ਅਜੇ ਤਨਵੀਰ
ਸੰਸਾਰ ਸਾਹਿਤ ਵਿਚ ਰੂਸੀ ਲਿਖਾਰੀ ਫਿਓਦਰ ਦਾਸਤੋਵਸਕੀ ਦਾ ਸਥਾਨ ਬਹੁਤ ਉੱਚ ਦਮਾਲੜਾ ਹੈ। ਉਸ ਦੀਆਂ ਰਚਨਾਵਾਂ ਦਾ ਜਾਦੂ ਸਾਹਿਤ ਪ੍ਰੇਮੀਆਂ ਜਾਂ ਆਲੋਚਕਾਂ ਉੱਤੇ ਹੀ ਨਹੀਂ, ਹੋਰ ਖੇਤਰ ਨਾਲ ਵਾਬਸਤਾ ਲੋਕਾਂ ਦੇ ਸਿਰ ਚੜ੍ਹ ਵੀ ਬੋਲਿਆ। ਉਸ ਨੇ ਆਪਣੇ ਅਨੁਭਵ ਅੰਦਰੋਂ ਅਜਿਹੇ ਪਾਤਰਾਂ ਦੀ ਸਿਰਜਣਾ ਕੀਤੀ ਜਿਹੜੇ ਪਾਠਕਾਂ ਨੂੰ ਜ਼ਿੰਦਗੀ ਦੇ ਅਣਗਿਣਤ ਰੰਗਾਂ ਦੀ ਦੁਨੀਆ ਅੰਦਰ ਲੈ ਜਾਂਦੇ ਹਨ। ਇਸ ਜਿਊੜੇ ਬਾਰੇ ਕੈਲੇਫੋਰਨੀਆ ਵੱਸਦੇ ਸ਼ਾਇਰ ਅਜੇ ਤਨਵੀਰ ਨੇ ਅਜਿਹੇ ਸ਼ਬਦ ਜੋੜੇ ਹਨ ਜਿਹੜੇ ਦਾਸਤੋਵਸਕੀ ਦੀ ਦਾਸਤਾਨ ਹੀ ਬਿਆਨ ਨਹੀਂ ਕਰਦੇ ਸਗੋਂ ਪਾਠਕ ਨੂੰ ਸਗਲ ਸਮਾਜ ਦੇ ਰੂਬਰੂ ਕਰਵਾਉਂਦੇ ਹਨ।
ਸਾਹਿਤ ਵਿਚ ਰੂਸੀਆਂ ਦੀ ਬੁਲੰਦੀ ਦਾ ਸਿਖਰ ਕਿੰਨਾ ਕੁ ਵੱਡਾ ਹੈ, ਇਹ ਤੈਅ ਕਰਨਾ ਬਹੁਤ ਮੁਸ਼ਕਿਲ ਹੈ। ਰੂਸੀਆਂ ਬਾਰੇ ਇਹ ਗੱਲ ਆਮ ਕਹੀ ਜਾਂਦੀ ਹੈ ਕਿ ਇਹ ਲੋਕ ਬਹੁਤ ਪੜ੍ਹਦੇ ਹਨ। ਇਨ੍ਹਾਂ ਕੋਲੋਂ ਨੀਂਦ ਡਰਦੀ ਹੈ। ਰਾਤ ਦਿਨ ਇਨ੍ਹਾਂ ਦੀਆਂ ਅੱਖਾਂ ਵਿਚ ਅੱਖਰਾਂ ਦਾ ਮੇਲਾ ਲੱਗਾ ਰਹਿੰਦਾ ਹੈ। ਪੁਰਾਤਨ ਰੂਸੀ ਸਾਹਿਤ ਵਿਚ ਅਨੇਕਾਂ ਰੰਗ ਸ਼ਾਮਲ ਹਨ ਪਰ 1830 ਦੇ ਦੁਆਲੇ ਰੂਸੀ ਸਾਹਿਤ ਵਿਚ ਕਵਿਤਾ, ਵਾਰਤਕ, ਨਾਟਕ ਆਦਿ ਦੇ ਸ਼ਾਨਦਾਰ ਯੁੱਗ ਦਾ ਆਰੰਭ ਹੋ ਗਿਆ ਸੀ। ਵਸੀਲੀ ਜ਼ੂਕੋਵਸਕੀ ਤੋਂ ਬਾਅਦ ਉਸ ਦੇ ਸ਼ਾਗਿਰਦ ਅਲੈਗਜ਼ੈਂਡਰ ਪੁਸ਼ਕਿਨ ਨੇ ਮੋਹਰੀ ਭੂਮਿਕਾ ਨਿਭਾਈ। ਨਿਕੋਲਾਈ ਗੋਗੋਲ ਦੀ ਨਾਵਲਕਾਰੀ ਵਿਚ ਧਾਂਕ ਕਿਸੇ ਤੋਂ ਗੁੱਝੀ ਨਹੀਂ। ਹੋਰ ਵੀ ਬਹੁਤ ਸਿਰਕੱਢ ਨਾਮ ਹਨ। ਗਿਣਤੀ ਕਰਨੀ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹੈ।
ਇਨ੍ਹਾਂ ਵਿਚੋਂ ਇਕ ਨਾਮ ਫਿਓਦੋਰ ਦਾਸਤੋਵਸਕੀ (1821-1881) ਦਾ ਹੈ। ਉਹ ਰੂਸੀ ਸਾਹਿਤ ਦਾ ਵਣਜਾਰਾ ਹੀ ਨਹੀਂ, ਦੁਨੀਆ ਦੇ ਸਾਹਿਤ ਦਾ ਉਸਰੱਈਆ ਹੈ। ਅੱਜ ਵੀ ਸਾਹਿਤ ਵਿਚ ਉਸ ਦੀ ਤੂਤੀ ਬੋਲਦੀ ਹੈ। ਅੱਖਰ ਉਸ ਨੂੰ ਗੁੜ੍ਹਤੀ ਵਿਚ ਮਿਲੇ ਸਨ। ਬਚਪਨ ਵਿਚ ਉਹ ਖਿਡੌਣਿਆਂ ਨਾਲ ਨਹੀਂ, ਅੱਖਰਾਂ ਨਾਲ ਖੇਡਦਾ ਹੋਵੇਗਾ। ਫਿਓਦੋਰ ਦਾਸਤੋਵਸਕੀ ਦਾ ਜਨਮ ਮਿਖਾਈਲ ਦਾਸਤੋਵਸਕੀ ਅਤੇ ਮਾਰੀਆ ਨੇਚਾਏਵਾ ਦੇ ਘਰ ਹੋਇਆ। ਮਿਖਾਈਲ ਦਾਸਤੋਵਸਕੀ ਜ਼ਾਰ ਦੀ ਫੌਜ ਵਿਚ ਡਾਕਟਰ ਸੀ। ਇਥੇ ਉਸ ਦੀ ਮੁਲਾਕਾਤ ਮਸਨਵਾ ਦੇ ਵੱਡੇ ਵਪਾਰੀ ਫਿਓਦਰ ਨਿਚਾਏਫ ਦੀ ਧੀ ਨਾਲ ਹੋਈ। ਇਹ ਮਾਰੀਆ ਨਿਚਾਏਵਾ ਸੀ। ਇਸ ਮੁਲਾਕਾਤ ‘ਤੇ ਮੁਹੱਬਤ ਦਾ ਐਸਾ ਰੰਗ ਚੜ੍ਹਿਆ ਕਿ ਦੋਹਾਂ ਨੇ ਵਿਆਹ ਕਰਾ ਲਿਆ।
ਦਾਸਤੋਵਸਕੀ ਦਾ ਨਾਮ ਉਸ ਦੇ ਨਾਨੇ ਦੇ ਨਾਮ ਉਤੇ ਹੀ ਰੱਖਿਆ ਗਿਆ। ਉਹ ਕਈ ਥਾਈਂ ਜ਼ਿਕਰ ਕਰਦਾ ਹੈ: ਮੇਰਾ ਪਰਿਵਾਰ ਧਾਰਮਿਕ ਰੁਚੀਆਂ ਵਿਚ ਕਾਫੀ ਵਿਸ਼ਵਾਸ ਰੱਖਦਾ ਸੀ। ਜਿਵੇਂ ਹਰ ਬੱਚੇ ਨੂੰ ਆਪਣੇ ਪਰਿਵਾਰ ਵਿਚ ਦਿਲਚਸਪੀ ਹੁੰਦੀ ਹੈ, ਮੈਨੂੰ ਵੀ ਬਹੁਤ ਸੀ; ਐਨੀ ਵੀ ਨਹੀਂ, ਉਂਝ ਸੀ। ਘਰ ਵਿਚ ਪਿਤਾ ਦਾ ਰਾਜ ਸੀ। ਸਾਰੇ ਉਸ ਦੀ ਆਗਿਆ ਦਾ ਪਾਲਣ ਕਰਦੇ ਸਨ। ਰਾਤ ਸੌਣ ਤੋਂ ਪਹਿਲਾਂ ਸਾਰੇ ਬੱਚੇ ਰੱਬ ਅੱਗੇ ਦੁਆ ਕਰਦੇ। ਦਾਸਤੋਵਸਕੀ ਦਾ ਪਰਿਵਾਰ ਪੜ੍ਹਿਆ ਲਿਖਿਆ ਸੀ। ਬਚਪਨ ਤੋਂ ਹੀ ਦਾਸਤੋਵਸਕੀ ਦੀ ਪਛਾਣ ਪੁਸ਼ਕਿਨ, ਜ਼ੂਕੋਵਸਕੀ, ਕਰੱਮਜ਼ਿਨ, ਦੇਰਜ਼ਾਇਚ ਵਰਗੇ ਸਾਹਿਤਕਾਰਾਂ ਦੀਆਂ ਰਚਨਾਵਾਂ ਨਾਲ ਹੋਈ।
ਦਾਸਤੋਵਸਕੀ ਦੇ ਪਿਤਾ ਇਤਿਹਾਸਕਾਰ ਨਿਕੋਲਾਈ ਕਰੱਮਜ਼ਿਨ ਦੇ ਉਪਾਸ਼ਕ ਸਨ। ਉਹ ਬੱਚਿਆਂ ਨੂੰ ਉਸ ਦੀਆਂ ਰਚਨਾਵਾਂ ਪੜ੍ਹ ਕੇ ਸੁਣਾਉਂਦੇ। ਦਾਸਤੋਵਸਕੀ ਇਕ ਥਾਂ ਲਿਖਦਾ ਹੈ: ਕਰੱਮਜ਼ਿਨ ਦਾ ਰੂਸ ਬਾਰੇ ਲਿਖਿਆ ਇਤਿਹਾਸ ਮੈਨੂੰ ਮੂੰਹ ਜ਼ੁਬਾਨੀ ਯਾਦ ਹੋ ਗਿਆ ਸੀ, ਉਦੋਂ ਮੈਂ ਸਿਰਫ ਦਸ ਸਾਲ ਦਾ ਸੀ। ਦਸ ਸਾਲ ਦੀ ਉਮਰ ਵਿਚ ਦਾਸਤੋਵਸਕੀ ਨੂੰ ਅੱਖਰ ਗਿਆਨ ਹੋ ਗਿਆ ਸੀ। ਉਸ ਨੇ ਰੂਸੀ ਭਾਸ਼ਾ ਪੜ੍ਹਨੀ ਸ਼ੁਰੂ ਕਰ ਦਿੱਤੀ ਸੀ।
ਪਿੰਡ ਦੇ ਸਕੂਲ ਵਿਚ ਦਾਸਤੋਵਸਕੀ ਨੂੰ ਦਾਖਲ ਕਰਾ ਦਿੱਤਾ ਗਿਆ। ਵੱਡਾ ਭਰਾ ਮਿਖਾਈਲ ਵੀ ਉਸ ਸਕੂਲ ਵਿਚ ਪੜ੍ਹਦਾ ਸੀ। ਜਦੋਂ ਇਨ੍ਹਾਂ ਦੇ ਪਿਤਾ ਨੂੰ ਪਤਾ ਲੱਗਾ ਕਿ ਸਕੂਲ ਵਿਚ ਬੱਚਿਆਂ ਨੂੰ ਸਰੀਰਕ ਦੰਡ ਦਿੱਤਾ ਜਾਂਦਾ ਹੈ ਤਾਂ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਸਕੂਲ ਵਿਚੋਂ ਹਟਾ ਲਿਆ। ਘਰ ਵਿਚ ਹੀ ਬੱਚਿਆਂ ਦੀ ਪੜ੍ਹਾਈ ਦਾ ਪ੍ਰਬੰਧ ਕੀਤਾ। ਉਸ ਦੀ ਇੱਛਾ ਸੀ ਕਿ ਬੱਚੇ ਪੜ੍ਹਨ ਅਤੇ ਨਾਮ ਉਚਾ ਕਰਨ। ਘਰ ਦੇ ਮਾਹੌਲ ਨੇ ਦਾਸਤੋਵਸਕੀ ਅੰਦਰ ਸਾਹਿਤ ਦੀ ਚੇਤਨਾ ਪੈਦਾ ਕੀਤੀ। ਦਾਸਤੋਵਸਕੀ ਨੇ ਵਲਟਰ ਸਕਾਟ ਦੇ ਸਾਰੇ ਨਾਵਲ ਪੜ੍ਹ ਮਾਰੇ। ਇਨ੍ਹਾਂ ਦਾ ਉਸ ਦੀ ਕਿਸ਼ੋਰ ਅਵਸਥਾ ਉਤੇ ਬਹੁਤ ਗਹਿਰਾ ਅਸਰ ਹੋਇਆ।
ਹੁਣ ਦਾਸਤੋਵਸਕੀ ਦੀਆਂ ਕਲਪਨਾਵਾਂ ਦੇ ਪਰ ਨਿਕਲ ਆਏ ਸਨ। ਇਸ ਉਮਰ ਵਿਚ ਹਰ ਨੌਜਵਾਨ ਨੂੰ ਅੰਬਰ ਵੀ ਆਪਣੇ ਪਰਾਂ ਤੋਂ ਛੋਟਾ ਲੱਗਦਾ ਹੈ। ਨਿਕੋਲਾਈ ਇਲੇਵਿਚ ਨਾਮ ਦਾ ਅਧਿਆਪਕ ਦਾਸਤੋਵਸਕੀ ਨੂੰ ਪੜ੍ਹਾਉਣ ਘਰ ਆਉਣ ਲੱਗਾ। ਇਲੇਵਿਚ ਕਿਸੇ ਸਮੇਂ ਪ੍ਰਸਿੱਧ ਰੂਸੀ ਲੇਖਕ ਨਿਕੋਲਾਈ ਗੋਗੋਲ ਦਾ ਜਮਾਤੀ ਰਹਿ ਚੁੱਕਾ ਸੀ। ਉਹ ਖੁਦ ਵੀ ਕਵਿਤਾ ਲਿਖਦਾ ਰਿਹਾ ਸੀ। ਉਸ ਨੇ ਅੰਗਰੇਜ਼ੀ ਦੇ ਮਸ਼ਹੂਰ ਕਵੀ ਸ਼ਿਲਰ ਦੀਆਂ ਕਵਿਤਾਵਾਂ ਦਾ ਰੂਸੀ ਵਿਚ ਅਨੁਵਾਦ ਕੀਤਾ ਸੀ। ਇਨ੍ਹਾਂ ਲੋਕਾਂ ਦੀ ਸੰਗਤ ਦਾ ਦਾਸਤੋਵਸਕੀ ‘ਤੇ ਬਹੁਤ ਪ੍ਰਭਾਵ ਪਿਆ ਅਤੇ ਉਹ 1835 ਵਿਚ ‘ਬਿਬਲਿਆਏਨਾ ਦਲਿਆ ਚੇਤਨਿਆ’ ਨਾਂ ਦੇ ਸਾਹਿਤਕ ਪੇਪਰ ਦਾ ਮੈਂਬਰ ਬਣ ਗਿਆ। ਇਹ ਪੇਪਰ ਘਰ ਮੰਗਾਉਣ ਲੱਗ ਪਿਆ। ਇਸ ਪੱਤ੍ਰਿਕਾ ਵਿਚ ਹੀ ਉਸ ਨੇ ਪੁਸ਼ਕਿਨ ਦੀ ਕਹਾਣੀ ‘ਹੁਕਮ ਦੀ ਬੇਗਮ’ ਪਹਿਲੀ ਵਾਰ ਪੜ੍ਹੀ ਸੀ। ਇਸ ਪੱਤ੍ਰਿਕਾ ਦਾ ਉਸ ਨੂੰ ਇੰਨਾ ਫਾਇਦਾ ਹੋਇਆ ਕਿ ਉਸ ਦੀ ਜਾਣ-ਪਛਾਣ ਬਾਲਜ਼ਾਕ, ਵਿਕਟਰ ਹਿਊਗੋ, ਜਾਰਜ ਸਾਦ ਅਤੇ ਏਜੇਨ ਸਕਰੀਲਾ ਵਰਗੇ ਸੰਸਾਰ ਪ੍ਰਸਿੱਧ ਲੇਖਕਾਂ ਨਾਲ ਹੋਈ। ਇਨ੍ਹਾਂ ਦੀਆਂ ਰਚਨਾਵਾਂ ਦਾ ਦਾਸਤੋਵਸਕੀ ਦੀ ਸਾਹਿਤ ਸਿਰਜਣਾ ‘ਤੇ ਅਸਰ ਹੋਣਾ ਸੁਭਾਵਿਕ ਹੀ ਸੀ। ਉਸ ਨੇ ਇਹ ਫੈਸਲਾ ਕਰ ਲਿਆ ਕਿ ਉਹ ਵੱਡਾ ਹੋ ਕੇ ਲੇਖਕ ਹੀ ਬਣੇਗਾ।
ਸਮਾਂ ਆਪਣੀ ਚਾਲ ਚਲਦਾ ਰੁਕਦਾ ਨਹੀਂ, ਦਾਸਤੋਵਸਕੀ ਜਵਾਨੀ ਦੀ ਦਹਿਲੀਜ਼ ‘ਤੇ ਪੈਰ ਧਰ ਚੁੱਕਾ ਸੀ। ਉਸ ਨੂੰ ਆਪਣਾ ਆਲਾ-ਦੁਆਲਾ ਪਿਆਰਾ ਲੱਗਣ ਲੱਗਾ। ਉਹ ਕੁਦਰਤ ਦੇ ਰਮਣੀਕ ਨਜ਼ਾਰੇ ਦੇਖਣ ਲੱਗ ਪਿਆ ਸੀ। ਦਾਸਤੋਵਸਕੀ ਨੂੰ ਉਸ ਦੇ ਪਿਤਾ ਨੇ ਇੰਜਨੀਅਰਿੰਗ ਕਾਲਜ ਵਿਚ ਦਾਖਲ ਕਰਾ ਦਿੱਤਾ ਪਰ ਉਹ ਤਾਂ ਲੇਖਕ ਬਣਨਾ ਚਾਹੁੰਦਾ ਸੀ। ਪਿਤਾ ਦੇ ਦਬਾਅ ਅੱਗੇ ਉਹ ਅਸਫਲ ਸੀ। ਇਕ ਥਾਂ ਜ਼ਿਕਰ ਕਰਦਾ ਹੈ: ਮੇਰੇ ਦਿਮਾਗ ਵਿਚ ਨਾਵਲ ਦੀ ਰੂਪ-ਰੇਖਾ ਤਿਆਰ ਹੋ ਰਹੀ ਸੀ ਪਰ ਇੰਜਨੀਅਰਿੰਗ ਦੀ ਪੜ੍ਹਾਈ ਉਸ ਰੂਪ-ਰੇਖਾ ਨੂੰ ਘੁਣ ਬਣ ਕੇ ਖਾ ਗਈ। ਇਸ ਔਖੀ ਪੜ੍ਹਾਈ ਨੇ ਉਸ ਨੂੰ ਬਹੁਤ ਪਰੇਸ਼ਾਨ ਕੀਤਾ ਪਰ ਇਸ ਦੌਰਾਨ ਹੀ ਉਸ ਨੇ ਹੋਮਰ, ਕਾਰਨੇਲੀ, ਰਾਸਿਨ, ਬਾਲਜ਼ਾਕ, ਹਿਊਗੋ, ਗੋਇਟੇ, ਹਾਫਮੈਨ, ਸ਼ਿਲਰ, ਸ਼ੇਕਸਪੀਅਰ, ਬਾਇਰਨ ਆਦਿ ਲੇਖਕਾਂ ਨੂੰ ਕਈ ਕਈ ਵਾਰ ਪੜ੍ਹਿਆ। ਨਿਕੋਲਾਈ ਗੋਗੋਲ ਅਤੇ ਪੁਸ਼ਕਿਨ ਤੋਂ ਉਹ ਬਹੁਤ ਪ੍ਰਭਾਵਿਤ ਹੋਇਆ। ਉਸ ਅੰਦਰ ਸ਼ਬਦਾਂ ਦਾ ਸਾਗਰ ਖੌਲਦਾ ਅਤੇ ਲਿਖਤਾਂ ਦੇ ਰੂਪ ਵਿਚ ਬਾਹਰ ਆਉਂਦਾ। ਉਸ ਦੇ ਸੀਨੀਅਰ ਲੇਖਕ ਵੀ ਉਸ ਦੇ ਜਜ਼ਬੇ ਨੂੰ ਸਲਾਮ ਕਰਦੇ।
ਦਾਸਤੋਵਸਕੀ ਨਿਕੋਲਾਈ ਗੋਗੋਲ ਤੋਂ ਬਹੁਤ ਪ੍ਰਭਾਵਿਤ ਸੀ। ਜਦੋਂ ਉਸ ਨੇ ਗੋਗੋਲ ਦੀ ਕਹਾਣੀ ‘ਓਵਰਕੋਟ’ ਪੜ੍ਹੀ ਤਾਂ ਉਹ ਕਈ ਦਿਨ ਇਨ੍ਹਾਂ ਸੋਚਾਂ ਵਿਚ ਹੀ ਡੁੱਬਾ ਰਿਹਾ ਕਿ ਕਦੇ ਮੈਂ ਵੀ ਇਸ ਤਰ੍ਹਾਂ ਦੀ ਕਹਾਣੀ ਲਿਖ ਸਕਾਂਗਾ! ਨਿਕੋਲਾਈ ਗੋਗੋਲ ਦੀ ਰੂਸੀ ਸਾਹਿਤ ਵਿਚ ਬਹੁਤ ਧਾਂਕ ਸੀ। ਉਹ ਦੁਨੀਆ ਦਾ ਮਹਾਨ ਲੇਖਕ ਸੀ। ‘ਓਵਰਕੋਟ’ ਪੜ੍ਹ ਕੇ ਦਾਸਤੋਵਸਕੀ ਨੇ ਕਿਹਾ, “ਸਾਡੇ ਵਰਗੇ ਲੇਖਕ ਤਾਂ ਗੋਗੋਲ ਦੇ ਓਵਰਕੋਟ ਦੀ ਜੇਬ ਵਿਚੋਂ ਨਿਕਲੇ ਲੱਗਦੇ ਹਨ।” ਉਹ ਕਾਲਜ ਦੀ ਪੜ੍ਹਾਈ ਦੌਰਾਨ ਹਰ ਵਿਦਿਆਰਥੀ ਨੂੰ ਆਖਦਾ: ਸਾਨੂੰ ਘੱਟ ਤੋਂ ਘੱਟ 30 ਲੇਖਕਾਂ ਦੀਆਂ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਹਨ ਤਾਂ ਜੋ ਅਸੀਂ ਆਪਣੇ ਅਸਲੀ ਰੂਪ ਨੂੰ ਖੋਜ ਸਕੀਏ, ਕੁਝ ਕਰ ਸਕੀਏ, ਕੁਝ ਬਣ ਸਕੀਏ। ਪੜ੍ਹਾਈ ਤੋਂ ਬਾਅਦ ਇਕ ਸਾਲ ਨੌਕਰੀ ਕੀਤੀ ਪਰ ਉਥੇ ਵੀ ਦਿਲ ਲੱਗਾ। ਉਸ ਅੰਦਰ ਤਾਂ ਅੱਖਰਾਂ ਦਾ ਜਵਾਰਭਾਟਾ ਫੁੱਟ ਰਿਹਾ ਸੀ। ਜ਼ਿੰਦਗੀ ਵਿਚ ਕੁਝ ਕਰਨ ਲਈ ਮਿਹਨਤ ਹੀ ਸਭ ਤੋਂ ਵੱਡੀ ਸਫਲਤਾ ਦੀ ਕੁੰਜੀ ਹੈ। ਉਸ ਨੇ ਅਨੇਕਾਂ ਜਿੰਦਰੇ ਇਸ ਕੁੰਜੀ ਨਾਲ ਖੋਲ੍ਹਣੇ ਸਨ।
ਨੌਕਰੀ ਨੂੰ ਅਲਵਿਦਾ ਕਹਿਣ ਤੋਂ ਬਾਅਦ ਆਪਣੇ ਆਪ ਨੂੰ ਸਿਰਜਣਾ ਦੇ ਸਮਰਪਿਤ ਕਰ ਦਿੱਤਾ। ਆਪਣੇ ਭਰਾ ਮਿਖਾਈਲ ਨੂੰ ਖਤ ਲਿਖਿਆ, “ਮੈਂ ਇਸ ਗੁਲਾਮੀ (ਨੌਕਰੀ) ਤੋਂ ਤੰਗ ਆ ਚੁੱਕਾ ਹਾਂ। ਹੁਣ ਨਾਵਲ ਲਿਖਾਂਗਾ ਜਿਸ ਵਿਚ ਉਨ੍ਹਾਂ ਲੋਕਾਂ ਦਾ ਜ਼ਿਕਰ ਕਰਾਂਗਾ ਜੋ ਸਦੀਆਂ ਤੋਂ ਗੁਲਾਮ ਹਨ। ਮੈਨੂੰ ਆਸ ਹੈ ਕਿ ਮੇਰੀ ਇਸ ਰਚਨਾ ਨੂੰ ਲੋਕ ਪਸੰਦ ਕਰਨਗੇ।” ਜਿਨ੍ਹਾਂ ਵਿਚ ਕੁਝ ਕਰਨ ਦਾ ਜਜ਼ਬਾ ਹੁੰਦਾ ਹੈ, ਉਹ ਧੁੰਦਾਂ ‘ਚ ਵੀ ਲਿਸ਼ਕ ਪੈਂਦੇ ਹਨ। 1846 ਵਿਚ ਦਾਸਤੋਵਸਕੀ ਦਾ ਪਹਿਲਾ ਨਾਵਲ ‘ਪੂਅਰ ਫੋਕ’ (ਗਰੀਬ ਲੋਕ ਆਦਮੀ) ਪ੍ਰਕਾਸ਼ਿਤ ਹੋਇਆ। ਇਸ ਨਾਵਲ ਦੇ ਛਪਦਿਆਂ ਰੂਸ ਦੇ ਸਾਹਿਤਕ ਹਲਕਿਆਂ ਵਿਚ ਹਾਹਾਕਾਰ ਮੱਚ ਗਈ। ਦਾਸਤੋਵਸਕੀ ਦਾ ਪਹਿਲਾ ਨਿਸ਼ਾਨਾ ਹੀ ਕਮਾਲ ਕਰ ਗਿਆ। ਵਿਦਿਅਕ ਅਦਾਰੇ ਵਿਚ ਇਸ ਨਾਵਲ ਦੀ ਚਰਚਾ ਹੋਣ ਲੱਗੀ। ਰੂਸ ਦੇ ਪ੍ਰਸਿੱਧ ਆਲੋਚਕ ਬਲਿੰਸਕੀ ਨੇ ਕਿਹਾ, “ਇਹ ਨਾਵਲ ਲੋਕਾਂ ਦਾ ਨਾਵਲ ਹੈ।” ਰੂਸ ਵਿਚ ਸ਼ਾਇਦ ਇਹ ਪਹਿਲਾ ਨਾਵਲ ਹੈ ਜਿਸ ਵਿਚ ਉਨ੍ਹਾਂ ਲੋਕਾਂ ਦਾ ਜ਼ਿਕਰ ਕੀਤਾ ਗਿਆ ਹੈ ਜੋ ਵਿਚਾਰੇ ਸਦੀਆਂ ਤੋਂ ਹੀ ਹਾਸ਼ੀਏ ‘ਤੇ ਧੱਕ ਦਿੱਤੇ ਗਏ ਹਨ। ਇਸ ਸਮਾਜਿਕ ਨਾਵਲ ਨੇ ਦਾਸਤੋਵਸਕੀ ਨੂੰ ਉਨ੍ਹਾਂ ਲੋਕਾਂ ਦੀ ਧਿਰ ਬਣਾ ਦਿੱਤਾ। ਦਾਸਤੋਵਸਕੀ ਬੇਹੱਦ ਖੁਸ਼ ਸੀ। ਇਹ ਖੁਸ਼ੀ ਸਾਂਝੀ ਕਰਨ ਲਈ ਦਾਸਤੋਵਸਕੀ ਨੇ ਆਪਣੇ ਭਰਾ ਮਿਖਾਈਲ ਨੂੰ ਖਤ ਲਿਖਿਆ, “ਹੁਣ ਮੇਰਾ ਨਾਮ ਸਾਹਿਤ ਦੀ ਮੱਸ ਰੱਖਣ ਵਾਲੀ ਹਰ ਜ਼ਬਾਨ ‘ਤੇ ਹੈ। ਮੈਨੂੰ ਦੱਸਣਾ ਨਹੀਂ ਪੈਂਦਾ ਕਿ ਮੇਰਾ ਨਾਮ ਦਾਸਤੋਵਸਕੀ ਹੈ।”
1848 ਵਿਚ ਦਾਸਤੋਵਸਕੀ ਇਕ ਆਦਰਸ਼ਵਾਦੀ ਗਰੁੱਪ ਦਾ ਮੈਂਬਰ ਬਣ ਗਿਆ। ਇਹ ਸੰਗਠਨ ਇਨਕਲਾਬੀ ਵਿਚਾਰਾਂ ਦਾ ਧਾਰਨੀ ਸੀ। ਇਸ ਦਾ ਹਰ ਮੈਂਬਰ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਕੰਮ ਕਰਦਾ ਅਤੇ ਉਹ ਸਾਰੇ ਸਮਾਜ ਵਿਚ ਸੁਧਾਰ ਦੀ ਮੰਗ ਕਰ ਰਹੇ ਸਨ। ਇਸ ਸੰਗਠਨ ਦੇ ਵਿਚਾਰਾਂ ਤੋਂ ਹਕੂਮਤ ਨੂੰ ਡਰ ਲੱਗ ਰਿਹਾ ਸੀ ਕਿ ਕਿਤੇ ਇਹ ਕ੍ਰਾਂਤੀਕਾਰੀ ਵਿਚਾਰ ਘਰ ਘਰ ਤਕ ਨਾ ਪਹੁੰਚ ਜਾਣ। ਹਕੂਮਤ ਦੇ ਜਸੂਸ ਇਸ ਸੰਗਠਨ ‘ਤੇ ਕਰੜੀ ਨਜ਼ਰ ਰੱਖਣ ਲੱਗੇ। ਆਖਿਰ ਉਹੀ ਹੋਇਆ ਜਿਸ ਦਾ ਡਰ ਸੀ। 1849 ਵਿਚ ਦਾਸਤੋਵਸਕੀ ਸਮੇਤ 25 ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਕਰੜੇ ਪ੍ਰਬੰਧਾਂ ਅਧੀਨ ਇਨ੍ਹਾਂ ਨੂੰ ਕੈਦਖਾਨੇ ਵਿਚ ਰੱਖਿਆ ਗਿਆ। ਕੁਝ ਸਮੇਂ ਬਾਅਦ ਇਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ। ਦਾਸਤੋਵਸਕੀ ਅਤੇ ਉਸ ਦੇ ਨੌਜਵਾਨ ਸਾਥੀਆਂ ਨੂੰ ਫਾਂਸੀ ਲਈ ਤਿਆਰ ਕੀਤਾ ਗਿਆ ਪਰ ਕੁਝ ਘੰਟੇ ਪਹਿਲਾਂ ਹੀ ਜ਼ਾਰ ਦਾ ਫਰਮਾਨ ਮਿਲਿਆ, ਫਾਂਸੀ ਨੂੰ ਕੈਦ ਵਿਚ ਬਦਲ ਦਿੱਤਾ ਜਾਵੇ। ਇਨ੍ਹਾਂ ਸਾਰੇ ਮੈਂਬਰਾਂ ਨੂੰ ਸਾਇਬੇਰੀਆ ਦੀ ਜੇਲ੍ਹ ਵਿਚ ਸਖਤ ਪਹਿਰੇ ਹੇਠ ਨਜ਼ਰਬੰਦ ਕੀਤਾ ਗਿਆ। ਦਾਸਤੋਵਸਕੀ ਚਾਰ ਸਾਲ ਉਮਾਸਕ ਦੀ ਜੇਲ੍ਹ ਵਿਚ ਰਿਹਾ। ਇਥੇ ਉਸ ਦਾ ਦਿਮਾਗੀ ਸੰਤੁਲਨ ਠੀਕ ਨਾ ਰਿਹਾ। ਉਸ ਨੂੰ ਜੇਲ੍ਹ ਵਿਚ ਸਖਤ ਕੰਮ ਕਰਨਾ ਪੈਂਦਾ। ਉਹ ਕਾਫੀ ਬਿਮਾਰ ਰਹਿਣ ਲੱਗਾ ਪਰ ਇਸ ਜੇਲ੍ਹ ਵਿਚ ਕੈਦੀਆਂ ਕੋਲੋਂ ਸਿੱਖਿਆ ਬਹੁਤ ਕੁਝ ਜੋ ਉਸ ਦੀ ਸਿਰਜਣਾ ਲਈ ਲਾਹੇਵੰਦ ਸਾਬਤ ਹੋਇਆ। ਸਜ਼ਾ ਖਤਮ ਹੋਣ ‘ਤੇ ਇਹ ਹਦਾਇਤ ਕੀਤੀ ਗਈ ਕਿ ਸਾਰੇ ਦੋਸ਼ੀਆਂ ਨੂੰ ਪੰਜ ਸਾਲ ਤੀਕਰ ਰੂਪੋਸ਼ ਰਹਿਣਾ ਪਵੇਗਾ। ਸੈਨਾ ਦੀ ਟੁਕੜੀ ਵਿਚ ਕੰਮ ਕਰਨਾ ਪਵੇਗਾ। ਦਾਸਤੋਵਸਕੀ ਰਿਹਾਅ ਹੋ ਕੇ ਰੂਪੋਸ਼ ਰਹਿਣ ਲੱਗਾ। ਇਸ ਸਮੇਂ ਦੌਰਾਨ ਹੀ ਉਸ ਨੇ ਇਕ ਫੌਜੀ ਅਫਸਰ ਦੀ ਵਿਧਵਾ ਮਦਾਮ ਇਸਾਬੇਲ ਨਾਲ ਵਿਆਹ ਕਰਵਾ ਲਿਆ। ਦਾਸਤੋਵਸਕੀ ਅੰਦਰ ਸਿਰਜਣਾ ਅੰਗੜਾਈਆਂ ਲੈ ਰਹੀ ਸੀ। ਉਸ ਅੰਦਰ ਸਾਹਿਤ ਵਿਚ ਕੁਝ ਨਵਾਂ ਕਰਨ ਦਾ ਜਜ਼ਬਾ ਸੀ। ਕੁਝ ਲੋਕ ਰਾਤਾਂ ਨੂੰ ਸੌਣ ਸਮੇਂ ਸੁਪਨੇ ਦੇਖਦੇ ਹਨ, ਦਾਸਤੋਵਸਕੀ ਦਿਨੇ ਵੀ ਸੁਪਨੇ ਦੇਖਦਾ ਅਤੇ ਪੂਰਾ ਕਰਨ ਦੀ ਸਮਰੱਥਾ ਵੀ ਰੱਖਦਾ ਸੀ। ਅਜਿਹੇ ਇਨਸਾਨ ਹੀ ਸਮਾਜ ਦਾ ਸ਼ੀਸ਼ਾ ਬਣਦੇ ਹਨ, ਦਿਲਾਂ ‘ਤੇ ਰਾਜ ਕਰਦੇ ਹਨ। ਦਾਸਤੋਵਸਕੀ ਨੇ ਆਪਣੇ ਹਰ ਕਦਮ ਤੋਂ ਕੁਝ ਨਾ ਕੁਝ ਸਿੱਖਣ ਦੀ ਕੋਸ਼ਿਸ਼ ਕੀਤੀ।
ਦਾਸਤੋਵਸਕੀ ਨੇ ਸਿਰਜਣ ਪ੍ਰਕਿਰਿਆ ਜਾਰੀ ਰੱਖੀ। ਬੀਤੇ ਸਮੇਂ ਦੇ ਅਨੁਭਵਾਂ ਨੂੰ ਮਾਲਾ ਵਾਂਗ ਧਾਗੇ ਵਿਚ ਪਰੋਣ ਲੱਗਾ। ਇਸ ਘਾਲਣਾ ਨੇ ਇਕ ਹੋਰ ਨਾਵਲ ‘ਦਿ ਹਾਊਸ ਆਫ ਡੈੱਡ’ ਨੂੰ ਜਨਮ ਦਿਤਾ। ਉਸ ਨਾਲ ਜੋ ਵਿਹਾਰ ਜੇਲ੍ਹ ਵਿਚ ਹੋਇਆ, ਉਸ ਨੇ ਬੜੀ ਬੇਬਾਕੀ ਨਾਲ ਲਿਖਿਆ। ਕਿਵੇਂ ਪਹਿਰੇਦਾਰ ਆਪਣੀ ਗੰਦੀ ਬਿਰਤੀ ਨਾਲ ਪੇਸ਼ ਆਉਂਦੇ ਸਨ। ਨਾਵਲ ਦੇ ਸੰਦੇਸ਼ ਨੇ ਉਸ ਨੂੰ ਹੋਰ ਹਰਮਨ ਪਿਆਰਾ ਬਣਾ ਦਿੱਤਾ। ਉਹ ਆਪਣੀ ਇਕ ਲਿਖਤ ਵਿਚ ਜ਼ਿਕਰ ਕਰਦਾ ਹੈ ਕਿ ਚੰਗਾ ਮਨੁੱਖ ਬਣਨ ਲਈ ਸਭ ਤੋਂ ਪਹਿਲਾਂ ਉਸ ਨੂੰ ਵਿਅਕਤੀਗਤ ਆਜ਼ਾਦੀ ਦੀ ਲੋੜ ਹੈ। ਚੰਗਾ ਸਮਾਜ, ਚੰਗੀ ਸੂਝ-ਬੂਝ ਨਾਲ ਹੀ ਉੱਸਰ ਸਕਦਾ ਹੈ। ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ। ਜੇ ਲੋਕ ਆਜ਼ਾਦ ਨਹੀਂ ਤਾਂ ਉਹ ਇਨਸਾਨ ਨਹੀਂ, ਹੈਵਾਨ ਹਨ। ਆਪਣੇ ਬੁੱਧਜੀਵੀ ਸਾਥੀਆਂ ਨੂੰ ਕਰੜੇ ਸ਼ਬਦਾਂ ਵਿਚ ਕਿਹਾ, “ਤੁਹਾਡੀਆਂ ਕਲਮਾਂ ਵਿਚ ਸਿਆਹੀ ਫਰਜ਼ਾਂ ਅਤੇ ਜ਼ਿੰਮੇਵਾਰੀਆਂ ਦੀ ਹੋਣੀ ਚਾਹੀਦੀ ਹੈ।”
