ਸੰਪੂਰਨ ਸਿੰਘ, ਹਿਊਸਟਨ, ਅਮਰੀਕਾ
ਫੋਨ: 281-635-7466
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਪੰਜਾਬ ਅੰਦਰ ਧਰਮ ਪ੍ਰਚਾਰ ਦੇ ਮਸਲੇ ਬਾਰੇ ਆਏ ਬਿਆਨ ਨੇ ਪੰਥਕ ਹਲਕਿਆਂ ਅੰਦਰ ਚਰਚਾ ਛੇੜੀ ਹੈ। ਉਨ੍ਹਾਂ ਦਾ ਇਹ ਬਿਆਨ ਧਰਮ ਪਰਿਵਰਤਨ ਬਾਰੇ ਹੈ। ਪਿਛਲੇ ਕੁਝ ਅਰਸੇ ਤੋਂ ਪੰਜਾਬ ਵਿਚ ਧਰਮ ਪਰਿਵਰਤਨ ਬਾਰੇ ਅਜਿਹੀ ਚਿੰਤਾ ਪ੍ਰਗਟ ਕੀਤੀ ਜਾਂਦੀ ਰਹੀ ਹੈ ਪਰ ਸ. ਸੰਪੂਰਨ ਸਿੰਘ ਨੇ ਆਪਣੇ ਇਸ ਲੇਖ ਵਿਚ ਇਸ ਚਿੰਤਾ ਨੂੰ ਸਹੀ ਪ੍ਰਸੰਗ ਵਿਚ ਵਿਚਾਰਦਿਆਂ ਸਿੱਖ ਧਰਮ ਦੇ ਪ੍ਰਚਾਰ ਅਤੇ ਪਸਾਰ ਬਾਰੇ ਬੇਹੱਦ ਅਹਿਮ ਨੁਕਤੇ ਵਿਚਾਰੇ ਹਨ।
ਪਿਛਲੇ ਸਾਲ ਤੋਂ ਕਈ ਲੀਡਰ ਬਿਰਤੀ ਵਾਲੇ ਲੋਕਾਂ ਅਤੇ ਬਹੁਤ ਸਾਰੇ ਪ੍ਰਚਾਰਕਾਂ ਵੱਲੋਂ ਵਾਰ-ਵਾਰ ਇਹ ਕਿਹਾ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਪੰਜਾਬ ਵਿਚ ਵੱਡੇ-ਵੱਡੇ ਗਿਰਜਾਘਰ ਅਤੇ ਮਸੀਤਾਂ-ਮਦਰੱਸੇ ਬਣ ਰਹੇ ਹਨ, ਉਸ ਨਾਲ ਸਿੱਖ ਧਰਮ ਵਿਚ ਧਰਮ ਪਰਿਵਰਤਨ ਦੇ ਖਤਰੇ ਦੀ ਸੰਭਾਵਨਾ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ। ਵੱਡੀ ਹੈਰਾਨੀ ਉਦੋਂ ਹੋਈ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਇਕ ਇਤਿਹਾਸਕ ਦਿਨ ਉਪਰ ਵੱਡੇ ਪੰਥਕ ਇਕੱਠ ਵਿਚ ਬੜੇ ਜ਼ੋਰ ਨਾਲ ਇਸ ਖਤਰੇ ਦਾ ਪ੍ਰਗਟਾਵਾ ਕੀਤਾ ਅਤੇ ਸੰਤ ਸਮਾਜ ਨੂੰ ਬੜੀ ਭਾਵਪੂਰਨ ਅਪੀਲ ਕੀਤੀ ਕਿ ਉਹ ਅੱਗੇ ਹੋ ਕੇ ਇਸ ਵਹਿਣ ਨੂੰ ਰੋਕਣ।
ਮੈਂ ਜਥੇਦਾਰ ਸਾਹਿਬ ਦਾ ਕਈ ਕਾਰਨਾਂ ਕਰਕੇ ਦਿਲੋਂ ਸਤਿਕਾਰ ਕਰਦਾ ਹਾਂ ਪਰ ਜਿਸ ਤਰ੍ਹਾਂ ਇਸਾਈਅਤ ਅਤੇ ਇਸਲਾਮ ਦੇ ਵਧ ਰਹੇ ਪ੍ਰਚਾਰ ਤੇ ਪਸਾਰ ਨੂੰ ਉਨ੍ਹਾਂ ਨੇ ਸਿੱਖ ਧਰਮ ਲਈ ਚਿੰਤਾ ਦਾ ਵਿਸ਼ਾ ਸਮਝਿਆ, ਮੈਂ ਉਨ੍ਹਾਂ ਦੇ ਇਸ ਬਿਆਨ ਨੂੰ ਕਾਹਲੀ ਵਿਚ ਬਿਨਾ ਸੰਜੀਦਗੀ ਨਾਲ ਵਿਚਾਰਨ ਦੇ ਪ੍ਰਗਟਾਈ ਗਈ ਚਿੰਤਾ ਸਮਝਦਾ ਹਾਂ।
ਭਾਰਤ ਬਹੁਤ ਸਾਰੇ ਧਰਮਾਂ ਨੂੰ ਮੰਨਣ ਵਾਲੇ ਲੋਕਾਂ ਦਾ ਦੇਸ਼ ਹੈ। ਸਾਡਾ ਫਿਕਰ ਇਹ ਕਤੱਈ ਨਹੀਂ ਹੋਣਾ ਚਾਹੀਦਾ ਕਿ ਦੂਜੇ ਧਰਮਾਂ ਦਾ ਪਸਾਰ ਕਿਉਂ ਹੋ ਰਿਹਾ ਹੈ ਸਗੋਂ ਸਾਡੇ ਫਿਕਰ ਦਾ ਸਬਬ ਇਹ ਹੋਣਾ ਚਾਹੀਦੈ ਕਿ ਅਜਿਹੀਆਂ ਕਿਹੜੀਆਂ ਕਮੀਆਂ ਹਨ ਜਿਨ੍ਹਾਂ ਕਰਕੇ ਅਸੀਂ ਨਿਘਾਰ ਅਤੇ ਨਿਵਾਣ ਵੱਲ ਜਾ ਰਹੇ ਹਾਂ। ਸਾਡੇ ਧਾਰਮਿਕ ਰਹਿਬਰਾਂ ਨੂੰ ਫਿਕਰ ਇਹ ਹੋਣਾ ਚਾਹੀਦਾ ਕਿ ਸਿੱਖ ਧਰਮ ਨੂੰ ਕਿਵੇਂ ਵਿਸ਼ਵ ਦੇ ਨਕਸ਼ੇ ਉਪਰ ਪੇਸ਼ ਕਰਨਾ ਹੈ। ਕਿਵੇਂ ਸਾਡੇ ਧਰਮ ਵਿਚ ਆਈਆਂ ਕੁਰਹਿਤਾਂ ਨੂੰ ਦੂਰ ਕਰਨਾ ਹੈ, ਦੂਜੇ ਧਰਮਾਂ ਦੇ ਵਧ ਰਹੇ ਪਸਾਰ ਦੇ ਫਿਕਰ ਦੀ ਥਾਂ, ਆਪਣੀ ਧੁੰਦਲੀ ਅਤੇ ਛੋਟੀ ਪੈ ਰਹੀ ਲਕੀਰ ਨੂੰ ਕਿਵੇਂ ਉੱਜਲ ਤੇ ਵੱਡਿਆਂ ਕਰਨਾ ਹੈ। ਵਿਸ਼ਵ ਦੇ ਨਾਮਵਰ ਵਿਦਵਾਨਾਂ ਤੇ ਚਿੰਤਕਾਂ- ਲਿਓ ਤਾਲਸਤਾਏ (ਰੂਸ), ਹਿਊਸਟਨ ਸਮਿਥ (ਅਮਰੀਕਾ), ਹਰਬਰਟ ਵੇਲਜ਼ (ਇੰਗਲੈਂਡ), ਅਲਬਰਟ ਆਈਨਸਟਾਈਨ (ਜਰਮਨੀ), ਬਰਟਰੰਡ ਰੱਸਲ (ਇੰਗਲੈਂਡ) ਆਦਿ ਨੇ ਆਪੋ-ਆਪਣੇ ਤਰੀਕੇ ਨਾਲ ਸਿੱਖ ਧਰਮ ਨੂੰ ਆਉਣ ਵਾਲੇ ਸਮੇਂ ਲਈ ਵਿਸ਼ਵ ਭਰ ਦੀ ਸਮੁੱਚੀ ਮਨੁੱਖਤਾ ਲਈ ਚਾਨਣ ਮੁਨਾਰਾ ਬਣ ਕੇ ਅਗਵਾਈ ਕਰਨ ਦੀਆਂ ਸੰਭਾਵਨਾਵਾਂ ਭਰਪੂਰ ਧਰਮ ਮੰਨਿਆ ਹੈ। ਸਾਡੇ ਧਰਮ ਦਾ ਭਵਿੱਖ ਉੱਜਲਾ ਹੀ ਹੈ। ਇਤਿਹਾਸ ਗਵਾਹ ਹੈ ਕਿ ਸਾਡੇ ਵਿਚ ਨਿਖਾਰ ਉਦੋਂ ਹੀ ਆਉਂਦਾ ਹੈ ਜਦੋਂ ਅਸੀਂ ਡੇਗੇ ਜਾਂਦੇ ਹਾਂ ਜਾਂ ਸਾਨੂੰ ਡੇਗਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਧਾਰਮਿਕ ਆਗੂਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਸਮਾਂ ਫਿਕਰਮੰਦ ਹੋਣ ਦਾ ਨਹੀਂ ਸਗੋਂ ਫਿਕਰ ਕਰਨ ਦਾ ਹੈ। ਸਮਾਂ ਹਵਾਵਾਂ ਨੂੰ ਦੋਸ਼ੀ ਕਹਿਣ ਦਾ ਨਹੀਂ ਕਿ ਉਹ ਸਾਡੇ ਚਿਰਾਗ ਬੁਝਾ ਰਹੀਆਂ ਹਨ ਸਗੋਂ ਆਪਣੇ ਦੀਵਿਆਂ ਵਲ ਝਾਤੀ ਮਾਰਨ ਦਾ ਹੈ ਕਿ ਕਿਤੇ ਸਾਡੇ ਦੀਵੇ ਹੀ ਤੇਲ ਤੋਂ ਸੱਖਣੇ ਤਾਂ ਨਹੀਂ ਹੋ ਰਹੇ?
