‘ਮੁਹੰਮਦ ਰਫ਼ੀ ਤੂ ਬਹੁਤ ਯਾਦ ਆਇਆ… “

ਮੁਹੰਮਦ ਅੱਬਾਸ ਧਾਲੀਵਾਲ
ਫੋਨ: 98552-59650
ਕਾਇਨਾਤ ਦੇ ਸਿਰਜਣਹਾਰ ਨੇ ਇਸ ਦੁਨੀਆ ਵਿਚ ਮਨੁੱਖ ਨੂੰ ਆਪਣਾ ਨਾਇਬ ਬਣਾ ਕੇ ਭੇਜਿਆ ਹੈ। ਇਨ੍ਹਾਂ ਮਨੁੱਖਾਂ ਵਿਚੋਂ ਹੀ ਕੁਝ ਅਜਿਹੇ ਵਿਅਕਤੀ ਹੋਏ ਜੋ ਉਸ ਰੱਬ ਦੀ ਬਖਸ਼ਿਸ਼ ਸਦਕਾ ਸੰਸਾਰ ਵਿਚ ਆਪਣੀ ਵੱਖਰੀ ਹੀ ਪਛਾਣ ਬਣਾ ਕੇ ਦੁਨੀਆਂ ਨੂੰ ਅਲਵਿਦਾ ਆਖ ਗਏ ਪਰ ਲੋਕ ਅੱਜ ਵੀ ਉਨ੍ਹਾਂ ਨੂੰ ਯਾਦ ਕਰਦੇ ਨਹੀਂ ਥੱਕਦੇ।

ਜਦ ਵੀ ਦੁਨੀਆ `ਚ ਆਵਾਜ਼ ਦੇ ਜਾਦੂਗਰਾਂ ਦੀ ਗਲ ਚੱਲਦੀ ਹੈ ਤਾਂ ਬਿਨਾਂ ਸ਼ੱਕ ਇਕ ਨਾਮ ਆਪ ਮੁਹਾਰੇ ਸਾਹਮਣੇ ਆ ਜਾਂਦਾ ਹੈ, ਉਹ ਹੈ ਬੌਲੀਵੁੱਡ ਦੇ ਪ੍ਰਸਿੱਧ ਪਿੱਠਵਰਤੀ ਗਾਇਕ ਮੁਹੰਮਦ ਰਫੀ ਦਾ, ਗੀਤ ਹੋਵੇ ਚਾਹੇ ਗ਼ਜ਼ਲ ਜਾਂ ਫਿਰ ਕੋਈ ਕੱਵਾਲੀ ਜਾਂ ਨਾਅਤ, ਸ਼ਬਦ ਹੋਏ ਜਾਂ ਭਜਨ, ਰਫੀ ਸਾਹਿਬ ਨੇ ਹਰ ਤਰ੍ਹਾਂ ਦੀ ਗਾਇਕੀ ਵਿਚ ਆਪਣਾ ਲੋਹਾ ਮਨਵਾਇਆ।
ਅੱਜ ਭਾਵੇਂ ਰਫੀ ਸਾਹਿਬ ਨੂੰ ਸਾਥੋਂ ਵਿਛੜਿਆਂ ਲਗਭਗ ਚਾਰ ਦਹਾਕੇ ਬੀਤ ਚੁੱਕੇ ਹਨ ਫਿਰ ਵੀ ਰਫੀ ਸਾਹਿਬ ਦੀ ਆਵਾਜ਼ ਦਾ ਜਾਦੂ ਸਰੋਤਿਆਂ ਦੇ ਸਿਰ ਚੜ੍ਹ ਕੇ ਉਸੇ ਤਰ੍ਹਾਂ ਬੋਲਦਾ ਹੈ ਜਿਵੇਂ ਅੱਜ ਤੋਂ ਕੋਈ ਛੇ ਸੱਤ ਦਹਾਕੇ ਪਹਿਲਾਂ ਬੋਲਿਆ ਕਰਦਾ ਸੀ। ਅੱਜ ਵੀ ਜਦੋਂ ਕਦੀ ਉਨ੍ਹਾਂ ਦੀ ਆਵਾਜ਼ ਰੇਡੀਓ ਤੋਂ ਸੁਣਾਈ ਦਿੰਦੀ ਹੈ ਤਾਂ ਬਿਨਾਂ ਸ਼ੱਕ ਕੰਨਾਂ ਵਿਚ ਸ਼ਹਿਦ ਘੋਲਦੀ ਮਹਿਸੂਸ ਹੁੰਦੀ ਹੈ ਅਤੇ ਨਾਲ ਹੀ ਰੂਹ ਨੂੰ ਤਾਜ਼ਗੀ ਦਿੰਦੀ ਹੈ।
