨ੍ਹਾਂ ਵਿਚੋਂ ਫੁੱਟਦੀ ਹੈ ਨਿੰਮੀ ਨਿੰਮੀ ਲੋਅ, ਝਰਦਾ ਹੈ ਚਾਨਣ ਦਾ ਜਲੌਅ ਅਤੇ ਰੰਗਾਂ ਦੀ ਇਸ ਆਬਸ਼ਾਰ ਵਿਚ ਫੁੱਲਾਂ `ਤੇ ਪਈ ਤ੍ਰੇਲ ਮੋਤੀਆਂ ਵਾਂਗ ਡਲਕਦੀ, ਮੰਦ ਮੰਦ ਮੁਸਕਰਾਹਟ ਚਮਨ ਦੇ ਨਾਮ ਕਰ ਜਾਂਦੀ। ਇਸ ਗੀਤ ਵਿਚ ਆਲ੍ਹਣਿਆਂ ਤੋਂ ਉਡ ਰਹੇ ਪੰਛੀਆਂ ਦੀ ਪ੍ਰਵਾਜ਼ ਹੁੰਦੀ, ਸਵੇਰ ਨੂੰ ਖੁਸ਼ਆਮਦੀਦ ਕਹਿਣ ਦਾ ਅੰਦਾਜ਼ ਹੁੰਦਾ ਏ ਅਤੇ ਨਵੇਂ ਦਿਨ ਦਾ ਮੋਹਵੰਤਾ ਆਗਾਜ਼ ਵੀ ਹੁੰਦਾ, ਜਿਸ ਰਾਹੀਂ ਸਾਹ-ਸੁਰੰਗੀ ਨੇ ਜੀਵਨ ਨੂੰ ਨਿਰੰਤਰਤਾ ਬਖਸ਼ਣੀ ਹੁੰਦੀ। ਇਸ ਗੀਤ ਵਿਚ ਸੁਪਨੇ ਅੰਗੜਾਈਆਂ ਭਰਦੇ, ਕਦਮਾਂ ਵਿਚ ਸਫ਼ਰ ਮੌਲਦਾ ਅਤੇ ਅਸੀਂ ਅੰਬਰਾਂ ਨੂੰ ਛੂਹਣ ਅਤੇ ਇਸਨੂੰ ਕਲਾਵੇ ਵਿਚ ਲੈਣ ਲਈ ਹੰਭਲਾ ਮਾਰਦੇ ਹਾਂ। ਇਹ ਹੰਭਲਾ ਹੀ ਸਾਡੀ ਜਿ਼ੰਦਗੀ ਦਾ ਹੌਂਸਲਾ ਤੇ ਹੱਠ ਭਰਪੂਰ ਆਰੰਭਕ ਪੜਾਅ ਹੁੰਦਾ ਜਿਸਨੇ ਸਾਨੂੰ ਨਵੀਆਂ ਰਹਿਮਤਾਂ ਨਾਲ ਨਿਵਾਜਣਾ ਹੁੰਦਾ।
ਜਿ਼ੰਦਗੀ ਦਾ ਗੀਤ ਅਸੀਂ ਤਿੱਖੜ ਦੁਪਹਿਰਾਂ ਨੂੰ ਵੀ ਗਾਉਂਦੇ ਜਦੋਂ ਸੂਰਜ ਸਿਰ `ਤੇ ਹੁੰਦਾ ਹੈ, ਧੁੱਪ ਤਿਖੇਰੀ ਹੁੰਦੀ ਹੈ ਜੋ ਅੰਦਰਲੇ ਸੇਕ ਨਾਲ ਰਲ ਕੇ ਤੁਹਾਨੂੰ ਪਿਘਲਾਉਂਦੀ ਅਤੇ ਸਾਡੀਆਂ ਭਾਵਨਾਵਾਂ ਨੂੰ ਉਤੇਜਿਤ ਕਰਦੀ ਹੈ। ਅਸੀਂ ਆਪਣੇ ਮਨਾਂ ਵਿਚ ਉਠੀਆਂ ਚਾਅ-ਤਰੰਗਾਂ ਨੂੰ ਹਮਜੋਲੀਆਂ ਨਾਲ ਸਾਂਝਾ ਕਰਦੇ ਹਾਂ। ਜੀਵਨ ਦੀ ਖੁਸ਼ਗਵਾਰਤਾ ਦੌਰਾਨ ਸੁਗੰਧਤ ਸਾਹਾਂ ਅਤੇ ਸੰਦਲੀ ਰਾਹਾਂ ਦਾ ਸੰਗ ਮਾਣਦੇ ਹਾਂ। ਅਜਿਹੇ ਗੀਤ ਵਿਚ ਘੁਲ-ਮਿਲ ਜਾਂਦੇ ਨੇ ਇਕ ਦੂਜੇ ਦੇ ਰਾਹ, ਸਾਹ, ਉਮਾਹ ਤੇ ਉਤਸ਼ਾਹ, ਇਕ ਦੂਜੇ ਦੇ ਰੰਗ, ਢੰਗ ਅਤੇ ਉਮੰਗ। ਇਕ ਦੂਜੇ ਵਿਚ ਸਮਾਏ ਹੀ ਜੀਵਨ ਦੇ ਇਲਾਹੀ ਵਿਸਮਾਦ ਅਤੇ ਅਨਾਦ ਅਨੰਨਤਾ ਦੇ ਆਲਮ ਵਿਚ ਵਿਚਰਦੇ ਹਾਂ। ਜਿ਼ੰਦਗੀ ਬਹੁਤ ਪਿਆਰੀ ਅਤੇ ਨਿਆਰੀ ਲੱਗਦੀ ਹੈ। ਤਿੱਖੜ ਦੁਪਹਿਰਾਂ ਵਰਗੇ ਇਹ ਪਲ ਹਰੇਕ ਦੇ ਜੀਵਨ ਦਾ ਹਿੱਸਾ ਹੁੰਦੇ। ਹਰ ਕੋਈ ਚਾਹੁੰਦਾ ਕਿ ਅਜੇਹੇ ਪਲ ਵਾਰ-ਵਾਰ ਆਪਣੇ ਪਿਆਰਿਆਂ ਦੀ ਸੰਗਤਾ ਵਿਚ ਮਾਣੇ ਜਾਣ। ਇਕ ਦੂਜੇ ਨੂੰ ਸੋਚਾਂ, ਸਾਹਾਂ ਅਤੇ ਸੰਵੇਦਨਾ ਵਿਚ ਵਸਾਈਏ। ਜਿ਼ੰਦਗੀ ਦਾ ਅਜੇਹਾ ਗੀਤ ਬੁੱਲਾਂ `ਚ ਗੁਣਗੁਣਾਈਏ ਕਿ ਜਿ਼ੰਦਗੀ ਦੇ ਗੀਤ ਨੂੰ ਆਪਣੀ ਹੋਂਦ, ਹਸਤੀ ਅਤੇ ਹਾਸਲਤਾ `ਤੇ ਨਾਜ਼ ਹੋਵੇ। ਇਹ ਗੀਤ ਭਾਵੇਂ ਹਰ ਕੋਈ ਗਾਉਣਾ ਲੋਚਦਾ ਪਰ ਬਹੁਤ ਵਿਰਲੇ ਹੁੰਦੇ ਜਿਨ੍ਹਾਂ ਨੂੰ ਅਜਿਹੇ ਗੀਤ ਗਾਉਣ ਦਾ ਮੌਕਾ ਮਿਲਦਾ ਹੈ। ਇਸ ਨਾਲ ਉਨ੍ਹਾਂ ਦਾ ਜੀਵਨ-ਸਫ਼ਰ ਬਹੁਤ ਹੀ ਸੁਖਾਵਾਂ, ਸੁਖਨਵਰ, ਸੰਤੁਸ਼ਟ ਤੇ ਸੰਤੋਖੀ ਹੁੰਦਾ। ਇਸ ਨਾਲ ਜੀਵਨ ਨੂੰ ਮਿਲਦਾ ਹੈ ਨਵੀਆਂ ਸੰਭਾਵਨਾਵਾਂ, ਸੁਪਨਿਆਂ ਅਤੇ ਸਾਝਾਂ ਦਾ ਸੰਗਮ ਜਿਸਦੀ ਚਾਹਨਾ ਹਰ ਮਨੁੱਖ ਕਰਦਾ ਹੈ।
