ਮੂਸੇਵਾਲਾ ਕਤਲ ਪਿੱਛੋਂ ਪੰਜਾਬ ਵਿਚ ਗੈਂਗਸਟਰਾਂ ਦੀ ਸ਼ਾਮਤ ਆਈ

ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਤੋਂ ਬਾਅਦ ਪੰਜਾਬ ਵਿਚ ਗੈਂਗਸਟਰਾਂ ਦੀ ਸ਼ਾਮਤ ਆਈ ਹੋਈ ਹੈ। ਇਸ ਕਤਲ ਤੋਂ ਬਾਅਦ ਪੰਜਾਬ ਪੁਲਿਸ ਹੁਣ ਤੱਕ 3 ਦਰਜਨ ਤੋਂ ਵੱਧ ਗੈਂਗਸਟਰਾਂ ਨੂੰ ਕਾਬੂ ਕਰ ਚੁੱਕੀ ਹੈ। ਇਨ੍ਹਾਂ ਵਿਚੋਂ ਕਈਆਂ ਦੇ ਸਿੱਧੇ ਜਾਂ ਅਸਿੱਧੇ ਤੌਰ ਉਤੇ ਮੂਸੇਵਾਲਾ ਕਤਲ ਮਾਮਲੇ ਵਿਚ ਹੱਥ ਹਨ।

ਇਸ ਮਾਮਲੇ ਵਿਚ ਦਿੱਲੀ ਪੁਲਿਸ ਵੀ ਪੰਜਾਬ ਪੁਲਿਸ ਦਾ ਖੁੱਲ੍ਹ ਕੇ ਸਾਥ ਦੇ ਰਹੀ ਹੈ। ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਕਾਰਨਾਂ ਅਤੇ ਦੋਸ਼ੀਆਂ ਦਾ ਪਰਦਾਫਾਸ਼ ਕਰਨ ਲਈ ਦਿੱਲੀ ਪੁਲਿਸ ਦੇ ਵਿਸ਼ੇਸ਼ ਅਪਰੇਸ਼ਨ ਸੈੱਲ ਦੀ ਅਗਵਾਈ ਹੇਠ ਕਰੀਬ 400 ਅਤੇ ਪੰਜਾਬ ਪੁਲਿਸ ਦੇ 200 ਮੁਲਾਜ਼ਮਾਂ ਨੇ ਦਿਨ-ਰਾਤ ਇਕ ਕਰ ਦਿੱਤਾ। ਮਾਨਸਾ ਅਤੇ ਬਠਿੰਡਾ ਜਿਲ੍ਹਿਆਂ ਦੇ ਸੈਂਕੜੇ ਪੁਲਿਸ ਕਰਮੀ ਵੀ ਉਨ੍ਹਾਂ ਦੀ ਸਹਾਇਤਾ ਕਰ ਰਹੇ ਸਨ। ਮਸ਼ਕੂਕਾਂ ਦੀ ਪੈੜ ਨੱਪਣ ਲਈ ਲੱਖਾਂ ਫੋਨਾਂ ਦੇ ਡੇਟਾ ਨੂੰ ਖੰਗਾਲਿਆ ਗਿਆ ਅਤੇ ਇੰਟਰਨੈੱਟ ਜਾਂ ਸੀ.ਸੀ.ਟੀ.ਵੀ. ਰਾਹੀਂ ਸ਼ੂਟਰਾਂ ਦੀ ਪਛਾਣ ਕੀਤੀ ਗਈ।
ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਹਰਵਿੰਦਰ ਰਿੰਦਾ ਨਾਲ ਸਬੰਧਤ ਅੰਤਰਰਾਜੀ ਗਰੋਹ ਦਾ ਪਰਦਾਫਾਸ਼ ਕਰਨ ਦੇ ਥੋੜ੍ਹੇ ਦਿਨਾਂ ਬਾਅਦ ਪੰਜਾਬ ਪੁਲਿਸ ਵੱਲੋਂ ਇਸ ਗਰੋਹ ਦੇ 9 ਸ਼ਾਰਪ ਸ਼ੂਟਰਾਂ ਸਮੇਤ 13 ਹੋਰ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਲੰਧਰ ਦਿਹਾਤੀ ਪੁਲਿਸ ਨੇ ਵਿਸ਼ੇਸ਼ ਟੀਮਾਂ ਦੀ ਅਗਵਾਈ ਵਿਚ 2 ਹਫਤਿਆਂ ਤੱਕ ਚੱਲੇ ਆਪ੍ਰੇਸ਼ਨ ਉਪਰੰਤ ਇਨ੍ਹਾਂ ਮੁਲਜ਼ਮਾਂ ਨੂੰ ਕਾਬੂ ਕੀਤਾ। ਫੜੇ ਗਏ ਵਿਅਕਤੀਆਂ ਦੀ ਪਛਾਣ ਤਰਨਤਾਰਨ ਤੋਂ ਅਵਤਾਰ ਉਰਫ ਮੰਗਲ, ਜੋਬਨਪ੍ਰੀਤ, ਅਕਾਸ਼ਦੀਪ, ਹਰਪ੍ਰੀਤ ਉਰਫ ਕਾਕਾ, ਅਰਸਦੀਪ, ਲਵਜੀਤ ਅਤੇ ਰੇਸ਼ਮ ਉਰਫ ਬਾਓ, ਫਿਰੋਜ਼ਪੁਰ ਤੋਂ ਗੁਰਪ੍ਰੀਤ ਉਰਫ ਘੁਮਾ ਸ਼ੂਟਰ, ਬੌਬੀ ਉਰਫ ਬਾਬਾ ਅਤੇ ਸੋਨੂੰ ਉਰਫ ਪੁਲਾ, ਜਲੰਧਰ ਤੋਂ ਗੁਰਪ੍ਰੀਤ ਉਰਫ ਗੋਪੀ ਅਤੇ ਹਰਮਨ ਕਲਸੀ, ਕਪੂਰਥਲਾ ਤੋਂ ਬਲਵਿੰਦਰ ਉਰਫ ਬਿੱਲਾ ਵਜੋਂ ਹੋਈ ਹੈ। ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ਵਿਚੋਂ 13 ਆਧੁਨਿਕ ਹਥਿਆਰ ਅਤੇ 18 ਕਾਰਤੂਸ ਵੀ ਬਰਾਮਦ ਕੀਤੇ ਹਨ।
ਸਿੱਧੂ ਮੂਸੇਵਾਲਾ ਕਤਲ ਕੇਸ ਵਿਚ ਪੁਲਿਸ ਨੇ ਛੇ ਸ਼ੂਟਰਾਂ ਦੀ ਸ਼ਨਾਖ਼ਤ ਕੀਤੀ ਹੈ। ਇਸ ਕਤਲ ਵਿਚ ਸ਼ੂਟਰਾਂ ਦੇ ਦੋ ਧੜੇ ਸ਼ਾਮਲ ਸਨ। ਪ੍ਰਿਆਵਰਤ ਫੌਜੀ ਦੀ ਅਗਵਾਈ ਵਾਲੇ ਹਰਿਆਣਾ ਧੜੇ ਵਿਚ ਕਸ਼ਿਸ਼ ਉਰਫ ਕੁਲਦੀਪ, ਅੰਕਿਤ ਸੇਰਸਾ ਅਤੇ ਦੀਪਕ ਉਰਫ਼ ਮੁੰਡੀ ਸ਼ਾਮਲ ਸਨ, ਜਦੋਂ ਮਨਪ੍ਰੀਤ ਸਿੰਘ ਮੰਨੂ ਅਤੇ ਜਗਰੂਪ ਸਿੰਘ ਰੂਪਾ ਪੰਜਾਬ ਧੜੇ ਦਾ ਹਿੱਸਾ ਹਨ। ਜ਼ਿਕਰਯੋਗ ਹੈ ਕਿ ਮਾਨਸਾ ਪੁਲਿਸ ਨੂੰ ਇਸ ਵੇਲੇ ਸਭ ਤੋਂ ਵੱਧ ਲੋੜ ਕਾਤਲਾਂ ਵੱਲੋਂ ਵਰਤੇ ਗਏ ਹਥਿਆਰਾਂ ਦੀ ਹੈ, ਜਿਸ ਨੂੰ ਲੱਭਣ ਲਈ ਦਿੱਲੀ ਅਤੇ ਪੰਜਾਬ ਪੁਲਿਸ ਲਗਾਤਾਰ ਕੋਸ਼ਿਸ਼ ਵਿਚ ਹੈ। ਪੁਲਿਸ ਜਾਂਚ ਅਤੇ ਮੁਲਜ਼ਮਾਂ ਵੱਲੋਂ ਸੋਸ਼ਲ ਮੀਡੀਆ ‘ਤੇ ਕੀਤੇ ਗਏ ਦਾਅਵਿਆਂ ਦੀਆਂ ਤੰਦਾਂ ਜੋੜਦਿਆਂ ਪੰਜਾਬ ਤੇ ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਤਿਹਾੜ ਜੇਲ੍ਹ ‘ਚੋਂ ਹੀ ਮੂਸੇਵਾਲਾ ਨੂੰ ਮਾਰਨ ਦਾ ਫਰਮਾਨ ਦਿੱਤਾ ਸੀ। ਚਾਰ ਲੋੜੀਂਦੇ ਗੈਂਗਸਟਰਾਂ ਕੈਨੇਡਾ ਆਧਾਰਿਤ ਗੋਲਡੀ ਬਰਾੜ, ਸਚਿਨ ਬਿਸ਼ਨੋਈ ਅਤੇ ਅਨਮੋਲ ਬਿਸ਼ਨੋਈ ਨੇ ਪੰਜਾਬੀ ਗਾਇਕ ਨੂੰ ਮਾਰਨ ਦੀ ਯੋਜਨਾ ਘੜੀ ਸੀ। ਉਨ੍ਹਾਂ ਦਾ ਪੰਜਾਬ, ਹਰਿਆਣਾ ਅਤੇ ਦਿੱਲੀ ਦੀਆਂ ਘੱਟੋ ਘੱਟ 10 ਜੇਲ੍ਹਾਂ ‘ਚ ਨੈੱਟਵਰਕ ਜੁੜਿਆ ਹੋਇਆ ਸੀ। ਇਕ ਹੋਰ ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਦੋ ਸ਼ੂਟਰ ਮੁਹੱਈਆ ਕਰਵਾਏ ਸਨ। ਮੂਸੇਵਾਲਾ ਦੀ ਹੱਤਿਆ ਗੈਂਗਸਟਰਾਂ ਦੀ ਆਪਸੀ ਰੰਜਿਸ਼ ਦਾ ਨਤੀਜਾ ਹੈ। ਬੰਬੀਹਾ ਗੁੱਟ ਦੇ ਲੱਕੀ ਪਟਿਆਲ ਅਤੇ ਭੁੱਪੀ ਰਾਣਾ ਨੇ ਗੋਲਡੀ ਬਰਾੜ ਦੇ ਭਰਾ ਗੁਰਲਾਲ ਬਰਾੜ ਦੀ 11 ਅਕਤੂਬਰ, 2020 ‘ਚ ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ‘ਚ ਹੱਤਿਆ ਕੀਤੀ ਸੀ। ਗੋਲਡੀ ਨੇ ਆਪਣੇ ਭਰਾ ਦੀ ਹੱਤਿਆ ਦਾ ਬਦਲਾ ਲੈਣ ਦਾ ਐਲਾਨ ਕੀਤਾ ਸੀ। ਉਸ ਨੇ ਬਿਸ਼ਨੋਈ ਨਾਲ ਮਿਲ ਕੇ ਬੰਬੀਹਾ ਧੜੇ ਨਾਲ ਜੁੜੇ ਗੁਰਲਾਲ ਪਹਿਲਵਾਨ ਨੂੰ 18 ਫਰਵਰੀ, 2021 ‘ਚ ਫਰੀਦਕੋਟ ਦੇ ਜੁਬਲੀ ਚੌਕ ਨੇੜੇ ਮਰਵਾ ਕੇ ਭਰਾ ਦੀ ਹੱਤਿਆ ਦਾ ਬਦਲਾ ਲਿਆ ਸੀ। ਇਸ ਮਗਰੋਂ ਬੰਬੀਹਾ ਗਰੁੱਪ ਨੇ 7 ਅਗਸਤ, 2021 ‘ਚ ਵਿੱਕੀ ਮਿੱਡੂਖੇੜਾ ਨੂੰ ਮੁਹਾਲੀ ‘ਚ ਮਰਵਾ ਦਿੱਤਾ। ਬਿਸ਼ਨੋਈ ਗਰੁੱਪ ਨੇ ਮੂਸੇਵਾਲਾ ਨੂੰ ਨਿਸ਼ਾਨਾ ਬਣਾ ਕੇ ਇਸ ਦਾ ਬਦਲਾ ਲਿਆ।
ਗੈਂਗਸਟਰਾਂ ਤੇ ਨਸ਼ਿਆਂ ਦਾ ਖਾਤਮਾ ਕਰਾਂਗੇ: ਡੀ.ਜੀ.ਪੀ.