ਸਿੱਖ ਧਰਮ ਨਿਵੇਕਲਾ ਹੈ, ਇਸ ਦੀਆਂ ਵਿਸ਼ੇਸ਼ਤਾਵਾਂ ਵੱਖਰੀਆਂ ਤੇ ਨਿਵੇਕਲੀਆ ਹਨ। ਸਿੰਘ, ਕੌਰ, ਦਸਤਾਰ ਤੇ ਮੁਕੰਮਲ ਸਿੱਖੀ ਸਰੂਪ। ਇਹ ਗੱਲ ਸਾਡੇ ਚੇਤੇ ਵਿਚ ਰਹਿਣੀ ਚਾਹੀਦੀ ਹੈ ਕਿ ਜਦੋਂ ਦਸਮ ਪਾਤਸ਼ਾਹ ਨੇ ਖੰਡੇ ਦੀ ਪਹੁਲ ਦੇਣੀ ਸੀ ਤਾਂ ਉਨ੍ਹਾਂ ਨੇ ਪਹਿਲਾਂ ਸੀਸ ਦੀ ਮੰਗ ਕੀਤੀ ਸੀ ਪਰ ਖੰਡੇ ਦੀ ਪਹੁਲ ਦੇ ਵਰਤਾਰੇ ਤੋਂ ਬਾਅਦ ਜਿਹੜੇ ਹੋਰ ਲੋਕ ਉਥੇ ਆਏ, ਉਨ੍ਹਾਂ ਨੂੰ ਵੀ ਹੁਕਮ ਰੂਪ ਵਿਚ ਦਾਤ ਬਖਸ਼ੀ ਕਿ ਹਰ ਉਹ ਸ਼ਖਸ ਜਿਹੜਾ ਗੁਰੂ-ਜੋਤ ਦਾ ਅਨੁਯਾਈ ਹੈ, ਉਹ ਮਰਦ ਹੋਵੇ ਤਾਂ ਆਪਣੇ ਨਾਵਾਂ ਦੇ ਅਖੀਰ ਵਿਚ ਸਿੰਘ ਅਤੇ ਜੇ ਔਰਤ ਹੋਵੇ ਤਾਂ ਕੌਰ ਦਾ ਧਾਰਨੀ ਬਣੇ। ਇਹ ਚਿੰਨ੍ਹ ਸਾਡੀ ਵਿਲੱਖਣਤਾ ਦੀ ਗਵਾਹੀ ਭਰਦੇ ਹਨ, ਬੜੀ ਤੇਜ਼ੀ ਨਾਲ ਲੋਪ ਹੋ ਰਹੇ ਹਨ। ਇਸ ਵਰਤਾਰੇ ਪਿੱਛੇ ਬੇਸ਼ਕ ਅਖੌਤੀ ਆਧੁਨਕਿਤਾ ਦਾ ਪ੍ਰਭਾਵ ਮੰਨਿਆ ਜਾ ਸਕਦਾ ਹੈ ਪਰ ਕੀ ਸਮੇਂ ਦੀ ਇਸ ਵੰਗਾਰ ਤੋਂ ਸੁਚੇਤ ਕਰਨ ਅਤੇ ਇਸ ਨੂੰ ਸਮਝਦਾਰੀ ਨਾਲ ਨਜਿੱਠਣ ਦੇ ਅਸਮਰਥ ਜਾਂ ਉਸ ਤੋਂ ਅਵੇਸਲੇ ਰਹਿਣ ਲਈ ਸਾਡੇ ਧਾਰਮਿਕ ਰਹਿਬਰ ਤੇ ਪ੍ਰਚਾਰਕ ਜ਼ਿੰਮੇਵਾਰ ਨਹੀਂ? ਇਨ੍ਹਾਂ ਨੂੰ ਇਸ ਆਧੁਨਿਕਤਾ ਦੇ ਪ੍ਰਭਾਵ ਦੀ ਹਨੇਰੀ ਵਿਚ ਕੰਧ ਬਣ ਕੇ ਖਲੋਣਾ ਚਾਹੀਦਾ ਸੀ। ਪਰ ਕੀ ਉਹ ਆਪਣਾ ਬਣਦਾ ਰੋਲ ਨਿਭਾ ਸਕੇ? ਜਵਾਬ ‘ਹਾਂ’ ਵਿਚ ਤਾਂ ਨਹੀਂ ਹੋ ਸਕਣਾ। ਧਰਾਤਲ ਨਾਲੋਂ ਟੁੱਟ ਕੇ ਅਸੀਂ ਉਹ ਤਾਂ ਨਹੀਂ ਬਣ ਸਕਣਾ ਜੋ ਬਣਨ ਦੀ ਦੌੜ ਵਿਚ ਅਸੀ ਅੰਨ੍ਹੇਵਾਹ ਦੌੜ ਰਹੇ ਹਾਂ। ਇਉਂ ਉਹ ਕੁਝ ਵੀ ਸਾਥੋਂ ਗਵਾਚ ਜਾਣਾ ਹੈ ਜੋ ਅਸੀਂ ਹਾਂ। ਸਾਡੇ ਧਾਰਮਿਕ ਰਹਿਬਰਾਂ ਲਈ ਇਹ ਜ਼ਿਆਦਾ ਜ਼ਰੂਰੀ ਹੈ ਕਿ ਪਹਿਰੇਦਾਰ ਬਣ ਕੇ ਆਪਣੇ ਘਰਾਂ ਨੂੰ ਸੰਭਾਲੀਏ। ਜੇ ਧਾਰਮਿਕ ਰਹਿਬਰ ਕੌਮ ਨੂੰ ਸੁਚੇਤ ਰੱਖਣ ਦੀ ਪਹਿਰੇਦਾਰੀ ਕਰਦੇ ਰਹਿਣਗੇ ਤਾਂ ਬੇਖੌਫ ਰਹੋ ਕਿ ਕੋਈ ਦੂਸਰਾ ਸਾਡਾ ਕੁਝ ਵਿਗਾੜ ਸਕੇ।
ਇਸ ਦੇ ਨਾਲ ਹੀ ਮੈ ਧਾਰਮਿਕ ਜਗਤ ਦੇ ਪਹਿਰੇਦਾਰਾਂ ਨਾਲ ਬੇਨਤੀ ਰੂਪ ਵਿਚ ਇਕ ਹੋਰ ਵਾਕਿਆ ਸਾਂਝਾ ਕਰਨਾ ਚਾਹੁੰਦਾ ਹਾਂ। ਅਮਰੀਕਾ ਦੀ ਕਾਂਗਰਸ (ਪਾਰਲੀਮੈਂਟ) ਵਿਚ ਸਾਡੇ ਸ਼ਹਿਰ ਹਿਊਸਟਨ ਤੋਂ ਇਕ ਕਾਂਗਰਸਮੈਨ ਜੋ ਰਿਪਬਲਿਕਨ ਪਾਰਟੀ ਵੱਲੋਂ ਸੀ, ਉਸ ਨੂੰ ਅਸੀ ਵਾਸ਼ਿੰਗਟਨ ਡੀ.ਸੀ. ਵਿਚ ਸਿੱਖ ਸਮਾਗਮ ਵਿਚ ਆਉਣ ਦਾ ਸੱਦਾ ਦਿੱਤਾ। ਉਹ ਕਿਉਂਕਿ ਸਾਡੇ ਸ਼ਹਿਰ ਅਤੇ ਸਾਡੇ ਹਲਕੇ ਤੋਂ ਸੀ, ਸਾਨੂੰ ਪੁੱਛਣ ਲੱਗਾ ਕਿ ਅਸੀਂ ਕਾਂਗਰਸ ਵਿਚ ਤੁਹਾਡੀ ਕੀ ਅਤੇ ਕਿਵੇਂ ਮਦਦ ਕਰ ਸਕਦੇ ਹਾਂ। ਅਸੀ ਕਿਹਾ ਕਿ ਅਸੀਂ ਅਮਰੀਕਨ ਸਿਸਟਮ ਵਿਚ ਆਪਣੀ ਪਛਾਣ ਚਾਹੁੰਦੇ ਹਾਂ। ਉਸ ਦਾ ਬੜਾ ਹੀ ਸਪਸ਼ਟ ਉਤਰ ਸੀ ਕਿ ਸਵਾਲ ਵੀ ਤੁਹਾਡਾ ਹੈ ਤੇ ਜਵਾਬ ਵੀ ਤੁਹਾਡੇ ਕੋਲ ਹੈ, ਤੁਹਾਡੇ ਜਿੰਨੇ ਵੀ ਸਿੱਖ ਧਰਮ ਨੂੰ ਮੰਨਣ ਵਾਲੇ ਲੋਕ ਹਨ, ਉਨ੍ਹਾਂ ਦੇ ਸਿਰਾਂ ਉਪਰ ਪੱਗਾਂ ਬੰਨ੍ਹਵਾ ਦਿਓ, ਆਪਣੇ ਆਪ ਤੁਹਾਡੀ ਵੱਖਰੀ ਤੇ ਪ੍ਰਭਾਵਸ਼ਾਲੀ ਪਛਾਣ ਸਥਾਪਤ ਹੋ ਜਾਵੇਗੀ। ਉਸ ਨੇ ਹੋਰ ਕਿਹਾ ਕਿ ਫਿਰ ਤੁਹਾਨੂੰ ਸਾਡੀ ਨਹੀਂ ਸਗੋਂ ਸਾਨੂੰ ਤੁਹਾਡੀ ਲੋੜ ਮਹਿਸੂਸ ਹੋਇਆ ਕਰੇਗੀ। ਕੀ ਪੰਜਾਬ ਅਤੇ ਵਿਦੇਸ਼ਾਂ ਵਿਚ ਸਿੱਖਾਂ ਦੇ ਸਿਰਾਂ ਉਪਰੋਂ ਘੱਟ ਰਹੀਆਂ ਦਸਤਾਰਾਂ ਚਿੰਤਾ ਦਾ ਵਿਸ਼ਾ ਨਹੀਂ? ਇਹ ਗੱਲ ਸਾਡੇ, ਖਾਸਕਰ ਧਾਰਮਿਕ ਰਹਿਬਰਾਂ ਦੀ ਚਿੰਤਾ ਤੇ ਚੇਤੇ ਦਾ ਹਿੱਸਾ ਬਣਨੀ ਚਾਹੀਦੀ ਹੈ ਅਤੇ ਉਪਰਾਲਿਆਂ ਦੀ ਦਿਸ਼ਾ ਵਿਚ ਸਰਗਰਮੀ ਨਜ਼ਰ ਆਉਣੀ ਚਾਹੀਦੀ ਹੈ।
ਜੇ ਸੰਜੀਦਗੀ ਨਾਲ ਫਿਕਰ ਕਰਨ ਦਾ ਕੋਈ ਮਸਲਾ ਹੈ ਤਾਂ ਉਹ ਹੈ ਆਰ.ਐਸ.ਐਸ. ਦੇ ਹਿੰਦੂਤਵ ਦੇ ਏਜੰਡੇ ਦੀ ਹਨੇਰੀ ਨੂੰ ਬੰਨ੍ਹ ਲਾਉਣਾ। ਇਸ ਗੱਲ ਤੋਂ ਵੀ ਸੁਚੇਤ ਰਹਿਣਾ ਕਿ ਕਿਵੇਂ ਉਨ੍ਹਾਂ ਨੇ ਪਿਛਲੀਆਂ ਪੰਜ ਸਦੀਆਂ ਦੇ ਸਮੇਂ ਤੋਂ ਹੀ ਸਾਨੂੰ ਵੱਖਰੇ ਧਰਮ ਵਜੋਂ ਪ੍ਰਵਾਨ ਨਹੀਂ ਕੀਤਾ। ਹੁਣ ਉਨ੍ਹਾਂ ਕੋਲ ਉਹ ਸਾਰੇ ਵਸੀਲੇ ਹਨ ਜਿਨ੍ਹਾਂ ਦੀ ਤਾਕਤ ਨਾਲ ਉਹ ਅਸੰਭਵ ਨੂੰ ਵੀ ਸੰਭਵ ਕਰਨ ਦੀ ਸਮਰੱਥਾ ਰੱਖਦੇ ਹਨ। ਹੁਣ ਫੇਰ ਸਾਡੇ ਉਪਰ ਉਹੀ ਜ਼ਿੰਮੇਵਾਰੀ ਆਉਣ ਦੀ ਸੰਭਾਵਨਾ ਹੈ ਜਿਹੜੀ ਜ਼ਿੰਮੇਵਾਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਸਿਰ ਦੇ ਕੇ ਨਿਭਾਈ ਸੀ ਕਿਉਂਕਿ ਹੁਣ ਖਤਰਾ ਓਨਾ ਸਿੱਖਾਂ ਉਪਰ ਨਹੀਂ ਆਉਣਾ ਜਿੰਨਾ ਮੁਸਲਮਾਨਾਂ, ਤੇ ਕੁਝ ਹੱਦ ਤੱਕ ਇਸਾਈਆਂ ਉਪਰ ਆਉਣ ਦਾ ਖਦਸ਼ਾ ਹੈ। ਸੰਭਵ ਹੈ ਕਿ ਇਹ ਉਹੀ ਸਮਾਂ ਹੋਵੇ ਜਿਸ ਦੀ ਭਵਿਖਬਾਣੀ ਪੱਛਮੀ ਵਿਦਵਾਨਾਂ ਨੇ ਕੀਤੀ ਸੀ ਕਿ ਇਕ ਦਿਨ ਸਿੱਖ ਧਰਮ ਵਿਸ਼ਵ ਧਰਮਾਂ ਲਈ ਚਾਨਣ ਮੁਨਾਰਾ ਬਣੇਗਾ।
