ਦੋ-ਧਾਰੀ ਸਿਆਸਤ

ਭਾਰਤੀ ਜਨਤਾ ਪਾਰਟੀ ਭਾਰਤ ਦੇ ਸਿਆਸੀ ਪਿੜ ਅੰਦਰ ਦੋ-ਧਾਰੀ ਤਲਵਾਰ ਵਾਹ ਰਹੀ ਹੈ। ਇਸ ਤਲਵਾਰ ਰਾਹੀਂ ਵਿਰੋਧੀ ਧਿਰ ਨੂੰ ਲਗਾਤਾਰ ਛਾਂਗਿਆ ਜਾ ਰਿਹਾ ਹੈ। ਪਹਿਲਾਂ ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.), ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਵਰਗੀਆਂ ਸੰਸਥਾਵਾਂ ਨੂੰ ਵਿਰੋਧੀਆਂ ਨੂੰ ਚਿਤ ਕਰਨ ਲਈ ਸ਼ਰੇਆਮ ਵਰਤਿਆ ਜਾ ਰਿਹਾ ਹੈ, ਹੁਣ ਸੰਸਦ ਵਿਚ ਵੀ ਵਿਰੋਧੀ ਧਿਰ ਦੀ ਇਕ ਵੀ ਨਹੀਂ ਚੱਲਣ ਦੇ ਰਹੀ।

ਇਹ ਗੱਲ ਸਹੀ ਹੈ ਕਿ ਪਿਛਲੇ ਕੁਝ ਸਮੇਂ ਤੋਂ ਵਿਰੋਧੀ ਧਿਰ ਵੀ ਆਪਣੀ ਕਾਰਗਰ ਭੂਮਿਕਾ ਨਿਭਾਉਣ ਤੋਂ ਅਸਮਰੱਥ ਰਹੀ ਹੈ ਜਿਸ ਦਾ ਲਾਹਾ ਲੈ ਕੇ ਭਾਰਤੀ ਜਨਤਾ ਪਾਰਟੀ ਨੇ ਵਿਰੋਧੀ ਧਿਰ ਦੇ ਹੁਣ ਸਾਹ ਹੀ ਸੂਤ ਲਏ ਹਨ। ਅਸਲ ਵਿਚ ਪਿਛਲੇ ਸਮਿਆਂ ਦੌਰਾਨ ਵਿਰੋਧੀ ਧਿਰ ਕੋਲ ਅਜਿਹੇ ਬਹੁਤ ਸਾਰੇ ਮੌਕੇ ਆਏ ਜਦੋਂ ਸੰਸਦ ਦੇ ਅੰਦਰ ਅਤੇ ਸੰਸਦ ਦੇ ਬਾਹਰ ਵੀ ਭਾਰਤੀ ਜਨਤਾ ਪਾਰਟੀ ਅਤੇ ਇਸ ਦੀ ਸਰਪ੍ਰਸਤ ਜਥੇਬੰਦੀ ਰਾਸ਼ਟਰੀ ਸਵੈਮਸੇਵਕ ਸੰਘ (ਆਰ.ਐਸ.ਐਸ.) ਨੂੰ ਘੇਰਿਆ ਜਾ ਸਕਦਾ ਸੀ। ਜੀ.ਐਸ.ਟੀ., ਨੋਟਬੰਦੀ, ਅਰਥਚਾਰਾ, ਕਰੋਨਾ ਵਾਇਰਸ ਆਦਿ ਵਰਗੇ ਬਹੁਤ ਸਾਰੇ ਮੁੱਦੇ ਸਨ ਜਦੋਂ ਸਰਕਾਰ ਅਤੇ ਭਾਰਤੀ ਜਨਤਾ ਪਾਰਟੀ ਦੀ ਨਾਲਾਇਕੀ ਜੱਗ-ਜ਼ਾਹਿਰ ਹੋਈ ਸੀ ਪਰ ਮੁੱਖ ਵਿਰੋਧੀ ਕਾਂਗਰਸ, ਸਰਕਾਰ ਦੇ ਖਿਲਾਫ ਕੁਝ ਵੀ ਨਹੀਂ ਕਰ ਸਕੀ। ਅਸਲ ਵਿਚ ਇਹ ਪਾਰਟੀ ਖੁਦ ਅੰਦਰੂਨੀ ਸਮੱਸਿਆਵਾਂ ਵਿਚ ਘਿਰੀ ਹੋਈ ਹੈ। ਇਸ ਦੀ ਲੀਡਰਸ਼ਿਪ ਦਾ ਮਸਲਾ ਹੁਣ ਸਭ ਤੋਂ ਵੱਡਾ ਮਸਲਾ ਬਣ ਗਿਆ ਹੈ। ਪਾਰਟੀ ਅੰਦਰੋਂ ਗਾਹੇ-ਬਗਾਹੇ ਇਹ ਆਵਾਜ਼ ਉੱਠਦੀ ਰਹੀ ਹੈ ਕਿ ਗਾਂਧੀ-ਨਹਿਰੂ ਪਰਿਵਾਰ ਨੂੰ ਹੁਣ ਪਾਰਟੀ ਤੋਂ ਲਾਂਭੇ ਕੀਤਾ ਜਾਵੇ। ਇਸ ਦਾ ਇਕ ਕਾਰਨ ਤਾਂ ਇਹ ਸੀ ਕਿ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਪਾਰਟੀ ਅੰਦਰ ਉਹ ਥਾਂ ਨਹੀਂ ਸੀ ਮਿਲ ਰਿਹਾ ਜਿਸ ਦੇ ਉਹ ਖੁਦ ਨੂੰ ਹੱਕਦਾਰ ਸਮਝਦੇ ਸਨ। ਦੂਜਾ, ਭਾਰਤੀ ਜਨਤਾ ਪਾਰਟੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਾਂਗਰਸ ਉਤੇ ਸਭ ਤੋਂ ਵੱਡਾ ਹਮਲਾ ਕੁਨਬਾਪ੍ਰਸਤੀ ਨੂੰ ਲੈ ਕੇ ਹੀ ਹੈ। ਉਹ ਨਹਿਰੂ ਅਤੇ ਗਾਂਧੀ ਪਰਿਵਾਰਾਂ ਉਤੇ ਲਗਾਤਾਰ ਹਮਲੇ ਕਰਦੇ ਰਹੇ ਹਨ ਅਤੇ ਹੁਣ ਵੀ ਕਰ ਰਹੇ ਹਨ ਕਿ ਮੁਲਕ ਦਾ ਮਾੜਾ ਹਾਲ ਇਨ੍ਹਾਂ ਪਰਿਵਾਰਾਂ ਕਾਰਨ ਹੀ ਹੋਇਆ ਹੈ।
ਜ਼ਾਹਿਰ ਹੈ ਕਿ ਅੰਦਰੂਨੀ ਸਮੱਸਿਆਵਾਂ ਵਿਚ ਘਿਰੀ ਭਾਰਤੀ ਜਨਤਾ ਪਾਰਟੀ ਦੇ ਹੱਲੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੋਕਾਂ ਅੰਦਰ ‘ਲੋਕਪ੍ਰਿਯਤਾ’ ਦਾ ਮੁਕਾਬਲਾ ਹੀ ਨਹੀਂ ਕਰ ਸਕੀ। ਲੋਕਾਂ ਨੂੰ ਇਕ ਆਸ ਖੇਤਰੀ ਪਾਰਟੀ ਤੋਂ ਬੱਝੀ ਸੀ ਪਰ ਹੁਣ ਰਾਸ਼ਟਰਪਤੀ ਦੀ ਚੋਣ ਨੇ ਉਸ ਬਾਰੇ ਵੀ ਸਵਾਲੀਆ ਨਿਸ਼ਾਨ ਲਾ ਦਿੱਤੇ ਹਨ। ਇਸ ਚੋਣ ਦੌਰਾਨ ਵਿਰੋਧੀ ਧਿਰ, ਖਾਸ ਕਰਕੇ ਖੇਤਰੀ ਪਾਰਟੀਆਂ ਇਕਜੁਟਤਾ ਦਾ ਮੁਜ਼ਾਹਰਾ ਕਰਨ ਵਿਚ ਅਸਫਲ ਰਹੀਆਂ ਹਨ ਜਿਸ ਦੀ ਹੁਣ ਬਹੁਤ ਜ਼ਿਆਦਾ ਲੋੜ ਭਾਸ ਰਹੀ ਸੀ ਕਿਉਂਕਿ 2024 ਵਿਚ ਲੋਕ ਸਭਾ ਚੋਣਾਂ ਆ ਰਹੀਆਂ ਹਨ। ਲੋਕਾਂ ਨੂੰ ਆਸ ਸੀ ਕਿ ਉਦੋਂ ਤੱਕ ਵਿਰੋਧੀ ਧਿਰ ਦੀ ਇਕਜੁਟਤਾ ਨਾਲ ਮਜ਼ਬੂਤ ਵਿਰੋਧੀ ਧਿਰ ਨੂੰ ਮੂੰਹ-ਮੁਹਾਂਦਰਾ ਬਣ ਜਾਵੇਗਾ ਪਰ ਰਾਸ਼ਟਰਪਤੀ ਦੀ ਚੋਣ ਨੇ ਇਸ ਸਭ ਉਤੇ ਪਾਣੀ ਫੇਰ ਦਿੱਤਾ ਹੈ। ਅਜੇ ਉਪ ਰਾਸ਼ਟਰਪਤੀ ਦੀ ਚੋਣ ਹੋਣੀ ਬਾਕੀ ਹੈ। ਇਸ ਚੋਣ ਮੌਕੇ ਤਾਂ ਵਿਰੋਧੀ ਧਿਰ ਹੋਰ ਵੀ ਖੱਖੜੀਆਂ-ਕਰੇਲੇ ਹੋ ਗਈ ਜਾਪਦੀ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਨੇ ਸਾਫ ਕਹਿ ਦਿੱਤਾ ਹੈ ਕਿ ਕਾਂਗਰਸ ਨੇ ਉਪ ਰਾਸ਼ਟਰਪਤੀ ਦੀ ਚੋਣ ਲਈ ਉਮੀਦਵਾਰ ਐਲਾਨਣ ਤੋਂ ਪਹਿਲਾਂ ਉਨ੍ਹਾਂ ਨਾਲ ਸਲਾਹ-ਮਸ਼ਵਰਾ ਕਰਨ ਦੀ ਲੋੜ ਹੀ ਨਹੀਂ ਸਮਝੀ, ਇਸ ਲਈ ਪਾਰਟੀ ਇਸ ਚੋਣ ਵਿਚ ਹਿੱਸਾ ਹੀ ਨਹੀਂ ਲਵੇਗੀ। ਮਮਤਾ ਬੈਨਰਜੀ ਉਨ੍ਹਾਂ ਲੀਡਰਾਂ ਵਿਚੋਂ ਹਨ ਜਿਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਦਾ ਡਟ ਕੇ ਮੁਕਾਬਲਾ ਕੀਤਾ ਹੈ ਅਤੇ ਵਿਰੋਧੀ ਧਿਰ ਨੂੰ ਇਕ ਮੰਚ ਉਤੇ ਲਿਆਉਣ ਦੇ ਕੁਝ ਯਤਨ ਵੀ ਕੀਤੇ ਹਨ ਪਰ ਵੱਖ-ਵੱਖ ਪਾਰਟੀਆਂ ਅਤੇ ਇਨ੍ਹਾਂ ਦੇ ਆਗੂਆਂ ਦੀਆਂ ਆਪਣੀਆਂ ਗਿਣਤੀਆਂ-ਮਿਣਤੀਆਂ ਕਾਰਨ ਵਿਰੋਧੀ ਧਿਰ ਦਾ ਉਹ ਮੂੰਹ-ਮਹਾਂਦਰਾ ਨਹੀਂ ਬਣ ਰਿਹਾ ਜਿਸ ਤਰ੍ਹਾਂ ਬਣਨਾ ਚਾਹੀਦਾ ਸੀ।
ਇਕ ਗੱਲ ਤਾਂ ਸਭ ਲਈ ਸਪਸ਼ਟ ਹੈ ਕਿ ਜਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਅਤੇ ਆਰ.ਐਸ.ਐਸ. ਲੋਕਾਂ ਦੇ ਸਿਰ ਚੜ੍ਹ ਰਹੇ ਹਨ, ਉਸ ਲਈ ਮਜ਼ਬੂਤ ਅਤੇ ਇਕਜੁੱਟ ਵਿਰੋਧੀ ਧਿਰ ਸਮੇਂ ਦੀ ਲੋੜ ਹੈ। ਅਸਲ ਵਿਚ ਭਾਰਤੀ ਜਨਤਾ ਪਾਰਟੀ ਸਿਰਫ ਆਪਣੀ ਵਿਚਾਰਧਾਰਾ ਦਾ ਹੀ ਪ੍ਰਚਾਰ ਨਹੀਂ ਕਰ ਰਹੀ ਸਗੋਂ ਵਿਰੋਧੀ ਧਿਰ ਨੂੰ ਵੀ ਲਗਾਤਾਰ ਕਮਜ਼ੋਰ ਕਰ ਰਹੀ ਹੈ। ਪਿੱਛੇ ਜਿਹੇ ਇਸ ਨੇ ਮਹਾਰਾਸ਼ਟਰ ਵਿਚ ਜੋ ਕੁਝ ਚੁੱਪ-ਚਪੀਤੇ ਕੀਤਾ, ਉਸ ਨੇ ਸਭ ਨੂੰ ਦੰਗ ਕਰਕੇ ਰੱਖ ਦਿੱਤਾ। ਉਥੇ ਇਸ ਨੇ ਜਿਸ ਤਰ੍ਹਾਂ ਸ਼ਿਵ ਸੈਨਾ ਨੂੰ ਦੋਫਾੜ ਕੀਤਾ, ਉਹ ਸਿਆਸੀ ਕਵਾਇਦ ਤਾਂ ਕਿਸੇ ਦੇ ਚਿਤ-ਚੇਤੇ ਵੀ ਨਹੀਂ ਸੀ। ਇਹੀ ਭਾਰਤੀ ਜਨਤਾ ਪਾਰਟੀ ਅਤੇ ਆਰ.ਐਸ.ਐਸ. ਦੀ ਦੋ-ਧਾਰੀ ਤਲਵਾਰ ਹੈ ਜਿਸ ਤਹਿਤ ਕੇਂਦਰ ਸਰਕਾਰ ਰਾਹੀਂ ਖੁਦ ਦੀ ਸਿਆਸਤ ਕੀਤੀ ਜਾ ਰਹੀ ਹੈ ਅਤੇ ਨਾਲ ਦੀ ਨਾਲ ਵਿਰੋਧੀ ਧਿਰ ਦੇ ਮੋਛੇ ਲਾਏ ਜਾ ਰਹੇ ਹਨ। ਇਸ ਲਈ ਜੇ ਵਿਰੋਧੀ ਧਿਰ ਨੇ ਹੁਣ ਵੀ ਇਕਜੁੱਟਤਾ ਨਾ ਦਿਖਾਈ ਤਾਂ ਸਿਆਸੀ ਵਿਸ਼ਲੇਸ਼ਕਾਂ ਦੀ ਇਹ ਪੇਸ਼ੀਨਗੋਈ ਸੱਚ ਹੋ ਜਾਵੇਗੀ ਕਿ 2024 ਤੋਂ ਬਾਅਦ ਸ਼ਾਇਦ ਲੋਕ ਸਭਾ ਚੋਣਾਂ ਦੀ ਲੋੜ ਹੀ ਨਾ ਰਹੇ। ਜੇ ਭਾਰਤੀ ਜਨਤਾ ਪਾਰਟੀ 2024 ਵਿਚ ਵੀ ਆਪਣੀ ਸਰਕਾਰ ਕਾਇਮ ਕਰ ਲੈਂਦੀ ਹੈ ਤਾਂ ਇਹ ਵਿਰੋਧੀ ਧਿਰ ਨੂੰ ਹੋਰ ਵੀ ਨਿਤਾਣੀ ਬਣਾ ਦੇਵੇਗੀ। ਹੁਣ ਸਵਾਲ ਇਹ ਹੈ ਕਿ ਇਸ ਸੂਰਤ ਵਿਚ ਵਿਰੋਧੀ ਧਿਰ ਦੀ ਥਾਂ ਕੌਣ ਲਵੇਗਾ? ਭਾਰਤੀ ਜਨਤਾ ਪਾਰਟੀ ਮੁਲਕ ਵਿਚ ਦੋ-ਪਾਰਟੀ ਸਿਸਟਮ ਬਾਰੇ ਕਈ ਵਾਰ ਇਸ਼ਾਰੇ ਸੁੱਟ ਚੁੱਕੀ ਹੈ। ਇਸ ਸੂਰਤ ਵਿਚ ਇਹ ਆਪਣੇ ਵਰਗੀ ਕਿਸੇ ਹੋਰ ਪਾਰਟੀ ਨੂੰ ਵਧਣ-ਫੁੱਲਣ ਦੇਵੇਗੀ। ਇਸ ਤੋਂ ਬਾਅਦ ਫਿਰ ਮੈਦਾਨ ਖਾਲੀ ਹੋਵੇਗਾ। ਫਿਰ ਵਿਚਾਰਧਾਰਾ ਭਾਰਤੀ ਜਨਤਾ ਪਾਰਟੀ ਵਾਲੀ ਹੀ ਚਲੇਗੀ। ਇਸੇ ਕਰਕੇ ਵਿਰੋਧੀ ਧਿਰ ਨੂੰ ਏਕੇ ਲਈ ਯਤਨ ਕਰਨੇ ਚਾਹੀਦੇ ਹਨ ਤਾਂ ਕਿ ਮੁਲਕ ਨੂੰ ਭਾਰਤੀ ਜਨਤਾ ਪਾਰਟੀ ਦੀਆਂ ਮਾਰੂ ਨੀਤੀਆਂ ਤੋਂ ਬਚਾਇਆ ਜਾ ਸਕੇ।