ਭਗਤ ਸੂਰਦਾਸ

ਗੁਰਨਾਮ ਕੌਰ, ਕੈਨੇਡਾ
ਭਗਤ ਸੂਰਦਾਸ ਉਨ੍ਹਾਂ ਭਗਤ-ਜਨਾਂ ਵਿਚ ਸ਼ਾਮਲ ਹਨ, ਜਿਨ੍ਹਾਂ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੋਣ ਦਾ ਮਾਣ ਪ੍ਰਾਪਤ ਹੈ। “ਸਿੱਖ ਇਨਸਾਈਕਲੋਪੀਡੀਆ” ਅਨੁਸਾਰ ਭਗਤ ਸੂਰਦਾਸ ਦਾ ਅਸਲੀ ਨਾਮ ਮਦਨ ਮੋਹਨ ਸੀ ਅਤੇ ਉਨ੍ਹਾਂ ਦਾ ਜਨਮ 1529 ਈਸਵੀ ਵਿਚ ਉਚ-ਦਰਜੇ ਦੇ ਬ੍ਰਾਹਮਣ ਪਰਿਵਾਰ ਵਿਚ ਹੋਇਆ ਮੰਨਿਆ ਜਾਂਦਾ ਹੈ। ਭਗਤ ਸੂਰਦਾਸ ਵਿਚ ਸੰਗੀਤ ਅਤੇ ਕਵਿਤਾ ਦਾ ਕੁਦਰਤੀ ਗੁਣ ਸੀ, ਜੋ ਵੱਡੇ ਹੋਣ ਦੇ ਨਾਲ ਨਾਲ ਨਿੱਖਰਦਾ ਗਿਆ ਅਤੇ ਉਨ੍ਹਾਂ ਨੂੰ ਕਵਿਤਾ ਅਤੇ ਸੰਗੀਤ ਵਿਚ ਬਹੁਤ ਮੁਹਾਰਤ ਹਾਸਲ ਹੋ ਗਈ।

ਬਹੁਤ ਜਲਦੀ ਉਹ ਕਵੀ ਦੇ ਤੌਰ `ਤੇ ਸਥਾਪਤ ਹੋ ਗਏ ਅਤੇ ਪ੍ਰਸਿੱਧੀ ਪ੍ਰਾਪਤ ਕਰ ਲਈ। ਉਹ ਬੜੇ ਡੂੰਘੇ ਜਜ਼ਬੇ ਨਾਲ ਰੱਬੀ ਪ੍ਰੇਮ ਦੇ ਗੀਤ ਗਾਉਂਦੇ। ਕਿਹਾ ਜਾਂਦਾ ਹੈ ਕਿ ਉਸ ਸਮੇਂ ਦੇ ਬਾਦਸ਼ਾਹ ਅਕਬਰ ਦਾ ਧਿਆਨ ਉਨ੍ਹਾਂ ਵੱਲ ਖਿੱਚਿਆ ਗਿਆ ਅਤੇ ਬਾਦਸ਼ਾਹ ਨੇ ਭਗਤ ਜੀ ਨੂੰ ਅਵਧ ਦੇ ਸੰਦੀਲਾ ਪਰਗਣੇ ਦਾ ਗਵਰਨਰ ਲਾ ਦਿੱਤਾ। ਪ੍ਰੰਤੂ ਸੂਰਦਾਸ ਦੀ ਦਿਲਚਸਪੀ ਅਜਿਹੇ ਸੰਸਾਰਕ ਅਹੁਦਿਆਂ ਵੱਲ ਨਹੀਂ ਸੀ ਕਿਉਂਕਿ ਉਨ੍ਹਾਂ ਦਾ ਦਿਲ ਤਾਂ ਕਿਧਰੇ ਹੋਰ ਖੁਭਿਆ ਹੋਇਆ ਸੀ। ਉਨ੍ਹਾਂ ਨੇ ਸੰਸਾਰਕ ਕੰਮਾਂ ਦਾ ਤਿਆਗ ਕਰ ਦਿੱਤਾ ਅਤੇ ਸੰਤਾਂ ਦੀ ਸੰਗਤਿ ਵਿਚ ਸ਼ਾਮਲ ਹੋ ਕੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਪਰਮਾਤਮਾ ਦੀ ਭਗਤੀ ਵਾਲੇ ਪਾਸੇ ਲਾ ਲਿਆ। ਉਨ੍ਹਾਂ ਦਾ ਅਕਾਲ ਚਲਾਣਾ ਬਨਾਰਸ ਵਿਖੇ ਹੋਇਆ ਜਿੱਥੇ ਸ਼ਹਿਰ ਵਿਚ ਹੁਣ ਵੀ ਉਨ੍ਹਾਂ ਦੀ ਯਾਦਗਾਰ ਬਣੀ ਹੋਈ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਭਗਤ ਸੂਰਦਾਸ ਦਾ ਇੱਕ ਸ਼ਬਦ ‘ਰਾਗ ਸਾਰੰਗ’ ਵਿਚ ਰਚਿਆ ਹੋਇਆ ਸ਼ਾਮਲ ਹੈ। ਅਸਲ ਵਿਚ ਭਗਤ ਜੀ ਦਾ ਇਹ ਸ਼ਬਦ ਵੀ ਪੂਰਾ ਨਹੀਂ ਹੈ ਕੇਵਲ ਇੱਕ ਪੰਗਤੀ ਹੈ। ਵਿਸ਼ਵਾਸ ਕੀਤਾ ਜਾਂਦਾ ਹੈ ਕਿ ਪੂਰਾ ਸ਼ਬਦ ਇਸ ਲਈ ਨਹੀਂ ਦਿੱਤਾ ਗਿਆ ਕਿਉਂਕਿ ਇਸ ਵਿਚ ਜੋ ਮਨੁੱਖ ਪਰਮਾਤਮਾ ਤੋਂ ਬੇਮੁੱਖ ਹੋ ਜਾਂਦਾ ਹੈ ਉਸ ਨੂੰ ‘ਅਸਾਧ ਪਾਪੀ’ ਕਿਹਾ ਹੈ ਜਿਸ ਦੇ ਪਾਰਉਤਾਰੇ ਦੀ ਕੋਈ ਆਸ ਨਹੀਂ ਬਚੀ। ਗੁਰੂ ਅਰਜਨ ਦੇਵ ਜੀ ਨੇ ਬਾਕੀ ਦਾ ਸ਼ਬਦ ਛੱਡ ਦਿੱਤਾ ਜਾਪਦਾ ਹੈ ਜੋ ਗੁਰਮਤਿ ਆਸ਼ੇ ਦੇ ਉਲਟ ਹੈ ਕਿਉਂਕਿ ਗੁਰਮਤਿ ਅਨੁਸਾਰ ਪਰਮਾਤਮਾ ਦੀ ਮਿਹਰ ਦੀ ਨਜ਼ਰ ਘੋਰ ਤੋਂ ਘੋਰ ਪਾਪੀ ‘ਤੇ ਵੀ ਪੈ ਸਕਦੀ ਹੈ। ਇਸ ਲਈ ਪੰਚਮ ਪਾਤਿਸ਼ਾਹ ਨੇ ਇਸ ਪੰਕਤੀ ਨੂੰ ਪੂਰਾ ਕਰਨ ਲਈ ਨਾਲ ਆਪਣੀ ਪੰਕਤੀ ਸ਼ਾਮਲ ਕੀਤੀ। ਅਸੀਂ ਕਹਿ ਸਕਦੇ ਹਾਂ ਕਿ ਗੁਰੂ ਪਾਤਿਸ਼ਾਹ ਨੇ ਇੱਕ ਤਰ੍ਹਾਂ ਦਾ ਇਹ ਭਗਤ ਸੂਰਦਾਸ ਨਾਲ ਸੰਵਾਦ ਰਚਾਇਆ ਹੈ ਜਿਸ ਤਰ੍ਹਾਂ ਦਾ ਸੰਵਾਦ ਬਾਬਾ ਫ਼ਰੀਦ ਨਾਲ ਗੁਰੂ ਅਮਰ ਦਾਸ ਅਤੇ ਗੁਰੂ ਅਰਜਨ ਸਾਹਿਬ ਨੇ ਉਨ੍ਹਾਂ ਦੇ ਸਲੋਕਾਂ ਵਿਚ ਰਚਾਇਆ ਹੈ।
ਭਗਤ ਸੂਰਦਾਸ, ਜਿਸ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਹੈ, ਉਸ ਨੇਤਰਹੀਣ ਕਵੀ ਸੂਰਦਾਸ ਤੋਂ ਵੱਖਰਾ ਹੈ, ਜਿਸ ਨੇ “ਸੂਰ ਸਾਗਰ” ਦੀ ਰਚਨਾ ਕੀਤੀ।
ਭਗਤ ਸੂਰਦਾਸ ਜੀ ਦੀ ਪੰਕਤੀ ਹੈ:
ਛਾਡਿ ਮਨ ਹਰਿ ਬਿਮੁਖਨ ਕੋ ਸੰਗੁ॥
(ਪੰ.1253)
ਇਸ ਤੁਕ ਵਿਚ ਭਗਤ ਸੂਰਦਾਸ ਆਪਣੇ ਮਨ ਜਾਂ ਆਪੇ ਨੂੰ ਪਰਮਾਤਮਾ ਤੋਂ ਮੁੱਖ ਮੋੜਨ ਵਾਲੇ ਲੋਕਾਂ ਦਾ ਸਾਥ ਤਿਆਗ ਦੇਣ ਦਾ ਉਪਦੇਸ਼ ਦਿੰਦੇ ਹਨ ਕਿ ਜੋ ਲੋਕ ਪਰਮਾਤਮਾ ਵੱਲ ਧਿਆਨ ਨਹੀਂ ਲਾਉਂਦੇ ਜਾਂ ਉਸ ਤੋਂ ਮੂੰਹ ਦੂਜੇ ਪਾਸੇ ਕਰ ਕੇ ਚੱਲਦੇ ਹਨ, ਉਨ੍ਹਾਂ ਦੀ ਸੰਗਤਿ ਦਾ ਤਿਆਗ ਕਰ ਦੇਣਾ ਚਾਹੀਦਾ ਹੈ ਅਰਥਾਤ ਪਰਮਾਤਮਾ ਦੇ ਭਗਤਾਂ ਦੀ ਹੀ ਸੰਗਤਿ ਕਰਨੀ ਚਾਹੀਦੀ ਹੈ।
ਪ੍ਰੋਫੈਸਰ ਸਾਹਿਬ ਸਿੰਘ ਨੇ “ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ” ਵਿਚ ਨੋਟ ਦਿੱਤਾ ਹੈ ਕਿ “ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਜਿਸ ਭੀ ਭਗਤ ਦੀ ਬਾਣੀ ਦਰਜ ਹੋਈ ਹੈ, ਆਮ ਤੌਰ `ਤੇ ਉਸ ਦਾ ਨਾਮ ਉਸ ਦੀ ਬਾਣੀ ਲਿਖਣ ਤੋਂ ਪਹਿਲਾਂ ਲਿਖ ਦਿੱਤਾ ਗਿਆ ਹੈ। ਪਰ ਇਹ ਕਿਸੇ ਸ਼ਬਦ ਦੀ ਇੱਕੋ ਹੀ ਤੁਕ ਹੈ, ਇਸ ਦੇ ਸ਼ੁਰੂ ਵਿਚ ਇਸ ਦੇ ਉਚਾਰਨ ਵਾਲੇ ਭਗਤ ਦਾ ਨਾਮ ਭੀ ਨਹੀਂ ਦਿੱਤਾ ਗਿਆ, ਤੇ ਨਾਹ ਹੀ ਸਾਰਾ ਸ਼ਬਦ ਹੈ ਜਿੱਥੋਂ ਉਸ ਦਾ ਨਾਮ ਪਤਾ ਲੱਗ ਸਕੇ। ਜੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰੋਂ ਹੋਰ ਕੋਈ ਗਵਾਹੀ ਨਾ ਲਈ ਜਾਏ ਤਾਂ ਇਹ ਕਿਸ ਦੀ ਉਚਾਰੀ ਹੋਈ ਤੁਕ ਸਮਝੀ ਜਾਏ?
