22ਵੀਆਂ ਕਾਮਨਵੈਲਥ ਗੇਮਜ਼-ਬਰਮਿੰਘਮ ਇੰਗਲਂੈਡ

ਸੰਤੋਖ ਸਿੰਘ ਮੰੰਡੇਰ
ਫੋਨ: 604-505-7000
21ਵੀਂ ਸਦੀ ਦੀਆਂ 22ਵੀਆਂ ਕਾਮਨਵੈਲਥ ਗੇਮਜ਼ (ਰਾਸ਼ਟਰਮੰਡਲ ਖੇਡਾਂ) ਇੰਗਲੈਂਡ ਵਿਚ ਵੈਸਟ ਮਿਡਲੈਂਡ ਇਲਾਕੇ ਦੇ ਨਾਮੀ ਤਜਾਰਤੀ ਸ਼ਹਿਰ ਬਰਮਿੰਘਮ ਵਿਖੇ 28 ਜੁਲਾਈ ਤੋਂ 8 ਅਗਸਤ, 2022 ਨੂੰ ਹੋਣ ਜਾ ਰਹੀਆਂ ਹਨ। ਇਨ੍ਹਾਂ ਖੇਡਾਂ ਵਿਚ ਸੰਸਾਰ ਭਰ ਦੇ 72 ਕਾਮਨਵੈਲਥ ਮੁਲਕਾਂ ਵਿਚੋਂ ਚੁਣੇ ਹੋਏ ਦਰਸ਼ਨੀ 5 ਹਜ਼ਾਰ ਦੇ ਕਰੀਬ ਖਿਡਾਰੀ, 20 ਖੇਡਾਂ ਦੀਆਂ 280 ਪ੍ਰਤੀਯੋਗਤਾਵਾਂ ਵਿਚ ਹਿੱਸਾ ਲੈਣਗੇ।

ਬ੍ਰਿਟਿਸ਼ ਸਾਮਰਾਜ ਦੀਆਂ ਕਾਮਨਵੈਲਥ ਗੇਮਜ਼, ਜਿਨ੍ਹਾਂ ਨੂੰ ਦੋਸਤੀ ਦੀਆਂ ਖੇਡਾਂ ਨਾਲ ਵੀ ਜਾਣਿਆ ਜਾਂਦਾ ਹੈ। ਯੂ ਕੇ (ਯੂਨਾਈਟਿਡ ਕਿੰਗਡਮ) ਵਿਚ ਇਹ ਖੇਡਾਂ 7ਵੀਂ ਵਾਰ ਹੋਣ ਜਾ ਰਹੀਆਂ ਹਨ ਜਦਕਿ ਯੂ.ਕੇ. ਪਹਿਲਾਂ ਵੀ ਆਪਣੇ ਵੱਖੋ-ਵੱਖ ਸ਼ਹਿਰਾਂ ਲੰਡਨ-1934, ਕਾਰਡਿਫ (ਵੇਲਜ਼)-1958, ਈਡਨਬਰਗ-1970 ਤੇ 1986, ਮਾਨਚੈਸਟਰ-2002, ਗਲਾਸਗੋ-2014 ਵਿਚ 6 ਵਾਰ ਇਹ ਖੇਡਾਂ ਕਰਵਾ ਚੁੱਕਿਆ ਹੈ। ਆਸਟਰੇਲੀਆ 6 ਵਾਰ-1938, 1962, 1982, 2006, 2018 ਤੇ 2026, ਕੈਨੇਡਾ 4 ਵਾਰ, 1930, 1954, 1978 ਤੇ 1994, ਨਿਊਜ਼ੀਲਂੈਡ 3 ਵਾਰ, 1950, 1974, 1990 ਤੇ ਭਾਰਤ ਇਕ ਵਾਰ 2010 ਵਿਚ ਇਹ ਖੇਡਾਂ ਕਰਵਾ ਚੁੱਕੇ ਹਨ। ਦਿੱਲੀ ਦੀਆਂ 19ਵੀਆਂ ਕਾਮਨਵੈਲਥ ਗੇਮਜ਼ 11 ਬਿਲੀਅਨ ਡਾਲਰ ਦੇ ਖਰਚੇ ਨਾਲ ਹੁਣ ਤੱਕ ਦੀਆਂ ਸਭ ਤੋਂ ਮਹਿੰਗੀਆਂ ਖੇਡਾਂ ਸਨ। ਸੰਨ 2010 ਵਿਚ ਇਨ੍ਹਾਂ ਖੇਡਾਂ ਨਾਲ ਭਾਰਤ ਦੀ ਰਾਜਧਾਨੀ ਦਿੱਲੀ ਦੀਆਂ ਸੜਕਾਂ, ਸਟੇਡੀਅਮ, ਖੇਡ ਮੈਦਾਨ, ਫਲਾਈਓਵਰ, ਬੱਸ ਅੱਡੇ ਤੇ ਹੋਰ ਬਹੁਤ ਸਾਰੇ ਜਨਤਕ ਸਥਾਨਾਂ ਵਿਚ ਅੰਤਾਂ ਦਾ ਸੁਧਾਰ ਹੋਇਆ ਸੀ।
ਕਾਮਨਵੈਲਥ ਗੇਮਜ਼ ਸੁ਼ਰੂ ਵਿਚ ‘ਬ੍ਰਿਟਿਸ਼ ਇੰਪਾਇਰ ਗੇਮਜ਼’ ਦੇ ਨਾਮ ਨਾਲ ਜਾਣੀਆਂ ਜਾਂਦੀਆਂ ਸਨ। ਸੰਨ 1911 ਵਿਚ ਅੰਗਰੇਜ਼ ਹਕੂਮਤ ਨੇ ਆਪਣੀ ਸ਼ਾਹੀ ਸ਼ਾਨੋ-ਸ਼ੌਕਤ ਦੀ ਠੁੱਕ ਦਿਖਾਉਣ ਲਈ ਲੰਡਨ ਵਿਖੇ ਵਿਸ਼ਾਲ ਅੰਗਰੇਜ਼ ਸਾਮਰਾਜੀ ਮੁਲਕਾਂ ਦਾ ‘ਸਾਮਰਾਜ ਜੁਬਲੀ ਫੈਸਟੀਵਲ’ ਮਨਾਉਣ ਵਜੋਂ ਸਾਮਰਾਜ ਵਿਚ ਪ੍ਰਚੱਲਤ ਕੁਝ ਕੁ ਖੇਡਾਂ ਦੇ ਮੁਕਾਬਲੇ ਕਰਵਾਏ ਸਨ। ਸੰਨ 1930 ਵਿਚ ਇਕ ਕੈਨੇਡੀਅਨ ਖੇਡ ਪ੍ਰੇਮੀ ਮੈਲਵਿਲ ਮਾਰਕਸ (ਬੌਬੀ) ਰੌਬਿਨਸੰਨ ਨੇ ਕੈਨੇਡਾ ਦੇ ਸੂਬੇ ਓਂਟਾਰੀਓ ਵਾਲੇ ਸ਼ਹਿਰ ਹੈਮਿਲਟਨ ਵਿਖੇ ਫਿਰ ਇਹ ‘ਬ੍ਰਿਟਿਸ਼ ਇੰਪਾਇਰ ਗੇਮਜ਼’ ਕਰਵਾਉਣ ਦਾ ਹੌਸਲਾ ਕੀਤਾ, ਜੋ ਬਹੁਤ ਕਾਮਯਾਬ ਰਿਹਾ ਅਤੇ ਇਹ ਖੇਡਾਂ 1950 ਤਕ ਹੁੰਦੀਆਂ ਰਹੀਆਂ। ਸੰਨ 1942 ਤੇ 1946 ਦੀਆਂ ਖੇਡਾਂ ਦੂਜੀ ਸੰਸਾਰ ਜੰਗ ਕਰਕੇ ਸੰਭਵ ਨਾ ਹੋ ਸਕੀਆਂ।
ਅੱਜ ਦੇ ਜ਼ਮਾਨੇ ਵਿਚ ਕਾਮਨਵੈਲਥ ਗੇਮਜ਼, ਓਲੰਪਿਕ ਖੇਡਾਂ ਦੇ ਕੈਲੰਡਰ ਦੀ ਤਰਜ਼ ਅਨੁਸਾਰ ਹਰ ਚਾਰ ਸਾਲ ਬਾਅਦ 54 ਮੈਂਬਰ ਕਾਮਨਵੈਲਥ ਮੁਲਕਾਂ ਦੀ ਖੇਡ ਸੰਸਥਾ ‘ਕਾਮਨਵੈਲਥ ਫੈਡਰੇਸ਼ਨ’ ਵਲੋਂ ਇਕ ਕਾਮਨਵੈਲਥ ਮੁਲਕ ਦੇ ਪਹਿਲਾਂ ਤੋਂ ਚੁਣੇ ਹੋਏ ਸ਼ਹਿਰ ਵਿਚ ਕਰਵਾਈਆਂ ਜਾਂਦੀਆਂ ਹਨ। ਕਾਮਨਵੈਲਥ ਖੇਡਾਂ ਵਿਚ 72 ਟੀਮਾਂ ਦੇ 5 ਹਜ਼ਾਰ ਦੇ ਕਰੀਬ ਮਰਦ ਤੇ ਔਰਤਾਂ ਐਥਲੀਟ ਵੱਖੋ-ਵੱਖ ਖੇਡਾਂ ਵਿਚ ਭਾਗ ਲੈਂਦੇ ਹਨ। ਸੰਸਾਰ ਪੱਧਰ `ਤੇ ਕਾਮਨਵੈਲਥ ਦੇ 9 ਮੁਲਕਾਂ ਦੇ 19 ਵੱਖੋ-ਵੱਖ ਨਾਮੀ ਸ਼ਹਿਰਾਂ ਵਿਚ ਕਾਮਨਵੈਲਥ ਖੇਡਾਂ ਹੋ ਚੁੱਕੀਆਂ ਹਨ। ਯੂ ਕੇ ਵਿਚਂੋ ਇੰਗਲੈਂਡ, ਸਕਾਟਲੈਂਡ, ਵੇਲਜ਼ ਤੇ ਉਤਰੀ ਆਇਰਲੈਂਡ ਦੀਆਂ ਵੱਖਰੀਆਂ ਟੀਮਾਂ, ਆਪਣੇ ਝੰਡੇ ਨਾਲ ਕਾਮਨਵੈਲਥ ਖੇਡਾਂ ਵਿਚ ਭਾਗ ਲੈਂਦੀਆਂ ਹਨ। ਕਾਮਨਵੈਲਥ ਖੇਡਾਂ ਵਿਚ ਲਗਭਗ ਸਾਰੀਆਂ ਓਲੰਪਿਕ ਖੇਡਾਂ ਸ਼ਾਮਲ ਹਨ ਪਰ ਕੁੱਝ ਕਾਮਨਵੈਲਥ ਮੁਲਕਾਂ ਦੀਆਂ ਪ੍ਰਚੱਲਤ ਖੇਡਾਂ ਜਿਵੇਂ ਲਾਅਨ ਬਾਲ, ਨੈੱਟਬਾਲ, ਕ੍ਰਿਕਟ ਤੇ ਸੂਕੈਸ਼ ਦੇ ਮੁਕਾਬਲੇ ਵੀ ਹੁੰਦੇ ਹਨ। ਨੰਬਰ 1, 2, 3 ਉਪਰ ਆਉਣ ਵਾਲੀਆਂ ਟੀਮਾਂ ਤੇ ਅਥਲੀਟਾਂ ਨੂੰ ਸੋਨੇ, ਚਾਂਦੀ ਤੇ ਤਾਂਬੇ ਦੇ ਪ੍ਰਭਾਵਸ਼ਾਲੀ ਮੈਡਲ ਦਿੱਤੇ ਜਾਂਦੇ ਹਨ।
ਬਰਮਿੰਘਮ ਵਿਖੇ 22ਵੀਆਂ ਰਾਸ਼ਟਰ ਮੰਡਲ ਖੇਡਾਂ ਦਾ ਉਦਘਾਟਨੀ ਸਮਾਰੋਹ ‘ਅਲੈਗਜ਼ੈਂਡਰ ਸਟੇਡੀਅਮ’ ਹੋਵੇਗਾ। ਬਰਮਿੰਘਮ ਵਿਚ ਅਲੈਗਜ਼ੈਂਡਰ ਸਟੇਡੀਅਮ ਅੰਤਰਰਾਸ਼ਟਰੀ ਪੱਧਰ ਦਾ ਸ਼ਾਨਦਾਰ ਅਥਲੈਟਿਕ ਸਹੂਲਤਾਂ ਵਾਲਾ ਮੈਦਾਨ ਹੈ, ਜੋ 1976 ਵਿਚ ਬਣਿਆ ਸੀ ਜਿਸ ਵਿਚ 18000 ਦਰਸ਼ਕਾਂ ਦੇ ਬੈਠਣ ਦੀ ਸਮਰੱਥਾ ਹੈ। ਬਰਮਿੰਘਮ ਸਿਟੀ ਕੌਂਸਲ ਦੇ ਐਸਟਨ ਕਲੱਬ ਵਿਚ ਮਿਡਲੈਂਡ ਅਥਲੈਟਿਕ ਦੀ ਇਕ ਮਹਾਨ ਹਸਤੀ ‘ਵਿਲੀਅਮ ਵ੍ਹਾਈਟਵੇਅ ਅਲੈਗਜ਼ਂੈਡਰ’ ਦੇ ਨਾਮ ਉਪਰ ਸਟੇਡੀਅਮ ਨੂੰ ਨਾਂ ਦਿੱਤਾ ਗਿਆ। ਬਰਮਿੰਘਮ ਕਾਮਨਵੈਲਥ ਖੇਡਾਂ ਵਾਲਾ ਅਲੈਗਜ਼ੈਂਡਰ ਸਟੇਡੀਅਮ, ਐਜਬਾਸਟਨ ਵਿਖੇ ਸਥਿਤ ਵਰਲਡ ਕਲਾਸ ਯੂਨੀਵਰਸਿਟੀ ‘ਬਰਮਿੰਘਮ ਯੂਨੀਵਰਸਿਟੀ ਤੋਂ 7 ਮੀਲ ਤੇ 51 ਨੰਬਰ ਸਿਟੀ ਲੋਕਲ ਬੱਸ ਰਾਹੀਂ 23 ਮਿੰਟ ਦੀ ਦੂਰੀ ਨਾਲ ਹੈ। ਐਜਬਾਸਟਨ ਬਰਮਿੰਘਮ ਦਾ ਬੜਾ ਪੌਸ਼ ਇਲਾਕਾ ਹੈ, ਜਿੱਥੇ ਪੰਜਾਬੀ ਤੇ ਭਾਰਤੀ ਭਾਈਚਾਰੇ ਦੇ ਅਮੀਰ ਤੇ ਵਪਾਰੀ ਖਾਨਦਾਨੀ ਪਰਿਵਾਰ ਰਹਿੰਦੇ ਹਨ। ਜਲੰਧਰ ਜਿ਼ਲੇ੍ਹ ਦੇ ਪਿੰਡ ਲੱਲੀਆਂ ਦੇ ਮੇਰੇ ਪਰਮ ਮਿੱਤਰ ਸ. ਅਵਤਾਰ ਸਿੰਘ ਕੰਗ ਤੇ ਦਿਲਬਾਗ ਸਿੰਘ ਕੰਗ ‘ਸੱਧਰ ਐਂਡ ਕੰਗ’ ਕੈਸ਼ ਐਂਡ ਕੈਰੀ ਵੀ ਇਨ੍ਹਾਂ ਮਹਿੰਗੇ ਬੰਗਲਿਆਂ ਦੇ ਮਾਲਕ ਹਨ।