ਮੁਹੰਮਦ ਰਫੀ ਦਾ ਜਨਮ ਅੰਮ੍ਰਿਤਸਰ ਨੇੜਲੇ ਪਿੰਡ ਕੋਟਲਾ ਸੁਲਤਾਨ ਸਿੰਘ ਵਿਖੇ 24 ਦਸੰਬਰ 1924 ਨੂੰ ਇਕ ਸਾਧਾਰਨ ਪਰਿਵਾਰ ਵਿਚ ਹੋਇਆ। ਆਪ ਦੇ ਪਿਤਾ ਹਾਜੀ ਅਲੀ ਮੁਹੰਮਦ ਬਹੁਤ ਹੀ ਨੇਕ ਤੇ ਧਾਰਮਿਕ ਬਿਰਤੀ ਵਾਲੇ ਇਨਸਾਨ ਸਨ। ਮੁਹੰਮਦ ਰਫੀ ਛੇ ਭਰਾਵਾਂ ਵਿਚੋਂ ਦੂਸਰੇ ਨੰਬਰ ’ਤੇ ਸਨ। ਮੁਹੰਮਦ ਰਫ਼ੀ, ਜਿਸਦਾ ਦਾ ਕੱਚਾ-ਨਾਂਅ ‘ਫੀਕੂ’ ਸੀ ਨੇ ਆਪਣੀ ਮੁਢਲੀ ਵਿੱਦਿਆ ਘਰ ਵਿਚ ਹੀ ਪ੍ਰਾਪਤ ਕੀਤੀ। ਉਨ੍ਹਾਂ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਕ ਸੀ। ਇਸ ਲਈ ਪਿੰਡ ਦੇ ਸਕੂਲ ਵਿਚ ਦੂਜੀ ਜਮਾਤ ਤਕ ਹੀ ਪੜ੍ਹਾਈ ਕਰ ਸਕੇ।
ਰਫੀ ਸਾਹਿਬ ਨੇ ਆਪਣੇ ਗਾਉਣ ਦੀ ਪ੍ਰੇਰਣਾ ਦਾ ਖੁਲਾਸਾ ਕਰਦੇ ਹੋਏ ਇਕ ਇੰਟਰਵਿਊ ਦੌਰਾਨ ਕਿਹਾ ਕਿ ਉਹ ਦਸ-ਬਾਰਾਂ ਸਾਲ ਦੇ ਸਨ ਕਿ ਉਨ੍ਹਾਂ ਦੇ ਮੁਹੱਲੇ ਵਿਚ ਫਕੀਰ ਗੀਤ “ਜੱਗ ਵਾਲਾ ਮੇਲਾ ਯਾਰੋ ਥੋੜੀ ਦੇਰ ਦਾ” ਗਾ ਕੇ ਭੀਖ ਮੰਗਿਆ ਕਰਦਾ ਸੀ। ਉਸੇ ਦੀ ਨਕਲ ਕਰਦਿਆਂ ਆਪ ਵੀ ਇਸ ਗੀਤ ਨੂੰ ਬਹੁਤ ਸ਼ੌਕ ਨਾਲ ਗਾਇਆ ਕਰਦੇ ਤੇ ਕਈ ਵਾਰ ਉਸ ਫਕੀਰ ਦਾ ਪਿੱਛਾ ਕਰਦੇ ਹੋਏ ਬਹੁਤ ਦੂਰ ਨਿਕਲ ਜਾਂਦੇ। ਇਸੇ ਦੌਰਾਨ ਰਫ਼ੀ ਦੇ ਪਿਤਾ 1935 ਵਿਚ ਲਾਹੌਰ ਚਲੇ ਗਏ, ਜਿੱਥੇ ਉਨ੍ਹਾਂ ਨੇ ਭੱਟੀ ਗੇਟ ਵਿਚ ਨੂਰ ਮਹਿਲਾਂ ਵਿਚ ਪੁਰਸ਼ਾਂ ਦਾ ਸੈਲੂਨ ਸ਼ੁਰੂ ਕਰ ਦਿੱਤਾ।
ਰਫ਼ੀ ਦੇ ਵੱਡੇ ਭਰਾ ਮੁਹੰਮਦ ਦੀਨ ਦੇ ਦੋਸਤ ਅਬਦੁਲ ਹਮੀਦ ਨੇ ਲਾਹੌਰ ਵਿਚ ਰਫ਼ੀ ਦੀ ਪ੍ਰਤਿਭਾ ਨੂੰ ਪਛਾਣਦਿਆਂ ਉਸ ਨੂੰ ਗਾਇਕੀ ਵੱਲ ਉਤਸ਼ਾਹਿਤ ਕੀਤਾ। ਅਬਦੁਲ ਹਮੀਦ ਨੇ ਹੀ ਬਾਅਦ ਵਿਚ ਰਫ਼ੀ ਦੇ ਪਰਿਵਾਰ ਦੇ ਬਜ਼ੁਰਗਾਂ ਨੂੰ, ਰਫ਼ੀ ਨੂੰ ਮੁੰਬਈ ਭੇਜਣ ਵਾਸਤੇ ਮਨਾਇਆ। ਉਨ੍ਹਾਂ ਨੂੰ ਪਹਿਲੀ ਵਾਰ 13 ਸਾਲ ਦੀ ਉਮਰ ਵਿਚ ਕੇ.ਐੱਲ ਸਹਿਗਲ ਦੀ ਮੌਜੂਦਗੀ ਵਿਚ ਲਾਹੌਰ ਵਿਖੇ ਉਦੋਂ ਗਾਉਣ ਦਾ ਮੌਕਾ ਮਿਲਿਆ ਜਦ ਲਾਈਟ ਚਲੀ ਜਾਣ ਕਾਰਨ ਸਹਿਗਲ ਨੇ ਗਾਉਣ ਤੋਂ ਇਨਕਾਰ ਕਰ ਦਿੱਤਾ ਤੇ ਪੰਡਾਲ ਵਿਚ ਹੰਗਾਮਾ ਮਚ ਗਿਆ। ਇਸ ਵਿਚਕਾਰ ਮੁਹੰਮਦ ਰਫੀ ਨੂੰ ਦਰਸ਼ਕਾਂ ਦੇ ਰੂਬਰੂ ਕੀਤਾ ਗਿਆ। ਜਿਵੇਂ ਹੀ 13 ਸਾਲਾ ਰਫੀ ਨੇ ਗਾਉਣਾ ਸ਼ੁਰੂ ਕੀਤਾ ਤਾਂ ਪੰਡਾਲ ਵਿਚ ਉਨ੍ਹਾਂ ਦੀ ਉੱਚੀ ਤੇ ਸੁਰੀਲੀ ਆਵਾਜ਼ ਸੁਣ ਕੇ ਦਰਸ਼ਕਾਂ ਵਿਚ ਜਿਵੇਂ ਕਬਰਾਂ ਵਰਗੀ ਚੁੱਪ ਛਾ ਗਈ।
ਇਸ ਉਪਰੰਤ 1941 ਵਿਚ ਰਫ਼ੀ ਨੇ ਸਿ਼ਆਮ ਸੁੰਦਰ ਦੇ ਅਧੀਨ ਜੋੜੀ ਵਿਚ ਗਾਣਾ ਗਾਇਆ। ਇਹ ਗਾਣਾ ਸੀ “ਸੋਹਣੀਏ ਨੀਂ, ਹੀਰੀਏ ਨੀਂ” ਜੋ ਕਿ ਜ਼ੀਨਤ ਬੇਗਮ ਨਾਲ ਲਾਹੌਰ ਵਿਚ ਪੰਜਾਬੀ ਫਿਲਮ ‘ਗੁਲ ਬਲੋਚ’ ਵਾਸਤੇ ਗਾਇਆ ਗਿਆ ਸੀ। ਇਸ ਦੇ ਨਾਲ ਹੀ ਉਨ੍ਹਾਂ ਦੀ ਗਾਇਕ ਦੇ ਤੌਰ ’ਤੇ ਸ਼ੁਰੂਆਤ ਹੋ ਗਈ। ਇਸੇ ਦੌਰਾਨ ਮੁਹੰਮਦ ਰਫ਼ੀ ਨੂੰ ਆਲ ਇੰਡੀਆ ਰੇਡੀਓ ਲਾਹੌਰ ਸਟੇਸ਼ਨ ਨੇ ਆਪਣੇ ਵਾਸਤੇ ਗਾਉਣ ਲਈ ਸੱਦਾ ਦਿੱਤਾ।