ਸਾਨੂੰ ਇਹ ਵੀ ਆਪਣੇ ਚੇਤੇ ਰੱਖਣਾ ਚਾਹੀਦਾ ਹੈ ਕਿ ਸਿੱਖ ਧਰਮ ਨੂੰ ਮੰਨਣ ਵਾਲੇ ਤਕਰੀਬਨ 20 ਲੱਖ ਲੋਕ ਦੁਨੀਆ ਦੇ ਕੋਨੇ-ਕੋਨੇ ਵਿਚ ਵੱਸ ਰਹੇ ਹਨ ਤੇ ਵਧੀਆ ਜੀਵਨ ਜੀਅ ਰਹੇ ਹਨ। 50 ਹਜ਼ਾਰ ਤੋਂ ਵੱਧ ਸਿੱਖ ਮਿਡਲ ਈਸਟ ਦੇ ਵੱਖ-ਵੱਖ ਦੇਸ਼ਾਂ ਵਿਚ ਹਨ ਤੇ ਉਨ੍ਹਾਂ ਦੇਸ਼ਾਂ ਵਿਚ 18 ਗੁਰਦੁਆਰੇ ਹਨ। ਪਾਕਿਸਤਾਨ ਅੰਦਰ 195 ਗੁਰਦੁਆਰੇ ਹਨ। ਇੰਡੋਨੇਸ਼ੀਆ ਜੋ ਸਭ ਤੋਂ ਵੱਧ ਮੁਸਲਿਮ ਆਬਾਦੀ ਵਾਲਾ ਦੇਸ਼ ਹੈ, ਉਥੇ ਵੀ 11 ਗੁਰਦੁਆਰੇ ਹਨ। ਦੁਬਈ ਵਾਲਾ ਗੁਰਦੁਆਰਾ ਦੁਨੀਆ ਭਰ ਦੇ ਵੱਡੇ ਤੇ ਆਲੀਸ਼ਾਨ ਗੁਰਦੁਆਰਿਆਂ ਵਿਚ ਮੰਨਿਆ ਜਾਂਦਾ ਹੈ ਤੇ ਇਸ ਵਾਸਤੇ ਜ਼ਮੀਨ ਜੋ 25400 ਸਕੁਏਅਰ ਫੁਟ ਬਣਦੀ ਹੈ, ਦਾਨ ਰੂਪ ਵਿਚ ਉਥੋਂ ਦੇ ਵਾਈਸ ਪ੍ਰੈਜ਼ੀਡੈਂਟ/ਪ੍ਰਧਾਨ ਮੰਤਰੀ ਸੇ਼ਖ ਮੁਹੰਮਦ ਬਿਨ ਰਸ਼ੀਦ ਨੇ ਦਿਤੀ। ਬਹੁਤ ਸਾਰੇ ਮੌਕਿਆਂ ਉਪਰ ਸ਼ਾਹੀ ਪਰਿਵਾਰ ਦੇ ਲੋਕ ਵੀ ਉਥੇ ਨਤਮਸਤਕ ਹੁੰਦੇ ਹਨ। ਜ਼ਰਾ ਵਿਚਾਰ ਕੇ ਦੇਖੋ ਕਿ ਮੁਸਲਮਾਨਾਂ ਬਾਰੇ ਸਾਡੀ ਇਸ ਤਰ੍ਹਾਂ ਦੀ ਗੈਰ-ਜ਼ਿੰਮੇਵਾਰੀ ਵਾਲੀ ਪਹੁੰਚ ਕਿਤੇ ਸਾਡੇ ਉਥੇ ਵੱਸਦੇ ਗੁਰ-ਭਾਈਆਂ ਲਈ ਕਿਸੇ ਮੁਸ਼ਕਿਲ ਦਾ ਸਬਬ ਤਾਂ ਨਹੀਂ ਬਣ ਜਾਏਗੀ?
ਤਕਰੀਬਨ ਸਾਰੇ ਹੀ ਪੱਛਮੀ ਦੇਸ਼ਾਂ ਅੰਦਰ ਸਿੱਖ ਵੱਸੋਂ ਹੈ ਤੇ ਉਹ ਸਾਰੇ ਹੀ ਦੇਸ਼ ਇਸਾਈਅਤ ਨੂੰ ਮੰਨਣ ਵਾਲੇ ਹਨ। ਫਿਰ ਵੀ ਉਨ੍ਹਾਂ ਦੇਸ਼ਾਂ ਅੰਦਰ ਹਜ਼ਾਰਾਂ ਦੀ ਗਿਣਤੀ ਵਿਚ ਗੁਰਦੁਆਰੇ ਹਨ। ਬਹੁਤ ਸਾਰੇ ਗੁਰਦੁਆਰਿਆਂ ਦੀਆਂ ਬਹੁਤ ਹੀ ਖੂਬਸੂਰਤ ਇਮਾਰਤਾਂ ਹਨ। ਇਨ੍ਹਾਂ ਦੇਸ਼ਾਂ ਦੇ ਉਚੀਆਂ ਪਦਵੀਆਂ ਵਾਲੇ ਲੋਕ ਅਕਸਰ ਗੁਰਦੁਆਰਿਆਂ ਵਿਚ ਆਉਂਦੇ ਹਨ। ਸਾਨੂੰ ਸਾਡੇ ਧਰਮ ਦੇ ਪ੍ਰਚਾਰ ਅਤੇ ਪਸਾਰ ਲਈ ਉਹ ਸਾਰੀਆਂ ਸਹੂਲਤਾਂ ਉਸੇ ਤਰਜ਼ ਉਪਰ ਉਪਲਭਧ ਹਨ, ਜਿਵੇਂ ਕਿਸੇ ਵੀ ਹੋਰ ਧਰਮ, ਖਾਸ ਕਰਕੇ ਇਸਾਈ ਧਰਮ ਨੂੰ। ਸਾਡੀ ਸੁਰੱਖਿਆ ਲਈ ਹਮੇਸ਼ਾ ਹੀ ਪ੍ਰਸ਼ਾਸਨ ਫਿਕਰਮੰਦ ਵੀ ਹੁੰਦਾ ਤੇ ਯਕੀਨੀ ਵੀ ਬਣਾਉਂਦਾ ਹੈ। 