ਜਿ਼ੰਦਗੀ ਦਾ ਗੀਤ ਗਾਉਣ ਲਈ ਜ਼ਰੂਰੀ ਹੁੰਦਾ ਹੈ ਕਿ ਅਸੀਂ ਜਿ਼ੰਦਗੀਆਂ ਦੀਆਂ ਬਹੁਪਰਤਾਂ ਨੂੰ ਸਮਝੀਏ ਅਤੇ ਸਲਾਹੀਏ। ਰੌਸ਼ਨ ਪਰਤਾਂ ਦੀ ਕਸਮ ਖਾ ਕੇ, ਇਨ੍ਹਾਂ ਦੀ ਨਿਰੰਤਰਤਾ, ਨੇਕਨੀਤੀ ਅਤੇ ਨਿਰਮਲਤਾ ਦਾ ਸਿਰਲੇਖ ਬਣੀਏ।
ਜਿ਼ੰਦਗੀ ਦਾ ਗੀਤ ਸਿਰਫ਼ ਤੇ ਸਿਰਫ਼ ਅਸੀਂ ਹੀ ਨਹੀਂ ਗਾਉਂਦੇ। ਜਿ਼ੰਦਗੀ ਦਾ ਗੀਤ ਤਾਂ ਬਿਰਖ਼ ਵੀ ਗਾਉਂਦੇ ਜਦ ਰੁਮਕਦੀ ਹੋਈ ਪੌਣ ਪੱਤਿਆਂ ਵਿਚੋਂ ਸਰੋਦੀ ਧੁਨਾਂ ਪੈਦਾ ਕਰ ਫਿ਼ਜ਼ਾ ਨੂੰ ਰੁਮਕਣ ਲਾਉਂਦੀ। ਜਦ ਹਿਲੋਰੇ ਲੈਂਦੇ ਰੁੱਖ ਇਕ ਦੂਜੇ ਨਾਲ ਗਲਵਕੜੀ ਪਾਉਂਦੇ, ਇਕ ਬਿਰਖ ਦੇ ਫੁੱਲਾਂ ਤੋਂ ਉਡ ਕੇ ਭੌਰੇ ਤੇ ਤਿਤਲੀਆਂ ਦੂਸਰੇ ਬਿਰਖ `ਤੇ ਜਾ ਕੇ ਰਾਗ ਛੋਂਹਦੇ ਨੇ ਅਤੇ ਉਸਨੂੰ ਪਹਿਲੇ ਬਿਰਖ਼ ਦਾ ਸੁਨੇਹੇ ਪਹੁੰਚਾਉਂਦੇ। ਇਹੀ ਸੁਨੇਹਾ ਮੁਹੱਬਤ ਦਾ ਪੈਗ਼ਾਮ ਬਣ ਕੇ ਜਿ਼ੰਦਗੀ ਦਾ ਮਾਰਗ-ਦਰਸ਼ਨ ਕਰਦਾ ਹੈ।
ਜਿ਼ੰਦਗੀ ਦਾ ਗੀਤ ਤਾਂ ਦਰਿਆ ਵੀ ਗਾਉਂਦੇ। ਇਹ ਵਗਦੇ ਪਾਣੀ, ਇਨ੍ਹਾਂ `ਚੋਂ ਉਠੀਆਂ ਲਹਿਰਾਂ ਹੀ ਜਿ਼ੰਦਗੀ ਦੇ ਸਾਹਾਂ ਦੀ ਤਰਜ਼ਮਾਨੀ ਕਰਦੀਆਂ। ਇਨ੍ਹਾਂ ਦਰਿਆਵਾਂ ਤੋਂ ਬਗੈਰ ਕੁਦਰਤ ਨੂੰ ਕਿਹੜਾ ਸਰੂਪ ਦੇਵੋਗੇ? ਮਨੁੱਖ ਕਿਵੇਂ ਜੀਵੰਤ ਰਹਿ ਸਕਦਾ ਹੈ? ਜੀਵ-ਸੰਸਾਰ ਆਪਣੀ ਜੀਵਨ-ਲੀਲਾ ਨੂੰ ਕਿਵੇਂ ਸੰਤੁਲਿਤ ਰੱਖ ਸਕਦਾ ਹੈ? ਦਰਿਆ ਜਿਉਂਦੇ ਨੇ ਤਾਂ ਮਨੁੱਖ ਜਿਉਂਦਾ ਹੈ, ਕੁਦਰਤ ਜਿਊਂਦੀ ਹੈ ਅਤੇ ਕੁਦਰਤ ਦੇ ਨਾਲ ਹੀ ਜਿਊਂਦਾ ਹੈ ਸਾਡੇ ਆਲੇ-ਦੁਆਲੇ ਦਾ ਅਨੰਤ ਪਸਾਰਾ। ਪਰ ਕਦੇ ਕਦੇੇ ਦਰਿਆ ਦੇ ਗੀਤਾਂ ਵਿਚ ਪੀੜਾ ਦਾ ਪਹਿਰਾ ਵੀ ਹੁੰਦਾ ਜਦ ਦਰਿਆ ਦੀ ਹਿੱਕ ਵਿਚ ਬਰੇਤੇ ਉਗਦੇ ਜਾਂ ਇਸਦੇ ਪੁਨੀਤ ਪਾਣੀਆਂ ਨੂੰ ਪਾਲੀਤੀ ਹੰਢਾਉਣੀ ਪੈਂਦੀ ਹੈ।
ਜਿ਼ੰਦਗੀ ਦਾ ਗੀਤ `ਵਾ ਵੀ ਗਾਉਂਦੀ ਹੈ। ਇਹ `ਵਾ ਕਦੇ ਰੁਮਕਦੀ ਹੈ, ਕਦੇ ਵਾ-ਵਰੋਲੇ ਬਣਦੀ, ਕਦੇ ਪੱਛੋਂ ਦੀਆਂ ਕਣੀਆਂ ਦਾ ਰੂਪ ਧਾਰਦੀ ਅਤੇ ਕਦੇ ਪੂਰੇ ਦੀ ਪੌਣ ਬਣ ਕੇ ਬਰਸਾਤਾਂ ਦਾ ਅਲਹਾਮ ਹੁੰਦੀ ਹੈ। ਕਦੇ ਕਦੇ ਝੱਖੜ ਬਣ ਕੇ ਸਾਡੀਆਂ ਕੁਤਾਹੀਆਂ ਅਤੇ ਕਮੀਨਗੀਆਂ ਨੂੰ ਉਖਾੜ ਵੀ ਦਿੰਦੀ ਹੈ। ਇਹ `ਵਾ ਹੀ ਹੈ ਜਿਸ ਸਦਕਾ ਧੜਕਦਾ ਹੈ ਸਾਹਾਂ ਦਾ ਸਾਜ਼ ਜੋ ਬੁੱਤ ਨੂੰ ਧੜਕਣ ਦਾ ਨਾਮ ਦੇ ਕੇ, ਉਸਨੂੰ ਜਿ਼ੰਦਗੀ ਦਾ ਨਾਮ ਦਿੰਦਾ ਹੈ।
ਜਿ਼ੰਦਗੀ ਦਾ ਗੀਤ ਸਭ ਤੋਂ ਪਿਆਰਾ ਉਹ ਹੁੰਦਾ ਜਦ ਅਸੀਂ ਮੂਕ ਹੁੰਦਿਆਂ ਵੀ ਇਕ ਦੂਜੇ ਨੂੰ ਦੀਦਿਆਂ ਰਾਹੀਂ ਪੜ੍ਹਦੇ ਹਾਂ। ਇਕ ਦੂਜੇ ਲਈ ਸੁਪਨਿਆਂ ਦੀ ਸਿਰਜਣਾ ਕਰਦੇ ਹਾਂ ਅਤੇ ਇਸਦੀ ਤਾਮੀਰਦਾਰੀ ਨੂੰ ਪਹਿਲ ਬਣਾਉਂਦੇ ਹਾਂ। ਇਕ ਦੂਜੇ ਲਈ ਧੁੱਪ ਵੀ ਬਣਦੇ ਹਾਂ ਅਤੇ ਛਾਂ ਵੀ। ਕਦੇ ਇਕ ਦੂਜੇ ਲਈ ਅੰਬਰ ਵੀ ਬਣਦੇ ਹਾਂ ਅਤੇ ਧਰਤ ਵੀ।