ਇਸ ਦਾ ਉੱਤਰ ਅਗਲੇ ਸ਼ਬਦ ਦੇ ਸ਼ੁਰੂ ਵਿਚ ਲਿਖੇ ਸਿਰ-ਲੇਖ ਤੋਂ ਮਿਲਦਾ ਹੈ, ਭਾਵ, ਇਹ ਇੱਕ ਤੁਕ ‘ਸੂਰਦਾਸ’ ਜੀ ਦੀ ਹੈ। ਪਰ ਇਹ ਅਗਲਾ ਸਿਰ-ਲੇਖ ਭੀ ਰਤਾ ਗਹੁ ਨਾਲ ਵੇਖਣ ਵਾਲਾ ਹੈ; ਸਿਰ-ਲੇਖ ਇਉਂ ਹੈ:-
‘ਸਾਰੰਗ ਮਹਲਾ 5 ਸੂਰਦਾਸ’
ਜੇ ਅਗਲਾ ਸ਼ਬਦ ਭਗਤ ਸੂਰਦਾਸ ਜੀ ਦਾ ਹੁੰਦਾ, ਤਾਂ ਲਫ਼ਜ਼ ‘ਮਹਲਾ 5’ ਇਸ ਸਿਰ-ਲੇਖ ਦੇ ਨਾਲ ਨਾਹ ਹੁੰਦੇ। ਲਫ਼ਜ਼ ‘ਮਹਲਾ 5’ ਦੱਸਦੇ ਹਨ ਕਿ ਇਹ ਅਗਲਾ ਸ਼ਬਦ ਗੁਰੂ ਅਰਜਨ ਸਾਹਿਬ ਜੀ ਦਾ ਆਪਣਾ ਉਚਾਰਿਆ ਹੋਇਆ ਹੈ।”
ਪ੍ਰੋਫੈਸਰ ਸਾਹਿਬ ਸਿੰਘ ਨੇ ਅੱਗੇ ਪ੍ਰਸ਼ਨ ਕੀਤਾ ਹੈ ਕਿ “ਇਥੇ ਕਿਸ ਸਬੰਧ ਵਿਚ ਇਸ ਸ਼ਬਦ ਦੀ ਲੋੜ ਪਈ?” ਅਤੇ ਇਸ ਦਾ ਉੱਤਰ ਦਿੱਤਾ ਹੈ ਕਿ “ਉੱਪਰ-ਦਿੱਤੀ ਹੋਈ ਇੱਕ ਤੁਕ ਦੀ ਵਿਆਖਿਆ ਕਰਨ ਲਈ, ਕਿ ਹਰੀ ਤੋਂ ਬੇ-ਮੁਖਾਂ ਦਾ ਸੰਗ ਕਿਵੇਂ ਛੱਡਣਾ ਹੈ। ਸੋ, ਇਸ ਸਿਰ-ਲੇਖ ਵਿਚ ਸੂ੍ਰਦਾਸ ਜੀ ਨੂੰ ਸੰਬੋਧਿਨ ਕਰ ਕੇ ਗੁਰੂ ਅਰਜਨ ਦੇਵ ਜੀ ਅਗਲਾ ਸ਼ਬਦ ਉੱਚਾਰ ਕੇ ਫੁਰਮਾਂਦੇ ਹਨ ਕਿ ਜਿਉਂ ਜਿਉਂ ‘ਹਰਿ ਕੇ ਸੰਗ ਬਸੇ ਹਰਿ ਲੋਕ’ ਤਿਉਂ ਤਿਉਂ ‘ਆਨ ਬਸਤੁ ਸਿਉ ਕਾਜੁ ਨ ਕਛੂਐ’; ਇਸ ਤਰ੍ਹਾਂ ਸੁਤੇ ਹੀ ਹਰੀ ਤੋਂ ਬੇਮੁਖਾਂ ਨਾਲੋਂ ਸਾਥ ਛੁੱਟ ਜਾਂਦਾ ਹੈ, ਕਿਸੇ ਤੋਂ ਨਫ਼ਰਤਿ ਕਰਨ ਦੀ ਲੋੜ ਨਹੀਂ ਪੈਂਦੀ।”
‘ਸ਼ਬਦਾਰਥ’ ਸ੍ਰੀ ਗੁਰੂ ਗ੍ਰੰਥ ਸਾਹਿਬ ਅਨੁਸਾਰ “ਭਾਈ ਬੰਨੋ ਦੀ ਬੀੜ ਵਿਚ ਇਹ ਸ਼ਬਦ ਸਾਰੇ ਦਾ ਸਾਰਾ ਦਿੱਤਾ ਹੈ। ਪਰ ਸ੍ਰੀ ਕਰਤਾਰ ਪੁਰ ਵਾਲੀ ਬੀੜ ਵਿਚ ਪਹਿਲੀ ਤੁਕ ਹੀ ਦਿੱਤੀ ਹੈ। ਬਾਕੀਆਂ ਵਿਚ ਬੇਮੁਖ ਨੂੰ ਸੱਪ, ਹਾਥੀ, ਕਾਂ, ਗਦੋਂ, ਪੱਥਰ, ਕਾਲੀ ਕਮਲੀ ਨਾਲ ਤਸ਼ਬੀਹ ਦੇ ਕੇ ਸਦਾ ਲਈ ਅਮੋੜ ਤੇ ਅਭਿੱਗ ਸਾਬਤ ਕੀਤਾ ਹੋਇਆ ਹੈ ਅਤੇ ਸੁਧਾਰ ਦੀ ਕੋਈ ਆਸ ਨਹੀਂ ਦੱਸੀ ਹੋਈ, ਇਸ ਲਈ ਗੁਰੂ ਜੀ ਨੇ ਸੂਚਨਾ ਮਾਤਰ ਇਕ ਤੁਕ ਦੇ ਕੇ ਬਾਕੀ ਦੀਆਂ ਤੁਕਾਂ ਛੱਡ ਦਿੱਤੀਆਂ ਮਾਲੂਮ ਹੁੰਦੀਆਂ ਹਨ।” ਇਸ ਦੇ ਨਾਲ ਹੀ ਸ਼ਬਦਾਰਥ ਵਿਚ ਇਹ ਵੀ ਨੋਟ ਦਿੱਤਾ ਹੈ ਕਿ “(ਇਹ ਉਹ ਮਸ਼ਹੂਰ ਨੇਤ੍ਰਹੀਣ ਸੂਰਦਾਸ ਨਹੀਂ ਜੋ ਵੈਸ਼ਨਵਾਂ ਦਾ ਮਹਾਤਮਾ ਭਗਤ ਹੋਇਆ ਹੈ।) ਇਹ ਭਗਤ ਮਦਨ ਮੋਹਨ ਨਾਮ ਦਾ ਬ੍ਰਾਹਮਣ ਹੋਇਆ ਹੈ ਜੋ ਸੰਮਤ 1586 ਵਿਚ ਪੈਦਾ ਹੋਇਆ। ਇਹ ਸੰਸਕ੍ਰਿਤ, ਹਿੰਦੀ, ਫ਼ਾਰਸੀ ਦਾ ਪੂਰਨ ਵਿਦਵਾਨ ਅਤੇ ਅਕਬਰ ਦੇ ਵੇਲੇ ਅਵਧ ਦੇ ਇਲਾਕੇ ਸੰਦੀਲਾ ਦਾ ਹਾਕਮ ਸੀ ਪਰ ਪਿਛੋਂ ਵੈਰਾਗਵਾਨ ਹੋ ਕੇ ਤਿਆਗੀ ਹੋ ਗਿਆ। ਇਸ ਦੀ ਸਮਾਧ ਕਾਂਸੀ ਵਿਚ ਹੈ।”
ਭਗਤ ਸੂਰਦਾਸ ਜੀ ਦੀ ਪੰਕਤੀ ਤੋਂ ਬਾਅਦ ਪੰਚਮ ਪਾਤਿਸ਼ਾਹ ਗੁਰੂ ਅਰਜਨ ਦੇਵ ਜੀ ਨੇ “ਸਾਰੰਗ ਮਹਲਾ 5 ਸੂਰਦਾਸ॥” ਸਿਰਲੇਖ ਹੇਠ ਸੰਵਾਦ ਰਚਾਉਂਦਿਆਂ ਇਸ ਨੂੰ ਸੰਪੂਰਨਤਾ ਬਖਸ਼ਿਸ਼ ਕੀਤੀ ਹੈ:
ਹਰਿ ਕੇ ਸੰਗ ਬਸੇ ਹਰਿ ਲੋਕ॥
ਤਨੁ ਮਨੁ ਅਰਪਿ ਸਰਬਸੁ ਸਭੁ ਅਰਪਿਓ ਅਨਦ ਸਹਜ ਧੁਨਿ ਝੋਕ॥1॥ਰਹਾਉ॥
ਦਰਸਨੁ ਪੇਖਿ ਭਏ ਨਿਰਬਿਖਈ ਪਾਏ ਹੈ ਸਗਲੇ ਥੋਕ॥
ਆਨ ਬਸਤੁ ਸਿਉ ਕਾਜੁ ਨ ਕਛੂਐ ਸੁੰਦਰ ਬਦਨ ਅਲੋਕ॥1॥
ਸਿਆਮ ਸੁੰਦਰ ਤਜਿ ਆਨ ਜੁ ਚਾਹਤ ਜਿਉ ਕੁਸਟੀ ਤਨਿ ਜੋਕ॥
ਸੂਰਦਾਸ ਮਨੁ ਪ੍ਰਭਿ ਹਥਿ ਲੀਨੋ ਦੀਨੋ ਇਹੁ ਪਰਲੋਕ॥2॥1॥8॥
(ਪੰ.1253)
ਸ਼ਬਦ ਦਾ ਭਾਵ ਹੈ ਕਿ ਪਰਮਾਤਮਾ ਦੀ ਬੰਦਗੀ ਕਰਨ ਵਾਲੇ ਭਗਤ ਪਰਮਾਤਮਾ ਦੇ ਸੰਗਿ ਅਰਥਾਤ ਉਸ ਦੇ ਸਾਥ ਵਿਚ ਵਸਦੇ ਹਨ ਅਤੇ ਕੁਦਰਤੀ ਹੈ ਕਿ ਜੋ ਪਰਮਾਤਮਾ ਦੀ ਭਗਤੀ ਵਿਚ ਲੱਗੇ ਹੁੰਦੇ ਹਨ, ਪਰਮਾਤਮਾ ਦੀ ਭਗਤੀ ਦਾ ਸਾਥ ਮਾਣਦੇ ਹਨ ਉਨ੍ਹਾਂ ਦਾ ਸਾਥ ਬੇਮੁਖਾਂ ਨਾਲੋਂ ਆਪਣੇ ਆਪ ਛੁੱਟ ਜਾਂਦਾ ਹੈ। ਇਸ ਲਈ ਪਰਮਾਤਮਾ ਦੀ ਭਗਤੀ ਕਰਨ ਵਾਲੇ ਲੋਕ ਰੱਬ ਤੋਂ ਬੇਮੁਖ ਹੋ ਗਏ ਬੰਦਿਆਂ ਦੀ ਸੰਗਤਿ ਛੱਡ ਕੇ ਆਪਣਾ ਤਨ, ਮਨ ਅਤੇ ਸਾਰਾ ਧਨ-ਪਦਾਰਥ ਉਸ ਪ੍ਰਭੂ ਦੇ ਹਵਾਲੇ ਕਰ ਦਿੰਦੇ ਹਨ ਅਰਥਾਤ ਤਨ, ਮਨ ਅਤੇ ਧਨ ਦੇ ਪੂਰਨ ਸਮਰਪਣ ਨਾਲ ਉਨ੍ਹਾਂ ਨੂੰ ਹਰ ਤਰ੍ਹਾਂ ਦਾ ਸੁਖ ਉਸੇ ਦੇ ਦਰਸ਼ਨਾਂ ਵਿਚੋਂ ਲੱਭਦਾ ਹੈ, ਉਹ ਉਸ ਪਰਮਾਤਮ-ਅਨੁਭਵ ਵਿਚੋਂ ਪੂਰਨ ਅਨੰਦ ਮਾਣਦੇ ਹਨ। ਇਸ ਤਰ੍ਹਾਂ ਹਰ ਰੋਜ਼ ਪੂਰਨ ਅਨੰਦ ਦੀ ਧੁਨੀ ਉਠਦੀ ਹੈ, ਉਨ੍ਹਾਂ ਦਾ ਮਨ ਸਹਿਜ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਹੈ (ਮਨ ਦੇ ਪੂਰਨ ਟਿਕਾਉ ਕਰ ਕੇ ਜਦ ਅਨੰਦ ਦੀ ਸ਼ਕਲ ਸੰਗੀਤਕ ਹੋ ਜਾਏ, ਉਹ ਸਹਿਜ-ਧੁਨੀ ਕਹੀ ਜਾਂਦੀ ਹੈ) ਅਤੇ ਅਨੰਦ ਦਾ ਹੁਲਾਰਾ ਆਉਂਦਾ ਹੈ। ਉਸ ਅਕਾਲ ਪੁਰਖ ਪਰਵਰਦਗਾਰ ਦੇ ਦਰਸ਼ਨ ਦੇਖ ਕੇ ਮਨ ਹਰ ਤਰ੍ਹਾਂ ਦੇ ਵਿਸ਼ੇ-ਵਿਕਾਰਾਂ ਤੋਂ ਰਹਿਤ ਹੋ ਜਾਂਦਾ ਹੈ ਅਤੇ ਹਰ ਤਰ੍ਹਾਂ ਦਾ ਸੁਖਾਂ ਦਾ ਖਜ਼ਾਨਾ ਪ੍ਰਾਪਤ ਹੋ ਜਾਂਦਾ ਹੈ। ਉਸ ਪ੍ਰਭੂ ਦਾ ਸੁੰਦਰ ਮੁਖ ਦੇਖ ਕੇ ਹੋਰ ਕਿਸੇ ਵਸਤੂ ਜਾਂ ਕੰਮ ਨਾਲ ਵਾਸਤਾ ਨਹੀਂ ਰਹਿੰਦਾ ਅਰਥਾਤ ਪਰਮਾਤਮਾ ਦੇ ਦਰਸ਼ਨ ਕਰ ਕੇ ਅਜਿਹੇ ਮਨੁੱਖ ਹੋਰ ਹਰ ਤਰ੍ਹਾਂ ਦੇ ਵਿਸ਼ੇ-ਵਿਕਾਰਾਂ ਤੋਂ ਬਚ ਜਾਂਦੇ ਹਨ। ਜਿਹੜੇ ਮਨੁੱਖ ਉਸ ਸੁਹਣੇ, ਸੁੰਦਰ, ਸੱਜਣ ਪਰਮਾਤਮਾ ਨੂੰ ਤਿਆਗ ਕੇ ਹੋਰ ਚੀਜ਼ਾਂ ਦੀ ਇੱਛਾ ਪਾਲਦੇ ਹਨ ਭਾਵ ਦੁਨਿਆਵੀ ਵਿਸ਼ੇ-ਵਿਕਾਰਾਂ ਵਿਚ ਗਲਤਾਨ ਹੋ ਜਾਂਦੇ ਹਨ, ਉਹ ਹੋਰ ਕੰਮਾਂ ਵਿਚ ਉਸੇ ਤਰ੍ਹਾਂ ਮੁੱਕ ਜਾਂਦੇ ਹਨ ਜਿਵੇਂ ਕੁਸ਼ਟੀ ਦੇ ਤਨ ਨੂੰ ਲੱਗੀ ਹੋਈ ਜੋਕ ਉਸ ਦਾ ਗੰਦਾ ਖੂਨ ਪੀ ਕੇ ਉਥੇ ਹੀ ਮਰ ਜਾਂਦੀ ਹੈ। ਪਰ ਹੇ ਸੂਰਦਾਸ! ਜਿਨ੍ਹਾਂ ਨੇ ਆਪਣਾ ਆਪਾ ਪਰਮਾਤਮਾ ਦੇ ਸਪੁਰਦ ਕਰ ਦਿੱਤਾ ਹੈ, ਜਿਨ੍ਹਾਂ ਦਾ ਮਨ ਪ੍ਰਭੂ ਨੇ ਆਪਣੇ ਹੱਥ ਵਿਚ ਲੈ ਲਿਆ ਹੈ, ਉਨ੍ਹਾਂ ਨੂੰ ਉਸ ਨੇ ਇਹ ਲੋਕ ਅਤੇ ਪਰਲੋਕ ਦੋਵੇਂ ਬਖ਼ਸ਼ੇ ਹਨ।