‘ਕਾਮਨਵੈਲਥ ਸਪੋਰਟਸ ਕੈਨੇਡਾ’ ਸੰਸਥਾ ਨੇ ਕੈਨੇਡਾ ਦੀ ਰਾਜਧਾਨੀ ਓਟਾਵਾ ਵਿਖੇ ਸਰਕਾਰੀ ਐਲਾਨ ਕੀਤਾ ਕਿ 280 ਕੈਨੇਡੀਅਨ ਐਥਲੀਟ, 120 ਸਹਾਇਕ ਸਟਾਫ ਜਿਸ ਵਿਚ ਕੋਚ, ਡਾਕਟਰ, ਮਸਾਜਰ ਤੇ ਮਨੋਵਿਗਿਆਨੀ ਆਦਿ ਸ਼ਾਮਲ ਹਨ, ‘ਟੀਮ ਕੈਨੇਡਾ’ ਦੇ ਝੰਡੇ ਥੱਲੇ, ਚੀਫ-ਡੀ-ਮਿਸ਼ਨ ਕਲਾਏਰੀ ਕਾਰਵਰ ਡਿਆਸ ਤੇ ਸੈਮ ਇਫਾਹ ਨਾਲ 20 ਖੇਡਾਂ ਵਿਚ ਭਾਗ ਲੈ ਰਹੇ ਹਨ। ਕੈਨੇਡਾ ਕਾਮਨਵੈਲਥ ਗੇਮਜ਼ ਵਿਚ 22ਵੀਂ ਵਾਰ ਭਾਗ ਲੈ ਰਿਹਾ ਹੈ ਤੇ ਇਸ ਵਾਰ ਟੀਮ ਕੈਨੇਡਾ ਵਲੋਂ ਬਰਮਿੰਘਮ ਦੇ ਸ਼ਾਨਦਾਰ ‘ਅਲੈਗਜ਼ੈਂਡਰ ਸਟੇਡੀਅਮ’ ਵਿਚ ਉਦਘਾਟਨੀ ਸਮਾਰੋਹ ਲਈ ਝੰਡਾ ਬਰਦਾਰ ਕੈਨੇਡਾ ਦੇ ਦੋ ਉਲੰਪੀਅਨ, ਕਿਊਬਕ ਵਾਸੀ ਵੇਟ ਲਿਫਟਰ ਮੌਡੀ ਸ਼ੈਰੋਨ ਅਤੇ ਜੌਸ਼ ਕੈਸਾਡੀ ਨੂੰ ਚੁਣਿਆ ਗਿਆ ਹੈ। ਕੈਨੇਡਾ ਨੇ 2018 ਦੀਆਂ ਕਾਮਨਵੈਲਥ ਗੇਮਜ਼ ਜੋ ਆਸਟਰੇਲੀਆ ਵਿਖੇ ਕੁਈਨਜ਼ਲੈਂਡ ਸੂਬੇ ਦੇ ਸਮੁੰਦਰੀ ਤੱਟ ਦੇ ਸ਼ਹਿਰ ਗੋਲਡ ਕੋਸਟ ਵਿਖੇ ਹੋਈਆਂ ਸਨ, ਵਿਚ 82 ਮੈਡਲ ਜਿੱਤ ਕੇ ਚੌਥਾ ਸਥਾਨ ਹਾਸਲ ਕੀਤਾ ਸੀ, ਜਿਸ ਵਿਚ 15 ਸੋਨੇ ਦੇ, 40 ਚਾਂਦੀ ਦੇ ਤੇ 27 ਤਾਂਬੇ ਦੇ ਮੈਡਲ ਸਨ। ਭਾਰਤ ਦਾ 332 ਮੈਂਬਰਾਂ ਦਾ ਦਲ ਰਾਸ਼ਟਰਮੰਡਲ ਵਿਚ ਹਿੱਸਾ ਲੈ ਰਿਹਾ ਹੈ ਜਿਸ ਵਿਚ 215 ਖਿਡਾਰੀ ਤੇ 107 ਖੇਡਾਂ ਨਾਲ ਸਬੰਧਤ ਅਧਿਕਾਰੀ ਸ਼ਾਮਲ ਹਨ।
ਕੈਨੇਡਾ ਦੇ ਪੰਜਾਬੀ ਭਾਈਚਾਰੇ ਦੀਆਂ ਕਾਮਨਵੈਲਥ ਖੇਡਾਂ ਦੇ ਕੁਸ਼ਤੀ, ਵੇਟ ਲਿਫਟਿੰਗ ਤੇ ਫੀਲਡ ਹਾਕੀ ਮੁਕਾਬਲਿਆਂ ਵਿਚ ਖਾਸ ਦਿਲਚਸਪੀ ਹੁੰਦੀ ਹੈ। ਬੀ ਸੀ ਦੇ ਲੋਅਰ ਮੇਨਲੈਂਡ ਇਲਾਕੇ ਤੇ ਟੋਰਾਂਟੋ ਵਿਚ ਕੈਨੇਡੀਅਨ ਪੰਜਾਬੀਆਂ ਦੇ ਕਈ ਪ੍ਰਭਾਵਸ਼ਾਲੀ ਕੁਸ਼ਤੀ ਦੇ ਅਖਾੜੇ ਵੀ ਸਥਾਪਿਤ ਹਨ ਜਿੱਥੇ ਨਾਮੀ ਕੁਸ਼ਤੀ ਦੇ ਖਲੀਫੇ (ਕੋਚ) ਕੈਨੇਡੀਅਨ ਜੰਮਪਲ ਬੱਚੇ-ਬੱਚੀਆਂ ਨੂੰ ਕੁਸ਼ਤੀ ਦੇ ਆਧੁਨਿਕ ਦਾਅ-ਪੇਚ ਸਿਖਾਉਂਦੇ ਹਨ। ਕੈਨੇਡਾ ਵਿਚ ਨੌਜਵਾਨ ਕੈਨੇਡੀਅਨਾਂ ਨੇ ਕੁਸ਼ਤੀ, ਵੇਟਲਿਫਟਿੰਗ, ਫੀਲਡ ਹਾਕੀ ਤੇ ਕੁੜੀਆਂ ਦੀ ਫੁੱਟਬਾਲ ਵਿਚ ਅੰਤਰਰਾਸ਼ਟਰੀ ਪੱਧਰ ਉਪਰ ਮੈਡਲ ਵੀ ਜਿੱਤੇ ਹਨ। ਪਹਿਲਵਾਨ ਹਰਜੀਤ ਸਿੰਘ ਬਿਲਨ ਦੇ ਕੁਸ਼ਤੀ ਅਖਾੜੇ ‘ਰੁਸਤਮ ਰੈਸਲਿੰਗ ਕਲੱਬ’ ਵਿਚ ਉਸ ਦੀਆਂ ਧੀਆਂ ‘ਬਿਲਨ ਸਿਸਟਰਜ਼’ ਵੇਟਲਿਫਟਿੰਗ ਵਿਚ ਪੈਨ ਐਮ ਗੇਮਜ਼ ਤੇ ਵਰਲਡ ਕਲਾਸ ਮੁਕਾਬਲਿਆਂ ਵਿਚੋਂ ਗੋਲਡ ਤੇ ਸਿਲਵਰ ਮੈਡਲ ਅਕਸਰ ਹੀ ਕੁੱਟ ਲੈਂਦੀਆਂ ਹਨ। ਵੇਟਲਿਫਟਿੰਗ (ਭਾਰ ਚੁੱਕਣ) ਦੇ ਅੰਤਰਰਾਸ਼ਟਰੀ ਮੁਕਾਬਲਿਆਂ ਵਿਚ ਸਰੀ ਦੇ ਨਾਮੀ ਰਿਐਲਟਰ ਤੇ ਮਾਨਤਾ ਪ੍ਰਾਪਤ ਵੇਟਲਿਫਟਿੰਗ ਕੋਚ ਮੱਖਣ ਸੰਧੂ ਤੇ ਰਘਬੀਰ ਸਹੋਤਾ ਦੀ ਸੇਧ ਤੇ ਸਾਧਨਾ ਨਾਲ ਤਿਆਰ ਪੰਜਾਬੀ ਪਰਿਵਾਰਾਂ ਦੇ ਬੱਚੇ, ਜਿਨ੍ਹਾਂ ਵਿਚ ਪਰਮ ਫੰਗੂੜਾ, ਸੋਨੀਆ ਸੰਧੂ, ਹਰਮਨ ਫੰਗੂੜਾ, ਪ੍ਰਭਦੀਪ ਸੰਘੇੜਾ, ਸਿਨਵਰਦੀਪ ਸੰਘੇੜਾ, ਬਿਲਨ ਸਿਸਟਰਜ਼-ਹਲੀਨਾ ਬਿਲਨ, ਜੀਨਤ ਬਿਲਨ, ਐਜਲ ਬਿਲਨ, ਉਨ੍ਹਾਂ ਦੀ ਮਾਤਾ ਅਤਿੰਦਰ ਬਿਲਨ, ਸਿਮਰਨ ਸੰਧੂ, ਪਰਮਜੀਤ ਗਿੱਲ, ਓਲੰਪੀਅਨ ਜਸਬੀਰ ਬੰਗੜ, ਮਨਰੂਪ ਸਹੋਤਾ, ਹਰਿੰਦਰ ਮਾਹੀ, ਅਮਨਬੀਰ ਸਹੋਤਾ ਦੇ ਨਾਵਾਂ ਦੀ ਬੜੀ ਚਰਚਾ ਹੁੰਦੀ ਹੈ। ਰਿਚਮੰਡ ਵਾਸੀ ਪਹਿਲਵਾਨ ਅਰਜੁਨ ਭੁੱਲਰ ਦਿੱਲੀ ਦੀਆਂ ਕਾਮਨਵੈਲਥ ਖੇਡਾਂ ਵਿਚ ਕੁਸ਼ਤੀ ਦਾ ਗੋਲਡ ਮੈਡਲ ਜੇਤੂ ਹੈ। ਕੈਨੇਡਾ ਦੀ ਕੁੜੀਆਂ ਦੀ ਸੌਕਰ ਵਿਚ ਦਿਲਦਾਰ ਮੰਡੇਰ ਦੀ ਧੀ ਸੌਕਰ ਕੋਚ ਜੈਸਮੀਨ ਮੰਡੇਰ ਦੀ ਵੱਖਰੀ ਪਹਿਚਾਣ ਹੈ। ਕੈਨੇਡਾ ਦੀ ਫੀਲਡ ਹਾਕੀ ਦੇ ਵੈਨਕੂਵਰ ਤੇ ਟੋਰਾਂਟੋ ਵਾਲੇ ਪੰਜਾਬੀ ਹਾਕੀ ਖਿਡਾਰੀਆਂ ਦਾ ਅੰਤਰਰਾਸ਼ਟਰੀ ਪੱਧਰ ਉਪਰ ਝੋਟੇ ਦੇ ਸਿਰ ਵਰਗਾ ਦਬਦਬਾ ਰਿਹਾ ਹੈ, ਜਿਨ੍ਹਾਂ ਵਿਚ ਬੀ ਸੀ ਸਰਕਾਰ ਦਾ ਮੰਤਰੀ ਰਵੀ ਕਾਹਲੋਂ, ਵੈਟਰਨ ਹਾਕੀ ਖਿਡਾਰੀ ਬਿੰਦੀ ਕੁਲਾਰ, ਬੱਬਲੀ ਚੌਹਾਨ, ਸਰਬਜੀਤ ਦੁਸਾਂਝ, ਪਰਮਜੀਤ ਬਾਹੀਆ, ਹਰਗੁਰਨੇਕ ਸਿੰਘ-ਨਿਕ ਸੰਧੂ, ਕੈਰੀ ਕੈਥ, ਹਾਕੀ ਕੋਚ ਸਿ਼ਵ ਜੱਗਦੇ, ਸੁਖਵਿੰਦਰ ਸਿੰਘ ਗੱਬਰ, ਰਾਜੀਵ ਦਿਓਲ, ਜਗਦੀਸ਼ ਗਿੱਲ, ਰਣਜੀਤ ਰਾਏ, ਬਿੱਲਾ ਸੰਧੂ, ਹਰਭਜਨ ਰਾਏ, ਸੁੱਖੀ ਪਨੇਸਰ ਦਾ ਨਾਂ ਬੜੇ ਮਾਣ ਨਾਲ ਲਿਆ ਜਾਂਦਾ ਹੈ।