ਇਹ ਜਿ਼ੰਦਗੀ ਦਾ ਗੀਤ ਹੀ ਹੁੰਦਾ ਹੈ ਜੋ ਜਿ਼ੰਦਗੀ ਨੂੰ ਨਵਾਂ ਮੁਹਾਂਦਰਾ ਅਤੇ ਨਵੀਨ ਮੌਲਕਤਾ ਰਾਹੀਂ ਸਾਨੂੰ ਮੁਖਾਤਬ ਹੁੰਦਾ ਅਤੇ ਫਿਰ ਇਹ ਬਣ ਜਾਂਦਾ ਸੰਸਾਰਕ ਵਿਸਥਾਰ ਦਾ ਇਕ ਰੂਪ।
ਕਦੇ ਪਸ਼ੂਆਂ ਤੇ ਪਰਿੰਦਿਆਂ ਨੂੰ ਜਿ਼ੰਦਗੀ ਦੇ ਗੀਤ ਗਾਉਂਦੇ ਸੁਣਨਾ। ਤੁਹਾਨੂੰ ਪਤਾ ਲਗੇਗਾ ਕਿ ਹਰੇਕ ਧੜਕਣ ਵਿਚ ਹੀ ਜਿ਼ੰਦਗੀ ਦਾ ਗੀਤ ਹੁੰਦਾ ਹੈ। ਆਲ੍ਹਣਿਆਂ ਵਿਚਲੇ ਬੋਟਾਂ ਦਾ ਚੁਲਬੁਲਾਪਣ ਵੀ ਤਾਂ ਜਿ਼ੰਦਗੀ ਦਾ ਗੀਤ ਹੀ ਹੈ। ਇਨ੍ਹਾਂ ਬੋਟਾਂ ਦੀਆਂ ਨਿੱਕੀਆਂ ਨਿੱਕੀਆਂ ਉਡਾਰੀਆਂ ਹੀ ਬਿਰਖ਼ਾਂ ਨੂੰ ਜਿਊਣ-ਜੋਗਾ ਕਰ ਦਿੰਦੀਆਂ ਨੇ।
ਜਿ਼ੰਦਗੀ ਦਾ ਗੀਤ ਤਾਂ ਸੁੰਨ-ਸਮਾਧੀ ਵਿਚ ਲੀਨ ਹੋਏ ਜੋਗੀਆਂ ਵਰਗੇ ਪਹਾੜ ਵੀ ਗਾਉਂਦੇ ਨੇ। ਫੱਕਰਾਂ ਜੇਹੇ ਪਹਾੜ ਆਪਣੀ ਪਾਕੀਜ਼ਗੀ, ਪੈਗੰਬਰੀ ਅਤੇ ਪਹਿਰੇਦਾਰੀ ਦਾ ਹੋਕਰਾ ਦਿੰਦੇ। ਇਹ ਚਾਹੁੰਦੇ ਕਿ ਮਨੁੱਖ ਇਸਦੀ ਆਬੋ ਹਵਾ ਨੂੰ ਮਾਣੇ। ਇਸਦੀ ਕੀਰਤੀ ਨੂੰ ਆਪਣਾ ਜੀਵਨ-ਕਰਮ ਬਣਾਵੇ ਅਤੇ ਮੇਰੇ ਕੋਲ ਆ ਕੇ, ਮਨੁੱਖ ਦੁਨਿਆਵੀ ਭਟਕਣ ਤੋਂ ਦੂਰ ਜਾ ਕੇ ਆਪਣੇ ਅੰਦਰ ਨੂੰ ਪੜ੍ਹੇ।