ਦਾਸਤੋਵਸਕੀ ਦੀ ਜ਼ਿੰਦਗੀ ਵਿਚ ਅਜਿਹਾ ਸਮਾਂ ਵੀ ਆਇਆ ਜਦੋਂ ਉਹ ਆਪਣੇ ਆਪ ਨੂੰ ਲਾਸ਼ ਸਮਝਣ ਲੱਗਾ। ਇਹ ਉਸ ਦੀ ਜ਼ਿੰਦਗੀ ਦਾ ਬਹੁਤ ਭਿਆਨਕ ਵਕਤ ਸੀ। ਉਸ ਨੇ ਆਪਣੇ ਭਰਾ ਨਾਲ ਰਲ ਕੇ ਰਸਾਲਾ ਵੀ ਕੱਢਿਆ। ਉਸ ਰਸਾਲੇ ਅਤੇ ਦਾਸਤੋਵਸਕੀ ਦੀ ਬਦਕਿਸਮਤੀ ਇਹ ਹੋਈ ਕਿ ਅਜਿਹੀ ਕਹਾਣੀ ਛਾਪ ਦਿੱਤੀ ਜਿਸ ਦਾ ਸਬੰਧ ਹਕੂਮਤ ਨੇ ਕਈ ਸੰਗਠਨਾਂ ਨਾਲ ਜੋੜ ਦਿੱਤਾ ਜਿਸ ਕਰਕੇ ਉਹ ਰਸਾਲਾ ਬੰਦ ਕਰਨਾ ਪਿਆ। ਇਹ ਸਾਲ ਦਾਸਤੋਵਸਕੀ ‘ਤੇ ਕਹਿਰ ਬਣ ਕੇ ਟੁੱਟ ਪਏ। ਇਨ੍ਹਾਂ ਸਾਲਾਂ ਵਿਚ ਹੀ ਉਸ ਦੀ ਪਤਨੀ ਦੀ ਮੌਤ ਹੋ ਗਈ। ਕੁਝ ਮਹੀਨਿਆਂ ਬਾਅਦ ਭਰਾ ਦੀ ਵੀ ਮੌਤ ਹੋ ਗਈ। ਭਰਾ ਦੇ ਪਰਿਵਾਰ ਦਾ ਸਾਰਾ ਬੋਝ ਵੀ ਉਸ ਉੱਪਰ ਆ ਡਿੱਗਿਆ। ਸਿਆਣੇ ਸੱਚ ਹੀ ਆਖਦੇ ਹਨ: ਢੀਮਾਂ ਉਸ ਬੇਰੀ ਨੂੰ ਹੀ ਵੱਜਦੀਆਂ ਹਨ ਜਿਸ ਦੇ ਮਿੱਠੜੇ ਬੇਰ ਹੁੰਦੇ। ਉਸ ਨੂੰ ਕੋਈ ਵੀ ਐਸਾ ਮਿੱਤਰ ਨਾ ਮਿਲਿਆ ਜੋ ਕਹੇ: ਯਾਰ ਤੂੰ ਪਰਵਾਹ ਨਾ ਕਰ, ਮੈਂ ਤੇਰੇ ਨਾਲ ਹਾਂ। ਕਹਿੰਦੇ ਹਨ, ਔਖੇ ਵੇਲੇ ਤਾਂ ਆਪਣਾ ਪਰਛਾਵਾਂ ਵੀ ਸਾਥ ਛੱਡ ਜਾਂਦਾ ਹੈ। ਬੇਵਕਤ ਦੀਆਂ ਮਾਰਾਂ ਨੇ ਦਾਸਤੋਵਸਕੀ ਨੂੰ ਅੰਦਰੋਂ ਪੂਰੀ ਤਰ੍ਹਾਂ ਤੋੜ ਦਿੱਤਾ ਪਰ ਇਸ ਦੌਰ ਵਿਚ ਵੀ ਉਸ ਨੇ ਆਪਣੇ ਅੰਦਰੋਂ ਸਾਹਿਤ ਦੀ ਧੁਖਦੀ ਧੂਣੀ ਨੂੰ ਬੁਝਣ ਨਹੀਂ ਦਿੱਤਾ ਸਗੋਂ ਇਨ੍ਹਾਂ ਘਟਨਾਵਾਂ ਨੇ ਧੁਖਦੀ ਧੂਣੀ ਨੂੰ ਲਾਟ ਵਾਂਗ ਮਘਣ ਲਾ ਦਿੱਤਾ। ਦਾਸਤੋਵਸਕੀ ਨੂੰ ਇਲਮ ਸੀ ਕਿ ਉਹ ਆਪਣੀ ਕਲਮ ਦੇ ਆਸਰੇ ਗਰੀਬੀ ਦੂਰ ਕਰ ਸਕਦਾ ਹੈ ਪਰ ਕਲਮਾਂ ਦੇ ਆਸਰੇ ਉਹ ਸਕੂਨ ਨਹੀਂ ਮਿਲ ਸਕਦਾ ਜਿਸ ਦੀ ਉਸ ਨੂੰ ਭਾਲ ਸੀ। ਉਸ ਦੀ ਇਸ ਭਾਲ ਨੂੰ ਵੀ ਇਕ ਦਿਨ ਬੂਰ ਪੈ ਗਿਆ। 4 ਅਕਤੂਬਰ, 1866 ਨੂੰ ਐਨਾ ਨਾਂ ਦੀ ਕੁੜੀ ਨੇ ਉਸ ਦੀ ਜ਼ਿੰਦਗੀ ਵਿਚ ਪ੍ਰਵੇਸ਼ ਕੀਤਾ। ਅਠਾਰਾਂ ਸਾਲ ਦੀ ਐਨਾ ਨਿਪੁੰਨ ਸਟੈਨੋਗ੍ਰਾਫਰ ਸੀ। ਉਸ ਨੇ ਦਾਸਤੋਵਸਕੀ ਦਾ ਅੰਦਰ ਪੜ੍ਹਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਸਗੋਂ ਉਸ ਨੂੰ ਅੰਦਰੋਂ-ਬਾਹਰੋਂ ਸਮਝਣ ਦਾ ਪ੍ਰਣ ਕੀਤਾ। ਦਾਸਤੋਵਸਕੀ ਦੀ ਉਮਰ ਉਸ ਵਕਤ 45 ਸਾਲ ਸੀ। ਦਾਸਤੋਵਸਕੀ ਜੋ ਵੀ ਲਿਖਦਾ, ਐਨਾ ਉਸ ਦਾ ਹੋਰ ਭਾਸ਼ਾਵਾਂ ਵਿਚ ਤਰਜਮਾ ਕਰਦੀ। ਐਨਾ ਨੇ ਰਾਤ ਦਿਨ ਇੱਕ ਕਰਕੇ ਦਾਸਤੋਵਸਕੀ ਦਾ ਸਾਰਾ ਕਰਜ਼ਾ ਲਾਹ ਦਿੱਤਾ। ਹਰ ਪ੍ਰਕਾਸ਼ਕ ਨਾਲ ਲੈਣ-ਦੇਣ ਐਨਾ ਕਰਦੀ। ਦਾਸਤੋਵਸਕੀ ਦਾ ਕੰਮ ਸਿਰਫ ਲਿਖਣਾ ਸੀ।
ਵਿਆਹ ਤੋਂ ਬਾਅਦ ਉਹ ਦੋਵੇਂ ਤਕਰੀਬਨ ਚਾਰ-ਪੰਜ ਸਾਲ ਵੱਖਰੇ-ਵੱਖਰੇ ਦੇਸ਼ਾਂ ਵਿਚ ਘੁੰਮਦੇ ਰਹੇ। ਪੈਰਿਸ ਵਿਚ ਉਨ੍ਹਾਂ ਦੀ ਮੁਲਾਕਾਤ ਤੁਰਗਨੇਵ ਨਾਲ ਹੋਈ। ਤੁਰਗਨੇਵ ਨੇ ਦਾਸਤੋਵਸਕੀ ਦੀ ਮਦਦ ਵੀ ਕੀਤੀ ਕਿਉਂਕਿ ਉਸ ਨੂੰ ਜੂਆ ਖੇਡਣ ਦੀ ਭੈੜੀ ਆਦਤ ਸੀ। ਉਹ ਜੂਏ ਵਿਚ ਆਪਣੀ ਪਤਨੀ ਦੇ ਗਹਿਣੇ ਵੀ ਹਾਰ ਚੁੱਕਾ ਸੀ। ਤੁਰਗਨੇਵ ਨੇ ਖੁੱਲ੍ਹੇ ਦਿਲ ਨਾਲ ਉਨ੍ਹਾਂ ਦਾ ਸਾਥ ਦਿੱਤਾ। ਦੋਸਤੀ ਦੇ ਅਰਥ ਵੀ ਕੋਈ ਕੋਈ ਸਮਝ ਸਕਦਾ ਹੈ। ਯੂਰਪ ਦੇ ਦੌਰੇ ਸਮੇਂ ਹੀ ਦਾਸਤੋਵਸਕੀ ਨੇ ਕੁਝ ਨਾਵਲਾਂ ਦੀ ਸਿਰਜਣਾ ਕੀਤੀ: ‘ਦਿ ਇਡੀਅਟ’, ‘ਦਿ ਇੰਟਰਨਲ’, ‘ਹਸਬੈਂਡ ਐਂਡ ਦਿ ਪੋਜ਼ੈਸਡ’ ਆਦਿ। 1871 ਵਿਚ ਉਹ ਰੂਸ ਵਾਪਸ ਆ ਗਏ। ਦਾਸਤੋਵਸਕੀ ਦਾ ਪ੍ਰਸਿੱਧ ਨਾਵਲ ‘ਕਰਾਈਮ ਐਂਡ ਪਨਿਸ਼ਮੈਂਟ’ ਦਾ ਆਧਾਰ ਬਹੁਤ ਵਿਸ਼ਾਲ ਸੀ ਪਰ ਇਕ ਬਿੰਦੂ ਨੂੰ ਵਿਸ਼ਾਲਤਾ ਦਾ ਰੂਪ ਦੇਣਾ ਕੋਈ ਛੋਟੀ ਗੱਲ ਨਹੀਂ ਸੀ। ਇਸ ਨਾਵਲ ਦਾ ਪਾਤਰ ਨੌਜਵਾਨ ਰਸਕਲੋਨੀਕੋਵ ਹੈ। ਉਸ ਦੇ ਅੰਦਰ ਦੀ ਬਿਰਤੀ ਨੂੰ ਦਾਸਤੋਵਸਕੀ ਨੇ ਕਮਾਲ ਦਾ ਰੂਪ ਦਿੱਤਾ। ਉਹ ਸੋਚਦਾ ਹੈ ਕਿ ਸਾਰੇ ਸਮਾਜ ਨੂੰ ਅਮੀਰ ਧਿਰ ਹੀ ਨਿਗਲ ਰਹੀ ਹੈ। ਇਸ ਦਾ ਹੱਲ ਤਾਂ ਹੀ ਹੋ ਸਕਦਾ ਹੈ ਕਿ ਉਸ ਧਿਰ ਨੂੰ ਖਤਮ ਹੀ ਕਰ ਦਿੱਤਾ ਜਾਵੇ। ਉਹ ਨੌਜਵਾਨ ਉਸ ਔਰਤ ਦਾ ਕਤਲ ਕਰਦਾ ਹੈ ਜੋ ਸਮਾਜ ਨੂੰ ਲੁੱਟ ਕੇ ਖਾ ਰਹੀ ਹੈ। ਆਖਿਰਕਾਰ ਉਹ ਆਪਣਾ ਜ਼ੁਲਮ ਵੀ ਕਬੂਲ ਕਰ ਲੈਂਦਾ ਹੈ। ਜੇਲ੍ਹ ਵਿਚ ਉਹ ਇਹ ਮਹਿਸੂਸ ਕਰਦਾ ਹੈ ਕਿ ਕਿਸੇ ਨੂੰ ਮਾਰ ਦੇਣਾ ਵੀ ਕੋਈ ਸੂਰਮਗਤੀ ਨਹੀਂ। ਉਸ ਨੂੰ ਅਹਿਸਾਸ ਹੋ ਜਾਂਦਾ ਹੈ ਕਿ ਉਸ ਨੇ ਕਾਨੂੰਨ ਤੋੜਿਆ ਹੀ ਨਹੀਂ ਸਗੋਂ ਕੁਦਰਤ ਦੀ ਮਰਜ਼ੀ ਦੇ ਖਿਲਾਫ ਕੰਮ ਕੀਤਾ ਹੈ ਜੋ ਉਸ ਨੂੰ ਕਦੇ ਵੀ ਮੁਆਫ ਨਹੀਂ ਕਰੇਗੀ।
ਦਾਸਤੋਵਸਕੀ ਨੂੰ ਉਸ ਦੀਆਂ ਖਾਮੀਆਂ ਨੇ ਕਾਫੀ ਕਮਜ਼ੋਰ ਕਰ ਦਿੱਤਾ ਸੀ। ਜੂਏ ਅਤੇ ਸ਼ਰਾਬ ਨੇ ਉਸ ਨੂੰ ਅੰਦਰੋਂ ਹੀ ਨਹੀਂ, ਬਾਹਰੋਂ ਵੀ ਕਮਜ਼ੋਰ ਕਰ ਦਿੱਤਾ। ਇਹ ਐਨਾ ਹੀ ਸੀ ਜਿਸ ਨੇ ਕਦੇ ਉਸ ਨੂੰ ਮਹਿਸੂਸ ਨਹੀਂ ਹੋਣ ਦਿੱਤਾ ਕਿ ਤੂੰ ਕਮਜ਼ੋਰ ਏਂ। ਆਪਣੇ ਨਾਵਲ ‘ਦਿ ਬ੍ਰਦਰਜ਼ ਕਾਰਮਾਜ਼ੋਵ’ ਦੀ ਰੂਪਰੇਖਾ ਉਲੀਕਦਿਆਂ ਉਸ ਨੇ ਸੋਚਿਆ ਨਹੀਂ ਸੀ ਕਿ ਇਹ ਉਸ ਦਾ ਆਖਰੀ ਨਾਵਲ ਹੋਵੇਗਾ। ਇਸ ਦੌਰਾਨ ਹੀ ਉਸ ਦੇ ਪੁੱਤਰ ਅਲਓਸ਼ਾ ਦੀ ਮੌਤ ਹੋ ਜਾਂਦੀ ਹੈ। ਉਹ ਉਸ ਸਮੇਂ ਸਿਰਫ ਢਾਈ ਸਾਲਾਂ ਦਾ ਸੀ। ਉਸ ਨੂੰ ਜਨਮ ਤੋਂ ਹੀ ਮਿਰਗੀ ਪੈਂਦੀ ਸੀ। ਮਿਰਗੀ ਦਾ ਦੌਰਾ ਦਾਸਤੋਵਸਕੀ ਨੂੰ ਵੀ ਪੈਂਦਾ ਸੀ। ਪੁੱਤਰ ਦੀ ਮੌਤ ਨੇ ਦਾਸਤੋਵਸਕੀ ਨੂੰ ਸਦਮੇ ਵਿਚ ਧੱਕ ਦਿੱਤਾ। ਨਿਰਾਸ਼ਾ ਭਰੇ ਇਸ ਵਕਤ ਵਿਚ ਉਸ ਦੀ ਪਤਨੀ ਨੇ ਵੀ ਉਸ ਦਾ ਸਾਥ ਛੱਡ ਦਿੱਤਾ।
ਇਹ ਨਾਵਲ ਦਾਸਤੋਵਸਕੀ ਨੇ ਤਿੰਨ ਚਾਰ ਸਾਲਾਂ ਵਿਚ ਪੂਰਾ ਕੀਤਾ। ਇਸ ਨਾਵਲ ਵਿਚ ਬੁੱਢੇ ਆਦਮੀ ਦੇ ਤਿੰਨ ਪੁੱਤਰ ਹਨ- ਦਮਿੱਤਰੀ ਸਭ ਤੋਂ ਵੱਡਾ, ਉਸ ਤੋਂ ਛੋਟਾ ਈਵਾਨ ਅਤੇ ਸਭ ਤੋਂ ਛੋਟਾ ਅਲਬੋਸ਼ਾ। ਸਾਰਾ ਨਾਵਲ ਇਨ੍ਹਾਂ ਤਿੰਨਾਂ ਦੁਆਲੇ ਹੀ ਕੇਂਦ੍ਰਿਤ ਹੈ। ਦਾਸਤੋਵਸਕੀ ਨੇ ਇਸ ਨਾਵਲ ਵਿਚ ਸਾਬਤ ਕਰ ਦਿੱਤਾ ਕਿ ਜ਼ਿੰਦਗੀ ਦਾ ਸੱਚਾ ਨਿਆਂ ਦੂਜਿਆਂ ਨਾਲ ਕੀਤੇ ਪਿਆਰ ਦੇ ਵਤੀਰੇ ਵਿਚੋਂ ਹੀ ਮਿਲਦਾ ਹੈ। ਕੋਂਸਟਾਨਟੀਨ ਮੋਸ਼ਲਸਕੀ ਨੇ ਲਿਖਿਆ ਹੈ ਕਿ ਇਹ ਨਾਵਲ ਦੁਨੀਆ ਦੇ ਹਰ ਲੇਖਕ ਅੱਗੇ ਆਪਣੀ ਆਤਮ-ਕਥਾ ਦੇ ਪੰਨੇ ਖੋਲ੍ਹਦਾ ਹੈ। ਉਸ ਨੇ ਆਪਣੀ ਹਰ ਰਚਨਾ ਵਿਚ ਜ਼ਿੰਦਗੀ ਦੇ ਅਨੁਭਵਾਂ ਦੀ ਅਜਿਹੀ ਪੁੱਠ ਚਾੜ੍ਹੀ ਕਿ ਹਰ ਕੋਈ ਪੜ੍ਹ ਕੇ ਦੰਗ ਰਹਿ ਗਿਆ। ਦਾਸਤੋਵਸਕੀ ਰੂਸ ਦੇ ਸਾਹਿਤ ਦਾ ਥੰਮ੍ਹ ਸੀ। ਉਹ ਕੁਝ ਕਰਨ ਲਈ ਉਤੇਜਿਤ ਰਹਿੰਦਾ ਪਰ ਬਿਮਾਰੀਆਂ ਨੇ ਇਸ ਤਰ੍ਹਾਂ ਘੇਰਿਆ ਹੋਇਆ ਸੀ ਕਿ ਉਸ ਦੀ ਪੇਸ਼ ਨਾ ਜਾਂਦੀ। ਸ਼ਰਾਬ ਨੇ ਉਸ ਨੂੰ ਅੰਦਰੋਂ ਖੋਖਲਾ ਕਰ ਦਿੱਤਾ ਸੀ। ਮੋਸ਼ਲਸਕੀ ਨੇ ਉਸ ਦੇ ਜੀਵਨ ‘ਤੇ ਪੂਰੀ ਕਿਤਾਬ ਲਿਖੀ ਜਿਸ ਦਾ ਨਾਮ ‘ਦਾਸਤੋਵਸਕੀ ਹਿਜ਼ ਲਾਈਫ ਐਂਡ ਵਰਕਸ’ ਹੈ।
‘ਦਿ ਬ੍ਰਦਰਜ਼ ਕਾਰਮਾਜ਼ੋਵ’ ਦੀ ਆਖਿਰੀ ਕਿਸ਼ਤ ਪ੍ਰਕਾਸ਼ਕ ਨੂੰ ਭੇਜ ਕੇ ਉਸ ਨੇ ਕਿਹਾ- ਤੁਸੀਂ ਫਿਕਰ ਨਾ ਕਰੋ, ਮੈਂ ਅਜੇ ਹੋਰ ਵੀ ਬਹੁਤ ਨਾਵਲ ਲਿਖਣੇ ਹਨ।