1944 ਵਿਚ ਰਫ਼ੀ ਸਾਹਿਬ ਮੁੰਬਈ ਚਲੇ ਗਏ। ਉਨ੍ਹਾਂ ਨੇ ਅਬਦੁਲ ਹਮੀਦ ਸਹਿਤ ਮੁੰਬਈ ਦੇ ਭੀੜ-ਭਰੇ ਭਿੰਡੀ ਬਾਜ਼ਾਰ ਵਿਚ ਇਕ ਕਮਰਾ ਕਿਰਾਏ ’ਤੇ ਲੈ ਕੇ ਰਹਿਣਾ ਸ਼ੁਰੂ ਕੀਤਾ। ਕਵੀ ਤਨਵੀਰ ਨਕਵੀ ਨੇ ਮੁਹੰਮਦ ਰਫ਼ੀ ਨੂੰ ਫਿਲਮ ਪ੍ਰੋਡਿਊਸਰ ਅਬਦੁਰ ਰਸ਼ੀਦ ਨਿਰਦੇਸ਼ਕ ਮਹਿਬੂਬ ਖਾਨ ਅਤੇ ਅਭਿਨੇਤਾ-ਨਿਰਦੇਸ਼ਕ (ਡਾਇਰੈਕਟਰ) ਨਜ਼ੀਰ ਆਦਿ ਨਾਲ ਮਿਲਵਾਇਆ।
ਮੁਹੰਮਦ ਰਫ਼ੀ ਜੋ ਕਿ ਆਪਣੇ ਅਲੱਗ-ਅਲੱਗ ਗਾਣਿਆਂ ਦੇ ਅੰਦਾਜ਼ ਲਈ ਜਾਣੇ ਜਾਂਦੇ ਸਨ, ਨੇ ਸ਼ਾਸਤਰੀ ਗੀਤਾਂ ਤੋਂ ਲੈ ਕੇ ਦੇਸ਼ ਭਗਤੀ ਦੇ ਗੀਤ, ਉਦਾਸ ਵਿਰਲਾਪ ਤੋਂ ਲੈ ਕੇ ਰੁਮਾਂਸਵਾਦੀ ਗੀਤ, ਗ਼ਜ਼ਲ, ਭਜਨ ਅਤੇ ਕੱਵਾਲੀ ਤਕ ਹੱਦਬੰਦੀ ਕੀਤੀ ਸੀ। ਉਨ੍ਹਾਂ ਨੂੰ ਫਿਲਮ ਦੇ ਅਦਾਕਾਰਾਂ ਦੀ ਆਵਾਜ਼ ਨਾਲ ਮਿਲਦੀ ਆਵਾਜ਼ ਵਿਚ ਗਾਉਣ ਦੀ ਵਿਲੱਖਣ ਯੋਗਤਾ ਕਰਕੇ ਜਾਣਿਆ ਜਾਂਦਾ ਸੀ।
ਆਪਣੀ ਜਾਦੂਈ ਆਵਾਜ਼ ਦੇ ਚਲਦਿਆਂ 1950 ਅਤੇ 1970 ਦੇ ਵਿਚਕਾਰ, ਰਫ਼ੀ ਹਿੰਦੀ ਫਿਲਮ ਉਦਯੋਗ ਵਿਚ ਸਭ ਤੋਂ ਵੱਧ ਮੰਗ ਵਾਲੇ ਗਾਇਕ ਸਨ। ਦਲੀਪ ਕੁਮਾਰ ਤੋਂ ਲੈ ਕੇ ਅਮਿਤਾਭ ਬੱਚਨ ਤਕ ਹਰ ਛੋਟੇ ਵੱਡੇ ਅਦਾਕਾਰ ਲਈ ਰਫੀ ਨੇ ਆਪਣੀ ਪਿੱਠਵਰਤੀ ਆਵਾਜ਼ ਮੁਹੱਈਆ ਕਰਵਾਈ। ਇਹੋ ਕਾਰਨ ਹੈ ਕਿ ਰਫੀ ਦੀ ਮੌਤ ਮਗਰੋਂ ਇਕ ਵਾਰ ‘ਯਾ-ਹੂ’ ਅਦਾਕਾਰ ਸ਼ੰਮੀ ਕਪੂਰ ਨੇ ਕਿਹਾ ਸੀ ਕਿ ਅੱਜ ਉਨ੍ਹਾਂ ਦੀ ਆਵਾਜ਼ ਚਲੀ ਗਈ ਹੈ ਅਤੇ ਉਹ ਗੂੰਗੇ ਹੋ ਗਏ ਹਨ।