ਬਰਮਿੰਘਮ ਕਾਮਨਵੈਲਥ ਕੁਸ਼ਤੀ ਦੀ ਖੇਡ ਲਈ ਸਰੀ-ਕੈਨੇਡਾ ਦੇ ‘ਖਾਲਸਾ ਕੁਸ਼ਤੀ ਕਲੱਬ’ ਦੇ ਬਾਨੀ, ਪਹਿਲਵਾਨ ਬਲਬੀਰ ਸਿੰਘ ਢੇਸੀ (ਸ਼ੀਰੀ ਪਹਿਲਵਾਨ) ਦਾ ਬੇਟਾ ਅਮਰਬੀਰ ਢੇਸੀ ਸੁਪਰ ਹੈਵੀਵੇਟ ਅਤੇ ਐਬਟਸਫੋਰਡ ਤੋਂ ਪਹਿਲਵਾਨ ਬੂਟਾ ਸਿੰਘ ਦੇ ਅਖਾੜੇ ਦਾ ਪਹਿਲਵਾਨ ਨਿਸ਼ਾਨ ਪ੍ਰੀਤ-ਸ਼ਾਨ ਰੰਧਾਵਾ ਹੈਵੀ ਵੇਟ, ਕਾਮਨਵੈਲਥ ਗੇਮਜ਼ ਵਿਚ ਜਿੱਤਾਂ ਪ੍ਰਾਪਤ ਕਰਨ ਲਈ ਬੜੀ ਤਿਆਰੀ ਤੇ ਜ਼ੋਰ-ਸ਼ੋਰ ਨਾਲ ਜਾ ਰਹੇ ਹਨ। ਐਬਟਸਫੋਰਡ ਦਾ ਨੌਜਵਾਨ ਪੰਜਾਬੀ ਪਹਿਲਵਾਨ ਸੰਨੀ ਢੀਂਡਸਾ ਅਰਬ ਦੇ ਮੁਲਕਾਂ ਵਿਚ ਚੰਗੀ ਧਾਂਕ ਜਮਾ ਰਿਹਾ ਹੈ। ਸਰੀ ਦੇ ਰੁਸਤਮ ਅਖਾੜੇ ਦਾ ਇਕ ਹੋਰ ਨਾਮੀ ਪਹਿਲਵਾਨ ਤੇ ਕਬੱਡੀ ਖਿਡਾਰੀ, ਡੈਲਟਾ ਪੁਲੀਸ ਦਾ ਅਫਸਰ ਜੱਸੀ ਸਹੋਤਾ 19ਵੀਆਂ ਵਰਲਡ ਪੁਲੀਸ ਐਂਡ ਫਾਇਰ ਗੇਮਜ਼ ਜੋ ਯੂਰਪ ਦੇ ਖੂਬਸੂਰਤ ਮੁਲਕ ਨੀਦਰਲੈਂਡ ਦੇ ਦੱਖਣੀ ਹਾਲੈਂਡ ਸੂਬੇ ਦੇ ਰੋਟਰਡੈਮ ਸ਼ਹਿਰ ਵਿਖੇ ਹੋਈਆਂ, ਵਿਚੋਂ ਗੋਲਡ ਮੈਡਲ ਫੁੰਡ ਲਿਆਇਆ ਹੈ। ਐਬਟਸਫੋਰਡ ਦੇ ਫਾਰਮਰ ਕੁਲਵਿੰਦਰ ਕੂਨਰ ਤੇ ਪਹਿਲਵਾਨ ਕੋਚ ਗੁਰਜੋਤ ਕੂਨਰ ਦੇ ਮੀਰੀ-ਪੀਰੀ ਕੁਸ਼ਤੀ ਕਲੱਬ ਦੇ ਪਹਿਲਵਾਨ ਤੇ ਫਾਰਮਰ ਹਰਜੀਤ ਫੂਲਕਾ ਦਾ ਨੌਜਵਾਨ ਪੁੱਤਰ ਜਸਮੀਤ ਫੂਲਕਾ 74 ਕਿਲੋ ਭਾਰ ਵਰਗ ਵਿਚ ਅੰਤਰਰਾਸ਼ਟਰੀ ਪੱਧਰ ਉਪਰ ਕੁਸ਼ਤੀਆਂ ਵਿਚ ਆਪਣਾ ਨਾਂ ਬਣਾਉਣ ਲਈ ਤਰਲੋ-ਮੱਛੀ ਹੋ ਰਿਹਾ ਹੈ। 22ਵੀਆਂ ਕਾਮਨਵੈਲਥ ਗੇਮਜ਼, ਕੁਸ਼ਤੀਆਂ ਦੇ ਮੁਕਾਬਲੇ 5 ਤੇ 6 ਅਗਸਤ ਨੂੰ ਬਰਮਿੰਘਮ ਦੇ ਨਜ਼ਦੀਕੀ ਸ਼ਹਿਰ ਕਾਵੈਟਰੀ ਵਿਖੇ ‘ਕਾਵੈਟਰੀ ਸਟੇਡੀਅਮ ਇਨਡੋਰ ਹਾਲ’ ਵਿਖੇ ਹੋਣਗੇ।