‘ਦਿ ਬ੍ਰਦਰਜ਼ ਕਾਰਮਾਜ਼ੋਵ’ ਨਾਵਲ ਨੇ ਦਾਸਤੋਵਸਕੀ ਨੂੰ ਬੁਲੰਦੀ ਉੱਤੇ ਖੜ੍ਹਾ ਕਰ ਦਿੱਤਾ ਸੀ। ਹੇਨਰੀ ਤਰੋਏਨ ਨੇ ਆਪਣੇ ਲੇਖ ਵਿਚ ਜ਼ਿਕਰ ਕੀਤਾ ਹੈ ਕਿ ‘ਬ੍ਰਦਰਜ਼ ਕਾਰਮਾਜ਼ੋਵ’ ਨੇ ਦਾਸਤੋਵਸਕੀ ਨੂੰ ਤੁਰਗਨੇਵ, ਤਾਲਸਤਾਏ ਤੋਂ ਇਕ ਕਦਮ ਅੱਗੇ ਖੜ੍ਹਾ ਕੀਤਾ। ਉਸ ਦੀ ਹਰ ਲਿਖਤ ਅਵਾਮ ਨੂੰ ਇਨ੍ਹਾਂ ਨਾਲੋਂ ਜ਼ਿਆਦਾ ਟੁੰਬਦੀ ਸੀ। ਰੂਸੀ ਸਾਹਿਤ ਦੇ ਤਾਰਾ ਮੰਡਲ ਵਿਚ ਉਹ ਅਜਿਹਾ ਸਿਤਾਰਾ ਬਣ ਚੁੱਕਾ ਸੀ ਜਿਸ ਦੀ ਚਮਕ ਬਾਕੀਆਂ ਨਾਲੋਂ ਅਨੋਖੀ ਹੀ ਨਹੀਂ, ਤੇਜ਼ ਵੀ ਸੀ। ਸਫਲਤਾ ਕਈ ਵਾਰ ਕਈਆਂ ਦੇ ਦਿਮਾਗ ਨੂੰ ਚੜ੍ਹ ਜਾਂਦੀ ਹੈ ਪਰ ਦਾਸਤੋਵਸਕੀ ਨੇ ਆਪਣੇ ਪੈਰ ਧਰਤੀ ਨਾਲ ਜੋੜੀ ਰੱਖੇ। ਉਸ ਦੀ ਸਿਰਜਣਾ ਨੇ ਸੰਸਾਰ ਦੇ ਸਾਹਿਤ ਨੂੰ ਵੀ ਬਹੁਤ ਪ੍ਰਭਾਵਿਤ ਕੀਤਾ। ਸਿਰਕੱਢ ਆਲੋਚਕ ਵਿਲੀਅਮ ਫਾਕਨਰ ਦੇ ਸ਼ਬਦਾਂ ਵਿਚ, “ਦਾਸਤੋਵਸਕੀ ਦੀ ਕਿਰਤ ਨੇ ਮੇਰੇ ‘ਤੇ ਗਹਿਰਾ ਅਸਰ ਛੱਡਿਆ। ਉਸ ਦੀ ਨਾਵਲਕਾਰੀ ਵਿਚੋਂ ਮੈਨੂੰ ਕਲਾਕਾਰੀ ਵੀ ਨਜ਼ਰ ਆਈ ਜਿਸ ਦਾ ਮੈਂ ਹਰ ਪਲ ਅਨੰਦ ਮਾਣਦਾ ਹਾਂ। ਜਦੋਂ ਦਾਸਤੋਵਸਕੀ ਨੇ ‘ਦਿ ਬ੍ਰਦਰਜ਼ ਕਾਰਮਾਜ਼ੋਵ’ ਨਾਵਲ ਨੂੰ ਆਖਰੀ ਸ਼ੇਡ ਦਿੱਤੇ, ਉਹ ਆਪਣੇ ਨੇੜਲੇ ਮਿੱਤਰ ਨੂੰ ਲਿਖੇ ਖਤ ਵਿਚ ਕਹਿੰਦਾ ਹੈ- ਮੈਂ ਇਹ ਗੱਲ ਦਾਅਵੇ ਨਾਲ ਆਖ ਸਕਦਾ ਹਾਂ, ਜਿਨ੍ਹਾਂ ਹਾਲਾਤ ਵਿਚ ਇਹ ਨਾਵਲ ਲਿਖਿਆ ਹੈ, ਨਾ ਕੋਈ ਪਹਿਲਾਂ ਇਨ੍ਹਾਂ ਹਾਲਾਤ ਨਾਲ ਲੜਿਆ ਹੋਵੇਗਾ, ਨਾ ਕੋਈ ਅੱਗੇ ਲੜੇਗਾ। ਦੂਜੇ ਖਤ ਵਿਚ ਉਹ ਆਪਣੇ ਮਿੱਤਰ ਨੂੰ ਲਿਖਦਾ ਹੈ ਕਿ ਮੇਰੇ ਇਸ ਨਾਵਲ ਦੀ ਸਿਰਜਣਾ ਮੇਰੇ ਸਿਰ ਚੜ੍ਹ ਕੇ ਨਹੀਂ, ਪਾਤਰਾਂ ਦੇ ਸਿਰ ਚੜ੍ਹ ਕੇ ਬੋਲ ਰਹੀ ਹੈ। ਤੁਰਗਨੇਵ ਤਾਂ ਜ਼ਿੰਦਗੀ ਵਿਚ ਸੋਚ ਵੀ ਨਹੀਂ ਸਕਦਾ। ਉਹ ਆਪਣੇ ਸਮਕਾਲੀਆਂ ਨੂੰ ਆਖਦਾ ਹੈ ਕਿ ਲਿਖਣ ਦਾ ਕੰਮ ਤਾਂ ਸਾਰੇ ਕਰ ਰਹੇ ਹਨ ਪਰ ਤੁਸੀਂ ਕਿਸ ਤਰ੍ਹਾਂ ਦੇ ਹਾਲਾਤ ਵਿਚ ਲਿਖਦੇ ਹੋ, ਅਹਿਮ ਗੱਲ ਇਹ ਹੁੰਦੀ ਹੈ। ਦਾਸਤੋਵਸਕੀ ਦੁਨੀਆ ਦਾ ਪਹਿਲਾ ਅਜਿਹਾ ਨਾਵਲਕਾਰ ਸੀ ਜਿਸ ਨੇ ਆਪਣੇ ਪਾਤਰਾਂ ਨੂੰ ਮਨੋਵਿਗਿਆਨ ਦੇ ਰੰਗਾਂ ਵਿਚ ਰੰਗਿਆ। ਉਹ ਆਪਣੇ ਪਾਤਰਾਂ ਦੀ ਸਿਰਜਣਾ ਇਸ ਤਰ੍ਹਾਂ ਕਰਦਾ ਸੀ ਕਿ ਪੜ੍ਹਨ ਵਾਲਾ ਖੁਦ ਨੂੰ ਭੁਲਾ ਕੇ ਪਾਤਰ ਬਣ ਜਾਂਦਾ ਸੀ। ਜਰਮਨ ਦੇ ਮਹਾਨ ਫਿਲਾਸਫਰ ਨੀਤਸ਼ੇ ਨੇ ਦਾਸਤੋਵਸਕੀ ਦੇ ਨਾਵਲ ਪੜ੍ਹ ਕੇ ਕਿਹਾ ਸੀ, “ਦਾਸਤੋਵਸਕੀ ਅਜਿਹਾ ਮਨੋਵਿਗਿਆਨੀ ਹੈ ਜਿਸ ਕੋਲੋਂ ਮੈਂ ਹਮੇਸ਼ਾ ਕੁਝ ਨਾ ਕੁਝ ਸਿੱਖਦਾ ਹਾਂ। ਉਸ ਨੂੰ ਪੜ੍ਹਨਾ ਆਪਣੀ ਪ੍ਰਾਪਤੀ ਸਮਝਦਾ ਹਾਂ।” ਦਾਸਤੋਵਸਕੀ ਦੀ ਅੱਖ ਐਸੀ ਖੁਰਦਬੀਨ ਸੀ ਜੋ ਬਰੀਕ ਤੋਂ ਬਰੀਕ ਚੀਜ਼ ਦੇਖ ਸਕਦੀ ਸੀ, ਪੜ੍ਹ ਸਕਦੀ ਸੀ। ਉਹ ਆਪਣੀ ਸਿਰਜਣਾ ਨੂੰ ਅਜਿਹਾ ਰੂਪ ਦੇਣਾ ਚਾਹੁੰਦਾ ਸੀ ਕਿ ਆਉਣ ਵਾਲਾ ਸਮਾਂ ਰੂਸ ਦੀ ਆਮ ਜਨਤਾ ਦੇ ਹੱਥ ਹੋਵੇ। ਉਸ ਪ੍ਰਤਿਭਾਵਾਨ ਲੇਖਕ ਨੇ ਆਪਣੇ ਗਰੀਬੀ ਦੇ ਸਮੇਂ ਵਿਚ ਵੀ ਇਹ ਸਵਾਲ ਖੜ੍ਹਾ ਕੀਤਾ ਸੀ ਕਿ ਜਦੋਂ ਤੀਕਰ ਜਬਰ ਅਤੇ ਦੌਲਤ ਦੀ ਸੰਸਾਰ ‘ਤੇ ਪਕੜ ਹੈ, ਮਨੁੱਖੀ ਮਨ ਅਤੇ ਮਨੁੱਖੀ ਜੋਤ ਨੂੰ ਹਮੇਸ਼ਾ ਕੁਚਲਿਆ ਜਾਂਦਾ ਰਹੇਗਾ। ਇਸ ਰੀਤ ਨੂੰ ਖਤਮ ਕਰਨਾ ਸਾਡਾ ਫਰਜ਼ ਹੈ। ਮਨੋਵਿਗਿਆਨੀ ਫਰਾਇਡ ਨੇ ਆਪਣੇ ਇਕ ਲੇਖ ਵਿਚ ਜ਼ਿਕਰ ਕੀਤਾ ਸੀ ਕਿ ਦਾਸਤੋਵਸਕੀ ਜਿਸ ਤਰ੍ਹਾਂ ਪਾਠਕ ਦੇ ਮਨ ਦੀਆਂ ਪਰਤਾਂ ਫੜਦਾ ਹੈ, ਬਾ-ਕਮਾਲ ਹੈ। ਉਸ ਨੂੰ ਪੜ੍ਹਨਾ ਨਿਰਾ ਭੌਤਿਕ ਅਨੁਭਵ ਵਿਚੋਂ ਗੁਜ਼ਰਨਾ ਹੈ। ਉਸ ਦੀਆਂ ਲਿਖਤਾਂ ਨੂੰ ਸਲੂਟ ਹੈ।