ਮੁਹੰਮਦ ਰਫ਼ੀ ਆਮ ਤੌਰ ’ਤੇ ਹਿੰਦੀ ਵਿਚ ਗਾਣੇ ਗਾਉਣ ਵਾਸਤੇ ਜਾਣੇ ਜਾਂਦੇ ਸੀ, ਜਿਸ ਉੱਪਰ ਉਨ੍ਹਾਂ ਨੂੰ ਬਹੁਤ ਮੁਹਾਰਤ ਸੀ। ਉਨ੍ਹਾਂ ਨੇ ਕਈ ਭਾਸ਼ਾਵਾਂ ਵਿਚ ਗਾਣੇ ਗਾਏ ਜਿਨ੍ਹਾਂ ਵਿਚ ਆਸਾਮੀ, ਕੋਕਣੀ, ਭੋਜਪੁਰੀ, ਉੜੀਆ, ਪੰਜਾਬੀ, ਬੰਗਾਲੀ, ਮਰਾਠੀ, ਸਿੰਧੀ, ਕੰਨੜ, ਗੁਜਰਾਤੀ, ਤੇਲਗੂ, ਮਗਾਹੀ, ਮੈਥਲੀ ਅਤੇ ਉਰਦੂ ਸ਼ਾਮਿਲ ਹਨ।
ਭਾਰਤੀ ਭਾਸ਼ਾ ਤੋਂ ਇਲਾਵਾ ਉਨ੍ਹਾਂ ਨੇ ਅੰਗਰੇਜ਼ੀ, ਫਾਰਸੀ, ਅਰਬੀ, ਹੈਤੀਆਈ ਅਤੇ ਡੱਚ ਭਾਸ਼ਾਵਾਂ ਵਿਚ ਵੀ ਗਾਣੇ ਗਾਏ ਸਨ। ਇਕ ਵਾਰ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਹ ਦੂਜੀਆਂ ਭਾਸ਼ਾਵਾਂ ਵਿਚ ਇੰਨੀ ਨਿਪੁੰਨਤਾ ਨਾਲ ਕਿਵੇਂ ਗਾ ਲੈਂਦੇ ਹਨ ਤਾਂ ਉਨ੍ਹਾਂ ਕਿਹਾ ਕਿ ਉਹ ਪਹਿਲਾਂ ਦੂਜੀ ਭਾਸ਼ਾ ਦੇ ਗੀਤਾਂ ਨੂੰ ਉਰਦੂ ਵਿਚ ਲਿਖ ਲੈਂਦੇ ਹਨ ਉਸ ਉਪਰੰਤ ਪੂਰੀ ਤਰ੍ਹਾਂ ਰਿਹਰਸਲ ਕਰਦੇ ਹਨ ਫਿਰ ਉਸ ਗੀਤ ਨੂੰ ਗਾਉਂਦੇ ਹਨ। ਆਪਣੇ ਪੈਂਤੀ ਸਾਲਾਂ ਦੇ ਗਾਇਕੀ ਦੇ ਸਫਰ ਦੌਰਾਨ ਰਫੀ ਸਾਹਿਬ ਨੇ ਲਗਭਗ 26000 ਗਾਣੇ ਗਾਏ।
ਇਕ ਵਾਰ ਇਕ ਅਖਬਾਰ ਵਿਚ ਖਬਰ ਛਪੀ ਕਿ ਕਿਸੇ ਸ਼ਹਿਰ ਵਿਚ ਇਕ ਫਾਂਸੀ ਦੇ ਮੁਜਰਿਮ ਤੋਂ ਜਦੋਂ ਉਸਦੀ ਆਖਰੀ ਖਾਹਿਸ਼ ਪੁੱਛੀ ਗਈ ਤਾਂ ਉਸ ਨੇ ਕੋਈ ਵੀ ਇੱਛਾ ਜ਼ਾਹਿਰ ਨਹੀਂ ਕੀਤੀ ਜਦੋਂ ਉਸ ਤੋਂ ਦੁਬਾਰਾ ਤਿਬਾਰਾ ਪੁੱਛਿਆ ਗਿਆ ਤਾਂ ਉਸ ਨੇ ਮੁਹੰਮਦ ਰਫੀ ਦਾ ਇਕ ਗੀਤ:
“ਓ ਦੁਨੀਆ ਕੇ ਰਖਵਾਲੇ, ਸੁਨ ਦਰਦ ਭਰੇ ਮੇਰੇ ਨਾਲੇ।
ਜੀਵਨ ਅਪਣਾ ਵਾਪਸ ਲੈ ਲੇ, ਜੀਵਨ ਦੇਣੇ ਵਾਲੇ।
ਸੁਣਨ ਦੀ ਤਮੰਨਾ ਜ਼ਾਹਿਰ ਕੀਤੀ ਤਾਂ ਇਸ ਉਪਰੰਤ ਜੇਲ੍ਹ ਵਿਚ ਟੇਪ ਰਿਕਾਰਡਰ ਦਾ ਪ੍ਰਬੰਧ ਕੀਤਾ ਗਿਆ ਤੇ ਮੁਹੰਮਦ ਰਫੀ ਦਾ ਉਕਤ ਰਾਗ ਦਰਬਾਰੀ ਵਿਚ ਗਾਇਆ ਗੀਤ ਸੁਣਾ ਕੇ ਮੁਜਰਿਮ ਦੀ ਆਖਰੀ ਇੱਛਾ ਪੂਰੀ ਕਰਨ ਉਪਰੰਤ ਸਜ਼ਾ ਦੇ ਹੁਕਮ ਦੀ ਤਾਮੀਲ ਕੀਤੀ ਗਈ।
ਰਫੀ ਸਾਹਿਬ ਦੀ ਸ਼ਖ਼ਸੀਅਤ ਵਿਚ ਕਿਸ ਕਦਰ ਸਾਦਗੀ ਸੀ, ਇਸ ਦਾ ਅੰਦਾਜ਼ਾ ਅਸੀਂ ਇਸ ਗੱਲ ਤੋਂ ਹੀ ਲਗਾ ਸਕਦੇ ਹਾਂ ਕਿ ਫਿਲਮ ਨਸੀਬ ਦੇ ਗੀਤ “ਚਲ ਚਲ ਮੇਰੇ ਭਾਈ” ਦੀ ਰਿਕਾਰਡਿੰਗ ਉਪਰੰਤ ਉਨ੍ਹਾਂ ਆਪਣੇ ਘਰ ਆ ਕੇ ਬੇਟੇ ਸ਼ਾਹਿਦ ਰਫੀ ਨੂੰ ਬਹੁਤ ਹੀ ਪੁਰ ਜੋਸ਼ ਅੰਦਾਜ਼ ਵਿਚ ਕਿਹਾ ਕਿ ਬੇਟਾ ਤੈਨੂੰ ਪਤਾ ਹੈ ਕਿ ਅੱਜ ਮੈਂ ਆਪਣਾ ਇਕ ਗੀਤ ਅਮਿਤਾਭ ਬੱਚਨ ਨਾਲ ਰਿਕਾਰਡ ਕਰਵਾ ਕੇ ਆਇਆ ਹਾਂ। ਹਾਲਾਂਕਿ ਅਸੀਂ ਸਭ ਜਾਣਦੇ ਹਾਂ ਕਿ ਰਫੀ ਸਾਹਿਬ ਆਪਣੇ ਆਪ ਵਿਚ ਇਕ ਮਹਾਨ ਕਲਾਕਾਰ ਸਨ ਪਰ ਇਸ ਦੇ ਬਾਵਜੂਦ ਉਨ੍ਹਾਂ ਦੇ ਦਿਲ ਵਿਚ ਅਮਿਤਾਭ ਬੱਚਨ ਦੀ ਬੇਹੱਦ ਕਦਰ ਸੀ।
ਲਖਨਊ ਦੇ ਇਕ ਦਰਜੀ ਨੇ ਇਕ ਵਾਰ ਮੈਨੂੰ ਦੱਸਿਆ ਕਿ ਰਫ਼ੀ ਸਾਹਿਬ ਜਦੋਂ ਲਖਨਊ ਆਏ ਤਾਂ ਮੈਨੂੰ ਉਨ੍ਹਾਂ ਦੇ ਕੱਪੜਿਆਂ ਦਾ ਨਾਪ ਲੈਣ ਲਈ ਰੈਸਟ ਹਾਊਸ ਬੁਲਾਇਆ ਤੇ ਉਨ੍ਹਾਂ ਮੈਨੂੰ ਆਪਦੇ ਕੁੜਤੇ ਪਜਾਮੇ ਦਾ ਨਾਪਾ ਲੈਣ ਵਾਸਤੇ ਕਿਹਾ ਤੇ ਨਾਲ ਹੀ ਕਿਹਾ ਕਿ ਮੇਰਾ ਕੁੜਤਾ ਪਜਾਮਾ ਖੁੱਲ੍ਹਾ ਢਿੱਲਾ ਸਿਊਣਾ, ਮੈਂ ਅਕਸਰ ਨਮਾਜ਼ ਕੁੜਤਾ ਪਜਾਮਾ ਪਹਿਨ ਕੇ ਹੀ ਪੜ੍ਹਦਾ ਹਾਂ। ਉਨ੍ਹਾਂ ਦੀ ਤਬੀਅਤ ਅਤੇ ਬਾਤਚੀਤ ਵਿਚ ਇਸ ਕਦਰ ਸਾਦਗੀ ਸੀ ਕਿ ਮੈਨੂੰ ਲੱਗਾ ਹੀ ਨਹੀਂ ਕਿ ਕਿਸੇ ਵੱਡੇ ਸੈਲੀਬ੍ਰਿਟੀ ਨਾਲ ਗੱਲ ਕਰ ਰਿਹਾ ਹਾਂ।
ਰਫੀ ਸਾਹਿਬ ਦੇ ਗੀਤਾਂ ਵਿਚੋਂ ‘ਯੇ ਦੁਨੀਆ ਯੇ ਮਹਿਫਲ ਮੇਰੇ ਕਾਮ ਕੀ ਨਹੀਂ’, ‘ਕਿਆ ਹੂਆ ਤੇਰਾ ਵਾਅਦਾ, ਵੋ ਕਸਮ ਵੋ ਇਰਾਦਾ’, ‘ਓ ਦੁਨੀਆਂ ਕੇ ਰਖਵਾਲੇ’, ‘ਦਿਲ ਦੀਯਾ ਦਰਦ ਲੀਆ’, ‘ਲਿਖੇ ਜੋ ਖਤ ਤੁਝੇ’, ‘ਐ ਮੁਹੱਬਤ ਜ਼ਿੰਦਾਬਾਦ’, ‘ਚਾਹੂੰਗਾ ਮੈਂ ਤੁਝੇ ਸਾਂਝ ਸਵੇਰੇ’, ‘ਆਦਮੀ ਮੁਸਾਫਿਰ ਹੈ’, ‘ਮੇਰੇ ਦੁਸ਼ਮਨ ਤੂ ਮੇਰੀ ਦੋਸਤੀ ਕੋ ਤਰਸੇ’, ‘ਯੇ ਜ਼ੁਲਫ ਅਗਰ ਖਿਲ ਕੇ’, ‘ਜਾਨ ਜਾਨੀ ਜਨਾਧਨ’, ‘ਨਫਰਤ ਕੀ ਦੁਨੀਆ ਕੋ ਛੋੜ ਕਰ’, ‘ਮੈਂ ਜੱਟ ਯਮਲਾ ਪਗਲਾ ਦੀਵਾਨਾ’, ‘ਪੱਥਰ ਕੇ ਸਨਮ’, ‘ਬਾਬੁਲ ਕੀ ਦੁਆਏਂ ਲੇਤੀ ਜਾ’, ‘ਚੌਧਵੀਂ ਕਾ ਚਾਂਦ ਹੋ’, ‘ਵਕਤ ਸੇ ਦਿਨ ਔਰ ਰਾਤ’, ਪੰਜਾਬੀ ਗੀਤ ‘ਜੱਗ ਵਾਲਾ ਮੇਲਾ ਯਾਰੋ ਥੋੜ੍ਹੀ ਦੇਰ ਦਾ’, ‘ਚਿੱਟੇ ਦੰਦ ਹੱਸਣੋਂ ਨਹੀਓਂ ਰਹਿੰਦੇ’, ‘ਦਾਣਾ ਪਾਣੀ ਖਿੱਚ ਲਿਆਉਂਦਾ’ ਤੇ ਧਾਰਮਿਕ ਸ਼ਬਦ ‘ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ’, ‘ਨਾਨਕ ਨਾਮ ਜਹਾਜ਼ ਹੈ’, ‘ਦੁੱਖ ਭੰਜਨ ਤੇਰਾ ਨਾਮ ਜੀ’, ‘ਜਿਸ ਕੇ ਸਿਰ ਉਪਰ ਤੂੰ ਸੁਆਮੀ’, ‘ਮੈਂ ਤੇਰੇ ਦਰ ਪੇ ਆਇਆ ਹੂੰ’, ‘ਯਾ ਖੁਦਾ ਸੋਈ ਕਿਸਮਤ ਜਗ੍ਹਾ ਦੇ, ਹਰ ਮੁਸਲਮਾਂ ਕੋ ਹਾਜੀ ਬਨ ਦੇ’ ਆਦਿ ਸਾਰੇ ਹੀ ਜ਼ਬਰਦਸਤ ਹਿੱਟ ਰਹੇ।