ਦੂਰ-ਦੂਰ ਤੀਕ ਫੈਲੇ ਹੋਏ ਜੰਗਲ ਵੀ ਤਾਂ ਜਿ਼ੰਦਗੀ ਦਾ ਸੁੱਚਾ ਗੀਤ ਨੇ। ਧਰਤ ਨੂੰ ਹਰਿਆ-ਭਰਿਆ ਕਰ ਧਰਤ ਨੂੰ ਭਾਗ ਲਾਉਂਦੇ ਅਤੇ ਮਨੁੱਖ ਦੀ ਸਦੀਵਤਾ ਨੂੰ ਆਪਣੀ ਕਰਮ-ਚੇਤਨਾ ਬਣਾਉਂਦੇ ਨੇ।
ਜਿ਼ੰਦਗੀ ਦਾ ਗੀਤ ਤਾਂ ਕਦੇ ਕਦੇ ਮਾਰੂਥਲ ਦੇ ਪਿੰਡੇ `ਤੇ ਪਈਆਂ ਰੇਤ ਦੀਆਂ ਲਹਿਰਾਂ `ਤੇ ਵੀ ਉਕਰਿਆ ਹੁੰਦਾ ਜੋ ਜੀਵਨ ਲਈ ਅਰਦਾਸ ਕਰਦਾ ਹੈ। ਤਾਂ ਹੀ ਕਦੇ ਕਦਾਈਂ ਜਦ ਅਰਦਾਸ ਕਬੂਲ ਹੁੰਦੀ ਤਾਂ ਥੋਹਰ `ਤੇ ਵੀ ਫੁੱਲ ਖਿੜਦੇ ਨੇ।
ਦਰਅਸਲ
ਜਿ਼ੰਦਗੀ ਦਾ ਗੀਤ
ਪਾਵੇ ਝੋਲੀ ਵਿਚ ਦਾਤਾਂ
ਸੁੱਚੇ ਸਾਹ ਦੀਆਂ ਸੁਗਾਤਾਂ
ਤੇ ਰੁਸ਼ਨਾਵੇ ਕਾਲੀਆਂ ਰਾਤਾਂ
ਜਿ਼ੰਦਗੀ ਦਾ ਗੀਤ
ਖ਼ੈਰ ਪਾਵੇ ਸਾਨੂੰ ਆਸ
ਫੈਲੇ ਮੁੱਖ `ਤੇ ਹੁਲਾਸ
ਤੇ ਬਣੇ ਜਿਊਣ ਅਰਦਾਸ
ਜਿ਼ੰਦਗੀ ਦਾ ਗੀਤ
ਹੋਵੇ ਸਰਘੀ ਦੀ ਲੋਅ
ਦੱਸੇ ਤਾਰਿਆਂ ਦੀ ਸੋਅ
ਮਨ ਵਿਚ ਮਿਲਣੇ ਦੀ ਖ਼ੋਅ
ਜਿ਼ੰਦਗੀ ਦਾ ਗੀਤ
ਦੇਵੇ ਸੁਪਨਿਆਂ ਨੂੰ ਪਰਵਾਜ਼
ਬਖ਼ਸ਼ੇ ਜਿਉਣ ਦਾ ਅੰਦਾਜ਼
ਜਿਸ `ਤੇ ਬੰਦਾ ਕਰੇ ਨਾਜ਼
ਜਿ਼ੰਦਗੀ ਦਾ ਗੀਤ
ਮੌਲੀ ਫਸਲ ਦੀ ਹੇਕ
ਹੁੰਦਾ ਧੁੱਪ ਵਿਚਲਾ ਸੇਕ
ਮਾਣੇ ਜਿਸਨੂੰ ਹਰੇਕ
ਜਿ਼ੰਦਗੀ ਦਾ ਗੀਤ
ਸਦਾ ਬੋਲਾਂ `ਚ ਰਮਾਵੇ
ਜੂਨੇ ਸ਼ਬਦਾਂ ਦੀ ਆਵੇ
ਤੇ ਦੀਵੇ ਅਰਥੀਂ ਜਗਾਵੇ
ਜਿ਼ੰਦਗੀ ਦਾ ਗੀਤ
ਸਦਾ ਯੁੱਗਾਂ ਦੀ ਕਹਾਣੀ
ਅਸਾਂ ਸੁਣੀ ਤੇ ਸੁਣਾਣੀ
ਜਿਹੜੀ ਸਭ ਨੇ ਹੈ ਮਾਣੀ
ਜਿ਼ੰਦਗੀ ਦਾ ਗੀਤ
ਬੀਬਾ ਰੂਹ ਨਾਲ ਗਾਵੋ
