ਜੇਲ੍ਹ `ਚ ਇਕੱਠੇ ਰਹਿਣਗੇ ਨਵਜੋਤ ਸਿੱਧੂ ਅਤੇ ਦਲੇਰ ਮਹਿੰਦੀ

ਪਟਿਆਲਾ: ਅਦਾਲਤ ਵੱਲੋਂ ਕਬੂਤਰਬਾਜ਼ੀ ਮਾਮਲੇ ਵਿਚ ਸਜ਼ਾ ਬਰਕਰਾਰ ਰੱਖਣ ਤੋਂ ਬਾਅਦ ਪੰਜਾਬੀ ਗਾਇਕ ਦਲੇਰ ਮਹਿੰਦੀ ਨੂੰ ਪਹਿਲਾਂ ਤੋਂ ਹੀ ਇਥੇ ਬੰਦ ਕਾਂਗਰਸੀ ਆਗੂ ਨਵਜੋਤ ਸਿੱਧੂ (ਸ਼ੈਰੀ) ਵਾਲੀ ਬੈਰਕ ‘ਚ ਭੇਜ ਦਿੱਤਾ ਹੈ। ਰੋਡਰੇਜ ਦੇ ਇਕ ਮਾਮਲੇ ‘ਚ ਇਕ ਸਾਲ ਦੀ ਕੈਦ ਕੱਟ ਰਹੇ ਸਿੱਧੂ 10 ਨੰਬਰ ਬੈਰਕ ‘ਚ ਬੰਦ ਹਨ, ਜਿਸ ਨੂੰ ਲਾਇਬ੍ਰੇਰੀ ਹਾਤਾ ਵੀ ਕਿਹਾ ਜਾਂਦਾ ਹੈ। ਉਸ ਨਾਲ ਚਾਰ ਹੋਰ ਕੈਦੀ ਵੀ ਬੰਦ ਹਨ।

ਜੇਲ੍ਹ ਅਧਿਕਾਰੀਆਂ ਦੇ ਦਾਅਵੇ ਮੁਤਾਬਕ ਇਸ ਬੈਰਕ ‘ਚ ਏਸੀ ਤੇ ਮੰਜੇ ਦੀ ਸਹੂਲਤ ਨਹੀਂ ਹੈ ਜਿਸ ਕਰ ਕੇ ਦਲੇਰ ਮਹਿੰਦੀ ਨੂੰ ਫਰਸ਼ ‘ਤੇ ਬਿਸਤਰਾ ਵਿਛਾ ਕੇ ਰਾਤਾਂ ਕੱਟਣੀਆਂ ਪੈਣਗੀਆਂ। ਉਂਜ ਕਾਨੂੰਨੀ ਮਾਹਰਾਂ ਮੁਤਾਬਕ ਸਿੱਧੂ ਬਹੁਤਾ ਸਮਾਂ ਪੌਪ ਗਾਇਕ ਦਾ ਸੰਗ ਨਹੀਂ ਮਾਣ ਸਕਣਗੇ ਕਿਉਂਕਿ ਦਲੇਰ ਮਹਿੰਦੀ ਨੂੰ ਕੁਝ ਸਮੇਂ ਮਗਰੋਂ ਜ਼ਮਾਨਤ ਮਿਲ ਸਕਦੀ ਹੈ। ਜਦਕਿ ਸਿੱਧੂ ਲਈ ਹੁਣ ਜ਼ਮਾਨਤ ਦਾ ਕੋਈ ਬਦਲ ਨਾ ਰਹਿਣ ਕਾਰਨ ਸਾਲ ਦੀ ਸਜਾ ਮੁਕੰਮਲ ਕਰਨ ਮਗਰੋਂ ਹੀ ਰਿਹਾਈ ਹੋ ਸਕੇਗੀ। ਉਧਰ ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ ਵੀ ਇਸੇ ਹੀ ਜੇਲ੍ਹ ‘ਚ ਹਨ ਜਿਸ ਨੂੰ ਜੌੜਾ ਚੱਕੀਆਂ ਵਜੋਂ ਮਸ਼ਹੂਰ ਵੱਖਰੇ ਸੈੱਲ ‘ਚ ਬੰਦ ਕੀਤਾ ਹੋਇਆ ਹੈ ਤੇ ਇਹ ਸੈਲ ਸਿੱਧੂ ਵਾਲੀ ਬੈਰਕ ਨਾਲੋਂ ਛੋਟਾ ਹੈ ਜਿਸ ਸਬੰਧੀ ਸੰਸਦ ਮੈਂਬਰ ਹਰਸਿਮਰਤ ਬਾਦਲ ਵੀ ਇਤਰਾਜ਼ ਜਤਾ ਚੁੱਕੇ ਹਨ ਕਿ ਬਿਕਰਮ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਮਜੀਠੀਆ ਨਸ਼ਾ ਤਸਕਰੀ ਸਬੰਧੀ ਇਕ ਕੇਸ ‘ਚ ਬੰਦ ਹਨ, ਜੋ ਕਾਂਗਰਸ ਸਰਕਾਰ ਨੇ ਦਰਜ ਕੀਤਾ ਸੀ।
ਦੱਸ ਦਈਏ ਕਿ ਕਬੂਤਰਬਾਜ਼ੀ ਦੇ ਕਰੀਬ ਦੋ ਦਹਾਕੇ ਪਹਿਲਾਂ ਇਥੇ ਦਰਜ ਕੀਤੇ ਗਏ ਇਕ ਕੇਸ ਵਿਚ ਦਲੇਰ ਮਹਿੰਦੀ ਨੂੰ ਉਪਰਲੀ ਅਦਾਲਤ ਨੇ ਰਾਹਤ ਨਹੀਂ ਦਿੱਤੀ ਜਿਸ ਕਾਰਨ ਉਸ ਨੂੰ ਦੋ ਸਾਲ ਦੀ ਜੇਲ੍ਹ ਦੀ ਸਜਾ ਭੁਗਤਣੀ ਪਵੇਗੀ। ਉਸ ਨੂੰ 2018 ‘ਚ ਜੁਡੀਸ਼ਲ ਮੈਜਿਸਟਰੇਟ ਨੇ ਦੋ ਸਾਲਾਂ ਦੀ ਕੈਦ ਦੀ ਸਜਾ ਸੁਣਾਈ ਸੀ। ਇਸ ਫੈਸਲੇ ਖਿਲਾਫ ਦਲੇਰ ਮਹਿੰਦੀ ਨੇ ਉਪਰਲੀ ਅਦਾਲਤ ਵਿਚ ਚੁਣੌਤੀ ਦਿੱਤੀ ਸੀ। ਦਲੇਰ ਮਹਿੰਦੀ ਖਿਲਾਫ ਥਾਣਾ ਸਦਰ ਪਟਿਆਲਾ ਵਿਚ 19 ਸਤੰਬਰ 2003 ਨੂੰ ਕੇਸ ਦਰਜ ਹੋਇਆ ਸੀ ਜਿਸ ਦੌਰਾਨ ਬਲਬੇੜਾ ਵਾਸੀ ਬਖਸ਼ੀਸ਼ ਸਿੰਘ ਨੇ ਮਹਿੰਦੀ ਭਰਾਵਾਂ ਤੇ ਹੋਰਨਾਂ ‘ਤੇ ਦੋਸ਼ ਲਾਏ ਗਏ ਸਨ ਕਿ ਉਸ ਤੋਂ 13 ਲੱਖ ਰੁਪਏ ਲੈਣ ਦੇ ਬਾਵਜੂਦ ਵਾਅਦੇ ਮੁਤਾਬਕ ਕੈਨੇਡਾ ਨਹੀਂ ਭੇਜਿਆ ਗਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ ਗਏ। ਕੇਸ ਟਰਾਇਲ ਦੌਰਾਨ ਕਈ ਸ਼ਿਕਾਇਤਾਂ ਸਿਰੇ ਨਹੀਂ ਲੱਗ ਸਕੀਆਂ। ਉਸ ਵੇਲੇ ਬਖਸ਼ੀਸ਼ ਸਿੰਘ ਸਣੇ 31 ਸ਼ਿਕਾਇਤਾਂ ਦੌਰਾਨ 1.94 ਕਰੋੜ ਲੈ ਕੇ ਵੀ ਸਬੰਧਤ ਵਿਅਕਤੀਆਂ ਨੂੰ ਵਿਦੇਸ਼ ਨਾ ਭੇਜੇ ਜਾਣ ਦੇ ਦੋਸ਼ ਲਾਏ ਗਏ ਸਨ। ਸ਼ਮਸ਼ੇਰ ਮਹਿੰਦੀ ਨੂੰ ਤਾਂ ਕਈ ਮਹੀਨੇ ਜੇਲ੍ਹ ‘ਚ ਹੀ ਬਿਤਾਉਣੇ ਪਏ ਸਨ ਪਰ ਦਲੇਰ ਮਹਿੰਦੀ ਜੇਲ੍ਹ ਜਾਣ ਤੋਂ ਬਚ ਗਿਆ ਸੀ ਕਿਉਂਕਿ ਰਿਮਾਂਡ ਖਤਮ ਹੋਣ ਮਗਰੋਂ ਦਲੇਰ ਮਹਿੰਦੀ ਨੂੰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ ਸੀ।
ਡਾਕਟਰੀ ਸਲਾਹ `ਤੇ ਸਿੱਧੂ ਨੂੰ ਮਿਲਿਆ ਤਖਤਪੋਸ਼
ਪਟਿਆਲਾ: ਸੜਕੀ ਝਗੜੇ ਦੇ ਇਕ ਕੇਸ ‘ਚ ਹੋਈ ਇਕ ਸਾਲ ਦੀ ਕੈਦ ਤਹਿਤ ਪਟਿਆਲਾ ਜੇਲ੍ਹ ‘ਚ ਬੰਦ ਕਾਂਗਰਸੀ ਆਗੂ ਨਵਜੋਤ ਸਿੱਧੂ ਪਹਿਲਾਂ ਹੀ ਫੈਟੀ ਲਿਵਰ ਦੀ ਸਮੱਸਿਆ ਨਾਲ ਜੂਝ ਰਹੇ ਸਨ ਤੇ ਹੁਣ ਉਨ੍ਹਾਂ ਦੇ ਗੋਡਿਆਂ ਵਿਚ ਵੀ ਦਰਦ ਰਹਿਣ ਲੱਗ ਪਿਆ ਹੈ। ਉੱਠਣ ਲਈ ਉਨ੍ਹਾਂ ਨੂੰ ਸਹਾਰਾ ਲੈਣਾ ਪੈ ਰਿਹਾ ਹੈ, ਇਥੋਂ ਤੱਕ ਕਿ ਪਖਾਨੇ ਵਾਲੀ ਸੀਟ ਤੋਂ ਵੀ ਉਨ੍ਹਾਂ ਨੂੰ ਦੋ ਸਾਥੀ ਕੈਦੀ ਸਹਾਰਾ ਦੇ ਕੇ ਉਠਾਉਂਦੇ ਹਨ। ਮੈਡੀਕਲ ਜਾਂਚ ਲਈ ਜੇਲ੍ਹ ਪੁੱਜੀ ਡਾਕਟਰਾਂ ਦੀ ਟੀਮ ਨੇ ਗੋਡੇ ‘ਚ ਤਕਲੀਫ ਦਾ ਮੁੱਖ ਕਾਰਨ ਫਰਸ਼ ‘ਤੇ ਪੈਣਾ ਦੱਸਿਆ ਹੈ। ਸੂਤਰਾਂ ਮੁਤਾਬਕ ਜਾਂਚ ਮਗਰੋਂ ਡਾਕਟਰਾਂ ਦੀ ਟੀਮ ਨੇ ਇਸ ਤਕਲੀਫ ਤੋਂ ਰਾਹਤ ਲਈ ਸਿੱਧੂ ਨੂੰ ਬੈੱਡ ‘ਤੇ ਪਾਉਣ ਅਤੇ ਉਚੀ ਟੁਆਇਲਟ ਸੀਟ ਬਣਵਾਉਣ ਦਾ ਸੁਝਾਅ ਦਿੱਤਾ ਹੈ।