ਰਫੀ ਸਾਹਿਬ ਨੇ ਛੇ ਫਿਲਮ ਫੇਅਰ ਐਵਾਰਡ ਅਤੇ ਇਕ ਨੈਸ਼ਨਲ ਫਿਲਮ ਐਵਾਰਡ ਪ੍ਰਾਪਤ ਕੀਤਾ। 1967 ਵਿਚ ਉਨ੍ਹਾਂ ਨੂੰ ਭਾਰਤ ਸਰਕਾਰ ਦੁਆਰਾ ਪਦਮ-ਸ੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
ਆਖਿਰਕਾਰ ਆਵਾਜ਼ ਦੀ ਦੁਨੀਆ ਦਾ ਇਹ ਮਹਾਨ ਸਿਤਾਰਾ (ਹਾਜੀ ਮੁਹੰਮਦ ਰਫੀ) 31 ਜੁਲਾਈ 1980 ਨੂੰ ਦਿਲ ਦੇ ਦੌਰੇ ਕਾਰਨ ਇਸ ਫਾਨੀ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਿਆ ਅਤੇ ਗਾਇਕੀ ਦੀ ਦੁਨੀਆ ਵਿਚ ਇਕ ਅਜਿਹਾ ਖਲਾਅ ਪੈਦਾ ਕਰ ਗਿਆ ਜਿਸ ਦੀ ਪੂਰਤੀ ਹੋਣੀ ਮੁਮਕਿਨ ਨਹੀਂ। ਬਿਨਾਂ ਸ਼ੱਕ ਕਲਾ ਤੇ ਸੰਗੀਤ ਪ੍ਰੇਮੀਆਂ ਨੂੰ ਉਨ੍ਹਾਂ ਦੀ ਕਮੀ ਹਮੇਸ਼ਾ ਰੜਕਦੀ ਰਹੇਗੀ। ਪਰ ਆਪਣੇ ਬੇ-ਮਿਸਾਲ ਗੀਤਾਂ ਤੇ ਲਾਜਵਾਬ ਹੱਸਮੁਖ ਤੇ ਮਿਲਣਸਾਰ ਸ਼ਖਸੀਅਤ ਕਾਰਨ ਰਫੀ ਸਾਹਿਬ ਹਮੇਸ਼ਾ ਰਹਿੰਦੀ ਦੁਨੀਆਂ ਤੱਕ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ ਵਿਚ ਜ਼ਿੰਦਾ ਰਹਿਣਗੇ। ਸ਼ਾਇਦ ਇਸੇ ਲਈ ਮੁਹੰਮਦ ਰਫੀ ਨੇ ਆਪਣੇ ਗਾਏ ਗੀਤ ਵਿਚ ਕਿਹਾ ਸੀ:
ਤੁਮ ਮੁਝੇ ਯੂੰ ਭੁਲਾ ਨਾ ਪਾਓਗੇ,
ਜਬ ਕਭੀ ਭੀ ਸੁਨੋਗੇ ਗੀਤ ਮੇਰੇ,
ਸੰਗ-ਸੰਗ ਤੁਮ ਭੀ ਗੁਨ-ਗੁਨਾਓਗੇ