11 ਸਤੰਬਰ 2001 ਦੀ ਮੰਦਭਾਗੀ ਘਟਨਾ ਸਮੇਂ ਜਦੋਂ ਸਿੱਖਾਂ ਦੇ ਮਨਾਂ ਅੰਦਰ ਆਪਣੀ ਸੁਰੱਖਿਆ ਨੂੰ ਲੈ ਕੇ ਫਿਕਰ ਸੀ, ਉਸ ਸਮੇਂ ਅਮਰੀਕਨ ਰਾਸ਼ਟਰਪਤੀ ਨੇ ਸਿੱਖ ਵਫਦ ਨਾਲ ਵ੍ਹਾਈਟ ਹਾਊਸ ਵਿਚ ਮੀਟਿੰਗ ਕੀਤੀ ਸੀ ਅਤੇ ਜਾਨ-ਮਾਲ ਦੀ ਰਾਖੀ ਦੀ ਹਰ ਤਰ੍ਹਾਂ ਦੀ ਵਚਨਬੱਧਤਾ ਪ੍ਰਗਟਾਈ ਸੀ।
ਤੁਹਾਨੂੰ ਯਾਦ ਹੋਵੇਗਾ ਕਿ 5 ਅਗਸਤ 2012 ਨੂੰ ਵਿਸਕਾਨਸਿਨ (ਓਕ ਕਰੀਕ) ਵਿਚ 40 ਸਾਲਾ ਕੱਟੜ ਗੋਰੇ ਨੇ ਗੁਰਦੁਆਰੇ ਅੰਦਰ ਗੋਲੀਆਂ ਚਲਾ ਕੇ 6 ਲੋਕਾਂ ਦੀ ਜਾਨ ਲੈ ਲਈ, ਇਸ ਘਟਨਾ ਵਿਚ 4 ਜ਼ਖਮੀ ਲੋਕ ਹੋ ਗਏ ਸੀ। ਹਮਲਾਵਰ ਆਪ ਵੀ ਪੁਲਿਸ ਦੀ ਗੋਲੀ ਨਾਲ ਗੁਰਦੁਆਰੇ ਦੇ ਅੰਦਰ ਹੀ ਮਾਰਿਆ ਗਿਆ ਸੀ। ਪੂਰੇ ਦੇਸ਼ ਅੰਦਰ ਇਸ ਘਟਨਾ ਦੀ ਪੀੜ ਨੂੰ ਮਹਿਸੂਸ ਕੀਤਾ ਗਿਆ ਸੀ। ਉਸ ਸਮੇਂ ਦੇ ਰਾਸ਼ਟਰਪਤੀ (ਦੁਨੀਆ ਦੇ ਉਸ ਸਮੇਂ ਦੇ ਸਭ ਤੋਂ ਵੱਧ ਸ਼ਕਤੀਸਾਲੀ ਸ਼ਖਸ) ਬਰਾਕ ਓਬਾਮਾ ਨੇ ਟੈਲੀਫੋਨ ਕਰ ਕੇ ਗੁਰਦੁਆਰੇ ਦੇ ਪ੍ਰਬੰਧਕਾਂ ਅਤੇ ਪਰਿਵਾਰਕ ਜੀਆਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਸੀ ਅਤੇ ਹਰ ਤਰ੍ਹਾਂ ਦੀ ਸਹਾਇਤਾ ਤੇ ਇਨਸਾਫ ਦਾ ਭਰੋਸਾ ਦਿਵਾਇਆ ਸੀ, ਤੇ ਉਸ ਨੂੰ ਯਕੀਨੀ ਵੀ ਬਣਾਇਆ ਸੀ। ਜਿਸ ਦਿਨ ਮ੍ਰਿਤਕਾਂ ਦਾ ਅੰਤਮ ਸੰਸਕਾਰ ਸੀ, ਉਸ ਦਿਨ ਰਾਸ਼ਟਰਪਤੀ ਦੀ ਪਤਨੀ ਮਿਸ਼ੈਲ ਓਬਾਮਾ, ਫੈਡਰਲ ਤੇ ਸਟੇਟ ਗੌਰਮਿੰਟ ਦੇ ਵੱਡੇ ਲੀਡਰਾਂ ਨਾਲ ਉਥੇ ਸ਼ਾਮਲ ਹੋਈ ਤੇ ਆਪਣਾ ਦੁੱਖ ਤੇ ਹਮਦਰਦੀ ਪ੍ਰਗਟਾਈ। 10 ਦਿਨ ਦੇਸ਼ ਦੇ ਕੌਮੀ ਝੰਡੇ ਨੂੰ ਵੀ ਨੀਵਾਂ ਰੱਖਿਆ ਗਿਆ। ਅਮਰੀਕਾ ਵੀ ਇਸਾਈ ਬਹੁਗਿਣਤੀ ਵਾਲਾ ਦੇਸ਼ ਹੈ।
ਜੇ ਅਸੀਂ ਇਨ੍ਹਾਂ ਇਸਾਈ ਦੇਸ਼ਾਂ ਅੰਦਰ ਧਰਮ ਦੇ ਪ੍ਰਚਾਰ ਅਤੇ ਪਸਾਰ ਦੀ ਗੱਲ ਕਰੀਏ ਤਾਂ ਮੈਂ ਫਿਰ ਉਦਾਹਰਨ ਅਮਰੀਕਾ ਤੋਂ ਹੀ ਲੈਣੀ ਚਾਹਾਂਗਾ। ਯੋਗੀ ਹਰਭਜਨ ਸਿੰਘ 1970 ਵਿਚ ਅਮਰੀਕਾ ਆਇਆ ਸੀ। ਉਸ ਨੇ ਆਪਣਾ ਆਸ਼ਰਮ ਚਲਾਇਆ ਤੇ ਹਜ਼ਾਰਾਂ ਦੀ ਗਿਣਤੀ ਵਿਚ ਗੋਰਿਆਂ ਨੂੰ ਸਿੱਖ ਬਣਾਇਆ। ਉਹ ਸਾਰੇ ਹੀ ਸਿੰਘ-ਸਿੰਘਣੀਆਂ ਪੂਰਨ ਅੰਮ੍ਰਿਤਧਾਰੀ ਮਰਯਾਦਾ ਦੇ ਧਾਰਨੀ ਬਣੇ। ਉਨ੍ਹਾਂ ਨੇ ਪੰਜਾਬੀ ਸਿੱਖੀ, ਗੁਰਬਾਣੀ ਸਿੱਖੀ, ਗੁਰਬਾਣੀ ਕੀਰਤਨ ਦੀ ਮੁਹਾਰਤ ਹਾਸਲ ਕੀਤੀ। ਉਸ ਦੀ ਮੌਤ ਤੋਂ ਬਾਅਦ ਵੀ ਉਸ ਦੇ ਆਸ਼ਰਮ ਚੱਲ ਰਹੇ ਹਨ। ਤਕਰੀਬਨ 35 ਦੇਸ਼ਾਂ ਅੰਦਰ 300 ਤੋਂ ਵਧੀਕ ਉਸ ਦੇ ਆਸ਼ਰਮ ਹਨ ਜਿਨ੍ਹਾਂ ਨੂੰ ਗੋਰੇ ਅੰਮ੍ਰਿਤਧਾਰੀ ਸਿੱਖ ਚਲਾਉਂਦੇ ਹਨ ਤੇ ਉਹ ਸਾਰੇ ਹੀ ਇਸਾਈ ਧਰਮ ਨੂੰ ਮੰਨਣ ਵਾਲੇ ਹਨ। ਇਨ੍ਹਾਂ ਸਾਰੀਆਂ ਗੱਲਾਂ ਉਪਰ ਸਾਨੂੰ ਖੁਸ਼ੀ ਹੁੰਦੀ ਹੈ, ਚਾਅ ਚੜ੍ਹਦਾ ਹੈ ਜਦ ਕਿਸੇ ਮੁਸਲਮਾਨ, ਹਿੰਦੂ ਜਾਂ ਇਸਾਈ ਨੂੰ ਸਿੱਖੀ ਸਰੂਪ ਅਪਣਾਉਂਦੇ ਦੇਖਦੇ ਹਾਂ। ਉਨ੍ਹਾਂ ਨੂੰ ਅਸੀਂ ਗੁਰਦੁਆਰਿਆਂ ਦੀਆਂ ਸਟੇਜਾਂ ਤੋਂ ਸਨਮਾਨਿਤ ਕਰਦੇ ਹਾਂ ਤੇ ਹਰ ਤਰ੍ਹਾਂ ਦੇ ਸਹਿਯੋਗ ਦਾ ਯਕੀਨ ਦਿਵਾਉਂਦੇ ਹਾਂ। ਬੇਨਤੀ ਰੂਪ ਵਿਚ ਇਹ ਸਾਂਝ ਪਾਉਣੀ ਚਾਹੁੰਦਾ ਹਾਂ ਕਿ ਦੋਗਲੇਪਣ ਤੋਂ ਗੁਰੇਜ਼ ਕਰੀਏ, ਧਰਮ ਦੀ ਚੋਣ ਹਰ ਸ਼ਖਸ ਦਾ ਜਨਮ ਸਿੱਧ ਅਧਿਕਾਰ ਹੈ। ਅਮਰੀਕਾ ਬੇਸ਼ੱਕ ਇਸਾਈ ਬਹੁਗਿਣਤੀ ਵਾਲਾ ਦੇਸ਼ ਹੈ, ਫਿਰ ਵੀ ਬਾਕੀ ਧਰਮਾਂ ਨੂੰ ਵੀ ਪ੍ਰਚਾਰ ਤੇ ਪਸਾਰ ਦੀ ਪੂਰੀ ਆਜ਼ਾਦੀ ਹੈ।
ਪੱਛਮ ਦੇ ਬਹੁਤ ਸਾਰੇ ਦੇਸ਼ਾਂ ਅੰਦਰ ਵੱਡੇ-ਵੱਡੇ ਨਗਰ ਕੀਰਤਨ ਹੁੰਦੇ ਹਨ। ਮੈਨੂੰ ਇਹ ਵੀ ਪਤਾ ਹੈ ਕਿ ਸਾਡੇ ਵੱਡੇ ਧਾਰਮਿਕ ਰਹਿਬਰ ਬੜੇ ਫਖਰ ਨਾਲ ਉਨ੍ਹਾਂ ਸਮਾਗਮਾਂ ਵਿਚ ਸ਼ਾਮਿਲ ਹੁੰਦੇ ਹਨ। ਕਈਆਂ ਨਗਰ ਕੀਰਤਨਾਂ ਵਿਚ ਗਿਣਤੀ ਲੱਖਾਂ ਤੱਕ ਪਹੁੰਚ ਜਾਂਦੀ ਹੈ। ਪ੍ਰਸ਼ਾਸਨ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਂਦਾ ਹੈ, ਸ਼ਰਧਾਲੂਆਂ ਦੀ ਸਹੂਲਤ ਲਈ ਸ਼ਹਿਰ ਦੀਆਂ ਕਈ ਵੱਡੀਆਂ ਸੜਕਾਂ ਵੀ ਬੰਦ ਕਰ ਦਿੱਤੀਆਂ ਜਾਂਦੀਆਂ ਹਨ। ਇਸਾਈ ਧਰਮ ਨੂੰ ਮੰਨਣ ਵਾਲੇ ਵੱਡੇ ਸਰਕਾਰੀ ਲੀਡਰ ਵੀ ਖੁਸ਼ੀ ਨਾਲ ਸ਼ਾਮਲ ਹੁੰਦੇ ਹਨ। ਇਨ੍ਹਾਂ ਇਸਾਈ ਦੇਸ਼ਾਂ ਵਿਚ ਆਪਣੇ ਇਸ ਤਰ੍ਹਾਂ ਦਾ ਸਿੱਖੀ ਜਲੌਅ ਦੇਖ ਕੇ ਅਸੀ ਖੁਸ਼ ਵੀ ਹੁੰਦੇ ਹਾਂ ਤੇ ਮਾਣ ਵੀ ਮਹਿਸੂਸ ਕਰਦੇ ਹਾਂ ਪਰ ਜਦੋਂ ਅਸੀ ਆਪਣੇ ਜੱਦੀ ਖਿੱਤੇ ਵਿਚ ਅਜਿਹਾ ਵਰਤਾਰਾ ਕਿਸੇ ਦੂਸਰੇ ਫਿਰਕੇ ਵੱਲੋਂ ਹੁੰਦਾ ਦੇਖਦੇ ਹਾਂ ਤਾਂ ਅਸੀ ਤਕਲੀਫ ਮਹਿਸੂਸ ਕਰਦੇ ਹਾਂ, ਕਿਉਂ?