ਅੰਮ੍ਰਿਤਸਰ: ਸੂਬਾ ਪੁਲਿਸ ਮੁਖੀ ਬਣਨ ਉਪਰੰਤ ਪਹਿਲੀ ਵਾਰ ਗੁਰੂ ਨਗਰੀ ਪੁੱਜੇ ਸ੍ਰੀ ਗੌਰਵ ਯਾਦਵ ਨੇ ਕਿਹਾ ਕਿ ਉਹ ਇਥੇ ਸੂਬੇ ਦੀ ਅਮਨ ਸ਼ਾਂਤੀ ਲਈ ਅਰਦਾਸ ਕਰਨ ਪੁੱਜੇ ਹਨ ਅਤੇ ਸੂਬੇ ਵਿਚੋਂ ਗੈਂਗਸਟਰਵਾਦ ਅਤੇ ਨਸ਼ਿਆਂ ਦਾ ਮੁਕੰਮਲ ਖਾਤਮਾ ਕੀਤਾ ਜਾਵੇਗਾ। ਸ੍ਰੀ ਯਾਦਵ ਨੇ ਕਿਹਾ ਕਿ ਉਨ੍ਹਾਂ ਦੀ ਗੁਰੂ ਨਗਰੀ ਫੇਰੀ ਦਾ ਇਕੋ ਮਕਸਦ ਹੈ ਕਿ ਉਹ ਅਕਾਲ ਪੁਰਖ ਸਨਮੁਖ ਸੂਬੇ ਦੀ ਅਮਨ ਸ਼ਾਂਤੀ ਤੇ ਖੁਸ਼ਹਾਲੀ ਲਈ ਅਰਦਾਸ ਕਰਨ ਆਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਵਿਸ਼ਵ ਦੀ ਬਿਹਤਰੀਨ ਪੁਲਿਸ ਹੈ ਅਤੇ ਇਹ ਪੰਜਾਬੀਆਂ ਲਈ ਅਮਨ ਸ਼ਾਂਤੀ ਨੂੰ ਬਹਾਲ ਰੱਖਣ ਦੇ ਸਮਰੱਥ ਹੈ।
ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਗੋਲੀਬਾਰੀ
ਜ਼ੀਰਕਪੁਰ: ਇਥੋਂ ਦੇ ਬਲਟਾਣਾ ਖੇਤਰ ਵਿਚਲੀ ਫਰਨੀਚਰ ਮਾਰਕੀਟ ਵਿਚ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਗੋਲੀਆਂ ਚੱਲੀਆਂ। ਇਸ ਦੌਰਾਨ ਚਾਰ ਗੈਂਗਸਟਰਾਂ ਵਿਚੋਂ ਇਕ ਗੈਂਗਸਟਰ ਦੇ ਗੋਲੀ ਲੱਗੀ ਜਿਸ ਕਾਰਨ ਉਹ ਜ਼ਖਮੀ ਹੋ ਗਿਆ ਤੇ ਬਾਕੀ ਗੈਂਗਸਟਰਾਂ ਨੇ ਆਤਮ ਸਮਰਪਣ ਕਰ ਦਿੱਤਾ। ਇਹ ਗੈਂਗਸਟਰ ਭੁੂਪੀ ਰਾਣਾ ਗਰੋਹ ਦੇ ਮੈਂਬਰ ਸਨ ਤੇ ਇਥੇ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਲਗਾਤਾਰ ਹੋਟਲ ਮਾਲਕਾਂ ਅਤੇ ਬਿਲਡਰਾਂ ਕੋਲੋਂ ਫਿਰੌਤੀ ਦੀ ਮੰਗ ਕਰ ਰਹੇ ਸਨ।