ਦਾਸਤੋਵਸਕੀ ਨੂੰ ਪਤਾ ਸੀ ਕਿ ਵਕਤ ਕਦੇ ਰੁਕਦਾ ਨਹੀਂ, ਨਬਜ਼ ਰੁਕ ਜਾਂਦੀ ਹੈ। ਦਾਸਤੋਵਸਕੀ ਅਨੇਕਾਂ ਬਿਮਾਰੀਆਂ ਵਿਚ ਐਸਾ ਘਿਰਿਆ ਕਿ 25 ਜਨਵਰੀ 1881 ਵਾਲੀ ਰਾਤ ਉਸ ਦੀ ਆਖਿਰੀ ਰਾਤ ਸੀ। 26 ਜਨਵਰੀ ਨੂੰ ਉਸ ਨੂੰ ਦਿਲ ਦਾ ਦੌਰਾ ਪਿਆ ਤੇ ਉਸ ਦਾ ਦੇਹਾਂਤ ਹੋ ਗਿਆ। ਸ਼ਾਮ ਪੈ ਚੁੱਕੀ ਸੀ, ਸੂਰਜ ਡੁੱਬ ਚੁੱਕਾ ਸੀ ਪਰ ਸਵੇਰ ਹੋਣ ਦੀ ਆਸ ਨਹੀਂ ਸੀ। ਦੁਬਾਰਾ ਸੂਰਜ ਚੜ੍ਹਨ ਦਾ ਸਵਾਲ ਹੀ ਨਹੀਂ ਸੀ। ਦਾਸਤੋਵਸਕੀ ਦੀ ਮੌਤ ਦੀ ਖਬਰ ਜੰਗਲ ਦੀ ਅੱਗ ਵਾਂਗ ਫੈਲ ਗਈ। ਦੁਨੀਆ ਦੇ ਹਰ ਲੇਖਕ ਦੀਆਂ ਅੱਖਾਂ ‘ਚੋਂ ਨਹੀਂ ਸਗੋਂ ਦਿਲ ‘ਚੋਂ ਵੀ ਨੀਰ ਵਗਿਆ। ਇਹ ਖਬਰ ਸੁਣਦਿਆਂ ਹੀ ਰੂਸੀ ਸਾਹਿਤ ਦੇ ਕਿੰਗ ਤੁਰਗਨੇਵ ਨੇ ਕਿਹਾ, “ਸਾਡਾ ਪਿਆਰਾ, ਸਾਡਾ ਦੁਲਾਰਾ, ਦੁਨੀਆ ਦਾ ਹਰਮਨ ਪਿਆਰਾ ਲੇਖਕ ਦਾਸਤੋਵਸਕੀ ਨਹੀਂ ਰਿਹਾ। ਹੁਣ ਕੌਣ ਲਿਖੇਗਾ ਗਰੀਬਾਂ ਦੀ ਵਾਰਤਾ, ਹੁਣ ਕੌਣ ਜ਼ਿਕਰ ਕਰੇਗਾ ਲਿਤਾੜੇ ਲੋਕਾਂ ਦੀਆਂ ਭਾਵਨਾਵਾਂ ਦਾ। ਦਾਸਤੋਵਸਕੀ ਵਰਗੇ ਨਾਵਲਕਾਰ ਹਰ ਵਾਰ ਨਹੀਂ, ਕਦੇ ਕਦੇ ਹੀ ਪੈਦਾ ਹੁੰਦੇ ਹਨ।”
ਤਾਲਸਤਾਏ ਇਕ ਵਾਰ ਨਹੀਂ, ਬਹੁਤ ਵਾਰ ਜ਼ਿਕਰ ਕਰਦਾ ਹੈ ਕਿ ਉਸ ਨੂੰ ਜ਼ਿੰਦਗੀ ਵਿਚ ਸਦਾ ਅਫਸੋਸ ਰਹੇਗਾ ਕਿ ਉਹ ਦਾਸਤੋਵਸਕੀ ਨੂੰ ਮਿਲ ਨਹੀਂ ਸਕਿਆ। ਜਦੋਂ ਉਸ ਨੂੰ ਦਾਸਤੋਵਸਕੀ ਦੀ ਮੌਤ ਦੀ ਖਬਰ ਮਿਲੀ ਤਾਂ ਉਸ ਨੇ ਕਿਹਾ, “ਮੈਂ ਕਦੇ ਉਸ ਨੂੰ ਮਿਲਿਆ ਨਹੀਂ ਪਰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਮੇਰੇ ਸਰੀਰ ਨਾਲੋਂ ਕੋਈ ਅੰਗ ਕੱਟ ਦਿੱਤਾ ਗਿਆ ਹੈ। ਜਿਵੇਂ ਮੈਂ ਅੰਗਹੀਣ ਹੋ ਗਿਆ ਹੋਵਾਂ। ਉਸ ਦੀਆਂ ਲਿਖਤਾਂ ਵਿਚੋਂ ਮੈਂ ਜੋ ਕੁਝ ਸਿੱਖਿਆ, ਸ਼ਾਇਦ ਇਹ ਕਮੀ ਹੁਣ ਮੇਰੀ ਕਦੇ ਵੀ ਪੂਰੀ ਨਾ ਹੋ ਸਕੇ।”
ਦਾਸਤੋਵਸਕੀ ਦੀ ਮੌਤ ਤੋਂ ਬਾਅਦ ਐਨਾ ਨੇ ਵਿਆਹ ਨਹੀਂ ਕਰਾਇਆ। ਮੌਤ ਸਮੇਂ ਉਸ ਦੀ ਉਮਰ ਕੇਵਲ 35 ਸਾਲ ਸੀ। ਐਨਾ ਨੇ ਦਾਸਤੋਵਸਕੀ ਦੀਆਂ ਯਾਦਾਂ ਦਸਤਾਵੇਜ਼ ਦੇ ਰੂਪ ਵਿਚ ਇਕੱਠੀਆਂ ਕੀਤੀਆਂ, ਅਜਾਇਬ ਘਰ ਵਿਚ ਕਮਰਾ ਬਣਾਇਆ ਜੋ ਉਸ ਦੀਆਂ ਯਾਦਾਂ ਨੂੰ ਸਮਰਪਿਤ ਕੀਤਾ ਗਿਆ।
ਦਾਸਤੋਵਸਕੀ ਮਿੱਟੀ ਰੰਗੇ ਲੋਕਾਂ ਦਾ ਲੇਖਕ ਸੀ। ਉਸ ਦੀ ਕਲਮ ਨੇ ਕਸੀਦੇ ਨਹੀਂ ਲਿਖੇ, ਤਖਤ ਦੇ ਸੋਹਲੇ ਨਹੀਂ ਗਾਏ ਸਗੋਂ ਅਵਾਮ ਦੀ ਆਵਾਜ਼ ਬਣਿਆ। ਮਹਾਨ ਫਰਾਂਸੀਸੀ ਨਾਵਲਕਾਰ ਸਤਾਂਧਾਲ ਨੇ ਕਿਹਾ, “ਦਾਸਤੋਵਸਕੀ ਮਨੋਵਿਗਿਆਨ ਯਥਾਰਥਵਾਦ ਦਾ ਮੋਢੀ ਸੀ ਤੇ ਹੈ। ਉਸ ਨੇ ਸਮਾਜ ਦੇ ਆਮ ਵਰਗ ਦੀਆਂ ਤਹਿਆਂ ਨੂੰ ਫਰੋਲਿਆ। ਉਸ ਨੇ ਸਮਾਜਿਕ ਢਾਂਚੇ ਦੀ ਕਰੂਪਤਾ ਨੂੰ ਸ਼ਬਦਾਂ ਦੀ ਪੁੱਠ ਚਾੜ੍ਹ ਕੇ ਲੋਕਾਂ ਅੱਗੇ ਲਿਆਂਦਾ।”
ਦਾਸਤੋਵਸਕੀ ਨੇ ਆਪਣੇ ਆਖਿਰੀ ਦਿਨਾਂ ਵਿਚ ਕਿਹਾ, “ਭਾਵੇਂ ਅੱਜ ਦੇ ਰੂਸੀ ਲੋਕਾਂ ਲਈ ਮੈਂ ਅਣਜਾਣ ਹਾਂ ਪਰ ਆਉਣ ਵਾਲੇ ਵਕਤ ਵਿਚ ਇਹ ਰੂਸੀ ਲੋਕ ਮੈਨੂੰ ਜਾਣਨਗੇ ਅਤੇ ਮੇਰੀ ਹਰ ਲਿਖਤ ਦੇ ਅੱਖਰ-ਅੱਖਰ ਨੂੰ ਪਛਾਣਨਗੇ।” ਸ਼ਾਇਦ ਇਸੇ ਲਈ ਮੈਕਸਿਮ ਗੋਰਕੀ ਅਤੇ ਉਸ ਤੋਂ ਬਾਅਦ ਵਾਲੀ ਪੀੜ੍ਹੀ ਦੇ ਮੋਹਰੀ ਸਮਾਜਵਾਦੀ ਲੇਖਕ ਕੋਨਸਤਾਕਿਨ ਫੇਦਿਨ ਨੇ ਦਾਸਤੋਵਸਕੀ ਨੂੰ ਭਵਿੱਖ ਦਾ ਸਮਕਾਲੀ ਕਿਹਾ ਸੀ।
ਕਾਂਸਟੇਂਸ ਗਾਰਨੇਟ ਨੇ ਦਾਸਤੋਵਸਕੀ ਦੇ ਕਥਾ ਸੰਸਾਰ ਨੂੰ ਅੰਗਰੇਜ਼ੀ ਵਿਚ ਅਨੁਵਾਦ ਕੀਤਾ। ਦਾਸਤੋਵਸਕੀ ਦੁਨੀਆ ਦੇ ਹਰ ਖਿੱਤੇ ਵਿਚ ਜਾਣਿਆ ਜਾਣ ਲੱਗਾ।