ਵੈਨਕੂਵਰ: ਕੈਨੇਡਾ ਪੁਲਿਸ ਨੇ ਉਘੇ ਸਿੱਖ ਆਗੂ ਤੇ 1985 ਦੇ ਏਅਰ ਇੰਡੀਆ ਬੰਬ ਕਾਂਡ ਨੂੰ ਲੈ ਕੇ ਸੁਰਖੀਆਂ ‘ਚ ਰਹੇ ਰਿਪੁਦਮਨ ਸਿੰਘ ਮਲਿਕ (75) ਦੀ ਹੱਤਿਆ ਦੀ ਜਾਂਚ ਵਿੱਢ ਦਿੱਤੀ ਹੈ। ਪੁਲਿਸ ਵੱਲੋਂ ਮਲਿਕ ਦੇ ਕਤਲ ਪਿਛਲੇ ਅਸਲ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ।
ਪੁਲਿਸ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕਾਤਲ ਭਾੜੇ ਦੇ ਸਨ ਜਾਂ ਫਿਰ ਕਿਸੇ ਪੁਰਾਣੀ ਰੰਜਿਸ਼ ਦਾ ਬਦਲਾ ਲੈਣ ਲਈ ਇਹ ਕਤਲ ਕੀਤਾ ਗਿਆ ਹੈ। ਮਲਿਕ ਦੀ ਅਣਪਛਾਤੇ ਨਕਾਬਪੋਸ਼ਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਮਲਿਕ ਉਦੋਂ ਸਰੀ (ਬ੍ਰਿਟਿਸ਼ ਕੋਲੰਬੀਆ) ਵਿਚਲੇ ਆਪਣੇ ਕੱਪੜਾ ਸਟੋਰ ਮੂਹਰੇ ਕਾਰ ‘ਚੋਂ ਉਤਰ ਰਹੇ ਸਨ। ਉਨ੍ਹਾਂ ਦੀ ਥਾਏਂ ਮੌਤ ਹੋ ਗਈ।
ਮਲਿਕ ਤੇ ਸਹਿ-ਮੁਲਜ਼ਮ ਅਜਾਇਬ ਸਿੰਘ ਬਾਗੜੀ ਨੂੰ ਏਅਰ ਇੰਡੀਆ ਬੰਬ ਕਾਂਡ ਮਾਮਲੇ ਵਿਚ 2005 ਵਿਚ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ ਸੀ। ਰਿਪੁਦਮਨ ਸਿੰਘ ਮਲਿਕ ਦਾ ਨਾਮ ਭਾਰਤ ਸਰਕਾਰ ਦੀ ਕਾਲੀ ਸੂਚੀ ਵਿਚ ਵੀ ਸੀ, ਜੋ ਸਾਲ 2019 ਵਿਚ ਹੀ ਹਟਾਇਆ ਗਿਆ ਸੀ। ਸਾਲ 2015 ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੈਨੇਡਾ ਫੇਰੀ ਮੌਕੇ ਮਲਿਕ ਉਨ੍ਹਾਂ ਨੂੰ ਜੀ ਆਇਆਂ ਨੂੰ ਕਹਿਣ ਵਾਲਿਆਂ ਵਿਚ ਮੋਹਰੀ ਸੀ। ਸਰੀ ਰੌਇਲ ਕੈਨੇਡੀਅਨ ਮਾਊਂਟਿਡ ਪੁਲਿਸ ਨੇ ਕਿਹਾ ਕਿ ਪਹਿਲੀ ਨਜ਼ਰੇ ਇਹ ਮਿੱਥ ਕੇ ਕੀਤੀ ਹੱਤਿਆ ਦਾ ਮਾਮਲਾ ਲੱਗਦਾ ਹੈ। ਪੁਲਿਸ ਅਨੁਸਾਰ ਰਿਪੁਦਮਨ ਸਿੰਘ ਮਲਿਕ ਸਵੇਰੇ ਸਵਾ ਨੌਂ ਵਜੇ ਦੇ ਕਰੀਬ 128 ਸਟਰੀਟ, 82 ਐਵੇਨਿਊ ਸਥਿਤ ਆਪਣੇ ਕੱਪੜੇ ਦੇ ਸਟੋਰ ਮੂਹਰੇ ਕਾਰ ‘ਚੋਂ ਉਤਰ ਰਿਹਾ ਸੀ, ਜਦੋਂ ਅਣਪਛਾਤੇ ਨਕਾਬਪੋਸ਼ਾਂ ਨੇ ਉਸ ‘ਤੇ ਗੋਲੀਆਂ ਚਲਾਈਆਂ।