ਰਾਸ਼ਟਰਮੰਡਲ ਖੇਡਾਂ ਦਾ ਮਾਨਤਾ ਪ੍ਰਾਪਤ ‘ਫੋਟੋ ਜਰਨਲਿਸਟ’, ਮਾਲਵੇ ਵਿਚ ਜਰਗ ਪਿੰਡ ਦੇ ਦੇਸੀ ਸਕੂਲ ਤੋਂ ਪੜ੍ਹ ਕੇ, ਆਪਣੇ ਦਾਦਾ-ਬਾਬਾ ਜੀ ਦੀ ਕੋਸਿ਼ਸ਼ ਸਦਕਾ ਏਸ਼ੀਆ ਦੇ ਪਹਿਲੇ ਸਪੋਰਟਸ ਸਕੂਲ ਜਲੰਧਰ ਵਿਚ ਦਾਖਲ ਹੋਇਆ। ਪੰਜਾਬ ਯੂਨੀਵਰਸਿਟੀ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕਾਲਜਾਂ ਵਿਚ ਖੇਡਦਾ ਪੜ੍ਹਦਾ, ਏਸ਼ੀਆ ਦੀ ਨਾਮੀ ਖੇਡ ਸੰਸਥਾ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ ਪਟਿਆਲਾ ਤੋਂ ਖੇਡ ਮਾਹਿਰ ਬਣ ਕੇ ਪੰਜਾਬ ਸਰਕਾਰ ਦੇ ਪੰਜਾਬ ਖੇਡ ਵਿਭਾਗ ਵਿਚ ਜਿ਼ਲ੍ਹਾ ਕਬੱਡੀ ਕੋਚ ਲੱਗ ਗਿਆ। ਸੰਨ 1982 ਦੀਆਂ ਦਿੱਲੀ ਏਸ਼ੀਅਨ ਗੇਮਜ਼ ਸਮੇਂ ਸੱਦਾਮ ਹੁਸੈਨ ਦੇ ਬਗਦਾਦ ਵਿਚ ਇਕ ਇਰਾਕੀ ਪ੍ਰੋਜੈਕਟ ਤੋਂ ਆ ਕੇ ਖੇਡ ਸੂਚਨਾ ਅਧਿਕਾਰੀ ਦੀਆਂ ਸੇਵਾਵਾਂ ਦਿੱਤੀਆਂ। ਸੰਨ 1986 ਵਿਚ ਸਕਾਟਲੈਂਡ ਦੀ ਰਾਜਧਾਨੀ ਈਡਨਬਰਗ ਵਿਖੇ 13ਵੀਆਂ ਕਾਮਨਵੈਲਥ ਖੇਡਾਂ ਦਰਸ਼ਕ ਬਣ ਕੇ ਦੇਖੀਆਂ। ਕੈਨੇਡਾ ਆ ਕੇ 1994 ਵਿਚ 15ਵੀਆਂ ਕਾਮਨਵੈਲਥ ਖੇਡਾਂ ਵਿਕਟੋਰੀਆ ਲਈ ਸ. ਤਾਰਾ ਸਿੰਘ ਹੇਅਰ ਦੇ ਅਖਬਾਰ ‘ਇੰਡੋ ਕੈਨੇਡੀਅਨ ਟਾਈਮਜ਼’ ਲਈ ਮਾਨਤਾ ਪ੍ਰਾਪਤ ਈ ਪੀ-ਖੇਡ ਫੋਟੋ ਪੱਤਰਕਾਰ ਬਣਿਆ। ਸੰਨ 1998 ਵਿਚ 16ਵੀਆਂ ਕਾਮਨਵੈਲਥ ਖੇਡਾਂ ਮਲੇਸ਼ੀਆ ਦੀ ਰਾਜਧਾਨੀ ਕੁਆਲਾਲੰਮਪੁਰ, ਸੰਨ 2002 ਵਿਚ 17ਵੀਆਂ ਖੇਡਾਂ ਇੰਗਲੈਂਡ ਦੇ ਸ਼ਹਿਰ ਮਾਨਚੈਸਟਰ ਅਤੇ ਸੰਨ 2010 ਵਿਚ ਦਿੱਲੀ ਦੀਆਂ 19ਵੀਆਂ ਕਾਮਨਵੈਲਥ ਗੇਮਜ਼ ਲਈ ਪੂਰੀ ਸ਼ਰਧਾ ਤੇ ਖੇਡ ਭਾਵਨਾ ਨਾਲ ਖੇਡ ਪੱਤਰਕਾਰ ਵਜੋਂ ਕੰਮ ਕੀਤਾ। ਕੈਨੇਡਾ ਆ ਕੇ ਵੀ ਪੈਸੇ ਬਣਾਉਣ ਦੀ ਝਾਕ ਨਹੀਂ ਰੱਖੀ। ਕੈਨਨ ਤੇ ਨੀਕੌਨ ਦੇ ਕੈਮਰਿਆਂ ਨਾਲ ਦੁਨੀਆ ਵਿਚ ਭਾਂਤ-ਭਾਂਤ ਦੇ ਰੰਗ ਤਮਾਸ਼ੇ ਦੇਖੇ। ਨੌਜਵਾਨ ਵਰਗ ਵਿਚ ਖੇਡਾਂ ਨੂੰ ਨਵੀਂ ਦਿੱਖ ਤੇ ਸੇਧ ਦੇਣ ਲਈ ਕਈ ਮੁਲਕਾਂ ਵਿਚ ‘ਐਥਲੀਟ ਐਕਸ਼ਨ ਫੋਟੋਆਂ’ ਦੀ ਪ੍ਰਦਰਸ਼ਨੀ ਵੀ ਲਾਈ। ਮਾਂ ਖੇਡ ਕਬੱਡੀ ਦੇ ਅਣਗਿਣਤ ਮੇਲੇ ਭਾਰਤ, ਪਾਕਿਸਤਾਨ, ਇਰਾਨ, ਇਰਾਕ, ਇੰਗਲੈਂਡ, ਇਟਲੀ, ਆਸਟਰੇਲੀਆ, ਅਮਰੀਕਾ, ਕੈਨੇਡਾ ਆਦਿ ਮੁਲਕਾਂ ਵਿਚ ਕਰਵਾਏ।
ਕੈਨੇਡਾ ਦੇ ਸ਼ਹਿਰ ਹੈਮਿਲਟਨ ਤੋਂ 1930 ਵਿਚ ਸ਼ੁਰੂ ਹੋਈਆਂ ਕਾਮਨਵੈਲਥ ਗੇਮਜ਼ 92 ਸਾਲ ਵਿਚ 9 ਮੁਲਕਾਂ ਦੇ 19 ਸ਼ਹਿਰਾਂ ਦਾ ਸਫਰ ਤੈਅ ਕਰ ਕੇ 2022 ਵਿਚ ਇੰਗਲੈਂਡ ਦੇ ਸ਼ਹਿਰ ਬਰਮਿੰਘਮ ਪਹੁੰਚ ਗਈਆਂ ਹਨ। ਕਾਮਨਵੈਲਥ ਦੇ 6 ਮੁਲਕਾਂ ਆਸਟਰੇਲੀਆ, ਕੈਨੇਡਾ, ਇੰਗਲੈਂਡ, ਸਕਾਟਲੈਂਡ ਨਿਊਜ਼ੀਲੈਂਡ ਤੇ ਵੇਲਜ਼ ਨੇ ਹਰੇਕ ਕਾਮਨਵੈਲਥ ਗੇਮਜ਼ ਵਿਚ ਭਾਗ ਲਿਆ।
5ਵੀਆਂ ਕਾਮਨਵੈਲਥ ਗੇਮਜ਼ ਸੰਨ 1954 ਵਿਚ ਵੈਨਕੂਵਰ ਵਿਖੇ ਹੋਈਆਂ ਸਨ ਜਿਨ੍ਹਾਂ ਵਿਚ ਪਾਕਿਸਤਾਨ ਤੇ ਰੋਡੇਸ਼ੀਆ ਨੇ ਅਤੇ ਸੰਨ 1958 ਵਿਚ ਕਾਰਡਿਫ-ਵੇਲਜ਼ (ਯੂ ਕੇ) ਵਿਚ ਸਿੰਗਾਪੁਰ, ਘਾਨਾ ਤੇ ਕੀਨੀਆ ਨੇ ਪਹਿਲੀ ਵਾਰ ਭਾਗ ਲਿਆ ਸੀ। ਸੰਨ 1966 ਵਿਚ ਕੈਰਬਿਅਨ ਕਾਮਨਵੈਲਥ ਮੁਲਕ ਜਮਾਇਕਾ ਨੇ ਰਾਜਧਾਨੀ ਕਿੰਗਸਟਨ ਵਿਖੇ 8ਵੀਆਂ ਕਾਮਨਵੈਲਥ ਗੇਮਜ਼ ਦਾ ਬਹੁਤ ਹੀ ਸ਼ਾਨਦਾਰ ਪ੍ਰਬੰਧ ਕੀਤਾ ਸੀ। ਏਸ਼ੀਆ ਮਹਾਂਦੀਪ ਵਿਚ ਸਿਰਫ ਦੋ ਵਾਰ, 1998 ਵਿਚ ਮਲੇਸ਼ਆ ਦੀ ਰਾਜਧਾਨੀ ਕੁਆਲਾਲੰਮਪੁਰ ਤੇ 2010 ਵਿਚ ਭਾਰਤ ਦੀ ਰਾਜਧਾਨੀ ਦਿੱਲੀ ਵਿਖੇ ਹੀ ਹੋਈਆਂ ਹਨ। ਪਿਛਲੀਆਂ ਕਾਮਨਵੈਲਥ ਗੇਮਜ਼ ਸਾਲ 2018 ਵਿਚ ਗੋਲਡਕੋਸਟ ਆਸਟ੍ਰੇਲੀਆ ਵਿਖੇ ਹੋਈਆਂ ਸਨ ਅਤੇ ਅਗਲੀਆਂ 23ਵੀਆਂ ਕਾਮਨਵੈਲਥ ਗੇਮਜ਼ ਆਸਟ੍ਰੇਲੀਆ ਦੇ ਰਾਜ ਵਿਕਟੋਰੀਆ ਵਿਖੇ 7 ਤੋਂ 29 ਮਾਰਚ 2026 ਨੂੰ ਹੋਣੀਆਂ ਮਿੱਥੀਆਂ ਗਈਆਂ ਹਨ।
ਸੰਤੋਖ ਸਿੰਘ ਮੰਡੇਰ