ਪ੍ਰੋਫੈਸਰ ਸਾਹਿਬ ਸਿੰਘ ਅੱਗੇ ਨੋਟ ਲਿਖਦੇ ਹਨ ਕਿ “ਭਾਵੇਂ ਭਗਤ ਸੂਰਦਾਸ ਜੀ ਦੀ ਇਕੋ ਹੀ ਤੁਕ ਦਰਜ ਕੀਤੀ ਹੈ, ਪਰ ਗਿਣਤੀ ਵਿਚ ਉਸ ਨੂੰ ਸਾਰੇ ਸ਼ਬਦ ਵਾਂਗ ਗਿਣਿਆ ਗਿਆ ਹੈ; ਤਾਹੀਏਂ ਹੁਣ ਤਕ ਦੀ ਗਿਣਤੀ 8 ਬਣਦੀ ਹੈ।” ਪ੍ਰੋਫੈਸਰ ਸਾਹਿਬ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਭਗਤ ਬਾਣੀ ਦੇ ਵਿਰੋਧੀ ਸੱਜਣਾਂ ਦੇ ਨੁਕਤੇ ਸਾਂਝੇ ਕਰਦੇ ਹਨ; ਵਿਰੋਧੀਆਂ ਦਾ ਮੰਨਣਾ ਹੈ ਕਿ “ਆਪ ਜੀ ਦੇ ਦੋ ਸ਼ਬਦ ਰਾਗ ਸਾਰੰਗ ਭਗਤ ਬਾਣੀ ਸੰਗ੍ਰਹਿ ਵਿਚ ਅਏ ਹਨ। ਇਕ ਸ਼ਬਦ ਤਾਂ ਪੂਰਾ ਹੈ, ਅਤੇ ਦੂਜੇ ਦੀ ਕੇਵਲ ਇਕੋ ਪੰਗਤੀ ਲਿਖੀ ਹੈ। ਪ੍ਰੰਤੂ ਬੰਨੋ ਵਾਲੀ ਬੀੜ ਵਿਚ ਸੰਪੂਰਨ ਹੈ। ਕਰਤਾਰ ਪੁਰ ਵਾਲੀ ਬੀੜ ਵਿਚ ਸਾਰਾ ਸ਼ਬਦ ਲਿਖ ਕੇ ਉਪਰ ਦੋਬਾਰਾ ਹੜਤਾਲ ਫੇਰੀ ਹੈ। ਪਰ ਉਕਤ ਤੁਕ ਉਤੇ ਹੜਤਾਲ ਫਿਰਨੋਂ ਸੁਤੇ ਹੀ ਰਹਿ ਗਈ ਹੈ, ਜਿਸ ਕਰਕੇ ਪੰਗਤੀ ਉਸ ਦੀ ਨਕਲ ਅਨੁਸਾਰ ਲਿਖੀ ਹੋਈ ਮਿਲਦੀ ਹੈ। ਭਗਤ ਜੀ ਦੇ ਸਿਧਾਂਤ ਹੇਠ ਦਰਜ ਕੀਤੇ ਜਾਂਦੇ ਹਨ:
ਸਿਆਮ ਸੁੰਦਰ ਤਜਿ ਆਨ ਜੁ ਚਾਹਤ, ਜਿਉ ਕੁਸਟੀ ਤਨਿ ਜੋਕ॥
ਸੂਰਦਾਸ ਮਨੁ ਪ੍ਰਭਿ ਹਥਿ ਲੀਨੋ ਦੀਨੋ ਇਹ ਪ੍ਰਲੋਕ॥
(ਸਾਰੰਗ ਸੂਰਦਾਸ)”
“ਉਕਤ ਸ਼ਬਦ ਤੋਂ ਸਿਵਾਇ ਕ੍ਰਿਸ਼ਨ-ਭਗਤੀ ਤੋਂ ਹੋਰ ਕੁਝ ਭੀ ਸਾਬਤ ਨਹੀਂ ਹੁੰਦਾ। ਦੂਜੇ ਸ਼ਬਦ ਦੀ ਇਕੋ ਪੰਗਤੀ ਹੈ, ਉਹ ਇਉਂ ਹੈ- ‘ਛਾਡਿ ਮਨ ਹਰਿ ਬਿਮੁਖਨ ਕੋ ਸੰਗੁ’ ਇਸ ਸ਼ਬਦ ਤੋਂ ਭੀ ਇਹ ਸਿੱਧ ਹੁੰਦਾ ਹੈ ਕਿ ਕ੍ਰਿਸ਼ਨ ਜੀ ਦੀ ਭਗਤੀ ਤੋਂ ਵਾਂਝਿਆਂ ਨੂੰ ਭਗਤ ਜੀ ਬੇ-ਮੁਖ ਕਰ ਕੇ ਪੁਕਾਰਦੇ ਹਨ, ਹੋਰਨਾਂ ਦੇ ਸੰਗ ਤੋਂ ਹਟਾਉਂਦੇ ਹਨ। ਸੋ, ਸਿੱਟਾ ਇਹ ਨਿਕਲਿਆ ਕਿ ਭਗਤ ਸੂਰਦਾਸ ਜੀ ਗੁਰਮਤਿ ਦੇ ਕਿਸੇ ਸਿਧਾਂਤ ਦੀ ਭੀ ਪਰੋੜਤਾ ਨਹੀਂ ਕਰਦੇ, ਸਗੋਂ ਖੰਡਨ ਕਰਦੇ ਹਨ। ”
ਪ੍ਰੋਫੈਸਰ ਸਾਹਿਬ ਸਿੰਘ ਨੇ ਉਪਰੋਕਤ ਵਿਚਾਰ ਦੀ ਅਲੋਚਨਾ ਸਬੰਧੀ ਤਰਕ ਸਿਰਜਦਿਆਂ ਲਿਖਿਆ ਹੈ ਕਿ “ਵਿਰੋਧੀ ਸੱਜਣ ਜੀ ਨੇ ਭਗਤ ਜੀ ਦੇ ਸ਼ਬਦ ਦੇਣ ਲੱਗਿਆਂ ਪਹਿਲਾਂ ਦੂਜਾ ਸ਼ਬਦ ਦਿੱਤਾ ਹੈ। ਇਹ ਇਕ ਡੂੰਘੀ ਭੇਤ ਵਾਲੀ ਗੱਲ ਹੈ। ਬਹਿਸ ਵਿਚ ਵਧੀਆ ਹਥਿਆਰ ਉਹੀ ਜੋ ਵੇਲੇ-ਸਿਰ ਕੰਮ ਦੇ ਜਾਏ। ਜੇ ਪਹਿਲੀ ਤੁਕ ਉਤੇ ਪਹਿਲਾਂ ਵਿਚਾਰ ਕਰਦੇ, ਤਾਂ ਇਸ ਵਿਚੋਂ ਕ੍ਰਿਸ਼ਨ ਜੀ ਦੀ ਭਗਤੀ ਸਿੱਧ ਨਹੀਂ ਹੋ ਸਕਦੀ ਸੀ। ਸੋ, ਉਹਨਾਂ ਦੂਜੇ ਸ਼ਬਦ ਵਿਚੋਂ “ਸਿਆਮ ਸੁੰਦਰ” ਪੇਸ਼ ਕਰਕੇ ਅੰਞਾਣ ਪਾਠਕ ਨੂੰ ਟਪਲਾ ਲਾਣ ਦੀ ਕੋਸ਼ਿਸ਼ ਕੀਤੀ ਹੈ। ਇਹ ਤਰੀਕਾ ਈਮਾਨਦਾਰੀ ਦੀ ਵਿਚਾਰ ਵਾਲਾ ਨਹੀਂ ਹੈ। ਜੇਕਰ ਸ਼ਰਧਾ ਡੋਲ ਹੀ ਗਈ ਹੈ, ਤਾਂ ਭੀ ਸੱਚਾਈ ਲੱਭਣ ਵਾਸਤੇ ਅਸਾਂ ਕਿਸੇ ਵਿੰਗ-ਟੇਢ ਦਾ ਆਸਰਾ ਨਹੀਂ ਲੈਣਾ। ਪਹਿਲੀ ਤੁਕ ਹੈ “ਛਾਡਿ ਮਨ ਹਰਿ ਬਿਮੁਖਨ ਕੋ ਸੰਗੁ॥” ਇਥੇ ਜੇ ਲਫ਼ਜ਼ ‘ਹਰਿ’ ਦਾ ਅਰਥ ‘ਕ੍ਰਿਸ਼ਨ’ ਕਰਨਾ ਹੈ, ਤਾਂ ਫਿਰ ਗੁਰੂ ਗ੍ਰੰਥ ਸਾਹਿਬ ਦੇ ਹਰੇਕ ਪੰਨੇ ਉਤੇ ਇਹ ਲਫ਼ਜ਼ ਖ਼ਬਰੇ ਵੀਹ ਵੀਹ ਵਾਰੀ ਆ ਚੁੱਕਾ ਹੈ। ਕਿਸੇ ਭੀ ਖਿੱਚ-ਘਸੀਟ ਨਾਲ ਲਫ਼ਜ਼ ‘ਹਰਿ’ ਦਾ ਅਰਥ ‘ਕ੍ਰਿਸ਼ਨ’ ਨਹੀਂ ਕੀਤਾ ਜਾ ਸਕਦਾ।”
ਪ੍ਰੋਫੈਸਰ ਸਾਹਿਬ ਸਿੰਘ ਨੇ ਦੂਸਰੇ ਸ਼ਬਦ ਬਾਰੇ ਲਿਖਿਆ ਹੈ ਕਿ “ਲਫ਼ਜ਼ ‘ਸਿਆਮ ਸੁੰਦਰ’ ਵੇਖ ਕੇ ਵਿਰੋਧੀ ਵੀਰ ਨੂੰ ਇਥੇ ਭੀ ਕ੍ਰਿਸ਼ਨ-ਭਗਤੀ ਤੋਂ ਸਿਵਾਇ ਹੋਰ ਕੁੱਝ ਨਹੀਂ ਲੱਭਾ।” ਅਤੇ “ਇਸ ਸ਼ਬਦ ਦਾ ਸਿਰਲੇਖ ਹੈ “ਸਾਰੰਗ ਮਹਲਾ 5 ਸੂਰਦਾਸ।” ਇਹ ਸ਼ਬਦ “ਮਹਲਾ 5” ਦਾ ਹੈ, ਗੁਰੂ ਅਰਜਨ ਸਾਹਿਬ ਦਾ ਹੈ। ਗੁਰੂ ਅਰਜਨ ਸਾਹਿਬ ਨੇ ਤਾਂ ਹੋਰ ਥਾਂ ਭੀ ਲਫ਼ਜ਼ ‘ਸਿਆਮ ਸੁੰਦਰ’ ਸਾਫ਼ ਵਰਤਿਆ ਹੈ:
ਦਰਸਨੁ ਕਉ ਲੋਚੈ ਸਭੁ ਕੋਈ॥
ਪੂਰੇ ਭਾਗਿ ਪਰਾਪਤਿ ਹੋਈ॥1॥ਰਹਾਉ॥
ਸਿਆਮ ਸੁੰਦਰ ਤਜਿ ਨੀਦ ਕਿਉ ਆਈ॥
ਮਹਾ ਮੋਹਨੀ ਦੂਤਾ ਲਾਈ॥1॥…….
ਸੁਣਿ ਸਾਜਨ ਸੰਤ ਜਨ ਭਾਈ॥
ਚਰਣ ਸਰਣ ਨਾਨਕ ਗਤਿ ਪਾਈ॥5॥34॥40॥
(ਪੰਨਾ 745,ਸੂਹੀ ਮਹਲਾ 5)
ਪ੍ਰੋਫੈਸਰ ਸਾਹਿਬ ਸਿੰਘ ਨੇ ਅੱਗੇ ਦੱਸਿਆ ਹੈ ਕਿ ਜਦੋਂ ਪ੍ਰਿੰਸੀਪਲ ਭਾਈ ਜੋਧ ਸਿੰਘ ਜੀ ਕਰਤਾਰਪੁਰ ਵਾਲੀ ਬੀੜ ਦੇ ਦਰਸ਼ਨ ਕਰਨ ਗਏ ਸੀ ਤਾਂ ਖ਼ਾਲਸਾ ਕਾਲਜ ਵਿਚੋਂ ਮਾਸਟਰ ਕੇਹਰ ਸਿੰਘ ਅਤੇ ਪ੍ਰੋਫੈਸਰ ਸਾਹਿਬ ਸਿੰਘ ਭੀ ਨਾਲ ਗਏ ਸੀ ਅਤੇ ਉਨ੍ਹਾਂ ਨੇ ਤਤਕਰੇ ਸਮੇਤ ਸ਼ੁਰੂ ਤੋਂ ਲੈ ਕੇ ਅਖ਼ੀਰ ਤਕ ਹਰ ਪੰਨੇ ਨੂੰ ਚੰਗੀ ਤਰ੍ਹਾਂ ਘੋਖਿਆ ਸੀ ਅਤੇ “ਉਥੇ ਬੀੜ ਵਿਚ ਸਿਰਫ਼ ਇਕੋ ਤੁਕ ਦਰਜ ਹੈ, ਤੇ, ਹੜਤਾਲ ਦਾ ਕਿਤੇ ਨਾਮ-ਨਿਸ਼ਾਨ ਭੀ ਨਹੀਂ।” ਗੁਰੂ ਅਰਜਨ ਸਾਹਿਬ ਵੱਲੋਂ ‘ਸਾਰੰਗ ਮਹਲਾ 5 ਸੂਰਦਾਸ’ ਸਬੰਧੀ ਪ੍ਰੋਫੈਸਰ ਸਾਹਿਬ ਸਿੰਘ ਨੇ ਵੀ ਦਲੀਲ ਦਿੱਤੀ ਹੈ ਕਿ “ਫਰੀਦ ਜੀ ਦੇ ਸ਼ਲੋਕਾਂ ਵਿਚ ਕਈ ਸ਼ਲੋਕ ਐਸੇ ਹਨ ਜੋ ਗੁਰੂ ਅਮਰ ਦਾਸ ਜੀ ਅਤੇ ਗੁਰੂ ਅਰਜਨ ਸਾਹਿਬ ਦੇ ਉਚਾਰੇ ਹੋਏ ਹਨ, ਪਰ ਉਥੇ ਲਫ਼ਜ਼ ‘ਨਾਨਕ’ ਦੇ ਥਾਂ ‘ਫ਼ਰੀਦ’ ਵਰਤਿਆ ਹੈ। ਸਤਿਗੁਰੂ ਜੀ ਨੇ ਫ਼ਰੀਦ ਜੀ ਦੇ ਦਿੱਤੇ ਖਿਆਲ ਦੀ ਵਧੀਕ ਵਿਆਖਿਆ ਕਰਨੀ ਮੁਨਾਸਿਬ ਸਮਝੀ, ਇਸ ਵਾਸਤੇ ਆਪਣੇ ਉਚਾਰੇ ਸ਼ਲੋਕ ਵਿਚ ਭੀ ਲਫ਼ਜ਼ ‘ਫ਼ਰੀਦ’ਵਰਤਿਆ, ਕਿਉਂਕਿ ਉਹ ਸ਼ਲੋਕ ਫ਼ਰੀਦ ਜੀ ਦੇ ਸਬੰਧ ਵਿਚ ਸਨ।
ਅਸੀਂ ਇਥੇ ਕਹਿ ਸਕਦੇ ਹਾਂ ਕਿ ਭਗਤ ਸੂਰਦਾਸ ਦੇ ਖ਼ਿਆਲ ਨੂੰ ਵਿਸਥਾਰ ਦੇਣ ਲਈ ਪੰਚਮ ਪਾਤਿਸ਼ਾਹ ਹਜੂਰ ਨੇ ਭਗਤ ਜੀ ਦੀ ਇਕ ਪੰਗਤੀ “ਛਾਡਿ ਮਨ ਹਰਿ ਬਿਮੁਖਨ ਕੋ ਸੰਗੁ” ਦੇ ਨਾਲ ਆਪਣਾ ਸ਼ਬਦ “ਸਾਰੰਗ ਮਹਲਾ 5 ਸੂਰਦਾਸ” ਦੇ ਸਿਰਲੇਖ ਹੇਠ ਦਿਤਾ ਹੈ। ਇਥੇ ਕਿੰਤੂ-ਪ੍ਰੰਤੂ ਦੀ ਕੋਈ ਗੁੰਜਾਇਸ਼ ਨਹੀਂ ਰਹਿ ਜਾਂਦੀ।