ਹਮਲਾਵਰ ਮਗਰੋਂ ਉਥੇ ਖੜੀ ਕਾਰ ਵਿਚ ਫਰਾਰ ਹੋ ਗਏ। ਹਮਲੇ ਵਾਲੀ ਥਾਂ ਤੋਂ ਥੋੜ੍ਹੀ ਦੂਰ ਇਕ ਕਾਰ ਸੜਦੀ ਵੇਖੀ ਗਈ, ਜਿਸ ਬਾਰੇ ਪੁਲਿਸ ਨੂੰ ਸ਼ੱਕ ਹੈ ਕਿ ਹਮਲਾਵਰ ਇਸੇ ਕਾਰ ‘ਚ ਭੱਜੇ ਸਨ ਤੇ ਸਬੂਤ ਮਿਟਾਉਣ ਦੇ ਇਰਾਦੇ ਨਾਲ ਇਸ ਨੂੰ ਸਾੜ ਦਿੱਤਾ ਗਿਆ। ਪੁਲਿਸ ਦਾ ਮੰਨਣਾ ਹੈ ਕਿ ਮਲਿਕ ਨੂੰ ਮਿੱਥ ਕੇ ਨਿਸ਼ਾਨਾ ਬਣਾਇਆ ਗਿਆ, ਪਰ ਅਜੇ ਇਹ ਸਪਸ਼ਟ ਨਹੀਂ ਕਿ ਮਾਰਨ ਵਾਲੇ ਕੌਣ ਸਨ ਤੇ ਇਸ ਦੀ ਵਜ੍ਹਾ ਕੀ ਸੀ। ਪੁਲਿਸ ਦਾ ਮੰਨਣਾ ਹੈ ਕਿ ਵਾਰਦਾਤ ਦੇ ਚਸ਼ਮਦੀਦ ਤਾਂ ਬਹੁਤ ਲੋਕ ਹਨ, ਪਰ ਅਪੀਲਾਂ ਦੇ ਬਾਵਜੂਦ ਕੋਈ ਮੂੰਹ ਖੋਲ੍ਹਣ ਨੂੰ ਤਿਆਰ ਨਹੀਂ ਹੈ। ਪੁਲਿਸ ਖੇਤਰ ‘ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਰਿਕਾਰਡਿੰਗ ਘੋਖ ਰਹੀ ਹੈ। ਪੁਲਿਸ ਮਲਿਕ ਦੇ ਕਤਲ ਤੋਂ ਕੁਝ ਦੇਰ ਬਾਅਦ ਬਰਨਬੀ ਵਿਚ ਹੋਏ ਇਕ ਹੋਰ ਕਤਲ ਨੂੰ ਇਸੇ ਘਟਨਾ ਨਾਲ ਜੋੜ ਕੇ ਵੇਖ ਰਹੀ ਹੈ। ਉਨ੍ਹਾਂ ਉਤੇ 25 ਜੂਨ 1985 ਨੂੰ ਏਅਰ ਇੰਡੀਆ ਦੇ ਕਨਿਸ਼ਕ ਹਵਾਈ ਜਹਾਜ਼ ਬੰਬ ਧਮਾਕੇ ਦੀ ਸਾਜ਼ਿਸ਼ ਦੇ ਦੋਸ਼ ਲੱਗੇ, ਪਰ ਅਦਾਲਤ ਵਿਚ ਸਬੂਤਾਂ ਦੀ ਘਾਟ ਅਤੇ ਗਵਾਹਾਂ ਦੇ ਮੁਕਰਨ ਕਰਕੇ ਉਹ ਪੰਜ ਸਾਲ ਨਜ਼ਰਬੰਦ ਰਹਿਣ ਮਗਰੋਂ ਦੋੋਸ਼ਾਂ ਤੋਂ ਬਰੀ ਹੋ ਗਏ ਸਨ। ਉਨ੍ਹਾਂ ਉਪਰ ਅਕਾਲ ਤਖਤ ਦੇ ਹੁਕਮਾਂ ਦੀ ਅਵੱਗਿਆ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਛਾਪਣ ਦੇ ਦੋਸ਼ ਵੀ ਲੱਗੇ।