ਰੁੱਸੇ ਆਪੇ ਨੂੰ ਮਨਾਵੋ
ਤੇ ਨਿੱਤ ਮਹਿਫ਼ਲਾਂ ਸਜਾਵੋ
ਜਿ਼ੰਦਗੀ ਦਾ ਗੀਤ
ਰਿਹਾ ਔਕੜਾਂ ਦਾ ਹੱਲ
ਸਾਡਾ ਅੱਜ ਅਤੇ ਕੱਲ੍ਹ
ਯੁੱਗ ਜਿਊਣ ਦੀ ਏ ਗੱਲ।
ਕਦੇ ਖੇਤਾਂ ਵਿਚ ਹਲ ਵਾਹੁੰਦਿਆਂ, ਖੂਹ `ਤੇ ਖ਼ਰਾਸ ਤੇ ਜੋਗ ਨੂੰ ਹੱਕਦਿਆਂ ਜਾਂ ਫ਼ਲੇ ਵਾਹੁੰਦਿਆਂ, ਬਜ਼ੁਰਗਾਂ ਨੂੰ ਜਿ਼ੰਦਗੀ ਦੇ ਗੀਤ ਗਾਉਂਦਿਆਂ ਨੂੰ ਯਾਦ ਕਰਨਾ। ਤੁਹਾਨੂੰ ਪਤਾ ਲੱਗੇਗਾ ਕਿ ਜਿੰ਼ਦਗੀ ਦਾ ਸੁੱਚਮ ਕੀ ਹੁੰਦਾ? ਕਿਸ ਤਰ੍ਹਾਂ ਮਿਹਨਤ ਅਤੇ ਮੁਸੱ਼ਕਤ ਦੇ ਮੁੜਕੇ ਵਿਚ ਜੀਵਨ ਦੀਆਂ ਅਸੀਮ ਖੁਸ਼ੀਆਂ ਅਤੇ ਕੁਦਰਤ ਦੀਆਂ ਅਨਾਇਤਾਂ ਨੂੰ ਮਾਣਿਆ ਜਾ ਸਕਦਾ ਹੈ? ਜਿ਼ੰਦਗੀ ਨੂੰ ਆਪਣੇ ਹੀ ਰੰਗ-ਢੰਗ ਵਿਚ ਜੀਵਿਆ ਜਾ ਸਕਦਾ ਅਤੇ ਆਪਣੇ ਹਿੱਸੇ ਦੀ ਜਿ਼ੰਦਗੀ ਨੂੰ ਖੁਦ ਹੀ ਜਿਊਣ ਜੋਗੀ ਕੀਤਾ ਜਾ ਸਕਦਾ।
ਸਾਡੀ ਪੀੜ੍ਹੀ ਨੂੰ ਤਾਂ ਯਾਦ ਹੀ ਹੋਵੇਗਾ ਜਦੋਂ ਅੰਮ੍ਰਿਤ ਵੇਲੇ ਗਲੀਆਂ ਵਿਚ ਸੁੱਤੀ ਲੋਕਾਈ ਨੂੰ ਜਗਾਉਂਦੀਆਂ ਸਨ ਗਲੀਆਂ ਵਿਚ ਫਿਰਦੇ ਫਕੀਰਾਂ ਦੀਆਂ ਅਨਹੱਦੀ ਹੇਕਾਂ। ਘਰ ਦਾ ਹਰ ਜੀਅ ਰੱਬ ਦੀ ਸ਼ੁਕਰਗੁਜ਼ਾਰੀ ਵਿਚ ਰਾਤ ਬੀਤਣ ਅਤੇ ਦਿਨ ਨੂੰ ਖੁਸ਼ਆਮਦੀਦ ਕਹਿੰਦਿਆਂ, ਕੁਦਰਤ ਦੀਆਂ ਰਹਿਮਤਾਂ ਅਤੇ ਬਰਕਤਾਂ ਵਿਚੋਂ ਹੀ ਆਪਣੀ ਜੀਵਨ-ਜਾਚ ਨੂੰ ਕਿਆਸਦੇ ਸਨ।