ਮੈਂ ਆਪਣੀ ਗੱਲ ਖਤਮ ਕਰਨ ਤੋਂ ਪਹਿਲਾਂ ਆਪਣੇ ਪਿੰਡ ਦੀ ਉਦਾਹਰਨ ਦੇਣੀ ਵਾਜਬ ਸਮਝਦਾ ਹਾਂ। ਸਾਡੇ ਪਿੰਡ ਵਿਚ ਵੀ ਦੋ ਗਿਰਜਾਘਰ (ਚਰਚ) ਹਨ, ਇਕ ਕੈਥੋਲਿਕ ਅਤੇ ਦੂਜਾ ਪ੍ਰੋਟੈਸਟੈਂਟ। ਇਕ ਗਿਰਜਾਘਰ ਤਾਂ ਸ਼ਾਇਦ 50 ਸਾਲ ਤੋਂ ਵੀ ਵੱਧ ਪੁਰਾਣਾ ਹੈ। ਅਸੀਂ ਕਈ ਵਾਰੀ ਖਾਸ ਧਾਰਮਿਕ ਸਮਾਗਮਾਂ ਉਪਰ ਉਨ੍ਹਾਂ ਗਿਰਜਾਘਰਾਂ ਵਿਚ ਜਾਂਦੇ ਸੀ। ਉਹ ਲੋਕ ਸਤਿਕਾਰ ਨਾਲ ਸਾਨੂੰ ਸੱਦੇ ਵੀ ਦਿੰਦੇ ਸੀ। ਪਿੰਡ ਦੇ ਲੋਕ ਮਾਇਕ ਤੌਰ ‘ਤੇ ਵੀ ਆਪਣਾ ਯੋਗਦਾਨ ਪਾਉਂਦੇ ਸੀ। ਮੈਂ ਕਦੀ ਵੀ ਅੱਜ ਤੱਕ ਕੋਈ ਅਜਿਹੀ ਗੱਲ ਨਹੀਂ ਸੁਣੀ ਕਿ ਉਹ ਸਾਡੇ ਪਿੰਡ ਜਾਂ ਆਸੇ-ਪਾਸੇ ਧਰਮ ਪਰਿਵਰਤਨ ਦੇ ਸਬੰਧ ਵਿਚ ਕੋਈ ਉਪਰਾਲਾ ਕਰਦੇ ਹੋਣ। ਮੈਂ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ ਫਿਕਰਮੰਦ ਹੋਣ ਵਾਲਾ ਮਸਲਾ ਬਿਲਕੁਲ ਨਹੀਂ, ਫਿਰ ਵੀ ਜੇ ਕੋਈ ਕਿਸੇ ਕਾਰਨ ਪ੍ਰਭਾਵ ਕਬੂਲਦਾ ਹੈ ਤਾਂ ਮੈਂ ਤਾਂ ਇਹੀ ਕਹਾਂਗਾ ਕਿ ਅਜਿਹੇ ਬੰਦਿਆਂ ਤੋਂ ਆਪਾਂ ਕਰਵਾਉਣਾ ਵੀ ਕੀ ਹੈ। ਅਜਿਹੇ ਲੋਕ ਤਾਂ ਸੁੱਕ ਰਹੇ ਪੱਤਿਆਂ ਵਾਂਗ ਹੁੰਦੇ ਹਨ ਜੋ ਮਾੜੀ-ਮੋਟੀ ਹਵਾ ਦੇ ਬੁੱਲਿਆਂ ਨਾਲ ਵੀ ਝੜ ਜਾਂਦੇ ਹਨ।
ਅਖੀਰ ਵਿਚ ਆਪਣੀ ਪ੍ਰਚਾਰਕ ਧਿਰ ਦੇ ਲੋਕਾਂ ਅਤੇ ਧਾਰਮਿਕ ਰਹਿਬਰਾਂ ਨੂੰ ਫਿਰ ਇਹੀ ਗੁਜ਼ਾਰਿਸ਼ ਕਰਦਾ ਹਾਂ ਕਿ ਆਪਾਂ ਦੂਜਿਆਂ ਦੇ ਘਰਾਂ ਅੰਦਰ ਦਰਾਂ ਦੀਆਂ ਝੀਤਾਂ ਰਾਹੀਂ ਝਾਕਣਾ ਛੱਡੀਏ ਅਤੇ ਆਪਣੇ ਦਰਾਂ ਉਪਰ ਆਪਣੀ ਪਹਿਰੇਦਾਰੀ ਮਜ਼ਬੂਤ ਕਰੀਏ। ਇਤਿਹਾਸ ਗਵਾਹ ਹੈ ਕਿ ਅਸੀਂ ਮਾਰਿਆਂ ਨਹੀਂ ਮਰਨਾ ਸਗੋਂ ਔਖੇ ਵਕਤਾਂ ਵਿਚ ਖਾਲਸੇ ਦੀ ਛਵੀ ਵਿਚ ਵੱਧ ਨਿਖਾਰ ਆਉਂਦਾ ਹੈ। ਪੰਥ ਬੇਖਬਰ ਨਹੀਂ, ਜਾਗਿਆ ਹੋਇਆ ਹੈ; ਖਾਲਸੇ ਦੀ ਰੂਹ ਵਿਚ ਮੋਹ ਵੀ ਹੈ ਤੇ ਰੋਹ ਵੀ। ਦਿਸ਼ਾ-ਨਿਰਦੇਸ਼ ਦੇਣ ਲਈ ਸਾਡੇ ਪਹਿਰੇਦਾਰ (ਧਾਰਮਿਕ ਆਗੂ) ਚੌਕਸ ਅਤੇ ਮਜ਼ਬੂਤ ਰਹਿਣੇ ਚਾਹੀਦੇ ਹਨ।