ਜਿ਼ੰਦਗੀ ਦੇ ਗੀਤ ਤਾਂ ਧਾਰਮਿਕ ਗ੍ਰੰਥਾਂ, ਪੁਰਾਤਨ ਇਤਿਹਾਸ, ਅਮੀਰ ਵਿਰਾਸਤ ਅਤੇ ਸਾਂਭਣਯੋਗ ਕਿਰਤਾਂ ਵਿਚ ਗੁਣਗੁਣਾਉਂਦੇ ਹਨ ਅਤੇ ਸਾਨੂੰ ਸੈਨਤਾਂ ਨਾਲ ਬੁਲਾਉਂਦੇ ਹਨ। ਪਰ ਅਸੀਂ ਹੀ ਇਨ੍ਹਾਂ ਨੂੰ ਸੁਣਨ ਤੋਂ ਆਕੀ ਹਾਂ। ਇਹ ਅਣਭੋਲ ਨਾਬਰਤਾ ਹੀ ਸਾਡੇ ਲਈ ਅਲਾਮਤਾਂ ਦਾ ਸਬੱਬ ਬਣਦੀ ਹੈ। ਲੋੜ ਹੈ ਕਿ ਅਸੀਂ ਇਸ ਗੀਤ ਨੂੰ ਸੁਣ ਕੇ ਇਸਦੇ ਰੌਸ਼ਨ ਪੱਖਾਂ ਰਾਹੀਂ ਜਿ਼ੰਦਗੀ ਨੂੰ ਹੋਰ ਉਜਵਲ ਕਰੀਏ। ਇਹ ਸਾਡੇ ਪਿੱਤਰਾਂ ਦੀਆਂ ਸੁਮੱਤਾਂ ਅਤੇ ਸਿਆਣਪਾਂ ਨਾਲ ਭਰੇ ਹੋਏ ਨੇ ਜੋ ਸਿਰਫ਼ ਸਾਡੇ ਲਈ ਹੀ ਇਹ ਅਣਮੋਲ ਖ਼ਜਾਨਾ ਛੱਡ ਗਏ ਨੇ।
ਜਿ਼ੰਦਗੀ ਦਾ ਗੀਤ ਹੀ ਜਿ਼ੰਦਗੀ ਦੀ ਗਵਾਹੀ ਹੁੰਦਾ ਅਤੇ ਅਸੀਂ ਖੁ਼ਦ-ਬ-ਖੁਦ ਇਸ ਗਵਾਹੀ ਦੇ ਚਸ਼ਮਦੀਦ ਹੁੰਦੇ ਹਾਂ।
ਜਿ਼ੰਦਗੀ ਦਾ ਗੀਤ ਜੀਅ ਭਰ ਕੇ ਗਾਵੋ ਪਰ ਇਹ ਸਦਾ ਗੀਤ ਹੀ ਹੋਣਾ ਚਾਹੀਦਾ ਹੈ। ਇਸ ਨੂੰ ਕਦੇ ਵੀ ਅਲਾਹੁਣੀਆਂ, ਵਿਰਲਾਪਾਂ ਜਾਂ ਵੈਣਾਂ ਦਾ ਰੂਪ ਨਾ ਦਿਓ। ਜਿ਼ੰਦਗੀ ਦਾ ਗੀਤ ਤਾਂ ਤੁਹਾਡੇ ਲਈ ਅਤੇ ਤੁਹਾਡੇ ਆਪਣਿਆਂ ਲਈ ਵਰਦਾਨ ਦਾ ਨਗ਼ਮਾ ਹੈ।
ਜਿ਼ੰਦਗੀ ਦਾ ਗੀਤ ਤਾਂ ਜਿ਼ੰਦਗੀ ਦੇ ਜਸ਼ਨਾਂ ਦਾ ਗੀਤ ਹੈ। ਜਿ਼ੰਦਗੀ ਦੇ ਜਸ਼ਨ ਮਨਾਉਂਦਿਆਂ ਹੀ ਇਸ ਤੋਂ ਰੁੱਖ਼ਸਤ ਹੋਣਾ, ਜਿ਼ੰਦਗੀ ਦਾ ਸੁੱਚਮ ਹੁੰਦਾ ਹੈ। ਇਸ ਲਈ ਜਿ਼ੰਦਗੀ ਦਾ ਗੀਤ ਸਦਾ ਗਾਉਂਦੇ ਰਹੋ।